ਡਾæ ਗੁਰਨਾਮ ਕੌਰ, ਕੈਨੇਡਾ
ਮੱਕੇ ਵੱਲ ਦੀ ਤੀਜੀ ਉਦਾਸੀ ਤੋਂ ਬਾਅਦ ਜਦੋਂ ਬਗ਼ਦਾਦ ਕਾਬੁਲ ਦੇ ਰਸਤੇ ਗੁਰੂ ਨਾਨਕ ਦੇਵ ਵਾਪਸ ਹਿੰਦੁਸਤਾਨ ਆ ਰਹੇ ਸਨ ਤਾਂ ਉਸੇ ਸਮੇਂ ਬਾਬਰ ਨੇ ਹਿੰਦੁਸਤਾਨ ‘ਤੇ ਹਮਲਾ ਕੀਤਾ ਅਤੇ ਇਹ ਸੰਨ 1521 ਦਾ ਵਾਕਿਆ ਹੈ। ਬਾਬਰ ਨੇ ਭੇਰਾ ਸਿਆਲਕੋਟ ਮਾਰ ਕੇ ਸੈਦ ਪੁਰ (ਐਮਨਾਬਾਦ) ‘ਤੇ ਹਮਲਾ ਕੀਤਾ ਸੀ। ਗੁਰੂ ਸਾਹਿਬ ਉਸ ਸਮੇਂ ਐਮਨਾਬਾਦ ਵਿਚ ਸਨ। ਇਸ ਹਮਲੇ ਵਿਚ ਬਾਬਰ ਦੀ ਮੁਗ਼ਲ ਸੈਨਾ ਹੱਥੋਂ ਜੋ ਦੁਰਗਤ ਐਮਨਾਬਾਦ ਦੇ ਲੋਕਾਂ ਦੀ ਹੋਈ ਉਸ ਬਰਬਾਦੀ ਨੂੰ ਗੁਰੂ ਨਾਨਕ ਸਾਹਿਬ ਨੇ ਅੱਖੀਂ ਦੇਖਿਆ। ਇਹ ਬਰਬਾਦੀ ਤੱਕ ਕੇ ਉਨ੍ਹਾਂ ਰੱਬ ਨੂੰ ਉਲਾਂਭਾ ਦਿੱਤਾ,
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਰਾਗ ਆਸਾ ਵਿਚ ਰਚੇ ਇਸ ਸ਼ਬਦ ਵਿਚ ਗੁਰੂ ਸਾਹਿਬ ਨੇ ਭਾਈ ਲਾਲੋ (ਗੁਰੂ ਸਾਹਿਬ ਦਾ ਬਹੁਤ ਹੀ ਸ਼ਰਧਾਲੂ ਸਿੱਖ) ਨੂੰ ਸੰਬੋਧਨ ਕਰਦਿਆਂ ਅਕਾਲ ਪੁਰਖ ਨੂੰ ਕਹਿੰਦੇ ਹਨ ਕਿ ਖੁਰਾਸਾਨ ਦਾ ਤਾਂ ਤੂੰ ਰਖਵਾਲਾ ਬਣ ਬੈਠਾ ਪਰ ਹਿੰਦੁਸਤਾਨ ਨੂੰ ਡਰਾ ਦਿੱਤਾ। ਗੁਰੂ ਨਾਨਕ ਸਾਹਿਬ ਅਨੁਸਾਰ ਹਿੰਦੁਸਤਾਨ ਦੇ ਨਿਕੰਮੇ ਪਠਾਣ ਸ਼ਾਸਕਾਂ ਕਰਕੇ ਬਾਬਰ ਦੇ ਹਮਲੇ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਿਆ। ਇਸ ਦਾ ਉਲਾਂਭਾ ਰੱਬ ਨੂੰ ਦਿੰਦੇ ਹਨ ਕਿ ਹੇ ਕਰਤਾ ਪੁਰਖ ਤੂੰ ਆਪਣੇ ‘ਤੇ ਕੋਈ ਦੋਸ਼ ਲੈਣ ਦੀ ਥਾਂ ਪਠਾਣ ਹਾਕਮਾਂ ਨੂੰ ਸਜ਼ਾ ਦੇਣ ਲਈ ਮੁਗ਼ਲਾਂ ਨੂੰ ਜਮਾਂ ਦੇ ਰੂਪ ਵਿਚ ਹਿੰਦੁਸਤਾਨ ਉਤੇ ਹਮਲਾ ਕਰਨ ਲਈ ਚੜ੍ਹਾ ਦਿੱਤਾ। ਪਠਾਣ ਹਾਕਮਾਂ ਦੀ ਕਰਨੀ ਦੀ ਸਜ਼ਾ ਆਮ ਗਰੀਬਾਂ ਨੂੰ ਵੀ ਭੁਗਤਣੀ ਪਈ। ਲੋਕਾਂ ਦੀ ਏਨੀ ਤਬਾਹੀ ਦੇਖ ਕੇ ਕੀ ਤੇਰੇ ਮਨ ਵਿਚ ਕੋਈ ਦਰਦ ਨਹੀਂ ਜਾਗਿਆ? ਤੈਨੂੰ ਆਮ ਲੋਕਾਈ ‘ਤੇ ਕੋਈ ਤਰਸ ਨਹੀਂ ਆਇਆ।
ਗੁਰੂ ਨਾਨਕ ਦੇਵ ਰੋਸ ਜ਼ਾਹਰ ਕਰਦੇ ਹਨ ਕਿ ਅਕਾਲ ਪੁਰਖ ਸਭ ਕੁਝ ਕਰਨ-ਕਾਰਨ ਸਮਰੱਥ ਹੈ, ਜੋ ਕੁਝ ਉਹ ਚਾਹੁੰਦਾ ਹੈ, ਸੰਸਾਰ ‘ਤੇ ਉਹੀ ਵਾਪਰਦਾ ਹੈ। ਜੇ ਇੱਕ ਸ਼ਕਤੀਸ਼ਾਲੀ ਆਦਮੀ ਦੂਸਰੇ ਸ਼ਕਤੀਸ਼ਾਲੀ ਮਨੁੱਖ ਨਾਲ ਟੱਕਰ ਲੈਂਦਾ ਹੈ ਤਾਂ ਮਨ ਵਿਚ ਰੋਸ ਪੈਦਾ ਨਹੀਂ ਹੁੰਦਾ। ਇਸ ਦੇ ਉਲਟ ਜੇ ਸ਼ਕਤੀਸ਼ਾਲੀ ਸ਼ੇਰ ਗਾਂਵਾਂ ਦੇ ਵੱਗ ਨੂੰ ਮਾਰਨ ਪੈ ਜਾਵੇ ਤਾਂ ਮਨ ਵਿਚ ਰੋਸ ਪੈਦਾ ਹੁੰਦਾ ਹੈ ਅਤੇ ਮਾਲਕ ਨੂੰ ਹੀ ਪੁੱਛਿਆ ਜਾਂਦਾ ਹੈ ਕਿਉਂਕਿ ਸੰਭਾਲ ਦੀ ਜ਼ਿੰਮੇਵਾਰੀ ਮਾਲਕ ਦੀ ਹੁੰਦੀ ਹੈ (ਇਥੇ ਅਕਾਲ ਪੁਰਖ ਮਾਲਕ ਹੈ ਇਸ ਲਈ ਉਸ ਪਾਸ ਰੋਸ ਜ਼ਾਹਰ ਕਰ ਰਹੇ ਹਨ)। ਇਨ੍ਹਾਂ ਪਾੜ ਖਾਣੇ ਕੁੱਤਿਆਂ (ਬਾਬਰ ਦੀ ਫ਼ੌਜ਼ ਦੇ ਮੁਗ਼ਲ) ਨੇ ਰਤਨਾਂ ਵਰਗੇ ਤੇਰੇ ਬਣਾਏ ਹੋਏ ਸੁਹਣੇ ਬੰਦਿਆਂ ਨੂੰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ ਅਤੇ ਮਰੇ ਪਿਆਂ ਦੀ ਸਾਰ ਕੋਈ ਨਹੀਂ ਲੈ ਰਿਹਾ। ਇਹ ਉਸ ਕਰਤਾਰ ਦੀ ਤਾਕਤ ਦਾ ਹੀ ਕ੍ਰਿਸ਼ਮਾ ਹੈ,
ਕਰਤਾ ਤੂੰ ਸਭਨਾ ਕਾ ਸੋਈ॥
ਜੇ ਸਕਤਾ ਸਕਤੇ ਕਉ ਮਾਰੇ
ਤਾ ਮਨਿ ਰੋਸੁ ਨ ਹੋਈ॥੧॥ਰਹਾਉ॥
ਧਨ ਦੌਲਤ ਅਤੇ ਰਾਜ-ਸ਼ਕਤੀ ਆਦਿ ਦੇ ਨਸ਼ੇ ਵਿਚ ਮਨੁੱਖ ਆਪਣੀ ਔਕਾਤ ਭੁੱਲ ਜਾਂਦਾ ਹੈ ਅਤੇ ਆਪਣੇ ਤੋਂ ਕਮਜ਼ੋਰ ਬੰਦਿਆਂ ਨੂੰ ਦੁੱਖ ਦਿੰਦਾ ਹੈ, ਉਨ੍ਹਾਂ ‘ਤੇ ਹਮਲੇ ਕਰਦਾ ਹੈ ਪਰ ਉਸ ਨੂੰ ਭੁੱਲ ਜਾਂਦਾ ਹੈ ਕਿ ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਵੇ ਅਤੇ ਮਨ-ਮਰਜ਼ੀ ਦਾ ਸੁਆਦਾਂ ਵਾਲਾ ਜੀਵਨ ਜੀਵੇ ਤਾਂ ਵੀ ਉਸ ਦੀ ਹਸਤੀ ਅਕਾਲ ਪੁਰਖ ਦੀਆਂ ਨਜ਼ਰਾਂ ਵਿਚ ਉਸ ਕੀੜੇ ਦੇ ਬਰਾਬਰ ਹੈ ਜੋ ਜ਼ਮੀਨ ‘ਤੇ ਰੀਂਘਦਾ ਹੋਇਆ ਦਾਣੇ ਚੁਗਦਾ ਹੈ। ਕਹਿਣ ਤੋਂ ਭਾਵ ਹੈ ਕਿ ਮਨੁੱਖ ਆਪਣੀ ਹਉਮੈ ਦੇ ਨਸ਼ੇ ਵਿਚ ਆਪਣੀ ਜ਼ਿੰਦਗੀ ਨੂੰ ਬਿਨਾ ਕਿਸੇ ਮਕਸਦ ਦੇ ਗੁਆ ਲੈਂਦਾ ਹੈ। ਗੁਰੂ ਨਾਨਕ ਕਹਿੰਦੇ ਹਨ ਕਿ ਜਿਹੜਾ ਮਨੁੱਖ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਮਾਰ ਕੇ ਆਤਮਕ ਅਨੰਦ ਦੀ ਪ੍ਰਾਪਤੀ ਵਿਚ ਜੀਵਨ ਨਿਰਬਾਹ ਕਰਦਾ ਹੈ, ਅਕਾਲ ਪੁਰਖ ਦਾ ਨਾਮ ਸਿਮਰਦਾ ਹੈ, ਉਹੀ ਮਨੁੱਖ ਆਪਣੇ ਜੀਵਨ ਵਿਚ ਇਸ ਸੰਸਾਰ ਤੋਂ ਕੁਝ ਲਾਹਾ ਖੱਟ ਕੇ ਜਾਂਦਾ ਹੈ,
ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ॥ (ਪੰਨਾ ੩੬੦)
ਬਾਬਰ ਦੇ ਹਮਲੇ ਸਬੰਧੀ ਗੁਰੂ ਨਾਨਕ ਸਾਹਿਬ ਦਾ ਦੂਸਰਾ ਸ਼ਬਦ ਆਸਾ ਰਾਗ ਵਿਚ ਹੀ ਪੰਨਾ ੪੧੭ ‘ਤੇ ਦਰਜ਼ ਹੈ। ਇਸ ਸ਼ਬਦ ਵਿਚ ਗੁਰੂ ਨਾਨਕ ਸਾਹਿਬ ਹਮਲੇ ਦਾ ਬਿਆਨ ਕਰਦੇ ਹਨ ਕਿ ਉਹ ਇਸਤਰੀਆਂ ਜਿਨ੍ਹਾਂ ਦੇ ਸਿਰਾਂ ਉਤੇ ਕਦੀ ਪੱਟੀਆਂ ਵਾਹੀਆਂ ਸੋਹਣੀਆਂ ਲੱਗਦੀਆਂ ਸੀ ਅਤੇ ਮਾਂਗ ਵਿਚ ਸੰਧੂਰ ਭਰਿਆ ਹੁੰਦਾ ਸੀ, ਅੱਜ ਉਨ੍ਹਾਂ ਦੇ ਵਾਲ ਮੁੰਨੇ ਹੋਏ ਹਨ ਅਤੇ ਮੂੰਹ ਵਿਚ ਮਿੱਟੀ ਪੈ ਰਹੀ ਹੈ। ਜਿਹੜੀਆਂ ਕਦੀ ਮਹਿਲਾਂ ਵਿਚ ਵਸਦੀਆਂ ਸਨ, ਉਨ੍ਹਾਂ ਨੂੰ ਮਹਿਲਾਂ ਦੇ ਨੇੜੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਜਦੋਂ ਇਹ ਸੋਹਣੀਆਂ ਇਸਤਰੀਆਂ ਵਿਆਹ ਕੇ ਆਈਆਂ ਸੀ ਤਾਂ ਇਨ੍ਹਾਂ ਕੋਲ ਇਨ੍ਹਾਂ ਦੇ ਲਾੜੇ ਸੋਹਣੇ ਲੱਗ ਰਹੇ ਸਨ, ਪਾਲਕੀਆਂ ਵਿਚ ਬੈਠ ਕੇ ਆਈਆਂ ਸਨ ਅਤੇ ਵੀਣੀਆਂ ‘ਤੇ ਹਾਥੀ ਦੰਦ ਦੇ ਚੂੜੇ ਚਮਕ ਰਹੇ ਸਨ। ਉਨ੍ਹਾਂ ਉਤੋਂ ਪਾਣੀ ਵਾਰ ਕੇ ਪੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਕੋਲ ਸ਼ੀਸ਼ਿਆਂ ਜੜੇ ਪੱਖੇ ਲਿਸ਼ਕ ਰਹੇ ਸਨ। ਸਹੁਰੇ ਘਰ ਬੈਠਦਿਆਂ ਉਠਦਿਆਂ ਲੱਖਾਂ ਰੁਪਏ ਦੇ ਸ਼ਗਨ ਲੈਂਦੀਆਂ ਸਨ। ਸ਼ਗਨਾਂ ਦੇ ਗਰੀ-ਛੁਹਾਰੇ ਖਾਂਦੀਆਂ ਸੀ ਅਤੇ ਸੁੰਦਰ ਸੇਜਾਂ ਮਾਣਦੀਆਂ ਸੀ। ਅੱਜ ਉਨ੍ਹਾਂ ਦੇ ਗਲਾਂ ਦੇ ਮੋਤੀਆਂ ਦੇ ਹਾਰ ਟੁੱਟ ਰਹੇ ਹਨ ਅਤੇ ਜ਼ਾਲਮਾਂ ਨੇ ਰੱਸੀਆਂ ਪਾਈਆਂ ਹੋਈਆਂ ਹਨ,
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥
ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚਿ ਆਵੈ ਧੂੜਿ॥
ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ ਹਦੂਰਿ॥੧॥ (ਪੰਨਾ ੪੧੭)
ਇਨ੍ਹਾਂ ਇਸਤਰੀਆਂ ਦੀ ਦੌਲਤ ਅਤੇ ਜੋਬਨ ਦੋਵੇਂ ਇਨ੍ਹਾਂ ਦੇ ਵੈਰੀ ਹੋ ਗਏ ਹਨ। ਬਾਬਰ ਦੇ ਜ਼ਾਲਮ ਸਿਪਾਹੀ ਇਨ੍ਹਾਂ ਦੀ ਇੱਜ਼ਤ ਲੁੱਟ ਕੇ ਇਨ੍ਹਾਂ ਨੂੰ ਲੈ ਕੇ ਜਾ ਰਹੇ ਹਨ। ਜੇ ਉਸ ਕਰਤਾ ਪੁਰਖ ਨੂੰ ਚੰਗਾ ਲੱਗੇ ਤਾਂ ਉਹ ਮਨੁੱਖਾਂ ਨੂੰ ਇੱਜ਼ਤ ਦਿੰਦਾ ਹੈ, ਜੇ ਉਸ ਦੀ ਰਜ਼ਾ ਹੋਵੇ ਤਾਂ ਸਜ਼ਾ ਦਿੰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜੇ ਪਹਿਲਾਂ ਹੀ ਆਪਣੇ ਫ਼ਰਜ਼ ਨੂੰ ਚੇਤੇ ਕਰਦੇ ਰਹੀਏ ਤਾਂ ਸਜ਼ਾ ਨਹੀਂ ਭੁਗਤਣੀ ਪੈਂਦੀ। ਪਠਾਣ ਸ਼ਾਸਕਾਂ ਨੇ ਐਸ਼ ਵਿਚ, ਰੰਗ-ਤਮਾਸ਼ਿਆਂ ਵਿਚ ਆਪਣਾ ਫ਼ਰਜ਼ ਭੁਲਾ ਦਿੱਤਾ ਸੀ। ਹੁਣ ਜਦੋਂ ਬਾਬਰ ਦਾ ਬੋਲ-ਬਾਲਾ ਹੋ ਗਿਆ ਹੈ ਤਾਂ ਕੋਈ ਪਠਾਣ ਸ਼ਹਿਜ਼ਾਦਾ ਮੰਗ ਕੇ ਵੀ ਰੋਟੀ ਨਹੀਂ ਖਾ ਸਕਦਾ। ਇਸ ਹਮਲੇ ਦੀ ਦਸ਼ਾ ਵਿਚ ਮੁਸਲਮਾਨ ਇਸਤਰੀਆਂ ਦਾ ਨਮਾਜ਼ ਦਾ ਸਮਾਂ ਖੁੰਝਦਾ ਜਾ ਰਿਹਾ ਹੈ ਅਤੇ ਹਿੰਦੂ ਔਰਤਾਂ ਦਾ ਪੂਜਾ ਦਾ ਸਮਾਂ। ਜਿਹੜੀਆਂ ਨਹਾ ਕੇ, ਟਿੱਕੇ ਲਾ ਕੇ ਸੁੱਚੇ ਚੌਂਕੇ ਵਿਚ ਬੈਠਦੀਆਂ ਸਨ, ਅੱਜ ਨਾ ਇਸ਼ਨਾਨ ਕਰਕੇ ਟਿੱਕੇ ਲਾ ਸਕਦੀਆਂ ਹਨ ਅਤੇ ਨਾ ਹੀ ਸੁੱਚੇ ਚੌਂਕੇ ਬਚੇ ਹਨ। ਜਿਨ੍ਹਾਂ ਨੇ ਆਪਣੀ ਐਸ਼ ਦੇ ਸਮੇਂ ਵਿਚ ਕਦੇ ਰਾਮ ਨੂੰ ਵੀ ਚੇਤੇ ਨਹੀਂ ਸੀ ਕੀਤਾ, ਹੁਣ ਉਨ੍ਹਾਂ ਨੂੰ ਖ਼ੁਦਾ ਆਖਣਾ ਵੀ ਨਹੀਂ ਮਿਲ ਰਿਹਾ। ਬਾਬਰ ਦੇ ਕਤਲੇਆਮ ਅਤੇ ਕੈਦ ਵਿਚੋਂ ਬੱਚ ਕੇ ਜਿਹੜੇ ਘਰ ਪਹੁੰਚਦੇ ਹਨ, ਉਹ ਇੱਕ ਦੂਸਰੇ ਨੂੰ ਮਿਲ ਕੇ ਹਾਲ ਪੁੱਛਦੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਮਨੁੱਖ ਵਿਚਾਰੇ ਕੀ ਕਰਨ ਜੋਗੇ ਹਨ, ਜੋ ਕਰਤਾਰ ਨੂੰ ਭਾਉਂਦਾ ਹੈ, ਉਹੀ ਵਾਪਰਦਾ ਹੈ,
ਧਨੁ ਜੋਬਨੁ ਦੁਇ ਵੈਰੀ ਹੋਏ ਜਿਨੀ ਰਖੇ ਰੰਗੁ ਲਾਏ॥
ਇਸ ਤੋਂ ਅਗਲੇ ਸ਼ਬਦ ਵਿਚ ਫਿਰ ਇਸੇ ਖਿਆਲ ਨੂੰ ਪ੍ਰਗਟ ਕੀਤਾ ਹੈ ਕਿ ਅਕਾਲ ਪੁਰਖ ਤੇਰਾ ਬਣਾਇਆ ਹੋਇਆ ਇਹ ਸੰਸਾਰ ਹੈ। ਇੱਕ ਪਲ ਵਿਚ ਰਚਨਾ ਕਰਕੇ ਫਿਰ ਇੱਕ ਪਲ ਵਿਚ ਹੀ ਤਬਾਹ ਕਰ ਦਿੰਦਾ ਹੈਂ, ਧਨ ਦੌਲਤ ਦੇ ਕੇ ਫਿਰ ਉਸ ਨੂੰ ਵੰਡ ਕੇ ਹੋਰਨਾਂ ਨੂੰ ਦੇ ਦਿੰਦਾ ਹੈਂ। ਤਬਾਹੀ ਦੇਖ ਕੇ ਕਹਿੰਦੇ ਹਨ ਕਿ ਖੇਡ ਤਮਾਸ਼ੇ, ਘੋੜਿਆਂ ਦੇ ਤਬੇਲੇ, ਸ਼ਹਿਨਾਈਆਂ, ਨਗਾਰੇ ਸਭ ਕਿੱਥੇ ਚਲੇ ਗਏ? ਪਸ਼ਮੀਨੇ ਦੇ ਗਾਤਰੇ, ਲਾਲ ਬਰਦੀਆਂ, ਸ਼ੀਸ਼ੇ ਅਤੇ ਸੋਹਣੇ ਮੂੰਹ ਕਿਧਰੇ ਨਜ਼ਰ ਨਹੀਂ ਆਉਂਦੇ? ਸੋਹਣੇ ਘਰ, ਮਹਿਲ, ਮਾੜੀਆਂ, ਸਰਾਵਾਂ, ਸੁੱਖ ਦੇਣ ਵਾਲੀਆਂ ਇਸਤਰੀਆਂ ਦੀ ਸੇਜ ਸਭ ਕਿਧਰ ਗਏ? ਪਾਨ-ਸੁਪਾਰੀਆਂ, ਪਾਨ ਵੇਚਣ ਵਾਲੀਆਂ, ਪਰਦਿਆਂ ਵਿਚ ਰਹਿਣ ਵਾਲੀਆਂ ਇਸਤਰੀਆਂ ਸਭ ਕੁਝ ਖ਼ਤਮ ਹੋ ਗਿਆ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਦੌਲਤ ਦੀ ਖ਼ਾਤਰ ਸਾਰੀ ਦੁਨੀਆਂ ਖ਼ੁਆਰ ਹੁੰਦੀ ਹੈ। ਦੌਲਤ ਪਾਪ ਅਤੇ ਜ਼ੁਲਮ ਤੋਂ ਬਿਨਾ ਇਕੱਠੀ ਨਹੀਂ ਹੋ ਸਕਦੀ ਅਤੇ ਮਰਨ ‘ਤੇ ਕਿਸੇ ਦੇ ਨਾਲ ਨਹੀਂ ਜਾਂਦੀ। ਰੱਬ ਜਿਸ ਨੂੰ ਕੁਰਾਹੇ ਪਾਉਂਦਾ ਹੈ, ਉਸ ਕੋਲੋਂ ਚੰਗਿਆਈ ਖੋਹ ਲੈਂਦਾ ਹੈ। ਜਦੋਂ ਪਠਾਣਾਂ ਨੇ ਸੁਣਿਆ ਕਿ ਬਾਬਰ ਹਮਲਾ ਕਰ ਰਿਹਾ ਹੈ ਤਾਂ ਉਨ੍ਹਾਂ ਨੇ ਇਸ ਤਬਾਹੀ ਨੂੰ ਟਾਲਣ ਲਈ ਅਨੇਕਾਂ ਪੀਰਾਂ ਨੂੰ ਧਿਆਇਆ। ਮਹਿਲ-ਮਾੜੀਆਂ, ਪੱਕੇ ਮੰਦਰ ਸਭ ਸੜ ਕੇ ਸੁਆਹ ਹੋ ਗਏ, ਪਠਾਣਾਂ ਦੇ ਰਾਜਕੁਮਾਰ ਟੋਟੇ ਟੋਟੇ ਹੋ ਕੇ ਮਿੱਟੀ ਵਿਚ ਮਿਲ ਗਏ। ਕਿਸੇ ਪੀਰ ਨੇ ਕੋਈ ਕਰਾਮਾਤ ਨਹੀਂ ਕੀਤੀ, ਕੋਈ ਇੱਕ ਵੀ ਮੁਗ਼ਲ ਕਰਾਮਾਤ ਨਾਲ ਅੰਨਾ ਨਹੀਂ ਹੋਇਆ। ਜਿਨ੍ਹਾਂ ਦੀ ਉਮਰ ਦੀ ਚਿੱਠੀ ਧੁਰੋਂ ਹੀ ਪਾਟ ਜਾਂਦੀ ਹੈ, ਉਨ੍ਹਾਂ ਨੇ ਮਰਨਾ ਹੀ ਹੁੰਦਾ ਹੈ। ਹਿੰਦੂ, ਮੁਸਲਿਮ, ਭੱਟਾਂ ਅਤੇ ਠਾਕਰਾਂ ਦੀਆਂ ਔਰਤਾਂ-ਸਭ ਦੇ ਬੁਰੇ ਹਾਲ ਹੋ ਗਏ, ਬੁਰਕੇ ਲੀਰੋ-ਲੀਰ ਹੋ ਗਏ ਅਤੇ ਕਈਆਂ ਦਾ ਮਸਾਣਾਂ ਵਿਚ ਵਾਸਾ ਹੋ ਗਿਆ। ਜਿਹੜੀਆਂ ਬਚ ਗਈਆਂ, ਉਨ੍ਹਾਂ ਦੇ ਪਤੀ ਘਰ ਨਹੀਂ ਮੁੜੇ, ਸੋ ਉਨ੍ਹਾਂ ਦਾ ਜੀਵਨ ਵੀ ਬਰਬਾਦ ਹੋ ਗਿਆ ਹੈ। ਗੁਰੂ ਨਾਨਕ ਕਹਿੰਦੇ ਹਨ ਕਿ ਇਹ ਦਰਦ ਕਿਸ ਨੂੰ ਸੁਣਾਇਆ ਜਾਵੇ? ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਹੈ। ਉਹ ਆਪਣੀ ਰਜ਼ਾ ਵਿਚ ਹੀ ਇਹ ਸਾਰੀ ਕਾਰ ਚਲਾ ਰਿਹਾ ਹੈ। ਮਨੁੱਖ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਸਭ ਕੁਝ ਭੋਗਦਾ ਹੈ।
ਬਾਬਰ ਦੇ ਹਮਲੇ ਬਾਰੇ ਗੁਰੂ ਨਾਨਕ ਸਾਹਿਬ ਦਾ ਤੀਸਰਾ ਸ਼ਬਦ ਰਾਗ ਤਿਲੰਗ ਵਿਚ ਪੰਨਾ 722 ‘ਤੇ ਦਰਜ਼ ਹੈ। ਇਸ ਸ਼ਬਦ ਵਿਚ ਗੁਰੂ ਨਾਨਕ ਦੇਵ ਭਾਈ ਲਾਲੋ ਨੂੰ ਆਖਦੇ ਹਨ ਕਿ ਉਨ੍ਹਾਂ ਨੂੰ ਜਿਸ ਕਿਸਮ ਦੇ ਗਿਆਨ ਦੀ ਪ੍ਰੇਰਨਾ ਅਕਾਲ ਪੁਰਖ ਵੱਲੋਂ ਹੋਈ ਹੈ, ਉਹ ਉਸੇ ਦਾ ਪ੍ਰਗਟਾਵਾ ਕਰ ਰਹੇ ਹਨ। ਪਿਛਲੇ ਸ਼ਬਦ ਵਿਚ ਉਨ੍ਹਾਂ ਨੇ ਬਾਬਰ ਨੂੰ ਮੌਤ ਦਾ ਜਮ ਕਿਹਾ ਸੀ। ਇਸ ਸ਼ਬਦ ਵਿਚ ਬਾਬਰ ਨੂੰ ਕਾਬੁਲ ਤੋਂ Ḕਪਾਪ ਦੀ ਜੰਞḔ ਅਰਥਾਤ ਪਾਪ ਅਤੇ ਜ਼ੁਲਮ ਦੀ ਜੰਞ ਲੈ ਕੇ ਆਉਣ ਵਾਲਾ ਕਿਹਾ ਹੈ ਜੋ ਜ਼ਬਰੀ ਹਿੰਦੁਸਤਾਨੀ ਹਕੂਮਤ ਰੂਪ ਲਾੜੀ ਵਿਆਹੁਣ ਆਇਆ ਹੈ। ਔਰਤਾਂ ਦਾ ਦਾਨ ਮੰਗ ਰਿਹਾ ਹੈ। ਅੱਗੇ ਦੱਸਦੇ ਹਨ ਕਿ ਜਿੰਨਾ ਜ਼ੁਲਮ ਬਾਬਰ ਦੇ ਫ਼ੌਜੀਆਂ ਨੇ ਲੋਕਾਂ ‘ਤੇ ਢਾਹਿਆ ਹੈ ਅਤੇ ਔਰਤਾਂ ਦੀ ਜਿੰਨੀ ਬੇਪਤੀ ਕੀਤੀ ਹੈ, ਉਸ ਤੋਂ ਜਾਪਦਾ ਹੈ ਜਿਵੇਂ ਸ਼ਰਮ ਅਤੇ ਧਰਮ ਬਿਲਕੁਲ ਖ਼ਤਮ ਹੋ ਗਿਆ ਹੋਵੇ ਅਤੇ ਝੂਠ ਹੀ ਝੂਠ ਦੀ ਚੌਧਰ ਕਾਇਮ ਹੋ ਗਈ ਹੋਵੇ। ਇਸਤਰੀਆਂ ‘ਤੇ ਏਨੇ ਅਤਿਆਚਾਰ ਹੋ ਰਹੇ ਹਨ ਜਾਪਦਾ ਹੈ ਜਿਵੇਂ ਮੁਸਲਮਾਨ ਔਰਤਾਂ ਦੇ ਵਿਆਹ ਕਾਜ਼ੀਆਂ ਅਤੇ ਹਿੰਦੂ ਔਰਤਾਂ ਦੇ ਵਿਆਹ ਬ੍ਰਾਹਮਣਾਂ ਦੀ ਥਾਂ ਕੋਈ ਸ਼ੈਤਾਨ ਪੜ੍ਹਾ ਰਿਹਾ ਹੋਵੇ। ਦਾਨੇ ਪੁਰਸ਼ਾਂ ਵਾਲੀ ਮਰਿਆਦਾ ਖ਼ਤਮ ਹੋ ਗਈ ਜਾਪਦੀ ਹੈ। ਮੁਸਲਮਾਨ ਔਰਤਾਂ ਵੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਜੋ ਇਸ ਮੁਸੀਬਤ ਵੇਲੇ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹ ਰਹੀਆਂ ਹਨ। ਉਚੀ-ਨੀਵੀ-ਸਭ ਜਾਤਾਂ ਅਤੇ ਤਬਕਿਆਂ ਦੀਆਂ ਇਸਤਰੀਆਂ ਨੂੰ ਬਾਬਰ ਦੀ ਫ਼ੌਜ਼ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਖ਼ੂਨੀ ਵਿਆਹ ਵਿਚ ਚਾਰੇ ਪਾਸੇ ਵਿਰਲਾਪ ਹੋ ਰਹੇ ਹਨ, ਖੂਨ ਦੇ ਸੋਹਿਲੇ ਗਾਏ ਜਾ ਰਹੇ ਹਨ ਅਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ,
ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ
ਕੂੜੁ ਫਿਰੈ ਪਰਧਾਨੁ ਵੇ ਲਾਲੋ॥
ਕਾਜੀਆ ਬਾਮਣਾ ਕੀ ਗਲ ਥਕੀ
ਅਗਦੁ ਪੜੈ ਸੈਤਾਨੁ ਵੇ ਲਾਲੋ॥ (ਪੰਨਾ ੭੨੨)
ਸੈਦ ਪੁਰ ਦੀ ਬਾਬਰ ਦੇ ਹਮਲੇ ਦੀ ਇਹ ਘਟਨਾ ਬੇਹੱਦ ਭਿਆਨਕ ਸੀ ਜਿਸ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੋਥਾਂ ਨਾਲ ਭਰੇ ਹੋਏ ਇਸ ਸ਼ਹਿਰ ਵਿਚ ਬੈਠ ਕੇ ਗੁਰੂ ਨਾਨਕ ਸਾਹਿਬ ਉਸ ਅਕਾਲ ਪੁਰਖ ਦਾ ਸਿਮਰਨ ਕਰ ਰਹੇ ਹਨ, ਉਸ ਦੇ ਗੁਣ ਗਾ ਰਹੇ ਹਨ। ਉਹ ਅਕਾਲ ਪੁਰਖ ਜਿਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸ ਨੇ ਹੀ ਇਸ ਨੂੰ ਮਾਇਆ ਮੋਹ ਦੇ ਜਾਲ ਵਿਚ ਪਰਿਵਰਤ ਕੀਤਾ ਹੋਇਆ ਹੈ। ਉਹ ਇਸ ਤੋਂ ਨਿਰਲੇਪ ਰਹਿ ਕੇ ਇਸ ਵਿਚ ਜੋ ਵਾਪਰ ਰਿਹਾ ਹੈ, ਉਸ ਨੂੰ ਦੇਖ ਵੀ ਰਿਹਾ ਹੈ ਅਤੇ ਇਸ ਦੀ ਸੰਭਾਲ ਵੀ ਕਰਦਾ ਹੈ। ਉਹ ਕਰਤਾ ਪੁਰਖ ਅਟੱਲ ਨਿਯਮਾਂ ਵਾਲਾ ਹੈ ਅਤੇ ਉਸ ਦਾ ਨਿਆਉਂ ਵੀ ਅਟੱਲ ਹੈ। ਉਹ ਆਪਣੇ ਇਸ ਅਟੱਲ ਨਿਯਮ ਕਾਰਨ ਹੀ ਨਿਆਉਂ ਕਰੇਗਾ। ਮਨੁੱਖਾ ਸਰੀਰ ਟੁਕੜੇ ਟੁਕੜੇ ਹੋ ਰਿਹਾ ਹੈ। ਬਾਬਰ ਦੇ ਹਮਲੇ ਦੀ ਇਸ ਭਿਆਨਕ ਘਟਨਾ ਨੂੰ ਹਿੰਦੁਸਤਾਨ ਕਦੀ ਵੀ ਭੁਲਾ ਨਹੀਂ ਸਕੇਗਾ।
ਭਾਈ ਲਾਲੋ ਨੂੰ ਗੁਰੂ ਨਾਨਕ ਦੱਸ ਰਹੇ ਹਨ ਕਿ ਜਦੋਂ ਤੱਕ ਮਾਇਆ ਦੇ ਮੋਹ ਦੇ ਲਾਲਚ ਵਿਚ ਮਨੁੱਖ ਫਸੇ ਰਹਿਣਗੇ ਉਦੋਂ ਤੱਕ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ। ਇਹ ਮੁਗ਼ਲ ਸੰਮਤ ਅਠੱਤਰ ਵਿਚ ਆਏ ਹਨ ਅਤੇ ਸੰਮਤ ਸਤਾਨਵੇਂ ਵਿਚ ਚਲੇ ਜਾਣਗੇ ਅਤੇ ਕੋਈ ਹੋਰ ਸੂਰਮਾ ਵੀ ਉਠ ਖੜਾ ਹੋਵੇਗਾ। ਗੁਰੂ ਸਾਹਿਬ ਅਜਿਹੇ ਸਮੇਂ ਅਕਾਲ ਪੁਰਖ ਨੂੰ ਯਾਦ ਕਰ ਰਹੇ ਹਨ ਅਤੇ ਸਾਰੀ ਉਮਰ ਉਸ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਗੇ। ਇਹ ਮਨੁੱਖਾ ਜਨਮ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਨ ਲਈ ਮਿਲਿਆ ਹੈ,
ਸਾਹਿਬ ਕੇ ਗੁਣ ਨਾਨਕੁ ਗਾਵੈ
ਮਾਸਪੁਰੀ ਵਿਚਿ ਆਖੁ ਮਸੋਲਾ॥
ਜਿਨਿ ਉਪਾਈ ਰੰਗਿ ਰਵਾਈ
ਬੈਠਾ ਵੇਖੈ ਵਖਿ ਇਕੇਲਾ॥ (ਪੰਨਾ ੭੨੨)
Leave a Reply