ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਦਿੱਲੀ ਵਿਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਚ ਵੀ ਮੋਰਚਾ ਸੰਭਾਲ ਲਿਆ ਹੈ। ਬੇਸ਼ੱਕ ਇਸ ਵਾਰ ਵੀ ਮੁੱਖ ਮੁਕਾਬਲਾ ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸ ਵਿਚਾਲੇ ਮੰਨਿਆ ਜਾ ਰਿਹਾ ਹੈ ਪਰ ਪੰਜਾਬ ਦੇ ਲੋਕਾਂ ਅੰਦਰ ‘ਆਪ’ ਦੀ ਦਿਨੋਂ-ਦਿਨ ਵਧ ਰਹੀ ਪੈਂਠ ਕਰਕੇ ਸਾਰੀਆਂ ਹੀ ਪਾਰਟੀਆਂ ਵੱਲੋਂ ਇਸ ਨਵੀਂ ਪਾਰਟੀ ਦੀ ਸਰਗਰਮੀ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਸ਼ਰੇਆਮ ਇਹ ਮੰਨ ਚੁੱਕੇ ਹਨ ਕਿ ‘ਆਪ’ ਦੀ ਸਰਗਰਮੀ ਸੂਬੇ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਨੂੰ ਨੁਕਸਾਨ ਪਹੁੰਚਾਏਗੀ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨਾਂ ਵਿਚ ਲਗਾਤਾਰ ‘ਆਪ’ ਦਾ ਜ਼ਿਕਰ ਵੀ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਇਕ ਸਾਲ ਦੇ ਸਫ਼ਰ ਦੌਰਾਨ ਹੀ ਇਸ ਪਾਰਟੀ ਨੇ ਦੇਸ਼ ਤੇ ਪੰਜਾਬ ਦੀ ਰਾਜਨੀਤੀ ਵਿਚ ਆਪਣਾ ਅਸਰਦਾਰ ਦਖ਼ਲ ਬਣਾ ਲਿਆ ਹੈ। ‘ਆਪ’ ਨੂੰ ਪੰਜਾਬ ਅੰਦਰ ਸਭ ਤੋਂ ਵਧੇਰੇ ਹੁੰਗਾਰਾ ਸ਼ਹਿਰਾਂ ਵਿਚ ਮਿਲ ਰਿਹਾ ਹੈ ਪਰ ਪਿੰਡਾਂ ਦੀਆਂ ਸੱਥਾਂ ਵਿਚ ਕੇਜਰੀਵਾਲ ਦੀ ਹੁੰਦੀ ਚਰਚਾ ਇਸ ਗੱਲ ਦਾ ਵੀ ਸੰਕੇਤ ਹੈ ਕਿ ਉਹ ਪਿੰਡਾਂ ਦੇ ਲੋਕਾਂ ਦੇ ਦਿਲੋਂ-ਦਿਮਾਗ ਉਪਰ ਵੀ ਆਪਣਾ ਜਾਦੂਮਈ ਅਸਰ ਪਾ ਰਿਹਾ ਹੈ।
ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ, ਮਹਿੰਗਾਈ ਤੇ ਬੇਰੁਜ਼ਗਾਰੀ ਤੋਂ ਇਲਾਵਾ 1984 ਦੇ ਕਤਲੇਆਮ ਦਾ ਮਾਮਲਾ ਉਠਾ ਰਹੀ ਹੈ ਜਿਸ ਨਾਲ ਸਿੱਖ ਵੋਟਰਾਂ ਦਾ ਝੁਕਾਅ ਇਸ ਪਾਰਟੀ ਵੱਲ ਵਧ ਰਿਹਾ ਹੈ। ਦਿੱਲੀ ਵਿਚ ਸਿਰਫ 50 ਦਿਨਾਂ ਦੀ ਆਪ ਸਰਕਾਰ ਵੱਲੋਂ ਸਿੱਖ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਨਾਲ ਸਿੱਖ ਵੋਟਰਾਂ ਦੀਆਂ ਨਜ਼ਰਾਂ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ-ਦੋਵੇਂ ਪਾਰਟੀਆਂ ਰੜਕਣ ਲੱਗੀਆਂ ਹਨ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਆਮ ਆਦਮੀ ਪਾਰਟੀ ਇਸ ਵਾਰ ਰਵਾਇਤੀ ਸਿਆਸੀ ਪਾਰਟੀਆਂ ਦਾ ਤਵਾਜ਼ਨ ਜ਼ਰੂਰ ਵਿਗਾੜੇਗੀ।
ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਪੰਜਾਬ ਵਿਚ ਪਾਰਟੀ ਦੀ ਮੈਂਬਰਸ਼ਿਪ ਵਿਚ ਬਹੁਗਿਣਤੀ 35 ਸਾਲ ਤੱਕ ਦੇ ਉਮਰ ਗਰੁਪ ਦੀ ਹੈ। ਇਹ ਉਹ ਵਰਗ ਹੈ ਜਿਹੜਾ ਸਿਆਸਤ ਵਿਚ ਤਬਦੀਲੀ ਚਾਹੁੰਦਾ ਹੈ। ‘ਆਪ’ ਵੱਲੋਂ ਪੰਜਾਬ ਅੰਦਰ ਟੈਕਸਾਂ ਦਾ ਮੁੱਦਾ ਉਠਾਏ ਜਾਣ ਕਰ ਕੇ ਭਾਜਪਾ ਨੂੰ ਵਖ਼ਤ ਪੈ ਗਿਆ ਹੈ, ਕਿਉਂਕਿ ਭਾਜਪਾ ਦਾ ਵੋਟ ਬੈਂਕ ਸ਼ਹਿਰੀ ਹੈ ਤੇ ਟੈਕਸਾਂ ਦਾ ਵੀ ਜ਼ਿਆਦਾ ਬੋਝ ਇਸ ਵਰਗ ‘ਤੇ ਹੀ ਪਿਆ ਹੈ। ਦੂਜੇ ਪਾਸੇ ‘ਆਪ ਦੀ ਸਰਗਰਮੀ ਦਾ ਹੀ ਅਸਰ ਹੈ ਕਿ ਉਪ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੰਘਰਸ਼ਸ਼ੀਲ ਸੰਗਠਨਾਂ ਦੀ ਯਾਦ ਆਈ ਤੇ ਉਨ੍ਹਾਂ ਨਾਲ ਮੀਟਿੰਗਾਂ ਦਾ ਦੌਰ ਚਲਾਇਆ। ‘ਆਪ’ ਨੂੰ ਸਾਬਕਾ ਫ਼ੌਜੀ ਤੇ ਅਰਧ ਫੌਜੀ ਦਲਾਂ ਦੇ ਮੈਂਬਰਾਂ ਵੱਲੋਂ ਵੱਡਾ ਹੁੰਗਾਰਾ ਮਿਲਣਾ ਸ਼ੁਰੂ ਹੋਇਆ ਹੈ।
ਪਾਰਟੀ ਨੇ ਸੰਗਰੂਰ ਤੋਂ ਹਾਸਰਸ ਕਲਾਕਾਰ ਭਗਵੰਤ ਮਾਨ, ਲੁਧਿਆਣਾ ਤੋਂ ਐਚæਐਸ ਫੂਲਕਾ, ਚੰਡੀਗੜ੍ਹ ਤੋਂ ਅਦਾਕਾਰਾ ਗੁਲ ਪਨਾਗ, ਪਟਿਆਲਾ ਤੋਂ ਡਾæ ਧਰਮਪਾਲ ਗਾਂਧੀ, ਗੁਰਦਾਸਪੁਰ ਤੋਂ ਸੁੱਚਾ ਸਿੰਘ ਛੋਟੇਪੁਰ ਵਰਗੇ ਉਮੀਦਵਾਰ ਉਤਾਰ ਕੇ ਵਿਰੋਧੀਆਂ ਨੂੰ ਫਿਕਰ ਵਿਚ ਪਾ ਦਿੱਤਾ ਹੈ। ਆਮ ਆਦਮੀ ਪਾਰਟੀ (ਆਪ) ਨੇ ਅੰਮ੍ਰਿਤਸਰ ਹਲਕੇ ਤੋਂ ਅੱਖਾਂ ਦੇ ਨਾਮਵਰ ਡਾਕਟਰ ਦਲਜੀਤ ਸਿੰਘ ਨੂੰ ਅਤੇ ਖਡੂਰ ਸਾਹਿਬ ਤੋਂ ਭਾਈ ਬਲਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਪੰਜਾਬ ਵਿਚ ਆਪ ਅੱਠ ਉਮੀਦਵਾਰ ਐਲਾਨ ਚੁੱਕੀ ਹੈ। ਜਲੰਧਰ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਬਠਿੰਡਾ ਤੇ ਫ਼ਿਰੋਜ਼ਪੁਰ ਤੋਂ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤੇ ਜਾਣਾ ਹਾਲੇ ਬਾਕੀ ਹੈ। ਪਾਰਟੀ ਵੱਲੋਂ ਹੁਣ ਤੱਕ ਪੂਰੇ ਭਾਰਤ ਵਿਚ 350 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਆਮ ਆਦਮੀ ਪਾਰਟੀ ਚੁਣ-ਚੁਣ ਕੇ ਉਮੀਦਵਾਰ ਉਤਾਰ ਰਹੀ ਹੈ। ਪੰਜਾਬ ਦੇ ਸਾਰੇ ਉਮੀਦਵਾਰ ਸਾਫ ਸੁਥਰੇ ਅਕਸ ਵਾਲੇ ਤੇ ਸਮਾਜ ਭਲਾਈ ਦੇ ਕੰਮਾਂ ਨਾਲ ਜੁੜੇ ਹੋਏ ਹਨ। ਇਨ੍ਹਾਂ ਉਮੀਦਵਾਰਾਂ ਦਾ ਆਪਣੇ ਖੇਤਰਾਂ ਵਿਚ ਚੰਗਾ ਆਧਾਰ ਹੈ ਤੇ ਆਮ ਆਦਮੀ ਪਾਰਟੀ ਦੀ ਦੇਸ਼ ਵਿਚ ਚੱਲ ਰਹੀ ਚਰਚਾ ਦਾ ਲਾਹਾ ਇਨ੍ਹਾਂ ਨੂੰ ਮਿਲਣ ਦੀ ਉਮੀਦ ਹੈ।
Leave a Reply