ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸਾਡੇ ਇਲਾਕੇ ਦੇ ਪਿੰਡ ਠਠਿਆਲਾ ਦੇ ਇਕ ਸੱਜਣ, ਗਿਆਨੀ ਊਧਮ ਸਿੰਘ ਮੇਰੇ ਚੰਗੇ ਜਾਣੂ ਹੁੰਦੇ ਸਨ। ਜੇਠ ਹਾੜ੍ਹ ਦੇ ਦਿਨੀਂ ਭਰ ਗਰਮੀ ਦੀ ਰੁੱਤੇ ਜਦੋਂ ਕਿਸੇ ਨੇ ਉਨ੍ਹਾਂ ਨੂੰ ਪਾਣੀ ਪਿਲਾਉਣਾ ਤਾਂ ਉਨ੍ਹਾਂ ਇਕੋ ਡੀਕੇ ਸਾਰਾ ਗਲਾਸ ਮੁਕਾ ਕੇ ਮੁੱਛਾਂ ‘ਤੇ ਹੱਥ ਫੇਰਦਿਆਂ ਹਲੀਮੀ ਨਾਲ ਆਖਣਾ, “ਓਏ ਮੱਲਿਆ, ਆਹ ਤਾਂ ਕੋਲਿਆਂ ‘ਤੇ ਹੀ ਪੈ ਗਿਆ! ‘ਸੂੰ-ਅੰ-ਅੰ’ ਦੇਣੀ ਹੋ ਗਈ ਆæææ ਇਹਨੇ ਤਾਂ ਦਗਦੇ ਕੋਲੇ ਈ ਬੁਝਾਏ ਆ ਬੱਸ! ਰੱਬ ਤੇਰਾ ਭਲਾ ਕਰੇ, ਇਕ ਗਲਾਸ ਹੋਰ ਭਰ ਦੇ!”
ਜਿਹੜਾ ਵਾਕਿਆ ਮੈਂ ਬਿਆਨ ਕਰਨ ਜਾ ਰਿਹਾਂ, ਇਹ ਵੀ ਬੱਸ ਤਪਦੇ ਹਿਰਦਿਆਂ ‘ਚੋਂ ‘ਸੂੰ-ਅੰ-ਅੰ’ ਦੀ ਆਵਾਜ਼ ਹੀ ਕੱਢ ਸਕੇਗਾ। ਗਿਆਨੀ ਊਧਮ ਸਿੰਘ ਨੂੰ ਪਾਣੀ ਪਿਲਾਉਣ ਵਾਲੇ ਤਾਂ ਹੱਸਦੇ ਹੱਸਦੇ ਦੂਜਾ ਗਲਾਸ ਫਟਾ ਫਟ ਭਰ ਦਿੰਦੇ ਸਨ, ਜਿਸ ਕਰ ਕੇ ਰੋਹੀ ਦੀ ਸਾੜਦੀ ਧੁੱਪ ‘ਚ ਉਸ ਦੇ ਅੰਦਰਲੇ ‘ਕੋਲੇ’ ਪੂਰੀ ਤਰ੍ਹਾਂ ਠੰਢੇ ਹੋ ਜਾਂਦੇ ਹੋਣਗੇ ਪਰ ਹੇਠਾਂ ਵਰਣਨ ਕੀਤੇ ਜਾ ਰਹੇ ਵਾਕਿਆ, ਹੁਣ ਲੋਪ ਹੀ ਹੁੰਦੇ ਜਾ ਰਹੇ ਹਨ!
ਇਸ ਨੂੰ ਪੜ੍ਹ-ਸੁਣ ਕੇ ‘ਇਕ ਹੋਰ ਇਕ ਹੋਰ’ ਦੀ ਮੰਗ ਕਰਨ ਵਾਲੇ ਤਪਦੇ ਹਿਰਦਿਆਂ ਦੀ ਅਰਜ਼ ਅਧੂਰੀ ਹੀ ਰਹਿ ਜਾਵੇਗੀ। ਤਪਦਿਆਂ ਨੂੰ ਹੋਰ ਸਾੜਨ ਵਾਲੀਆਂ ਘਟਨਾਵਾਂ ਬਥੇਰੀਆਂ ਵਾਪਰਦੀਆਂ ਹਨ ਪਰ ਸ਼ਾਂਤ ਕਰਨ ਵਾਲੀਆਂ ਵਿਰਲੀਆਂ।
ਲਗਦੇ ਹੱਥ ਇਹ ਨਿਤਾਰਾ ਵੀ ਕਰਦਾ ਜਾਵਾਂ ਕਿ ਇੱਥੇ ਉਨ੍ਹਾਂ ਦੁਖੀ ਹੋਣ ਵਾਲਿਆਂ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਆਪਣੇ ਦੇਸ਼ ਦੇ ਸਿਆਸੀ ਤੇ ਸਮਾਜਕ ਨਿਘਾਰ ‘ਤੇ ਹੰਝੂ ਕੇਰ ਰਹੇ ਹਨ, ਜੋ ਸਿਆਸਤ ਵਿਚ ਚਿੱਟਿਆਂ ਤੋਂ ਨੀਲੇ ਅਤੇ ਨੀਲਿਆਂ ਤੋਂ ਮੁੜ ਚਿੱਟੇ ਭਗਵੇਂ ਬਣਦੇ ਦੇਖ ਕੇ ਹਉਕੇ ਭਰਦੇ ਨੇ, ‘ਤੁਹਾਨੂੰ ਬੇਵਫਾ ਕਹਿਣਾ ਸਰਾਸਰ ਨਾ-ਮੁਨਾਸਿਬ ਹੈ। ਤੁਸੀਂ ਵਾਅਦਾ ਨਿਭਾਉਂਦੇ ਓ, ਕਦੀ ਏਧਰ ਕਦੀ ਉਧਰ।’
ਸਿਰੇ ਦੀ ਖੁਦਗਰਜ਼ੀ, ਮੌਕਾਪ੍ਰਸਤੀ ਅਤੇ ਮਤਲਬਪ੍ਰਸਤੀ ਦੀ ਕਾਲੀ ਬੋਲੀ ਹਨੇਰੀ ਵਿਚ ਧਰੂ ਤਾਰੇ ਵਾਂਗ ਸਥਿਰ ਤੇ ਅਡੋਲ ਰਹਿਣ ਵਾਲੇ ਕਿਸੇ ਦਲੇਰ ਮਰਦ ਦੀ ਗਾਥਾ, ਅਜੋਕੇ ਮਾਹੌਲ ਵਿਚ ਮਘਦੇ ਕੋਲਿਆਂ ਉਪਰ ਪਾਣੀ ਤ੍ਰੌਂਕਣ ਬਰਾਬਰ ਹੀ ਮੰਨੀ ਜਾਵੇਗੀ। ਕਿਹੜਾ ਹਿਰਦਾ ਹੈ ਜੋ ਅਜਿਹੀ ਅਲੋਕਾਰੀ ਵਾਰਤਾ ਸੁਣ ਕੇ ਠੰਢਕ ਮਹਿਸੂਸ ਨਹੀਂ ਕਰੇਗਾ? ਅਤੇ ਅਜਿਹੇ ਕਿਸੇ ਸਿਦਕੀ ਤੇ ਸਿਰੜੀ ਬੰਦੇ ਨੂੰ ਸਲਾਮ ਕਰਦਿਆਂ ਮੂੰਹੋਂ ਨਹੀਂ ਕਹਿ ਉਠੇਗਾ, ‘ਐਸੇ ਸਚਿਆਰ ਅਤੇ ਸਿਧਾਂਤਕ ਬੰਦਿਆਂ ਦੇ ਆਸਰੇ ਹੀ ਧਰਤੀ ਖੜ੍ਹੀ ਐ।’
ਇਸੇ ਵਰ੍ਹੇ, ਵੀਹ ਸੌ ਚੌਦਾਂ ਦੇ ਚੜ੍ਹਦਿਆਂ ਮੈਂ ਅਮਰੀਕਾ ਤੋਂ ਆਪਣੇ ਪਿੰਡ ਪਹੁੰਚਿਆ ਹੋਇਆ ਸਾਂ। ਇਕ ਦਿਨ ਲਾਗੇ ਚਾਗੇ ਦੇ ਪਿੰਡਾਂ ਦੇ ਮਿੱਤਰ ਮੇਲੀਆਂ ਨਾਲ ਮੇਲੇ-ਗੇਲੇ ਕਰਨ ਲਈ ਸਕੂਟਰ ‘ਤੇ ਦੌਰੇ ਚੜ੍ਹਿਆ ਹੋਇਆ ਸਾਂ। ਇਕ ਪਿੰਡ ਦੀ ਹੱਟੀ ‘ਤੇ ਵਾਹਵਾ ਝੁਰਮੁਟ ਸੀ। ਇੱਥੇ ਇਧਰਲੀਆਂ ਉਧਰਲੀਆਂ ਮਾਰਦਿਆਂ ਘੁਸਮੁਸਾ ਜਿਹਾ ਹੋ ਗਿਆ। ਜਦ ਉਥੋਂ ਤੁਰਨ ਲੱਗਾ ਤਾਂ ਮੈਨੂੰ ਉਸ ਪਿੰਡ ਦਾ ਇਕ ਗਰੀਬੜਾ ਜਿਹਾ ਬੰਦਾ ਆਪਣੇ ਘਰ ਨੂੰ ਖਿੱਚਦਾ ਬੜੇ ਮੋਹ ਨਾਲ ਕਹਿਣ ਲੱਗਾ, “ਸਾਡੇ ਘਰ ਵੀ ਚਰਨ ਪਾਓ ਮਾ’ਰਾਜ?”
ਹਨੇਰਾ ਪਲ ਪਲ ਪਸਰਦਾ ਜਾ ਰਿਹਾ ਸੀ, ਇਸ ਕਰ ਕੇ ਉਹਦੇ ਨਾਲ ਕਿਸੇ ਦਿਨ ਫੇਰ ਸਹੀ ਦਾ ਵਾਅਦਾ ਕਰ ਕੇ ਮੈਂ ਆਪਣੇ ਘਰੇ ਆ ਗਿਆ। ਇਹ ਸੱਜਣ ਸਾਡੇ ਇਲਾਕੇ ਦੇ ਇਕ ਅਰਧ-ਸਰਕਾਰੀ ਅਦਾਰੇ ਵਿਚ ਚਪੜਾਸੀ ਲੱਗਾ ਰਿਹਾ ਸੀ। ਇਹਦੇ ਬਾਰੇ ਮੈਂ ਇੰਨਾ ਕੁ ਹੀ ਜਾਣਦਾ ਸਾਂ ਕਿ ਇਹ ਵਹਿਮਾਂ-ਭਰਮਾਂ, ਕਰਮ-ਕਾਂਡਾਂ ਅਤੇ ਧਾਗੇ-ਤਵੀਤਾਂ ਦੇ ਟੂਣੇ-ਟਾਮਣਾਂ ਨੂੰ ਸਖਤ ਨਫ਼ਰਤ ਕਰਦਾ ਹੈ। ਹੁਣ ਮੈਨੂੰ ਇਧਰੋਂ-ਉਧਰੋਂ ਇਹ ਵੀ ਪਤਾ ਲੱਗਾ ਸੀ ਕਿ ਉਸ ਅਰਧ-ਸਰਕਾਰੀ ਅਦਾਰੇ ਵਿਚ ਕੋਈ ਘਪਲਾ ਹੋ ਗਿਆ। ‘ਕਰੇ ਕੋਈ, ਭਰੇ ਕੋਈ’ ਦਾ ਕੁਹਾੜਾ ਇਸ ਵਿਚਾਰੇ ‘ਤੇ ਚੱਲ ਗਿਆ। ਇਸ ਨੂੰ ਘਰੇ ਬਹਾ ਦਿੱਤਾ ਗਿਆ।
ਆਪਣੇ ਮਨ ਵਿਚ ਉਸ ਬੰਦੇ ਪ੍ਰਤੀ ਇੱਜ਼ਤ ਅਤੇ ਉਹਦੇ ਨਾਲ ਕਿਸੇ ਦਿਨ ਫੇਰ ਆਉਣ ਦੇ ਕੀਤੇ ਵਾਅਦੇ ਅਨੁਸਾਰ ਮੈਂ ਅਤਿ ਦੇ ਰੁਝੇਵੇਂ ਹੁੰਦਿਆਂ ਵੀ ਇਕ ਦੁਪਹਿਰੇ ਟਾਈਮ ਕੱਢ ਲਿਆ। ਉਸ ਦਿਨ ਮਨ ਹੀ ਮਨ ਕੁਝ ਵਿਚਾਰ ਕੇ ਮੈਂ ਸਕੂਟਰ-ਮੋਟਰਸਾਈਕਲ ਦੀ ਬਜਾਏ ਸਾਈਕਲ ਚਲਾ ਕੇ ਉਹਦੇ ਘਰ ਪਹੁੰਚਿਆ।
ਸ਼ਾਮ ਦੇ ਚਾਰ ਕੁ ਵੱਜੇ ਸਨ। ਆਪਣੇ ਸਾਧਾਰਨ ਜਿਹੇ ਘਰ ਦੇ ਵਿਹੜੇ ਵਿਚ ਖੜ੍ਹਿਆਂ, ਜਦੋਂ ਉਸ ਨੇ ਮੈਨੂੰ ਦਰਵਾਜ਼ੇ ‘ਤੇ ਆਇਆ ਦੇਖਿਆ, ਇਕ ਦਮ ਉਸ ਦੀਆਂ ਵਾਛਾਂ ਖਿੜ ਗਈਆਂ। ਉਹਦੇ ਹੱਥ ਵਿਚ ਕਾਗਜ਼ਾਂ ਦਾ ਥੱਬਾ ਤੇ ਪੈਨ ਦੇਖ ਕੇ ਮੈਂ ਪੁੱਛਿਆ ਕਿ ਇਹ ਕਾਹਦਾ ਦਫ਼ਤਰੀ ਕੰਮ ਹੋ ਰਿਹਾ ਹੈ? ਉਸ ਦੱਸਿਆ ਕਿ ਕੇਂਦਰੀ ਸਰਕਾਰ ਦੀ ਇਕ ਸਕੀਮ ਅਨੁਸਾਰ ਪੇਂਡੂ ਰਾਜ ਮਿਸਤਰੀਆਂ ਦੇ ਬੀਮੇ ਵਾਸਤੇ ਕੁਝ ਪਿੰਡਾਂ ਵਿਚ ਘੁੰਮ ਫਿਰ ਕੇ ਜ਼ਰੂਰਤਮੰਦ ਮਜ਼ਦੂਰਾਂ ਦੇ ਨਾਂ-ਪਤੇ ਇਕੱਠੇ ਕੀਤੇ ਹਨ। ਉਨ੍ਹਾਂ ਦੇ ਫਾਰਮ ਵਗੈਰਾ ਭਰ ਰਿਹਾ ਹਾਂ।
ਉਸ ਨੂੰ ਨਿਸ਼ਕਾਮ ਸੇਵਾ ਵਿਚ ਜੁਟਿਆ ਦੇਖ ਕੇ, ਮੈਨੂੰ ਉਹ ਹੋਰ ਵੀ ਚੰਗਾ ਚੰਗਾ ਲੱਗਣ ਲੱਗਾ। ਇੰਨੇ ਨੂੰ ਚਾਹ ਵੀ ਆ ਗਈ। ਸਾਡੀਆਂ ਗੱਲਾਂ ਦਾ ਮੁਹਾਣ ਹੁਣ ਉਸ ਅਰਧ-ਸਰਕਾਰੀ ਅਦਾਰੇ ਵਿਚ ਹੋਏ ਘਪਲੇ ਵੱਲ ਮੁੜ ਗਿਆ ਜਿੱਥੋਂ ਉਸ ਨੂੰ ਧੱਕੇ ਨਾਲ ਕੱਢ ਦਿੱਤਾ ਗਿਆ ਸੀ। ਸਾਰੇ ਕਾਂਡ ਦਾ ਵੇਰਵੇ ਵਾਰ ਬਿਰਤਾਂਤ ਸੁਣਾਉਂਦਿਆਂ ਉਸ ਨੇ ਆਪਣੇ ਨਾਲ ਹੋਈ ਇਕ ਹੋਰ ਜ਼ਿਆਦਤੀ ਦੱਸੀ। ਅਦਾਰੇ ‘ਤੇ ਕਾਬਜ਼ ਜੁੰਡਲੀ ਨੇ ਕਾਨੂੰਨ ਦੀਆਂ ਚੋਰ ਮੋਰੀਆਂ ਰਾਹੀਂ ਉਸ ਦਾ ਦੋ ਕੁ ਲੱਖ ਰੁਪਏ ਦਾ ਬਣਦਾ ਬਕਾਇਆ ਵੀ ਜ਼ਬਤ ਕਰ ਲਿਆ। ਉਪਰ ਥੱਲੇ ਨੱਠ ਭੱਜ ਕਰ ਕੇ ਉਸ ਨੇ ਆਪਣਾ ਬਕਾਇਆ ਲੈਣ ਦੀ ਚਾਰਾਜੋਈ ਕੀਤੀ ਵੀ, ਪਰ ਉਸ ਦੇ ਪੱਲੇ ਕੁਝ ਨਾ ਪਿਆ।
“ਮੈਂ ਤਾਂ ਜੀ ਸਬਰ ਸ਼ੁਕਰ ਕਰ ਕੇ ਬਹਿ ਗਿਆ ਸੀ।” ਉਸ ਨੇ ਆਪਣੇ ਨਾਲ ਹੋਈ ਬੇਇਨਸਾਫੀ ਦੀ ਆਖਰੀ ਲੜੀ ਸੁਣਾਉਣੀ ਸ਼ੁਰੂ ਕੀਤੀ, “ਮੋਹਰੇ ਆ ਗਈਆਂ ਵੋਟਾਂ! ਇਕ ਦਿਨ ਮੈਨੂੰ ‘ਪ੍ਰਧਾਨ’ (ਉਸ ਅਦਾਰੇ ਦਾ) ਮਿਲ ਪਿਆ। ਕਹਿੰਦਾ, ਬਈ ਕਾਮਰੇਡਾ! ਤੇਰੇ ਪੈਸਿਆਂ ਦਾ ਕੋਈ ਕਰੀਏ ਹੀਲਾ ਵਸੀਲਾ ਫਿਰ? ਮੈਂ ਕਿਹਾ ਜੀ, ਮੈਂ ਕਿਹੜਾ ਨਹੱਕੇ ਮੰਗਦਾਂ ਜੀ। ਮੇਰਾ ਹੱਕ ਹੈ, ਮੈਨੂੰ ਦਿਵਾ ਦਿਉ ਪ੍ਰਧਾਨ ਸਾ’ਬ!”
“ਚੰਗਾ ਫੇ’ ਕੱਲ੍ਹ ਸਵੇਰੇ ਆਉਨੇ ਆਂ ਤੇਰੇ ਘਰੇ।” ਪ੍ਰਧਾਨ ਨੇ ਖਚਰੀ ਜਿਹੀ ਹਾਸੀ ਹੱਸਦਿਆਂ ਕਿਹਾ।
“ਲਉ ਜੀ ਦੂਜੇ ਦਿਨ ਸਵੇਰੇ ਹੀ ਪ੍ਰਧਾਨ ਤੇ ਇਕ ਹੋਰ ਬੰਦਾ ਸਾਡੇ ਘਰ ਆ ਪਹੁੰਚੇ। ਦੋ ਚਾਰ ਹੇਠਲੀਆਂ ਉਤਲੀਆਂ ਮਾਰ ਕੇ ਪ੍ਰਧਾਨ ਨੇ ਸਿੱਧੀ ਗੱਲ ਕੀਤੀ, ਅਖੇ, ਤੇਰਾ ਜਿੰਨਾ ਬਕਾਇਆ ਬਣਦਾ ਐ, ਤੈਨੂੰ ਦੇ ਦਿੰਨੇ ਐਂ ਪਰ ਤੈਨੂੰ ਵੀ ਇਕ ਕੰਮ ਕਰਨਾ ਪੈਣਾ?
“ਉਹ ਕਿਹੜਾ ਜੀ?” ਮੈਂ ਪ੍ਰਧਾਨ ਨੂੰ ਪੁੱਛਿਆ।
ਫਿਰ ਮੈਨੂੰ ਕੁਝ ਦੱਸਣ ਦੀ ਬਜਾਏ ਪ੍ਰਧਾਨ ਨੇ ਆਪਣੇ ਝੋਲੇ ਵਿਚੋਂ ਪੀਲਾ ਕੱਪੜਾ ਕੱਢ ਕੇ, ਉਸ ਦੀਆਂ ਤਹਿਆਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ਕੁਛ ਸਮਝ ਨਾ ਲੱਗੀ। ਨਾਲ ਆਏ ਬੰਦੇ ਨੇ ਆਪਣੇ ਬੈਗ ‘ਚੋਂ ਕੈਮਰਾ ਕੱਢ ਲਿਆ। ਪ੍ਰਧਾਨ ਜੀ ਮੈਨੂੰ ਮੁਖਾਤਿਬ ਹੋਏ, “ਕਾਮਰੇਡ ਜੀ, ਆਹ ਪੱਤਰਕਾਰ ਜੀ ਆਏ ਆ, ਇਨ੍ਹਾਂ ਨੂੰ ਆਪਣਾ ਬਿਆਨ ਲਿਖਵਾ ਦੇ ਕਿ ਮੈਂ ਕਮਿਊਨਿਸਟ ਪਾਰਟੀ ਛੱਡ ਕੇ ਫਲਾਣੇ ਦਲ ਵਿਚ ਸ਼ਾਮਲ ਹੋ ਗਿਆ ਹਾਂ। ਆਹ ਸਿਰੋਪਾ ਤੇਰੇ ਗਲ ‘ਚ ਪਾ ਦੇਣਾ। ਅਖ਼ਬਾਰਾਂ ‘ਚ ਤੇਰੀ ਫੋਟੋ ਛਪ ਜਾਣੀ ਐਂ।æææ ਇੰਨੀ ਕੁ ਹਿੰਮਤ ਕਰ, ਤੇਰਾ ‘ਮਸਲਾ’ ਹੱਲ ਕਰ ਦਿਆਂਗੇ!”
“ਇੰਨੀ ਗੱਲ ਸੁਣ ਕੇ ਮੇਰੇ ਤਾਂ ਜੀ ਅੱਗ ਲੱਗ ਗਈæææਮੈਂ ਕਿਹਾ, ਸੁਣੋ ਪ੍ਰਧਾਨ ਜੀ, ਮੈਂ ਕਮਿਊਨਿਸਟ ਪਾਰਟੀ ਨਾਲ ਸਿਧਾਂਤ ਕਰ ਕੇ ਜੁੜਿਆ ਹੋਇਆ ਹਾਂ, ਕਿਸੇ ਲਾਲਚ ਕਰ ਕੇ ਨਹੀਂ। ਮੈਂ ਗਰੀਬ ਜ਼ਰੂਰ ਹਾਂ ਪਰ ‘ਵਿਕਾਊ ਮਾਲ’ ਨਹੀਂ ਹਾਂ। ਤੁਸੀਂ ਦੋ ਲੱਖ ਦੀ ਗੱਲ ਕਰਦੇ ਓ, ਮੈਂ ਆਪਣੇ ਸਿਧਾਂਤ ਲਈ ਜਾਨ ਵੀ ਦੇ ਸਕਦਾ। ਤੁਸੀਂ ਕਿੱਥੇ ਭੁੱਲੇ ਫਿਰਦੇ ਹੋ?”
ਕਾਮਰੇਡ ਦੇ ਮੂੰਹੋਂ ਇਹੋ ਜਿਹੀਆਂ ਖਰੀਆਂ ਖਰੀਆਂ ਸੁਣ ਕੇ ਪ੍ਰਧਾਨ ਤੇ ਪੱਤਰਕਾਰ ਸਿਰੋਪਾ ਸਮੇਟ ਕੇ ਉਥੋਂ ਤਿੱਤਰ ਹੋ ਗਏ। ਗੁਰਬਾਣੀ ਦੀਆਂ ਇਹ ਪੰਕਤੀਆਂ,
ਗਰੀਬੀ ਗਦਾ ਹਮਾਰੀ॥
ਇਸੁ ਆਗੈ ਕੋ ਨ ਟਿਕੈ ਵੇਕਾਰੀ॥
ਖੁਦ ਪੜ੍ਹਨ ਸੁਣਨ ਤੋਂ ਇਲਾਵਾ ਰਾਗੀਆਂ ਪਾਸੋਂ ਕੀਰਤਨ ਰੂਪ ਵਿਚ ਵੀ ਬਹੁਤ ਵਾਰੀ ਸੁਣੀਆਂ ਪਰ ਅਮਲੀ ਰੂਪ ਵਿਚ ਗਰੀਬੀ ਦੀ ਗਦਾ, ਵਿਕਾਰਾਂ ਦਾ ਮੂੰਹ ਭੰਨਦੀ ਦੇਖ ਕੇ ਮੈਂ ਗਦ ਗਦ ਹੋ ਗਿਆ।
Leave a Reply