ਜੰਗ ਵਿਚ ਘੋੜਾ ਬਦਲਣ ਵਾਲਾ ਸਿਪਾਹੀ ਕਦੇ ਨਹੀਂ ਜਿੱਤਦਾ: ਬਾਦਲ
ਬੰਗਾ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ 23 ਮਾਰਚ ਨੂੰ ਖਟਕੜ ਕਲਾਂ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵੱਲੋਂ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ਼ਹੀਦਾਂ ਨੇ ਸਰਬਪੱਖੀ ਵਿਕਾਸ ਤੇ ਭਾਈਚਾਰੇ ਦਾ ਜਿਹੜਾ ਸੁਪਨਾ ਲੈ ਕੇ ਦੇਸ਼ ਨੂੰ ਆਜ਼ਾਦ ਕਰਾਇਆ ਸੀ, ਉਸ ਨੂੰ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਮਹਿੰਗਾਈ ਵਰਗੀਆਂ ਅਲਾਮਤਾਂ ਨਾਲ ਤਾਰੋ-ਤਾਰ ਕਰਨ ਵਿਚ ਕਾਂਗਰਸ ਨੇ ਕੋਈ ਕਸਰ ਬਾਕੀ ਨਹੀਂ ਛੱਡੀ।
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਸਾਡਾ ਦੇਸ਼ ਗੋਰਿਆਂ ਤੋਂ ਤਾਂ ਆਜ਼ਾਦ ਹੋ ਗਿਆ ਸੀ ਪਰ ਅੱਜ ਆਜ਼ਾਦੀ ਤੋਂ ਬਾਅਦ ਦੇਸ਼ ‘ਤੇ ਅੱਧੀ ਸਦੀ ਤੱਕ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਤੋਂ ਆਜ਼ਾਦ ਹੋਣ ਦੀ ਲੋੜ ਹੈ। ਸ਼ ਬਾਦਲ ਨੇ ਕਾਂਗਰਸ ਉਮੀਦਵਾਰਾਂ ਦੀ ਅਦਲਾ-ਬਦਲੀ ‘ਤੇ ਵਿਅੰਗ ਕਸਦਿਆਂ ਕਿਹਾ ਕਿ ਜਿਹੜਾ ਸਿਪਾਹੀ ਜੰਗ ਵਿਚ ਘੋੜਾ ਬਦਲਦਾ ਹੈ, ਉਹ ਜਿੱਤ ਪ੍ਰਾਪਤ ਨਹੀਂ ਕਰ ਸਕਦਾ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਆਪਣੀ ਇੱਛਾ ਮੁਤਾਬਕ ਨਹੀਂ ਖੜ੍ਹੇ ਹੋ ਰਹੇ, ਸਗੋਂ ਉਨ੍ਹਾਂ ਨੂੰ ਸੋਨੀਆ ਗਾਂਧੀ ਆਪਣੇ ਹੰਟਰ ਦੇ ਜ਼ੋਰ ਨਾਲ ਖੜੇ ਕਰ ਰਹੀ ਹੈ। ਉਨ੍ਹਾਂ ਕੇਂਦਰ ਦੀ ਕਾਂਗਰਸ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਜਿਹੜੀ ਸਰਕਾਰ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਨਹੀਂ ਕਰ ਸਕਦੀ, ਉਸ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਸਮਾਰਕ ‘ਤੇ ਪੁੱਜ ਕੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।
__________________________________________
ਪੰਜਾਬ ਸਰਕਾਰ ਇਸ਼ਤਿਹਾਰਾਂ ਤੇ ਨੀਂਹ ਪੱਥਰਾਂ ਤੱਕ ਹੀ ਸਿਮਟੀ: ਲਾਲ ਸਿੰਘ
ਬੰਗਾ: ਕਾਂਗਰਸ ਪਾਰਟੀ ਵੱਲੋਂ 23 ਮਾਰਚ ਨੂੰ ਪਿੰਡ ਖਟਕੜ ਕਲਾਂ ਵਿਚ ਸ਼ਹੀਦਾਂ ਦੀ ਯਾਦ ਵਿਚ ਹੋਏ ਸ਼ਰਧਾਂਜਲੀ ਸਮਾਗਮ ਸਮੇਂ ਮੁੱਖ ਤੌਰ ‘ਤੇ ਪੁੱਜੇ ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਨੇ ਆਪਣੇ ਭਾਸ਼ਨ ਦੌਰਾਨ ਅਕਾਲੀ-ਭਾਜਪਾ ਸਰਕਾਰ ਦਾ ‘ਰਿਪੋਰਟ ਕਾਰਡ’ ਬਹੁਤ ਵਿਸਥਾਰ ਅਤੇ ਪੂਰੇ ਵੇਰਵਿਆਂ ਨਾਲ ਪੜ੍ਹਿਆ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਨੇ ਰਾਜ ਨਹੀਂ ਸੇਵਾ ਦਾ ਝਲਕਾਰਾ ਦਿਖਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਸਨ, ਹੁਣ ਉਸ ਦਾ ਸੱਚ ਸਭ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਨੀਂਹ ਪੱਥਰਾਂ ਤੇ ਇਸ਼ਤਿਹਾਰਬਾਜ਼ੀ ਤੱਕ ਸਿਮਟ ਕੇ ਰਹਿ ਗਈ ਹੈ।
ਸ਼ ਲਾਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਬੇਤਹਾਸ਼ਾ ਟੈਕਸ ਲਾ ਕੇ, ਕਰਮਚਾਰੀਆਂ ‘ਤੇ ਡੰਡਾ ਚਲਾ ਕੇ ਤੇ ਕੇਂਦਰ ਦੀਆਂ ਆਈਆਂ ਗਰਾਂਟਾਂ ਨਾਲ ਆਪਣੀ ਚੌਧਰ ਕਰਕੇ ਜੋ ਚੰਦ ਚਾੜ੍ਹੇ ਹਨ, ਉਨ੍ਹਾਂ ਦਾ ਨਿਤਾਰਾ ਲੋਕ ਸਭਾ ਚੋਣਾਂ ਵਿਚ ਹੋ ਜਾਵੇਗਾ। ਕਾਂਗਰਸ ਆਗੂ ਨੇ ਸ਼ਪਸ਼ਟ ਸ਼ਬਦਾਂ ਵਿਚ ਕਿਹਾ ਕਿ ਗੱਠਜੋੜ ਮੋਦੀ ਦੇ ਨਾਂ ‘ਤੇ ਵੋਟਾਂ ਮੰਗਣ ਤੋਂ ਇਲਾਵਾ ਹੋਰ ਕਿਸੇ ਚੋਣ ਮੁੱਦੇ ਦੀ ਗੱਲ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਰਾਂ ਦੇ ਬੁਲੰਦ ਹੌਂਸਲੇ ਦੇਖ ਕੇ ਅਕਾਲੀ-ਭਾਜਪਾ ਖੇਮਾ ਖੁਦ ਫਿਕਰਮੰਦ ਹੈ।
ਹਲਕੇ ਦੇ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਤੇ ਨਵਾਂਸ਼ਹਿਰ ਦੇ ਵਿਧਾਇਕ ਗੁਰਇਕਬਾਲ ਕੌਰ ਬਬਲੀ ਨੇ ਪਾਰਟੀ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਆਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੀ ਸਥਿਤੀ ਬਹੁਤ ਮਜ਼ਬੂਤ ਹੈ ਤੇ ਪੰਜਾਬ ਸਰਕਾਰ ਦੇ ਕਾਰਨਾਮਿਆਂ ਤੋਂ ਹਰ ਵਰਗ ਦੁਖੀ ਹੈ। ਸਮਾਗਮ ਦੌਰਾਨ ਬੁਲਾਰਿਆਂ ਨੇ ਆਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਅੰਬਿਕਾ ਸੋਨੀ ਦਾ ਗੁਣਗਾਣ ਵੀ ਕੀਤਾ। ਜ਼ਿਕਰਯੋਗ ਹੈ ਕਿ ਸਮਾਗਮ ਵਿਚ ਅੰਬਿਕਾ ਸੋਨੀ ਤੇ ਪਾਰਟੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਆਮਦ ਬਾਰੇ ਚਰਚੇ ਸਨ ਪਰ ਉਹ ਨਹੀਂ ਆਏ।
__________________________________________
ਅੱਠ ਦਹਾਕਿਆਂ ਬਾਅਦ ਮਿਲਿਆ ਸ਼ਹੀਦ ਭਗਤ ਸਿੰਘ ਦਾ ਖਤ
ਨਵੀਂ ਦਿੱਲੀ: ਦੇਸ਼ ਲਈ ਜਾਨ ਵਾਰਨ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਇਕ ਗੁੰਮ ਹੋਇਆ ਖ਼ਤ 83 ਸਾਲ ਬਾਅਦ ਸਾਹਮਣੇ ਆਇਆ ਹੈ। ਇਹ ਖ਼ਤ ਉਨ੍ਹਾਂ ਨੇ ਕ੍ਰਾਂਤੀਕਾਰੀ ਸਾਥੀ ਹਰਿਕਿਸ਼ਨ ਤਲਵਾਰ ਦੇ ਮੁਕੱਦਮੇ ਵਿਚ ਵਕੀਲਾਂ ਦੇ ਰਵੱਈਏ ਵਿਰੁੱਧ ਲਿਖਿਆ ਸੀ। ਭਗਤ ਸਿੰਘ ਦੇ ਜੀਵਨ ‘ਤੇ ਕਈ ਪੁਸਤਕਾਂ ਲਿਖ ਚੁੱਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋ: ਚਮਨ ਲਾਲ ਨੇ ਦੱਸਿਆ ਕਿ ਸ਼ਹੀਦ-ਏ-ਆਜ਼ਮ ਦਾ ਇਹ ਖ਼ਤ 83 ਸਾਲ ਬਾਅਦ ਸਾਹਮਣੇ ਆਇਆ ਹੈ ਜਿਸ ਨੂੰ ਉਨ੍ਹਾਂ ਨੇ ਆਪਣੀ ਪੁਸਤਕ ‘ਭਗਤ ਸਿੰਘ ਦੇ ਦੁਰਲੱਭ ਦਸਤਾਵੇਜ਼’ ਵਿਚ ਪ੍ਰਕਾਸ਼ਿਤ ਕੀਤਾ ਹੈ। ਹਰਿਕਿਸ਼ਨ ਤਲਵਾਰ ਨੇ 23 ਦਸੰਬਰ, 1930 ਨੂੰ ਲਾਹੌਰ ਯੂਨੀਵਰਸਿਟੀ ਦੇ ਸਮਾਗਮ ਦੌਰਾਨ ਪੰਜਾਬ ਦੇ ਤੱਤਕਾਲੀਨ ਗਵਰਨਰ ਨੂੰ ਗੋਲੀ ਚਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਮਲੇ ਵਿਚ ਉਹ ਬਚ ਗਿਆ ਸੀ ਤੇ ਇਕ ਪੁਲਿਸ ਅਧਿਕਾਰੀ ਮਾਰਿਆ ਗਿਆ ਸੀ। ਚਮਨ ਲਾਲ ਨੇ ਦੱਸਿਆ ਕਿ ਹਰਿਕਿਸ਼ਨ ਤਲਵਾਰ ਦੇ ਮੁਕੱਦਮੇ ਨੂੰ ਲੈ ਕੇ ਸ਼ਹੀਦ-ਏ-ਆਜ਼ਮ ਵੱਲੋਂ ਲਿਖਿਆ ਇਹ ਖ਼ਤ ਗੁੰਮ ਹੋ ਗਿਆ ਸੀ ਜਿਸ ਕਰਕੇ ਭਗਤ ਸਿੰਘ ਨੇ ਦੂਜਾ ਖ਼ਤ ਲਿਖਿਆ ਸੀ ਕਿ ਉਨ੍ਹਾਂ ਨੇ ਇਕ ਖ਼ਤ ਪਹਿਲਾਂ ਵੀ ਲਿਖਿਆ ਸੀ ਜੋ ਕਿਤੇ ਗੁੰਮ ਹੋ ਗਿਆ ਹੈ। ਇਸ ਲਈ ਉਨ੍ਹਾਂ ਨੂੰ ਦੂਜਾ ਖ਼ਤ ਲਿਖਣਾ ਪੈ ਰਿਹਾ ਹੈ। ਮੁਕੱਦਮੇ ਦੌਰਾਨ ਵਕੀਲਾਂ ਨੇ ਤਰਕ ਦਿੱਤਾ ਸੀ ਕਿ ਹਰਿਕਿਸ਼ਨ ਦਾ ਗਵਰਨਰ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ। ਇਸ ‘ਤੇ ਭਗਤ ਸਿੰਘ ਵਕੀਲਾਂ ਦੇ ਰਵੱਈਏ ਤੋਂ ਨਾਰਾਜ਼ ਹੋ ਗਏ। ਭਗਤ ਸਿੰਘ ਨੇ ਖ਼ਤ ਵਿਚ ਲਿਖਿਆ ਸੀ ਹਰਿਕਿਸ਼ਨ ਇਕ ਬਹਾਦਰ ਯੋਧਾ ਹੈ ਤੇ ਵਕੀਲ ਇਹ ਕਹਿ ਕੇ ਉਸ ਦਾ ਅਪਮਾਨ ਨਾ ਕਰਨ ਕਿ ਉਸ ਦਾ ਗਵਰਨਰ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ।
______________________________________________
ਲਾਹੌਰੀਆਂ ਨੇ ਕੀਤਾ ਸ਼ਹੀਦ ਭਗਤ ਸਿੰਘ ਨੂੰ ਯਾਦ
ਲਾਹੌਰ: ਪਾਕਿਸਤਾਨੀ ਸਿਵਲ ਸੁਸਾਇਟੀ ਨੇ ਮੋਮਬੱਤੀ ਮਾਰਚ ਕੀਤਾ ਤੇ ਸ਼ਹੀਦ ਭਗਤ ਸਿੰਘ ਦੇ 83ਵੇਂ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਭ ਨੇ ਸ਼ਾਦਮਾਨ ਚੌਕ ਦਾ ਨਾਮ ਸ਼ਹੀਦ ਦੇ ਨਾਮ ‘ਤੇ ਰੱਖਣ ਦੀ ਮੰਗ ਵੀ ਕੀਤੀ। ਮਾਨਵੀ ਹੱਕਾਂ ਦੇ ਵੱਡੀ ਗਿਣਤੀ ਕਾਰਕੁਨਾਂ ਨੇ ਦੇਸ਼ ਦੇ ਉੱਤਰ-ਪੂਰਬ ਵਿਚ ਪੈਂਦੇ ਚੌਕ ਵਿਚ ਸ਼ਹੀਦ ਦੀ ਫੋਟੋ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਪੀæਐਮæਐਲ਼-ਐਨ ਸਰਕਾਰ ਤੋਂ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਚੌਕ ਰੱਖੇ ਜਾਣ ਦੀ ਮੰਗ ਵੀ ਦੁਹਰਾਈ। ਇਹ ਉਹ ਅਸਥਾਨ ਹੈ ਜਿੱਥੇ 23 ਮਾਰਚ, 1931 ਨੂੰ ਬਰਤਾਨਵੀ ਸ਼ਾਸਕਾਂ ਨੇ 23 ਸਾਲ ਦੀ ਉਮਰੇ ਇਸ ਇਨਕਲਾਬੀ ਨੂੰ ਫਾਂਸੀ ਦੇ ਦਿੱਤੀ ਸੀ। ਭਗਤ ਸਿੰਘ ਫਾਊਂਡੇਸ਼ਨ ਦੇ ਬਾਨੀ ਅਬਦੁੱਲਾ ਮਲਿਕ ਨੇ ਕਿਹਾ ਕਿ ਬਿਨਾਂ ਕਿਸੇ ਧਾਰਮਿਕ ਭੇਦਭਾਵ ਦੇ ਸ਼ਹੀਦ ਦੀ ਕੁਰਬਾਨੀ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਸਾਡਾ ਨਾਇਕ ਹੈ ਤੇ ਧਾਰਮਿਕ ਕੱਟੜਪ੍ਰਸਤਾ ਦੇ ਵਿਰੋਧ ਦੇ ਬਾਵਜੂਦ ਉਹ ਉਸ ਨੂੰ ਸ਼ਰਧਾਂਜਲੀ ਭੇਟ ਕਰਦੇ ਰਹਿਣਗੇ।
Leave a Reply