ਪੰਜਾਬ ਵਿਚ, ਜਿਥੇ 30 ਅਪਰੈਲ ਨੂੰ ਵੋਟਾਂ ਪੈਣੀਆਂ ਹਨ, ਚੋਣ ਦ੍ਰਿਸ਼ ਬਹੁਤ ਤੇਜ਼ੀ ਨਾਲ ਅਤੇ ਬਹੁਤ ਨਾਟਕੀ ਢੰਗ ਨਾਲ ਬਦਲਿਆ ਹੈ। ਕਾਂਗਰਸ ਹਾਈ ਕਮਾਨ ਦੇ ਸਿਰਫ ਇਕ ਹੀ ਪੈਂਤੜੇ ਨੇ ਸੂਬੇ ਦਾ ਚੋਣ ਦ੍ਰਿਸ਼ ਉਕਾ ਹੀ ਬਦਲ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਕਾਂਗਰਸ ਹਾਈ ਕਮਾਨ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਮਾਰੇ ਹਨ। ਇਕ ਤਾਂ ਇਹ ਧੜੇਬੰਦੀ ਦੀ ਸ਼ਿਕਾਰ ਕਾਂਗਰਸ ਨੂੰ ਕਿਸੇ ਹੱਦ ਤੱਕ ਇਕ ਮੰਚ ‘ਤੇ ਲਿਆਉਣ ਵਿਚ ਕਾਮਯਾਬ ਰਹੀ ਹੈ, ਦੂਜੇ ਵਿਰੋਧੀ ਧਿਰ ਅਕਾਲੀ ਦਲ-ਭਾਜਪਾ ਗਠਜੋੜ ਦੀ ਚੜ੍ਹਾਈ ਨੂੰ ਠੱਲ੍ਹਣ ਦੇ ਮਾਮਲੇ ਵਿਚ ਇਸ ਦਾ ਤੀਰ ਚੱਲ ਗਿਆ ਹੈ; ਨਹੀਂ ਤਾਂ ਹਾਲਤ ਇਹ ਸੀ ਕਿ ਕੁਝ ਲੋਕ ਸਭਾ ਹਲਕਿਆਂ ਉਤੇ ਕੋਈ ਵੀ ਕਾਂਗਰਸੀ ਉਮੀਦਵਾਰ ਬਣਨ ਲਈ ਵੀ ਤਿਆਰ ਨਹੀਂ ਸੀ। ਲੁਧਿਆਣਾ ਦੇ ਮੌਜੂਦਾ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਜਿਸ ਢੰਗ ਨਾਲ ਐਨ ਮੌਕੇ ਉਤੇ ਚੋਣ ਮੈਦਾਨ ਵਿਚੋਂ ਹਟ ਗਏ ਸਨ, ਉਸ ਨੇ ਕਾਂਗਰਸ ਨੂੰ ਹੋਰ ਵੀ ਕਸੂਤੀ ਸਥਿਤੀ ਵਿਚ ਫਸਾ ਦਿੱਤਾ ਸੀ। ਉਪਰੋਂ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸੀ ਆਗੂਆਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਨ ਦੀ ਮੁਹਿੰਮ ਵਿੱਢੀ ਹੋਈ ਸੀ। ਇਨ੍ਹਾਂ ਹਾਲਾਤ ਨੇ ਬੁਰੀ ਤਰ੍ਹਾਂ ਧੜੇਬੰਦੀ ਦੀ ਸ਼ਿਕਾਰ ਪੰਜਾਬ ਕਾਂਗਰਸ ਦੀ ਹਾਲਤ ਬਹੁਤ ਜ਼ਿਆਦਾ ਪਤਲੀ ਕਰ ਛੱਡੀ ਸੀ। ਸੱਤਾਧਾਰੀ ਅਕਾਲੀ ਦਲ-ਭਾਜਪਾ ਗਠਜੋੜ ਇਕ ਤਰ੍ਹਾਂ ਨਾਲ ਚੋਣ ਮੈਦਾਨ ਵਿਚ ਬਾਘੀਆਂ ਹੀ ਪਾ ਰਿਹਾ ਸੀ, ਪਰ ਐਨ ਇਸੇ ਵੇਲੇ ਕਾਂਗਰਸ ਹਾਈ ਕਮਾਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਉਣ ਦਾ ਐਲਾਨ ਕਰ ਦਿੱਤਾ। ਇਕ ਗੱਲ ਹੋਰ ਵੀ ਦਰਜ ਕਰਨ ਵਾਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਐਤਕੀਂ ਚੋਣ ਲੜਨ ਦੇ ਮੂਡ ਵਿਚ ਨਹੀਂ ਸਨ। ਉਂਜ, ਜਿਸ ਤਰ੍ਹਾਂ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾਇਆ, ਉਨ੍ਹਾਂ ਕੋਲ ‘ਹਾਂ’ ਕਰਨ ਤੋਂ ਸਿਵਾ ਹੋਰ ਕੋਈ ਚਾਰਾ ਵੀ ਨਹੀਂ ਸੀ। ਕੈਪਟਨ ਦੇ ਇਸ ਹਲਕੇ ਤੋਂ ਖੜ੍ਹੇ ਹੋਣ ਨਾਲ ਅਕਾਲੀ-ਭਾਜਪਾ ਉਮੀਦਵਾਰ ਅਰੁਣ ਜੇਤਲੀ, ਜਿਸ ਦੀ ਜਿੱਤ ਯਕੀਨੀ ਸਮਝੀ ਜਾ ਰਹੀ ਸੀ, ਹੁਣ ਖਤਰੇ ਵਿਚ ਪੈ ਗਈ ਜਾਪਦੀ ਹੈ। ਇਸ ਸਿਆਸੀ ਉਥਲ-ਪੁਥਲ ਨਾਲ ਇਕ ਗੱਲ ਹੋਰ ਵੀ ਸਪਸ਼ਟ ਹੋ ਗਈ ਕਿ ਪੰਜਾਬ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਵਰਗਾ ਕੱਦਾਵਰ ਆਗੂ ਫਿਲਹਾਲ ਹੋਰ ਕੋਈ ਨਹੀਂ ਹੈ ਜਿਸ ਦੀ ਅਗਵਾਈ ਵਿਚ ਖੱਖੜੀਆਂ-ਕਰੇਲੇ ਹੋਈ ਪੰਜਾਬ ਕਾਂਗਰਸ ਸਹੀ ਦਿਸ਼ਾ ਵਿਚ ਤੁਰ ਸਕਦੀ। ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਤੋਂ ਬਾਅਦ ਕੈਪਟਨ ਤੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਖੋਹ ਲਈ ਗਈ ਸੀ ਪਰ ਉਨ੍ਹਾਂ ਤੋਂ ਬਾਅਦ ਜਿਸ ਸ਼ਖਸ ਨੂੰ ਪੰਜਾਬ ਕਾਂਗਰਸ ਦੀ ਵਾਗਡੋਰ ਸੌਂਪੀ ਗਈ, ਉਹ ਇਸ ਨੂੰ ਸਿਆਸੀ ਭੰਵਰ ਵਿਚੋਂ ਕੱਢਣ ਵਿਚ ਤਕਰੀਬਨ ਨਾਕਾਮ ਹੀ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪੰਜਾਬ ਕਾਂਗਰਸ ਦੀ ਕਮਾਨ, ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪੀ ਗਈ ਸੀ ਪਰ ਉਹ ਕਾਂਗਰਸ ਦੇ ਵੱਖ-ਵੱਖ ਗਰੁਪਾਂ ਨੂੰ ਨਾਲ ਲੈ ਕੇ ਚੱਲਣਾ ਤਾਂ ਇਕ ਪਾਸੇ ਰਿਹਾ, ਉਹ ਵੱਖ-ਵੱਖ ਮਸਲਿਆਂ ਉਤੇ ਪਾਰਟੀ ਵਿਚ ਇਕ ਰਾਏ ਬਣਾਉਣ ਵਿਚ ਵੀ ਬੁਰੀ ਤਰ੍ਹਾਂ ਨਾਕਾਮ ਰਹੇ। ਸਿੱਟੇ ਵਜੋਂ ਸੱਤਾਧਾਰੀ ਅਕਾਲੀ ਦਲ ਦੀਆਂ ਅੰਦਰੂਨੀ ਕਮਜ਼ੋਰੀਆਂ ਦੇ ਬਾਵਜੂਦ ਪੰਜਾਬ ਕਾਂਗਰਸ ਸੂਬੇ ਵਿਚ ਕੋਈ ਵੱਡੀ ਮੱਲ ਮਾਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ।
ਅਸਲ ਵਿਚ ਕਾਂਗਰਸ ਦਾ ਸਿੱਧਾ ਮੁਕਾਬਲਾ ਜਿਸ ਅਕਾਲੀ ਦਲ ਨਾਲ ਹੈ, ਉਸ ਨੂੰ ਬਾਦਲ ਪਿਉ-ਪੁੱਤਰ ਆਪਣੇ ਹੀ ਢੰਗ ਨਾਲ ਚਲਾ ਰਹੇ ਹਨ। ਅਕਾਲੀ ਦਲ ਦੀ ਸਾਰੀ ਤਾਕਤ ਇਸ ਵੇਲੇ ਪੂਰੀ ਤਰ੍ਹਾਂ ਬਾਦਲਾਂ ਦੇ ਹੱਥ ਹੈ। ਇਹੀ ਨਹੀਂ, ਪਿਛਲੇ ਕੁਝ ਸਾਲਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਅਕਾਲੀ ਦਲ ਅਤੇ ਸਿੱਖਾਂ ਨਾਲ ਜੁੜੀਆਂ ਸੰਸਥਾਵਾਂ ਉਤੇ ਕਬਜ਼ਾ ਕੀਤਾ ਹੈ, ਉਸ ਨੇ ਪੰਜਾਬ ਦੇ ਸਿਆਸੀ ਦ੍ਰਿਸ਼ ਵਿਚ ਬਹੁਤ ਵੱਡੀ ਤਬਦੀਲੀ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਮੁੱਖ ਕਾਰੋਬਾਰਾਂ ਨੂੰ ਜਿਸ ਢੰਗ ਨਾਲ ਦਬੋਚਿਆ ਗਿਆ ਹੈ, ਉਸ ਨੇ ਵੀ ਸੂਬੇ ਦੀ ਸਿਆਸਤ ਦਾ ਮੁਹਾਣ ਹੀ ਮੋੜ ਦਿੱਤਾ ਹੈ। ਇਹ ਤਬਦੀਲੀ ਇੰਨੇ ਮਹੀਨ ਢੰਗ ਨਾਲ ਹੋਈ ਹੈ ਕਿ ਸਾਰੇ ਇਸ ਤਬਦੀਲੀ ਵੱਲ ਬੱਸ ਦੇਖਦੇ ਹੀ ਰਹਿ ਗਏ ਹਨ। ਸਮੁੱਚੇ ਅਕਾਲੀ ਦਲ ਉਤੇ ਪਰਿਵਾਰਵਾਦ ਇੰਨਾ ਭਾਰੂ ਪੈ ਗਿਆ ਹੈ ਕਿ ਜਮਹੂਰੀਅਤ ਜਾਂ ਪੰਚ ਪ੍ਰਧਾਨੀ ਵਾਲੀ ਗੱਲ ਉਕਾ ਹੀ ਨਾਦਾਰਦ ਕਰ ਦਿੱਤੀ ਗਈ ਹੈ ਜਿਸ ਨੂੰ ਆਧਾਰ ਬਣਾ ਕੇ ਇਹ ਜਥੇਬੰਦੀ ਹੋਂਦ ਵਿਚ ਆਈ ਸੀ ਅਤੇ ਇਸ ਨੇ ਸ਼ਾਨਾਂਮੱਤੇ ਇਤਿਹਾਸ ਦੀ ਸਿਰਜਣਾ ਕੀਤੀ ਸੀ। ਬਾਦਲਾਂ ਦਾ ਇਹ ਨਵਾਂ ਪੈਂਤੜਾ ਅਕਾਲੀ ਦਲ ਲਈ ਤਾਂ ਨਿਘਾਰ ਵਾਲਾ ਹੈ ਹੀ ਸੀ, ਪੰਜਾਬ ਦੇ ਸਿਆਸੀ ਮਾਹੌਲ ਵਿਚ ਵੀ ਇਸ ਨੇ ਬਹੁਤ ਵੱਡੇ ਪੱਧਰ ਉਤੇ ਤਬਦੀਲੀ ਲਿਆਂਦੀ। ਵਿਰੋਧ ਦੀ ਆਵਾਜ਼ ਦਾ ਗਲਾ ਹੀ ਦਬਾ ਦਿੱਤਾ ਗਿਆ। ਜਿਸ ਕਾਂਗਰਸ ਉਤੇ ਪਹਿਲਾਂ ਪਰਿਵਾਰਵਾਦ ਅਤੇ ਕੁਨਬਾ-ਪਰਵਰੀ ਦੇ ਦੋਸ਼ ਆਮ ਹੀ ਲਾਏ ਜਾਂਦੇ ਸਨ, ਅਕਾਲੀ ਦਲ ਉਸ ਤੋਂ ਵੀ ਬਹੁਤ ਅਗਾਂਹ ਨਿਕਲ ਗਿਆ। ਸਿਆਸਤ ਵਿਚ ਇਸ ਨਿਘਾਰ ਦੇ ਕਾਰਨ ਭਾਵੇਂ ਹੋਰ ਵੀ ਹਨ ਅਤੇ ਇਹ ਸਿਲਸਿਲਾ ਭਾਵੇਂ ਦੇਸ਼-ਵਿਆਪੀ ਹੈ, ਪਰ ਸਿਆਸੀ ਖੇਤਰ ਵਿਚ ਜੋ ਤਬਦੀਲੀਆਂ ਪੰਜਾਬ ਵਿਚ ਹੋਈਆਂ, ਉਹ ਹੈਰਾਨ-ਪ੍ਰੇਸ਼ਾਨ ਕਰਨ ਵਾਲੀਆਂ ਹਨ। ਪੰਜਾਬ ਲਈ ਪ੍ਰੇਸ਼ਾਨ ਕਰਨ ਵਾਲੀ ਇਕ ਹੋਰ ਗੱਲ ਬਾਦਲਾਂ ਦੀ ਨਰੇਂਦਰ ਮੋਦੀ ਵਰਗੇ ਫਿਰਕੂ ਆਗੂ ਨਾਲ ਨੇੜਤਾ ਵੀ ਹੈ। ਮੋਦੀ ਉਹ ਸ਼ਖਸ ਹੈ ਜਿਹੜਾ ਸਦਾ ਹੀ ਆਰæਐਸ਼ਐਸ਼ ਦਾ ਏਜੰਡਾ ਲਾਗੂ ਕਰਨ ਲਈ ਯਤਨਸ਼ੀਲ ਰਿਹਾ ਹੈ। ਸਾਲ 2002 ਵਿਚ ਉਸ ਨੇ ਗੁਜਰਾਤ ਵਿਚ ਜੋ ਹਾਲ ਮੁਸਲਮਾਨਾਂ ਦਾ ਕੀਤਾ ਸੀ, ਉਸ ਨੂੰ ਕੋਈ ਵੀ ਸੰਵੇਦਨਸ਼ੀਲ ਇਨਸਾਨ ਕਦੀ ਅਣਗੌਲਿਆਂ ਨਹੀਂ ਕਰ ਸਕਦਾ, ਪਰ ਬਾਦਲ ਪਿਉ-ਪੁੱਤਰ ਇਸ ਸ਼ਖਸ ਨੂੰ ਵਡਿਆ ਹੀ ਨਹੀਂ ਰਹੇ, ਸਗੋਂ ਉਸ ਨੂੰ ਵਾਰ-ਵਾਰ ਪੰਜਾਬ ਆਉਣ ਦਾ ਸੱਦਾ ਵੀ ਦੇ ਰਹੇ ਹਨ। ਅਜਿਹੇ ਹਾਲਾਤ ਵਿਚ ਜਿਸ ਤਰ੍ਹਾਂ ਪੰਜਾਬ ਕਾਂਗਰਸ ਵਿਚ ਜੋ ਨਵੀਂ ਰੂਹ ਫੂਕੀ ਗਈ ਹੈ, ਉਸ ਨਾਲ ਕੁਝ ਹੱਦ ਤੱਕ ਬਾਦਲਾਂ ਦੀ ਇਸ ਸਸਤੀ ਸਿਆਸਤ ਨੂੰ ਠੱਲ੍ਹ ਤਾਂ ਪਵੇਗੀ ਹੀ। ਇਸ ਨਾਲ ਪੰਜਾਬ ਦੇ ਲੀਹ ਉਤੇ ਪੈਣ ਦੀਆਂ ਕੁਝ ਕੁ ਸੰਭਾਨਾਵਾਂ ਬਣੀਆਂ ਹਨ।
Leave a Reply