ਕੈਪਟਨ ਫਿਰ ਬਣੇ ਕਪਤਾਨ

ਪੰਜਾਬ ਕਾਂਗਰਸ ਨੂੰ ਭਰਵਾਂ ਹੁਲਾਰਾ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਨਾਲ ਪੰਜਾਬ ਦੀ ਸਿਆਸੀ ਫਿਜ਼ਾ ਕਰਵਟਾਂ ਲੈ ਰਹੀ ਹੈ। ਸੱਤਾ ਧਿਰ ਸ਼੍ਰੋਮਣੀ ਅਕਾਲ ਦਲ ਨੇ ਉਮੀਦਵਾਰਾਂ ਦਾ ਪਹਿਲਾਂ ਐਲਾਨ ਕਰ ਕੇ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾ ਲਈ ਸੀ ਤੇ ਦਾਅਵੇ ਕੀਤੇ ਜਾ ਰਹੇ ਸਨ ਕਿ ਇਸ ਵਾਰ ਚੋਣ ਮੁਕਾਬਲੇ ਇਕਪਾਸੜ ਹੀ ਹੋਣਗੇ। ਦੂਜੇ ਪਾਸੇ, ਮੁੱਖ ਵਿਰੋਧੀ ਧਿਰ ਕਾਂਗਰਸ ਭਾਵੇਂ ਕੁਝ ਦੇਰੀ ਨਾਲ ਮੈਦਾਨ ਵਿਚ ਆਈ ਪਰ ਹਾਈ ਕਮਾਨ ਦੀ ਰਣਨੀਤੀ ਨੇ ਅਕਾਲੀ ਦਲ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ।
ਕਾਂਗਰਸ ਨੇ ਇਸ ਵਾਰ ਆਪਣੇ ਮਹਾਂਰਥੀਆਂ ਨੂੰ ਮੈਦਾਨ ਵਿਚ ਉਤਾਰਿਆ ਹੈ। ਕਾਂਗਰਸੀ ਰਣਨੀਤੀ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਰੁਨ ਜੇਤਲੀ ਦੇ ਖ਼ਿਲਾਫ਼ ਮੈਦਾਨ ਵਿਚ ਉਤਾਰਿਆ ਹੈ। ਕੈਪਟਨ ਦੀ ਆਮਦ ਨੇ ਖਿੰਡੀ ਹੋਈ ਕਾਂਗਰਸ ਵਿਚ ਮੁੜ ਜਾਨ ਪਾ ਦਿੱਤੀ ਹੈ ਤੇ ਮਤਭੇਦਾਂ ਵਿਚ ਉਲਝੇ ਕਾਂਗਰਸੀ ਹੁਣ ਇਕ ਮੰਚ ਉਤੇ ਇਕੱਠੇ ਹੋ ਗਏ ਹਨ। ਕਾਂਗਰਸੀਆਂ ਦੀ ਇਕਜੁੱਟਤਾ ਤੇ ਕੈਪਟਨ ਦੇ ਚੋਣ ਮੈਦਾਨ ਵਿਚ ਨਿੱਤਰਨ ਨਾਲ ਅਕਾਲੀ-ਭਾਜਪਾ ਖੇਮੇ ਵਿਚ ਫਿਕਰ ਵਾਲਾ ਮਾਹੌਲ ਹੈ।
ਅਕਾਲੀ-ਭਾਜਪਾ ਗੱਠਜੋੜ ਬੇਸ਼ੱਕ ਕਾਂਗਰਸ ਦੀ ਰਣਨੀਤੀ ਨੂੰ ਜ਼ਿਆਦਾ ਗੰਭੀਰਤਾ ਨਾਲ ਨਾ ਲੈਣ ਦੇ ਦਾਅਵੇ ਕਰ ਰਿਹਾ ਹੈ ਪਰ ਪਿਛਲੇ ਦਿਨੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਸਣੇ ਸੀਨੀਅਰ ਅਕਾਲੀ ਆਗੂਆਂ ਵੱਲੋਂ ਕੀਤੀ ਗਈ ਨੀਵੇਂ ਪੱਧਰ ਦੀ ਬਿਆਨਬਾਜ਼ੀ ਸੱਤਾ ਧਿਰ ਦੀ ਫਿਕਰਮੰਦੀ ਜੱਗ ਜ਼ਾਹਿਰ ਕਰਦੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੇ ਵਿਰੋਧੀ ਭਾਜਪਾ ਆਗੂ ਅਰੁਨ ਜੇਤਲੀ ਨੇ ਵੀ ਹੁਣ ਅੰਮ੍ਰਿਤਸਰ ਵਿਚ ਹੀ ਡੇਰੇ ਲਾ ਲਏ ਹਨ। ਪਹਿਲਾਂ ਅਕਾਲੀ ਦਲ ਦਾਅਵੇ ਕਰ ਰਿਹਾ ਸੀ ਕਿ ਉਨ੍ਹਾਂ ਨੂੰ ਘਰ ਬੈਠੇ ਹੀ ਜਿਤਾ ਦਿੱਤਾ ਜਾਵੇਗਾ। ਕਾਂਗਰਸ ਨੇ ਨਵੀਂ ਰਣਨੀਤੀ ਤਹਿਤ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ, ਅਨੰਦਪੁਰ ਸਾਹਿਬ ਤੋਂ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ, ਫਿਰੋਜ਼ਪੁਰ ਤੋਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ, ਗੁਰਦਾਸਪੁਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਮੈਦਾਨ ਵਿਚ ਉਤਾਰਿਆ ਹੈ। ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਇਸ ਵਾਰ ਲੁਧਿਆਣਾ ਤੋਂ ਚੋਣ ਲੜਾਈ ਜਾ ਰਹੀ ਹੈ। ਕਾਂਗਰਸ ਦੇ ਇਸ ਫੈਸਲੇ ਨੂੰ ਵੀ ਸੱਤਾ ਧਿਰ ਲਈ ਵੱਡੀ ਵੰਗਾਰ ਵਜੋਂ ਵੇਖਿਆ ਜਾ ਰਿਹਾ ਹੈ। ਰਵਨੀਤ ਸਿੰਘ ਬਿੱਟੂ ਦੇ ਪਰਿਵਾਰ ਦਾ ਲੁਧਿਆਣਾ ਖੇਤਰ ਵਿਚ ਚੰਗਾ ਰਸੂਖ ਹੈ। ਇਸ ਤੋਂ ਪਹਿਲਾਂ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੂੰ ਲੁਧਿਆਣੇ ਤੋਂ ਚੋਣ ਲੜਾਈ ਜਾਣੀ ਸੀ ਪਰ ਉਹ ਆਪਣੀ ਸਿਹਤ ਖਰਾਬ ਹੋਣ ਦੇ ਆਧਾਰ ਤੋਂ ਇਸ ਜ਼ਿੰਮੇਵਾਰੀ ਤੋਂ ਜੁਆਬ ਦੇ ਗਏ ਸਨ।
ਇਸ ਤੋਂ ਇਲਾਵਾ ਮਹਿੰਦਰ ਸਿੰਘ ਕੇਪੀ ਨੂੰ ਹੁਸ਼ਿਆਰਪੁਰ (ਰਿਜ਼ਰਵ) ਤੋਂ, ਚੌਧਰੀ ਸੰਤੋਖ ਸਿੰਘ ਨੂੰ ਜਲੰਧਰ (ਰਿਜ਼ਰਵ) ਤੋਂ ਟਿਕਟ ਦਿੱਤੀ ਗਈ ਹੈ। ਹੁਸ਼ਿਆਰਪੁਰ ਤੋਂ ਕੇਪੀ ਨੂੰ ਉਮੀਦਵਾਰ ਬਣਾਉਣ ਦੇ ਪਾਰਟੀ ਦੇ ਫੈਸਲੇ ਨਾਲ ਕੇਂਦਰ ਵਿਚ ਸਿਹਤ ਰਾਜ ਮੰਤਰੀ ਸੰਤੋਸ਼ ਚੌਧਰੀ ਦੀ ਟਿਕਟ ਕੱਟੀ ਗਈ ਹੈ। ਪਾਰਟੀ ਨੇ ਨਾਭਾ ਤੋਂ ਵਿਧਾਇਕ ਸਾਧੂ ਸਿੰਘ ਧਰਮਸੋਤ ਨੂੰ ਫਤਹਿਗੜ੍ਹ ਸਾਹਿਬ (ਰਾਖਵੇਂ) ਹਲਕੇ ਅਤੇ ਜੈਤੋ ਦੇ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਆਂ ਨੂੰ ਫਰੀਦਕੋਟ ਰਾਖਵੇਂ (ਐਸ਼ਸੀæ) ਹਲਕੇ ਤੋਂ ਚੋਣ ਪਿੜ ਵਿਚ ਉਤਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦੋ ਵਿਧਾਨ ਸਭਾ ਚੋਣਾਂ, ਨਗਰ ਨਿਗਮ ਚੋਣਾਂ ਤੇ ਪੰਚਾਇਤ ਚੋਣਾਂ ਵਿਚ ਹੋਈ ਲਗਾਤਾਰ ਹਾਰ ਕਾਰਨ ਕਾਂਗਰਸੀ ਆਗੂ ਨਿਰਾਸ਼ਾ ਵਿਚ ਸਨ ਤੇ ਕਈ ਹੋਰ ਕਾਰਨਾਂ ਕਾਰਨ ਫੁੱਟ ਦਾ ਸ਼ਿਕਾਰ ਵੀ ਹੋ ਰਹੇ ਸਨ ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦਾ ਉਮੀਦਵਾਰ ਬਣਾਏ ਜਾਣ ਮਗਰੋਂ ਕਾਂਗਰਸੀ ਆਗੂਆਂ ਵਿਚ ਨਵਾਂ ਉਤਸ਼ਾਹ ਪੈਦਾ ਹੋ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ਸਰਹੱਦੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਐਲਾਨੇ ਜਾਣ ਮਗਰੋਂ ਅਕਾਲੀ ਆਗੂਆਂ ਵੱਲੋਂ ਕੈਪਟਨ ਖ਼ਿਲਾਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਸ ਵਿਚ ਕਈ ਤਰ੍ਹਾਂ ਦੇ ਦੋਸ਼ ਲਾਏ ਜਾ ਰਹੇ ਹਨ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਜੇਤਲੀ ਨੂੰ ਬਾਹਰੀ ਤੇ ਨਕਲੀ ਪੰਜਾਬੀ ਕਹਿ ਕੇ ਹਮਲਾਵਰ ਰੁਖ ਦਾ ਪ੍ਰਦਰਸ਼ਨ ਕੀਤੇ ਜਾਣ ‘ਤੇ ਭਾਜਪਾ ਖੇਮੇ ਵਿਚ ਹਲਚਲ ਹੈ। ਭਾਜਪਾ ਦੇ ਸੂਤਰਾਂ ਮੁਤਾਬਕ ਕੈਪਟਨ ਦੀ ਆਮਦ ਨਾਲ ਇਹ ਮੁਕਾਬਲਾ ਸਖ਼ਤ ਹੋ ਗਿਆ ਹੈ।
ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਸਮੇਤ ਪੁਰਾਣੇ ਕਾਂਗਰਸੀ ਆਗੂਆਂ ਨੂੰ ਇਸ ਕਰ ਕੇ ਚੋਣਾਂ ਵਿਚ ਝੋਕਿਆ ਹੈ ਤਾਂ ਕਿ ਗੁਰਦਾਸਪੁਰ ਤੋਂ ਉਨ੍ਹਾਂ ਦੀ ਆਪਣੀ ਹਾਰ ਤੋਂ ਬਾਅਦ ਇਹ ਆਗੂ ਵੀ ਵੱਡੇ ਅਹੁਦਿਆਂ ਦੇ ਦਾਅਵੇਦਾਰ ਨਾ ਬਣਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਕਾਂਗਰਸ ਦੇ ਵੇਲਾ ਵਿਹਾ ਚੁੱਕੇ ਪੁਰਾਣੇ ਮਹਾਂਰਥੀਆਂ ਨੇ ਇਕ-ਦੂਜੇ ਨੂੰ ਸਾਜ਼ਿਸ਼ਾਂ ਕਰ ਕੇ ਮੈਦਾਨ ਵਿਚ ਉਤਾਰਿਆ ਹੈ। ਇਹ ਸਟੰਟ ਜਿੱਤਣ ਲਈ ਨਹੀਂ, ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਵਰਤਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ, ਬੀਬੀ ਰਾਜਿੰਦਰ ਕੌਰ ਭੱਠਲ, ਪ੍ਰਤਾਪ ਸਿੰਘ ਬਾਜਵਾ, ਸੁਨੀਲ ਜਾਖੜ ਤੇ ਮਨੀਸ਼ ਤਿਵਾੜੀ ਸਾਰੇ ਹੀ ਚੋਣ ਲੜਨ ਤੋਂ ਭੱਜਦੇ ਰਹੇ। ਹਾਈਕਮਾਂਡ ਨੇ ਸਾਰੇ ਕਾਂਗਰਸੀ ਆਗੂਆਂ ਨੂੰ ਮੈਦਾਨ ਜਬਰੀ ਝੋਕਿਆ ਹੈ। ਸ਼ ਬਾਦਲ ਨੇ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਬਾਅਦ ਇਹ ਸਾਰੇ ਆਗੂ ਨਾ ਕੇਵਲ ਘਰੋ-ਘਰੀ ਬੈਠ ਜਾਣਗੇ ਬਲਕਿ ਕਾਂਗਰਸ ਪਾਰਟੀ ਦੇ ਵਿਨਾਸ਼ ਲਈ ਆਪਣੇ ਆਪਣੇ ਘਰੋਂ ਇਕ ਦੂਜੇ ‘ਤੇ ਇਲਜ਼ਾਮਤਰਾਸ਼ੀ ਕਰਨਗੇ।

Be the first to comment

Leave a Reply

Your email address will not be published.