ਲਾਪਤਾ ਜਹਾਜ਼ ਹਿੰਦ ਮਹਾਂਸਾਗਰ ‘ਚ ਹੀ ਡਿੱਗਿਆ

ਕੁਆਲਾਲੰਪੁਰ: ਮਲੇਸ਼ੀਆ ਦਾ 239 ਲੋਕਾਂ ਨੂੰ ਲੈ ਕੇ ਲਾਪਤਾ ਹੋਇਆ ਜਹਾਜ਼ ਹਿੰਦ ਮਹਾਂਸਾਗਰ ਦੇ ਦੱਖਣੀ ਹਿੱਸੇ ਵਿਚ ਹਾਦਸਾਗ੍ਰਸਤ ਹੋ ਚੁੱਕਿਆ ਹੈ ਤੇ ਇਸ ਵਿਚ ਸਵਾਰ ਲੋਕਾਂ ਵਿਚੋਂ ਕੋਈ ਵੀ ਜ਼ਿੰਦਾ ਨਹੀਂ ਬਚਿਆ। ਪ੍ਰਧਾਨ ਮੰਤਰੀ ਨਜੀਬ ਰਜ਼ਾਕ ਨੇ ਇਹ ਐਲਾਨ ਕਰ ਦਿੱਤਾ ਹੈ। ਇਸ ਜਹਾਜ਼ ਦੀ ਹੋਣੀ ਬਾਰੇ ਇਸ ਬਿਆਨ ਨਾਲ ਸਾਰੀਆਂ ਕਿਆਸਅਰਾਈਆਂ ਠੱਪ ਹੋ ਗਈਆਂ ਹਨ।
ਨਜੀਬ ਨੇ ਦੱਸਿਆ ਕਿ ਬਹੁਤ ਦੁੱਖ ਨਾਲ ਉਹ ਕਹਿ ਰਹੇ ਹਨ ਕਿ ਐਮਐਚ 370 ਜਹਾਜ਼ ਹਿੰਦ ਮਹਾਂਸਾਗਰ ਦੇ ਦੱਖਣੀ ਹਿੱਸੇ ਵਿਚ ਡਿੱਗ ਕੇ ਤਬਾਹ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਤਾਨਵੀ ਸੈਟੇਲਾਈਟ ਕੰਪਨੀ ਇਨਮਾਰਸੈਟ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਇਹ ਹੀ ਸਿੱਟਾ ਨਿਕਲਦਾ ਹੈ ਕਿ ਇਸ ਜਹਾਜ਼ ਨੇ ਦੱਖਣੀ ਲਾਂਘੇ ਵੱਲ ਉਡਾਣ ਭਰੀ ਸੀ। ਇਸ ਦੌਰਾਨ ਇਸ ਦੀ ਆਖਰੀ ਪੁਜ਼ੀਸ਼ਨ ਹਿੰਦ ਮਹਾਂਸਾਗਰ ਦੇ ਦੱਖਣ ਵਿਚ ਵਿਚਕਾਰ ਜਿਹੇ ਸੀ। ਇਹ ਖੇਤਰ ਪਰਥ ਦੇ ਪੱਛਮ ਵਿਚ ਪੈਂਦਾ ਹੈ।
ਇਹ ਬਹੁਤ ਦੁਰੇਡਾ ਖੇਤਰ ਹੈ ਤੇ ਲੈਂਡਿੰਗ ਦੀ ਤਾਂ ਕਿਤੇ ਦੂਰ ਤੱਕ ਸੰਭਾਵਨਾ ਨਹੀਂ ਸੀ। ਉਨ੍ਹਾਂ ਕਿਹਾ ਕਿ ਖੁੱਲ੍ਹੇਪਣ ਪ੍ਰਤੀ ਵਚਨਬੱਧਤਾ ਤੇ ਪੀੜਤਾਂ ਦੇ ਪਰਿਵਾਰਾਂ ਦੇ ਸਤਿਕਾਰ ਵਜੋਂ ਇਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਨ੍ਹਾਂ ਦੋ ਸਿਧਾਂਤਾਂ ਨੂੰ ਲੈ ਕੇ ਹੀ ਇਹ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਲੇਸ਼ਿਆਈ ਏਅਰਲਾਈਨਜ਼ ਦੇ ਅਧਿਕਾਰੀ ਪਹਿਲਾਂ ਹੀ ਯਾਤਰੀਆਂ ਦੇ ਪਰਿਵਾਰਾਂ ਤੇ ਜਹਾਜ਼ ਦੇ ਅਮਲੇ ਦੇ ਪਰਿਵਾਰਾਂ ਨਾਲ ਇਹ ਨਵੀਂ ਜਾਣਕਾਰੀ ਸਾਂਝੀ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਹ ਮੀਡੀਆ ਨੂੰ ਬੇਨਤੀ ਕਰਦੇ ਹਨ ਕਿ ਪਰਿਵਾਰਾਂ ਦੀ ਨਿੱਜਤਾ ਦਾ ਧਿਆਨ ਰੱਖਣ ਤੇ ਉਨ੍ਹਾਂ ਨੂੰ ਇਸ ਔਖੀ ਘੜੀ ਜਿੱਚ ਨਾ ਕਰਨ। 17 ਦਿਨ ਪਹਿਲਾਂ ਲਾਪਤਾ ਹੋਏ ਇਸ ਜਹਾਜ਼ ਵਿਚ ਪੰਜ ਭਾਰਤੀ ਯਾਤਰੀਆਂ ਸਣੇ 239 ਲੋਕ ਸਵਾਰ ਸਨ। ਪੇਇਚਿੰਗ ਜਾ ਰਿਹਾ ਇਹ ਜਹਾਜ਼ ਕੁਆਲਾਲੰਪੁਰ ਤੋਂ ਉਡਾਣ ਭਰਨ ਤੋਂ ਘੰਟੇ ਅੰਦਰ ਹੀ ਰਾਡਾਰ ਤੋਂ ਲਾਂਭੇ ਹੋ ਗਿਆ ਸੀ। ਇਸ ਜਹਾਜ਼ ਵਿਚ 154 ਚੀਨ ਦੇ ਲੋਕ, 38 ਮਲੇਸ਼ਿਆਈ, 7 ਇੰਡੋਨੇਸ਼ਿਆਈ, 6 ਆਸਟਰੇਲਿਆਈ, 5 ਭਾਰਤੀ, 4 ਅਮਰੀਕੀ ਤੇ ਦੋ ਕੈਨੇਡਿਆਈ ਨਾਗਰਿਕ ਸਨ।

Be the first to comment

Leave a Reply

Your email address will not be published.