ਅਕਾਲੀ ਦਲ (ਲੌਂਗੋਵਾਲ) ਵੱਲੋਂ ਕਾਂਗਰਸ ਦੀ ਹਮਾਇਤ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਨਾਲ ਚੋਣ ਗਠਜੋੜ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਕਾਂਗਰਸ ਤੇ ਲੌਂਗੋਵਾਲ ਦਲ ਦੇ ਆਗੂਆਂ ਨੇ ਸੰਕੇਤ ਦਿੱਤੇ ਕਿ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਦੋਵੇਂ ਪਾਰਟੀਆਂ ਸੀਟਾਂ ਦਾ ਲੈਣ-ਦੇਣ ਕਰਕੇ ਚੋਣ ਗੱਠਜੋੜ ਕਰਨਗੀਆਂ।
ਸ਼ ਬਰਨਾਲਾ ਨੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੀ ਪ੍ਰਧਾਨ ਸੁਰਜੀਤ ਕੌਰ ਬਰਨਾਲਾ, ਸਕੱਤਰ ਜਨਰਲ ਬਲਦੇਵ ਸਿੰਘ ਮਾਨ, ਮੀਤ ਪ੍ਰਧਾਨ ਗਗਨਜੀਤ ਸਿੰਘ ਬਰਨਾਲਾ, ਸਾਬਕਾ ਮੰਤਰੀ ਸੁਰਿੰਦਰ ਸਿੰਘ ਧੂਰੀ, ਇੰਦਰਜੀਤ ਸਿੰਘ ਜ਼ੀਰਾ ਤੇ ਸੈਂਕੜੇ ਵਰਕਰਾਂ ਸਮੇਤ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਮੰਤਰੀ ਲਾਲ ਸਿੰਘ ਤੇ ਸੰਸਦ ਮੈਂਬਰ ਵਿਜੈਇੰਦਰ ਸਿੰਗਲਾ ਦੀ ਮੌਜੂਦਗੀ ਵਿਚ ਕਾਂਗਰਸ ਦੇ ਸਮੂਹ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਲੌਂਗੋਵਾਲ ਦਲ ਵੱਲੋਂ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਇਹ ਸਮਝੌਤਾ ਆਰæਐਸ਼ਐਸ ਵੱਲੋਂ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਹਥਿਆਰ ਵਜੋਂ ਵਰਤ ਕੇ ਦੇਸ਼ ਵਿਚ ਹਿੰਦੂ ਅਤੇ ਫਿਰਕੂ ਰਾਜ ਕਾਇਮ ਕਰਨ ਲਈ ਕੀਤੀ ਜਾ ਰਹੀ ਸਾਜ਼ਿਸ਼ ਨੂੰ ਅਸਫਲ ਕਰਨ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸ੍ਰੀ ਮੋਦੀ ਦੇਸ਼ ਦੀਆਂ ਸਮੂਹ ਨਦੀਆਂ ਨੂੰ ਜੋੜਨ ਦੀ ਗੱਲ ਕਰਕੇ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਨ ਦਾ ਯਤਨ ਕਰ ਰਹੇ ਹਨ ਤੇ ਦੂਜੇ ਪਾਸੇ ਸ਼ ਬਾਦਲ ਉਨ੍ਹਾਂ ਦੇ ਸੋਹਲੇ ਗਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਾਜੀਵ-ਲੌਂਗੋਵਾਲ ਸਮਝੌਤੇ ਨੂੰ ਤਾਰਪੀਡੋ ਨਾ ਕਰਦੇ ਤਾਂ ਅੱਜ ਚੰਡੀਗੜ੍ਹ ਪੰਜਾਬ ਦਾ ਹੋਣਾ ਸੀ। ਇਸ ਮੌਕੇ ਸ਼ ਬਾਜਵਾ ਨੇ ਕਿਹਾ ਕਿ ਲੌਂਗੋਵਾਲ ਦਲ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਹੋਈ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਬਿਨਾਂ ਸ਼ਰਤ ਕੀਤਾ ਹੈ, ਜਿਸ ਦਾ ਚੋਣਾਂ ਦੌਰਾਨ ਖਾਸ ਕਰਕੇ ਸੰਗਰੂਰ ਸਮੇਤ ਸਾਰੇ ਪੰਜਾਬ ਵਿਚ ਕਾਂਗਰਸ ਦੇ ਉਮੀਦਵਾਰਾਂ ਨੂੰ ਲਾਭ ਮਿਲੇਗਾ।
ਉਨ੍ਹਾਂ ਦੋਸ਼ ਲਾਇਆ ਕਿ ਸ਼ ਬਾਦਲ ਨੇ ਸਿੱਖਾਂ ਦੇ ਮੱਕੇ ਵਜੋਂ ਜਾਣੇ ਜਾਂਦੇ ਅੰਮ੍ਰਿਤਸਰ ਵਿਖੇ ਭਾਜਪਾ ਦੇ ਬਾਹਰੀ ਆਗੂ ਅਰੁਣ ਜੇਤਲੀ ਨੂੰ ਚੋਣ ਲੜਾ ਕੇ ਰਵਾਇਤਾਂ ਦੀ ਉਲੰਘਣਾ ਕੀਤੀ ਹੈ। ਸ਼ ਬਾਦਲ ਦਾ ਇੱਕੋ ਮਨੋਰਥ ਹੈ ਕਿ ਉਹ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿਚ ਮੰਤਰੀ ਦੇਖਣਾ ਚਾਹੁੰਦੇ ਹਨ। ਇਸ ਮੌਕੇ ਬੀਬੀ ਭੱਠਲ ਨੇ ਸਪੱਸ਼ਟ ਕੀਤਾ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜ ਰਹੇ ਕਿਉਂਕਿ ਉਨ੍ਹਾਂ ਦੇ ਸੰਗਰੂਰ ਲੋਕ ਸਭਾ ਹਲਕੇ ਦੇ ਮੌਜੂਦਾ ਸੰਸਦ ਮੈਂਬਰ ਵਿਜੈਇੰਦਰ ਸਿੰਗਲਾ ਇਕ ਮਜ਼ਬੂਤ ਉਮੀਦਵਾਰ ਹਨ।
____________________________________________
ਬਠਿੰਡੇ ਤੋਂ ਮਨਪ੍ਰੀਤ ਨਾਲ ਡਟੇ ਕਾਮਰੇਡ
ਬਠਿੰਡਾ: ਬਠਿੰਡਾ ਲੋਕ ਸਭਾ ਹਲਕੇ ਦੀ ਰਾਜਸੀ ਪੱਖ ਤੋਂ ਅਤਿ ਮਹੱਤਵਪੂਰਨ ਸੀਟ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਭਾਰਤੀ ਕਮਿਊਨਿਸਟ ਪਾਰਟੀ ਨੇ ਬਿਨਾਂ ਕਿਸੇ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕਰਦਿਆਂ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਡਾæ ਜੋਗਿੰਦਰ ਦਿਆਲ ਨੇ ਕਿਹਾ ਕਿ ਪਾਰਟੀ ਦਾ ਇਹ ਫੈਸਲਾ ਸੱਤਾਧਾਰੀ ਬਾਦਲ ਪਰਿਵਾਰ ਨੂੰ ਲੋਕ ਸਭਾ ਚੋਣਾਂ ਵਿਚ ਹਰਾਉਣ ਲਈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਨੂੰ ਹਰਾਉਣ ਲਈ ਕਮਿਊਨਿਸਟ ਪਾਰਟੀ ਮਨਪ੍ਰੀਤ ਸਿੰਘ ਬਾਦਲ ਦੀ ਬਿਨ੍ਹਾਂ ਕਿਸੇ ਸ਼ਰਤ ਦੇ ਹਮਾਇਤ ਕਰੇਗੀ, ਇਥੋਂ ਤੱਕ ਜੇਕਰ ਸ਼ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੇ ਚੋਣ ਨਿਸ਼ਾਨ ‘ਤੇ ਚੋਣ ਲੜਦੇ ਹਨ ਤਾਂ ਵੀ ਪਾਰਟੀ ਉਨ੍ਹਾਂ ਨੂੰ ਆਪਣੀ ਹਮਾਇਤ ਜਾਰੀ ਰੱਖੇਗੀ।

Be the first to comment

Leave a Reply

Your email address will not be published.