ਕਾਂਗਰਸੀ ਬ੍ਰਹਮ ਅਸਤਰ ਅੱਗੇ ਕਸੂਤੀ ਫਸੀ ਹਾਕਮ ਧਿਰ

ਚੰਡੀਗੜ੍ਹ: ਕਾਂਗਰਸ ਵੱਲੋਂ ਪੰਜਾਬ ਵਿਚ ਸੀਨੀਅਰ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਨ ਨਾਲ ਹਾਕਮ ਧਿਰ ਅਕਾਲੀ-ਭਾਜਪਾ ਦੀਆਂ ਯੋਜਨਾਵਾਂ ਧਰੀਆਂ-ਧਰਾਈਆਂ ਰਹੇ ਗਈਆਂ ਹਨ। ਖ਼ਾਸਕਰ ਕਾਂਗਰਸ ਵੱਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਟਿਕਟ ਦੇਣ ਨਾਲ ਅਕਾਲੀ ਦਲ ਲਈ ਅਸਾਨ ਸਮਝੀ ਜਾ ਰਹੀ ਸੀਟ ਚੁਣੌਤੀ ਬਣ ਗਈ ਹੈ।
ਲੋਕ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ, ਭਾਜਪਾ ਆਗੂ ਅਰੁਣ ਜੇਤਲੀ, ਸਾਬਕਾ ਕਾਂਗਰਸੀ ਵਜ਼ੀਰ ਅੰਬਿਕਾ ਸੋਨੀ, ਸੂਬਾਈ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸੁਨੀਲ ਜਾਖੜ, ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਮਨਪ੍ਰੀਤ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਵਕਾਰ ਦਾਅ ‘ਤੇ ਲੱਗਾ ਹੋਇਆ ਹੈ। ਅਕਾਲੀ-ਭਾਜਪਾ ਗੱਠਜੋੜ ਵੱਲੋਂ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਦੀ ਜਿੱਤ ਬੇਹੱਦ ਆਸਾਨ ਮੰਨੀ ਜਾ ਰਹੀ ਸੀ। ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਰੂ ਕੀ ਨਗਰੀ ਤੋਂ ਮੈਦਾਨ ਵਿਚ ਉਤਾਰਨ ਨਾਲ ਅਕਾਲੀਆਂ ਤੇ ਭਾਜਪਾ ਦੀਆਂ ਗਿਣਤੀਆਂ ਮਿਣਤੀਆਂ ਹਿੱਲ ਗਈਆਂ ਹਨ।
ਪੰਜਾਬ ਦੇ ਰਾਜਨੀਤਕ ਦ੍ਰਿਸ਼ ‘ਤੇ ਸਾਹਮਣੇ ਆਈਆਂ ਸਿਆਸੀ ਸ਼ਖ਼ਸੀਅਤਾਂ ਲਈ ਅਗਾਮੀ ਲੋਕ ਸਭਾ ਚੋਣਾਂ ਵੱਡੀ ਤਬਦੀਲੀ ਦਾ ਆਧਾਰ ਬਣ ਸਕਦੀਆਂ ਹਨ। ਇਹ ਚੋਣਾਂ ਜਿਥੇ ਕਾਂਗਰਸੀ ਆਗੂਆਂ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਦਾ ਭਵਿੱਖ ਤੈਅ ਕਰਨਗੀਆਂ ਉਥੇ ਭਾਜਪਾ ਆਗੂ ਅਰੁਣ ਜੇਤਲੀ ਤੇ ਅਕਾਲੀ ਦਲ ਦੇ ਕਈ ਆਗੂਆਂ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਵੀ ਲਾ ਸਕਦੀਆਂ ਹਨ। ਅੰਮ੍ਰਿਤਸਰ, ਆਨੰਦਪੁਰ ਸਾਹਿਬ, ਖਡੂਰ ਸਾਹਿਬ, ਸੰਗਰੂਰ, ਬਠਿੰਡਾ ਤੇ ਗੁਰਦਾਸਪੁਰ ਲੋਕ ਸਭਾ ਹਲਕਿਆਂ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੀਆਂ ਬਹੁ ਗਿਣਤੀ ਸੀਟਾਂ ਜਿੱਤਣ ਦੇ ਦਾਅਵੇ ਕੀਤੇ ਜਾਂਦੇ ਸਨ। ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੀ ਰਾਜਨੀਤੀ ਵਿਚ ਹਾਸ਼ੀਏ ‘ਤੇ ਹੀ ਮੰਨਿਆ ਜਾ ਰਿਹਾ ਸੀ। ਸਿਆਸੀ ਹਲਕਿਆਂ ਵਿਚ ਇਹ ਚਰਚਾ ਭਾਰੂ ਹੋ ਗਈ ਹੈ ਕਿ ਜੇਕਰ ਸਾਬਕਾ ਮੁੱਖ ਮੰਤਰੀ ਅੰਮ੍ਰਿਤਸਰ ਤੋਂ ਸ੍ਰੀ ਜੇਤਲੀ ਨੂੰ ਧੋਬੀ ਪਟਕਾ ਮਾਰਨ ਵਿਚ ਕਾਮਯਾਬ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਸੂਬਾਈ ਰਾਜਨੀਤੀ ਵਿਚ ਵਾਪਸੀ ਹੋ ਸਕਦੀ ਹੈ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾ ਸਕਦੀਆਂ ਹਨ।
ਇਹ ਗੱਲ ਵੀ ਭਾਰੂ ਹੈ ਕਿ ਅਮਰਿੰਦਰ ਸਿੰਘ ਦੀ ਅੰਮ੍ਰਿਤਸਰ ਤੋਂ ਉਮੀਦਵਾਰੀ ਮਾਝੇ ਦੀਆਂ ਦੋ ਹੋਰ ਸੀਟਾਂ ਖਡੂਰ ਸਾਹਿਬ ਤੇ ਗੁਰਦਾਸਪੁਰ ‘ਤੇ ਅਸਰ ਪਾਵੇਗੀ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਲਈ ਲੋਕ ਸਭਾ ਚੋਣਾਂ ਦਾ ਮੈਦਾਨ ਪਹਿਲਾਂ ਵਾਂਗ ਸੁਖਾਲਾ ਦਿਖਾਈ ਨਹੀਂ ਦਿਸ ਰਿਹਾ। ਮੁੱਖ ਮੰਤਰੀ ਦੇ ਪਰਿਵਾਰ ਦਾ ਬਠਿੰਡਾ ਵਿਚ ਵਕਾਰ ਦਾਅ ‘ਤੇ ਲੱਗਾ ਹੋਇਆ ਹੈ। ਇਸ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਮੈਦਾਨ ਵਿਚ ਹੈ। ਕਾਂਗਰਸ ਨੇ ਇਹ ਸੀਟ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਲਈ ਛੱਡ ਦਿੱਤੀ ਹੈ।
ਕਾਂਗਰਸ ਵੱਲੋਂ ਵੱਡੀਆਂ ਸਿਆਸੀ ਹਸਤੀਆਂ ਨੂੰ ਮੈਦਾਨ ਵਿਚ ਉਤਾਰਨ ਨਾਲ ਬਾਦਲ ਪਰਿਵਾਰ ਲਈ ਹੋਰ ਹਲਕਿਆਂ ਵਿਚ ਪ੍ਰਚਾਰ ਕਰਨਾ ਮੁਸ਼ਕਲ ਹੋ ਗਿਆ ਹੈ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਜੋ ਕਿ ਪਹਿਲਾਂ ਚੋਣ ਲੜਨ ਤੋਂ ਟਾਲਾ ਵੱਟ ਰਹੇ ਸਨ, ਨੂੰ ਵੀ ਪਾਰਟੀ ਨੇ ਚੋਣ ਪ੍ਰੀਖਿਆ ਵਿਚ ਪਾਇਆ ਹੈ। ਇਸੇ ਤਰ੍ਹਾਂ ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਨੂੰ ਆਨੰਦਪੁਰ ਤੋਂ ਚੋਣ ਲੜਾਉਣ ਦੇ ਫੈਸਲੇ ਨੇ ਇਸ ਹਲਕੇ ਦਾ ਦ੍ਰਿਸ਼ ਵੀ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਸ੍ਰੀਮਤੀ ਸੋਨੀ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਦਾ ਕੰਢੀ ਏਰੀਏ ਵਿਚ ਚੰਗਾ ਰਸੂਖ ਮੰਨਿਆ ਜਾ ਰਿਹਾ ਹੈ ਤੇ ਪਿਛਲੇ ਸਮੇਂ ਦੌਰਾਨ ਇਸ ਹਲਕੇ ਵਿੱਚ ਉਨ੍ਹਾਂ ਐਮæਪੀ ਲੈਂਡ ਫੰਡ ਵਿਚ ਗਰਾਂਟਾਂ ਵੀ ਵੰਡੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਬਾਰੇ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਰਾਜਸੀ ਜੀਵਨ ਦੀ ਇਕ ਤਰ੍ਹਾਂ ਨਾਲ ਆਖ਼ਰੀ ਚੋਣ ਲੜ ਰਹੇ ਹਨ। ਕਾਂਗਰਸ ਵੱਲੋਂ ਵੱਡੇ ਆਗੂਆਂ ਨੂੰ ਉਮੀਦਵਾਰ ਬਣਾਉਣ ਨਾਲ ਇਨ੍ਹਾਂ ਦੋਹਾਂ ਅਕਾਲੀ ਆਗੂਆਂ ਦੀਆਂ ਚਿੰਤਾਵਾਂ ਵਧਣੀਆਂ ਸੁਭਾਵਿਕ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਮੌਜੂਦਾ ਐਮæਪੀ ਨਵਜੋਤ ਸਿੰਘ ਸਿੱਧੂ ਦੀ ਟਿਕਟ ਕਟਵਾਉਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਹਿਮ ਭੂਮਿਕਾ ਨਿਭਾਈ ਹੈ। ਛੋਟੇ ਬਾਦਲ ਵੱਲੋਂ ਹੀ ਇਹ ਦਾਅਵਾ ਕੀਤਾ ਗਿਆ ਸੀ ਕਿ ਜੇਕਰ ਅਰੁਣ ਜੇਤਲੀ ਅੰਮ੍ਰਿਤਸਰ ਤੋਂ ਚੋਣ ਲੜਨਗੇ ਤਾਂ ਉਹ ਦਿੱਲੀ ਬੈਠਿਆਂ ਹੀ ਜਿੱਤ ਜਾਣਗੇ। ਉਦੋਂ ਤੱਕ ਹਾਕਮ ਪਾਰਟੀਆਂ ਨੂੰ ਕਾਂਗਰਸ ਦੀ ਰਣਨੀਤੀ ਦਾ ਕੋਈ ਗਿਆਨ ਨਹੀਂ ਸੀ ਕਿ ਕਾਂਗਰਸ ਅਮਰਿੰਦਰ ਸਿੰਘ ਨੂੰ ਮੈਦਾਨ ਵਿਚ ਉਤਾਰ ਦੇਵੇਗੀ।

Be the first to comment

Leave a Reply

Your email address will not be published.