ਓਬਾਮਾ ਦੀ ਸ਼ਖ਼ਸੀਅਤ ਦਾ ਜਾਦੂ ਚੱਲਿਆ

ਵਾਸ਼ਿੰਗਟਨ: ਬਰਾਕ ਓਬਾਮਾ ਮੁੜ ਅਮਰੀਕਾ ਦੇ ਰਾਸ਼ਟਰਪਤੀ ਚੁਣ ਲਏ ਗਏ ਹਨ। ਸਾਰੇ ਅੜਿੱਕੇ ਸਰ ਕਰਦਿਆਂ ਇਸ ਸਿਆਹਫਾਮ ਆਗੂ ਨੇ ਵਾe੍ਹੀਟ ਹਾਊਸ ਵਿਚ ਚਾਰ ਸਾਲ ਹੋਰ ਟਿਕੇ ਰਹਿਣ ਲਈ ਆਪਣੀ ਕਾਬਲੀਅਤ ਸਿੱਧ ਕੀਤੀ। ਓਬਾਮਾ ਆਪਣੇ ਬੋਲਾਂ ਨਾਲ ਲੋਕਾਂ ਨੂੰ ਕੀਲਣ ਦਾ ਦਮ ਰੱਖਦੇ ਹਨ। 51 ਸਾਲਾ ਓਬਾਮਾ ਜੋ ਮਿੱਟ ਰੋਮਨੀ ਦੀ ਕਰੜੀ ਟੱਕਰ ਵਿਚ ਜੇਤੂ ਬਣ ਕੇ ਸਾਹਮਣੇ ਆਏ ਹਨ ਪਰ ਉਸ ਅੱਗੇ ਅਗਲੇ ਚਾਰ ਸਾਲ ਦਾ ਬੜਾ ਕਰੜਾ ਸਮਾਂ ਹੈ।
ਦੇਸ਼ ਦੀ ਢਿੱਲੀ-ਮੱਠੀ ਜਿਹੀ ਆਰਥਿਕਤਾ, ਬੇਰੁਜ਼ਗਾਰੀ ਜਿਹੇ ਮੁੱਦੇ ਵੱਡੀ ਫਿਕਰਮੰਦੀ ਹਨ ਪਰ ਉਸ ਦੀ ਵਿਦੇਸ਼ ਨੀਤੀ ਪਹਿਲਾਂ ਵਾਂਗ ਹੀ ਏਸ਼ੀਆ ਪ੍ਰਸ਼ਾਂਤ ਕੇਂਦਰਤ ਰਹਿਣ ਦੇ ਆਸਾਰ ਹਨ ਜਿਸ ਵਿਚ ਭਾਰਤ ਨੂੰ ਅਮਰੀਕੀ ਰਣਨੀਤੀ ਵਿਚ ਅਹਿਮ ਕੜੀ ਵਜੋਂ ਦੇਖਿਆ ਜਾਂਦਾ ਹੈ। ਭਾਰਤ ਨਾਲ ਬਹੁਤ ਮਜ਼ਬੂਤ ਸਬੰਧਾਂ ਦੇ ਧਾਰਨੀ ਓਬਾਮਾ ਨੂੰ ਘਰੇਲੂ ਮਜਬੂਰੀਆਂ ਕਾਰਨ ਆਪਣੀ ਚੋਣ ਮੁਹਿੰਮ ਦੌਰਾਨ ਭਾਰਤ ਨੂੰ ਨੌਕਰੀਆਂ ਆਊਟਸੋਰਸ ਕੀਤੇ ਜਾਣ ਵਿਰੁੱਧ ਬੋਲਣਾ ਪਿਆ ਸੀ। ਆਪਣੇ ਪਹਿਲੇ ਕਾਰਜਕਾਲ ਦੌਰਾਨ ਭਾਰਤ ਦੌਰੇ ‘ਤੇ ਜਾਣ ਵਾਲੇ ਓਬਾਮਾ ਪਹਿਲੇ ਰਾਸ਼ਟਰਪਤੀ ਹਨ।
ਉਨ੍ਹਾਂ ਨੇ ਨਵੀਂ ਦਿੱਲੀ ਦੀ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਵਿਚ ਸਥਾਈ ਸੀਟ ਹੋਣ ਦੀ ਵੀ ਪੈਰਵੀ ਕੀਤੀ। ਡਗਮਗਾ ਰਹੀ ਆਰਥਿਕਤਾ ਨਾਲ ਨਜਿੱਠਣ ਦੇ ਉਸ ਦੇ ਤਰੀਕਿਆਂ ਤੋਂ ਬੇਹੱਦ ਖਫ਼ਾ ਅਮਰੀਕੀ ਫਿਰ ਵੀ ਉਸ ਦੇ ਨਾਲ ਨਿਭੇ ਹਨ। ਗੋਰੀ ਅਮਰੀਕਨ ਮਾਂ ਐਨ ਡਨਹਮ ਤੇ ਕੀਨੀਆ ਦੇ ਜੰਮਪਲ ਤੇ ਹਾਵਾਡ ਪੜ੍ਹੇ ਅਰਥ ਸ਼ਾਸਤਰੀ ਪਿਤਾ ਦੇ ਘਰ  4 ਅਗਸਤ, 1961 ਨੂੰ ਹੋਨੋਲੂਲੂ (ਹਵਾਈ) ਵਿਚ ਜਨਮੇ ਬਰਾਕ ਹੁਸੈਨ ਓਬਾਮਾ, 4 ਨਵੰਬਰ 2008 ਨੂੰ ਅਮਰੀਕਾ ਦੇ 44ਵੇਂ ਰਾਸ਼ਟਰਪਤੀ ਚੁਣੇ ਗਏ ਸਨ।
ਸਿਆਹਫਾਮ ਲੋਕਾਂ ਦੇ ਨਾਗਰਿਕ ਹੱਕਾਂ ਲਈ ਜੂਝਣ ਵਾਲੇ ਮਾਰਟਿਨ ਲੂਥਰ ਕਿੰਗ ਦੀ ਅਮਰੀਕੀਆਂ ਨੂੰ ‘ਬਰਾਬਰਤਾ ਦੇ ਆਪਣੇ ਸੁਪਨੇ’ ਨੂੰ ਅਪਣਾਉਣ ਦੀ ਚੁਣੌਤੀ  ਤੋਂ ਸਹੀ 45 ਸਾਲ ਮਗਰੋਂ ਓਬਾਮਾ ਵਾe੍ਹੀਟ ਹਾਊਸ ਪੁੱਜੇ ਸਨ।
ਅਮਰੀਕਾ ਵਿਚ ‘ਸੱਚਮੁੱਚ ਦੀ ਤਬਦੀਲੀ’ ਲਿਆਉਣ ਦਾ ਦਾਅਵਾ ਕਰਨ ਵਾਲੇ ਨੋਬਲ ਪੁਰਸਕਾਰ ਜੇਤੂ ਓਬਾਮਾ 21 ਜਨਵਰੀ, 2013 ਨੂੰ ਦੂਜੀ ਵਾਰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਓਬਾਮਾ ਅਮਰੀਕਾ-ਭਾਰਤ ਵਿਚਾਲੇ ਮਜ਼ਬੂਤ ਸਬੰਧਾਂ ਦੇ ਹਾਮੀ ਹਨ। ਨਵੰਬਰ 2009 ਵਿਚ ਪਹਿਲੇ ਸਟੇਟ ਡਿਨਰ ਵਿਚ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੂੰ ਵੀ ਸੱਦਿਆ ਸੀ। ਓਬਾਮਾ ਨੇ ਵੱਡੀ ਗਿਣਤੀ ਭਾਰਤੀ-ਅਮਰੀਕੀਆਂ ਨੂੰ ਆਪਣੇ ਪ੍ਰਸ਼ਾਸਨ ਵਿਚ ਵੱਡੇ ਅਹੁਦੇ ਦਿੱਤੇ ਹਨ।
ਉਸ ਦੇ ਕਾਰਜਕਾਲ ਵਿਚ ਹੀ ਭਾਰਤ-ਅਮਰੀਕਾ ਦੁਵੱਲਾ ਕਾਰੋਬਾਰ 100 ਅਰਬ ਡਾਲਰ ਟੱਪਿਆ ਸੀ। ਓਸਾਮਾ ਬਿਨ ਲਾਦਿਨ ਨੂੰ ਮਾਰਨ ਲਈ ਪਾਕਿਸਤਾਨ ਦੇ ਐਬਟਾਬਾਦ ਵਿਚ ਅਮਰੀਕੀ ਕਮਾਂਡੋ ਭੇਜਣੇ, ਇਰਾਕ ਵਿਚੋਂ ਫੌਜਾਂ ਵਾਪਸ ਬੁਲਾਉਣ ਜਿਹੇ ਤੇ ਰੂਸ ਦੇ ਰਾਸ਼ਟਰਪਤੀ ਦਮਿੱਤਰੀ ਮੇਦਵੇਦੇਵ ਨਾਲ ਪਰਮਾਣੂ ਹਥਿਆਰਾਂ ਬਾਰੇ ਸਮਝੌਤੇ ਜਿਹੇ ਦਲੇਰਾਨਾ ਕਾਰਜ ਓਬਾਮਾ ਨੇ ਅੰਜਾਮ ਦਿੱਤੇ।
ਪਿਛਲੇ ਕਾਰਜਕਾਲ ਦੌਰਾਨ ਉਸ ਨੇ ਬੜੇ ਔਖੇ ਸਮੇਂ ਵੀ ਦੇਖੇ ਪਰ ਉਸ ਨੇ ਦ੍ਰਿੜਤਾ ਨਾਲ ਹਰ ਆਫਤ ਦਾ ਟਾਕਰਾ ਕੀਤਾ। ਮਾਪਿਆਂ ਦੇ ਤਲਾਕ ਮਗਰੋਂ ਓਬਾਮਾ ਦਾ ਪਾਲਣ-ਪੋਸ਼ਣ ਉਸ ਦੇ ਦਾਦੇ (ਪੈਟਲ ਆਰਮੀ ਵਿਚ ਤਾਇਨਾਤ) ਤੇ ਦਾਦੀ ਨੇ ਕੀਤਾ। ਸਕੂਲ ਦੀ ਪੜ੍ਹਾਈ ਮਗਰੋਂ ਸ਼ਿਕਾਗੋ ਗਏ ਓਬਾਮਾ ਨੇ ਮਗਰੋਂ ਹਾਵਰਡ ਲਾਅ ਸਕੂਲ ਵਿਚ ਪੜ੍ਹਾਈ ਕੀਤੀ ਤੇ ਗਰੈਜੂਏਸ਼ਨ ਮਗਰੋਂ ਸ਼ਿਕਾਗੋ ਵਾਪਸ ਆ ਗਏ। ਨਾਗਰਿਕ ਅਧਿਕਾਰਾਂ ਦੇ ਵਕੀਲ ਤੇ ਪ੍ਰੋਫੈਸਰ ਵਜੋਂ ਉਥੇ ਸਰਗਰਮ ਰਹੇ।
__________________________________
ਓਬਾਮਾ ਦੀ ਜਿੱਤ ‘ਤੇ ਅਮਰੀਕੀ ਸਿੱਖ ਬਾਗ਼ੋਬਾਗ਼
ਵਾਸ਼ਿੰਗਟਨ: ਅਮਰੀਕੀ ਸਿੱਖਾਂ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਮੁੜ ਇਸ ਅਹੁਦੇ ਲਈ ਚੁਣੇ ਜਾਣ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜਿੱਤ ਉਨ੍ਹਾਂ ਲਈ ਬਹੁਤ ਖਾਸ ਹੈ ਕਿਉਂਕਿ ਸ੍ਰੀ ਓਬਾਮਾ ਨੇ ਬੀਤੇ ਚਾਰ ਸਾਲਾਂ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ ਕਿ ਉਨ੍ਹਾਂ ਦੇ ਦਿਲ ਵਿਚ ਸਿੱਖ ਧਰਮ ਲਈ ਭਾਰੀ ਸਤਿਕਾਰ ਹੈ।
ਸਿੱਖ ਕੌਂਸਲ ਆਨ ਰਿਲੀਜ਼ਨ ਐਂਡ ਐਜੂਕੇਸ਼ਨ (ਸਕੋਰ) ਦੇ ਚੇਅਰਮੈਨ ਰਜਵੰਤ ਸਿੰਘ ਨੇ ਕਿਹਾ ਕਿ ਇਨ੍ਹਾਂ ਸਖਤ ਮੁਕਾਬਲੇ ਵਾਲੀਆਂ ਚੋਣਾਂ ਦੇ ਨਤੀਜਿਆਂ ਤੋਂ ਉਹ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸ਼ਹਿਰੀ ਹੱਕਾਂ ਦੀ ਰਾਖੀ ਲਈ ਸ੍ਰੀ ਓਬਾਮਾ ਪੂਰੇ ਦ੍ਰਿੜ ਸੰਕਲਪ ਹਨ। ਉਨ੍ਹਾਂ ਨੇ ਬੀਤੇ ਅਗਸਤ ਮਹੀਨੇ ਵਿਸਕਾਨਸਿਨ ਗੁਰਦੁਆਰੇ ਵਿਚ ਹੋਈ ਫਾਇਰਿੰਗ ਦੀ ਘਟਨਾ ਮੌਕੇ ਸਿੱਖ ਹਿਰਦਿਆਂ ਉਤੇ ਮੱਲ੍ਹਮ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਘਟਨਾ ਵਿਚ ਛੇ ਸਿੱਖ ਸ਼ਰਧਾਲੂ ਮਾਰੇ ਗਏ ਸਨ।
ਉਨ੍ਹਾਂ ਇਸ ਮੌਕੇ ਇਕ ਅਣਕਿਆਸਾ ਕਦਮ ਚੁੱਕਦਿਆਂ ਸੋਗ ਵਜੋਂ ਮੁਲਕ ਵਿਚ ਕੌਮੀ ਝੰਡਾ ਝੁਕਾ ਦਿੱਤਾ ਸੀ। ਸਖਤ ਮੁਕਾਬਲੇ ਵਾਲੇ ਸੂਬੇ ਓਹਾਈਓ ਦੇ ਸਿੱਖ ਡਾਕਟਰ ਦਰਸ਼ਨ ਸਿੰਘ ਨੇ ਕਿਹਾ ਸੀ ਕਿ ਸ੍ਰੀ ਓਬਾਮਾ ਨੂੰ ਉਨ੍ਹਾਂ ਦੇ ਕੰਮਾਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਨਿਊ ਮੈਕਸੀਕੋ ਸਕੂਲ ਆਫ ਲਾਅ ਦੇ ਸਹਾਇਕ ਪ੍ਰੋਫੈਸਰ ਦਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸ੍ਰੀ ਓਬਾਮਾ ਨੇ ਵਿਸਕਾਨਸਿਨ ਗੁਰਦੁਆਰੇ ਦੀ ਘਟਨਾ ਮੌਕੇ ਸਿੱਖ ਭਾਈਚਾਰੇ ਨੂੰ ਸਹੀ ਹੁਲਾਰਾ ਦਿੱਤਾ ਹੈ। ਅਮਰੀਕੀ ਸਿੱਖਾਂ ਲਈ ਕੰਮ ਕਰਨ ਵਾਲੀ ਵਲੈਰੀ ਕੌਰ ਨੇ ਕਿਹਾ ਕਿ ਸ੍ਰੀ ਓਬਾਮਾ ਦੀ ਚੋਣ ਨਾਲ ਇਸ ਚੁਣੌਤੀਆਂ ਭਰੇ ਦੌਰ ਵਿਚ ਉਨ੍ਹਾਂ ਨੂੰ ਆਸ ਦੀ ਇਕ ਕਿਰਨ ਦਿਖਾਈ ਦਿੱਤੀ ਹੈ।
___________________________________
ਰਾਜ ਸ਼ਾਹ ਲਈ ਮੰਤਰੀ ਮੰਡਲ ਦਾ ਰਾਹ ਖੁੱਲ੍ਹਿਆ?
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੂਜੀ ਵਾਰ ਚੋਣ ਜਿੱਤਣ ਮਗਰੋਂ ਆਪਣੇ ਨਵੇਂ ਮੰਤਰੀ ਮੰਡਲ ਲਈ ਸੋਚ ਵਿਚਾਰ ਸ਼ੁਰੂ ਕਰ ਦਿੱਤਾ ਹੈ ਤੇ ਇਸ ਵਾਰ ਮੰਤਰੀ ਮੰਡਲ ਵਿਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਰਾਜ ਸ਼ਾਹ ਦਾ ਦਾਅ ਲੱਗ ਸਕਦਾ ਹੈ। ਜੇਕਰ ਅਜਿਹਾ ਹੋ ਗਿਆ ਤਾਂ ਉਹ ਕਿਸੇ ਅਮਰੀਕੀ ਰਾਸ਼ਟਰਪਤੀ ਦੀ ਕੈਬਨਿਟ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ ਬਣ ਜਾਣਗੇ।
ਸ੍ਰੀ ਸ਼ਾਹ ਇਸ ਵੇਲੇ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂæਐਸ਼ਏਡ) ਦੇ ਮੁਖੀ ਹਨ ਤੇ ਉਨ੍ਹਾਂ ਨੇ ਇਸ ਅਹੁਦੇ ‘ਤੇ ਰਹਿੰਦਿਆਂ ਜਿਹੜੀ ਆਪਣੀ ਪ੍ਰਸ਼ਾਸਕੀ ਸੂਝ ਦਿਖਾਈ ਹੈ, ਉਸ ਦੇ ਰਾਸ਼ਟਰਪਤੀ ਓਬਾਮਾ ਕਾਇਲ ਹਨ। ਇਸ ਲਈ ਸ਼ਾਹ ਕੈਬਨਿਟ ਦੀ ਦੌੜ ਵਿਚ ਕਾਫ਼ੀ ਮਜ਼ਬੂਤ ਦਾਅਵੇਦਾਰ ਹਨ।
ਸੂਤਰਾਂ ਅਨੁਸਾਰ 39 ਸਾਲਾ ਸ਼ਾਹ ਨੂੰ ਓਬਾਮਾ ਪ੍ਰਸ਼ਾਸਨ ਵਿਚ ਸਿਹਤ ਤੇ ਮਨੁੱਖੀ ਸੇਵਾਵਾਂ, ਖੇਤੀ ਤੇ ਸਿੱਖਿਆ ਮੰਤਰਾਲੇ ਵਿਚੋਂ ਕੋਈ ਵੀ ਇਕ ਵਿਭਾਗ ਮਿਲ ਸਕਦਾ ਹੈ। ਸ਼ਾਹ ਦੀ ਨਿਯੁਕਤੀ ਬਾਰੇ ਵ੍ਹਾਈਟ ਹਾਊਸ ਨੇ ਕੋਈ ਖੁਲਾਸਾ ਨਹੀਂ ਕੀਤਾ। ਵ੍ਹਾਈਟ ਹਾਊਸ ਦੇ ਬੁਲਾਰੇ ਜੇ ਕੋਰਨੇ ਨੇ ਦੱਸਿਆ ਕਿ ਅਜਿਹਾ ਕੋਈ ਐਲਾਨ ਕਰਨ ਲਈ ਮੇਰੇ ਕੋਲ ਕੁਝ ਨਹੀਂ  ਹੈ।
_________________________________________
ਤੁਲਸੀ ਨੇ ਸਿਰਜਿਆ ਇਤਿਹਾਸ
ਵਾਸ਼ਿੰਗਟਨ: ਪਹਿਲੀ ਹਿੰਦੂ-ਅਮਰੀਕੀ ਵਜੋਂ ਅਮਰੀਕਾ ਦੇ ਪ੍ਰਤੀਨਿਧ ਸਦਨ ਵਿਚ ਦਾਖਲ ਹੋ ਕੇ ਤੁਲਸੀ ਗਾਬਾਰਡ ਨੇ ਇਤਿਹਾਸ ਰਚਿਆ ਹੈ। ਉਸ ਨੇ ਆਪਣੇ ਰਿਪਬਲਿਕਨ ਵਿਰੋਧੀ ਨੂੰ ਹਵਾਈ ਸੀਟ ਤੋਂ ਹਰਾਇਆ ਹੈ। ਇਰਾਕ ਜੰਗ ਵਿਚ ਹਿੱਸਾ ਲੈਣ ਵਾਲੀ 31 ਸਾਲਾ ਤੁਲਸੀ ਨੇ ਰਿਪਬਲਿਕਨ ਪਾਰਟੀ ਦੇ ਕੇ ਕਰਾਉਲੇ ਨੂੰ ਹਰਾਇਆ ਸੀ। ਕਾਂਗਰਸ ਵਿਚ ਸ਼ਾਮਲ ਹੋਣ ਵਾਲੀ ਉਹ ਪਹਿਲੀ ਮਹਿਲਾ ਲੜਾਕੂ ਵੀ ਹੈ। ਉਹ ਭਾਰਤੀ ਜਾਂ ਭਾਰਤੀ ਵਿਰਸੇ ਵਿਚੋਂ ਨਹੀਂ ਹੈ। ਉਸ ਦਾ ਪਿਤਾ ਮਾਈਕ ਗਾਬਾਰਡ ਹਵਾਈ ਸਟੇਟ ਸੈਨੇਟਰ ਹੈ ਤੇ ਮਾਂ ਕੈਰੋਲ ਪੋਰਟਰ ਗਾਬਾਰਡ ਸਿੱਖਿਆ ਸ਼ਾਸਤਰੀ ਤੇ ਕਾਰੋਬਾਰੀ ਹੈ।

Be the first to comment

Leave a Reply

Your email address will not be published.