ਇਕ ਵਾਰ ਫਿਰ ਓਬਾਮਾ ਓਬਾਮਾ

ਬਹੁਤ ਫਸਵੇਂ ਚੋਣ ਮੁਕਾਬਲੇ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਇਕ ਵਾਰ ਫਿਰ ਬਾਜ਼ੀ ਮਾਰ ਗਏ ਹਨ। ਅਮਰੀਕੀ ਲੋਕਾਂ ਦੀਆਂ ਹੀ ਨਹੀਂ,ਦੁਨੀਆਂ ਭਰ ਦੇ ਲੋਕਾਂ ਦੀਆਂ ਨਜ਼ਰਾਂ ਇਸ ਚੋਣ ਉਤੇ ਲੱਗੀਆਂ ਹੋਈਆਂ ਸਨ। ਆਪਣੇ ਪਿਛਲੇ ਕਾਰਜਕਾਲ ਦੌਰਾਨ ਬਰਾਕ ਓਬਾਮਾ ਕੋਈ ਵੱਡਾ ਮਾਅਰਕਾ ਮਾਰਨ ਵਿਚ ਸਫਲ ਨਹੀਂ ਸਨ ਹੋ ਸਕੇ। ਪਿਛਲੀ ਜਿੱਤ ਵੇਲੇ ਉਨ੍ਹਾਂ ਤੋਂ ਜੋ ਆਸਾਂ ਲਾਈਆਂ ਗਈਆਂ ਸਨ, ਉਹ ਬੇਸ਼ੱਕ ਅਜੇ ਅਧੂਰੀਆਂ ਪਈਆਂ ਹਨ। ਇਹੀ ਇਕ ਮੁੱਖ ਕਾਰਨ ਸੀ ਕਿ ਆਖਰੀ ਦਿਨਾਂ ਦੌਰਾਨ ਉਨ੍ਹਾਂ ਦੀ ਜਿੱਤ ਦਾ ਪੱਕਾ ਦਾਅਵਾ ਰਤਾ ਕੁ ਕੱਚਾ ਭਾਸਣ ਲੱਗ ਪਿਆ ਸੀ ਪਰ ਆਖਰਕਾਰ ਉਹ ਜੇਤੂ ਰਹੇ ਹਨ ਅਤੇ ਸੀਟਾਂ ਦੇ ਹਿਸਾਬ ਨਾਲ ਉਹ ਆਪਣੇ ਮੁੱਖ ਵਿਰੋਧੀ ਮਿੱਟ ਰੋਮਨੀ ਨੂੰ ਬਹੁਤ ਪਿਛਾਂਹ ਛੱਡ ਗਏ ਹਨ। ਇਸ ਵੇਲੇ ਅਮਰੀਕਾ ਜਿਸ ਮੋੜ ‘ਤੇ ਖੜ੍ਹਾ ਹੈ, ਉਥੋਂ ਅਗਲੇ ਕਦਮ ਉਠਾਉਣ ਵਿਚ ਹੁਣ ਬਰਾਕ ਓਬਾਮਾ ਦਾ ਵੱਡਾ ਯੋਗਦਾਨ ਹੋਵੇਗਾ। ਇਉਂ ਇਕ ਵਾਰ ਫਿਰ ਉਨ੍ਹਾਂ ਦਾ ਇਮਤਿਹਾਨ ਹੈ।

ਅਮਰੀਕਾ ਨੂੰ ਅੱਗੇ ਵਧਾਉਣ ਦਾ ਵਾਅਦਾ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਲਗਾਤਾਰ ਦੂਜੀ ਵਾਰ ਆਪਣੇ ਰਿਪਬਲੀਕਨ ਵਿਰੋਧੀ ਮਿੱਟ ਰੋਮਨੀ ਨੂੰ ਵੱਡੇ ਫਰਕ ਨਾਲ ਹਰਾ ਕੇ ਮੁਲਕ ਦੇ ਰਾਸ਼ਟਰਪਤੀ ਚੁਣੇ ਗਏ ਹਨ। ਦੇਸ਼ ਨੂੰ ਦਰਪੇਸ਼ ਮਾਲੀ ਦੁਸ਼ਵਾਰੀਆਂ ਤੇ ਮੁਕਾਬਲਾ ਸਖ਼ਤ ਰਹਿਣ ਦੀਆਂ ਪੇਸ਼ੀਨਗੋਈਆਂ ਦੇ ਬਾਵਜੂਦ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਸ੍ਰੀ ਓਬਾਮਾ ਨੇ ਇਹ ਚੋਣ ਆਸਾਨੀ ਨਾਲ ਜਿੱਤ ਲਈ ਹੈ। ਆਪਣੇ ਜੇਤੂ ਭਾਸ਼ਨ ਵਿਚ ਉਨ੍ਹਾਂ ਐਲਾਨ ਕੀਤਾ ਕਿ ਉਹ ਰਿਪਬਲੀਕਨਾਂ ਸਮੇਤ ਸਮੁੱਚੇ ਦੇਸ਼ ਵਾਸੀਆਂ ਨੂੰ ਨਾਲ ਲੈ ਕੇ ਅਮਰੀਕਾ ਨੂੰ ਤਰੱਕੀ ਦੇ ਰਾਹ ਉੱਤੇ ਅੱਗੇ ਵਧਾਉਣਗੇ। ਉਹ ਆਗਾਮੀ ਜਨਵਰੀ ਵਿਚ ਆਪਣਾ ਦੂਜਾ ਕਾਰਜਕਾਲ ਸ਼ੁਰੂ ਕਰਨਗੇ।
ਮੁਕਾਬਲਾ ਸਖ਼ਤ ਤੇ ਫਸਵਾਂ ਰਹਿਣ ਦੀਆਂ ਭਵਿੱਖਬਾਣੀਆਂ ਦੇ ਬਾਵਜੂਦ 51 ਸਾਲਾ ਸ੍ਰੀ ਓਬਾਮਾ 538 ਮੈਂਬਰੀ ਚੋਣ ਮੰਡਲ ਵਿਚ 303 ਵੋਟਾਂ ਹਾਸਲ ਕਰਨ ਵਿਚ ਕਾਮਯਾਬ ਰਹੇ ਜਦੋਂਕਿ ਸ੍ਰੀ ਰੋਮਨੀ ਨੂੰ 206 ਵੋਟਾਂ ਮਿਲੀਆਂ। ਕਿਸੇ ਉਮੀਦਵਾਰ ਨੂੰ ਰਾਸ਼ਟਰਪਤੀ ਚੁਣੇ ਜਾਣ ਲਈ ਘੱਟੋ-ਘੱਟ 270 ਵੋਟਾਂ ਦੀ ਲੋੜ ਹੁੰਦੀ ਹੈ। ਦੇਸ਼ ਦੇ ਪਹਿਲੇ ਸਿਆਹਫਾਮ ਰਾਸ਼ਟਰਪਤੀ ਸ੍ਰੀ ਓਬਾਮਾ ਨੇ ਜ਼ੋਰਦਾਰ ਚੋਣ ਮੁਕਾਬਲੇ ਵਾਲੇ ਸੂਬਿਆਂ ਵਰਜੀਨੀਆ, ਮਿਸ਼ੀਗਨ, ਵਿਸਕਾਨਸਿਨ, ਕੋਲੋਰਾਡੋ, ਇਓਵਾ, ਓਹਾਈਓ ਤੇ ਨਿਊ ਹੈਂਪਸ਼ਾਇਰ ਨੂੰ ਆਪਣੇ ਹੱਕ ਵਿਚ ਭੁਗਤਾ ਕੇ ਚੋਣ ਜੰਗ ਜਿੱਤ ਲਈ।
ਸ੍ਰੀ ਓਬਾਮਾ ਦੀ ਜਿੱਤ ਵਿਚ ਸਭ ਤੋਂ ਵੱਧ 55 ਸੀਟਾਂ ਵਾਲੇ ਕੈਲੀਫੋਰਨੀਆ ਤੇ 18 ਸੀਟਾਂ ਵਾਲੇ ਓਹਾਈ ਨੇ ਵੱਡਾ ਯੋਗਦਾਨ ਪਾਇਆ। ਪਿਛਲੀ ਵਾਰ (2008) ਦੀ ਚੋਣ ਵਿਚ ਉਨ੍ਹਾਂ ਨੂੰ 349 ਵੋਟਾਂ ਮਿਲੀਆਂ ਸਨ। ਜਿੱਤ ਦੇ ਐਲਾਨ ਤੋਂ ਬਾਅਦ ਸ੍ਰੀ ਓਬਾਮਾ ਨੇ ਸ਼ਿਕਾਗੋ ਸਥਿਤ ਆਪਣੇ ਚੋਣ ਹੈੱਡਕੁਆਰਟਰ ਵਿਖੇ ਜੇਤੂ ਭਾਸ਼ਨ ਦਿੰਦਿਆਂ ਕਿਹਾ ਕਿ ਉਹ ਕਰਜ਼ੇ ਹੇਠ ਦੱਬੇ ਅਮਰੀਕਾ ਨੂੰ ਰਿਪਬਲੀਕਨਾਂ ਸਣੇ ਸਮੁੱਚੇ ਦੇਸ਼ ਵਾਸੀਆਂ ਨੂੰ ਨਾਲ ਲੈ ਕੇ ਤਰੱਕੀ ਦੇ ਰਾਹ ਉੱਤੇ ਅੱਗੇ ਵਧਾਉਣਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਦੌਰਾਨ ਉਹ ਗਵਰਨਰ ਰੋਮਨੀ ਨਾਲ ਮਿਲ ਬੈਠ ਕੇ ਇਸ ਗੱਲ ਲਈ ਵਿਚਾਰ ਕਰਨਗੇ ਕਿ ਕਿਵੇਂ ਇਸ ਦੇਸ਼ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ। ਉਧਰ, ਰਿਪਬਲੀਕਨ ਉਮੀਦਵਾਰ ਮਿੱਟ ਰੋਮਨੀ ਨੇ ਆਪਣੀ ਹਾਰ ਕਬੂਲਦਿਆਂ ਸ੍ਰੀ ਓਬਾਮਾ ਨੂੰ ਰਾਸ਼ਟਰਪਤੀ ਵਜੋਂ ਦੂਜੀ ਸਫਲ ਪਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਸ੍ਰੀ ਓਬਾਮਾ ਸਫਲਤਾਪੂਰਵਕ ਅਮਰੀਕਾ ਨੂੰ ਮੁਸ਼ਕਲਾਂ ਤੋਂ ਪਾਰ ਲੈ ਜਾਣਗੇ।
_________________________________
ਕਾਂਗਰਸ ਵਿਚ 19 ਮਹਿਲਾ ਸੈਨੇਟਰ
ਵਾਸ਼ਿੰਗਟਨ: ਅਮਰੀਕਾ ਦੀ 113ਵੀਂ ਕਾਂਗਰਸ ਵਿਚ ਘੱਟੋ-ਘੱਟ 19 ਮਹਿਲਾ ਸੈਨੇਟਰਾਂ ਹੋਣਗੀਆਂ। ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਔਰਤਾਂ ਸੈਨੇਟਰ ਬਣੀਆਂ ਹਨ। ਰਿਪਬਲਿਕਨ ਦੇਬ ਫਿਸਚਰ (ਨੇਬਰਾਸਕਾ) ਤੇ ਡੈਮੋਕਰੈਟ ਟੈਮੀ ਬਾਲਡਵਿਨ (ਵਿਸਕੋਨਸਿਨ) ਮੇਜ਼ਾਈ ਹਿਰੋਨੋ (ਹਵਾਈ) ਤੇ ਐਲਿਜ਼ਾਬੈਥ ਵਾਰੇਨ (ਮੈਸੇਚਿਊਸਟਸ) ਸੈਨੇਟ ਵਿਚ ਪੁੱਜੀਆਂ ਹਨ।
ਛੇ ਡੈਮੋਕਰੈਟ ਮਹਿਲਾਵਾਂ ਦੀ ਚੋਣ ਦੂਜੀ ਵਾਰ ਹੋਈ ਹੈ। ਇਨ੍ਹਾਂ ਵਿਚ ਸੈਨੇਟਰ ਮਾਰੀਆ ਕੈਂਟਵੈਕ (ਵਾਸ਼ਿੰਗਟਨ), ਡਿਆਨ ਫੈਨਸਟੀਨ (ਕੈਲੀਫੋਰਨੀਆ), ਕ੍ਰਿਸਟਲ ਮਿਲੀਬਰੈਂਡ (ਨਿਊਯਾਰਕ), ਐਮੀ ਕਲੋਬੁਸ਼ਰ (ਮਿਨੀਸੋਟ), ਕਲੇਅਰ ਮੈਕ  ਕਾਸਦਿਲ (ਮਿਸੁਰੀ), ਡੈਬੀ ਸਟਾਬਿਨੋ (ਮਿਸ਼ੀਗਨ) ਮੁਕਾਬਲਾ ਜਿੱਤੀਆਂ ਹਨ। ਇਸ ਵੇਲੇ 17 ਮਹਿਲਾ ਸੈਨੇਟਰਾਂ ਸਨ ਜੋ ਆਪਣੇ-ਆਪ ਵਿਚ ਰਿਕਾਰਡ ਸੀ।
ਸੈਨੇਟਰ ਕੇ ਬਾਇਲੀ ਹਚਿਸਨ (ਰਿਪਬਲਿਕ ਆਫ ਟੈਕਸਾਸ) ਤੇ ਓਲੰਪੀਆ ਸਨੋਈ (ਰਿਪਬਲਿਕ ਆਫ ਮੋਇਨ) ਦੋਵੇਂ ਸੇਵਾਮੁਕਤ ਹੋ ਰਹੀਆਂ ਹਨ। ਭਾਵ ਕਿ ਅਗਲੀ ਕਾਂਗਰਸ ਵਿਚ ਸਿਰਫ ਚਾਰ ਮਹਿਲਾ ਰਿਪਬਲਿਕਨ ਸੈਨੇਟਰ ਹੋਣਗੀਆਂ। ਰਿਪਬਲਿਕਨ ਸ਼ੈਲੀ ਬ੍ਰਾਕਲੇ (ਡਿਸਟ੍ਰਿਕਟ ਆਫ ਨੇਵਾਦਾ) ਚੋਣ ਹਾਰ ਗਈ। ਪੰਜ ਰਿਪਬਲਿਕਨ ਸਮੇਤ ਮਹਿਲਾ ਉਮੀਦਵਾਰ ਵੈਂਡੀ ਲੌਂਗ, ਐਲਿਜ਼ਾਬੇਥ ਐਮਕੇਨ ਤੇ ਲਿੰਡਾ ਲਿੰਗਲ ਚੋਣ ਹਾਰ ਗਈਆਂ। ਡੈਮੋਕਰੈਟਾਂ ਦੀ ਮੁਹਿੰਮ ਕਮੇਟੀ ਨੇ ਮਹਿਲਾ ਸੈਨੇਟਰਾਂ ‘ਤੇ ਕਾਫੀ ਧਿਆਨ ਕੇਂਦਰਤ ਕੀਤਾ ਸੀ।
___________________________________________
ਅਮੀ ਬੇਰਾ ਦੀ ਜਿੱਤ, ਬਾਕੀ ਭਾਰਤੀ ਹਾਰੇ
ਵਾਸ਼ਿੰਗਟਨ:  ਡਾæ ਅਮੀ ਬੇਰਾ ਅਮਰੀਕੀ ਪ੍ਰਤੀਨਿਧੀਆਂ ਦੇ ਹਾਊਸ ਵਿਚ ਚੋਣ ਜਿੱਤ ਕੇ ਪੁੱਜਣ ਵਾਲੇ ਤੀਜੇ ਭਾਰਤੀ-ਅਮਰੀਕੀ ਵਿਅਕਤੀ ਬਣ ਗਏ ਹਨ ਜਦੋਂਕਿ ਇਸ ਕੌਮ ਦੇ ਪੰਜ ਹੋਰ ਉਮੀਦਵਾਰ ਬੁਰ੍ਹੀ ਤਰ੍ਹਾਂ ਚੋਣ ਹਾਰ ਗਏ ਹਨ। ਕੈਲੀਫੋਰਨੀਆ ਵਿਚ 45 ਸਾਲਾਂ ਦੇ ਬੇਰਾ ਨੇ 184 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਰਿਪਬਲਿਕਨ ਉਮੀਦਵਾਰ ਡਨ ਲੁੰਗਰਨ ਨੂੰ ਹਰਾਇਆ ਹੈ। ਬੇਰਾ ਨੇ 50æ 1 ਵੋਟਾਂ ਹਾਸਲ ਕੀਤੀਆਂ ਹਨ ਜਦੋਂਕਿ ਲੁੰਗਰਨ ਨੂੰ 49æ9 ਫੀਸਦੀ ਵੋਟ ਮਿਲੇ ਹਨ। ਬੇਰਾ ਨੂੰ 88406 ਵੋਟ ਮਿਲੇ ਹਨ ਜਦੋਂਕਿ ਲੁੰਗਰਨ ਨੂੰ 88222 ਵੋਟਾਂ ਪ੍ਰਾਪਤ ਹੋਈਆਂ ਹਨ। ਇਸ ਤੋਂ ਪਹਿਲਾਂ ਸਿਰਫ ਦੋ ਹੀ ਭਾਰਤੀ-ਅਮਰੀਕੀ ਅਮਰੀਕੀ ਪ੍ਰਤੀਨਿਧੀ ਹਾਊਸ ਵਿਚ ਦਾਖਲ ਹੋ ਸਕੇ ਸਨ। ਦਲੀਪ ਸਿੰਘ ਸੌਂਦ ਨੇ 1950 ਵਿਚ ਤੇ ਬੌਬੀ ਜਿੰਦਲ ਨੇ 2005 ਵਿਚ ਇਹ ਚੋਣ ਜਿੱਤੀ ਸੀ। ਬੇਰਾ ਦੇ ਮਾਪੇ 50 ਸਾਲ ਪਹਿਲਾਂ ਅਮਰੀਕਾ ਆਏ ਸਨ। ਬੇਰਾ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਲਈ ਦੋ ਵਾਰ ਚੋਣ ਪ੍ਰਚਾਰ ਕੀਤਾ ਸੀ। ਕੈਲੀਫੋਰਨੀਆ ਵਿਚ ਹੀ ਰਿਪਬਲਿਕਨ ਰਿੱਕੀ ਗਿੱਲ ਆਪਣੇ ਵਿਰੋਧੀ ਡੈਮੋਕਰੇਟ ਜੈਰੀ ਮੈਕਨੇਰਨੇ ਕੋਲੋਂ 10000 ਵੋਟਾਂ ਦੇ ਫਰਕ ਨਾਲ ਹਾਰ ਗਏ। ਚੋਣਾਂ ਹਾਰ ਜਾਣ ਵਾਲੇ ਬਾਕੀ ਭਾਰਤੀ-ਅਮਰੀਕੀ ਉਮੀਦਵਾਰਾਂ ਵਿਚ ਡਾ: ਸਈਦ ਤਾਜ, ਡਾæ ਮਨਨ ਤ੍ਰਿਵੇਦੀ, ਉਪੇਂਦਰ ਚਿਵੂਕੁਲਾ ਤੇ ਜੈਕ ਉੱਪਲ ਸ਼ਾਮਲ ਹਨ। ਉਪੇਂਦਰ 50000 ਤੋਂ ਵੀ ਵੱਧ ਵੋਟਾਂ ਦੇ ਫਰਕ ਦੇ ਨਾਲ ਹਾਰੇ ਹਨ।
_________________________________________
ਮਹਾਤਮਾ ਗਾਂਧੀ ਦੇ ਪੜਪੋਤੇ ਨੇ ਜਿੱਤੀ ਚੋਣ
ਵਾਸ਼ਿੰਗਟਨ: ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਪੜਪੋਤੇ ਸ਼ਾਂਤੀ ਗਾਂਧੀ ਨੇ ਅਮਰੀਕਾ ਦੇ ਸੂਬੇ ਕੈਨਸਾਸ ਦੀ ਵਿਧਾਨ ਸਭਾ ਚੋਣ ਜਿੱਤ ਲਈ ਹੈ। ਇਹ ਚੋਣ 6 ਨਵੰਬਰ ਨੂੰ ਹੋਈ ਸੀ। 72 ਸਾਲਾਂ ਸ਼ਾਂਤੀ ਨੇ ਇਹ ਚੋਣ ਰਿਪਬਲਿਕਨ ਪਾਰਟੀ ਵੱਲੋਂ ਲੜੀ ਸੀ ਤੇ ਉਨ੍ਹਾਂ ਡੈਮੋਕਰੇਟਿਕ ਟੀæਟੈੱਡ ਨੂੰ ਮਾਤ ਦਿੱਤੀ। ਉਨ੍ਹਾਂ ਨੂੰ 6413 ਤੇ ਟੈੱਡ ਨੂੰ 5357 ਵੋਟਾਂ ਪਈਆਂ। ਉਹ ਮਹਾਤਮਾ ਗਾਂਧੀ ਦੇ ਪੋਤੇ ਮਰਹੂਮ ਕਾਂਤੀ ਲਾਲ ਤੇ ਉਨ੍ਹਾਂ ਦੀ ਪਤਨੀ ਸਰਸਵਤੀ ਗਾਂਧੀ ਦੇ ਪੁੱਤਰ ਹਨ। ਸ੍ਰੀ ਸ਼ਾਂਤੀ ਗਾਂਧੀ ਦਿਲ ਰੋਗਾਂ ਦੇ ਮਾਹਰ ਹਨ ਤੇ 2010 ਵਿਚ ਸੇਵਾਮੁਕਤ ਹੋਏ। ਉਨ੍ਹਾਂ ਨੇ ਯੂਨੀਵਰਸਿਟੀ ਆਫ ਬੰਬੇ ਤੋਂ ਮੈਡੀਕਲ ਗਰੈਜੂਏਸ਼ਨ ਕੀਤੀ ਤੇ 1967 ਵਿਚ ਅਮਰੀਕਾ ਆ ਗਏ।

Be the first to comment

Leave a Reply

Your email address will not be published.