ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਮਾਰਚ ਮਹੀਨੇ ਦਾ ਪਹਿਲਾ ਹਫਤਾ ਸੀ। ਕਾਲਜ ਵਿਚ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦਾ ਸਮਾਗਮ ਸੀ। ਕੈਨੇਡਾ, ਅਮਰੀਕਾ ਜਾ ਵਸੇ ਵਿਦਿਆਰਥੀ ਵੀ ਆਪਣੇ ਅਤੀਤ ਦੇ ਦਿਨ ਲੱਭਣ ਆਏ ਹੋਏ ਸਨ। ਕੰਟੀਨ ਵਾਲਾ ਗਿਆਨ ਚਾਚਾ ਵੀ ਅੱਜ ਕਾਫ਼ੀ ਲਿਸ਼ਕਿਆ ਹੋਇਆ ਸੀ ਪਰ ਸਟੇਡੀਅਮ ਦੀਆਂ ਪੌੜੀਆਂ ‘ਤੇ ਕੋਈ ਪ੍ਰੇਮੀ ਜੋੜਾ ਕਾਫ਼ੀ ਉਦਾਸ ਦਿਖਾਈ ਦੇ ਰਿਹਾ ਹੈ। ਲੰਮੀ ਚੁੱਪ ਤੋੜਦਿਆਂ ਪ੍ਰਗਟ ਬੋਲਿਆ, “ਸੀਤਲ! ਇਹ ਵਿਆਹ ਰੁਕ ਨਹੀਂ ਸਕਦਾ? ਸਾਡੇ ਕੀਤੇ ਕੌਲ-ਕਰਾਰਾਂ ਦਾ ਕੀ ਬਣੇਗਾ? ਜੋ ਸੁਪਨੇ ਅਸੀਂ ਦੋਹਾਂ ਨੇ ਇਕੱਠਿਆਂ ਦੇਖੇ ਸੀ, ਉਨ੍ਹਾਂ ਦਾ ਕੀ ਬਣੇਗਾ?”
“ਪ੍ਰਗਟ ਜਾਨ! ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਆਪਣੇ ਭਵਿੱਖ ਲਈ ਇਹ ਵਿਆਹ ਨਹੀਂ ਕਰਵਾ ਰਹੀ, ਸਗੋਂ ਮੇਰੇ ਵਿਆਹ ਕਰਵਾਉਣ ਨਾਲ ਤੇਰਾ ਵੀ ਭਵਿੱਖ ਬਣ ਜਾਵੇਗਾ।” ਸੀਤਲ ਨੇ ਜਵਾਬ ਦਿੱਤਾ।
“ਮੇਰੀ ਜਾਨ! ਉਹ ਕਿਵੇਂ, ਮੈਨੂੰ ਦੱਸ ਜਲਦੀ ਦੱਸ?” ਪ੍ਰਗਟ ਬੋਲਿਆ ਨਹੀਂ ਜਿਵੇਂ ਚੀਕਿਆ ਹੋਵੇ।
“ਮੇਰਾ ਹੋਣ ਵਾਲਾ ਪਤੀ ਅਮਰੀਕਾ ਦਾ ਸਿਟੀਜ਼ਨ ਹੈ। ਉਸ ਨੇ ਵਿਆਹ ਕਰਵਾ ਕੇ ਮੈਨੂੰ ਆਪਣੇ ਨਾਲ ਹੀ ਲੈ ਜਾਣਾ ਹੈ। ਜਾਂਦਿਆਂ ਹੀ ਮੈਨੂੰ ਗਰੀਨ ਕਾਰਡ ਮਿਲ ਜਾਣਾ ਹੈ। ਜਦੋਂ ਗਰੀਨ ਕਾਰਡ ਮਿਲ ਗਿਆ, ਮੈਂ ਘਰਵਾਲੇ ਨੂੰ ਲਾਲ ਅੱਖਾਂ ਦਿਖਾਉਣ ਲੱਗ ਪੈਣਾ ਹੈ। ਬੱਸ, ਫਿਰ ਕੀ! ਇਹ ਧਾਗਾ ਉਲਝਿਆ ਸਮਝ। ਮੈਂ ਤੇਰੀ ਹਾਂ, ਤੇਰੀ ਹੀ ਰਹਾਂਗੀ।” ਸੀਤਲ ਨੇ ਪ੍ਰਗਟ ਦੇ ਮੱਥੇ ਤੋਂ ਵਾਲ ਪਰ੍ਹੇ ਕਰਦਿਆਂ ਕਿਹਾ।
“ਇਹ ਕੋਈ ਆਸਾਨ ਨਹੀਂ।” ਪ੍ਰਗਟ ਬੋਲਿਆ।
“ਦੇਖ ਜਾਨ! ਨਾ ਤਾਂ ਤੇਰੇ ਘਰ ਦੇ ਅਮੀਰ ਨੇ, ਜਿਹੜੇ ਤੀਹ ਲੱਖ ਰੁਪਏ ਲਾ ਕੇ ਤੈਨੂੰ ਅਮਰੀਕਾ ਭੇਜ ਦੇਣਗੇ; ਨਾ ਮੇਰਾ ਪਰਿਵਾਰ ਹੀ ਇੰਜ ਕਰ ਸਕਦਾ ਹੈ। ਵਧੀਆ ਤਰੀਕਾ ਇਹੀ ਹੈ ਕਿ ਮੈਂ ਉਸ ਨਾਲ ਚੁੱਪ-ਚਾਪ ਵਿਆਹ ਕਰਵਾ ਕੇ ਉਥੇ ਪਹੁੰਚ ਜਾਵਾਂ, ਤੇ ਬਾਅਦ ਵਿਚ ਤੈਨੂੰ ਸੱਦ ਲਵਾਂ।” ਸੀਤਲ ਸ਼ਾਇਦ ਪ੍ਰਗਟ ਨਾਲੋਂ ਜ਼ਿਆਦਾ ਚੁਸਤ ਸੀ।
“ਪਰ ਮੈਂ ਤੈਨੂੰ ਕਿਸੇ ਦੀਆਂ ਬਾਹਾਂ ਵਿਚ ਕਿਵੇਂ ਦੇਖ ਸਕਦਾ ਹਾਂ।” ਪ੍ਰਗਟ ਬੋਲਿਆ।
“ਜਾਨ! ਜਿਸ ਤਨ ਵਿਚ ਮਨ ਨਹੀਂ ਹੁੰਦਾ, ਉਹ ਤਨ ਲਾਸ਼ ਬਰਾਬਰ ਹੁੰਦਾ ਹੈ। ਮੇਰੇ ਮਨ ਵਿਚ ਤਾਂ ਤੂੰ ਹੈਂ, ਬੱਸ ਤੂੰ!” ਸੀਤਲ ਨੇ ਦੋਵੇਂ ਬਾਹਾਂ ਪ੍ਰਗਟ ਦੇ ਗਲ ਪਾਉਂਦਿਆਂ ਕਿਹਾ।
“ਦੇਖੀਂ ਕਿਤੇ ਅਮਰੀਕਾ ਜਾ ਕੇ ਬਦਲ ਨਾ ਜਾਈਂ। ਹੋਰ ਨਾ ਗਰੀਬ ਨਾਲ ਉਸ ਜੱਟ ਵਰਗੀ ਹੋ ਜਾਵੇ ਜਿਸ ਦੀਆਂ ਅੱਖਾਂ ਅੱਗੇ ਪੱਕੀ ਫਸਲ ਮੱਚ ਕੇ ਤਬਾਹ ਹੋ ਗਈ ਸੀ।” ਪ੍ਰਗਟ ਦੀਆਂ ਅੱਖਾਂ ਵਿਚ ਹੰਝੂ ਸਨ।
ਹਾਲ ਵਿਚੋਂ ਤਾੜੀਆਂ ਦੀ ਗੂੰਜ ਸੁਣਾਈ ਦੇਣ ਲੱਗੀ। ਦੋਵੇਂ ਵਿਛੜਨਾ ਨਹੀਂ ਸਨ ਚਾਹੁੰਦੇ, ਪਰ ਢਲਦੇ ਪ੍ਰਛਾਵਿਆਂ ਨੇ ਉਨ੍ਹਾਂ ਨੂੰ ਆਪਣੇ ਪਿੰਡਾਂ ਵਾਲੇ ਰਾਹ ਤੋਰ ਦਿੱਤਾ। ਕਾਲਜ ਦੇ ਫੰਕਸ਼ਨ ਤੋਂ ਬੇ-ਖ਼ਬਰ ਉਹ ਨਵੀਂ ਜ਼ਿੰਦਗੀ ਦੀਆਂ ਵਿਉਂਤਬੰਦੀਆਂ ਕਰਦੇ ਵਿਛੜ ਗਏ।
ਸੀਤਲ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ। ਉਸ ਦੇ ਸਹੁਰੇ ਖੁਸ਼ ਸਨ, ਉਨ੍ਹਾਂ ਨੂੰ ਲੰਮੀ, ਸੋਹਣੀ ਤੇ ਪੜ੍ਹੀ-ਲਿਖੀ ਨੂੰਹ ਮਿਲ ਗਈ ਹੈ। ਸੀਤਲ ਦਾ ਪਤੀ ਹੈਰੀ ਵੀ ਸੀਤਲ ਦੇ ਹੁਸਨ ਨੂੰ ਦੇਖ ਸ਼ਰਾਬੀ ਹੋਇਆ ਜਾਪਦਾ ਸੀ। ਉਹ ਸੀਤਲ ਨੂੰ ਮੁੜ-ਮੁੜ ਕੇ ਆਪਣੀਆਂ ਬਾਹਾਂ ਵਿਚ ਘੁੱਟ ਰਿਹਾ ਸੀ। ਪੰਜਾਬੀ ਤੇ ਅੰਗਰੇਜ਼ੀ ਦੇ ਗੁਤਾਵੇ ਨਾਲ ਸੀਤਲ ਨੂੰ ਪੁਚਕਾਰ ਰਿਹਾ ਸੀ।
ਮੈਰਿਜ ਪੈਲੇਸ ਤੋਂ ਹੀ ਡੋਲੀ ਵਿਦਾ ਕਰ ਦਿੱਤੀ ਗਈ। ਸੀਤਲ ਨੇ ਜਦੋਂ ਸਹੁਰਿਆਂ ਦੀ ਦਹਿਲੀਜ਼ ‘ਤੇ ਪਹਿਲਾ ਪੈਰ ਰੱਖਿਆ, ਤਾਂ ਕਿਲ੍ਹੇ ਵਰਗੀ ਤਿੰਨ ਮੰਜ਼ਿਲੀ ਕੋਠੀ ਦੇਖ ਕੇ ਹੈਰਾਨ ਹੋ ਗਈ। ਮਾਪਿਆਂ ਦਾ ਤਿੰਨ ਕਮਰੇ ਦਾ ਘਰ ਉਸ ਨੂੰ ਤੰਗ ਜਿਹਾ ਲੱਗਣ ਲੱਗਿਆ। ਉੁਸ ਨੂੰ ਅਮਰੀਕਾ ਵਾਲੇ ਬੜੇ ਚੰਗੇ ਦਿਖਾਈ ਦੇਣ ਲੱਗੇ। ਜਦੋਂ ਉਸ ਨੇ ਹੈਰੀ ਵੱਲ ਦੇਖਿਆ, ਤਾਂ ਝੱਟ ਉਸ ਨੂੰ ਪ੍ਰਗਟ ਯਾਦ ਆ ਗਿਆ। ਸੀਤਲ ਨੂੰ ਪਤਾ ਹੀ ਨਾ ਲੱਗਿਆ, ਕਦੋਂ ਸੱਸ ਨੇ ਪਾਣੀ ਵਾਰ ਕੇ ਪੀਤਾ, ਤੇ ਪਹਿਲਾਂ ਚੌਂਕੇ ਤੋਂ ਹੈਰੀ ਨੂੰ ਉਤਾਰ ਲਿਆ। ਸਾਰੀਆਂ ਮੇਲਣਾਂ ਹੱਸਣ ਲੱਗੀਆਂ ਕਿ ਹੈਰੀ ਪਹਿਲਾਂ ਉਤਰਿਆ ਹੈ, ਹੁਣ ਤੋਂ ਹੀ ਵਹੁਟੀ ‘ਤੇ ਹੈਰੀ ਦਾ ਰੋਹਬ ਰਹੇਗਾ। ਸਾਰੇ ਸ਼ਗਨ-ਵਿਹਾਰ ਹੋ ਚੁੱਕੇ ਸਨ। ਰਾਤ ਪਈ ‘ਤੇ ਪ੍ਰਾਹੁਣੇ ਵੀ ਜਾ ਚੁੱਕੇ ਸਨ।
ਕੋਠੀ ਦਾ ਤੀਜੀ ਮੰਜ਼ਿਲ ਵਾਲਾ ਕਮਰਾ ਰੋਸ਼ਨੀ ਨਾਲ ਭਰਿਆ ਹੋਇਆ ਸੀ। ਹੈਰੀ ਨੇ ਸੀਤਲ ਦੇ ਚੰਨ ਵਰਗੇ ਮੁਖੜੇ ਅੱਗੇ ਸਾਰੀ ਰੋਸ਼ਨੀ ਨੂੰ ਨਕਾਰਦਿਆਂ ਬੱਤੀ ਬੁਝਾ ਦਿਤੀ ਅਤੇ ਸੀਤਲ ਦਾ ਮੁੱਖ ਆਪਣੀ ਬੁੱਕਲ ਵਿਚ ਲੈ ਲਿਆ। ਉਹ ਚੰਨ ਨੂੰ ਆਪਣੇ ਤੋਂ ਦੂਰ ਨਹੀਂ ਸੀ ਕਰਨਾ ਚਾਹੁੰਦਾ, ਪਰ ਸੂਰਜ ਦੀ ਵਾਰੀ ਆਉਂਦਿਆਂ ਹੀ ਚੰਨ ਬਾਹਾਂ ਤੋਂ ਦੂਰ ਹੋ ਗਿਆ।
ਤਿੰਨ ਮਹੀਨੇ ਹੈਰੀ ਨੇ ਸੀਤਲ ਨੂੰ ਬਹੁਤ ਘੁਮਾਇਆ, ਤੇ ਕਾਗਜ਼ ਬਣਵਾ ਕੇ ਨਾਲ ਹੀ ਲੈ ਆਇਆ। ਸਾਰਾ ਪਰਿਵਾਰ ਅਗਾਂਹ ਏਅਰਪੋਰਟ ‘ਤੇ ਲੈਣ ਆਇਆ। ਗਰੀਬ ਘਰ ਦੀ ਧੀ ਲਈ ਇਹ ਸਵਰਗ ਤੋਂ ਘੱਟ ਨਹੀਂ ਸੀ। ਜਿਸ ਨੇ ਹਮੇਸ਼ਾ ਘਰੋਂ ਨਿਕਲਦਿਆਂ ਰੂੜੀਆਂ ਹੀ ਦੇਖੀਆਂ ਸਨ, ਅੱਜ ਚਾਰੇ ਪਾਸੇ ਸੰਗਮਰਮਰ ਚਮਕ ਰਿਹਾ ਸੀ; ਪਰ ਪ੍ਰਗਟ ਦੇ ਪਿਆਰ ਨੇ ਸੀਤਲ ਨੂੰ ਹੈਰੀ ਦੀ ਬਣਨ ਨਹੀਂ ਦਿੱਤਾ। ਉਸ ਨੇ ਗਰੀਨ ਕਾਰਡ ਲੈਂਦਿਆਂ ਹੀ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੱਤਾ। ਗੱਲ ਗੱਲ ‘ਤੇ ਲੜਾਈ ਮੁੱਲ ਲੈਣ ਲੱਗੀ। ਸੀਤਲ ਕਈ ਗੱਲਾਂ ਇਸ ਤਰ੍ਹਾਂ ਦੀਆਂ ਵੀ ਕਰ ਜਾਂਦੀ ਕਿ ਹੈਰੀ ਦਾ ਕੁੱਟਣ ਲਈ ਹੱਥ ਉਠਣ ਲੱਗਦਾ। ਗੱਲ ਜ਼ਿਆਦਾ ਵਧ ਗਈ ਤਾਂ ਸੀਤਲ ਆਪਣੇ ਗਰਾਈਂ ਚਾਚੇ ਕੋਲ ਚਲੀ ਗਈ, ਤੇ ਸਹੁਰਿਆਂ ‘ਤੇ ਝੂਠੇ ਇਲਜ਼ਾਮ ਲਾਉਣ ਲੱਗ ਪਈ।
ਚਾਚੇ ਨੇ ਕੁਝ ਦਿਨ ਰੱਖ ਕੇ ਅਗਾਂਹ ਉਸ ਨੂੰ ਬੇਬੀ ਸਿਟਰ ਦੀ ਨੌਕਰੀ ਦਿਵਾ ਦਿੱਤੀ। ਖਾਣਾ-ਪੀਣਾ ਤੇ ਰਹਿਣਾ ਮੁਫਤ ਵਿਚ ਸੀ। ਸੀਤਲ ਪਿੱਛੇ ਆਪਣੇ ਮਾਪਿਆਂ ਨੂੰ ਵੀ ਡਾਲਰ ਭੇਜ ਦਿੰਦੀ, ਤੇ ਪ੍ਰਗਟ ਨੂੰ ਵੀ। ਥੋੜ੍ਹਾ ਸਮਾਂ ਲੰਘਿਆ ਤਾਂ ਸੀਤਲ ਨੂੰ ਦਸ ਸਾਲਾ ਗਰੀਨ ਕਾਰਡ ਮਿਲ ਗਿਆ। ਹੁਣ ਉਸ ਨੇ ਹੈਰੀ ਨਾਲੋਂ ਤਲਾਕ ਲੈਣ ਲਈ ਕਾਗਜ਼ ਭਰ ਦਿੱਤੇ। ਚਾਚੇ ਨੇ ਵੀ ਬਹੁਤ ਸਮਝਾਇਆ ਕਿ ਇੰਜ ਨਾ ਕਰੇ, ਪਰ ਨਹੀਂ! ਤਲਾਕ ਤੋਂ ਬਾਅਦ ਸੀਤਲ ਇੰਡੀਆ ਨੂੰ ਜਹਾਜ਼ ਚੜ੍ਹ ਗਈ। ਪ੍ਰਗਟ ਦੀਆਂ ਬਾਹਾਂ ਵਿਚ ਡਿੱਗਦਿਆਂ ਉਸ ਨੇ ਜਿਵੇਂ ਰੱਬ ਪਾ ਲਿਆ ਹੋਵੇ। ਦੋ-ਚਾਰ ਮਹੀਨੇ ਘੁੰਮਦੀ ਨੇ ਪ੍ਰਗਟ ਨਾਲ ਵਿਆਹ ਕਰਵਾ ਲਿਆ। ਪ੍ਰਗਟ ਨੂੰ ਛੇਤੀ ਸੱਦਣ ਦਾ ਵਾਅਦਾ ਕਰ ਕੇ ਮੁੜ ਜਹਾਜ਼ ਚੜ੍ਹ ਆਈ। ਕੁਝ ਚਿਰ ਬਾਅਦ ਪ੍ਰਗਟ ਅਮਰੀਕਾ ਆ ਗਿਆ। ਸੀਤਲ ਦਾ ਚਾਅ ਚੁੱਕਿਆ ਨਹੀਂ ਸੀ ਜਾਂਦਾ। ਜਿਹੜਾ ਪੇਪਰ ਵਰਕ ਉਸ ਨੇ ਹੈਰੀ ਤੋਂ ਬਣਵਾਇਆ ਸੀ, ਉਹੀ ਸਾਰਾ ਪੇਪਰ ਵਰਕ ਆਪ ਪ੍ਰਗਟ ਨੂੰ ਬਣਾ ਕੇ ਦਿੱਤਾ। ਪ੍ਰਗਟ ਟਰੱਕ ਦਾ ਲਾਇਸੰਸ ਲੈ ਕੇ ਚੰਗੀ ਕਮਾਈ ਕਰਨ ਲੱਗਿਆ। ਪਹਿਲਾਂ ਘਰਦਿਆਂ ਦੇ ਧੋਣੇ ਧੋ ਦਿੱਤੇ।
ਸਮਾਂ ਲੰਘਿਆ, ਤਾਂ ਦੋਵਾਂ ਦੇ ਪਿਆਰ ਵਿਚ ਤਰੇੜ ਆਉਣ ਲੱਗੀ। ਸੀਤਲ ਹਰ ਗੱਲ ਨਾਲ ਹੀ ਪ੍ਰਗਟ ਨੂੰ ਕਹਿ ਦਿੰਦੀ ਕਿ ‘ਮੈਂ ਤੈਨੂੰ ਗਲੀਆਂ ਵਿਚ ਫਿਰਦੇ ਨੂੰ ਅਮਰੀਕਾ ਦਿਖਾਇਆ। ਤੇਰੇ ਕਰ ਕੇ ਮੈਂ ਆਪਣਾ ਘਰ-ਬਾਰ ਤਿਆਗ ਦਿੱਤਾ। ਜਿੰਨਾ ਤੈਂ ਸਾਰੀ ਉਮਰ ਕਮਾ ਕੇ ਦੇਣਾ ਹੈ, ਉਤਨਾ ਤਾਂ ਮੈਂ ਬਣਿਆ ਛੱਡ ਕੇ ਆ ਗਈ ਹਾਂ।’ ਪ੍ਰਗਟ ਆਪਣੀ ਕਮਾਈ ਪਿੱਛੇ ਭੇਜਦਾ ਰਿਹਾ, ਤੇ ਸੀਤਲ ਸੜਦੀ ਰਹਿੰਦੀ। ਅਖੀਰ ਪਿਆਰ ਦੀ ਪੀਂਘ ਅੱਧਵੱਟੇ ਟੁੱਟ ਗਈ। ਪ੍ਰਗਟ ਨੇ ਸਿਟੀਜ਼ਨ ਹੁੰਦਿਆਂ ਸਾਰ ਸੀਤਲ ਨੂੰ ਛੱਡ ਦਿੱਤਾ।
ਸੀਤਲ ਨੂੰ ਅਮਰੀਕਾ ਰਹਿੰਦਿਆਂ ਹੁਣ ਬਾਰਾਂ ਸਾਲ ਹੋ ਗਏ ਸਨ। ਅਜੇ ਤਕ ਕੋਈ ਬੱਚਾ ਨਹੀਂ ਹੋਇਆ ਸੀ। ਹੁਣ ਤਾਂ ਹੁਸਨ ਵੀ ਟੋਭੇ ਦੀ ਰੇਤ ਵਾਂਗ ਉਡ ਗਿਆ ਸੀ। ਉਸ ਦੇ ਪੱਲੇ ਪਛਤਾਵਾ ਸੀ। ਜੋ ਕੁਝ ਸੋਚਿਆ ਸੀ, ਉਹ ਨਹੀਂ ਸੀ ਹੋਇਆ। ਜੋ ਨਹੀਂ ਸੋਚਿਆ ਸੀ, ਉਹ ਹੋ ਚੁੱਕਾ ਸੀ। ਹੈਰੀ ਦੇ ਘਰ ਦੇ ਦਰਵਾਜ਼ੇ ਵੀ ਉਸ ਲਈ ਬੰਦ ਹੋ ਚੁੱਕੇ ਸਨ। ਉਹ ਹੁਣ ਆਪਣੀ ਨਵੀਂ ਵਹੁਟੀ ਨਾਲ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਸੀ। ਪ੍ਰਗਟ ਵੀ ਇੰਡੀਆ ਜਾ ਕੇ ਵਿਆਹ ਕਰਵਾ ਆਇਆ ਸੀ। ਉਸ ਨੇ ਵੀ ਗਰੀਬ ਘਰ ਦੀ ਧੀ ਨਹੀਂ, ਸਗੋਂ ਅਮੀਰ ਘਰ ਦੀ ਧੀ ਨਾਲ ਵਿਆਹ ਕਰਵਾਇਆ।
ਪ੍ਰਗਟ ਨੇ ਆਉਂਦਿਆਂ ਸਾਰ ਆਪਣਾ ਸ਼ਹਿਰ ਬਦਲ ਲਿਆ। ਸੀਤਲ ਦਾ ਜੀਵਨ ਸਮਾਜਕ ਸਮੁੰਦਰ ਵਿਚ ਗੋਤੇ ਖਾ ਰਿਹਾ ਸੀ। ਇਕ ਦਿਨ ਅਖ਼ਬਾਰ ਵਿਚ ਪੜ੍ਹਿਆ ਕਿ ਰਿਸ਼ਤੇ ਦੀ ਲੋੜ ਹੈ। ਚੰਗੀ ਪ੍ਰਾਪਰਟੀ ਦੇ ਮਾਲਕ ਲਈ ਔਰਤ ਦੀ ਲੋੜ ਹੈ। ਤਲਾਕਸ਼ੁਦਾ ਬੱਚੇ ਤੋਂ ਬਗੈਰ ਵਾਲੀ ਨੂੰ ਪਹਿਲ ਹੈ। ਸੀਤਲ ਨੇ ਫੋਨ ਘੁਮਾਇਆ। ਗੱਲ ਕੀਤੀ ਤਾਂ ਅੱਗੇ ਵਾਲਾ ਉਸ ਤੋਂ ਵੀਹ ਸਾਲ ਵੱਡਾ ਸੀ। ਆਪਣੇ ਵਾਸਤੇ ਪਤਨੀ ਤੇ ਆਪਣੇ ਬੱਚਿਆਂ ਵਾਸਤੇ ਮਾਂ ਚਾਹੁੰਦਾ ਸੀ। ਸੀਤਲ ਉਸ ਬੰਦੇ ਨੂੰ ਮਿਲਣ ਤੋਂ ਬਾਅਦ ਭੁੱਬਾਂ ਮਾਰ ਕੇ ਰੋਈ। ਉਸ ਨੂੰ ਅੱਜ ਪਤਾ ਲੱਗਿਆ ਕਿ ਧਨ ਦੌਲਤ ਕੀ ਹੁੰਦੀ ਹੈ, ਤੇ ਪਿਆਰ ਕੀ ਹੁੰਦਾ ਹੈ! ਅੱਜ ਉਸ ਨੂੰ ਹੈਰੀ ਦੀ ਠੁਕਰਾਈ ਹੋਈ ਦੌਲਤ ਯਾਦ ਆ ਗਈ। ਪ੍ਰਗਟ ਦੇ ਪਿਆਰ ਵਿਚੋਂ ਮਿਲੇ ਧੋਖੇ ਨੂੰ ਉਹ ਭੁੱਲ ਨਾ ਸਕੀ ਜਿਸ ਕਰ ਕੇ ਉਸ ਨੂੰ ਆਹ ਦਿਨ ਦੇਖਣੇ ਪਏ। ਹੁਣ ਪਛਤਾਵੇ ਤੋਂ ਬਿਨਾਂ ਕੁਝ ਪੱਲੇ ਨਹੀਂ। ਕਈਆਂ ਦੇ ਵਿਆਹ ‘ਤੇ ਗਾਏ ਸ਼ਗਨਾਂ ਦੇ ਗੀਤ, ਪਛਤਾਵੇ ਦੀਆਂ ਕਵਿਤਾਵਾਂ ਬਣ ਕੇ ਰਹਿ ਜਾਂਦੀਆਂ ਹਨ! ਰੱਬ ਰਾਖਾ।
Leave a Reply