ਚੋਣਾਂ ਦੌਰਾਨ ਹਮਲਿਆਂ ਦੇ ਖਦਸ਼ੇ ਮਗਰੋਂ ਭਾਜਪਾਈ ਡਰੇ?

ਨਵੀਂ ਦਿੱਲੀ: ਚੋਣਾਂ ਦੌਰਾਨ ਹਮਲਿਆਂ ਦੇ ਖਦਸ਼ੇ ਮਗਰੋਂ ਭਾਜਪਾਈ ਡਰ ਗਏ ਹਨ ਤੇ ਭਾਜਪਾ ਦੇ ਇਕ ਵਫਦ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਖੁਫੀਆ ਰਿਪੋਰਟਾਂ ਮੁਤਾਬਕ ਅਤਿਵਾਦੀ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾ ਸਕਦੇ ਹਨ। ਭਾਜਪਾ ਨੇ ਕੇਂਦਰ ਸਰਕਾਰ ਨੂੰ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰਨ ਦੀ ਮੰਗ ਕੀਤੀ ਹੈ।
ਉਧਰ, ਲੋਕ ਸਭਾ ਚੋਣਾਂ ਦੌਰਾਨ ਦਹਿਸ਼ਤੀ ਹਮਲਿਆਂ ਨਾਲ ਦੇਸ਼ ਵਿਚ ਤਰਥੱਲੀ ਮਚਾਉਣ ਦੇ ਇਰਾਦਿਆਂ ਨੂੰ ਦਿੱਲੀ ਪੁਲਿਸ ਨੇ ਨਾਕਾਮ ਕਰ ਦਿੱਤਾ। ਪੁਲਿਸ ਨੇ ਕਈ ਬੰਬ ਧਮਾਕਿਆਂ ਵਿਚ ਲੋੜੀਂਦੇ ਪਾਕਿਸਤਾਨੀ ਨਾਗਰਿਕ ਤੇ ਇੰਡੀਅਨ ਮੁਜਾਹਿਦੀਨ ਦੇ ਦਹਿਸ਼ਤਗਰਦ ਜ਼ਿਆ ਉਰ ਰਹਿਮਾਨ ਉਰਫ਼ ਵਕਾਸ ਤੇ ਉਸ ਦੇ ਤਿੰਨ ਸਾਥੀਆਂ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਵੱਡੀ ਗਿਣਤੀ ਵਿਚ ਧਮਾਕਾਖੇਜ਼ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ ਜਿਸ ਨਾਲ ਲੀਡਰਾਂ ਦਾ ਫਿਕਰ ਹੋ ਵਧ ਗਿਆ ਹੈ। ਇਸ ਅਤਿਵਾਦੀ ਨੂੰ ਅਜਮੇਰ ਰੇਲਵੇ ਸਟੇਸ਼ਨ ਦੇ ਬਾਹਰੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਬਾਂਦਰਾ (ਮੁੰਬਈ) ਤੋਂ ਉੱਥੇ ਪੁੱਜਾ ਸੀ। ਉਸ ਦੇ ਤਿੰਨ ਸਾਥੀਆਂ ਦੀ ਪਛਾਣ ਮੁਹੰਮਦ ਮਾਹਰੂਫ (21), ਮੁਹੰਮਦ ਵਕਾਰ ਅਜ਼ਹਰ ਉਰਫ਼ ਹਨੀਫ਼ (21) ਤੇ ਸ਼ਾਕਿਬ ਅਨਸਾਰੀ ਉਰਫ਼ ਖਾਲਿਦ (25) ਵਜੋਂ ਹੋਈ ਜਿਨ੍ਹਾਂ ਨੂੰ ਉਸ ਦੀ ਨਿਸ਼ਾਨਦੇਹੀ ‘ਤੇ ਜੈਪੁਰ ਅਤੇ ਜੋਧਪੁਰ ਤੋਂ ਉਨ੍ਹਾਂ ਦੀ ਰਿਹਾਇਸ਼ ਤੋਂ ਰਾਜਸਥਾਨ ਪੁਲਿਸ ਦੀ ਸਹਾਇਤਾ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿਸਤਾਨ ਦੇ ਦਹਿਸ਼ਤੀ ਕੈਂਪਾਂ ਵਿਚ ਸਿਖਲਾਈ ਲੈਣ ਵਾਲੇ ਵਕਾਸ ‘ਤੇ 19 ਸਤੰਬਰ, 2010 ਨੂੰ ਜਾਮਾ ਮਸਜਿਦ ਵਿਚ ਹਮਲੇ , 7 ਦਸੰਬਰ, 2010 ਨੂੰ ਸ਼ੀਤਲਾ ਘਾਟ, ਵਾਰਾਣਸੀ ਵਿਚ ਬੰਬ ਧਮਾਕੇ ਤੇ ਮੁੰਬਈ ਦੇ ਜ਼ਵੇਰੀ ਬਾਜ਼ਾਰ ਤੇ ਓਪੇਰਾ ਹਾਊਸ ਨੂੰ 12 ਜੁਲਾਈ, 2011 ਨੂੰ ਬੰਬ ਧਮਾਕੇ ਕਰਨ ਦਾ ਦੋਸ਼ ਹੈ। ਵਕਾਸ ਵੱਲੋਂ ਇਕ ਅਗਸਤ, 2012 ਨੂੰ ਪੁਣੇ ਵਿਚ ਵੀ ਲੜੀਵਾਰ ਬੰਬ ਧਮਾਕੇ ਕੀਤੇ ਗਏ ਸਨ।
ਉਹ ਹੈਦਰਾਬਾਦ ਵਿਚ 21 ਫਰਵਰੀ, 2013 ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਲਈ ਵੀ ਜ਼ਿੰਮੇਵਾਰ ਹੈ। ਵਕਾਸ ਦੇ ਯਾਸੀਨ ਭਟਕਲ ਨਾਲ ਸਬੰਧ ਸਨ ਤੇ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹ ਹੀ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਨੂੰ ਅੰਜ਼ਾਮ ਦੇ ਰਿਹਾ ਸੀ। ਭਟਕਲ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਦੀ ਭਾਲ ਵਿਚ ਜੁਟ ਗਈ ਸੀ। ਵਕਾਸ ਪਾਕਿਸਤਾਨ ਤੋਂ ਕਾਠਮੰਡੂ ਹੁੰਦਾ ਹੋਇਆ ਭਾਰਤ ਪੁੱਜਾ ਸੀ।
_________________________________________
ਮੋਦੀ ਨੂੰ ਕੋਈ ਖਤਰਾ ਨਹੀਂ: ਗ੍ਰਹਿ ਮੰਤਰੀ
ਮੁੰਬਈ: ਭਾਜਪਾ ਦੀਆਂ ਚਿੰਤਾਵਾਂ ਨੂੰ ਦੂਰ ਕਰਦਿਆਂ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਕਿ ਉਸ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਜ਼ਿੰਦਗੀ ਨੂੰ ਕੋਈ ਖਤਰਾ ਨਹੀਂ ਤੇ ਉਨ੍ਹਾਂ ਦੀ ਸੁਰੱਖਿਆ ਪਹਿਲਾਂ ਹੀ ਵਧਾਈ ਹੋਈ ਹੈ। ਗ੍ਰਹਿ ਮੰਤਰੀ ਸ਼ਿੰਦੇ ਨੇ ਮੋਦੀ ਸਮੇਤ ਭਾਜਪਾ ਨੇਤਾਵਾਂ ਨੂੰ ਸੰਭਾਵਿਤ ਖਤਰੇ ਬਾਰੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਜਪਾ ਨੇਤਾਵਾਂ ਦਾ ਇਕ ਵਫ਼ਦ ਉਨ੍ਹਾਂ ਨੂੰ ਮਿਲਿਆ ਸੀ ਤੇ ਉਨ੍ਹਾਂ ਨੇ ਵਫ਼ਦ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੋਈ ਖਤਰਾ ਨਹੀਂ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਪਟਨਾ ਵਿਚ ਹੋਏ ਬੰਬ ਧਮਾਕਿਆਂ ਪਿੱਛੋਂ ਉਨ੍ਹਾਂ ਖੁਦ ਹੀ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੇ ਸੁਰੱਖਿਆ ਦੇ ਸਾਰਿਆਂ ਲਈ ਇੰਤਜ਼ਾਮ ਕੀਤੇ ਹਨ ਭਾਵੇਂ ਉਹ ਭਾਜਪਾ, ਸਮਾਜਵਾਦੀ ਪਾਰਟੀ, ਬਸਪਾ ਜਾਂ ਕਾਂਗਰਸ ਦੇ ਨੇਤਾ ਹੋਣ। ਭਾਜਪਾ ਨੇਤਾ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਵਿਚ ਭਾਜਪਾ ਵਫ਼ਦ ਨੇ ਸ੍ਰੀ ਸ਼ਿੰਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇਤਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਸੀ। ਸ੍ਰੀ ਪ੍ਰਸਾਦ ਨੇ ਕਿਹਾ ਸੀ ਕਿ ਕੁਝ ਤੱਤ ਹਨ ਜਿਹੜੇ ਚੋਣ ਪ੍ਰਕਿਰਿਆ ਵਿਚ ਰੁਕਾਵਟ ਪਾਉਣਾ ਚਾਹੁੰਦੇ ਹਨ।

Be the first to comment

Leave a Reply

Your email address will not be published.