ਡਾæ ਅੰਬੇਦਕਰ ਦੀ ਕਿਤਾਬ ‘ਜਾਤਪਾਤ ਦਾ ਬੀਜ ਨਾਸ਼’ ਬਾਰੇ ਅਰੁੰਧਤੀ ਰਾਏ ਨਾਲ ਸਬਾ ਨਕਵੀ ਦੀ ਅਹਿਮ ਇੰਟਰਵਿਊ। ਇਸ ਦਾ ਅਨੁਵਾਦ ਬੂਟਾ ਸਿੰਘ ਨੇ ਕੀਤਾ ਹੈ। -ਸੰਪਾਦਕ
ਸਵਾਲ: ਡਾæ ਡਾæ ਅੰਬੇਦਕਰ ਦੀ ਤਕਰੀਰ Ḕਜਾਤਪਾਤ ਦਾ ਬੀਜ ਨਾਸ਼’ ਦੀ ਨਵੀਂ, ਵਿਸ਼ਲੇਸ਼ਣੀ ਛਾਪ ਦੀ ਜਾਣ-ਪਛਾਣ Ḕਡਾਕਟਰ ਅਤੇ ਮਹਾਤਮਾ’ ਗਾਂਧੀ ਦੀ ਡੂੰਘੇ ਤੌਰ ‘ਤੇ ਝੰਜੋੜਨ ਵਾਲੀ ਆਲੋਚਨਾ ਵੀ ਹੈ, ਖ਼ਾਸ ਕਰ ਕੇ ਸਾਡੇ ਵਿਚੋਂ ਉਨ੍ਹਾਂ ਲਈ ਜਿਨ੍ਹਾਂ ਲਈ ਗਾਂਧੀ ਬਹੁਤ ਹੀ ਸਤਿਕਾਰਤ ਅਤੇ ਪੂਜਨੀਕ ਸ਼ਖਸੀਅਤ ਹੈ।
ਅਰੁੰਧਤੀ: ਹਾਂ, ਮੈਂ ਜਾਣਦੀ ਹਾਂ। ਇਸ ਨੂੰ ਕਿਸੇ ਤਰ੍ਹਾਂ ਲਿਖਣਾ ਸੁਖਾਲਾ ਕੰਮ ਨਹੀਂ ਸੀ ਪਰ ਇਨ੍ਹਾਂ ਸਮਿਆਂ ਵਿਚ, ਜਦੋਂ ਅਸੀਂ ਮਾਯੂਸੀ ਦਾ ਸ਼ਿਕਾਰ ਹੋਏ ਅਤੇ ਜਿਸ ਤਰ੍ਹਾਂ ਵਰਤਾਰੇ ਵਾਪਰ ਰਹੇ ਹਨ, ਉਸ ਨੂੰ ਸਮਝਣ ਤੋਂ ਆਰੀ ਸਾਰੇ ਜਣੇ ਹਨੇਰੇ ਵਿਚ ਟੱਕਰਾਂ ਮਾਰ ਰਹੇ ਹਾਂ। ਮੈਂ ਸਮਝਦੀ ਹਾਂ ਕਿ ਗਾਂਧੀ ਅਤੇ ਡਾæ ਅੰਬੇਦਕਰ ਦਰਮਿਆਨ ਬਹਿਸ ਨੂੰ ਮੁੜ ਘੋਖਣਾ ਓੜਕ ਸਾਡੇ ਰਾਹ ਨੂੰ ਰੁਸ਼ਨਾਉਣ Ḕਚ ਹੀ ਸਹਾਈ ਹੋਵੇਗਾ। ਚਾਹੇ ਇਹ ਕਈ ਲੋਕਾਂ ਲਈ ਕਿੰਨਾ ਪ੍ਰੇਸ਼ਾਨ ਕਰਨ ਵਾਲਾ ਹੋਵੇ, ਅਤੇ ਸੋਚਣ ਦੇ ਪੁਰਾਣੇ ਤੇ ਸਥਾਪਤ ਤੌਰ-ਤਰੀਕਿਆਂ ਵਿਚ ਕਿੰਨਾ ਵੀ ਖ਼ਲਲ ਪਾਊ ਹੋਵੇ। ਮੈਂ ਸਮਝਦੀ ਹਾਂ ਕਿ Ḕਜਾਤਪਾਤ ਦਾ ਬੀਜ ਨਾਸ਼’ ਲਾਜ਼ਮੀ ਪੜ੍ਹਨ ਵਾਲੀ ਲਿਖਤ ਹੈ। ਜਾਤਪਾਤ ਸਾਡੇ ਸਮਾਜ ਦੇ ਨਾਸੂਰ ਦਾ ਧੁਰਾ ਹੈ। ਦਾਬੇ ਦਾ ਸ਼ਿਕਾਰ ਬਣਾਈਆਂ ਜਾਤਾਂ ਨਾਲ ਤਾਂ ਇਸ ਨੇ ਜੋ ਕੀਤਾ ਸੋ ਕੀਤਾ ਹੀ ਹੈ, ਇਸ ਤੋਂ ਇਲਾਵਾ ਇਸ ਨੇ ਵਿਸ਼ੇਸ਼ ਅਧਿਕਾਰ ਪ੍ਰਾਪਤ ਜਾਤਾਂ ਦੀ ਇਖ਼ਲਾਕੀ ਗੁਲੀ (ਮੌਰਲ ਕੋਰ) ਨੂੰ ਵੀ ਢਾਹ ਲਾਈ ਹੈ। ਹੁਣ ਸਾਨੂੰ ਡਾæ ਅੰਬੇਦਕਰ ਸ਼ਿੱਦਤ ਨਾਲ ਦਰਕਾਰ ਹੈ।
ਸਵਾਲ: ਡਾæ ਅੰਬੇਦਕਰ ਬਾਰੇ ਕਿਤਾਬ ਵਿਚ ਗਾਂਧੀ ਦੇ ਅਕਸ ਨੂੰ ਐਨਾ ਉਭਾਰਨਾ ਕਿਉਂ ਜ਼ਰੂਰੀ ਸੀ? ਇਹ ਕਿਵੇਂ ਹੋਇਆ?
ਅਰੁੰਧਤੀ: ਡਾæ ਅੰਬੇਦਕਰ, ਗਾਂਧੀ ਦਾ ਸਭ ਤੋਂ ਤਿੱਖਾ ਆਲੋਚਕ ਸੀ। ਨਾ ਸਿਰਫ਼ ਸਿਆਸੀ ਤੇ ਬੌਧਿਕ ਪੱਖੋਂ, ਸਗੋਂ ਇਖ਼ਲਾਕ ਪੱਖੋਂ ਵੀ। ਮੁੱਖਧਾਰਾ ਬਿਰਤਾਂਤ ਵਿਚੋਂ ਇਸ ਨੂੰ ਖਾਰਜ ਹੀ ਕਰ ਦਿੱਤਾ ਗਿਆ। ਇਹ ਠੇਸ ਪਹੁੰਚਾਉਣ ਵਾਲਾ ਹੈ। ਮੈਂ ਗਾਂਧੀ ਨਾਲ ਉਸ ਦੀ ਬਹਿਸ ਨੂੰ ਮੁਖ਼ਾਤਬ ਹੋਏ ਬਗ਼ੈਰ ਇਸ ਕਿਤਾਬ ਦੀ ਜਾਣ-ਪਛਾਣ ਨਹੀਂ ਸੀ ਲਿਖ ਸਕਦੀ, ਜੋ ਚੀਜ਼ ਅੱਜ ਵੀ ਸਾਡੇ ਉਪਰ ਬੇਥਾਹ ਅਸਰ ਛੱਡਦੀ ਹੈ।
Ḕਜਾਤਪਾਤ ਦਾ ਬੀਜ ਨਾਸ਼’ ਡਾæ ਅੰਬੇਦਕਰ ਦੀ ਉਸ ਤਕਰੀਰ ਦਾ ਪਾਠ ਹੈ ਜੋ ਉਸ ਨੇ ਕਦੇ ਨਹੀਂ ਪੜ੍ਹੀ। ਜਦੋਂ ਆਰੀਆ ਸਮਾਜ ਦੀ ਇਕ ਸ਼ਾਖਾ Ḕਜਾਤਪਾਤ ਤੋੜਕ ਮੰਡਲ’ ਨੇ ਇਹਦਾ ਪਾਠ ਦੇਖਿਆ ਅਤੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਡਾæ ਅੰਬੇਦਕਰ ਤਾਂ ਹਿੰਦੂਵਾਦ ਤੇ ਇਸ ਦੇ ਪਵਿੱਤਰ ਗ੍ਰੰਥਾਂ ਉਪਰ ਸਿੱਧਾ ਹਮਲਾ ਕਰਨ ਜਾ ਰਿਹਾ ਹੈ, ਤਾਂ ਉਨ੍ਹਾਂ ਨੇ ਸੱਦਾ ਵਾਪਸ ਲੈ ਲਿਆ। ਡਾæ ਅੰਬੇਦਕਰ ਨੇ ਇਸ ਨੂੰ ਕਿਤਾਬਚੇ ਦੀ ਸ਼ਕਲ ‘ਚ ਛਾਪ ਦਿੱਤਾ। ਗਾਂਧੀ ਨੇ ਆਪਣੇ ਅਖ਼ਬਾਰ Ḕਹਰੀਜਨ’ ਵਿਚ ਇਸ ਦੇ ਜਵਾਬ ਵਿਚ ਲਿਖਿਆ ਪਰ ਇਹ ਅਦਾਨ-ਪ੍ਰਦਾਨ ਉਨ੍ਹਾਂ ਦੋਵਾਂ ਦਰਮਿਆਨ ਲੰਮੇ ਅਤੇ ਤਲਖ਼ ਤਕਰਾਰ ਦਾ ਸਿਰਫ਼ ਇਕ ਹਿੱਸਾ ਸੀæææ ਜਦੋਂ ਮੈਂ ਕਹਿੰਦੀ ਹਾਂ ਕਿ ਬਿਰਤਾਂਤ ਵਿਚੋਂ ਡਾæ ਅੰਬੇਦਕਰ ਨੂੰ ਖਾਰਜ ਕਰ ਦਿੱਤਾ ਗਿਆ, ਮੈਂ ਇਹ ਨਹੀਂ ਕਹਿ ਰਹੀ ਕਿ ਉਸ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ। ਇਸ ਦੇ ਉਲਟ ਉਸ ਵੱਲ ਬਹੁਤ ਸਾਰੀ ਤਵੱਜੋ ਦਿੱਤੀ ਗਈ ਹੈ- ਜਾਂ ਤਾਂ ਉਸ ਦਾ Ḕਸੰਵਿਧਾਨ ਦਾ ਪਿਤਾਮਾ’ ਵਜੋਂ ਗੁੱਡਾ ਬੰਨ੍ਹਿਆ ਗਿਆ ਹੈ, ਜਾਂ ਫਿਰ ਉਸ ਨੂੰ ਅਲੱਗ ਕਰ ਕੇ Ḕਅਛੂਤਾਂ ਦਾ ਆਗੂ’ ਬਣਾ ਕੇ ਵਡਿਆਇਆ ਗਿਆ ਹੈ; ਪਰ ਜੋ ਰੋਹ ਅਤੇ ਜਜ਼ਬਾ ਉਸ ਦੀ ਚਾਲਕ-ਸ਼ਕਤੀ ਸੀ, ਉਸ ਨੂੰ ਕਹਾਣੀ ਵਿਚੋਂ ਮੇਟ ਦਿੱਤਾ ਗਿਆ। ਮੈਂ ਸਮਝਦੀ ਹਾਂ ਕਿ ਜਿਸ ਦਲਦਲ ਵਿਚ ਅਸੀਂ ਅੱਜ ਖੁੱਭੇ ਹੋਏ ਹਾਂ, ਜੇ ਉਸ ਵਿਚੋਂ ਬਾਹਰ ਨਿਕਲਣ ਦਾ ਰਾਹ ਤਲਾਸ਼ਣਾ ਹੈ ਤਾਂ ਸਾਨੂੰ ਡਾæ ਅੰਬੇਦਕਰ ਨੂੰ ਲਾਜ਼ਮੀ ਹੀ ਗੰਭੀਰਤਾ ਨਾਲ ਲੈਣਾ ਪਵੇਗਾ। ਦਲਿਤ ਤਾਂ ਬਹੁਤ ਸਾਲਾਂ ਤੋਂ ਇਸ ਬਾਰੇ ਜਾਣਦੇ ਹਨ। ਹੁਣ ਵਕਤ ਆ ਗਿਆ ਹੈ ਕਿ ਬਾਕੀ ਦਾ ਮੁਲਕ ਵੀ ਉਨ੍ਹਾਂ ਵਿਚ ਸ਼ਾਮਲ ਹੋਵੇ।
ਸਵਾਲ: ਕੀ ਗਾਂਧੀ ਬਾਰੇ ਹਮੇਸ਼ਾ ਤੁਹਾਡੇ ਇਹੀ ਵਿਚਾਰ ਸਨ, ਜਾਂ ਜਦੋਂ ਤੁਸੀਂ ਡਾæ ਅੰਬੇਦਕਰ ਦੇ ਸਬੰਧ ਵਿਚ ਉਸ ਦਾ ਅਧਿਐਨ ਕੀਤਾ, ਉਦੋਂ ਨਵੇਂ ਪੱਖ ਸਾਹਮਣੇ ਆਏ?
ਅਰੁੰਧਤੀ: ਸੁਭਾਵਿਕ ਤੌਰ Ḕਤੇ ਮੈਂ ਸ਼ਰਧਾ ਦੀ ਧਾਰਨੀ ਨਹੀਂ, ਖ਼ਾਸ ਕਰ ਕੇ ਇਹ ਜਦੋਂ ਸਿਆਸੀ ਮੈਨੀਫੈਸਟੋ ਬਣਦੀ ਹੋਵੇ। ਮੇਰਾ ਮਤਲਬ, ਰੱਬ ਦੇ ਵਾਸਤੇ, ਗਾਂਧੀ ਖਾਣ-ਪੀਣ ਨੂੰ Ḕਗੰਦਾ ਕੰਮḔ ਅਤੇ ਕਾਮ ਨੂੰ Ḕਸੱਪ ਦੇ ਡੰਗ ਤੋਂ ਵੀ ਭੈੜੀ ਵਿਹੁḔ ਕਹਿੰਦਾ ਸੀ। ਬੇਸ਼ਕ, ਆਧੁਨਿਕਤਾ ਅਤੇ ḔਵਿਕਾਸḔ ਦੇ ਪੱਛਮੀ ਖ਼ਿਆਲ ਬਾਰੇ ਉਸ ਨੂੰ ਅਗਾਊਂ ਸੋਝੀ ਸੀ ਜਿਸ ਨੇ ਧਰਤੀ ਅਤੇ ਇਸ ਦੇ ਬਾਸ਼ਿੰਦਿਆਂ ਲਈ ਜਾਨ ਦਾ ਖ਼ੌਅ ਬਣ ਜਾਣਾ ਸੀ। ਦੂਜੇ ਪਾਸੇ, ਟਰੱਸਟੀਸ਼ਿਪ ਬਾਰੇ ਉਸ ਦੇ ਮੱਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਸਕਦਾ, ਜਿਸ ਵਿਚ ਉਹ ਕਹਿੰਦਾ ਹੈ ਕਿ ਧਨਾਢਾਂ ਦੀ ਦੌਲਤ ਉਨ੍ਹਾਂ ਕੋਲ ਹੀ ਰਹਿਣ ਦੇਣੀ ਚਾਹੀਦੀ ਹੈ ਅਤੇ ਇਸ ਨੂੰ ਗ਼ਰੀਬਾਂ ਦੇ ਭਲੇ ਲਈ ਇਸਤੇਮਾਲ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪ ਦਿੱਤੀ ਜਾਣੀ ਚਾਹੀਦੀ ਹੈ- ਜਿਸ ਨੂੰ ਅੱਜ ਅਸੀਂ ਕਾਰਪੋਰੇਟ ਸਮਾਜੀ ਜ਼ਿੰਮੇਵਾਰੀ ਕਹਿੰਦੇ ਹਾਂ। ਔਰਤਾਂ ਵੱਲ ਉਸ ਦਾ ਵਤੀਰਾ ਮੈਨੂੰ ਹਮੇਸ਼ਾ ਬੇਚੈਨ ਕਰਦਾ ਰਿਹਾ ਹੈ, ਪਰ ਜਾਤਪਾਤ ਦੇ ਵਿਸ਼ੇ ਅਤੇ ਇਸ ਵੱਲ ਗਾਂਧੀ ਦੇ ਵਤੀਰੇ ਬਾਰੇ ਮੈਂ ਸਪਸ਼ਟ ਨਹੀਂ ਸੀ। Ḕਜਾਤਪਾਤ ਦਾ ਬੀਜ ਨਾਸ਼’ ਦੇ ਅਧਿਐਨ ਨੇ ਮੈਨੂੰ ਡਾæ ਅੰਬੇਦਕਰ ਦੀ ਲਿਖਤ Ḕਕਾਂਗਰਸ ਤੇ ਗਾਂਧੀ ਨੇ ਅਛੂਤਾਂ ਲਈ ਕੀ ਕੀਤਾ ਹੈ’ ਪੜ੍ਹਨ ਲਈ ਉਕਸਾਇਆ। ਇਸ ਨੂੰ ਪੜ੍ਹ ਕੇ ਮੈਂ ਬਹੁਤ ਪ੍ਰੇਸ਼ਾਨ ਹੋਈ। ਤਦ ਮੈਂ ਗਾਂਧੀ ਨੂੰ (ਉਸ ਦੀਆਂ ਚਿੱਠੀਆਂ, ਅਖ਼ਬਾਰਾਂ-ਰਸਾਲਿਆਂ ਵਿਚ ਲੇਖ) ਪੜ੍ਹਨਾ ਸ਼ੁਰੂ ਕੀਤਾ। ਮੈਂ 1909 ਤੋਂ ਲੈ ਕੇ ਜਾਤਪਾਤ ਬਾਰੇ ਉਸ ਦੇ ਵਿਚਾਰਾਂ ਨੂੰ ਘੋਖਦੀ ਗਈ ਜਦੋਂ ਉਸ ਨੇ ਆਪਣਾ ਸਭ ਤੋਂ ਮਸ਼ਹੂਰ ਕਿਤਾਬਚਾ Ḕਹਿੰਦ ਸਵਰਾਜḔ ਲਿਖਿਆ ਸੀ। ਜਦੋਂ ਕਿਤਾਬ ਦਾ ਤੁਆਰਫ਼ ਲਿਖਣ ਲਈ ਮਹੀਨਿਆਂ ਬੱਧੀ ਮੈਂ ਨਿੱਠ ਕੇ ਪੜ੍ਹਨ ਲਿਖਣ ਦਾ ਕੰਮ ਕੀਤਾ ਅਤੇ Ḕਡਾਕਟਰ ਤੇ ਮਹਾਤਮਾ’ ਲਿਖਿਆ, ਉਦੋਂ ਮੈਂ ਜੋ ਪੜ੍ਹ ਰਹੀ ਸਾਂ, ਉਸ ਉਤੇ ਵਿਸ਼ਵਾਸ ਹੀ ਨਹੀਂ ਸੀ ਆਉਂਦਾ। ਦੇਖੋ, ਗਾਂਧੀ ਬੁਝਾਰਤਨੁਮਾ ਸ਼ਖਸੀਅਤ ਸੀ। ਉਹ ਸੱਚਮੁੱਚ ਜੋ ਕੁਝ ਸੀ, ਉਸ ਨੂੰ ਦੇਖਣ ਦਾ ਸਾਡੇ ਵਿਚ ਜੇਰਾ ਹੋਣਾ ਚਾਹੀਦਾ ਹੈ। ਸ਼ਾਨਦਾਰ ਸਿਆਸਤਦਾਨ, ਧੂਹ-ਪਾਊ ਤੇ ਔਗੁਣਾਂ ਦਾ ਪੁਤਲਾ ਇਨਸਾਨ- ਤੇ ਉਹ ਔਗੁਣ ਨਿਰੇ ਉਸ ਦੀ ਨਿੱਜੀ ਜ਼ਿੰਦਗੀ ਜਾਂ ਪਤੀ ਤੇ ਬਾਪ ਵਜੋਂ ਉਸ ਦੀ ਭੂਮਿਕਾ ਨਾਲ ਸਬੰਧਤ ਹੀ ਨਹੀਂ ਸਨ। ਜੇ ਅਸੀਂ ਉਸ ਦੀ ਜੈ-ਜੈ ਕਾਰ ਕਰਨੀ ਚਾਹੁੰਦੇ ਹਾਂ, ਤਾਂ ਜੋ ਕੁਝ ਉਹ ਸੀ, ਸਾਡੇ ਵਿਚ ਉਸ ਨੂੰ ਖਿੜੇ ਮੱਥੇ ਕਬੂਲ ਕਰਨ ਦਾ ਜੇਰਾ ਲਾਜ਼ਮੀ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਅਸੀਂ ਉਸ ਬਾਰੇ ਜੋ ਖ਼ਿਆਲੀ, ਫਰਜ਼ੀ ਅਕਸ ਬਣਾ ਰੱਖਿਆ ਹੈ।
ਸਵਾਲ: ਤੁਹਾਡੇ Ḕਤੇ ਇਲਜ਼ਾਮ ਲੱਗ ਸਕਦਾ ਹੈ ਕਿ ਤੁਸੀਂ ਗਾਂਧੀ ਦੀਆਂ ਲਿਖਤਾਂ ਵਿਚੋਂ ਉਸ ਬਾਰੇ ਆਪਣੀ ਕਲਪਨਾ, ਆਪਣੀ ਮਨਘੜਤ ਸੋਚ ਨੂੰ ਰਾਸ ਆਉਂਦੀਆਂ ਟੂਕਾਂ ਚੁਣ ਲਈਆਂæææ
ਅਰੁੰਧਤੀ: ਜਦੋਂ ਕੋਈ ਬੰਦਾ ਆਪਣੇ ਪਿੱਛੇ 98 ਜਿਲਦਾਂ ਵਿਚ ਆਪਣੀਆਂ ਸਮੂਹਿਕ ਲਿਖਤਾਂ ਛੱਡ ਕੇ ਜਾਂਦਾ ਹੈ, ਤਾਂ ਸਾਡੇ ਕੋਲ ਛਾਂਟ ਕੇ ਚੁਣਨ ਤੋਂ ਸਿਵਾਏ ਹੋਰ ਕੀ ਰਾਹ ਰਹਿ ਜਾਂਦਾ ਹੈ ਭਲਾ? ਬੇਸ਼ਕ, ਮੈਂ ਚੋਣਵਾਂ ਪੜ੍ਹਿਆ ਹੈ, ਉਸੇ ਤਰ੍ਹਾਂ ਚੋਣਵਾਂ ਜਿਵੇਂ ਹਰ ਬੰਦਾ ਕਰਦਾ ਆਇਆ ਹੈæææ ਤੇ ਬੇਸ਼ੱਕ ਉਹ ਚੋਣਵਾਂ ਵੀ ਉਸ ਬੰਦੇ ਦੀ ਸਿਆਸਤ ਬਾਰੇ ਬਹੁਤ ਕੁਝ ਕਹਿ ਦਿੰਦਾ ਹੈ ਜਿਸ ਨੇ ਚੋਣ ਕੀਤੀ ਹੁੰਦੀ ਹੈ। ਮੇਰਾ ਸੰਖੇਪ ਕੰਮ ਸੀ Ḕਜਾਤਪਾਤ ਦਾ ਬੀਜ ਨਾਸ਼’ ਦੀ ਜਾਣ-ਪਛਾਣ ਲਿਖਣਾ। ਡਾæ ਅੰਬੇਦਕਰ ਦਾ ਮੁਤਾਲਿਆ ਕਰਦਿਆਂ ਮੈਨੂੰ ਮਹਿਸੂਸ ਹੋਇਆ ਕਿ ਉਸ ਦੇ ਆਲਮ ਉਪਰ ਗਾਂਧੀ ਕਿੰਨਾ ਛਾਇਆ ਹੋਇਆ ਸੀ। ਜਦੋਂ ਮੈਂ ਜਾਤਪਾਤ ਦੀ ਪ੍ਰਥਾ ਦਾ ਪੱਖ ਪੂਰਦੇ ਗਾਂਧੀ ਦੇ ਐਲਾਨ ਪੜ੍ਹੇ, ਮੈਂ ਹੈਰਾਨ ਰਹਿ ਗਈ ਕਿ ਅਹਿੰਸਾ ਅਤੇ ਸੱਤਿਆਗ੍ਰਹਿ ਦਾ ਉਸ ਦਾ ਮੱਤ ਕਿੰਨੀ ਅਸਾਨੀ ਨਾਲ ਇਕ ਐਸੇ ਪ੍ਰਬੰਧ ਦੀ ਬੁਨਿਆਦ ਉਪਰ ਟਿਕਿਆ ਰਹਿ ਸਕਦਾ ਸੀ ਜਿਸ ਨੂੰ ਸਿਰਫ਼ ਹਿੰਸਾ ਦੇ ਸਥਾਈ ਖ਼ਤਰੇ ਅਤੇ ਵਾਰ-ਵਾਰ ਐਸੀ ਹਿੰਸਾ ਵਰਤਾ ਕੇ ਹੀ ਟਿਕਾਇਆ ਜਾ ਸਕਦਾ ਸੀ ਜਿਸ ਬਾਰੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮੇਰੀ ਉਤਸੁਕਤਾ ਵਧਦੀ ਗਈ ਕਿ ਗਾਂਧੀ ਨੂੰ ਮਹਾਤਮਾ ਕਿਵੇਂ ਕਿਹਾ ਜਾਣ ਲੱਗਿਆ!
ਮੈਂ ਦੇਖਿਆ ਕਿ ਪਹਿਲੀ ਦਫ਼ਾ ਉਸ ਨੂੰ 1915 ਵਿਚ ਮਹਾਤਮਾ ਕਿਹਾ ਗਿਆ ਸੀ, ਦੱਖਣੀ ਅਫ਼ਰੀਕਾ ਵਿਚ 20 ਸਾਲ ਗੁਜ਼ਾਰ ਕੇ ਹਿੰਦੁਸਤਾਨ ਮੁੜਨ ਤੋਂ ਛੇਤੀ ਪਿੱਛੋਂ। ਇਹ ਮਾਣ-ਸਨਮਾਣ ਹਾਸਲ ਕਰਨ ਲਈ ਦੱਖਣੀ ਅਫ਼ਰੀਕਾ ਵਿਚ ਉਸ ਨੇ ਕੀ ਘਾਲਣਾ ਘਾਲੀ ਸੀ? ਇਸ ਤੋਂ ਮੈਂ ਪਿੱਛੇ 1893 ਵਿਚ ਪਰਤ ਗਈ ਜਿਸ ਸਾਲ ਉਹ 24 ਸਾਲਾਂ ਦੇ ਵਕੀਲ ਵਜੋਂ ਪਹਿਲੀ ਦਫ਼ਾ ਦੱਖਣੀ ਅਫ਼ਰੀਕਾ ਵਿਚ ਗਿਆ ਸੀ। ਮੈਂ ਪੰਜਾਹ ਸਾਲਾਂ ਤੋਂ ਵੱਧ ਅਰਸੇ ਲਈ ਜਾਤਪਾਤ ਬਾਰੇ ਗਾਂਧੀ ਦੀਆਂ ਲਿਖਤਾਂ ਨੂੰ ਪੜ੍ਹਿਆ; ਤਾਂ ਜੋ ਐਸੇ ਸਵਾਲਾਂ ਦੇ ਜਵਾਬ ਮਿਲ ਜਾਣ- Ḕਕੀ ਗਾਂਧੀ ਵਿਚ ਕੋਈ ਬਦਲਾਅ ਆਇਆ? ਜੇ ਆਇਆ, ਤਾਂ ਕਿਵੇਂ? ਕੀ ਉਸ ਦੀ ਸ਼ੁਰੂਆਤ ਮਾੜੀ ਸੀ, ਤੇ ਉਹ ਇਸ ਤੋਂ ਮਹਾਤਮਾ ਬਣ ਕੇ ਉਭਰਿਆ?’ ਸੱਚਮੁੱਚ ਮੈਂ ਇਹ ਖੋਜ ਨਹੀਂ ਸੀ ਕਰ ਰਹੀ ਕਿ ਖਾਣ-ਪੀਣ ਜਾਂ ਕੁਦਰਤੀ ਇਲਾਜ ਬਾਰੇ ਗਾਂਧੀ ਦੇ ਵਿਚਾਰ ਕੀ ਸਨ, ਮੈਂ ਤਾਂ ਜਾਤਪਾਤ ਦਾ ਖ਼ੁਰਾ ਨੱਪ ਰਹੀ ਸੀ, ਤੇ ਇਸ ਅਮਲ ਵਿਚ ਮੇਰੇ ਹੱਥ ਨਸਲ ਦਾ ਖ਼ੁਰਾ ਆ ਗਿਆ, ਅਤੇ ਓੜਕ ਕੁਲ ਗੜਬੜ ਤੇ ਕੱਟ-ਵੱਢ ਵਿਚੋਂ ਮੈਨੂੰ ਇਸ ਵਿਚ ਇਕਸਾਰਤਾ ਲੱਭ ਗਈ। ਇਸ ਸਭ ਕਾਸੇ ਦਾ ਇਕ ਮਤਲਬ ਸੀ।
ਇਸ ਵਿਚ ਇਕਸਾਰਤਾ ਸੀ, ਤੇ ਇਹ ਇਕਸਾਰ ਤੌਰ Ḕਤੇ ਪ੍ਰੇਸ਼ਾਨ ਕਰਨ ਵਾਲਾ ਸੀ। ਤੱਥ ਇਹ ਹੈ ਕਿ ਉਸ ਨੇ ਹੋਰ ਜੋ ਕੁਝ ਵੀ ਕਿਹਾ ਤੇ ਕੀਤਾ, ਅਤੇ ਉਸ ਵਿਚੋਂ ਕੁਝ ਕਿੰਨਾ ਵੀ ਖ਼ੂਬਸੂਰਤ ਕਿਉਂ ਨਾ ਹੋਵੇ, ਉਸ ਨੇ ਕੁਝ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੀਆਂ ਚੀਜ਼ਾਂ ਕਹੀਆਂ ਤੇ ਕੀਤੀਆਂ। ਉਨ੍ਹਾਂ ਦੀ ਲਾਜ਼ਮੀ ਹੀ ਵਿਆਖਿਆ ਅਤੇ ਲੇਖਾਜੋਖਾ ਕੀਤਾ ਜਾਣਾ ਚਾਹੀਦਾ ਹੈ। ਇਹ ਸਾਡੇ ਸਾਰਿਆਂ ਉਪਰ, ਪਾਪੀ ਅਤੇ ਸੰਤ-ਮਹਾਤਮਾ ਹਰ ਬੰਦੇ ਉਪਰ ਬਰਾਬਰ ਲਾਗੂ ਹੁੰਦਾ ਹੈ। ਦਲੀਲ ਦੀ ਖ਼ਾਤਰ ਮੰਨ ਲਓ ਕਿ ਘੋਰ ਤੁਅੱਸਬੀ ਵਹਿਣ Ḕਚ ਵਹਿ ਕੇ ਕੋਈ ਬੰਦਾ ਰਬਿੰਦਰਨਾਥ ਟੈਗੋਰ ਦੀਆਂ ਲਿਖਤਾਂ ਦੀ ਪੁਣ-ਛਾਣ ਕਰਨ ਬੈਠ ਜਾਂਦਾ ਹੈ। ਮੈਂ ਟੈਗੋਰ ਬਾਰੇ ਵਿਦਵਾਨ ਨਹੀਂ ਹਾਂ, ਪਰ ਮੈਨੂੰ ਪੂਰਾ ਸ਼ੱਕ ਹੈ ਕਿ ਅਜਿਹਾ ਕਰਨ ਵਾਲੇ ਨੂੰ ਉਸ ਤਰ੍ਹਾਂ ਦੇ ਪ੍ਰੇਸ਼ਾਨ ਕਰਨ ਵਾਲੇ ਖ਼ਤ, ਲੇਖ, ਤਕਰੀਰਾਂ ਅਤੇ ਮੁਲਾਕਾਤਾਂ ਨਹੀਂ ਮਿਲਣਗੇ ਜਿਸ ਤਰ੍ਹਾਂ ਦੀਆਂ ਲਿਖਤਾਂ ਮਹਾਤਮਾ ਗਾਂਧੀ ਦੀਆਂ ਸਮੁੱਚੀਆਂ ਲਿਖਤਾਂ ਦੇ ਗ੍ਰੰਥਾਂ ਵਿਚ ਮਿਲਦੀਆਂ ਹਨ।
ਸਵਾਲ: ਤੁਹਾਡਾ ਕਹਿਣਾ ਹੈ ਕਿ ਦੱਖਣੀ ਅਫ਼ਰੀਕਾ ਵਿਚ ਰਹਿਣ ਸਮੇਂ ਗਾਂਧੀ ਦਾ ਜੋ ਵਤੀਰਾ ਸੀ, ਉਸ ਨੂੰ ਕਾਲੇ ਲੋਕਾਂ ਪ੍ਰਤੀ ਨਸਲਵਾਦੀ ਵਤੀਰਾ ਹੀ ਕਿਹਾ ਜਾ ਸਕਦਾ ਹੈ; ਲਗਦਾ ਹੈ ਕਿ ਤੁਸੀਂ ਉਸ ਦੀਆਂ ਪੁਜੀਸ਼ਨਾਂ ਨੂੰ ਔਗੁਣਾਂ ਵਾਲੀਆਂ ਅਤੇ ਢੌਂਗੀ ਸਮਝਦੇ ਹੋ। ਕੀ ਇਹ ਇਉਂ ਹੀ ਹੈ?
ਅਰੁੰਧਤੀ: ਮੈਂ ਇਹ ਵਿਸ਼ੇਸ਼ਣ ਨਹੀਂ ਵਰਤੇ। ਮੇਰਾ ਖ਼ਿਆਲ ਹੈ ਕਿ ਤੁਸੀਂ ਇਹ ਪ੍ਰਭਾਵ ਗਾਂਧੀ ਦੀਆਂ ਉਨ੍ਹਾਂ ਤਕਰੀਰਾਂ ਅਤੇ ਲਿਖਤਾਂ ਵਿਚੋਂ ਲਿਆ ਹੈ ਜਿਨ੍ਹਾਂ ਦੀ ਵਿਆਖਿਆ ਮੈਂ ਆਪਣੀ ਲਿਖੀ ਜਾਣ-ਪਛਾਣ ਵਿਚ ਕੀਤੀ ਹੈ ਜੋ ਪੂਰੀ ਤਰ੍ਹਾਂ ਸਮਝ ਆਉਂਦਾ ਹੈ। ਦਰਅਸਲ, ਮੈਂ ਇਹ ਨਹੀਂ ਸੋਚਦੀ ਸੀ ਕਿ ਗਾਂਧੀ ਢੌਂਗੀ ਸੀ। ਇਸ ਦੇ ਉਲਟ, ਉਹ ਕਮਾਲ ਦਾ ਫ਼ਰਾਖ਼ਦਿਲ ਸੀ। æææ ਤੇ ਮੈਂ ਪ੍ਰਭਾਵਤ ਹੋਈ ਕਿ ਉਸ ਦੀਆਂ ਸਾਰੀਆਂ ਹੀ ਲਿਖਤਾਂ ਉਸ ਦੀਆਂ Ḕਸਮੁੱਚੀਆਂ ਲਿਖਤਾਂ ਦੇ ਸੰਗ੍ਰਹਿ’ ਵਿਚ ਸਾਂਭ ਦਿੱਤੀਆਂ ਗਈਆਂ ਜਿਨ੍ਹਾਂ ਵਿਚੋਂ ਕੁਝ- ਘੱਟੋਘੱਟ ਮੇਰੇ ਖ਼ਿਆਲ ‘ਚ- ਗੰਭੀਰ ਤੌਰ ‘ਤੇ ਉਲਝਣ ਪੈਦਾ ਕਰਨ ਵਾਲੀਆਂ ਹਨ।
ਇਹ ਸੱਚੀਂ ਹੀ ਦਲੇਰੀ ਵਾਲਾ ਕੰਮ ਹੈ। ਮੈਂ ਉਸ ਅਰਸੇ ਬਾਰੇ ਵਿਸਤਾਰ ਵਿਚ ਲਿਖਿਆ ਹੈ ਜਦੋਂ ਗਾਂਧੀ ਦੱਖਣੀ ਅਫ਼ਰੀਕਾ ਵਿਚ ਰਹਿ ਰਿਹਾ ਸੀ। ਇਥੇ ਮੈਂ ਉਸ ਦੌਰ ਬਾਰੇ ਮਹਿਜ਼ ਦੋ ਚੀਜ਼ਾਂ ਕਹਾਂਗੀ। ਪਹਿਲੀ ਹੈ, ਨਸਲਵਾਦ ਅਤੇ ਸਾਮਰਾਜਵਾਦ ਬਾਰੇ ਗਾਂਧੀ ਦੀ ਸਿਆਸੀ ਜਾਗ੍ਰਿਤੀ ਬਾਰੇ ਮਸ਼ਹੂਰ ਕਥਾ; ਕਿਉਂਕਿ ਜੋ ਇਹ ਕਿਹਾ ਜਾਂਦਾ ਹੈ ਕਿ ਉਸ ਨੂੰ ਪੀਟਰਮਰਿਜ਼ਬਰਗ ਵਿਚ Ḕਗੋਰਿਆਂ ਲਈ ਵਿਸ਼ੇਸ਼’ ਡੱਬੇ ਵਿਚੋਂ ਬਾਹਰ ਸੁੱਟ ਦਿੱਤਾ ਗਿਆ ਸੀæææ ਇਹ ਅੱਧਾ ਸੱਚ ਹੈ।
ਬਾਕੀ ਸੱਚ ਇਹ ਹੈ ਕਿ ਗਾਂਧੀ ਨਸਲੀ ਅਧਾਰ ‘ਤੇ ਵਸੋਂ ਨੂੰ ਅੱਡ-ਅੱਡ ਕਰਨ ਦੇ ਖ਼ਿਲਾਫ਼ ਨਹੀਂ ਸੀ। ਦੱਖਣੀ ਅਫ਼ਰੀਕਾ ਵਿਚ ਉਸ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਹਿੰਦੁਸਤਾਨੀਆਂ ਲਈ ਵੱਖਰੇ ਸਲੂਕ ਨੂੰ ਲੈ ਕੇ ਸਨ। ਉਸ ਦਾ ਇਤਰਾਜ਼ ਸਿਰਫ਼ ਹਿੰਦੁਸਤਾਨੀਆਂ ਨਾਲ Ḕਭੱਦੇ ਕਾਫ਼ਿਰਾਂ’ ਵਾਲਾ ਸਲੂਕ ਕੀਤੇ ਜਾਣ ਬਾਰੇ ਸੀ। ਉਹ ਕਾਲੇ ਅਫ਼ਰੀਕਨਾਂ ਬਾਰੇ ਇਹੀ ਲਫ਼ਜ਼ ਵਰਤਦਾ ਹੈ। ਉਸ ਦੀਆਂ ਪਹਿਲੀਆਂ ਸਿਆਸੀ ਜਿੱਤਾਂ ਵਿਚੋਂ ਇਕ ਸੀ ਡਰਬਨ ਡਾਕਖ਼ਾਨੇ ਦੇ Ḕਮਸਲੇ’ ਦਾ ਹੱਲ। ਉਸ ਨੇ ਤੀਜਾ ਦਰਵਾਜ਼ਾ ਖੁੱਲ੍ਹਵਾਉਣ ਲਈ ਕਾਮਯਾਬੀ ਨਾਲ ਮੁਹਿੰਮ ਚਲਾਈ ਤਾਂ ਜੋ ਹਿੰਦੁਸਤਾਨੀਆਂ ਨੂੰ ਉਸੇ ਦਰਵਾਜ਼ਿਓਂ ਨਾ ਲੰਘਣਾ ਪਵੇ ਜਿੱਥੋਂ Ḕਕਾਫ਼ਿਰ’ ਲੰਘਦੇ ਸਨ। ਉਸ ਨੇ ਅੰਗਰੇਜ਼-ਬੋਇਰ ਜੰਗ ਵਿਚ ਅਤੇ ਬੰਬਾਥਾ ਬਗ਼ਾਵਤ ਨੂੰ ਕੁਚਲਣ ਦੌਰਾਨ ਬਰਤਾਨਵੀ ਫ਼ੌਜ ਵਿਚ ਕੰਮ ਕੀਤਾ। ਆਪਣੀਆਂ ਤਕਰੀਰਾਂ ਵਿਚ ਉਸ ਨੇ ਕਿਹਾ ਕਿ ਉਸ ਨੂੰ Ḕਇਕ ਸ਼ਾਹੀ ਭਾਈਚਾਰੇ’ ਦੀ ਜ਼ੋਰਦਾਰ ਤਾਂਘ ਰਹੀ ਸੀ। ਤੇ ਕਹਾਣੀ ਇਉਂ ਤੁਰਦੀ ਜਾਂਦੀ ਹੈ। 1913 ਵਿਚ ਦੱਖਣੀ ਅਫ਼ਰੀਕੀ ਫ਼ੌਜੀ ਆਗੂ ਜਾਨ ਸਮੱਟਸ ਨਾਲ ਇਕ ਸਮਝੌਤੇ ‘ਤੇ ਸਹੀ ਪਾਉਣ ਤੋਂ ਬਾਅਦ ਗਾਂਧੀ ਨੇ ਦੱਖਣੀ ਅਫ਼ਰੀਕਾ ਨੂੰ ਅਲਵਿਦਾ ਕਹਿ ਦਿੱਤੀ। ਹਿੰਦੁਸਤਾਨ ਵਾਪਸ ਆਉਣ ਤਕ ਉਸ ਨੇ ਲੰਡਨ ਵਿਚ ਪੜਾਅ ਕੀਤਾ ਜਿਥੇ ਬਰਤਾਨਵੀ ਸਲਤਨਤ ਲਈ ਉਸ ਦੀਆਂ ਜਨਤਕ ਸੇਵਾਵਾਂ ਬਦਲੇ Ḕਕੈਸਰ-ਏ-ਹਿੰਦ’ (ਹਿੰਦ ਦਾ ਬਾਦਸ਼ਾਹ) ਸਨਮਾਨ ਨਾਲ ਸਨਮਾਨਿਆ ਗਿਆ। ਹੁਣ ਸੋਚੋ, ਇਸ ਦਾ ਨਸਲਵਾਦ ਅਤੇ ਸਾਮਰਾਜਵਾਦ ਵਿਰੁਧ ਜੱਦੋਜਹਿਦ ਨਾਲ ਕੀ ਸਬੰਧ ਹੈ?
ਸਵਾਲ: ਪਰ ਆਖ਼ਿਰ ਉਸ ਨੇ ਸਾਮਰਾਜਵਾਦ ਵਿਰੁਧ ਲੜਾਈ ਦਿੱਤੀ। ਉਸ ਨੇ ਆਜ਼ਾਦੀ ਲੈਣ ਲਈ ਸਾਡੇ ਮੁਲਕ ਦੀ ਅਗਵਾਈ ਕੀਤੀæææ
ਅਰੁੰਧਤੀ: ਜੋ ਕੁਝ ਲੋਕਾਂ ਵਾਸਤੇ Ḕਆਜ਼ਾਦੀ’ ਸੀ, ਉਹ ਬਾਕੀਆਂ ਲਈ ਸੱਤਾ-ਬਦਲੀ ਤੋਂ ਵੱਧ ਕੁਝ ਨਹੀਂ ਸੀ। ਇਕ ਵਾਰ ਫਿਰ, ਮੈਂ ਤਾਂ ਕਹਾਂਗੀ ਕਿ ਗਾਂਧੀ-ਡਾæ ਅੰਬੇਦਕਰ ਬਹਿਸ Ḕਸਾਮਰਾਜਵਾਦ’ ਅਤੇ Ḕਆਜ਼ਾਦੀ’ ਵਰਗੇ ਲਫ਼ਜ਼ਾਂ ਬਾਰੇ ਸਾਡੀ ਸਮਝ ਨੂੰ ਡੂੰਘਾ ਕਰਦੀ ਅਤੇ ਪੇਚੀਦਾ ਹੀ ਬਣਾਉਂਦੀ ਹੈ। 1931 ਵਿਚ ਜਦੋਂ ਡਾæ ਅੰਬੇਦਕਰ ਪਹਿਲੀ ਦਫ਼ਾ ਗਾਂਧੀ ਨੂੰ ਮਿਲਿਆ ਤਾਂ ਗਾਂਧੀ ਨੇ ਉਸ ਨੂੰ ਕਾਂਗਰਸ ਦੀ ਤਿੱਖੀ ਆਲੋਚਨਾ ਬਾਰੇ ਸਵਾਲ ਕੀਤਾ, ਜੋ ਉਸ ਵਕਤ ਵਤਨ ਲਈ ਸੰਘਰਸ਼ ਦੀ ਨੁਕਤਾਚੀਨੀ ਕਰਨ ਦੇ ਬਰਾਬਰ ਸੀ। ਡਾæ ਅੰਬੇਦਕਰ ਦਾ ਮਸ਼ਹੂਰ ਅਤੇ ਤੋੜ ਕੇ ਦਿੱਤਾ ਜਵਾਬ ਸੀ: “ਗਾਂਧੀ ਜੀ, ਮੇਰਾ ਕੋਈ ਵਤਨ ਨਹੀਂ ਹੈ। ਅਛੂਤ ਕਹਾਉਂਦਾ ਕੋਈ ਬੰਦਾ ਵੀ ਇਸ ਧਰਤੀ ‘ਤੇ ਮਾਣ ਨਹੀਂ ਕਰੇਗਾ।” ਦੱਖਣੀ ਅਫ਼ਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਵੀ ਗਾਂਧੀ ਅਜੇ ਵੀ ਖ਼ੁਦ ਨੂੰ ਸਲਤਨਤ ਦੀ Ḕਜ਼ਿੰਮੇਵਾਰ’ ਪਰਜਾ ਹੀ ਸਮਝਦਾ ਸੀ ਪਰ ਕੁਝ ਸਾਲਾਂ ਵਿਚ, ਪਹਿਲੀ ਕੌਮੀ ਨਾਮਿਲਵਰਤਣ ਲਹਿਰ ਸਮੇਂ, ਗਾਂਧੀ ਅੰਗਰੇਜ਼ਾਂ ਦੇ ਖ਼ਿਲਾਫ਼ ਹੋ ਗਿਆ ਸੀ। ਦਹਿ-ਲੱਖਾਂ ਲੋਕ ਉਸ ਦੇ ਸੱਦੇ ‘ਤੇ ਆ ਜੁੜਦੇ ਸਨ। ਤੇ ਚਾਹੇ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਉਸ ਨੇ ਅੰਗਰੇਜ਼ ਰਾਜ ਤੋਂ ਆਜ਼ਾਦੀ ਲੈਣ ਵਿਚ ਹਿੰਦੁਸਤਾਨ ਦੀ ਅਗਵਾਈ ਕੀਤੀ, ਨਿਸ਼ਚੇ ਹੀ ਉਸ ਦੀ ਭੂਮਿਕਾ ਸ਼ਾਨਦਾਰ ਸੀ। ਚਾਹੇ ਸੰਘਰਸ਼ ਵਿਚ ਗਾਂਧੀ ਬਰਾਬਰੀ ਦੀ ਗੱਲ ਕਰਦਾ ਰਿਹਾ ਅਤੇ ਕੁਝ ਸਮਿਆਂ ‘ਤੇ ਤਾਂ ਇਉਂ ਲਗਦਾ ਹੈ ਜਿਵੇਂ ਉਹ ਸਮਾਜਵਾਦੀ ਹੁੰਦਾ ਹੈ, ਪਰ ਉਸ ਨੇ ਕਦੇ ਵੀ ਰਵਾਇਤੀ ਜਾਤਪਾਤੀ ਦਰਜੇਬੰਦੀਆਂ ਜਾਂ ਵੱਡੇ ਜ਼ਿਮੀਦਾਰਾਂ ਨੂੰ ਚੁਣੌਤੀ ਨਹੀਂ ਦਿੱਤੀ।
ਬਿਰਲੇ, ਟਾਟੇ ਅਤੇ ਬਜਾਜ ਘਰਾਣੇ ਗਾਂਧੀ ਦੀਆਂ ਸਿਆਸੀ ਸਰਗਰਮੀਆਂ ਦੇ ਮਾਲੀ ਖ਼ਰਚੇ ਦਿੰਦੇ ਸਨ ਅਤੇ ਉਸ ਨੇ ਉਨ੍ਹਾਂ ਨਾਲ ਸਬੰਧ ਕਦੇ ਵੀ ਨਹੀਂ ਵਿਗਾੜੇ। ਉਨ੍ਹਾਂ ਵਿਚੋਂ ਕਈਆਂ ਨੇ ਪਹਿਲੀ ਆਲਮੀ ਜੰਗ ਦੌਰਾਨ ਖ਼ੂਬ ਕਮਾਈ ਕੀਤੀ ਸੀ ਅਤੇ ਹੁਣ ਰਹਿੰਦੀਆਂ ਰੋਕਾਂ ਵੀ ਤੋੜ ਰਹੇ ਹਨ। ਉਹ ਅੰਗਰੇਜ਼ ਰਾਜ ਤੋਂ ਚਿੜ੍ਹਦੇ ਸਨ। ਅੰਗਰੇਜ਼ ਰਾਜ ਅਤੇ ਨਸਲਵਾਦ ਨਾਲ ਉਨ੍ਹਾਂ ਦੇ ਆਢੇ ਨੇ ਉਨ੍ਹਾਂ ਦਾ ਦਾਇਰਾ ਸੀਮਤ ਕੀਤਾ ਹੋਇਆ ਸੀ। ਲਿਹਾਜ਼ਾ ਉਨ੍ਹਾਂ ਨੇ ਕੌਮੀ ਲਹਿਰ ਦੇ ਪੱਖ Ḕਚ ਡੱਕਾ ਸੁੱਟਿਆ। ਜਿਸ ਵਕਤ ਗਾਂਧੀ ਦੱਖਣੀ ਅਫ਼ਰੀਕਾ ਤੋਂ ਵਾਪਸ ਪਰਤਿਆ, ਉਦੋਂ ਮਿੱਲਾਂ ਦੇ ਮਜ਼ਦੂਰਾਂ ਵਿਚ ਬੇਚੈਨੀ ਸੀ ਜਿਨ੍ਹਾਂ ਨੂੰ ਮਿੱਲ ਮਾਲਕਾਂ ਨੂੰ ਮਿਲੇ ਛੱਤ-ਪਾੜ ਮੁਨਾਫ਼ਿਆਂ ਦਾ ਕੋਈ ਫ਼ਾਇਦਾ ਨਹੀਂ ਸੀ ਹੋਇਆ। ਅਹਿਮਦਾਬਾਦ ਦੀਆਂ ਮਿੱਲਾਂ ਵਿਚ ਅਚਾਨਕ ਹੜਤਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਮਿੱਲ ਮਾਲਕਾਂ ਨੇ ਗਾਂਧੀ ਨੂੰ ਹੜਤਾਲ ਖ਼ਤਮ ਕਰਾਉਣ ਵਾਸਤੇ ਵਿਚੋਲਗੀ ਕਰਨ ਲਈ ਕਿਹਾ। ਮੈਂ ਗਾਂਧੀ ਵਲੋਂ ਸਾਲਾਂ ਬੱਧੀ ਮਜ਼ਦੂਰਾਂ ਦੇ ਝਗੜਿਆਂ ਵਿਚ ਦਖ਼ਲ ਦੇਣ, ਮਜ਼ਦੂਰ ਯੂਨੀਅਨਾਂ ਨਾਲ ਨਜਿੱਠਣ ਅਤੇ ਹੜਤਾਲਾਂ ਬਾਰੇ ਉਸ ਦੇ ਮਜ਼ਦੂਰਾਂ ਨੂੰ ਉਪਦੇਸ਼ ਬਾਰੇ ਲਿਖਿਆ ਹੈ- ਇਸ ਦਾ ਜ਼ਿਆਦਾਤਰ ਹਿੱਸਾ ਪ੍ਰੇਸ਼ਾਨ ਕਰਨ ਵਾਲਾ ਹੈ। ਹੋਰ ਖੇਤਰਾਂ ਵਿਚ ਵੀ, ਗਾਂਧੀ ਦੀ ਮਸ਼ਹੂਰ Ḕਵਿਹਾਰਕ ਪਹੁੰਚ’ ਬਹੁਤ ਹੀ ਅਜੀਬ ਮੋੜੇ ਕੱਟਦੀ ਰਹੀ। ਮਸਲਨ, ਜਦੋਂ 1924 ਵਿਚ ਪੁਣੇ ਤੋਂ ਥੋੜ੍ਹਾ ਦੂਰ ਪਿੰਡਾਂ ਦੇ ਲੋਕ ਟਾਟਾ ਵਲੋਂ ਬੰਬਈ ਦੀਆਂ ਮਿੱਲਾਂ ਲਈ ਬਿਜਲੀ ਪੈਦਾ ਕਰਨ ਦੇ ਮਨੋਰਥ ਨਾਲ ਬਣਾਏ ਜਾਣ ਵਾਲੇ ਮੁਲਸ਼ੀ ਡੈਮ ਦੇ ਖ਼ਿਲਾਫ਼ ਰੋਸ ਪ੍ਰਗਟਾ ਰਹੇ ਸਨ, ਗਾਂਧੀ ਨੇ ਖ਼ਤ ਲਿਖ ਕੇ ਉਨ੍ਹਾਂ ਨੂੰ ਆਪਣਾ ਰੋਸ ਖ਼ਤਮ ਕਰਨ ਦਾ ਮਸ਼ਵਰਾ ਦਿੱਤਾ। ਉਸ ਦਾ ਤਰਕ ਸੁਪਰੀਮ ਕੋਰਟ ਦੇ ਸੰਨ 2000 ਦੇ ਉਸ ਫ਼ੈਸਲੇ ਨਾਲ ਬਹੁਤ ਜ਼ਿਆਦਾ ਮਿਲਦਾ-ਜੁਲਦਾ ਹੈ ਜਿਸ ਨੇ ਲੋਕਾਂ ਦੇ ਰੋਸ ਦੇ ਬਾਵਜੂਦ ਸੰਸਾਰ ਬੈਂਕ ਦੇ ਫੰਡਾਂ ਨਾਲ ਬਣਾਏ ਜਾ ਰਹੇ ਸਰਦਾਰ ਸਰੋਵਰ ਡੈਮ ਦੀ ਉਸਾਰੀ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਸੀ। æææ ਲਿਹਾਜ਼ਾ ਡਾæ ਅੰਬੇਦਕਰ ਐਨ ਸਹੀ ਸੀ ਜਦੋਂ ਉਸ ਨੇ ਕਿਹਾ: “ਕਾਂਗਰਸ ਆਜ਼ਾਦੀ ਲਈ ਲੜ ਰਹੀ ਹੈ, ਇਸ ਸਵਾਲ ਦੀ ਇਸ ਸਵਾਲ ਦੇ ਮੁਕਾਬਲੇ ਬਹੁਤ ਥੋੜ੍ਹੀ ਅਹਿਮੀਅਤ ਹੈ ਕਿ ਕਾਂਗਰਸ ਕਿਸ ਦੀ ਆਜ਼ਾਦੀ ਲਈ ਲੜ ਰਹੀ ਹੈ?”
ਸਵਾਲ: ਤੁਸੀਂ ਮੈਦਾਨੇ-ਜੰਗ ਦੀਆਂ ਰਿਪੋਰਟਾਂ ਜਾਂ ਉਧੜ ਕੇ ਸਾਹਮਣੇ ਆ ਰਹੇ ਸਮਕਾਲੀ ਵਰਤਾਰਿਆਂ ਦੇ ਆਧਾਰ Ḕਤੇ ਜ਼ਬਰਦਸਤ ਸਿਆਸੀ ਲੇਖ ਲਿਖੇ ਹਨ ਪਰ ਇਸ ਲਿਖਤ ਵਿਚ, ਤੁਸੀਂ ਤਹਿਆਂ ਫਰੋਲਦੀ ਖੋਜ ਕੀਤੀ ਜਾਪਦੀ ਹੈ ਅਤੇ ਕੌਮੀ ਲਹਿਰ, ਗਾਂਧੀ ਤੇ ਡਾæ ਅੰਬੇਦਕਰ ਬਾਰੇ ਖੋਜ ਕਰਨ ਵਾਲੇ ਬਹੁਤ ਸਾਰੇ ਉੱਘੇ ਇਤਿਹਾਸਕਾਰਾਂ ਤੋਂ ਵੱਖਰੇ ਸਿੱਟੇ ਕੱਢੇ ਹਨ। ਜ਼ਾਹਿਰ ਹੈ ਕਿ ਤੁਹਾਨੂੰ ਚੁਣੌਤੀ ਦਿੱਤੀ ਜਾਵੇਗੀ। ਉਸ ਸਫ਼ਰ ਬਾਰੇ ਦੱਸੋ ਜੋ ਡਾਕਟਰ ਅਤੇ ਮਹਾਤਮਾ ਨੂੰ ਲਿਖੇ ਜਾਣ ਨਾਲ ਸਬੰਧਤ ਹੈ।
ਅਰੁੰਧਤੀ: ਤੁਸੀਂ ਕਹਿੰਦੇ ਹੋ ਕਿ ਮੈਨੂੰ ਚੁਣੌਤੀ ਦਿੱਤੀ ਜਾਵੇਗੀ? ਇਧਰ ਮੈਂ ਤਾਂ ਇਹ ਤਸੱਵਰ ਕਰੀ ਬੈਠੀ ਸੀ ਕਿ ਇਹ ਤਾਂ ਮੈਂ ਹਾਂ ਜੋ ਚੁਣੌਤੀ ਦੇਣ ਜਾ ਰਹੀ ਹਾਂ! ਕਈ ਸਾਲ ਪਹਿਲਾਂ, ਨਾਵਾਇਣ ਦੇ ਪ੍ਰਕਾਸ਼ਕ ਐੱਸ਼ ਆਨੰਦ ਨੇ Ḕਜਾਤਪਾਤ ਦਾ ਬੀਜ ਨਾਸ਼’ ਕਿਤਾਬ ਦੀ ਆਰਜ਼ੀ ਜਿਲਦ ਵਾਲੀ ਕਾਪੀ ਮੈਨੂੰ ਸੌਂਪਦੇ ਹੋਏ ਕਿਹਾ ਸੀ ਕਿ ਮੈਂ ਇਸ ਦੀ ਜਾਣ-ਪਛਾਣ ਲਿਖ ਦਿਆਂ। ਮੈਂ ਖਰੜਾ ਪੜ੍ਹਿਆ, ਇਹ ਲਿਖਤ ਝੰਜੋੜਨ ਵਾਲੀ ਸੀ; ਪਰ ਮੇਰਾ ਫਿਕਰ ਸੀ ਕਿ ਜਾਣ-ਪਛਾਣ ਲਿਖਣੀ ਹੈ ਤਾਂ ਸੱਚੀਂ ਹੋਵੇ; ਐਵੇਂ ਇੱਧਰੋਂ-ਉਧਰੋਂ ਕੁਝ ਟੂਕਾਂ ਲੈ ਕੇ ਸਿਫ਼ਤਾਂ ਦਾ ਪੁਲੰਦਾ ਨਾ ਹੋਵੇ। ਮੈਨੂੰ ਨਹੀਂ ਸੀ ਲਗਦਾ ਕਿ ਮੇਰੀ ਇਹ ਕਰ ਸਕਣ ਦੀ ਤਿਆਰੀ ਸੀ। ਮੈਂ ਜਾਣਦੀ ਸੀ ਕਿ ਇਹ ਦਰਿਆ ਚੀਰ ਕੇ ਲੰਘਣ ਵਾਂਗ ਹੋਵੇਗਾ। ਆਨੰਦ ਨੇ ਕਿਹਾ ਕਿ ਉਹ ਉਡੀਕ ਲਵੇਗਾ, ਤੇ ਉਸ ਨੇ ਉਡੀਕਿਆ ਵੀ।
ਪਹਿਲਾਂ ਵੀ ਕਈ ਇਤਿਹਾਸਕਾਰਾਂ ਨੇ ਗਾਂਧੀ ਦੀ ਆਲੋਚਨਾ ਕੀਤੀ ਹੈ, ਪਰ ਹੋਰ ਕਾਰਨਾਂ ਕਰ ਕੇ। ਲਿਹਾਜ਼ਾ, ਮੈਂ ਨਹੀਂ ਸਮਝਦੀ ਕਿ ਇਸ ਪੱਖੋਂ ਇਹ ਕਰਨ ਵਾਲੀ ਸਿਰਫ਼ ਮੈਂ ਹੀ ਹਾਂ। ਬਹੁਤ ਸਾਰੇ ਦਲਿਤ ਅਤੇ ਦਲਿਤ ਵਿਦਵਾਨ ਦਹਾਕਿਆਂ ਤੋਂ ਗਾਂਧੀ ਅਤੇ ਗਾਂਧੀਵਾਦ ਦੀ ਤਿੱਖੀ ਆਲੋਚਨਾ ਕਰਦੇ ਆਏ ਹਨ। ਇਸ ਸੂਰਤ ‘ਚ, ਜੇ ਇਹ ਕਿਤਾਬ ਇਕ ਹੋਰ ਬਹਿਸ, ਇਕ ਸੱਚੀਂ ਬਹਿਸ ਛੇੜਦੀ ਹੈ ਤਾਂ ਇਹ ਚੰਗੀ ਚੀਜ਼ ਹੀ ਹੋਵੇਗੀ।
ਸਵਾਲ: ਜੋ ਵੈਂਡੀ ਡੌਨੀਗਰ ਦੀ ਕਿਤਾਬ ਨਾਲ ਵਾਪਰਿਆ, ਉਸ ਨੂੰ ਦੇਖਦਿਆਂ ਤੁਹਾਨੂੰ ਪ੍ਰੇਸ਼ਾਨੀ ਨਹੀਂ ਹੋਈ?
ਅਰੁੰਧਤੀ: ਨਹੀਂ, ਇਸ ਖ਼ਾਸ ਕਿਤਾਬ ਬਾਰੇ ਨਹੀਂ। ਇਹ ਡਾæ ਅੰਬੇਦਕਰ ਦੀ ਕਿਤਾਬ ਹੈ ਨਾ, ਪਰ ਇਹ ਸੱਚ ਹੈ ਕਿ ਅਸੀਂ ਜੋ ਸੋਚਦੇ ਹਾਂ, ਉਸ ਨੂੰ ਲਿਖਣ ਅਤੇ ਕਹਿਣ ਦੀ ਆਜ਼ਾਦੀ ਘਟ ਰਹੀ ਹੈ। 19ਵੀਂ ਸਦੀ ਵਿਚ ਗੁਸਤਾਖ਼ ਮਿਰਜ਼ਾ ਗ਼ਾਲਿਬ, ਇਸਲਾਮ ਨਾਲ ਆਪਣੇ ਰਿਸ਼ਤੇ ਬਾਰੇ ਜੋ ਕਹਿ ਸਕਦਾ ਸੀ, 1940ਵਿਆਂ ਵਿਚ ਸਆਦਤ ਹਸਨ ਮੰਟੋ ਮੁਲਾਣਿਆਂ ਬਾਰੇ ਜੋ ਕਹਿ ਸਕਦਾ ਸੀ, ਡਾæ ਅੰਬੇਦਕਰ ਜੋ ਕੁਝ 1930ਵਿਆਂ ਵਿਚ ਹਿੰਦੂਵਾਦ ਬਾਰੇ ਕਹਿ ਸਕਦਾ ਸੀ, ਜੋ ਨਹਿਰੂ ਜਾਂ ਜੈਪ੍ਰਕਾਸ਼ ਕਸ਼ਮੀਰ ਬਾਰੇ ਕਹਿ ਸਕਦੇ ਸਨ; ਅੱਜ ਸਾਡੇ ਵਿਚੋਂ ਕੋਈ ਵੀ ਆਪਣੀਆਂ ਜਾਨਾਂ ਜੋਖ਼ਮ ਵਿਚ ਪਾਏ ਬਗ਼ੈਰ ਨਹੀਂ ਕਹਿ ਸਕਦਾ। Ḕਜਾਤਪਾਤ ਦਾ ਬੀਜ ਨਾਸ਼’ ਛਪਣ ਤੋਂ ਪਿੱਛੋਂ ਗਾਂਧੀ ਅਤੇ ਡਾæ ਅੰਬੇਦਕਰ ਦਰਮਿਆਨ ਦਲੀਲਬਾਜ਼ੀ ਦੋ ਅਸਾਧਾਰਨ ਹਸਤੀਆਂ ਦਰਮਿਆਨ ਸਖ਼ਤ, ਤਿੱਖੀ ਬਹਿਸ ਸੀ- ਉਹ ਸੱਚੀਂ ਬਹਿਸ ਤੋਂ ਡਰਦੇ ਨਹੀਂ ਸਨ। ਅੱਜ ਦੇ ਕੱਟੜਪੰਥੀਆਂ ਜੋ ਕਿਤਾਬਾਂ ‘ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੇ ਹਨ, ਦੇ ਉਲਟ ਗਾਂਧੀ ਚਾਹੁੰਦਾ ਸੀ ਕਿ ਲੋਕ ਇਸ ਨੂੰ ਪੜ੍ਹਨ, ਜਿਸ ਦੇ ਮਜ਼ਮੂਨ ਨਾਲ ਉਹ ਸਹਿਮਤ ਨਹੀਂ ਸੀ। ਉਸ ਨੇ ਕਿਹਾ, “ਕੋਈ ਸੁਧਾਰਕ ਤਕਰੀਰ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦਾæææ। ਇਸ ਨੂੰ ਇਸ ਕਰ ਕੇ ਪੜ੍ਹਨਾ ਹੋਵੇਗਾ ਕਿਉਂਕਿ ਇਹ ਗੰਭੀਰ ਇਤਰਾਜ਼ਾਂ ਨੂੰ ਸੱਦਾ ਦਿੰਦੀ ਹੈ। ਡਾæ ਅੰਬੇਦਕਰ ਹਿੰਦੂਵਾਦ ਲਈ ਵੰਗਾਰ ਹੈ।”
ਸਵਾਲ: ਤੁਹਾਡੀ ਜਾਣ-ਪਛਾਣ ਮੀਡੀਆ ਸਮੇਤ ਸਥਾਪਤੀ ਵਿਚ ਰਵਾਇਤੀ ਉੱਚੀਆਂ ਜਾਤਾਂ ਦੇ ਸਰਵ-ਵਿਆਪਕ ਗ਼ਲਬੇ ਦੀ ਜ਼ਬਰਦਸਤ ਆਲੋਚਨਾ ਨਾਲ ਸ਼ੁਰੂ ਹੁੰਦੀ ਹੈ। ਤੇ ਤੁਸੀਂ ਕਹਿੰਦੇ ਹੋ ਕਿ ਪੂਰੀ ਸਿਆਸੀ ਸਥਾਪਤੀ (ਰਾਜ ਸੱਤਾ) ਵਿਚ Ḕਦੇਖ ਕੇ ਅਣਡਿੱਠ ਕਰਨ ਦਾ ਪ੍ਰੋਜੈਕਟ’ ਚਲਿਆ ਆ ਰਿਹਾ ਹੈ। ਕੀ ਤੁਸੀਂ ਇਹ ਨਹੀਂ ਸੋਚਦੇ ਕਿ ਮੰਡਲ ਕਮਿਸ਼ਨ ਤੋਂ ਪਿੱਛੋਂ ਸਮਕਾਲੀ ਹਿੰਦੁਸਤਾਨ ਦੀਆਂ ਹਕੀਕਤਾਂ ਨੇ ਸੱਚੀਂ ਹੀ ਜਾਤਪਾਤ ਨੂੰ ਕੁਲ ਸਿਆਸਤ ਦਾ ਮੂਲ ਆਧਾਰ ਬਣਾ ਦਿੱਤਾ ਹੈ?
ਅਰੁੰਧਤੀ: ਜਦੋਂ ਤੁਸੀਂ ਹਿੰਦੁਸਤਾਨ ਨੂੰ ਜਾਤਪਾਤ ਦੀ ਪ੍ਰਿਜ਼ਮ ਰਾਹੀਂ ਦੇਖਦੇ ਹੋ; ਇਹ ਦੇਖਦੇ ਹੋ ਕਿ ਧਨ ਉਪਰ ਕਿਸ ਦਾ ਕਬਜ਼ਾ ਹੈ; ਕਾਰਪੋਰੇਸ਼ਨਾਂ ਦਾ ਮਾਲਕ ਕੌਣ ਹੈ; ਧੜਵੈਲ ਮੀਡੀਆ ਦਾ ਮਾਲਕ ਕੌਣ ਹੈ; ਨਿਆਂਪਾਲਿਕਾ, ਨੌਕਰਸ਼ਾਹੀ ਵਿਚ ਕੌਣ ਲੋਕ ਹਨ; ਜ਼ਮੀਨ ਦੇ ਮਾਲਕ ਕੌਣ ਹਨ, ਕੌਣ ਮਾਲਕ ਨਹੀਂ ਹਨ ਤਾਂ ਸਮਕਾਲੀ ਹਿੰਦੁਸਤਾਨ ਚਾਣਚੱਕ ਸਿਰੇ ਦਾ ਗ਼ੈਰ-ਸਮਕਾਲੀ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਮੰਡਲ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਬਹੁਤ ਪਹਿਲਾਂ ਤੋਂ ਲੈ ਕੇ ਜਾਤਪਾਤ ਸਮੁੱਚੇ ਹਿੰਦੁਸਤਾਨੀ ਸਮਾਜ ਨੂੰ ਚਲਾਉਣ ਵਾਲਾ ਇੰਜਣ ਰਿਹਾ ਹੈ, ਇਕੱਲੇ ਹਿੰਦੂ ਸਮਾਜ ਨੂੰ ਨਹੀਂ। ਡਾਕਟਰ ਅਤੇ ਮਹਾਤਮਾ ਦੇ ਲੰਮੇ ਹਿੱਸੇ ਵਿਚ ਇਹ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ 19ਵੀਂ ਸਦੀ ਦੇ ਅਖ਼ੀਰ ਵਿਚ, ਜਦੋਂ Ḕਸਲਤਨਤ’ ਦਾ ਖ਼ਿਆਲ Ḕਕੌਮ’ ਦੇ ਖ਼ਿਆਲ ਵਿਚ ਬਦਲਣਾ ਸ਼ੁਰੂ ਹੋ ਗਿਆ, ਜਦੋਂ ਰਾਜ-ਪ੍ਰਸ਼ਾਸਨ ਅਤੇ Ḕਨੁਮਾਇੰਦਗੀ’ ਦੇ ਨਵੇਂ ਖ਼ਿਆਲ ਸਾਡੀਆਂ ਬਰੂਹਾਂ ‘ਤੇ ਆਣ ਢੁੱਕੇ, ਇਨ੍ਹਾਂ ਦੀ ਆਮਦ ਨਾਲ ਆਬਾਦੀ ਅਤੇ ਗਿਣਤੀ ਬਾਰੇ ਬੇਥਾਹ ਚਿੰਤਾ ਕੀਤੀ ਜਾਣੀ ਸ਼ੁਰੂ ਹੋ ਗਈ। ਇਸ ਤੋਂ ਸਦੀਆਂ ਪਹਿਲਾਂ, ਦਬਾਈਆਂ ਗਈਆਂ ਜਾਤਾਂ ਨਾਲ ਸਬੰਧਤ ਦਹਿ-ਲੱਖਾਂ ਲੋਕ, ਜਿਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਮਾਣਦੀਆਂ ਜਾਤਾਂ ਨੇ ਹਜ਼ਾਰਾਂ ਸਾਲਾਂ ਤੋਂ ਸਮਾਜ ਵਿਚੋਂ ਛੇਕਿਆ ਹੋਇਆ ਸੀ, ਜਾਤਪਾਤ ਦੇ ਦਾਗ਼ ਤੋਂ ਬਚਣ ਲਈ ਪਹਿਲਾਂ ਇਸਲਾਮ ਧਾਰਨ ਕਰਦੇ ਰਹੇ, ਅਤੇ ਫਿਰ ਸਿੱਖ ਅਤੇ ਈਸਾਈ ਧਰਮ ਅਪਨਾਉਂਦੇ ਰਹੇ ਸਨ; ਪਰ ਅਚਾਨਕ ਗਿਣਤੀ ਦੀ ਅਹਿਮੀਅਤ ਬਣਨੀ ਸ਼ੁਰੂ ਹੋ ਗਈ। ਅੰਕਾਂ ਦੀ ਖੇਡ ਵਿਚ ਪੰਜ ਕਰੋੜ ਦੇ ਕਰੀਬ Ḕਅਛੂਤ’ ਅਹਿਮ ਅਖ਼ਤਿਆਰ ਕਰ ਗਏ। ਧਰਮ-ਬਦਲੀ ਨੂੰ ਠੱਲ੍ਹ ਪਾਉਣ ਲਈ, ਹਿੰਦੂ ਸੁਧਾਰਵਾਦੀ ਧੜਿਆਂ ਦੇ ਜਮਘਟੇ ਨੇ ਉਨ੍ਹਾਂ ਨੂੰ ਆਪਣੇ ਧਰਮ ਵਿਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ। ਆਰੀਆ ਸਮਾਜ ਨੇ -Ḕਭਿੱਟ ਹੋਇਆਂ ਦੀ ਭਿੱਟ ਲਾਹੁਣ ਲਈ’- ਅਛੂਤਾਂ ਅਤੇ ਆਦਿਵਾਸੀਆਂ ਨੂੰ ਦੁਬਾਰਾ Ḕਹਿੰਦੂ ਘੇਰੇ’ ਵਿਚ ਲਿਆਉਣ ਤੇ ਉਨ੍ਹਾਂ ਨੂੰ ਭਰਮਾਉਣ ਦੇ ਮਨੋਰਥ ਨਾਲ ਸ਼ੁੱਧੀ ਲਹਿਰ ਵਿੱਢ ਦਿੱਤੀ। ਇਸ ਦਾ ਇਕ ਰੂਪ ਅੱਜ ਵੀ ਜਾਰੀ ਹੈ।
ਸਵਾਲ: ਤੁਸੀਂ ਇਸ ਨੂੰ Ḕਦੇਖ ਕੇ ਅਣਡਿੱਠ ਕਰਨ ਦਾ ਪ੍ਰੋਜੈਕਟ’ ਕਿਵੇਂ ਕਹਿ ਸਕਦੇ ਹੋ?
ਅਰੁੰਧਤੀ: ਮੈਂ ਜਿਸ Ḕਦੇਖ ਕੇ ਅਣਡਿੱਠ ਕਰਨ ਦੇ ਪ੍ਰੋਜੈਕਟ’ ਬਾਰੇ ਲਿਖਿਆ ਹੈ, ਉਹ ਹੋਰ ਚੀਜ਼ ਹੈ। ਇਹ ਉਨ੍ਹਾਂ ਢੰਗ-ਤਰੀਕਿਆਂ ਬਾਰੇ ਹੈ ਜਿਨ੍ਹਾਂ ਰਾਹੀਂ ਬਾ-ਰਸੂਖ਼ ਹਿੰਦੁਸਤਾਨੀ ਬੁੱਧੀਜੀਵੀਆਂ, ਖ਼ਾਸ ਕਰ ਕੇ ਖੱਬੀ ਧਿਰ ਵਾਲਿਆਂ ਨੇ ਜਾਤਪਾਤ ਨੂੰ ਅਦਿੱਖ ਬਣਾਇਆ ਹੋਇਆ ਹੈ, ਜਿਨ੍ਹਾਂ ਲਈ ਜਾਤਪਾਤ ਫੁੱਟ ਨੋਟ ਜਿਹਾ ਮਹੱਤਵਹੀਣ ਵਰਤਾਰਾ ਹੈ- ਜਮਾਤ ਤਕ ਸੁੰਗੇੜ ਦੇਣ ਵਾਲੇ ਮਾਰਕਸਵਾਦੀ ਜਮਾਤੀ ਵਿਸ਼ਲੇਸ਼ਣ ਨਾਲ ਜੋੜੀ ਗਈ ਬੇਤੁਕੀ, ਬੇਅਰਾਮ ਕਰਨ ਵਾਲੀ ਚੀਜ਼। ਇਹ ਕਹਿਣਾ ਚੰਗਾ ਅਤੇ ਅਗਾਂਹਵਧੂ ਲਗਦਾ ਹੈ ਕਿ Ḕਸਾਡਾ ਜਾਤਪਾਤ ਵਿਚ ਵਿਸ਼ਵਾਸ ਨਹੀਂ ਹੈ’; ਪਰ ਜਾਂ ਤਾਂ ਇਹ ਟਾਲਾ ਵੱਟਣ ਦੀ ਕਾਰਵਾਈ ਹੈ, ਜਾਂ ਫਿਰ ਇਹ ਅਜਿਹੀ ਖ਼ਾਸ ਅਧਿਕਾਰ ਮਾਣਦੀ ਹੈਸੀਅਤ ਦੀ ਹਾਲਤ ਵਿਚੋਂ ਕਿਹਾ ਜਾਂਦਾ ਹੈ ਜਿਥੇ ਜਾਤਪਾਤ ਦਾ ਸਾਹਮਣਾ ਹੀ ਨਹੀਂ ਕਰਨਾ ਪੈਂਦਾ। Ḕਦੇਖ ਕੇ ਅਣਡਿੱਠ ਕਰਨ ਦਾ ਪ੍ਰੋਜੈਕਟ’ ਤਕਰੀਬਨ ਸਾਡੇ ਕੁਲ ਸਭਿਆਚਾਰਕ ਦਸਤੂਰ ਵਿਚ ਮੌਜੂਦ ਹੈ- ਬਾਲੀਵੁੱਡ ਨੂੰ ਹੀ ਲੈ ਲਓ- ਇਸ ਨੇ ਇਹ ਮਸਲਾ ਛੋਹਿਆ? ਕਦੇ ਵੀ ਨਹੀਂ। ਅਨਿਆਂ ਅਤੇ ਪਛਾਣ, ਨਵ-ਉਦਾਰਵਾਦ ਦੇ ਭੈੜਾਂ ਬਾਰੇ ਲਿਖਣ ਵਾਲੇ ਕਿੰਨੇ ਕੁ ਜਣੇ, ਜਾਤਪਾਤ ਦੇ ਮੁੱਦੇ ਨੂੰ ਮੁਖ਼ਾਤਬ ਹੁੰਦੇ ਹਨ? ਇੱਥੋਂ ਤਕ ਕਿ ਸਾਡੀਆਂ ਕੁਝ ਸਭ ਤੋਂ ਖਾੜਕੂ ਅਵਾਮੀ ਤਹਿਰੀਕਾਂ ਵੀ ਜਾਤਪਾਤ ਤੋਂ ਕੰਨੀ ਕਤਰਾਉਂਦੀਆਂ ਹਨ।
ਜੋ ਦਲਿਤ 2001 ਦੇ ਡਰਬਨ ਵਿਚ ਨਸਲਵਾਦ ਦੇ ਖ਼ਿਲਾਫ਼ ਆਲਮੀ ਸੰਮੇਲਨ ਵਿਖੇ ਨੁਮਾਇੰਦਗੀ ਕਰਨਾ ਚਾਹੁੰਦੇ ਸਨ, ਉਨ੍ਹਾਂ ਪ੍ਰਤੀ ਹਿੰਦੁਸਤਾਨੀ ਹਕੂਮਤ ਦਾ ਅਵੈੜਾ ਪ੍ਰਤੀਕਰਮ Ḕਦੇਖ ਕੇ ਅਣਡਿੱਠ ਕਰਨ ਦੇ ਪ੍ਰੋਜੈਕਟ’ ਦਾ ਹੀ ਹਿੱਸਾ ਸੀ। ਇਵੇਂ ਹੀ, ਹਿੰਦੁਸਤਾਨ ਦੀ ਮਰਦਮ-ਸ਼ੁਮਾਰੀ, ਅੰਕੜੇ ਇਕੱਠੇ ਕਰਦੇ ਵਕਤ ਜਾਤਪਾਤ ਨੂੰ ਪੂਰੀ ਤਰ੍ਹਾਂ ਛੱਡ ਦਿੰਦੀ ਹੈ। ਜੋ ਕੁਝ ਹੋ ਰਿਹਾ ਹੈ, ਉਸ ਬਾਬਤ ਸਾਨੂੰ ਸਾਰਿਆਂ ਨੂੰ ਹਨੇਰੇ ਵਿਚ ਰੱਖਦੀ ਹੈ- ਇਹ ਦਲਿਤਾਂ ਤੋਂ ਉਨ੍ਹਾਂ ਦੇ ਵਸੀਲੇ ਖੋਹਣ ਅਤੇ ਉਨ੍ਹਾਂ ਦੇ ਖ਼ਿਲਾਫ਼ ਹਿੰਸਾ ਦਾ ਪੱਧਰ Ḕਦੇਖ ਕੇ ਅਣਡਿੱਠ ਕਰਨ ਦੇ ਪ੍ਰੋਜੈਕਟ’ ਦਾ ਹਿੱਸਾ ਹੈ। ਇਹ ਗੱਲ ਸੋਚਣ ਵਾਲੀ ਹੈ- 1919 ਵਿਚ, ਜਿਸ ਨੂੰ ਅਮਰੀਕਾ ਵਿਚ Ḕਲਾਲ ਹੁਨਾਲ’ ਕਿਹਾ ਜਾਣ ਲੱਗਿਆ- ਉਸ ਵਿਚ ਲਗਭਗ 165 ਕਾਲੇ ਲੋਕ ਮਾਰੇ ਗਏ ਸਨ। ਤਕਰੀਬਨ ਇਕ ਸਦੀ ਪਿੱਛੋਂ ਸਰਕਾਰੀ ਅੰਕੜਿਆਂ ਅਨੁਸਾਰ ਹਿੰਦੁਸਤਾਨ ਵਿਚ 2012 ਵਿਚ- ਜਿਸ ਸਾਲ ਦਿੱਲੀ ਵਿਚ ਸਮੂਹਕ ਜਬਰ-ਜਨਾਹ ਅਤੇ ਕਤਲ ਕਾਂਡ ਵਾਪਰਿਆ- 1574 ਦਲਿਤ ਔਰਤਾਂ ਨਾਲ ਜਬਰ-ਜਨਾਹ ਕੀਤੇ ਗਏ ਸਨ, ਤੇ 651 ਦਲਿਤਾਂ ਦੇ ਕਤਲ ਹੋਏ ਸਨ। ਇਹ ਦਲਿਤਾਂ ਵਿਰੁਧ ਕੀਤੇ ਮਹਿਜ਼ ਫ਼ੌਜਦਾਰੀ ਜੁਰਮ ਹਨ। ਦਲਿਤ ਕਰੋੜਪਤੀਆਂ ਦਾ ਇਕ ਟੋਲਾ ਉਭਰਨ ਦੇ ਬਾਵਜੂਦ, ਆਰਥਿਕ ਹਮਲਾ ਇਸ ਤੋਂ ਬਿਲਕੁਲ ਹੀ ਵੱਖਰਾ ਮਾਮਲਾ ਹੈ।
ਸਵਾਲ: ਤੁਸੀਂ ਕਹਿੰਦੇ ਹੋ ਕਿ ਹਿੰਦੁਸਤਾਨ ਵਿਚ ਜਾਤਪਾਤ, Ḕਮਨੁੱਖੀ ਸਮਾਜ ਦਰਜੇਬੰਦੀ ਵਾਲੀ ਸਮਾਜੀ ਜਥੇਬੰਦੀ ਦੇ ਜਿਨ੍ਹਾਂ ਸਭ ਤੋਂ ਵਹਿਸ਼ੀ ਢੰਗਾਂ ਬਾਰੇ ਜਾਣਦਾ ਹੈ ਜਾਤ ਉਨ੍ਹਾਂ ਵਿਚੋਂ ਇਕ ਹੈ’, ਇਹ ਇਸ ਕਰ ਕੇ ਨਜ਼ਰ ਨਹੀਂ ਆਉਂਦੀ ਕਿਉਂਕਿ ਇਹ ਹਿੰਦੂਵਾਦ ਨਾਲ, ਅਤੇ ਉਸ ਸਭ ਕਾਸੇ ਨਾਲ ਬਹੁਤ ਜ਼ਿਆਦਾ ਇਕਮਿਕ ਹੈ ਜਿਸ ਨੂੰ ਦਿਆਲੂ ਅਤੇ ਚੰਗਾ ਮੰਨਿਆ ਜਾਂਦਾ ਹੈ; ਰੂਹਾਨੀਅਤ, ਅਹਿੰਸਾ, ਸਹਿਣਸ਼ੀਲਤਾ, ਮਾਸ ਨਾ ਖਾਣਾ, ਗਾਂਧੀ, ਯੋਗ, ਘੁਮੱਕੜਪੁਣਾ, ਸੰਗੀਤ-ਮੰਡਲੀਆਂ। ਘੱਟੋਘੱਟ, ਬਾਹਰਲਿਆਂ ਲਈ ਇਸ ਦੀ ਟੋਹ ਲਾਉਣਾ ਅਤੇ ਇਸ ਨੂੰ ਸਮਝਣਾ ਅਸੰਭਵ ਲਗਦਾ ਹੈ। ਤੁਸੀਂ ਦਲੀਲ ਦਿੰਦੇ ਹੋ ਕਿ ਜਾਤਪਾਤ ਨਸਲੀ ਵਿਤਕਰੇ ਅਤੇ ਰੰਗ-ਭੇਦ ਦੇ ਬਰਾਬਰ ਹੈ ਪਰ ਇਸ ਨੂੰ ਇਉਂ ਨਹੀਂ ਲਿਆ ਜਾਂਦਾ। ਕਈ ਦਲੀਲ ਦੇਣਗੇ ਕਿ ਚੋਣਵਾਦੀ ਸਿਆਸਤ ਅਤੇ ਰਾਖਵਾਂਕਰਨ ਇਤਿਹਾਸਕ ਅਨਿਆਂ ਨਾਲ ਨਜਿੱਠਣ ਲਈ ਕਾਫ਼ੀ ਹਨ ਪਰ ਹੁਣੇ ਜਿਹੇ ਕਾਂਗਰਸ ਦੇ ਸੀਨੀਅਰ ਆਗੂ ਜਨਾਰਧਨ ਦਿਵੇਦੀ ਨੇ ਕਿਹਾ ਕਿ ਰਾਖਵਾਂਕਰਨ ਬੰਦ ਹੋਣਾ ਚਾਹੀਦਾ ਹੈ।
ਅਰੁੰਧਤੀ ਰਾਏ: ਇਉਂ ਕਹਿਣਾ ਕਹਿਰਵਾਨ ਹੈ। ਰਾਖਵਾਂਕਰਨ ਬਹੁਤ ਅਹਿਮ ਹੈ, ਤੇ ਮੈਂ ਇਸ ਬਾਰੇ ਵਿਸਤਾਰ Ḕਚ ਲਿਖਿਆ ਹੈ। ਰਾਖਵੇਂਕਰਨ ਦੀ ਨੀਤੀ ਦੇ ਕਾਬਲ ਹੋਣ ਲਈ ਦਲਿਤ ਨੂੰ ਹਾਈ ਸਕੂਲ ਤਕ ਪੜ੍ਹਾਈ ਕਰਨੀ ਪੈਂਦੀ ਹੈ। ਸਰਕਾਰੀ ਅੰਕੜੇ ਕਹਿੰਦੇ ਹਨ ਕਿ 70 ਫ਼ੀਸਦੀ ਤੋਂ ਉਪਰ ਸੂਚੀਦਰਜ ਜਾਤਾਂ ਦੇ ਵਿਦਿਆਰਥੀ ਦਸਵੀਂ ਤਕ ਪੜ੍ਹਾਈ ਕਰਨ ਤੋਂ ਪਹਿਲਾਂ ਹੀ ਪੜ੍ਹਨਾ ਛੱਡ ਜਾਂਦੇ ਹਨ। ਭਾਵ, ਸਭ ਤੋਂ ਹੇਠਲੀਆਂ ਸਰਕਾਰੀ ਨੌਕਰੀਆਂ ਲਈ ਵੀ ਚਾਰ ਦਲਿਤਾਂ ਵਿਚੋਂ ਸਿਰਫ਼ ਇਕ ਹੀ ਯੋਗਤਾ ਪੂਰੀ ਕਰਦਾ ਹੈ। ਚਿੱਟ-ਕਾਲਰੀ ਨੌਕਰੀ ਲਈ ਘੱਟੋਘੱਟ ਯੋਗਤਾ ਬੀæਏæ ਦੀ ਡਿਗਰੀ ਹੈ। 2 ਫ਼ੀਸਦੀ ਤੋਂ ਥੋੜ੍ਹਾ ਜਿਹਾ ਵੱਧ ਦਲਿਤ ਹੀ ਬੀæਏæ ਪਾਸ ਹਨ। ਅਸਲ ਵਿਚ ਇਹ ਐਨੀ ਥੋੜ੍ਹੀ ਤਦਾਦ Ḕਤੇ ਲਾਗੂ ਹੁੰਦੀ ਹੈ, ਪਰ ਰਾਖਵੇਂਕਰਨ ਦੀ ਨੀਤੀ ਦਾ ਮਤਲਬ ਹੈ ਕਿ ਘੱਟੋਘੱਟ ਸੱਤਾ ਦੀਆਂ ਸਫ਼ਾਂ ਵਿਚ ਦਲਿਤਾਂ ਦੀ ਕੁਝ ਨੁਮਾਇੰਦਗੀ ਹੋ ਜਾਂਦੀ ਹੈ। ਡਾæ ਅੰਬੇਦਕਰ ਨੂੰ ਲੈ ਲਓ ਜਿਸ ਨੂੰ ਚੰਗੇ ਭਾਗੀਂ ਕੋਲੰਬੀਆ ਵਿਚ ਤਾਲੀਮ ਲੈਣ ਲਈ ਵਜ਼ੀਫ਼ਾ ਮਿਲ ਗਿਆ। ਰਾਖਵੇਂਕਰਨ ਦੀ ਬਦੌਲਤ ਦਲਿਤ ਹੁਣ ਵਕੀਲ, ਡਾਕਟਰ, ਵਿਦਵਾਨ ਅਤੇ ਸਿਵਲ ਮੁਲਾਜ਼ਮ ਹਨ ਪਰ ਮੌਕਿਆਂ ਦੀ ਇਸ ਨਿੱਕੀ ਜਿਹੀ ਗੁੰਜਾਇਸ਼ Ḕਤੇ ਵੀ ਇਤਰਾਜ਼ ਹੈ ਅਤੇ ਇਹ ਵਿਸ਼ੇਸ਼ ਅਧਿਕਾਰ ਮਾਣਦੇ ਹਿੱਸਿਆਂ ਦੇ ਹਮਲੇ ਦੀ ਮਾਰ ਹੇਠ ਹੈ। ਸਰਕਾਰੀ ਅਦਾਰਿਆਂ, ਨਿਆਂਪ੍ਰਣਾਲੀ, ਨੌਕਰਸ਼ਾਹੀ ਅਤੇ ਇੱਥੋਂ ਤਕ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਜਿਨ੍ਹਾਂ ਨੂੰ ਅਗਾਂਹਵਧੂ ਸਮਝਿਆ ਜਾਂਦਾ ਹੈ, ਦੀ ਰਾਖਵੇਂਕਰਨ ਨੂੰ ਲਾਗੂ ਕਰਨ ਦੀ ਕਾਰਗੁਜ਼ਾਰੀ ਬੜੀ ਭਿਆਨਕ ਹੈ। ਸਿਰਫ ਇਕ ਸਰਕਾਰੀ ਵਿਭਾਗ ਹੈ ਜਿਸ ਵਿਚ 6 ਜਣੇ ਹੋਣ ਕਾਰਨ ਦਲਿਤਾਂ ਦੀ ਤਦਾਦ ਨੁਮਾਇੰਦਗੀ ਤੋਂ ਵੱਧ ਹੈ।
ਨਗਰ ਪਾਲਿਕਾਵਾਂ ਦੇ 90 ਫ਼ੀਸਦੀ ਸਫ਼ਾਈ ਕਰਮਚਾਰੀ ਦਲਿਤ ਹਨ, ਉਹ ਲੋਕ ਜੋ ਸੜਕਾਂ ਸਾਫ਼ ਕਰਦੇ ਹਨ, ਜੋ ਸੀਵਰਾਂ ਦੇ ਮੈਨਹੋਲਾਂ ਵਿਚ ਵੜ ਕੇ ਤੇ ਸੀਵਰ ਸਾਫ਼ ਕਰਨ ਲਈ ਆਪਣੀਆਂ ਜਾਨਾਂ ਦਾਅ Ḕਤੇ ਲਾਉਂਦੇ ਹਨ, ਜੋ ਪਖ਼ਾਨੇ ਸਾਫ਼ ਕਰਦੇ ਹਨ ਅਤੇ ਜਿਨ੍ਹਾਂ ਨੂੰ ਗੰਦੇ ਕੰਮ ਕਰਨੇ ਪੈਂਦੇ ਹਨ। ਹੁਣ ਤਾਂ ਇਹ ਖੇਤਰ ਵੀ ਨਿੱਜੀਕਰਨ ਲਈ ਖੋਲ੍ਹ ਦਿੱਤਾ ਗਿਆ ਹੈ। ਭਾਵ, ਪ੍ਰਾਈਵੇਟ ਕੰਪਨੀਆਂ ਆਰਜ਼ੀ ਆਧਾਰ Ḕਤੇ ਅਗਾਂਹ ਤੋਂ ਅਗਾਂਹ ਦਲਿਤਾਂ ਨੂੰ ਘੱਟ ਤਨਖ਼ਾਹ ਉਤੇ ਅਤੇ ਪੱਕੀ ਨੌਕਰੀ ਦੀ ਗਾਰੰਟੀ ਤੋਂ ਬਿਨਾਂ ਠੇਕੇ ਉਪਰ ਰੱਖਿਆ ਕਰਨਗੀਆਂ। ਬੇਸ਼ਕ ਇਹ ਸਮੱਸਿਆ ਹੈ ਕਿ ਲੋਕ ਜਾਅਲੀ ਸਰਟੀਫੀਕੇਟ ਬਣਾ ਲੈਂਦੇ ਹਨ ਜਿਸ ਨੂੰ ਮੁਖ਼ਾਤਬ ਹੋਣ ਦੀ ਲੋੜ ਹੈ; ਪਰ ਇਸ ਨੂੰ ਬਹਾਨਾ ਬਣਾ ਕੇ ਇਹ ਕਹਿਣਾ ਕਿ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ, ਹਾਸੋਹੀਣੀ ਗੱਲ ਹੈ।
ਸਵਾਲ: ਤੁਸੀਂ ਇਸ ਨਾਲ ਤਾਂ ਸਹਿਮਤ ਹੋਵੋਗੇ ਕਿ ਬਸਪਾ ਵਰਗੀਆਂ ਦਲਿਤ ਪਾਰਟੀਆਂ ਦਾ ਉਭਰਨਾ ਹਿੰਦੁਸਤਾਨੀ ਜਮਹੂਰੀਅਤ ਅੰਦਰ ਇਕ ਤਰ੍ਹਾਂ ਦਾ ਇਨਕਲਾਬ ਹੈ?
ਅਰੁੰਧਤੀ: ਦਲਿਤ ਸਿਆਸੀ ਪਾਰਟੀਆਂ ਦਾ ਉਭਾਰ ਅੱਖ-ਚੁੰਧਿਆਊ ਵਰਤਾਰਾ ਹੈ; ਪਰ ਸਾਡੀ ਚੋਣਵਾਦੀ ਸਿਆਸਤ, ਆਪਣੇ ਮੌਜੂਦਾ ਰੂਪ ਵਿਚ, ਸੱਚੀਂ ਹੀ ਇਨਕਲਾਬੀ ਨਹੀਂ ਹੋ ਸਕਦੀ। ਇਹ ਕਿਤਾਬ ਇਸ ਬਾਰੇ ਵਿਸਤਾਰ ਨਾਲ ਨਜਿੱਠਦੀ ਹੈ। 1931 Ḕਚ ਲੰਡਨ ਵਿਚ ਹੋਏ ਦੂਜੇ ਗੋਲਮੇਜ਼ ਸੰਮੇਲਨ ਵਿਖੇ ਗਾਂਧੀ ਨਾਲ ਡਾæ ਅੰਬੇਦਕਰ ਦੇ ਟਕਰਾਅ ਦਾ ਸਬੰਧ ਐਨ ਇਸੇ ਨੂੰ ਲੈ ਕੇ ਸੀ- ਦਲਿਤਾਂ ਦੀ ਅਤੇ ਦਲਿਤਾਂ ਲਈ ਸਿਆਸੀ ਨੁਮਾਇੰਦਗੀ ਦੇ ਸਵਾਲ ਬਾਰੇ ਉਨ੍ਹਾਂ ਦੇ ਵੱਖੋ-ਵੱਖਰੇ ਖ਼ਿਆਲ ਸਨ। ਡਾæ ਅੰਬੇਦਕਰ ਦਾ ਵਿਸ਼ਵਾਸ ਸੀ ਕਿ ਨੁਮਾਇੰਦਗੀ ਦਾ ਹੱਕ, ਬੁਨਿਆਦੀ ਹੱਕ ਸੀ। ਆਪਣੀ ਪੂਰੀ ਜ਼ਿੰਦਗੀ ਉਹ ਦਲਿਤਾਂ ਨੂੰ ਇਹ ਹੱਕ ਲੈ ਕੇ ਦੇਣ ਲਈ ਲੜਦਾ ਰਿਹਾ। Ḕਜੋ ਜਿੱਤ ਗਿਆ, ਉਹੀ ਸਿਕੰਦਰ’ ਦੀ ਚੋਣ ਵਿਧੀ ਬਾਰੇ ਉਸ ਨੇ ਵਿਸਤਾਰ ਵਿਚ ਸੋਚਿਆ ਤੇ ਲਿਖਿਆ। ਨਾਲ ਹੀ ਇਹ ਵੀ ਕਿ ਅਜਿਹੇ ਪ੍ਰਬੰਧ ਤਹਿਤ ਦਲਿਤ ਕਦੇ ਵੀ ਵਿਸ਼ੇਸ਼ ਅਧਿਕਾਰ ਮਾਣਦੀਆਂ ਜਾਤਾਂ ਦੇ ਗ਼ਲਬੇ ਹੇਠੋਂ ਨਹੀਂ ਨਿਕਲ ਸਕਣਗੇ, ਕਿਉਂਕਿ ਆਬਾਦੀ ਇਸ ਤਰ੍ਹਾਂ ਖਿੰਡੀ ਹੋਈ ਸੀ ਕਿ ਉਹ ਕਦੇ ਵੀ ਕਿਸੇ ਸਿਆਸੀ ਚੋਣ ਹਲਕੇ ਵਿਚ ਬਹੁਗਿਣਤੀ ਨਹੀਂ ਬਣ ਸਕਣਗੇ। ਗਾਂਧੀ ਜਿਸ ਨੇ ਮਿਸ਼ਨਰੀਆਂ ਵਾਲੇ ਉਤਸ਼ਾਹ ਨਾਲ ਅਛੂਤਾਂ ਵਿਚ ਕੰਮ ਕੀਤਾ, ਉਹ ਉਨ੍ਹਾਂ ਨੂੰ ਆਪਣੀ ਨੁਮਾਇੰਦਗੀ ਖ਼ੁਦ ਕਰਨ ਦੀ ਇਜਾਜ਼ਤ ਦੇਣ ਲਈ ਤਿਆਰ ਨਹੀਂ ਸੀ। ਜ਼ਾਹਰਾ ਤੌਰ Ḕਤੇ ਉਸ ਨੇ ਇਸ ਸੰਭਾਵਨਾ ਦੇ ਖ਼ਿਲਾਫ਼ ਕੰਮ ਕੀਤਾ। ਉਸ ਦਾ ਹਰੀਜਨ ਸੇਵਕ ਸੰਘ ਜਿਸ ਨੂੰ ਫੰਡ ਜੀæਡੀæ ਬਿਰਲਾ ਦਿੰਦਾ ਸੀ, ਜੋ ਮੰਦਰਾਂ ਵਿਚ ਦਾਖ਼ਲ ਹੋਣ ਦੀ ਲਹਿਰ ਦੀਆਂ ਮੂਹਰਲੀਆਂ ਸਫ਼ਾਂ ਵਿਚ ਸੀ, ਦੇ ਮੈਂਬਰ ਸਿਰਫ਼ ਵਿਸ਼ੇਸ਼ ਅਧਿਕਾਰ ਮਾਣਦੀਆਂ ਜਾਤਾਂ ਦੇ ਲੋਕ ਸਨ। ਗਾਂਧੀ ਨੇ ਅਹਿਮਦਾਬਾਦ ਵਿਚ ਜੋ ਮਹਾਜਨ ਮਜ਼ਦੂਰ ਸੰਘ ਨਾਂ ਦੀ ਮਿੱਲ ਮਜ਼ਦੂਰਾਂ ਦੀ ਯੂਨੀਅਨ ਬਣਾਈ, ਜਿਨ੍ਹਾਂ ਵਿਚੋਂ ਬਹੁਤ ਸਾਰੇ ਅਛੂਤ ਸਨ, ਉਸ ਵਿਚ ਵੀ ਉਨ੍ਹਾਂ ਨੂੰ ਅਹੁਦੇਦਾਰ ਬਣਨ ਦੀ ਇਜਾਜ਼ਤ ਨਹੀਂ ਸੀ। ਉਥੇ ਵੀ ਉਨ੍ਹਾਂ ਨੂੰ ਆਪਣੀ ਨੁਮਾਇੰਦਗੀ ਖ਼ੁਦ ਕਰਨ ਦੀ ਇਜਾਜ਼ਤ ਨਹੀਂ ਸੀ। 1931 Ḕਚ ਲੰਡਨ ਵਿਚ ਹੋਏ ਦੂਜੇ ਗੋਲਮੇਜ਼ ਸੰਮੇਲਨ ਵਿਖੇ ਗਾਂਧੀ ਨੇ ਕਿਹਾ, “ਮੈਂ ਆਪਣੀ ਤਰਫ਼ੋਂ ਅਛੂਤਾਂ ਦੀ ਵਿਸ਼ਾਲ ਬਹੁਗਿਣਤੀ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦਾ ਹਾਂ।” ਕਿਤਾਬ ਦੇ ਪਿਛਲੇ ਪਾਸੇ ਪੂਨਾ ਸਮਝੌਤੇ ਬਾਰੇ ਐਸ਼ ਆਨੰਦ ਦੀ ਜੋ ਟਿੱਪਣੀ ਦਿੱਤੀ ਗਈ ਹੈ, ਉਸ ਵਿਚ ਉਹ ਲਿਖਦਾ ਹੈ ਕਿ ਗਾਂਧੀ ਨੇ ਕਾਂਗਰਸ ਪਾਰਟੀ ਦੇ ਇਕ ਅਛੂਤ ਮੈਂਬਰ ਦੇ ਉਸ ਸਵਾਲ ਦਾ ਜਵਾਬ ਕਿਵੇਂ ਦਿੱਤਾ ਜਦੋਂ ਉਸ ਨੇ ਪੁੱਛਿਆ ਕਿ ਕੀ ਉਹ ਇਹ ਯਕੀਨੀ ਬਣਾਏਗਾ ਕਿ ਸਟੇਟ ਕੌਂਸਲਾਂ ਅਤੇ ਪੰਚਾਇਤ ਬੋਰਡਾਂ ਵਿਚ ਹਰੀਜਨਾਂ ਦੀ ਨੁਮਾਇੰਦਗੀ ਹੋਵੇ, ਤਾਂ ਗਾਂਧੀ ਦਾ ਜਵਾਬ ਸੀ, ਇਹ ਸਿਧਾਂਤ Ḕਖ਼ਤਰਨਾਕ’ ਹੈ।
ਗਾਂਧੀ ਨੇ ਇਸ ਵਿਚ ਵੱਡੀ ਭੂਮਿਕਾ ਨਿਭਾਈ ਕਿ ਡਾæ ਅੰਬੇਦਕਰ ਦਾ ਅਛੂਤਾਂ ਨੂੰ ਸਿਆਸੀ ਭਾਈਚਾਰੇ ਵਜੋਂ ਵਿਕਸਤ ਕਰਨ ਦਾ ਪ੍ਰੋਜੈਕਟ ਸਿਰੇ ਨਾ ਚੜ੍ਹੇ ਅਤੇ ਇਸ ਦਾ ਨੁਕਸਾਨ ਕੀਤਾ ਜਾਵੇ। ਡਾæ ਅੰਬੇਦਕਰ ਚਾਹੁੰਦਾ ਸੀ ਕਿ ਅਛੂਤ ਭਾਈਚਾਰਾ ਆਪਣੇ ਹੱਕਾਂ ਬਾਰੇ ਜਾਗਰੂਕ ਹੋਵੇ ਜੋ ਆਪਣੇ ਵਿਚੋਂ ਆਪਣੇ ਨੁਮਾਇੰਦੇ ਚੁਣਨ ਦੇ ਯੋਗ ਬਣੇ। ਅੱਜ ਵੀ ਦਲਿਤਾਂ ਨੂੰ ਇਸ ਦਾ ਮੁੱਲ ਤਾਰਨਾ ਪੈ ਰਿਹਾ ਹੈ। ਇਨ੍ਹਾਂ ਸਭ ਔਕੜਾਂ ਦੇ ਬਾਵਜੂਦ, ਯੂæਪੀæ ਵਿਚ ਬਹੁਜਨ ਸਮਾਜ ਪਾਰਟੀ ਉਭਰੀ ਹੈ; ਪਰ ਉਥੇ ਵੀ ਕਾਂਸ਼ੀਰਾਮ ਨੂੰ, ਤੇ ਫਿਰ ਮਾਇਆਵਤੀ ਨੂੰ ਕਾਮਯਾਬ ਹੋਣ ਲਈ ਅੱਧੀ ਸਦੀ ਤੋਂ ਵੱਧ ਵਕਤ ਲੱਗਿਆ। ਇਹ ਫ਼ਤਿਹ ਹਾਸਲ ਕਰਨ ਲਈ ਕਾਂਸ਼ੀਰਾਮ ਨੇ ਹੋਰ ਅਧੀਨ ਜਾਤਾਂ ਨਾਲ ਗੱਠਜੋੜ ਬਣਾਉਂਦੇ ਹੋਏ ਸਾਲਾਂਬੱਧੀ ਕਰੜੀ ਮਿਹਨਤ ਕੀਤੀ। ਬੀæਐਸ਼ਪੀæ ਨੂੰ ਉਤਰ ਪ੍ਰਦੇਸ਼ ਦੀ ਨਿਆਰੀ ਅਬਾਦੀ ਅਤੇ ਕਈ ਹੋਰ ਪੱਛੜੀਆਂ ਸ਼੍ਰੇਣੀਆਂ ਦੀ ਹਮਾਇਤ ਲੋੜੀਂਦੀ ਸੀ ਪਰ ਜੇ ਇਸ ਨੇ ਸਿਆਸੀ ਪਾਰਟੀ ਵਜੋਂ ਉਭਰਨਾ ਹੈ ਤਾਂ ਇਸ ਨੂੰ ਐਸੇ ਗੱਠਜੋੜ ਬਣਾਉਣੇ ਪੈਣਗੇ ਜੋ ਇਸ ਦੀ ਸਿਆਸੀ ਧੁਸ ਨੂੰ ਪੇਤਲਾ ਪਾ ਦੇਣਗੇ। ਇਕ ਆਮ ਸੀਟ ਤੋਂ, ਇੱਥੋਂ ਤਕ ਕਿ ਯੂæਪੀæ ਵਿਚ ਵੀ, ਚੋਣ ਜਿੱਤਣੀ ਕਿਸੇ ਦਲਿਤ ਉਮੀਦਵਾਰ ਲਈ ਲਗਭਗ ਅਸੰਭਵ ਬਣੀ ਹੋਈ ਹੈ।
ਸਵਾਲ: ਤੁਸੀਂ ਜੋ ਉਸ ਤੌਰ-ਤਰੀਕੇ ਦਾ ਵੇਰਵਾ ਦਿੱਤਾ ਹੈ ਜਿਸ ਵਿਚ ਕਮਿਊਨਲ ਐਵਾਰਡ ਦੇ ਮੁੱਦੇ ਬਾਰੇ ਗਾਂਧੀ ਡਾæ ਅੰਬੇਦਕਰ ਉਪਰ ਹਾਵੀ ਰਿਹਾ, ਜਿਸ ਵਿਚ ਅੰਗਰੇਜ਼ਾਂ ਨੇ ਅਛੂਤਾਂ ਲਈ ਵੱਖਰੇ ਚੋਣ ਹਲਕੇ ਬਣਾ ਦਿੱਤੇ, ਉਹ ਧੂਹ-ਪਾਊ ਹੈ- ਇਹ ਬਿਰਤਾਂਤ ਕਿ ਕਿਵੇਂ 1932 ਵਿਚ ਡਾæ ਅੰਬੇਦਕਰ ਨੂੰ ਆਪਣਾ ਖ਼ਵਾਬ ਤਿਆਗਣਾ ਪਿਆ ਅਤੇ ਪੂਨਾ ਸਮਝੌਤੇ ‘ਤੇ ਦਸਤਖ਼ਤ ਕਰਨੇ ਪਏ; ਪਰ ਵੱਖਰੇ ਚੋਣ ਹਲਕਿਆਂ ਦੇ ਮੁੱਦੇ ਬਾਰੇ ਮੇਰਾ ਇਕ ਸਵਾਲ ਹੈ। ਕਈ ਇਤਿਹਾਸਕਾਰ ਦਲੀਲ ਦਿੰਦੇ ਹਨ ਕਿ ਇਹ ਵਿਚਾਰ ਸੱਚੀਂ ਹੀ ਪੁਆੜੇ ਦੀ ਜੜ੍ਹ ਸੀ ਜਿਸ ਦੇ ਸਿੱਟੇ ਵਜੋਂ ਮੁਲਕ ਦੀ ਵੰਡ ਹੋ ਜਾਵੇਗੀ, ਤੇ ਕਈ ਵੱਖਰੇ ਚੋਣ ਹਲਕਿਆਂ ਦੇ ਖ਼ਿਲਾਫ਼ ਦਲੀਲ ਦੇਣਗੇ। ਕੀ ਤੁਸੀਂ ਸਮਝਦੇ ਹੋ ਕਿ ਹਿੰਦੁਸਤਾਨ ਨੂੰ ਅਜੇ ਵੀ ਵੱਖਰੇ ਚੋਣ ਹਲਕਿਆਂ ਦੀ ਜ਼ਰੂਰਤ ਹੈ?
ਅਰੁੰਧਤੀ: ਮੈਂ ਸਮਝਦੀ ਹਾਂ ਕਿ ਸਾਡਾ Ḕਜਿਹੜਾ ਜਿੱਤ ਗਿਆ, ਉਹੀ ਸਿਕੰਦਰ’ ਵਾਲਾ ਚੋਣ ਪ੍ਰਬੰਧ ਘੋਰ ਨੁਕਸਦਾਰ ਹੈ ਅਤੇ ਇਸੇ ਕਰ ਕੇ ਅਸੀਂ ਫੇਲ੍ਹ ਹੁੰਦੇ ਹਾਂ; ਪਰ ਮੈਂ ਸੋਚਦੀ ਹਾਂ ਕਿ ਸਾਨੂੰ ਵੱਖਰੇ ਚੋਣ ਹਲਕਿਆਂ, ਫਿਰਕੂ ਐਵਾਰਡ ਅਤੇ ਮੁਲਕ ਦੀ ਵੰਡ ਦੇ ਬਹੁਤ ਹੀ ਰੱਟੇ ਵਾਲੇ ਮੁੱਦਿਆਂ ਨੂੰ ਘਾਲਾਮਾਲਾ ਕਰ ਕੇ ਵੱਡੇ ਇਲਜ਼ਾਮ ਦਾ ਰੂਪ ਨਹੀਂ ਦੇਣਾ ਚਾਹੀਦਾ। ਜਿਵੇਂ ਮੈਂ ਪਹਿਲਾਂ ਕਿਹਾ ਹੈ, ਡਾæ ਅੰਬੇਦਕਰ ਨੇ ਅਛੂਤਾਂ ਲਈ ਵੱਖਰੇ ਚੋਣ ਹਲਕੇ ਅਤੇ ਅੱਡ ਨੁਮਾਇੰਦਗੀ ਦੀ ਮੰਗ ਬਹੁਤ ਹੀ ਧਿਆਨ ਨਾਲ ਸੋਚ-ਵਿਚਾਰ ਕੇ ਕੀਤੀ ਸੀ। ਜੋ ਮੈਂ ਲਿਖਿਆ ਹੈ, ਉਸ ਨੂੰ ਮੈਂ ਸੱਚੀਂਂ ਹੀ ਦੁਬਾਰਾ ਬਿਆਨ ਨਹੀਂ ਕਰਨਾ ਚਾਹੁੰਦੀæææ ਪਰ ਇੰਨਾ ਜ਼ਰੂਰ ਕਹਿ ਦੇਈਏ ਕਿ ਉਹ ਇਕ ਸ਼ਾਨਦਾਰ ਅਤੇ ਨਿਆਰੀ ਯੋਜਨਾ ਲੈ ਕੇ ਆਇਆ ਸੀ।
ਉਸ ਦਾ ਖ਼ਿਆਲ ਸੱਚੀਂ ਹੀ ਐਸੀ ਹਾਲਤ ਪੈਦਾ ਕਰਨਾ ਸੀ ਜਿਸ ਵਿਚ ਦਲਿਤ ਆਪਣੇ ਵਿਚੋਂ ਹੀ ਆਗੂ ਚੁਣ ਕੇ ਇਕ ਸਿਆਸੀ ਭਾਈਚਾਰੇ ਵਜੋਂ ਵਿਕਾਸ ਕਰ ਸਕਣ। ਉਸ ਦੀ ਵੱਖਰੇ ਚੋਣ ਹਲਕਿਆਂ ਦੀ ਤਜਵੀਜ਼ ਮਹਿਜ਼ ਦਸ ਸਾਲਾਂ ਲਈ ਸੀ, ਤੇ ਇਥੇ ਅਸੀਂ ਉਨ੍ਹਾਂ ਲੋਕਾਂ ਬਾਰੇ ਚਰਚਾ ਕਰ ਰਹੇ ਹਾਂ ਜਿਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਮਾਣਦੀਆਂ ਜਮਾਤਾਂ ਨੇ ਹਜ਼ਾਰਾਂ ਸਾਲਾਂ ਤੋਂ ਐਸੇ ਸਭ ਤੋਂ ਘਿਣਾਉਣੇ ਅਤੇ ਜ਼ਾਲਮ ਢੰਗ ਨਾਲ ਸਮਾਜ ਵਿਚੋਂ ਛੇਕਿਆ ਹੋਇਆ ਸੀ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ- ਉਹ ਲੋਕ ਜਿਨ੍ਹਾਂ ਨੂੰ ਹੋਰ ਬੜੇ ਕੁਝ ਤੋਂ ਇਲਾਵਾ ਦੂਰ ਰੱਖਿਆ ਜਾਂਦਾ ਸੀ, ਜਿਨ੍ਹਾਂ ਨੂੰ ਸਾਂਝੇ ਖੂਹਾਂ ਤੋਂ ਪਾਣੀ ਲੈਣ, ਪੜ੍ਹਨ-ਲਿਖਣ, ਮੰਦਰਾਂ Ḕਚ ਜਾਣ ਦੀ ਇਜਾਜ਼ਤ ਨਹੀਂ ਸੀ। ਜਿਨ੍ਹਾਂ ਦੇ ਪੱਲੇ ਹਿੰਸਾ ਅਤੇ ਗਾਲ੍ਹ-ਮੰਦੇ ਤੋਂ ਸਿਵਾਏ ਹੋਰ ਕੁਝ ਨਹੀਂ ਸੀ ਪੈਂਦਾ ਪਰ ਜਦੋਂ ਉਨ੍ਹਾਂ ਨੇ ਵੱਖਰੇ ਚੋਣ ਹਲਕੇ ਦੀ ਮੰਗ ਕੀਤੀ, ਤਾਂ ਹਰ ਬੰਦਾ ਇਉਂ ਪੇਸ਼ ਆਇਆ ਜਿਵੇਂ ਪਰਲੋ ਆ ਗਈ ਹੋਵੇ।
ਗਾਂਧੀ ਨੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰ ਦਿੱਤੀ ਅਤੇ ਜਨਤਕ ਦਬਾਅ ਨੇ ਡਾæ ਅੰਬੇਦਕਰ ਨੂੰ ਆਪਣੀ ਮੰਗ ਛੱਡਣ ਅਤੇ ਪੂਨਾ ਸਮਝੌਤੇ Ḕਤੇ ਸਹੀ ਪਾਉਣ ਲਈ ਮਜਬੂਰ ਕਰ ਦਿੱਤਾ। ਇਹ ਪੂਰੀ ਤਰ੍ਹਾਂ ਤਰਕ-ਵਿਹੂਣਾ ਸੀ। ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਡਾæ ਅੰਬੇਦਕਰ ਦੀ ਵੱਖਰੇ ਚੋਣ ਹਲਕਿਆਂ ਦੀ ਮੰਗ ਕਾਰਨ ਮੁਲਕ ਵੰਡਿਆ ਗਿਆ? ਵੇਗ ਤਾਂ ਇਸ ਤੋਂ ਐਨ ਉਲਟ ਸੀ। ਉਹ ਤਾਂ ਉਸ ਸਮਾਜ ਲਈ ਮੁਕਤੀ ਅਤੇ ਬਰਾਬਰੀ ਲਿਆਉਣ ਦੀ ਵਾਹ ਲਾ ਰਿਹਾ ਸੀ ਜਿਸ ਨੇ ਨਸਲ-ਭੇਦ ਦਾ ਜ਼ਹਿਰੀਲਾ ਰੂਪ ਅਖ਼ਤਿਆਰ ਕੀਤਾ ਹੋਇਆ ਸੀ। ਉਹ ਨਿਆਂ, ਭਾਈਚਾਰੇ, ਏਕਤਾ ਅਤੇ ਅਪਣੱਤ ਦੀ ਭਾਵਨਾ ਦੀ ਗੱਲ ਕਰ ਰਿਹਾ ਸੀ, ਵੰਡ ਦੀ ਨਹੀਂ; ਪਰ ਜਾਤਪਾਤੀ ਦਰਜੇਬੰਦੀ ਦਾ ਮਤਲਬ ਹੈ ਕਿ ਸਿਰਫ਼ ਵਿਸ਼ੇਸ਼ ਅਧਿਕਾਰ ਮਾਣਨ ਵਾਲੇ ਹੀ ਦਲਿਤਾਂ ਲਈ ਦਰਵਾਜ਼ੇ ਬੰਦ ਕਰ ਸਕਦੇ ਹਨ।
ਜਦੋਂ ਦਲਿਤ ਆਪਣੇ ਦਰਵਾਜ਼ੇ ਖ਼ੁਦ ਭੇੜ ਲੈਂਦੇ ਹਨ ਤਾਂ ਇਸ ਨੂੰ ਧੋਖੇਬਾਜ਼ੀ ਕਿਹਾ ਜਾਂਦਾ ਹੈ। ਨਾਲ ਹੀ, ਜਦੋਂ ਸਾਨੂੰ ਵੰਡ ਦਾ ਸਾਰਾ ਇਲਜ਼ਾਮ ਜਿਨਾਹ ਸਿਰ ਲਾਉਣਾ ਚੰਗਾ ਲਗਦਾ ਹੈ- Ḕਇਲਜ਼ਾਮ’ ਲਫ਼ਜ਼ ਵਰਤਣ ਨਾਲ ਪਹਿਲਾਂ ਹੀ ਫਰਜ਼ ਕਰ ਲਿਆ ਜਾਂਦਾ ਹੈ ਕਿ ਹਰ ਕੋਈ ਇਸ ਨਾਲ ਸਹਿਮਤ ਹੈ ਕਿ ਵੰਡ ਭਿਆਨਕ ਚੀਜ਼ ਸੀ, ਪਰ ਇਹ ਵੀ ਸੱਚ ਨਹੀਂ- ਅਸੀਂ ਭੁੱਲ ਜਾਂਦੇ ਹਾਂ ਕਿ ਭਾਈ ਪਰਮਾਨੰਦ ਵਰਗਿਆਂ ਨੇ 1905 ਵਿਚ ਹੀ ਬੰਗਾਲ ਦੀ ਵੰਡ ਸਮੇਂ ਇਹ ਸਲਾਹ ਦਿੱਤੀ ਸੀ ਕਿ ਸਿੰਧ ਨੂੰ ਅਫ਼ਗਾਨਿਸਤਾਨ ਅਤੇ ਉਤਰ-ਪੱਛਮੀ ਸਰਹੱਦੀ ਸੂਬੇ ਨਾਲ ਮਿਲਾ ਕੇ ਇਕ ਮਹਾਂ-ਮੁਸਲਿਮ ਸਲਤਨਤ ਬਣਾ ਦੇਣੀ ਚਾਹੀਦੀ ਹੈ। ਉਹ ਗ਼ਦਰ ਪਾਰਟੀ ਦਾ ਬਾਨੀ ਮੈਂਬਰ ਸੀ, ਲਾਹੌਰ ਵਿਚ ਆਰੀਆ ਸਮਾਜ ਦਾ ਥੰਮ੍ਹ ਸੀ ਜੋ ਪਿੱਛੋਂ ਹਿੰਦੂ ਮਹਾਂਸਭਾ ਦਾ ਅਹਿਮ ਆਗੂ ਬਣਿਆ। ਵੰਡ ਇਸ ਕਰ ਕੇ ਹੋਈ ਕਿ ਤਾਕਤਾਂ ਦਾ ਇਕ ਪੂਰਾ ਸਮੂਹ ਇਸ ਪਾਸੇ ਜੁੱਟਿਆ ਹੋਇਆ ਸੀ, ਤੇ ਇਹ ਸਭ ਉਨ੍ਹਾਂ ਦੇ ਕਾਬੂ ਤੋਂ ਬਾਹਰ ਹੋ ਗਿਆ ਸੀ ਜਿਨ੍ਹਾਂ ਦੇ ਹੱਥ ਉਦੋਂ ਸੱਤਾ ਦੀ ਵਾਗਡੋਰ ਸੀ।
ਸਵਾਲ: ਤੁਸੀਂ ਡਾæ ਅੰਬੇਦਕਰ ਦੀ ਆਦਿਵਾਸੀਆਂ ਬਾਰੇ ਉਸ ਦੇ ਵਿਚਾਰਾਂ ਨੂੰ ਲੈ ਕੇ ਬਹੁਤ ਕਰੜੀ ਆਲੋਚਨਾ ਕਰਦੇ ਹੋ।
ਅਰੁੰਧਤੀ: ਜਿਵੇਂ ਅਛੂਤਾਂ ਬਾਰੇ ਗਾਂਧੀ ਉਪਕਾਰੀ ਅੰਦਾਜ਼ Ḕਚ ਬੋਲਦਾ ਹੈ, ਉਸੇ ਤਰ੍ਹਾਂ ਡਾæ ਅੰਬੇਦਕਰ ਆਦਿਵਾਸੀਆਂ ਬਾਰੇ ਗੱਲ ਕਰਦਾ ਹੈ। ਇਹ ਸਮਝਣਾ ਮੁਸ਼ਕਲ ਹੈ ਕਿ ਜਿਹੜਾ ਬੰਦਾ ਇਸ ਨੂੰ ਆਪਣੇ ਲੋਕਾਂ ਦੀ ਤੌਹੀਨ ਸਮਝਦਾ ਸੀ, ਉਸ ਨੇ ਇਹ ਐਨਾ ਸਾਫ਼ ਸਾਫ਼ ਕਿਵੇਂ ਕਹਿ ਦਿੱਤਾ? ਡਾæ ਅੰਬੇਦਕਰ ਸਿਆਣਾ ਅਤੇ ਨਿਆਂ ਦੀ ਡੂੰਘੀ ਸੂਝ ਵਾਲਾ ਬੰਦਾ ਸੀ। ਮੇਰਾ ਵਿਸ਼ਵਾਸ ਹੈ ਕਿ ਉਸ ਨੇ ਆਲੋਚਨਾ ਨੂੰ ਗੰਭੀਰਤਾ ਨਾਲ ਲੈਣਾ ਸੀ ਅਤੇ ਆਪਣੇ ਖ਼ਿਆਲ ਬਦਲ ਲੈਣੇ ਸਨ, ਪਰ ਉਸ ਦੀ ਇਕੋ-ਇਕ ਇਹੀ ਆਲੋਚਨਾ ਨਹੀਂ ਹੈ ਜੋ ਮੈਂ ਕੀਤੀ ਹੈ। ਪੱਛਮੀ ਉਦਾਰਵਾਦ ਨੂੰ ਗਲੇ ਲਾਉਣ, ਸ਼ਹਿਰੀਕਰਨ ਅਤੇ ਆਧੁਨਿਕ Ḕਵਿਕਾਸ’ ਦੀ ਉਸ ਵਲੋਂ ਹਮਾਇਤ ਕਰਨ ਸਮੇਂ ਉਹ ਤਬਾਹੀ ਦੇ ਉਨ੍ਹਾਂ ਬੀਜਾਂ ਨੂੰ ਨਾ ਦੇਖ ਸਕਿਆ ਜੋ ਇਨ੍ਹਾਂ ਦੇ ਵਿਚ ਪਏ ਸਨ।
ਸਵਾਲ: ਤੁਸੀਂ ਜਾਤਪਾਤ ਨੂੰ ਮੁਖ਼ਾਤਬ ਹੋਣ ਵਿਚ ਕਮਿਊਨਿਸਟਾਂ ਦੀ ਮਹਾਂ-ਨਾਕਾਮੀ ਦੀ ਵੀ ਪੁਣ-ਛਾਣ ਕੀਤੀ ਹੈ। ਤੁਸੀਂ ਲਿਖਿਆ ਹੈ ਕਿ Ḕਉਨ੍ਹਾਂ ਦਾ ਜਾਤਪਾਤ ਪ੍ਰਤੀ ਵਤੀਰਾ ਇਉਂ ਸੀ ਜਿਵੇਂ ਇਹ ਕੋਈ ਜਮਾਤੀ ਵਿਸ਼ਲੇਸ਼ਣ ਦੀ ਟਕਸਾਲੀ ਭਾਸ਼ਾ ਵਿਚੋਂ ਹਾਸਲ ਕੀਤੀ ਲੋਕ ਬੋਲੀ ਹੋਵੇ।’ ਮੈਂ ਸਮਝਦੀ ਹਾਂ ਕਿ ਸਾਰੇ ਕਮਿਊਨਿਸਟਾਂ ਨੂੰ ਵੱਡੇ ਟਰੇਡ ਯੂਨੀਅਨ ਆਗੂ ਐਸ਼ਏæ ਡਾਂਗੇ ਬਾਰੇ ਤੁਹਾਡੇ ਸਹੀ ਨਿਚੋੜ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਮੇਰਾ ਤੁਹਾਨੂੰ ਸਵਾਲ ਹੈ: ਪਾਰਟੀ ਕਮਿਊਨਿਜ਼ਮ ਨੇ ਤੁਹਾਨੂੰ ਨਿਰਾਸ਼ ਕੀਤਾ ਹੈ, ਪਰ ਕੀ ਕਮਿਊਨਿਜ਼ਮ ਦਾ ਕੋਈ ਰੂਪ ਐਸਾ ਹੈ ਜਿਸ ਦੀ ਤੁਸੀਂ ਹਮਾਇਤ ਕਰਦੇ ਹੋਵੋ ਅਤੇ ਜਿਸ ਦੇ ਹੱਕ ਵਿਚ ਹੋਵੋ?
ਅਰੁੰਧਤੀ: ਮੁੱਖਧਾਰਾ ਕਮਿਊਨਿਸਟ ਪਾਰਟੀਆਂ ਨੇ ਜਿਸ ਢੰਗ ਨਾਲ ਜਾਤਪਾਤ ਨੂੰ ਨਜਿੱਠਿਆ, ਉਸ ਦੀ ਆਲੋਚਨਾ ਮੈਂ Ḕਗੌਡ ਆਫ ਸਮਾਲ ਥਿੰਗਜ਼’ ਨਾਵਲ ਦੇ ਸਮੇਂ ਤੋਂ ਹੀ ਕਰਦੀ ਆਈ ਹਾਂ। ਜਦੋਂ 1997 ‘ਚ ਇਹ ਨਾਵਲ ਆਇਆ, ਤਾਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਇਸ ਤੋਂ ਬਹੁਤ ਗੁੱਸੇ ‘ਚ ਸੀ। ਉਹ ਕਾਮਰੇਡ ਕੇæਐਨæਐਮæ ਪਿੱਲੇ ਨਾਂ ਦੇ ਪਾਤਰ ਦੀ ਉਸਾਰੀ ਤੋਂ ਗੁੱਸੇ ਸਨ ਜੋ ਕਮਿਊਨਿਸਟ ਪਾਰਟੀ ਦਾ ਮੈਂਬਰ ਸੀ ਅਤੇ ਇਕ ਦਲਿਤ ਵੇਲੂਥਾ ਖ਼ਿਲਾਫ਼ ਤੁਅੱਸਬਾਂ ਵਿਚ ਗ੍ਰਸਿਆ ਹੋਇਆ ਸੀ। ਵੇਲੂਥਾ ਕਿਤਾਬ ਦੇ ਮੁੱਖ ਪਾਤਰਾਂ ਵਿਚੋਂ ਇਕ ਸੀ। ਕਮਿਊਨਿਸਟ ਅਤੇ ਦਲਿਤ ਤਾਂ ਸੁਭਾਵਿਕ ਸੰਗੀ ਹੋਣੇ ਚਾਹੀਦੇ ਹਨ, ਪਰ ਅਫ਼ਸੋਸ ਹੈ ਕਿ ਇਉਂ ਹੋਇਆ ਨਹੀਂ। ਇਹ ਦਰਾੜ 1920ਵਿਆਂ ਦੇ ਅਖ਼ੀਰ ‘ਚ ਹਿੰਦੁਸਤਾਨੀ ਕਮਿਊਨਿਸਟ ਪਾਰਟੀ ਦੇ ਬਣਨ ਸਾਰ ਹੀ ਸ਼ੁਰੂ ਹੋ ਗਈ। ਐਸ਼ਏæ ਡਾਂਗੇ ਬ੍ਰਾਹਮਣ ਸੀ ਜਿਸ ਦੀ ਰੁਚੀ ਉਸੇ ਤਰ੍ਹਾਂ ਦੀ ਸੀ ਜਿਵੇਂ ਅੱਜ ਦੇ ਬਹੁਤ ਸਾਰੇ ਕਮਿਊਨਿਸਟਾਂ ਦੀ ਹੈ ਅਤੇ ਉਹ ਇਸ ਦੇ ਮੁੱਖ ਸਿਧਾਂਤਕਾਰਾਂ ਵਿਚੋਂ ਇਕ ਸੀ। ਉਸ ਨੇ ਪਹਿਲੀ ਕਮਿਊਨਿਸਟ ਟਰੇਡ ਯੂਨੀਅਨ ਗਿਰਨੀ ਕਾਮਗਾਰ ਯੂਨੀਅਨ ਜਥੇਬੰਦ ਕੀਤੀ ਜਿਸ ਦੀ ਮੈਂਬਰ ਗਿਣਤੀ 70,000 ਸੀ। ਮਜ਼ਦੂਰਾਂ ਦਾ ਵੱਡਾ ਹਿੱਸਾ ਮਹਾਰਾਂ ਦਾ ਸੀ, ਉਹ ਅਛੂਤ ਜਾਤ ਜਿਸ ਨਾਲ ਡਾæ ਅੰਬੇਦਕਰ ਸਬੰਧਤ ਸੀ। ਉਨ੍ਹਾਂ ਨੂੰ ਸਿਰਫ਼ ਕਤਾਈ ਖਾਤੇ ਵਿਚ ਘੱਟ ਤਨਖ਼ਾਹ ਵਾਲੇ ਕੰਮਾਂ ‘ਤੇ ਰੱਖਿਆ ਜਾਂਦਾ ਸੀ, ਕਿਉਂਕਿ ਬੁਣਾਈ ਖਾਤੇ ਵਿਚ ਮਜ਼ਦੂਰਾਂ ਨੂੰ ਧਾਗਾ ਮੂੰਹ ਵਿਚ ਫੜਨਾ ਪੈਂਦਾ ਸੀ ਅਤੇ ਇਹ ਸਮਝਿਆ ਜਾਂਦਾ ਸੀ ਕਿ ਅਛੂਤਾਂ ਦਾ ਥੁੱਕ ਲੱਗਣ ਨਾਲ ਚੀਜ਼ ਭਿੱਟੀ ਜਾਂਦੀ ਹੈ। 1928 ਵਿਚ, ਡਾਂਗੇ ਨੇ ਗਿਰਨੀ ਕਾਮਗਾਰ ਯੂਨੀਅਨ ਦੀ ਪਹਿਲੀ ਵੱਡੀ ਹੜਤਾਲ ਦੀ ਅਗਵਾਈ ਕੀਤੀ। ਡਾæ ਅੰਬੇਦਕਰ ਨੇ ਸੁਝਾਅ ਦਿੱਤਾ ਕਿ ਇਕ ਮੁੱਦਾ ਇਹ ਉਠਾਇਆ ਜਾਵੇ ਕਿ ਮਜ਼ਦੂਰਾਂ ਦੀਆਂ ਸਫ਼ਾਂ ਵਿਚ ਬਰਾਬਰੀ ਹੋਵੇ ਅਤੇ ਉਨ੍ਹਾਂ ਨੂੰ ਬਰਾਬਰ ਅਧਿਕਾਰ ਹੋਣ। ਡਾਂਗੇ ਇਸ ਨਾਲ ਸਹਿਮਤ ਨਹੀਂ ਹੋਇਆ ਅਤੇ ਇਸ ਦਾ ਸਿੱਟਾ ਉਨ੍ਹਾਂ ਦੀ ਅਣਬਣ ‘ਚ ਨਿਕਲਿਆ। ਉਦੋਂ ਡਾæ ਅੰਬੇਦਕਰ ਨੇ ਕਿਹਾ, Ḕਜਾਤ ਮਹਿਜ਼ ਕਿਰਤ ਦੀ ਵੰਡ ਹੀ ਨਹੀਂ, ਇਹ ਕਿਰਤੀ ਦੀ ਵੰਡ ਵੀ ਹੈ।’ Ḕਜਾਤਪਾਤ ਦਾ ਬੀਜ ਨਾਸ਼’ ਕਿਤਾਬ ਵਿਚ ਇਕ ਬਹੁਤ ਪ੍ਰਭਾਵਸ਼ਾਲੀ ਹਿੱਸਾ ਹੈ ਜਿਸ ਵਿਚ ਡਾæ ਅੰਬੇਦਕਰ ਜਾਤਪਾਤ ਅਤੇ ਸਮਾਜਵਾਦ ਬਾਰੇ ਲਿਖਦਾ ਹੈ। ਕੀ ਕਮਿਊਨਿਜ਼ਮ ਦਾ ਕੋਈ ਰੂਪ ਐਸਾ ਹੈ ਜਿਸ ਨੂੰ ਮੈਂ ਸਹੀ ਮੰਨਦੀ ਹੋਵਾਂ, ਤੇ ਜਿਸ ਦੀ ਮੈਂ ਹਮਾਇਤ ਕਰਦੀ ਹੋਵਾਂ? ਮੈਂ ਯਕੀਨ ਨਾਲ ਨਹੀਂ ਕਹਿ ਸਕਦੀ ਕਿ ਇਸ ਦਾ ਕੀ ਮਤਲਬ ਹੈ। ਮੈਂ ਕਮਿਊਨਿਸਟ ਨਹੀਂ ਹਾਂ, ਪਰ ਮੈਂ ਸਮਝਦੀ ਹਾਂ ਕਿ ਸਾਨੂੰ ਇਸ ਦੀ ਸ਼ਿੱਦਤ ਨਾਲ ਲੋੜ ਹੈ ਕਿ ਸਰਮਾਏਦਾਰੀ ਦੀ ਜ਼ਬਰਦਸਤ ਢੰਗ ਨਾਲ ਅਤੇ ਢਾਂਚਾਗਤ ਆਲੋਚਨਾ ਹੋਵੇæææ ਤੇ ਮੇਰਾ ਭਾਵ ਨਿਰਾ ਇਕ ਜੁੰਡਲੀ ਦੇ ਕਬਜ਼ੇ ਵਾਲੀ ਸਰਮਾਏਦਾਰੀ ਤੋਂ ਨਹੀਂ ਹੈ।
ਸਵਾਲ: ਜਦੋਂ ਤੁਸੀਂ ਕਹਿੰਦੇ ਹੋ ਕਿ Ḕਜਾਤਪਾਤ ਬਾਰੇ ਗਾਂਧੀ ਦੇ ਅਤੇ ਹਿੰਦੂ ਸੱਜੇਪੱਖ ਦੇ ਵਿਚਾਰਾਂ ਵਿਚ ਕਦੇ ਵੀ ਬਹੁਤਾ ਫ਼ਰਕ ਨਹੀਂ ਸੀ। ਦਲਿਤ ਨਜ਼ਰੀਏ ਤੋਂ ਗਾਂਧੀ ਦਾ ਕਤਲ ਇਕ ਵਿਚਾਰਧਾਰਕ ਵਿਰੋਧੀ ਵੱਲੋਂ ਕਤਲ ਨਾਲੋਂ ਭਰਾ-ਮਾਰ ਕਤਲ ਜ਼ਿਆਦਾ ਲਗਦਾ ਹੈ’, ਤਾਂ ਬਹੁਤ ਲੋਕਾਂ ਲਈ ਤੁਹਾਡੀ ਵਿਆਖਿਆ ਮੁੱਦਾ ਬਣ ਜਾਵੇਗੀ। ਫਿਰ ਤੁਸੀਂ ਕਹਿ ਰਹੇ ਹੋ ਕਿ ਇਸ ਕਾਰਨ ਗਾਂਧੀ ਨੂੰ ਧਿਆਉਣ ‘ਚ ਮੋਦੀ ਨੂੰ ਵੀ ਕੋਈ ਔਖ ਨਹੀਂ ਹੋਣ ਲੱਗੀ। ਲਿਹਾਜ਼ਾ ਕੀ ਤੁਸੀਂ ਗਾਂਧੀ ਨੂੰ ਹਿੰਦੂ ਸੱਜੇਪੱਖ ਦੇ ਹੱਥਾਂ ਵਿਚ ਦੇ ਰਹੇ ਹੋ? ਗਾਂਧੀ ਇਕ ਐਸਾ ਬੰਦਾ ਹੈ ਜਿਸ ਨੂੰ ਹਥਿਆਉਣ ਲਈ ਉਹ ਤੱਤਪਰ ਹਨ, ਕੀ ਤੁਸੀਂ ਉਨ੍ਹਾਂ ਦੇ ਹੱਥਾਂ ਵਿਚ ਨਹੀਂ ਖੇਡ ਰਹੇ?
ਅਰੁੰਧਤੀ: ਗਾਂਧੀ ਕੋਈ ਲੀਰਾਂ ਦੀ ਗੁੱਡੀ ਨਹੀਂ ਹੈ ਜਿਸ ਨੂੰ ਮੈਂ ਕਿਸੇ ਦੇ ਹੱਥ ਦੇ ਦਿਆਂ? ਮੈਨੂੰ ਇੰਨਾ ਕੁ ਕਹਿਣ ਦੀ ਇਜਾਜ਼ਤ ਵੀ ਦਿਓ- ਮੁਸਲਮਾਨਾਂ ਅਤੇ ਹਿੰਦੁਸਤਾਨੀ ਕੌਮ ਵਿਚ ਉਨ੍ਹਾਂ ਦੇ ਸਥਾਨ ਦੇ ਸਵਾਲ ਬਾਰੇ ਗਾਂਧੀ ਅਤੇ ਹਿੰਦੂ ਸੱਜੇਪੱਖ ਦਰਮਿਆਨ ਨਿਸ਼ਚੇ ਹੀ ਗੰਭੀਰ ਵਿਚਾਰਧਾਰਕ ਮੱਤਭੇਦ ਸਨ, ਤੇ ਇਸ ਖ਼ਾਤਰ ਗਾਂਧੀ ਨੇ ਆਪਣੀ ਜਾਨ ਦੇ ਦਿੱਤੀ; ਪਰ ਜਾਤਪਾਤ, ਧਰਮ-ਬਦਲੀ ਅਤੇ ਗਊ ਰੱਖਿਆ ਦੇ ਸਵਾਲਾਂ ਬਾਰੇ ਗਾਂਧੀ ਐਨ ਸੱਜੇਪੱਖ ਨਾਲ ਕਦਮ ਮਿਲਾ ਕੇ ਚਲਦਾ ਸੀ। ਸਦੀ ਦੇ ਅਖ਼ੀਰ ਵਿਚ (19ਵੀਂ ਤੋਂ 20ਵੀਂ ਸਦੀ) ਵੱਖੋ-ਵੱਖਰੀਆਂ ਸੁਧਾਰਵਾਦੀ ਜਥੇਬੰਦੀਆਂ ਅਛੂਤ ਵਸੋਂ ਦਾ ਧਰਮ ਬਦਲਾਉਣ ਵਿਚ ਜੁੱਟੀਆਂ ਹੋਈਆਂ ਸਨ। ਜੇ ਕੋਈ ਫ਼ਰਕ ਸੀ, ਤਾਂ ਇਹ ਕਿ ਇਸ ਬਾਰੇ ਸੱਜੇਪੱਖੀ ਵਧੇਰੇ ਹੀ ਉਤਸ਼ਾਹ ਵਿਚ ਸਨ।
ਤੇ ਪੂਨਾ ਸਮਝੌਤੇ Ḕਤੇ ਦਸਤਖ਼ਤ ਕਰਨ ਵਾਲੇ ਕੌਣ ਸਨ? ਇਹ ਕਈ ਬੰਦੇ ਸਨ, ਪਰ ਇਨ੍ਹਾਂ ਵਿਚ ਗਾਂਧੀ ਦਾ ਸਨਅਤਕਾਰ-ਸਰਪ੍ਰਸਤ ਜੀæਡੀæ ਬਿਰਲਾ ਸੀ, ਉਸ ਦੀ ਜ਼ਿੰਦਗੀ ਵਿਚ ਜ਼ਿਆਦਾਤਰ ਫੰਡ ਉਹੀ ਦਿੰਦਾ ਰਿਹਾ; ਇਕ ਰੂੜੀਵਾਦੀ ਬ੍ਰਾਹਮਣ ਅਤੇ ਹਿੰਦੂ ਮਹਾਂ ਸਭਾ ਦਾ ਬਾਨੀ ਪੰਡਤ ਮਦਨ ਮੋਹਨ ਮਾਲਵੀਆ; ਅਤੇ ਸਾਵਰਕਰ ਜਿਸ ਉਪਰ ਗਾਂਧੀ ਦੇ ਕਤਲ ਵਿਚ ਹਿੱਸੇਦਾਰ ਹੋਣ ਦਾ ਇਲਜ਼ਾਮ ਸੀ। ਇਹ ਸਾਰੇ ਪੇਚੀਦਾ ਢੰਗਾਂ ਨਾਲ ਆਪੋ ਵਿਚ ਜੁੜੇ ਹੋਏ ਸਨ।
ਬਿਰਲਾ ਗਾਂਧੀ ਨੂੰ ਵੀ ਫੰਡ ਦਿੰਦਾ ਸੀ ਅਤੇ ਆਰੀਆ ਸਮਾਜ ਦੀ ਸ਼ੁੱਧੀ ਲਹਿਰ ਨੂੰ ਵੀ। ਜਦੋਂ ਗਾਂਧੀ ਦੇ ਕਤਲ ਪਿੱਛੋਂ ਆਰæਐਸ਼ਐਸ Ḕਤੇ ਪਾਬੰਦੀ ਲਾ ਦਿੱਤੀ ਗਈ, ਉਦੋਂ ਬਿਰਲਾ ਪਾਬੰਦੀ ਖ਼ਤਮ ਕਰਾਉਣ ਲਈ ਜੋੜ-ਤੋੜ ਕਰਦਾ ਰਿਹਾ। Ḕਕਾਰਵਾਂ’ ਰਸਾਲੇ ਵਿਚ ਹੁਣੇ ਜਿਹੇ ਸਵਾਮੀ ਅਸੀਮਾਨੰਦ ਬਾਰੇ ਰਿਪੋਰਟ ਛਪੀ ਹੈ ਜੋ ਆਰæਐਸ਼ਐਸ਼ ਦਾ ਵੱਡਾ ਆਗੂ ਅਤੇ ਸ਼ਰਧਾਵਾਨ ਗਾਂਧੀਵਾਦ ਦਾ ਫਰਜੰਦ ਹੈ। ਉਹ ਹੁਣ ਜੇਲ੍ਹ ਵਿਚ ਹੈ ਤੇ ਉਸ ਉਪਰ ਸਮਝੌਤਾ ਐਕਸਪ੍ਰੈਸ ਵਿਚ ਬੰਬ ਧਮਾਕੇ ਕਰਨ (ਜਿਸ ਵਿਚ 80 ਬੰਦੇ ਮਾਰੇ ਗਏ ਸਨ) ਸਮੇਤ ਲੜੀਵਾਰ ਬੰਬ-ਧਮਾਕੇ ਕਰਾਉਣ ਦਾ ਮੁਕੱਦਮਾ ਚੱਲ ਰਿਹਾ ਹੈ। ਉਸ ਨੇ ਖ਼ੁਲਾਸਾ ਕੀਤਾ ਹੈ ਕਿ ਕਿਵੇਂ ਉਸ ਦੇ ਗੁਜਰਾਤ ਵਾਲੇ ਆਸ਼ਰਮ ਵਿਚ ਮੁੰਡਿਆਂ ਨੂੰ ਰੋਜ਼ ਸਵੇਰੇ ਏਕਤਾ ਮੰਤਰ ਦਾ ਜਾਪ ਕਰਾਇਆ ਜਾਂਦਾ ਸੀ, ਕੌਮੀ ਏਕਤਾ ਦੇ ਤਰਾਨੇ ਵਿਚ ਗਾਂਧੀ ਦੇ ਨਾਲ ਨਾਲ ਆਰæਐਸ਼ਐਸ਼ ਦੇ ਸਭ ਤੋਂ ਅਹਿਮ ਸਿਧਾਂਤਕਾਰ ਐਮæਐਸ਼ ਗੋਲਵਾਲਕਰ ਦਾ ਨਾਂ ਧਿਆਇਆ ਜਾਂਦਾ ਹੈ।
ਨਰੇਂਦਰ ਮੋਦੀ ਗੁਜਰਾਤ ਦੇ ਮਹਾਤਮਾ ਮੰਦਰ ਨਾਂ ਦੇ ਨਵੇਂ ਸ਼ਾਨਦਾਰ ਸੰਮੇਲਨ ਭਵਨ ਤੋਂ ਆਪਣੇ ਕਈ ਉਕਸਾਊ ਐਲਾਨ ਕਰਦਾ ਰਹਿੰਦਾ ਹੈ। 1936 ਵਿਚ, ਗਾਂਧੀ ਨੇ Ḕਆਦਰਸ਼ ਭੰਗੀ’ ਨਾਂ ਦਾ ਲੇਖ ਲਿਖਿਆ ਸੀ ਜਿਸ ਦੀ ਸਮਾਪਤੀ ਇਨ੍ਹਾਂ ਲਫ਼ਜ਼ਾਂ ਨਾਲ ਕੀਤੀ ਗਈ ਹੈ, “ਅਜਿਹਾ ਆਦਰਸ਼ ਭੰਗੀ, ਆਪਣੇ ਕਿੱਤੇ ਤੋਂ ਰੋਟੀ-ਰੋਜ਼ੀ ਕਮਾਉਂਦਿਆਂ, ਇਸ ਨੂੰ ਇਕ ਪਵਿੱਤਰ ਫਰਜ਼ ਵਜੋਂ ਹੀ ਲਵੇਗਾ। ਦੂਜੇ ਲਫ਼ਜ਼ਾਂ ‘ਚ, ਉਹ ਇਸ ਵਿਚੋਂ ਦੌਲਤ ਜੋੜਨ ਦਾ ਖ਼ਵਾਬ ਨਹੀਂ ਪਾਲੇਗਾ।” ਸੱਤਰ ਸਾਲ ਬਾਅਦ ਆਪਣੀ ਕਿਤਾਬ Ḕਕਰਮਯੋਗੀ’ ਵਿਚ (ਜੋ ਉਸ ਨੂੰ ਬਾਲਮੀਕੀ ਭਾਈਚਾਰੇ ਵਲੋਂ ਰੋਸ ਪ੍ਰਗਟਾਉਣ ‘ਤੇ ਵਾਪਸ ਲੈਣੀ ਪਈ) ਨਰੇਂਦਰ ਮੋਦੀ ਨੇ ਕਿਹਾ: “ਮੇਰਾ ਵਿਸ਼ਵਾਸ ਨਹੀਂ ਹੈ ਕਿ ਉਹ ਇਹ ਕੰਮ ਮਹਿਜ਼ ਰੋਟੀ-ਰੋਜ਼ੀ ਲਈ ਕਰਦੇ ਹਨ। ਜੇ ਇਉਂ ਹੁੰਦਾ, ਤਾਂ ਉਨ੍ਹਾਂ ਨੇ ਪੁਸ਼ਤ-ਦਰ-ਪੁਸ਼ਤ ਇਸ ਤਰ੍ਹਾਂ ਦਾ ਕੰਮ ਕਰਨਾ ਜਾਰੀ ਨਹੀਂ ਸੀ ਰੱਖਣਾ।æææ ਇਕ ਸਮੇਂ ‘ਤੇ ਜਾ ਕੇ ਕਿਸੇ ਨੂੰ ਇਹ ਗਿਆਨ ਦਾ ਚਾਨਣ ਲਾਜ਼ਮੀ ਹੋ ਗਿਆ ਹੋਵੇਗਾ ਕਿ ਪੂਰੇ ਸਮਾਜ ਅਤੇ ਪਰਮਾਤਮਾ ਦੀ ਖੁਸ਼ੀ ਲਈ ਇਹ ਕੰਮ ਕਰਨਾ ਉਨ੍ਹਾਂ (ਬਾਲਮੀਕੀਆਂ) ਦਾ ਫਰਜ਼ ਹੈ; ਕਿ ਉਨ੍ਹਾਂ ਨੂੰ ਪਰਮਾਤਮਾ ਦਾ ਬਖ਼ਸ਼ਿਆ ਇਹ ਕੰਮ ਕਰਨਾ ਹੀ ਪੈਣਾ ਹੈ; ਅਤੇ ਸਦੀਆਂ ਤਕ ਉਨ੍ਹਾਂ ਨੂੰ ਇਹ ਕੰਮ ਅੰਦਰੂਨੀ ਰੂਹਾਨੀ ਸਰਗਰਮੀ ਵਜੋਂ ਜਾਰੀ ਰੱਖਣਾ ਚਾਹੀਦਾ ਹੈ।” ਹੁਣ ਤੁਸੀਂ ਹੀ ਦੱਸੋ, ਇਨ੍ਹਾਂ ਵਿਚ ਫ਼ਰਕ ਕਿਥੇ ਹੈ?
ਸਵਾਲ: ਜਦੋਂ ਅਰੁੰਧਤੀ ਰਾਏ ਮਹਾਤਮਾ ਗਾਂਧੀ ਵਜੋਂ ਵਡਿਆਏ ਜਾਂਦੇ ਇਕ ਬੰਦੇ ਦੀ ਤਿੱਖੀ ਪੜਚੋਲ ਕਰਦੀ ਹੈ ਤਾਂ ਦੁਨੀਆਂ ਵਿਚ ਇਸ ਦਾ ਨੋਟਿਸ ਲਿਆ ਹੀ ਜਾਣਾ ਹੈ। ਕੁਝ ਲੋਕ ਦਲੀਲ ਦੇਣਗੇ ਕਿ ਇਕ ਖ਼ੂਬਸੂਰਤ ਖ਼ਿਆਲ ਨੂੰ ਜਿਉਂਦਾ ਰੱਖਣਾ ਇਸ ਨੂੰ ਇਕ ਖ਼ਾਸ ਹਕੀਕਤ ਨਾਲ ਢਾਹ ਲਾਉਣ ਨਾਲੋਂ ਵੱਧ ਅਹਿਮ ਹੈ।
ਅਰੁੰਧਤੀ: ਵਧੀਆ ਸਵਾਲ ਹੈ। ਮੈਂ ਇਸ ਬਾਰੇ ਕਾਫ਼ੀ ਸੋਚਿਆ; ਜਿਵੇਂ ਕੋਈ ਲੇਖਕ ਕਰਦਾ ਹੀ ਹੈ, ਜਾਂ ਉਸ ਨੂੰ ਕਰਨਾ ਚਾਹੀਦਾ ਹੈ। ਮੈਂ ਫ਼ੈਸਲਾ ਕੀਤਾ ਕਿ ਇਹ ਪੂਰੀ ਤਰ੍ਹਾਂ ਗ਼ਲਤ ਹੈ ਅਤੇ ਨਾ-ਮੰਨਣਯੋਗ ਹੈ। ਇਸ ਤਰ੍ਹਾਂ ਦੀ ਪਰਦਾਪੋਸ਼ੀ (ਤੇ ਇਹ ਪਰਦਾਪੋਸ਼ੀ ਤੋਂ ਘੱਟ ਕੁਝ ਵੀ ਨਹੀਂ ਹੋਵੇਗਾ) ਇਕ ਮੁੱਲ ਵਸੂਲ ਕੇ ਪ੍ਰਵਾਨ ਚੜ੍ਹਦੀ ਹੈ। ਤੇ ਉਹ ਮੁੱਲ ਡਾæ ਅੰਬੇਦਕਰ ਹੈ। ਸਾਨੂੰ ਗਾਂਧੀ ਨਾਲ, ਉਸ ਦੀ ਕੁਲ ਪ੍ਰਤਿਭਾ ਅਤੇ ਨੁਕਸਾਂ ਨਾਲ ਨਜਿੱਠਣਾ ਹੀ ਪਵੇਗਾ। ਜੇ ਡਾæ ਅੰਬੇਦਕਰ ਲਈ ਗੁੰਜਾਇਸ਼ ਬਣਾਉਣੀ ਹੈ, ਉਸ ਦੀ ਕੁਲ ਪ੍ਰਤਿਭਾ ਅਤੇ ਨੁਕਸਾਂ ਸਮੇਤ। ਮਹਾਤਮਾ ਨੂੰ ਡਾਕਟਰ ਲਈ ਥਾਂ ਛੱਡਣੀ ਹੀ ਪਵੇਗੀ। ਡਾæ ਅੰਬੇਦਕਰ ਦਾ ਵਕਤ ਆਣ ਪਹੁੰਚਾ ਹੈ।
Leave a Reply