ਅਕਾਲੀ-ਭਾਜਪਾ ਲਈ ਦੋਆਬੇ ਵਿਚ ਮੁਸ਼ਕਲਾਂ ਵਧੀਆਂ

ਜਲੰਧਰ: ਦੋਆਬੇ ਵਿਚ ਸੱਤਾਧਾਰੀ ਅਕਾਲੀ-ਭਾਜਪਾ ਗੱਠਜੋੜ ਦੇ ਦੋਵਾਂ ਉਮੀਦਵਾਰਾਂ ਨੂੰ ਸਿਆਸੀ ਵਿਰੋਧੀਆਂ ਨਾਲੋਂ ‘ਆਪਣਿਆਂ’ ਤੋਂ ਵੱਧ ਖ਼ਤਰਾ ਮਹਿਸੂਸ ਹੋ ਰਿਹਾ ਹੈ। ਇਸ ਖਿੱਤੇ ਦੀਆਂ ਦੋਵੇਂ ਸੀਟਾਂ ਜਲੰਧਰ ਤੇ ਹੁਸ਼ਿਆਰਪੁਰ ਰਾਖਵੀਆਂ ਸੀਟਾਂ ਹਨ। ਜਲੰਧਰ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਤੇ ਹੁਸ਼ਿਆਰਪੁਰ ਭਾਜਪਾ ਦੇ ਹਿੱਸੇ ਵਾਲੀ ਸੀਟ ਹੈ। ਇਨ੍ਹਾਂ ਸੀਟਾਂ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਪਾਰਟੀ ਦੇ ਹੀ ਮੀਤ ਪ੍ਰਧਾਨ ਤੇ ਸੂਫ਼ੀ ਗਾਇਕ ਹੰਸ ਰਾਜ ਹੰਸ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ ਭਾਜਪਾ ਦੇ ਉਮੀਦਵਾਰ ਵਿਜੈ ਸਾਂਪਲਾ ਨੂੰ ਭਾਰਤੀ ਜਨਤਾ ਯੁਵਾ ਮੋਰਚਾ ਨੇ ਸ਼ਰੇਆਮ ਵੰਗਾਰਿਆ ਹੈ ਕਿ ਬਾਹਰਲੇ ਬੰਦੇ ਦੀ ਹਮਾਇਤ ਨਹੀਂ ਕੀਤੀ ਜਾਵੇਗੀ।
ਨਰਮ ਸੁਭਾਅ ਵਾਲੇ ਮੰਨੇ ਜਾਂਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੇ ਅਧਿਕਾਰਤ ਉਮੀਦਵਾਰ ਪਵਨ ਕੁਮਾਰ ਟੀਨੂੰ ਦਾ ਵਿਰੋਧ ਕਰ ਰਹੇ ਹੰਸ ਰਾਜ ਹੰਸ ਬਾਰੇ ਆਪਣੇ ਸੁਭਾਅ ਤੋਂ ਉਲਟ ਸਖਤ ਟਿੱਪਣੀਆਂ ਕੀਤੀਆ ਹਨ। ਸ਼ ਬਾਦਲ ਵੱਲੋਂ ਇਹ ਕਹਿਣਾ ਕਿ ਹੰਸ ਨੂੰ ਲੋਕ ਸਭਾ ਦੀ ਟਿਕਟ ਨਾ ਮਿਲਣ ਕਾਰਨ ਹੀ ਉਹ ਟੀਨੂੰ ਦਾ ਵਿਰੋਧ ਕਰ ਰਿਹਾ ਹੈ। ਪਹਿਲਾ ਕਿਉਂ ਨਹੀਂ ਬੋਲਿਆਂ ਜਦੋਂ ਟੀਨੂੰ ਨੂੰ ਆਦਮਪੁਰ ਤੋਂ ਐਮæਐਲ਼ਏæ ਦੀ ਚੋਣ ਲਈ ਖੜ੍ਹਾ ਕੀਤਾ ਸੀ। ਇਸ ਟਿੱਪਣੀ ਨੂੰ ਰਾਜਸੀ ਮਾਹਰ ਬਾਦਲ ਦੀ ਸਖਤ ਟਿੱਪਣੀ ਵਜੋਂ ਦੇਖ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰਨ ਵਾਲਿਆਂ ਅੱਗੇ ਝੁਕੇਗਾ ਨਹੀਂ।
ਜਲੰਧਰ ਲੋਕ ਸਭਾ ਹਲਕੇ ਵਿਚ 15 ਲੱਖ ਤੋਂ ਵੱਧ ਵੋਟਰ ਹਨ ਜਿਨ੍ਹਾਂ ਵਿਚੋਂ 3 ਲੱਖ 50 ਹਜ਼ਾਰ ਆਦਿ-ਧਰਮੀ ਤੇ ਇਕ ਲੱਖ 75 ਹਜ਼ਾਰ ਵਾਲਮੀਕ ਭਾਈਚਾਰੇ ਦੇ ਵੋਟਰ ਹਨ। ਪਵਨ ਕੁਮਾਰ ਟੀਨੂੰ ਜਿਹੜਾ ਕਿ ਆਦਿ-ਧਰਮੀ ਸਮਾਜ ਨਾਲ ਸਬੰਧ ਰੱਖਦਾ ਹੈ ਤੇ ਹੰਸ ਰਾਜ ਹੰਸ ਵਾਲਮੀਕ ਭਾਈਚਾਰੇ ਨਾਲ ਸਬੰਧ ਰੱਖਦਾ ਹੈ। ਹੰਸ ਰਾਜ ਦੇ ਘਰ ਹੋਈ ਮੀਟਿੰਗ ਵਿਚ ਵਾਲਮੀਕ ਭਾਈਚਾਰੇ ਦੇ ਆਗੂਆਂ ਨੇ ਉਨ੍ਹਾਂ ਤੇ ਇਸ ਗੱਲ ਲਈ ਦਬਾਅ ਪਾਇਆ ਸੀ ਕਿ ਉਹ ਆਪਣੀ ਗੱਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਜ਼ਰੂਰ ਰੱਖਣ।
ਹਾਸਲ ਜਾਣਕਾਰੀ ਅਨੁਸਾਰ ਹੰਸ ਦੇ ਸਮਰਥਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਵਾਲਮੀਕ ਭਾਈਚਾਰੇ ਦੀ ਨਾਰਾਜ਼ਗੀ ਦਾ ਖਮਿਆਜ਼ਾ ਸੱਤਾਧਾਰੀ ਗੱਠਜੋੜ ਨੂੰ ਸਮੁੱਚੇ ਪੰਜਾਬ ਵਿਚ ਭੁਗਤਣਾ ਪੈ ਸਕਦਾ ਹੈ। ਹਾਲਾਂਕਿ ਹੰਸ ਤੇ ਸੁਖਬੀਰ ਬਾਦਲ ਵਿਚਾਲੇ ਗੱਲਬਾਤ ਜਾਰੀ ਹੈ। ਉਧਰ ਭਾਜਪਾ ਆਗੂ ਵਿਜੈ ਸਾਂਪਲਾ ਨੂੰ ਵੀ ਹੁਸ਼ਿਆਰਪੁਰ ਸੀਟ ਤੋਂ ਆਪਣਿਆ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਜੈ ਸਾਂਪਲਾ ਦਾ ਸਭ ਤੋਂ ਵੱਧ ਜ਼ੋਰ ਪਾਰਟੀ ਦੇ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਵਿਚ ਲੱਗ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਦੇ ਆਗੂ ਤਾਂ ਸਾਂਪਲਾ ਨੂੰ ਬਾਹਰਲਾ ਬੰਦਾ ਦੱਸ ਰਹੇ ਹਨ। ਉਹ ਭਾਜਪਾ ਦੀ ਸੂਬਾਈ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਸਾਹਮਣੇ ਰੋਸ ਪ੍ਰਦਰਸ਼ਨ ਵੀ ਕਰ ਚੁੱਕੇ ਹਨ। ਏਨਾ ਦੋਵਾਂ ਆਗੂਆਂ ਨੂੰ ਪਾਰਟੀਆਂ ਅੰਦਰੋਂ ਚੁਣੌਤੀ ਮਿਲ ਰਹੀ ਹੈ। ਦੋਵਾਂ ਆਗੂਆਂ ਨੇ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਰਾਹੀਂ ਅੰਦਰਲਾ ਵਿਰੋਧ ਖ਼ਤਮ ਕਰਵਾਉਣ ਵਿਚ ਲੱਗੇ ਹੋਏ ਹਨ।
______________________________________
ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿਚ ਡਟੇ ਅਫਸਰ
ਚੰਡੀਗੜ੍ਹ: ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਸਰਕਾਰੀ ਅਫਸਰ ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿਚ ਡਟੇ ਹੋਏ ਹਨ। ਇਹ ਅਫਸਰ ਚੋਣ ਕਮਿਸ਼ਨ ਨੂੰ ਵੀ ਹੱਥ ਪੱਲਾ ਨਹੀਂ ਨਹੀਂ ਫੜਾ ਰਹੇ। ਚੋਣ ਕਮਿਸ਼ਨ ਨੇ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਪੁਲਿਸ ਅਫਸਰਾਂ ਵਿਰੁੱਧ ਆਉਂਦੀਆਂ ਸ਼ਿਕਾਇਤਾਂ ਦੀ ਪੜਤਾਲ ਲਈ ਤਿਆਰ ਕੀਤੀ ਗਈ ਕਾਰਜਪ੍ਰਣਾਲੀ ਦਾ ਸਖ਼ਤ ਨੋਟਿਸ ਲਿਆ ਹੈ। ਚੋਣ ਅਫਸਰਾਂ ਦਾ ਕਹਿਣਾ ਹੈ ਕਿ ਗ੍ਰਹਿ ਵਿਭਾਗ ਵੱਲੋਂ ਉਨ੍ਹਾਂ ਅਫਸਰਾਂ ਜਿਨ੍ਹਾਂ ਵਿਰੁੱਧ ਸ਼ਿਕਾਇਤਾਂ ਆਉਂਦੀਆਂ ਹਨ, ਦਾ ਪੱਖ ਲੈ ਕੇ ਸ਼ਿਕਾਇਤਾਂ ਨੂੰ ਰਫ਼ਾ ਦਫ਼ਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਗ੍ਰਹਿ ਵਿਭਾਗ ਵੱਲੋਂ ਇਸ ਤਰ੍ਹਾਂ ਦਾ ਵਤੀਰਾ ਦੋ ਦਰਜਨ ਮਾਮਲਿਆਂ ਵਿਚ ਅਪਣਾਇਆ ਗਿਆ ਤੇ ਕਮਿਸ਼ਨ ਨੇ ਗੰਭੀਰ ਕਿਸਮ ਦੀਆਂ ਸ਼ਿਕਾਇਤਾਂ ਵਾਪਸ ਭੇਜ ਕੇ ਜਾਂਚ ਕਰਾਉਣ ਦੇ ਨਿਰਦੇਸ਼ ਵੀ ਦਿੱਤੇ ਸਨ। ਤਾਜ਼ਾ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਮਿਸ਼ਨ ਦੇ ਇਕ ਅਫ਼ਸਰ ਨੇ ਦੱਸਿਆ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪਰਮਜੀਤ ਸਿੰਘ ਗਿੱਲ ਵਿਰੱਧ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਹਾਕਮ ਧਿਰ ਦੇ ਉਮੀਦਵਾਰ ਦਾ ਪੱਖ ਪੂਰਨ ਦੇ ਦੋਸ਼ ਲਾਏ ਤੇ ਆਪਣੇ ਹਮਾਇਤੀਆਂ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਦੀ ਗੱਲ ਕਹੀ। ਗ੍ਰਹਿ ਵਿਭਾਗ ਨੇ ਕਮਿਸ਼ਨ ਨੂੰ ਭੇਜੀ ਰਿਪੋਰਟ ਵਿਚ ਕਿਹਾ ਹੈ ਕਿ ਕਮਿਸ਼ਨਰ ਲੁਧਿਆਣਾ ਨੇ ਸ਼ਿਕਾਇਤ ਵਿਚਲੇ ਤੱਥ ਝੂਠੇ ਕਰਾਰ ਦਿੱਤੇ ਹਨ। ਇਸ ਲਈ ਇਹ ਸ਼ਿਕਾਇਤ ਗਲਤ ਹੈ ਤੇ ਇਸ ‘ਤੇ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ।
ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਤੋਂ ਆਈæਜੀæ ਇੰਟੈਲੀਜੈਂਸ ਜਤਿੰਦਰ ਜੈਨ, ਡੀæਆਈæਜੀæ ਬਠਿੰਡਾ ਤੇ ਐਸ਼ਐਸ਼ਪੀæ ਬਠਿੰਡਾ ਗੁਰਪ੍ਰੀਤ ਸਿੰਘ ਭੁੱਲਰ ਦੀ ਸ਼ਿਕਾਇਤ ਕੀਤੀ ਕਿ ਉਕਤ ਪੁਲਿਸ ਅਧਿਕਾਰੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਖੁੱਲ੍ਹੀ ਹਮਾਇਤ ਕਰ ਰਹੇ ਹਨ। ਕਮਿਸ਼ਨ ਨੇ ਇਸ ਸ਼ਿਕਾਇਤ ‘ਤੇ ਗ੍ਰਹਿ ਵਿਭਾਗ ਤੋਂ ਰਿਪੋਰਟ ਮੰਗੀ। ਗ੍ਰਹਿ ਵਿਭਾਗ ਨੇ ਘੜਿਆ ਘੜਾਇਆ ਜਵਾਬ ਭੇਜਦਿਆਂ ਕਿਹਾ ਕਿ ਆਈæਜੀæ ਬਠਿੰਡਾ ਤੋਂ ਜਾਣਕਾਰੀ ਲਈ ਗਈ ਹੈ ਕਿ ਉਕਤ ਅਫਸਰ ਹਾਕਮ ਧਿਰ ਦੇ ਉਮੀਦਵਾਰ ਦੀ ਕੋਈ ਮਦਦ ਨਹੀਂ ਕਰ ਰਹੇ। ਇਸ ਲਈ ਇਸ ਸ਼ਿਕਾਇਤ ‘ਤੇ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ। ਕਮਿਸ਼ਨ ਦੇ ਅਧਿਕਾਰੀਆਂ ਨੇ ਉਕਤ ਦੋਵੇਂ ਸ਼ਿਕਾਇਤਾਂ ਗ੍ਰਹਿ ਵਿਭਾਗ ਨੂੰ ਵਾਪਸ ਭੇਜ ਦਿੱਤੀਆਂ ਹਨ ਤੇ ਮੁੜ ਤੋਂ ਰਿਪੋਰਟ ਦੇਣ ਲਈ ਕਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜ ਦੇ ਗ੍ਰਹਿ ਵਿਭਾਗ ਨੇ ਇਨ੍ਹਾਂ ਸ਼ਿਕਾਇਤਾਂ ਦੀ ਪੜਤਾਲ ਸਹੀ ਢੰਗ ਨਾਲ ਨਹੀਂ ਕਰਵਾਈ ਸਗੋਂ ਖਾਨਾਪੂਰਤੀ ਕੀਤੀ ਹੈ। ਕਮਿਸ਼ਨ ਦੇ ਅਧਿਕਾਰੀ ਇਸ ਗੱਲੋਂ ਹੈਰਾਨ ਹਨ ਕਿ ਜਿਨ੍ਹਾਂ ਅਧਿਕਾਰੀਆਂ ਵਿਰੁੱਧ ਸ਼ਿਕਾਇਤਾਂ ਆਉਂਦੀਆਂ ਹਨ, ਸਰਕਾਰ ਵੱਲੋਂ ਉਸੇ ਅਧਿਕਾਰੀ ਦਾ ਪੱਖ ਜਾਣ ਕੇ ਸ਼ਿਕਾਇਤਾਂ ਨੂੰ ਸਰਸਰੀ ਸਮਝਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਸ਼ਿਕਾਇਤਾਂ ਦੀ ਪੜਤਾਲ ਕਿਸੇ ਹੋਰ ਅਧਿਕਾਰੀ ਤੋਂ ਕਰਾਈ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਸ਼ਿਕਾਇਤਕਰਤਾ ਦਾ ਪੱਖ ਵੀ ਜਾਣਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਢੁਕਵੇਂ ਸਬੂਤ ਪੇਸ਼ ਕਰ ਸਕੇ।

Be the first to comment

Leave a Reply

Your email address will not be published.