ਚੰਡੀਗੜ੍ਹ: 1988 ਵਿਚ 10ਵੀਂ ਲੋਕ ਸਭਾ ਚੋਣ ਮੌਕੇ ਜਦੋਂ ਤਰਨ ਤਾਰਨ ਲੋਕ ਸਭਾ ਹਲਕੇ ਤੋਂ ਗਰਮ ਖਿਆਲੀ ਸਿੱਖ ਆਗੂ ਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇਕਪਾਸੜ ਮੁਕਾਬਲੇ ਵਿਚ ਜੇਤੂ ਰਹੇ ਸਨ। ਇਹ ਦੇਸ਼ ਅੰਦਰ ਹੋਈਆਂ ਅੱਜ ਤੱਕ ਦੀਆਂ ਚੋਣਾਂ ਵਿਚ ਵੱਖਰੇ ਇਤਿਹਾਸ ਵਾਲਾ ਮੁਕਾਬਲਾ ਕਰਕੇ ਜਾਣਿਆ ਜਾਂਦਾ ਹੈ।
ਇਸ ਮੁਕਾਬਲੇ ਵਿਚ ਸ਼ ਮਾਨ ਉਦੋਂ ਰਾਮ ਵਿਲਾਸ ਪਾਸਵਾਨ ਤੋਂ ਬਾਅਦ ਦੂਜੇ ਅਜਿਹੇ ਉਮੀਦਵਾਰ ਸਨ ਜਿਹੜੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਨਾਲੋਂ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕਰਕੇ ਜਿੱਤੇ। ਉਸ ਮੌਕੇ ਸ਼ ਮਾਨ ਭਾਗਲਪੁਰ ਦੀ ਜੇਲ੍ਹ ਅੰਦਰ ਦੇਸ਼ ਧਰੋਹ ਦੇ ਦੋਸ਼ ਅਧੀਨ ਬੰਦ ਸਨ। ਸ਼ ਮਾਨ ਸਾਬਕਾ ਆਈæਪੀæਐਸ਼ ਅਧਿਕਾਰੀ ਸਨ। ਉਹ ਖਾਲਿਸਤਾਨ ਦੀ ਮੰਗ ਕਰਦੇ ਆ ਰਹੇ ਸਨ। ਉਹ ਸਮਾਂ ਅਜਿਹਾ ਸੀ ਜਦੋਂ ਸੂਬੇ ਅੰਦਰ ਖਾੜਕੂਵਾਦ ਦੀ ਲਹਿਰ ਭਰ ਜੋਬਨ ‘ਤੇ ਸੀ।
ਜਿਵੇਂ ਹੀ ਸ਼ ਮਾਨ ਇਸ ਹਲਕੇ ਤੋਂ ਉਮੀਦਵਾਰ ਬਣੇ, ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਉਨ੍ਹਾਂ ਦੇ ਮੁਕਾਬਲੇ ਉਮੀਦਵਾਰ ਨਾ ਉਤਾਰਿਆ। ਸਾਬਕਾ ਐਮæਪੀæ ਤਰਲੋਚਨ ਸਿੰਘ ਤੁੜ ਸਿਮਰਨਜੀਤ ਸਿੰਘ ਮਾਨ ਦੇ ਦਲ ਤੋਂ ਹੀ ਬਾਗੀ ਹੋ ਕੇ ਚੋਣ ਮੈਦਾਨ ਵਿਚ ਆ ਡਟੇ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਖੁਦ ਹੀ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ। ਨਾਮਜ਼ਦਗੀ ਪਰਚੇ ਦਾਖਲ ਕਰਦਿਆਂ ਸ਼ ਮਾਨ ਪ੍ਰਤੀ ਹਮਦਰਦੀ ਦੀ ਅਜਿਹੀ ਲਹਿਰ ਚੱਲੀ ਕਿ ਹਲਕੇ ਵਿਚ ਕਿਸੇ ਹੋਰ ਉਮੀਦਵਾਰ ਦੀ ਕੋਈ ਹੋਂਦ ਹੀ ਨਜ਼ਰ ਨਹੀਂ ਸੀ ਆ ਰਹੀ।
ਸ਼ ਮਾਨ ਦੀ ਚੋਣ ਮੁਹਿੰਮ ਦੀ ਕਮਾਂਡ ਜਾਂ ਤਾਂ ਉਨ੍ਹਾਂ ਦੇ 80 ਵਰ੍ਹਿਆਂ ਤੋਂ ਵੱਧ ਉਮਰ ਵਾਲੇ ਬਿਰਧ ਪਿਤਾ ਜੋਗਿੰਦਰ ਸਿੰਘ ਮਾਨ ਦੇ ਹੱਥ ਵਿਚ ਸੀ ਜਾਂ ਫਿਰ ਸ਼ ਰਣਜੀਤ ਸਿੰਘ ਬ੍ਰਹਮਪੁਰਾ ਸਮੇਤ ਹੋਰ ਅਕਾਲੀ ਆਗੂ ਚਲਾ ਰਹੇ ਸਨ। ਨਤੀਜਾ ਆਇਆ ਤਾਂ ਹਲਕੇ ਦੀਆਂ ਕੁੱਲ ਭੁਗਤੀਆਂ 5,99,322 ਵਿਚੋਂ ਸ਼ ਮਾਨ 5,27,707 ਵੋਟਾਂ ਲੈ ਗਏ ਤੇ ਕਾਂਗਰਸ ਦੇ ਉਮੀਦਵਾਰ ਅਜੀਤ ਸਿੰਘ ਮਾਨ ਨੂੰ 47,290 ਵੋਟਾਂ ਹੀ ਮਿਲੀਆਂ। ਰਾਜ ਅੰਦਰ ਸ਼ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿਚ ਚੱਲੀ ਲਹਿਰ ਨਾਲ ਪਟਿਆਲਾ ਤੋਂ ਉਨ੍ਹਾਂ ਦੇ ਹਮਾਇਤੀ ਅਤਿੰਦਰਪਾਲ ਸਿੰਘ, ਫਿਰੋਜ਼ਪੁਰ ਤੋਂ ਧਿਆਨ ਸਿੰਘ ਮੰਡ, ਸੰਗਰੂਰ ਤੋਂ ਰਾਜਦੇਵ ਸਿੰਘ, ਬਠਿੰਡਾ ਤੋਂ ਸੁੱਚਾ ਸਿੰਘ, ਫਰੀਦਕੋਟ ਤੋਂ ਜਗਦੇਵ ਸਿੰਘ ਖੁੱਡੀਆਂ, ਰੋਪੜ ਤੋਂ ਬੀਬੀ ਬਿਮਲ ਕੌਰ ਖਾਲਸਾ ਤੇ ਲੁਧਿਆਣਾ ਤੋਂ ਬੀਬੀ ਰਜਿੰਦਰ ਕੌਰ ਬੁਲਾਰਾ ਸਮੇਤ ਕੁਲ ਅੱਠ ਉਮੀਦਵਾਰ ਚੋਣ ਜਿੱਤ ਗਏ। ਸ਼ ਸਿਮਰਨਜੀਤ ਸਿੰਘ ਮਾਨ ਇਕ ਦਿਨ ਵੀ ਪਾਰਲੀਮੈਂਟ ਅੰਦਰ ਦਾਖਲ ਨਹੀਂ ਹੋਏ। ਉਹ ਤਿੰਨ ਫੁੱਟ ਲੰਬੀ ਕਿਰਪਾਨ ਨਾਲ ਲੈ ਕੇ ਪਾਰਲੀਮੈਂਟ ਵਿਚ ਜਾਣਾ ਚਾਹੁੰਦੇ ਸਨ ਜਿਸ ਨੂੰ ਸਰਕਾਰ ਵੱਲੋਂ ਆਗਿਆ ਨਹੀਂ ਸੀ ਦਿੱਤੀ ਜਾ ਰਹੀ।
Leave a Reply