ਭਾਰਤ ਦੇ ਲੋਕਤੰਤਰੀ ਕੁੰਭ ਵਿਚੋਂ ਲੋਕਤੰਤਰ ਗੁੰਮ ਹੈ, ਗੁੰਮ ਹੈ

-ਜਤਿੰਦਰ ਪਨੂੰ
‘ਇਕ ਕੁੜੀ, ਜੀਹਦਾ ਨਾਮ ਮੁਹੱਬਤ, ਗੁੰਮ ਹੈ, ਗੁੰਮ ਹੈ, ਗੁੰਮ ਹੈ’। ਸ਼ਿਵ ਬਟਾਲਵੀ ਦੇ ਲਿਖੇ ਇਸ ਗੀਤ ਦੇ ਬੋਲ ਹੁਣ ਭਾਰਤ ਦੀ ਪਾਰਲੀਮੈਂਟ ਦੀ ਚੋਣ ਪ੍ਰਕਿਰਿਆ ਦੇ ਸਬੰਧ ਵਿਚ ਇਸ ਤਰ੍ਹਾਂ ਬਦਲ ਕੇ ਕਹੇ ਜਾ ਸਕਦੇ ਹਨ ਕਿ ‘ਇੱਕ ਮੁੰਡਾ, ਜੀਹਦਾ ਨਾਮ ਲੋਕਤੰਤਰ, ਗੁੰਮ ਹੈ, ਗੁੰਮ ਹੈ ਤੇ ਗੁੰਮ ਹੀ ਗੁੰਮ ਹੈ’। ਭਾਰਤ ਵਿਚ ਲੋਕਤੰਤਰ ਦਾ ਮਹਾਂ-ਕੁੰਭ ਮੰਨੀ ਜਾਂਦੀ ਲੋਕ ਸਭਾ ਚੋਣ ਦੇ ਮੌਕੇ ਹੋਰ ਹਰ ਚੀਜ਼ ਮਿਲ ਸਕਦੀ ਹੈ, ਵੋਟ ਤੋਂ ਨੋਟ ਤੱਕ ਮਿਲ ਸਕਦੇ ਹਨ ਤੇ ਭਾਸ਼ਣ ਸੁਣਨ ਦੇ ਨਾਲ ਰਾਸ਼ਣ ਮਿਲ ਸਕਦਾ ਹੈ, ਜਿਸ ਵਿਚ ਪੇਟ ਭਰਨ ਵਾਲੇ ਅੰਨ ਤੋਂ ਲੈ ਕੇ ਮੱਤ ਮਾਰਨ ਵਾਲਾ ਨਸ਼ਾ ਵੀ ਸ਼ਾਮਲ ਹੋ ਸਕਦਾ ਹੈ, ਪਰ ਲੋਕਤੰਤਰ ਦਾ ਅਸਲੀ ਰੂਪ ਵਿਖਾਈ ਨਹੀਂ ਦਿੰਦਾ। ਨਾ ਇਹ ਮੈਦਾਨ ਵਿਚ ਨਜ਼ਰ ਆਉਂਦਾ ਹੈ, ਨਾ ਪਾਰਟੀਆਂ ਦੇ ਆਪਣੇ ਅੰਦਰ। ਹਰ ਕੋਈ ਇਸ ਦੀ ਸਿਰਫ ਚਰਚਾ ਕਰ ਕੇ ਕੰਮ ਸਾਰਦਾ ਹੈ। ਚਰਚਾ ਵੀ ਇਸ ਦੀ ਇੱਕ-ਤਰਫੀ ਹੈ, ਜਿਸ ਵਿਚ ਸਾਰੇ ਨੁਕਸ ਦੂਸਰਿਆਂ ਦੇ ਗਿਣਾਏ ਜਾਂਦੇ ਹਨ, ਆਪਣੇ ਨਹੀਂ। ਕਿਸੇ ਦੇਸ਼ ਦਾ ਕੋਈ ਪ੍ਰਬੰਧ ਕਿੰਨਾ ਬੇਸ਼ਰਮ ਹੋ ਸਕਦਾ ਹੈ, ਇਸ ਬਾਰੇ ਕਿਸੇ ਦੂਰ ਤੋਂ ਦੂਰ ਤੱਕ ਦੀ ਹੱਦ ਬਾਰੇ ਸੋਚਣ ਵਾਲਾ ਬੰਦਾ ਵੀ ਉਥੋਂ ਤੱਕ ਨਹੀਂ ਸੋਚ ਸਕਦਾ, ਜਿੱਥੋਂ ਤੱਕ ਭਾਰਤੀ ਲੋਕਤੰਤਰ ਦੀ ਰਾਜਸੀ ਬੇਸ਼ਰਮੀ ਪਹੁੰਚ ਗਈ ਹੈ।
ਅਸੀਂ ਉਨ੍ਹਾਂ ਲੋਕਾਂ ਵਿਚੋਂ ਹਾਂ, ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾ ਕੇ ਸ਼ੁਰੂ ਕੀਤੀ ਚੋਣ ਮੁਹਿੰਮ ਨੂੰ ਸਿਰਫ ਚੋਣ ਮੁਹਿੰਮ ਨਾ ਮੰਨ ਕੇ ਇਸ ਤੋਂ ਬਹੁਤ ਅੱਗੇ ਤੱਕ ਸੋਚਦੇ ਰਹੇ ਹਾਂ। ਲੜਾਈ ਦੇਸ਼ ਦੇ ਸਮੁੱਚ ਦੀ ਹੋਣ ਕਰ ਕੇ ਅਸੀਂ ਪੰਜਾਬ ਦੇ ਕਈ ਅਹਿਮ ਮੁੱਦੇ ਵੀ ਵਕਤੀ ਤੌਰ ਉਤੇ ਵਿਚਾਰਨ ਦੀ ਥਾਂ ਪਾਸੇ ਰੱਖ ਕੇ ਮੋਦੀ-ਮੁਹਿੰਮ ਨੂੰ ਭਾਰਤ ਵਿਚ ਫਿਰਕੂਪੁਣੇ ਦੇ ਇੱਕ ਹੋਰ ਝੱਖੜ ਤੋਂ ਪਹਿਲੇ ਵਾਵਰੋਲੇ ਦਾ ਰੂਪ ਮੰਨ ਕੇ ਇਸ ਬਾਰੇ ਪਾਠਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਸਾਂ।
ਬਾਬਰੀ ਮਸਜਿਦ ਦੇ ਢੱਠਣ ਦਾ ਉਹ ਦਿਨ ਸਾਨੂੰ ਯਾਦ ਹੈ, ਜਦੋਂ ਉਸ ਦੇ ਮਲਬੇ ਉਤੇ ਖੜੋ ਕੇ ਦੋ ਰਾਜਸੀ ਰੰਗ ਵਿਚ ਰੰਗੀਆਂ ਸਾਧਵੀਆਂ ਨੇ ਤਿੰਨ ਨਾਅਰੇ ਉਛਾਲ ਦਿੱਤੇ ਸਨ। ਇੱਕ ਨਾਅਰਾ ਤਾਂ ਇਹ ਲਾਇਆ ਸੀ, ‘ਯੇ ਤੋ ਏਕ ਝਾਕੀ ਹੈ, ਕਾਸ਼ੀ-ਮਥਰਾ ਬਾਕੀ ਹੈ।’ ਬਨਾਰਸ ਦੇ ਤਿੰਨ ਨਾਂ ਹਨ, ਜਿਨ੍ਹਾਂ ਵਿਚੋਂ ਇੱਕ ਬਨਾਰਸ ਹੈ, ਦੂਸਰਾ ਉਥੇ ਪਹੁੰਚ ਕੇ ਜੁੜਦੀਆਂ ਵਰੁਣ ਅਤੇ ਅਸੀ-ਦੋ ਨਦੀਆਂ ਦੇ ਸੰਗਮ ਦੇ ਕਾਰਨ ਵਾਰਾਣਸੀ ਹੈ ਅਤੇ ਉਸੇ ਦਾ ਤੀਸਰਾ ਨਾਂ ਕਾਸ਼ੀ ਹੈ। ਅਯੁੱਧਿਆ ਦਾ ਪਹਿਲਾ ਨਾਅਰਾ ‘ਯੇ ਤੋ ਏਕ ਝਾਕੀ ਹੈ, ਕਾਸ਼ੀ-ਮਥਰਾ ਬਾਕੀ ਹੈ’ ਦੱਸਦਾ ਸੀ ਕਿ ਨਵਾਂ ਨਿਸ਼ਾਨਾ ਕਾਸ਼ੀ-ਬਨਾਰਸ-ਵਾਰਾਣਸੀ ਹੋ ਸਕਦਾ ਹੈ। ਇਸ ਪਿੱਛੋਂ ਦੂਸਰਾ ਨਾਅਰਾ ਇਹ ਸੀ, ‘ਰਾਮਾ, ਕ੍ਰਿਸ਼ਨਾ, ਵਿਸ਼ਵਨਾਥ, ਤੀਨੋਂ ਲੇਂਗੇ ਏਕ ਸਾਥ।’ ਇਨ੍ਹਾਂ ਵਿਚੋਂ ਰਾਮ ਦਾ ਜਨਮ ਅਸਥਾਨ ਉਹ ਬਾਬਰੀ ਮਸਜਿਦ ਦੇ ਹੇਠ ਦੱਬਿਆ ਦੱਸਦੇ ਸਨ ਤੇ ਮਸਜਿਦ ਢਾਹ ਦਿੱਤੀ ਗਈ ਸੀ। ਕਾਸ਼ੀ ਵਿਚ ਵਿਸ਼ਵ ਨਾਥ ਜਾਂ ਸ਼ਿਵ ਭਗਵਾਨ ਦਾ ਅਸਥਾਨ ਗਿਆਨ ਵਾਪੀ ਮਸਜਿਦ ਦੀ ਥਾਂ ਦੱਸਿਆ ਜਾਂਦਾ ਹੈ ਤੇ ਉਥੇ ਹੁਣ ਇਕੱਠ ਹੋਣ ਵਾਲਾ ਹੈ। ਤੀਸਰਾ ਮਥਰਾ ਦਾ ਕ੍ਰਿਸ਼ਨ ਅਸਥਾਨ ਹੈ, ਜਿੱਥੇ ਹੁਣ ਜਾਮੀ ਮਸਜਿਦ ਹੈ। ਇਨ੍ਹਾਂ ਦੋ ਨਾਅਰਿਆਂ ਤੋਂ ਪਿੱਛੋਂ ਭੜਕੀ ਭੀੜ ਨੇ ਤੀਸਰਾ ਨਾਅਰਾ ਲਾਇਆ ਸੀ, ‘ਤੀਨ ਨਹੀਂ, ਅਬ ਤੀਸ ਹਜ਼ਾਰ, ਨਹੀਂ ਬਚੇਗਾ ਕੋਈ ਮਜ਼ਾਰ।’ ਹੁਣ ਜਦੋਂ ਇੱਕ ਰਾਜਸੀ ਆਗੂ ਨੂੰ ‘ਹਰ ਹਰ ਮੋਦੀ’ ਆਖ ਕੇ ਕਾਸ਼ੀ-ਬਨਾਰਸ ਲਿਆਂਦਾ ਜਾ ਰਿਹਾ ਹੈ ਤਾਂ ਇਸ ਤੋਂ ਕਈ ਸੰਕੇਤ ਭਾਰਤ ਦੇ ਭਵਿੱਖ ਲਈ ਮਿਲ ਸਕਦੇ ਹਨ।
ਭਾਰਤ ਦੇ ਭਵਿੱਖ ਦੇ ਉਨ੍ਹਾਂ ਸੰਕੇਤਾਂ ਕਾਰਨ ਅਸੀਂ ਪੰਜਾਬ ਦੀ ਥਾਂ ਪਿਛਲੇ ਕੁਝ ਸਮੇਂ ਤੋਂ ਦੇਸ਼ ਦੀ ਰਾਜਨੀਤੀ ਨੂੰ ਵੱਧ ਵਜ਼ਨ ਦੇ ਰਹੇ ਸਾਂ। ਇਹ ਲੜਾਈ ਧਰਮ-ਨਿਰਪੱਖ ਤੇ ਧਰਮ ਨੂੰ ਧਿਰ ਬਣਾ ਕੇ ਰਾਜਨੀਤੀ ਕਰਨ ਵਾਲਿਆਂ ਦੇ ਸਿੱਧੇ ਭੇੜ ਦੀ ਹੋਣੀ ਚਾਹੀਦੀ ਸੀ, ਪਰ ਹੋ ਨਹੀਂ ਸਕੀ। ਧਰਮ-ਨਿਰਪੱਖ ਧਿਰਾਂ ਇਕੱਠੇ ਹੋਣ ਦੇ ਰਾਹੇ ਨਹੀਂ ਪਈਆਂ, ਜਿਸ ਦੀਆਂ ਸੰਭਾਵਨਾਵਾਂ ਉਤੇ ਕਾਟਾ ਮਾਰਨ ਦੇ ਹਾਲਾਤ ਖੁਦ ਨੂੰ ਧਰਮ-ਨਿਰਪੱਖ ਅਖਵਾਉਂਦੀ ਵੱਡੀ ਧਿਰ ਕਾਂਗਰਸ ਪਾਰਟੀ ਨੇ ਪੈਦਾ ਕੀਤੇ ਹਨ। ਇਹ ਆਪਣੀ ਬੁੱਕਲ ਦੇ ਸੱਪਾਂ ਨੂੰ ਵੀ ਨਹੀਂ ਪਛਾਣ ਸਕੀ। ਜਿਹੜੇ ਲੋਕ ਇਸ ਵਿਚ ਰਹਿ ਕੇ ਇਸ ਨੂੰ ਖੱਬੀਆਂ ਤੇ ਧਰਮ-ਨਿਰਪੱਖ ਧਿਰਾਂ ਨਾਲੋਂ ਤੋੜ ਕੇ ਇੱਕ ਪਾਸੇ ਅਮਰੀਕੀ ਨੀਤੀ ਦੀ ਪਿਛਲੱਗ ਬਣਾਉਣ ਲੱਗੇ ਰਹੇ ਤੇ ਦੂਸਰੇ ਪਾਸੇ ਇਸ ਨੂੰ ਨੋਟ ਛਾਪਣ ਦੀ ਮਸ਼ੀਨ ਮੰਨ ਬੈਠੇ ਸਨ, ਪਾਰਟੀ ਦੇ ਆਗੂ ਬਣੇ ਮਾਂ-ਪੁੱਤਰ ਉਨ੍ਹਾਂ ਦੀ ਅੱਖ ਨਹੀਂ ਸਨ ਪਛਾਣ ਸਕੇ। ਹੁਣ ਉਹ ਸਾਰੇ ਆਪੋ ਆਪਣਾ ਕੰਮ ਨਿਪਟਾ ਕੇ ਉਸ ਟਿਕਾਣੇ ਵੱਲ ਜਾ ਰਹੇ ਹਨ, ਜਿੱਥੇ ਉਨ੍ਹਾਂ ਨੂੰ ਬਹੁਤ ਪਹਿਲਾਂ ਚਲੇ ਜਾਣਾ ਚਾਹੀਦਾ ਸੀ। ਨੋਟਾਂ ਨੂੰ ਮਾਂਜਾ ਮਾਰਨ ਵਾਲੇ ਆਗੂ ਹਰ ਉਸ ਪਾਰਟੀ ਵਿਚ ਜਾ ਸਕਦੇ ਹਨ, ਜਿਹੜੀ ਚਾਰ ਪੈਸੇ ਕਮਾਉਣ ਦਾ ਜਾਇਜ਼ ਜਾਂ ਨਾਜਾਇਜ਼ ਮੌਕਾ ਦੇਣ ਜੋਗੀ ਹੋਵੇ, ਪਰ ਨੀਤ ਦੇ ਖੋਟ ਵਾਲੇ ਸਾਰੇ ਲੋਕ ਇਸ ਵਕਤ ਕਾਸ਼ੀ-ਬਨਾਰਸ ਨੂੰ ਜਾਂਦੀ ‘ਮੋਦੀ ਐਕਸਪ੍ਰੈਸ’ ਦੀ ਸਵਾਰੀ ਦੇ ਯਤਨ ਕਰ ਰਹੇ ਹਨ, ਤੇ ਬੜੇ ਮਾਣ ਨਾਲ ਦੱਸਦੇ ਹਨ ਕਿ ਅਸੀਂ ਕੱਲ੍ਹ ਤੱਕ ਵੀ ਉਹ ਨਹੀਂ ਸਾਂ, ਜੋ ਲੋਕਾਂ ਨੂੰ ਦਿੱਸਦੇ ਰਹੇ ਸਾਂ।
ਇਸ ਦੀ ਇੱਕ ਮਿਸਾਲ ਇਹ ਹੈ ਕਿ ਉਤਰ ਪ੍ਰਦੇਸ਼ ਦਾ ਸਾਬਕਾ ਮੁੱਖ ਮੰਤਰੀ ਜਗਦੰਬਿਕਾ ਪਾਲ ਕਾਂਗਰਸ ਦਾ ਪੱਲਾ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਜਾ ਵੜਿਆ ਹੈ। ਜਗਦੰਬਿਕਾ ਪਾਲ ਨਾਂ ਦੇ ਇਸ ਇੱਕੋ ਲੀਡਰ ਦੀਆਂ ਕਈ ਤਹਿਆਂ ਹਨ। ਇੱਕ ਰੰਗ ਉਸ ਦਾ ਇਹ ਹੈ ਕਿ ਉਸ ਨੇ ਯੂ ਪੀ ਵਿਚ ਭਾਜਪਾ ਮੁੱਖ ਮੰਤਰੀ ਕਲਿਆਣ ਸਿੰਘ ਦੀ ਸਰਕਾਰ ਉਸ ਮੌਕੇ ਦੇ ਗਵਰਨਰ ਰੋਮੇਸ਼ ਭੰਡਾਰੀ ਨਾਲ ਸਾਜ਼ਿਸ਼ ਕਰ ਕੇ ਤੁੜਵਾਈ ਅਤੇ ਕਿਸੇ ਬਹੁ-ਸੰਮਤੀ ਦੀ ਹੋਂਦ ਤੋਂ ਬਿਨਾਂ ਉਥੋਂ ਦਾ ਮੁੱਖ ਮੰਤਰੀ ਬਣ ਕੇ ਬਹਿ ਗਿਆ ਸੀ। ਉਸ ਵੇਲੇ ਦੇਸ਼ ਵਿਚ ਪਾਰਲੀਮੈਂਟ ਚੋਣਾਂ ਹੋ ਰਹੀਆਂ ਸਨ। ਤੇਰਾਂ ਦਿਨਾਂ ਦਾ ਰਾਜ ਮਾਣ ਚੁੱਕੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਉਸ ਦੇ ਖਿਲਾਫ ਲਖਨਊ ਜਾ ਕੇ ਧਰਨਾ ਦਿੱਤਾ ਸੀ ਤੇ ਤਿੰਨਾਂ ਦਿਨਾਂ ਵਿਚ ਹਾਈ ਕੋਰਟ ਤੋਂ ਇਸ ਨੂੰ ਹੁਕਮ ਆ ਗਿਆ ਸੀ ਕਿ ਕੁਰਸੀ ਛੱਡ ਜਾਵੇ ਤੇ ਨਾਲ ਇਹ ਵੀ ਕਿ ਸਾਬਕਾ ਮੁੱਖ ਮੰਤਰੀਆਂ ਵਾਲੀ ਸੂਚੀ ਵਿਚ ਇਸ ਦਾ ਨਾਂ ਨਹੀਂ ਲਿਖਿਆ ਜਾਵੇਗਾ। ਦੂਸਰਾ ਰੰਗ ਉਸ ਦਾ ਇਹ ਹੈ ਕਿ ਅਯੁੱਧਿਆ ਵਿਚ ਬਾਬਰੀ ਮਸਜਿਦ ਢਾਹੇ ਜਾਣ ਬਾਰੇ ਲਿਬਰੇਹਾਨ ਕਮਿਸ਼ਨ ਦੀ ਰਿਪੋਰਟ ਜਦੋਂ ਆਈ ਤਾਂ ਇਸ ਕਾਂਗਰਸੀ ਆਗੂ ਜਗਦੰਬਿਕਾ ਪਾਲ ਦਾ ਨਾਂ ਮਸਜਿਦ ਢਾਹੁਣ ਵਾਲੇ ਕਾਰ-ਸੇਵਕਾਂ ਵਿਚ ਦਰਜ ਸੀ।
ਉਦੋਂ ਇਹ ਗੱਲ ਕਮਿਊਨਿਸਟ ਪਾਰਟੀ ਦੇ ਇੰਦਰਜੀਤ ਗੁਪਤਾ ਨੇ ਕਹੀ ਸੀ ਕਿ ਮਸਜਿਦ ਢਾਹੁਣ ਦੀ ਸਾਰੀ ਤਿਆਰੀ ਭਾਜਪਾ ਦੇ ਲੀਡਰਾਂ ਨੇ ਮੌਕੇ ਦੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨਾਲ ਇੱਕ ਦਿਨ ਪਹਿਲਾਂ ਉਸ ਦੇ ਘਰ ਜਾ ਕੇ ਲਾਈ ਤਿੰਨ ਘੰਟੇ ਦੀ ਮੀਟਿੰਗ ਦੌਰਾਨ ਕੀਤੀ ਸੀ, ਪਰ ਕੋਈ ਮੰਨਦਾ ਨਹੀਂ ਸੀ। ਜਦੋਂ ਰਿਪੋਰਟ ਆਈ ਤਾਂ ਜਗਦੰਬਿਕਾ ਪਾਲ ਵਰਗੇ ਕਈ ਕਾਂਗਰਸੀਆਂ ਦੇ ਨਾਂ ਉਸ ਵਿਚ ਲਿਖੇ ਹੋਏ ਪੜ੍ਹ ਕੇ ਇਹ ਮੰਨਣ ਤੋਂ ਇਨਕਾਰ ਕਰਨਾ ਔਖਾ ਹੋ ਗਿਆ ਸੀ ਕਿ ਕਈ ਸਾਲਾਂ ਤੋਂ ਬੰਦ ਪਈ ਜਿਸ ਮਸਜਿਦ ਦਾ ਤਾਲਾ ਰਾਜੀਵ ਗਾਂਧੀ ਨੇ ਖੁਲ੍ਹਵਾਇਆ ਸੀ, ਉਸ ਨੂੰ ਢਾਹੁਣ ਦਾ ਕੰਮ ਨਰਸਿਮਹਾ ਰਾਓ ਵਰਗਿਆਂ ਦੀ ਮਿਲੀਭੁਗਤ ਨਾਲ ਕੀਤਾ ਜਾਂ ਕਰਵਾਇਆ ਗਿਆ ਸੀ।
ਨੀਤੀਆਂ ਦੇ ਪੱਖ ਤੋਂ ਨਾੜੂਏ ਦੀ ਸਾਂਝ ਹੀ ਹੈ ਕਿ ਹੁਣ ਜਦੋਂ ਭਾਰਤ ਦੀ ਕਾਰਪੋਰੇਟ ਪੂੰਜੀ ਦੇ ਝੰਡਾ-ਬਰਦਾਰਾਂ ਨੇ ਇਸ਼ਾਰਾ ਕਰ ਦਿੱਤਾ ਹੈ ਕਿ ਸਾਡੀ ਅਗਲੀ ਪਸੰਦ ਭਾਰਤੀ ਜਨਤਾ ਪਾਰਟੀ ਹੈ ਤਾਂ ਕਾਂਗਰਸ ਵਿਚ ਬੈਠੇ ਫਿਰਕੂ ਰੰਗ ਵਿਚ ਰੰਗੇ ਹੋਏ ਹੀ ਨਹੀਂ, ਉਨ੍ਹਾਂ ਨਾਲ ਨੇੜਤਾ ਵਾਲੇ ਵੀ ਓਧਰ ਨੱਠ ਤੁਰੇ ਹਨ। ਇਸ ਬੇਸ਼ਰਮ ਵਰਤਾਰੇ ਦੀ ਲਾਈਨ ਏਨੀ ਲੰਮੀ ਹੈ ਕਿ ਗਿਣਤੀ ਪੂਰੀ ਹੋਣ ਤੋਂ ਪਹਿਲਾਂ ਹਰ ਵਾਰੀ ਹੋਰ ਲੰਮੀ ਹੋ ਜਾਂਦੀ ਹੈ। ਹਰਿਆਣੇ ਵਿਚ ਪਾਰਲੀਮੈਂਟ ਦੀਆਂ ਦਸ ਸੀਟਾਂ ਵਿਚੋਂ ਭਾਜਪਾ ਨੇ ਚਾਰ ਸੀਟਾਂ ਉਨ੍ਹਾਂ ਨੂੰ ਦੇ ਦਿੱਤੀਆਂ, ਜਿਹੜੇ ਇੱਕ ਮਹੀਨਾ ਪਹਿਲਾ ਤੱਕ ਕਾਂਗਰਸੀ ਆਗੂ ਸਨ, ਇੱਕ ਤਾਂ ਇੱਕ ਹਫਤਾ ਪਹਿਲਾਂ ਕਾਂਗਰਸ ਦਾ ਮੰਤਰੀ ਸੀ। ਇਹ ਸਾਰੇ ਉਹ ਹਨ, ਜਿਨ੍ਹਾਂ ਉਤੇ ਕਈ ਚਿਰਾਂ ਤੋਂ ਦੋਸ਼ ਲੱਗ ਰਿਹਾ ਸੀ ਕਿ ਇਹ ਕਾਂਗਰਸ ਪਾਰਟੀ ਵਿਚ ਡੈਪੂਟੇਸ਼ਨ ਉਤੇ ਆਏ ਹੋਏ ਹਨ, ਅੰਦਰੋਂ ਭਾਰਤੀ ਜਨਤਾ ਪਾਰਟੀ ਦਾ ਉਹ ਕੇਡਰ ਹਨ, ਜਿਹੜੇ ਬਚਪਨ ਤੋਂ ਉਸ ਨਾਲ ਜੁੜੇ ਰਹੇ ਹਨ। ਦੇਸ਼ ਦੇ ਇੱਕ ਸਾਬਕਾ ਰਾਸ਼ਟਰਪਤੀ ਦਾ ਪੁੱਤਰ, ਜਿਸ ਦਾ ਅੱਗੋਂ ਆਪਣਾ ਪੁੱਤਰ ਕਤਲ ਦੇ ਕੇਸ ਵਿਚ ਕੈਦ ਕੱਟ ਰਿਹਾ ਹੈ, ਵੀ ਇਸ ਗੱਡੀ ਵਿਚ ਸਵਾਰ ਹੋ ਗਿਆ ਸੀ, ਪਰ ਉਸ ਤੋਂ ਪਹਿਲਾਂ ਉਥੇ ਪਹੁੰਚ ਗਏ ਕਾਂਗਰਸੀਆਂ ਨੇ ਉਸ ਦੇ ਅੱਗੇ ਕੰਡੇ ਖਿਲਾਰ ਦਿੱਤੇ ਹਨ।
ਦੂਸਰੀ ਮਿਸਾਲ ਉਤਰਾਖੰਡ ਦੇ ਕਾਂਗਰਸੀ ਐਮ ਪੀ ਸੱਤਪਾਲ ਮਹਾਰਾਜ ਦੀ ਹੈ। ਪੰਜਾਬ ਦੇ ਨੂਰਮਹਿਲ ਵਿਚ ਦਿਵਿਆ ਜਯੋਤੀ ਜਾਗਰਤੀ ਸੰਸਥਾਨ ਬਣਾਉਣ ਵਾਲਾ ਬਾਬਾ ਆਸ਼ੂਤੋਸ਼ ਪਹਿਲਾਂ ਇਸੇ ਸੱਤਪਾਲ ਮਹਾਰਾਜ ਦਾ ਚੇਲਾ ਹੁੰਦਾ ਸੀ ਤੇ ‘ਦਿਵਿਆ ਜਯੋਤੀ’ ਸ਼ਬਦ ਉਸ ਨੇ ਸੱਤਪਾਲ ਮਹਾਰਾਜ ਦੇ ‘ਦਿਵਿਆ ਲਾਈਟ ਮਿਸ਼ਨ’ ਅਤੇ ‘ਦਿਵਿਆ ਸੰਦੇਸ਼ ਪ੍ਰੀਸ਼ਦ’ ਤੋਂ ਲਿਆ ਸੀ। ਸੱਤਪਾਲ ਮਹਾਰਾਜ ਵਿਦੇਸ਼ ਵਿਚ ਦਿਵਿਆ ਲਾਈਟ ਮਿਸ਼ਨ ਚਲਾਉਂਦੇ ਆਪਣੇ ਸਕੇ ਭਰਾ ਪ੍ਰੇਮ ਰਾਵਤ ਤੇ ਤੀਸਰੇ ਭਰਾ ਭੋਲੇ ਜੀ ਮਹਾਰਾਜ ਨਾਲ ਝਗੜੇ ਵਿਚ ਮਦਦ ਲੈਣ ਲਈ ਰਾਜਨੀਤੀ ਦੀਆਂ ਵੱਡੀਆਂ ਬੇੜੀਆਂ ਵਿਚ ਅਦਲ-ਬਦਲ ਕਰ ਕੇ ਸਵਾਰ ਹੋਣ ਦਾ ਸ਼ੌਕੀਨ ਹੈ। ਹੁਣ ਉਹ ਭਾਜਪਾ ਵਿਚ ਆਣ ਕੇ ਭਾਰਤੀਅਤਾ ਨੂੰ ਹਿੰਦੂਤਵ ਦੇ ਰੰਗ ਦੀ ਚਾਸ਼ਨੀ ਚਾੜ੍ਹਨ ਲਈ ਇਸ ਤਰ੍ਹਾਂ ਬੋਲ ਰਿਹਾ ਹੈ, ਜਿਵੇਂ ਸੰਸਾਰ ਉਤੇ ਇਸੇ ਮਕਸਦ ਲਈ ਆਇਆ ਹੋਵੇ। ਇੱਕ-ਦੋ ਹੋਰ ਕਾਂਗਰਸੀ ਸਾਧ ਵੀ ਅਗਲੇ ਦਿਨੀਂ ਏਧਰ ਆਉਣ ਵਾਲੇ ਹਨ।
ਕਾਂਗਰਸ ਪਾਰਟੀ ਆਖਦੀ ਹੈ ਕਿ ਇਹ ਬੁੱਕਲ ਦੇ ਸੱਪ ਸਨ। ਜਦੋਂ ਲੋਕ ਇਹੋ ਆਖਦੇ ਸਨ ਕਿ ਇਹ ਧਰਮ-ਨਿਰਪੱਖਤਾ ਦਾ ਚੋਲਾ ਪਾ ਕੇ ਨਹਿਰੂ-ਗਾਂਧੀ-ਪਟੇਲ ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਕਾਂਗਰਸ ਨੂੰ ਫਿਰਕੂਪੁਣੇ ਦੀ ਲੀਹੇ ਪਾਈ ਜਾਂਦੇ ਸਨ, ਉਦੋਂ ਕਾਂਗਰਸ ਲੀਡਰਸ਼ਿਪ ਨੇ ਇਹ ਗੱਲ ਕਦੀ ਨਹੀਂ ਸੀ ਮੰਨੀ। ਜਿਵੇਂ ਉਦੋਂ ਕਾਂਗਰਸ ਦੇ ਆਗੂਆਂ ਦੇ ਸਿਰ ਰਾਜ ਦਾ ਨਸ਼ਾ ਸਵਾਰ ਸੀ, ਅੱਜ ਇਹੋ ਨਸ਼ਾ ਉਨ੍ਹਾਂ ਦੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਸਿਰ ਸਵਾਰ ਹੈ, ਪਰ ਇੱਕ ਫਰਕ ਹੈ। ਉਹ ਸਿਰਫ ਸੱਤਾ ਦਾ ਸੁਖ ਮਾਨਣਾ ਅਤੇ ਮਾਇਆ ਦੇ ਢੇਰ ਲਾਉਣ ਲਈ ਅੱਗੇ ਆਉਣਾ ਚਾਹੁੰਦੇ ਸਨ, ਜਦ ਕਿ ਹੁਣ ਅੱਗੇ ਆਉਣ ਨੂੰ ਫਾਵੀ ਹੋਈ ਧਿਰ ਅਯੁੱਧਿਆ ਵਿਚ ਦਿੱਤੇ ਗਏ ‘ਯੇ ਤੋ ਏਕ ਝਾਕੀ ਹੈ, ਕਾਸ਼ੀ-ਮਥਰਾ ਬਾਕੀ ਹੈ’ ਵਾਲੀ ਸੋਚ ਦੇ ਨਾਅਰੇ ਨੂੰ ਸਿਰ ਵਿਚ ਲੈ ਕੇ ਚੱਲਦੀ ਹੋ ਸਕਦੀ ਹੈ।
ਜਦੋਂ ਭਾਰਤੀ ਜਨਤਾ ਪਾਰਟੀ ਇੱਕ ਇਹੋ ਜਿਹੇ ਆਗੂ ਦੇ ਹੱਥ ਕਮਾਨ ਸੌਂਪ ਚੁੱਕੀ ਹੈ, ਜਿਸ ਦੇ ਢੰਡੋਰਚੀ ਉਸ ਨੂੰ ‘ਹਰ ਹਰ ਮੋਦੀ’ ਕਹਿੰਦੇ ਹਨ, ਇਸ ਵਿਚ ਜਿਹੜੇ ਥੋੜ੍ਹੇ-ਬਹੁਤ ਸੋਚ ਦੀ ਨਰਮੀ ਰੱਖਣ ਵਾਲੇ ਲੀਡਰ ਹਨ, ਉਨ੍ਹਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ। ਰਾਜਸਥਾਨ ਵਿਚ ਜਸਵੰਤ ਸਿੰਘ ਇਸ ਵਰਤਾਰੇ ਦੀ ਮਿਸਾਲ ਹੈ। ਉਸ ਦੀ ਥਾਂ ਲਿਆਂਦਾ ਗਿਆ ਕਰਨਲ ਸੋਨਾ ਰਾਮ ਨਾ ਤਾਂ ਜਗਦੰਬਿਕਾ ਪਾਲ ਵਾਂਗ ਪੁਰਾਣਾ ਕਾਰ-ਸੇਵਕ ਹੈ, ਨਾ ਭਾਜਪਾ ਦੀ ਰਾਜਸੀ ਸੋਚ ਦੇ ਨਾਲ ਬੱਝ ਕੇ ਚੱਲ ਸਕਣ ਵਾਲਾ, ਸਿਰਫ ਇਸ ਲਈ ਲਿਆਂਦਾ ਹੈ ਕਿ ਭਾਜਪਾ ਵਿਚਲੇ ਨਰਮ-ਪੰਥੀ ਜਸਵੰਤ ਸਿੰਘ ਨੂੰ ਕੱਢਣ ਲਈ ਉਸ ਵਰਗੇ ਧੜੱਲੇਦਾਰ ਦੀ ਲੋੜ ਸੀ। ਭਾਜਪਾ ਵਰਕਰਾਂ ਦੀ ਇਹ ਦੁਬਿਧਾ ਹੈ ਕਿ ਜਿਹੜੇ ਸੋਨਾ ਰਾਮ ਨੂੰ ਹਰਾਉਣ ਲਈ ਹੁਣ ਤੱਕ ਜ਼ੋਰ ਲਾਉਂਦੇ ਰਹੇ ਸਨ, ਹੁਣ ਪਾਰਟੀ ਉਨ੍ਹਾਂ ਨੂੰ ਉਸੇ ਦੀ ਜਿੱਤ ਲਈ ਲੱਕ ਬੰਨ੍ਹਣ ਨੂੰ ਕਹਿ ਰਹੀ ਹੈ ਤਾਂ ਉਨ੍ਹਾਂ ਨੂੰ ਆਮ ਲੋਕਾਂ ਸਾਹਮਣੇ ਜਾਣ ਲਈ ਕੋਈ ਦਲੀਲ ਨਹੀਂ ਲੱਭ ਰਹੀ।
ਸੁਬਰਾਮਨੀਅਮ ਸਵਾਮੀ ਬੜਬੋਲਾ ਬੰਦਾ ਹੈ। ਇਸ ਵਰਤਾਰੇ ਦੌਰਾਨ ਉਸ ਨੇ ਟਵਿੱਟਰ ਉਤੇ ਦਰਜ ਕੀਤਾ ਹੈ ਕਿ ਮੋਦੀ ਦੀ ਲਹਿਰ ਵਿਚ ਕੂੜਾ-ਕਚਰਾ ਵੀ ਰੁੜ੍ਹ ਕੇ ਭਾਜਪਾ ਵਿਚ ਆ ਰਿਹਾ ਹੈ। ਚੋਣਾਂ ਵੇਲੇ ਜਿਹੜੇ ਲੋਕਾਂ ਨੂੰ ਉਸ ਪਾਰਟੀ ਨੇ ਇਸ ਤਰ੍ਹਾਂ ਆਪਣੇ ਗਲ਼ ਨਾਲ ਲਾਇਆ ਹੈ, ਜਿਹੜੀ ਹੁਣ ਤੱਕ ਚਾਲ, ਚਰਿਤਰ ਤੇ ਚੇਹਰੇ ਵਾਲੀ ਪਾਰਟੀ ਹੋਣ ਦੇ ਦਾਅਵੇ ਕਰਦੀ ਸੀ ਤਾਂ ਇਸ ਬਾਰੇ ਸੁਬਰਾਮਨੀਅਮ ਸਵਾਮੀ ਦੀ ਟਿੱਪਣੀ ਕਈਆਂ ਨੂੰ ਢੁਕਵੀਂ ਲੱਗੇਗੀ। ਉਨ੍ਹਾਂ ਦੇ ਏਦਾਂ ਸੋਚਣ ਵਿਚ ਕੁਝ ਗਲਤ ਨਹੀਂ ਹੋਵੇਗਾ। ਅਸੀਂ ਇਸ ਦੀ ਬਜਾਏ ਇਹ ਸੋਚਣਾ ਚਾਹਾਂਗੇ ਕਿ ਜੇ ਸਿਧਾਂਤਾਂ ਦੇ ਦਾਅਵੇ ਕਰਦੀ ਪਾਰਟੀ ਵਿਚ ਕੂੜਾ-ਕਚਰਾ ਆ ਜਾਣਾ ਹੈ ਅਤੇ ਫਿਰਕੂ ਧਾੜ ਨਾਲ ਮਿਲ ਕੇ ਮਸਜਿਦ ਢਾਹੁਣ ਵਾਲੇ ਕਾਰ-ਸੇਵਕ ਨੇ ਧਰਮ-ਨਿਰਪੱਖਤਾ ਦੇ ਤੰਬੂ ਤਾਣਨ ਵਾਲੀ ਕਾਂਗਰਸ ਦੇ ਕੁੱਛੜ ਚੜ੍ਹ ਕੇ ਵੀਹ ਸਾਲ ਮੌਜ ਮਾਣ ਲੈਣੀ ਹੈ ਤਾਂ ਕੀ ਇਸ ਨੂੰ ਵੀ ਅਸੀਂ ਲੋਕਤੰਤਰ ਮੰਨ ਲਈਏ? ਪੰਜਾਬੀ ਦਾ ਇੱਕ ਗੀਤ ‘ਦਿਲ ਤਾਂ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ, ਮੈਂ ਤਾਂ ਮੁੱਖੜਾ ਵੇਖ ਕੇ ਮਰ ਗਿਆ ਨੀਂ’ ਜਦੋਂ ਬਹੁਤ ਮਕਬੂਲ ਹੋਇਆ ਤਾਂ ਇਸ ਦੀ ਥਾਂ ਲੋਕਾਂ ਨੇ ਨਵਾਂ ਟੋਟਕਾ ‘ਪਿੰਡ ਤਾਂ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ, ਮੈਂ ਤਾਂ ਸੜਕਾਂ ਵੇਖ ਕੇ ਡਰ ਗਿਆ ਨੀਂ’ ਅਲਾਪਣਾ ਸ਼ੁਰੂ ਕਰ ਦਿੱਤਾ ਸੀ। ਇਸ ਨੂੰ ਸ਼ਾਇਦ ਪੈਰੋਡੀ ਕਿਹਾ ਜਾ ਸਕਦਾ ਹੈ। ਜੋ ਕੁਝ ਸਾਡੇ ਦੇਸ਼ ਵਿਚ ਇਸ ਚੋਣ ਮੌਕੇ ਹੁੰਦਾ ਵੇਖਿਆ ਜਾ ਰਿਹਾ ਹੈ, ਉਸ ਵਿਚ ਲੋਕਤੰਤਰ ਕਿੱਥੇ ਹੈ? ਇਹ ਤਾਂ ਲੋਕਤੰਤਰ ਦੀ ਪੈਰੋਡੀ ਜਿਹੀ ਜਾਪਦੀ ਹੈ। ਲੋਕਤੰਤਰ ਨਾਂ ਦਾ ਜਿਹੜਾ ਸੋਹਣਾ ਸੁਨੱਖਾ ਅਸੂਲਾਂ ਵਾਲਾ ਨੌਜਵਾਨ ਸੰਸਾਰ ਦੇ ਜਮਹੂਰੀਅਤ ਪਸੰਦਾਂ ਦੇ ਦਿਲਾਂ ਨੂੰ ਮੋਂਹਦਾ ਹੈ, ਭਾਰਤ ਦੇ ਲੋਕਤੰਤਰੀ ਅਖਾੜੇ ਵਿਚੋਂ ਉਹ ਲੋਕਤੰਤਰ ਗੁੰਮ ਹੈ, ਗੁੰਮ ਹੈ ਤੇ ਸੱਚਮੁੱਚ ਗੁੰਮ ਹੈ।

Be the first to comment

Leave a Reply

Your email address will not be published.