ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਦਿਨਾਂ ਦੌਰਾਨ 1962 ਵਾਲੀ ਜੰਗ ਬਾਰੇ ਹੋਏ ਕੁਝ ਖੁਲਾਸਿਆਂ ਨੇ ਕਾਂਗਰਸ ਨੂੰ ਇਕ ਵਾਰ ਫਿਰ ਕਸੂਤੀ ਸਥਿਤੀ ਵਿਚ ਫਸਾ ਦਿੱਤਾ ਹੈ। ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਉਸ ਸਮੇਂ ਦੀ ਫੌਜੀ ਲੀਡਰਸ਼ਿਪ ਦੀਆਂ ਨੀਤੀਆਂ ਨੂੰ 1962 ਦੀ ਭਾਰਤ-ਚੀਨ ਜੰਗ ਵਿਚ ਭਾਰਤ ਦੀ ਨਮੋਸ਼ੀ ਭਰੀ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਹ ਖੁਲਾਸਾ ਬੇਹੱਦ ਗੁਪਤ ਰਿਪੋਰਟ ਤੱਕ ਇਕ ਆਸਟਰੇਲਿਆਈ ਪੱਤਰਕਾਰ ਦੀ ਹੋਈ ਪਹੁੰਚ ਮਗਰੋਂ ਹੋਇਆ ਹੈ।
ਅਜੇ ਵੀ ਗੁਪਤ ਦਸਤਾਵੇਜ਼ ਕਰਾਰ ਦਿੱਤੀ ਹੋਈ ‘ਦਿ ਹੈਂਡਰਸਨ ਬਰੁੱਕਜ਼’ ਰਿਪੋਰਟ ਵਿਚ ਸਰਕਾਰ ਦੀ ‘ਅੱਗੇ ਵਧ ਕੇ ਹੱਲਾ ਬੋਲਣ ਦੀ ਨੀਤੀ’ ਤੇ ਫੌਜ ਵੱਲੋਂ ਬਿਨਾਂ ਲੋੜੀਂਦੀ ਸਮਰਥਾ ਹੋਣ ਦੇ ਅਜਿਹੀ ਕਾਰਵਾਈ ਕਰਨ ਉਤੇ ਗੰਭੀਰ ਸੁਆਲ ਉਠਾਏ ਗਏ ਹਨ। ਰੱਖਿਆ ਬਾਰੇ ਪੱਤਰਿਕਾ ‘ਇੰਡੀਅਨ ਡਿਫੈਂਸ ਰਿਵਿਊ’ ਵੱਲੋਂ ਆਪਣੀ ਵੈੱਬਸਾਈਟ ‘ਤੇ ਇਸ ਰਿਪੋਰਟ ਦੇ ਕੁਝ ਹਿੱਸੇ ਪਾਏ ਗਏ ਹਨ। ਪਹਿਲਾਂ ਇਹ ਰਿਪੋਰਟ ਪੱਤਰਕਾਰ ਨੇਵਿਕ ਮੈਕਸਵੈੱਲ ਨੇ ਰਿਲੀਜ਼ ਕੀਤੀ ਸੀ।
ਜੰਗ ਬਾਰੇ ਵਿਸਥਾਰ ਵਿਚ ਰਿਪੋਰਟਿੰਗ ਕਰਨ ਵਾਲੇ ਮੈਕਸਵੈੱਲ ਨੇ ਆਪਣੀ ਵੈੱਬਸਾਈਟ ਉਤੇ ਹੈਂਡਰਸਨ ਬਰੁੱਕਸ ਰਿਪੋਰਟ ਦੇ ਕੁਝ ਅੰਸ਼ ਪਾਏ ਸਨ।ਇਸ ਬਾਰੇ ਸਰਕਾਰੀ ਤੌਰ ‘ਤੇ ਕੋਈ ਪ੍ਰਤੀਕਿਰਿਆ ਨਹੀਂ ਆਈ। ਹੈਂਡਰਸਨ ਰਿਪੋਰਟ ਵਿਚ ਸਰਕਾਰ, ਸੈਨਾ ਤੇ ਖੁਫ਼ੀਆ ਏਜੰਸੀਆਂ ਦੀ ਇਸ ਮੱਤ ਦੇ ਆਧਾਰ ‘ਤੇ ਧਾਰਨਾਵਾਂ ਬਣਾਉਣ ਲਈ ਆਲੋਚਨਾ ਕੀਤੀ ਗਈ ਹੈ ਕਿ ਚੀਨ ਦੁਸ਼ਮਣੀ ਨਹੀਂ ਵਧਾਏਗਾ, ਜਦੋਂਕਿ ਰਣਨੀਤਕ ਪੱਖੋਂ ਉਨ੍ਹਾਂ ਨੂੰ ਇਸ ਦੇ ਬਿਲਕੁਲ ਉਲਟ ਸੋਚਣਾ ਚਾਹੀਦਾ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅੱਗੇ ਵਧਣ ਦੀ ਨੀਤੀ ਤਹਿਤ ਫੌਜ ਨੇ ਉਨ੍ਹਾਂ ਖੇਤਰਾਂ ਵਿਚ ਸੈਨਿਕ ਚੌਕੀਆਂ ਕਾਇਮ ਕਰ ਲਈਆਂ ਜਿਨ੍ਹਾਂ ਉਤੇ ਚੀਨ ਦਾਅਵਾ ਜਤਾ ਰਿਹਾ ਸੀ। ਭਾਰਤ ਨੇ ਇਥੇ ਜ਼ੋਰਦਾਰ ਗਸ਼ਤ ਵੀ ਵਧਾਈ, ਜਿਸ ਨਾਲ ਟਕਰਾਅ ਦੇ ਮੌਕੇ ਵੱਧ ਗਏ। ਇਸ ਤੋਂ ਇਲਾਵਾ ਫੌਜੀ ਪੱਧਰ ਉਤੇ ਭਾਰਤ ਅਜਿਹੀ ਕਾਰਵਾਈ ਕਰਨ ਦੇ ਸਮਰੱਥ ਵੀ ਨਹੀਂ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੀ ‘ਫਾਰਵਰਡ ਪਾਲਿਸੀ’ ਨਾਲ ਟਕਰਾਅ ਦੇ ਮੌਕੇ ਵਧੇ ਸਨ।
ਵੱਖ-ਵੱਖ ਉੱਚ ਪੱਧਰ ਦੀਆਂ ਮੀਟਿੰਗਾਂ ਦੇ ਹਵਾਲੇ ਵੀ ਇਸ ਬਾਰੇ ਦਿੱਤੇ ਗਏ ਹਨ। ਅਜਿਹੀ ਇਕ ਮੀਟਿੰਗ, ਜਿਸ ਵਿਚ ਨਹਿਰੂ ਵੀ ਸ਼ਾਮਲ ਹੋਏ ਸਨ, ਰਿਪੋਰਟ ਵਿਚ ਉਸ ਬਾਰੇ ਕਿਹਾ ਗਿਆ ਹੈ ਕਿ ਸੈਨਾ ਦੇ ਹੈੱਡਕੁਆਰਟਰ ਤੇ ਉਸ ਵੇਲੇ ਦੇ ਖੁਫ਼ੀਆ ਬਿਊਰੋ ਦੇ ਡਾਇਰੈਕਟਰ ਦੀ ਰਾਏ ਇਹ ਸੀ ਕਿ ਚੀਨ, ਭਾਰਤੀ ਚੌਕੀਆਂ ਵਿਰੁੱਧ ਤਾਕਤ ਦੀ ਵਰਤੋਂ ਨਹੀਂ ਕਰੇਗਾ, ਹਾਲਾਂਕਿ ਉਹ ਭਾਵੇਂ ਅਜਿਹਾ ਕਰਨ ਦੀ ਸਮਰੱਥਾ ਵਿਚ ਸਨ।
ਰਿਪੋਰਟ ਮੁਤਾਬਕ ਸੈਨਾ ਨੇ ਪੱਛਮੀ ਕਮਾਨ ਵੱਲੋਂ ਉਠਾਏ ਸਰੋਕਾਰਾਂ ਨੂੰ ਗੌਲਿਆ ਨਹੀਂ। ਪੱਛਮੀ ਕਮਾਨ ਦਾ ਕਹਿਣਾ ਸੀ ਕਿ ਸੈਨਾ, ਇਹ ਨੀਤੀ ਲਾਗੂ ਕਰਨ ਲਈ ਤਿਆਰ ਨਹੀਂ, ਤੇ ਚੀਨ ਵੱਲੋਂ ਕਾਰਵਾਈ ਕਰਨ ‘ਤੇ ਭਾਰਤ ਦੀ ਹਾਰ ਹੋਏਗੀ। ਪੱਛਮੀ ਕਮਾਨ ਦੀ ਪੁਜ਼ੀਸ਼ਨ ਯਥਾਰਥਕ ਸੀ, ਪਰ ਸੈਨਾ ਹੈੱਡਕੁਆਰਟਰਜ਼ ਵਾਲੇ ਇਸ ਉਤੇ ਅੜੇ ਰਹੇ ਕਿ ਚੀਨ ਵਾਲੇ ਵੱਡੇ ਹਮਲੇ ਨਹੀਂ ਕਰਨਗੇ। ਮਗਰੋਂ ਇਹ ਧਾਰਨਾ ਚਿੱਤ ਹੋ ਗਈ ਕਿਉਂਕਿ ਚੀਨੀ ਫੌਜ ਅਰੁਨਾਚਲ ਪ੍ਰਦੇਸ਼ ਰਾਹੀਂ ਆਈ, ਤੇ ਲੱਦਾਖ ਦੇ ਵੱਡੇ ਹਿੱਸੇ ਕਬਜ਼ੇ ਵਿਚ ਕਰ ਲਏ। ਪੱਛਮੀ ਕਮਾਨ ਨੇ 15 ਅਗਸਤ 1962 ਨੂੰ ਸੈਨਾ ਹੈੱਡਕੁਆਰਟਰਜ਼ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਕਰਾਇਆ ਸੀ। ਨਾਲ ਹੀ ਸਿਫਾਰਸ਼ਾਂ ਕੀਤੀਆਂ ਸਨ, ਜੋ ਬਿਲਕੁਲ ਲਾਂਭੇ ਕਰ ਦਿੱਤੀਆਂ ਗਈਆਂ।
Leave a Reply