ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਅਪ੍ਰੈਲ 2014 ਤੋਂ 31 ਮਾਰਚ 2015 ਤੱਕ ਦੇ ਸਮੇਂ ਲਈ ਨੌਂ ਅਰਬ ਪੰਜ ਕਰੋੜ, ਪੰਜ ਲੱਖ 52 ਹਜ਼ਾਰ 300 ਰੁਪਏ ਦੇ ਸਾਲਾਨਾ ਬਜਟ ਨੂੰ ਅੰਤ੍ਰਿੰਗ ਕਮੇਟੀ ਦੀ ਬੈਠਕ ਵਿਚ ਪ੍ਰਵਾਨਗੀ ਦੇ ਦਿੱਤੀ ਜੋ ਪਿਛਲੇ ਸਾਲ ਦੇ ਬਜਟ ਨਾਲੋਂ ਤਕਰੀਬਨ 99 ਕਰੋੜ 80 ਹਜ਼ਾਰ 200 ਰੁਪਏ ਨਾਲ 12 ਫੀਸਦੀ ਵਾਧੇ ਵਾਲਾ ਰਿਹਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਬਜਟ ਬਾਰੇ ਬੈਠਕ ਨਵੇਂ ਇਕੱਤਰਤਾ ਹਾਲ ਵਿਚ ਹੋਈ ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਕਰਨਾਲ, ਜੂਨੀਅਰ ਮੀਤ ਪ੍ਰਧਾਨ ਕੇਵਲ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਕਰਨੈਲ ਸਿੰਘ ਪੰਜੌਲੀ, ਗੁਰਬਚਨ ਸਿੰਘ ਕਰਮੂੰਵਾਲਾ, ਰਾਮਪਾਲ ਸਿੰਘ ਬੈੜੀਵਾਲ, ਨਿਰਮਲ ਸਿੰਘ ਜੌਲਾਂ, ਮੋਹਣ ਸਿੰਘ ਬੰਗੀ, ਭਜਨ ਸਿੰਘ ਸ਼ੇਰਗਿੱਲ ਤੇ ਮੰਗਲ ਸਿੰਘ ਅੰਤ੍ਰਿੰਗ ਕਮੇਟੀ ਮੈਂਬਰ ਹਾਜ਼ਰ ਹੋਏ।
ਬੈਠਕ ਦੌਰਾਨ ਅਗਾਮੀ ਸਾਲ ਦੇ ਖਰਚਿਆਂ ਨੂੰ ਪ੍ਰਵਾਨਗੀ ਦੇਣ ਹਿੱਤ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਸਾਲ 2014-15 ਦਾ ਸਾਲਾਨਾ ਬਜਟ ਪੇਸ਼ ਕੀਤਾ। ਬਜਟ ‘ਤੇ ਕੁਝ ਸਮਾਂ ਵਿਚਾਰ ਚਰਚਾ ਉਪਰੰਤ ਸਰਬਸੰਮਤੀ ਨਾਲ ਨੌਂ ਅਰਬ ਪੰਜ ਕਰੋੜ ਛੇ ਲੱਖ 52 ਹਜ਼ਾਰ 300 ਰੁਪਏ ਦੇ ਖਰਚਿਆਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ।
ਉਕਤ ਬਜਟ ਜਿਸ ਤੋਂ ਮੀਡੀਆ ਨੂੰ ਚੋਣਾਂ ਦੇ ਮੌਸਮ ਕਾਰਨ ਦੂਰ ਰੱਖਿਆ ਗਿਆ ਸੀ, ਬਾਰੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਇਸ ਬਜਟ ਵਿਚ ਜਨਰਲ ਬੋਰਡ ਫੰਡ ਲਈ 54 ਕਰੋੜ ਰੁਪਏ, ਟਰੱਸਟ ਖਰਚਿਆਂ ਲਈ 37 ਕਰੋੜ 80 ਲੱਖ ਛੇ ਹਜ਼ਾਰ 300 ਰੁਪਏ, ਵਿਦਿਅਕ ਖਰਚਿਆਂ ਲਈ 29 ਕਰੋੜ 25 ਲੱਖ 70 ਹਜ਼ਾਰ, ਧਰਮ ਪ੍ਰਚਾਰ ਲਈ 63 ਕਰੋੜ ਰੁਪਏ, ਪ੍ਰਿੰਟਿੰਗ ਪ੍ਰੈਸਾਂ ਲਈ ਛੇ ਕਰੋੜ 40 ਲੱਖ 95 ਹਜ਼ਾਰ ਰੁਪਏ, ਪ੍ਰਮੁੱਖ ਗੁਰਦੁਆਰਾ ਸਾਹਿਬਾਨ ਲਈ ਦਫਾ 85 ਤਹਿਤ ਪੰਜ ਅਰਬ 60 ਕਰੋੜ 51 ਲੱਖ 81 ਹਜ਼ਾਰ ਰੁਪਏ ਤੇ ਵਿੱਦਿਅਕ ਅਦਾਰਿਆਂ ਲਈ ਇਕ ਅਰਬ 54 ਕਰੋੜ ਅੱਠ ਲੱਖ ਰੁਪਏ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਬਜਟ ਪਿਛਲੀ ਵਾਰ ਨਾਲੋਂ 12æ283 ਫੀਸਦੀ ਦੇ ਵਾਧੇ ਨਾਲ 99 ਕਰੋੜ 80 ਹਜ਼ਾਰ 200 ਰੁਪਏ ਵੱਧ ਦਾ ਰੱਖਿਆ ਗਿਆ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਤੋਂ ਇਲਾਵਾ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਵਿਦਿਅਕ ਸੰਸਥਾਵਾਂ ਵਿਚ ਵਾਧਾ ਕਰਦਿਆਂ 13 ਨਵੇਂ ਸਕੂਲਾਂ ਤੇ ਕਾਲਜਾਂ ਦੀ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਉਸਾਰੀ ਕਾਰਜਾਂ ਨੂੰ ਮੁਕੰਮਲ ਕਰਨ ਹਿੱਤ ਲਾਏ ਜਾ ਰਹੇ ਖਰਚੇ ਵੀ ਬਜਟ ਵਿਚ ਜੋੜੇ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਆਰੰਭੇ ਗਏ ਕੈਂਸਰ ਪੀੜਤ ਫੰਡ ਲਈ ਵੀ ਬਜਟ ਵਿਚ ਪ੍ਰਮੁੱਖ ਹਿੱਸਾ ਰੱਖਿਆ ਗਿਆ ਹੈ।
ਗਰੀਬ ਤੇ ਪੱਛੜੇ ਹੋਣਹਾਰ ਸਿੱਖ ਵਿਦਿਆਰਥੀਆਂ ਦੀ ਪੜ੍ਹਾਈ ਲਈ ਰੱਖੇ ਗਏ ਫੰਡ ਨੂੰ ਵੀ ਜਾਰੀ ਰੱਖਿਆ ਜਾਵੇਗਾ। ਇਤਿਹਾਸਕ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਤੋਂ ਇਲਾਵਾ ਮਾਛੀਵਾੜੇ ਦਾ ਜੰਗਲ, ਗੁਰਦੁਆਰਾ ਗੁਰੂ ਕੇ ਬਾਗ ਦਾ ਪੁਰਾਤਨ ਬਾਗ, ਚਮਕੌਰ ਸਾਹਿਬ ਦੀ ਕੱਚੀ ਗੜ੍ਹੀ, ਫਤਿਹਗੜ੍ਹ ਸਾਹਿਬ ਦਾ ਠੰਡਾ ਬੁਰਜ, ਸ੍ਰੀ ਅਨੰਦਪੁਰ ਸਾਹਿਬ ਪੰਜ ਪੁਰਾਤਨ ਕਿਲ੍ਹਿਆਂ ਦੀ ਪੁਰਾਤਨ ਦਿਖ ਬਰਕਰਾਰ ਰੱਖਣ ਲਈ ਵਿਸ਼ੇਸ਼ ਕਾਰਜ ਆਰੰਭੇ ਗਏ ਹਨ। ਨਵੀਆਂ ਬਣ ਰਹੀਆਂ ਸਰਾਵਾਂ ਲਈ ਵੀ ਉਕਤ ਬਜਟ ਵਿਚ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ।
ਸੂਤਰਾਂ ਮੁਤਾਬਕ ਬਜਟ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਵਿਸ਼ੇਸ਼ ਵਕੀਲਾਂ ਦੀ ਵੀ ਰਾਏ ਲਈ ਗਈ ਤੇ ਉਨ੍ਹਾਂ ਦੀ ਸਹਿਮਤੀ ਉਪਰੰਤ ਹੀ ਬਜਟ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਬਜਟ ਵਿਚ ਪਹਿਲਾਂ ਦੇ ਮੁਕਾਬਲੇ ਸਿੱਖਿਆ, ਧਰਮ ਪ੍ਰਚਾਰ ਤੇ ਅੰਮ੍ਰਿਤਧਾਰੀ ਵਿਦਿਆਰਥੀਆਂ ਦੀਆਂ ਫੀਸਾਂ ਬਾਰੇ ਖਰਚਾ ਵਧਾਇਆ ਗਿਆ ਹੈ। ਇਸ ਤੋਂ ਇਲਾਵਾ ਪੰਜ ਨਵੇਂ ਕਾਲਜ ਵੀ ਖੋਲ੍ਹਣ ਦੀ ਬਜਟ ਵਿਚ ਪ੍ਰਵਾਨਗੀ ਰੱਖੀ ਗਈ ਹੈ।
Leave a Reply