-ਜਤਿੰਦਰ ਮੌਹਰ
ਫੋਨ: 91-97799-34747
ਕਲਾ ਮਨੁੱਖ ਦੀ ਰੂਹ ਦੀ ਖੁਰਾਕ ਕਹੀ ਜਾਂਦੀ ਹੈ। ਮਨੁੱਖੀ ਮਨ ਦੇ ਖੇੜੇ, ਚਾਅ-ਮਲ੍ਹਾਰ, ਹੇਰਵੇ, ਉਦਾਸੀ, ਜੋਸ਼ ਅਤੇ ਦੁੱਖ ਦੀ ਨੁਮਾਇੰਦਗੀ ਕਰਦੀਆਂ ਕਲਾ ਦੀਆਂ ਵੰਨਗੀਆਂ ਹਮੇਸ਼ਾਂ ਮਨੁੱਖ ਦੇ ਅੰਗ-ਸੰਗ ਰਹੀਆਂ ਹਨ। ਕਲਾ ਤੋਂ ਬਿਨਾਂ ਮਨੁੱਖੀ ਇਤਿਹਾਸ ਅਧੂਰਾ ਹੈ। ਮਨੁੱਖ ਦੀ ਸਿਰਜਣਾ ਵਿਚ ਕਲਾ ਦਾ ਅਹਿਮ ਹਿੱਸਾ ਹੈ। ਕਲਾ ਮਨੁੱਖ ਨੂੰ ਸੰਵੇਦਨਸ਼ੀਲ ਬਣਾਉਣ ਦੇ ਨਾਲ-ਨਾਲ ਸਿਆਸੀ ਅਤੇ ਸਮਾਜਕ ਲਹਿਰਾਂ ਦਾ ਅਟੁੱਟ ਅੰਗ ਰਹੀ ਹੈ। ਸਿਨੇਮਾ, ਕਲਾ ਦੀ ਅਹਿਮ ਵੰਨਗੀ ਹੈ ਜਿਸ ਦੀ ਲੋਕਾਂ ਵਿਚ ਪਹੁੰਚ ਹੋਰ ਵੰਨਗੀਆਂ ਤੋਂ ਕਿਤੇ ਵਧੇਰੇ ਹੈ। ਗ਼ਦਰ ਲਹਿਰ ਨੇ ਇਸ ਮਾਧਿਅਮ ਦੀ ਵਿਸ਼ਾਲਤਾ ਅਤੇ ਵਿਰਾਟਤਾ ਨੂੰ ਪਛਾਣਿਆ ਸੀ। ਇਸੇ ਕੜੀ ਵਿਚ ਸੰਨ 1917 ਦੇ ਰੂਸੀ ਇਨਕਲਾਬ ਤੋਂ ਬਾਅਦ ਲੈਨਿਨ ਨੇ ਕਿਹਾ ਸੀ ਕਿ ਲੋਕਾਂ ਦੀ ਗੱਲ ਕਰਨ ਦਾ ਅਤੇ ਲੋਕਾਂ ਤੱਕ ਗੱਲ ਪੁਚਾਉਣ ਦਾ ਸਭ ਤੋਂ ਵੱਡਾ ਮਾਧਿਅਮ ਸਿਨੇਮਾ ਹੋਵੇਗਾ। ਇਸ ਐਲਾਨ ਤੋਂ ਬਾਅਦ ਸਾਮਰਾਜੀ ਮੁਲਕਾਂ ਨੇ ਫ਼ਿਲਮਾਂ ਉੱਤੇ ਪਾਬੰਦੀਆਂ ਬਿਠਾ ਦਿੱਤੀਆਂ ਅਤੇ ਆਪਣੇ ਨਿਜ਼ਾਮ ਨੂੰ ਵਡਿਆਉਂਦੀਆਂ ਫ਼ਿਲਮਾਂ ਗ਼ੁਲਾਮ ਬਸਤੀਆਂ ਵਿਚ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਗ਼ਦਰੀਆਂ ਨੇ ਫ਼ਿਲਮਾਂ ਰਾਹੀਂ ਹਿੰਦੀ ਕਿਸਾਨਾਂ ਨੂੰ ਅੰਗਰੇਜ਼ ਬਸਤਾਨਾਂ ਵਿਰੁਧ ਖੜ੍ਹਾ ਕਰਨ ਲਈ ਹੰਭਲੇ ਸ਼ੁਰੂ ਕਰ ਦਿੱਤੇ। ਉੱਘੇ ਗ਼ਦਰੀ ਪਾਂਡੂਰੰਗ ਖਾਨ ਖੋਜੇ ਆਪਣੀ ਵਿਥਿਆ ਵਿਚ ਇਸ ਗੱਲ ਦਾ ਜ਼ਿਕਰ ਕਰਦੇ ਹਨ। ਖਾਨ ਖੋਜੇ ਗੁਜਰਾਤੀ ਸਨ ਅਤੇ 1906 ਵਿਚ ਅਮਰੀਕਾ ਗਏ। ਉਨ੍ਹਾਂ ਨੇ ਸ਼ਿਕਾਗੋ ਤੋਂ ਕੈਮਿਸਟਰੀ ਦੀ ਪੜ੍ਹਾਈ ਕੀਤੀ ਅਤੇ ਖੇਤੀਬਾੜੀ ਵਿਗਿਆਨੀ ਬਣੇ। ਉਹ ਮਿਨੀਸੋਟਾ ਯੂਨੀਵਰਸਿਟੀ ਵਿਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਸਨ ਜਦੋਂ ਗ਼ਦਰੀਆਂ ਦੇ ਸੰਪਰਕ ਵਿਚ ਆਏ। ਇਹ ਸੰਨ 1914 ਦੀ ਗੱਲ ਹੈ। ਕੈਲੀਫੋਰਨੀਆਂ ਵਿਚ ਹੋਈ ਮਿਲਣੀ ਵਿਚ ਫ਼ੈਸਲਾ ਕੀਤਾ ਗਿਆ ਕਿ ਹਿੰਦੋਸਤਾਨ ਦੀ ਮੁਕਤੀ ਲਈ ਜੰਗ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਖਾਨ ਖੋਜੇ ਲਿਖਦੇ ਹਨ, “ਆਲਮੀ ਜੰਗ ਅਜੇ ਸ਼ੁਰੂ ਨਹੀਂ ਹੋਈ ਸੀ, ਸੋ ਸਾਡੀ ਵਿਉਂਤ ਅਮਰੀਕਾ ਵਿਚ ਵਸੇ ਹਿੰਦੋਸਤਾਨੀ ਕਿਸਾਨਾਂ ਵਿਚ ਫ਼ਿਲਮਾਂ ਰਾਹੀਂ ਪ੍ਰਚਾਰ ਕਰ ਕੇ ਅੰਗਰੇਜ਼ੀ ਸਰਕਾਰ ਵਿਰੁਧ ਹਥਿਆਰ ਚੁੱਕਣ ਲਈ ਹੱਲਾਸ਼ੇਰੀ ਦੇਣ ਦੀ ਸੀ।” ਖਾਨ ਖੋਜੇ ਨੂੰ ਕੁਝ ਹੋਰ ਗ਼ਦਰੀਆਂ ਸਮੇਤ ਮੱਧ-ਪੂਰਬ ਦੇ ਮੋਰਚੇ ਉੱਤੇ ਘੱਲਿਆ ਗਿਆ। ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਅਮਰੀਕਾ ਤੋਂ ਯੂਨਾਨੀ ਜਹਾਜ਼ ਰਾਹੀਂ ਯੂਨਾਨ ਦੀ ਪੀਰਾਸ ਬੰਦਰਗਾਹ ਉੱਤੇ ਭੇਜਿਆ ਗਿਆ ਜਿਥੋਂ ਉਨ੍ਹਾਂ ਨੇ ਗ਼ਦਰੀ ਬਿਸ਼ਨ ਦਾਸ ਨੂੰ ਹੋਰ ਸਮਾਨ ਦੇ ਨਾਲ ਫ਼ਿਲਮ-ਪ੍ਰੋਜੈਕਟਰ ਦੇ ਕੇ ਹਿੰਦੋਸਤਾਨ ਤੋਰ ਦਿੱਤਾ। ਖਾਨ ਖੋਜੇ ਸੰਨ 1919 ਤੱਕ ਮੱਧ-ਪੂਰਬ ਵਿਚ ਹਿੰਦੀ ਗ਼ਦਰੀਆਂ, ਈਰਾਨੀਆਂ, ਬਲੋਚਾਂ ਅਤੇ ਮੁਕਾਮੀ ਲੋਕਾਂ ਨਾਲ ਮਿਲ ਕੇ ਅੰਗਰੇਜ਼ ਬਸਤਾਨਾਂ ਵਿਰੁਧ ਲੜਦੇ ਰਹੇ। ਗ਼ਦਰੀਆਂ ਨੇ ਫ਼ਿਲਮ ਨੂੰ ਬਸਤਾਨਾਂ ਵਿਰੁਧ ਹਥਿਆਰ ਦੇ ਰੂਪ ਵਿਚ ਦੇਖਿਆ ਸੀ।
ਗ਼ਦਰ ਦੇ ਗੀਤ, ਗ਼ਦਰੀਆਂ ਦੇ ਪ੍ਰਚਾਰ ਦਾ ਇੱਕ ਹੋਰ ਅਹਿਮ ਮਾਧਿਅਮ ਸਨ। ਕਰਤਾਰ ਸਿੰਘ ਸਰਾਭੇ ਦੀ ਕੁਲ ਸਿਆਸੀ ਜ਼ਿੰਦਗੀ ਉੱਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਉਨ੍ਹਾਂ ਦੇ ਸਿਆਸੀ ਜੀਵਨ ਦਾ ਵਧੇਰੇ ਸਮਾਂ ਗ਼ਦਰ ਅਖ਼ਬਾਰ ਦੀ ਪੱਤਰਕਾਰੀ ਅਤੇ ਲੇਖਣੀ ਵਿਚ ਬੀਤਿਆ ਸੀ। ਜਿਹੜੇ ਲੋਕ ਸਰਾਭੇ ਨੂੰ ਮਹਿਜ਼ ਪਿਸਤੌਲ ਨਾਲ ਹੀ ਦੇਖਦੇ ਹਨ, ਉਨ੍ਹਾਂ ਨੂੰ ਉਪਰਲੇ ਹਵਾਲਿਆਂ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ। ਪਿਛਲੇ ਸਮੇਂ ਵਿਚ ਗਿੱਪੀ ਗਰੇਵਾਲ ਦੇ ਗੀਤ ਦੇ ਬੋਲ ਕੁਝ ਅਜਿਹੇ ਸਨ ਕਿ ਸਰਾਭੇ ਨੇ ਕੋਈ ਕਿਤਾਬ ਨਹੀਂ ਪੜ੍ਹੀ ਸੀ। ਇਸ ਕਰ ਕੇ ਸਿਰ੍ਹਾਣੇ ਬੰਦੂਕ ਰੱਖ ਕੇ ਸੌਣ ਵਾਲਿਆਂ ਨੂੰ ਇਹ ਨਾ ਸਮਝਾਉ ਕਿ ਜੰਗ ਕਿਵੇਂ ਲੜੀਦੀ ਹੈ। ਇਤਿਹਾਸ ਗਵਾਹ ਹੈ ਕਿ ਸਰਾਭੇ ਨੇ ਕਲਮ ਤੇ ਹਥਿਆਰ, ਦੋਹਾਂ ਨਾਲ ਜੰਗ ਲੜੀ ਸੀ ਅਤੇ ਉਹਦੀ ਸਿਆਸੀ ਜ਼ਿੰਦਗੀ ਦਾ ਵਧੇਰੇ ਸਮਾਂ ਕਲਮ ਲੈ ਕੇ ਜੰਗ ਲੜਨ ਦਾ ਹੀ ਸੀ। ਉਹ ਜਿਉਂਦਾ ਜਾਗਦਾ, ਗਿਆਨਵਾਨ ਅਤੇ ਚਿੰਤਨਸ਼ੀਲ ਬੰਦਾ ਸੀ। ਪੰਜਾਬੀਆਂ ਦੀ ਸਿਫ਼ਤ ਕਰਨ ਵੇਲੇ ਜ਼ਰੂਰੀ ਨਹੀਂ ਕਿ ਉਨ੍ਹਾਂ ਨੂੰ ਮਾਸਖੋਰੇ, ਹਿੰਸਕ, ਦਿਮਾਗ-ਵਿਹੂਣੇ ਅਤੇ ਅਨਪੜ੍ਹ ਕਹਿ ਕੇ ਹੀ ਬਹਾਦਰ ਸਿੱਧ ਕੀਤਾ ਜਾ ਸਕਦਾ ਹੈ। ਇੱਕ ਪਾਸੇ ਅਜਿਹੇ ਉਜੱਡ ਗੀਤਾਂ ਦਾ ਦੌਰ ਹੈ ਅਤੇ ਦੂਜੇ ਪਾਸੇ ਹਕੂਕ ਲਈ ਲੜ ਰਹੇ ਕਿਰਤੀ, ਅਕਲ ਅਤੇ ਸਾਂਝ ਦੇ ਜਸ਼ਨਾਂ ਦੇ ਗੀਤ ਗਾ ਰਹੇ ਹਨ; ਬੇਸ਼ੱਕ ‘ਮੁੱਖਧਾਰਾ’ ਕਿਰਤੀਆਂ ਦੇ ਗੀਤਾਂ ਨੂੰ ਥਾਂ ਨਹੀਂ ਦਿੰਦੀ। ਕੁਝ ਦਿਨ ਪਹਿਲਾਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਜੋਟੀ ਨੇ ਬਠਿੰਡੇ ਵਿਚ ਸਰਕਾਰ ਦੀ ਬੂਥ ਲਵਾ ਦਿੱਤੀ ਸੀ। ਮੋਰਚੇ ਦੀ ਜਿੱਤ ਤੋਂ ਬਾਅਦ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਭਰੇ ਇਕੱਠ ਵਿਚ ਗੀਤ ਗਾ ਰਿਹਾ ਸੀ, “ਕਹਿੰਦੇ ਰਫਲਾਂ ਰੱਖਣ ਦੇ ਸ਼ੌਂਕੀ, ਬਠਿੰਡੇ ਵਾਲੇ ਅਕਲਾਂ ਭਰੇæææ ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਮੋਰਚਾæææ ਉਏ ਹਾਕਮਾਂ ਦੇ ਹੋਸ਼ ਉੱਡ ਗਏ।” ਉਹ ਬਠਿੰਡੇ ਵਾਲਿਆਂ ਦੇ ਸਿਰ ਥੋਪੇ ਗਏ ਹਿੰਸਕ-ਜਸ਼ਨ ਨੂੰ ਮੂਲੋਂ ਉਲਟ ਰਿਹਾ ਹੈ। ਉਹ ਅਕਲ, ਹਿੰਮਤ ਅਤੇ ਸਾਂਝੀਵਾਲਤਾ ਨੂੰ ਕੇਂਦਰ ਵਿਚ ਲਿਆ ਰਿਹਾ ਹੈ।
ਲੈਨਿਨ ਕਹਿੰਦਾ ਹੈ ਕਿ ਮੈਨੂੰ ਸਿਰਫ਼ ਇਹ ਦੱਸੋ ਕਿ ਮੁਲਕ ਦੇ ਨੌਜਵਾਨਾਂ ਦੀ ਜ਼ੁਬਾਨ ਉੱਤੇ ਕਿਹੜੇ ਗੀਤ ਹਨ, ਮੈਂ ਤੁਹਾਨੂੰ ਮੁਲਕ ਦਾ ਭਵਿੱਖ ਦੱਸ ਦੇਵਾਂਗਾ। ਮੁਲਕ ਦਾ ਭਵਿੱਖ ਲੋਕਾਂ ਦੀ ਜ਼ੁਬਾਨ ਉੱਤੇ ਚੜ੍ਹੇ ਗੀਤਾਂ ਨੇ ਬਿਆਨ ਕਰਨਾ ਹੈ। ਇਸ ਪ੍ਰਸੰਗ ਵਿਚ ਸਾਨੂੰ ਸਾਡੇ ਮੁਲਕ ਦੀ ਜਵਾਨੀ ਦੇ ਮੂੰਹ ਉੱਤੇ ਚੜ੍ਹੇ ਗੀਤਾਂ ਅਤੇ ਫ਼ਿਲਮਾਂ ਨੂੰ ਵਾਚ ਲੈਣਾ ਚਾਹੀਦਾ ਹੈ। ਜੇ ਸਾਡੀ ਜ਼ੁਬਾਨ ਉੱਤੇ ਮਨੁੱਖ ਦੀ ਬਿਹਤਰੀ, ਨਾਬਰੀ ਅਤੇ ਜ਼ਿੰਦਗੀ ਦੇ ਗੀਤ ਨਹੀਂ ਹਨ, ਤਾਂ ਸਾਡਾ ਭਵਿੱਖ ਰੌਸ਼ਨ ਕਿਵੇਂ ਹੋ ਸਕਦਾ ਹੈ? ਜ਼ਿੰਦਗੀ ਦੇ ਆਸ਼ਕਾਂ ਨੇ ਮਨੁੱਖਤਾ ਦੇ ਭਵਿੱਖ ਦੇ ਨਕਸ਼ ਘੜਨੇ ਹਨ। ਉਨ੍ਹਾਂ ਆਸ਼ਕਾਂ ਦੇ ਗੀਤ ਮਨੁੱਖ ਦੀ ਪਹੁੰਚ ਤੋਂ ਪਰ੍ਹੇ ਨਹੀਂ ਹੋਣੇ ਚਾਹੀਦੇ, ਪਰ ਡਾਢਿਆਂ ਨੇ ਇਨ੍ਹਾਂ ਗੀਤਾਂ ਨੂੰ ਹਮੇਸ਼ਾ ਪਿੱਛੇ ਸੁੱਟਿਆ ਹੈ। ਜਵਾਨੀ ਦੀ ਜ਼ੁਬਾਨ ਉੱਤੇ ਚੜ੍ਹਾਏ ਗਏ ਗੀਤ ਅਤੇ ਫ਼ਿਲਮਾਂ ਉਨ੍ਹਾਂ ਦੀਆਂ ਆਪਣੀਆਂ ਨਹੀਂ, ਸਗੋਂ ਵੱਡੀ ਸਾਜ਼ਿਸ਼ ਦਾ ਨਤੀਜਾ ਹਨ। ਇਨਕਲਾਬੀਆਂ ਦੀ ਵਿਰਾਸਤ ਦੀ ਕੜੀ ਵਿਚ ਪੰਜਾਬੀਆਂ ਨੇ ਸੋਚਣਾ ਹੈ ਕਿ ਮਾਧਿਅਮਾਂ ਦੀ ਵਰਤੋਂ ਕਿਸ ਪੱਖ ਲਈ ਕਰਨੀ ਹੈ। ਇਨ੍ਹਾਂ ਮਾਧਿਅਮਾਂ ਦੀ ਵਰਤੋਂ ਲੋਕ ਵਿਰੋਧੀ ਪ੍ਰਚਾਰ ਲਈ ਵੀ ਕੀਤੀ ਜਾ ਸਕਦੀ ਹੈ ਅਤੇ ਲੋਕ ਪੱਖੀ ਪ੍ਰਚਾਰ ਲਈ ਵੀ। ਸਾਡੇ ਪੁਰਖਿਆਂ ਨੇ ਇਨ੍ਹਾਂ ਮਾਧਿਅਮਾਂ ਦੀ ਵਰਤੋਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰੋਕਣ ਲਈ ਲਗਾਤਾਰ ਚਲਦੀ ਜੰਗ ਵਿਚ ਅਹਿਮ ਹਥਿਆਰ ਵਜੋਂ ਕੀਤੀ ਸੀ। ਲੁੱਟ ਅਜੇ ਰੁਕੀ ਨਹੀਂ ਹੈ ਅਤੇ ਮਾਧਿਅਮ ਦੀ ਵਰਤੋਂ ਦਾ ਸਵਾਲ ਹਮੇਸ਼ਾ ਬਣਿਆ ਰਹੇਗਾ।
Leave a Reply