ਇਕ ਹੱਥ ਨਾਲ ਤਾੜੀ ਕਿਉਂ ਨਹੀਂ ਵੱਜਦੀ?

ਬਲਜੀਤ ਬਾਸੀ
ਖੁਸ਼ੀ ਦੇ ਇਜ਼ਹਾਰ ਲਈ ਅਸੀਂ ਤਾੜੀਆਂ ਵਜਾਉਂਦੇ ਹਾਂ, ਖਾਸ ਤੌਰ ‘ਤੇ ਕਿਸੇ ਦੇ ਸਵਾਗਤ ਵਜੋਂ ਜਾਂ ਕਿਸੇ ਬੁਲਾਰੇ ਦੇ ਬੋਲੇ ਅਜਿਹੇ ਸ਼ਬਦਾਂ ਪਿਛੋਂ ਜੋ ਸਾਡੇ ਧੁਰ ਅੰਦਰ ਨੂੰ ਟੁੰਬਦੇ ਹਨ। ਕਿਸੇ ਦਾ ਮਜ਼ਾਕ ਉਡਾਉਣ ਲਈ ਵੀ ਤਾੜੀਆਂ ਵਜਾਈਆਂ ਜਾਂਦੀਆਂ ਹਨ। ਨੋਟ ਕਰੋ ਕਿ ਦੋਹਾਂ ਸਥਿਤੀਆਂ ਵਿਚ ਮਨੁਖ ਨੂੰ ਖੁਸ਼ੀ ਹੀ ਹੁੰਦੀ ਹੈ। ਪਹਿਲੀ ਹਾਲਤ ਵਿਚ ਕਿਸੇ ਦੀ ਪ੍ਰਸ਼ੰਸਾ ਵਜੋਂ ਉਸ ਦੇ ਸਾਹਮਣੇ ਤਾੜੀਆਂ ਵਜਾਈਆਂ ਜਾਂਦੀਆਂ ਹਨ ਜਦ ਕਿ ਦੂਸਰੀ ਹਾਲਤ ਵਿਚ ਕਿਸੇ ਦੇ ਔਗੁਣ ਚਿਤਾਰਦਿਆਂ ਨਿੱਜੀ, ਸਵਾਰਥੀ ਖੁਸ਼ੀ ਪ੍ਰਗਟਾਈ ਜਾਂਦੀ ਹੈ, ਇਸ ਲਈ ਅਜਿਹੀਆਂ ਤਾੜੀਆਂ ਬੰਦੇ ਦੀ ਪਿੱਠ ਪਿਛੇ ਵਜਾਈਆਂ ਜਾਂਦੀਆਂ ਹਨ। ਸ਼ਬਦਾਂ ਅਤੇ ਸੈਣਤਾਂ ਦੇ ਬਹੁਅਰਥੀ ਹੋਣ ਵਿਚ ਮਨੋਅਵਸਥਾਵਾਂ ਦੇ ਅਜਿਹੇ ਬਰੀਕ ਭੇਦ ਹੀ ਹੁੰਦੇ ਹਨ।
ਕਹਾਵਤ ਹੈ ਕਿ ਇਕ ਹੱਥ ਨਾਲ ਤਾੜੀ ਨਹੀਂ ਵੱਜ ਸਕਦੀ। ਗੱਲ ਤਾਂ ਸਹੀ ਹੈ, ਬੇਸ਼ੱਕ ਜਿੰਨੀ ਮਰਜ਼ੀ ਕੋਸ਼ਿਸ਼ ਕਰੋ, ਇੱਕ ਹੱਥ ਨਾਲ ਤਾੜੀ ਨਹੀਂ ਵਜਾਈ ਜਾ ਸਕਦੀ। ਅਸੀਂ ਹੁਣੇ ਦੱਸਦੇ ਹਾਂ ਕਿ ਲੜਾਈ ਲਈ ਦੋ ਜਣਿਆਂ ਦੇ ਤਾਲ-ਮੇਲ ਦੀ ਕਿਉਂ ਜ਼ਰੂਰਤ ਹੁੰਦੀ ਹੈ। ਤੁਸੀਂ ਕਿਸੇ ਦੇ ਤਾੜ ਕਰਦੀ ਚਪੇੜ ਮਾਰੀ ਹੋਵੇਗੀ, ਜੇ ਬਹੁਤੇ ਸ਼ਰੀਫ ਹੋ ਤਾਂ ਅਜਿਹੀ ਚਪੇੜ ਖਾਧੀ ਹੋਵੇਗੀ। ਚਲੋ ਘਟੋ ਘਟ ਕਿਸੇ ਦੇ ਤਾੜ ਤਾੜ ਪੈਂਦੀਆਂ ਦੇਖੀਆਂ ਤਾਂ ਜ਼ਰੂਰ ਹੋਣਗੀਆਂ। ਕਹਿਣ ਦਾ ਭਾਵ ਹੈ ਕਿ ਚਪੇੜ ਤਾਂ ਇਕ ਹੱਥ ਨਾਲ ਹੀ ਮਾਰੀ ਜਾ ਸਕਦੀ ਹੈ। ਇਉਂ ਲਗਦਾ ਹੈ ਕਿ ਦੋ ਹੱਥਾਂ ਦੀ ḔਤਾੜੀḔ ਅਤੇ ਚਪੇੜ ਦੀ Ḕਤਾੜ ਤਾੜḔ ਜਿਹੇ ਸ਼ਬਦ ਅਜਿਹੀ ਕ੍ਰਿਆ ਦੌਰਾਨ ਪੈਦਾ ਹੁੰਦੀ ਧੁਨੀ ਤੋਂ ਬਣੇ ਹਨ ਪਰ ਅਜਿਹਾ ਨਹੀਂ ਹੈ। ਧਿਆਨ ਦਿਓ, ਤਾੜੀ ਦੀ ਤਰ੍ਹਾਂ ਚਪੇੜ ਦੇ ਐਕਸ਼ਨ ਵਿਚ ਵੀ ਦੋ ਧਿਰਾਂ ਦੀ ਜ਼ਰੂਰਤ ਹੁੰਦੀ ਹੈ, ਚਪੇੜ ਮਾਰਨ ਵਾਲਾ ਤੇ ਚਪੇੜ ਖਾਣ ਵਾਲਾ। ਬਹੁਤ ਸਾਰੇ ਸ਼ਬਦਾਂ ਦੀ ਉਤਪਤੀ ਧੁਨੀ ਤੋਂ ਪ੍ਰਤੀਤ ਹੁੰਦੀ ਹੈ ਪਰ ਅਜਿਹਾ ਅਕਸਰ ਅਸਲ ਵਿਚ ਨਹੀਂ ਹੁੰਦਾ। ਕਈ ਵਾਰੀ ਤਾਂ ਗੱਲ ਉਲਟੀ ਹੁੰਦੀ ਹੈ ਅਰਥਾਤ ਧੁਨੀ ਸ਼ਬਦ ਤੋਂ ਬਣਾਈ ਪ੍ਰਤੀਤ ਹੁੰਦੀ ਹੈ। ਤਾੜੀ ਵਜਾਉਣ ਜਾਂ ਚਪੇੜ ਮਾਰਨ ਨਾਲ ਕੀ ਤਾੜ ਦੀ ਅਵਾਜ਼ ਸੁਣਾਈ ਦਿੰਦੀ ਹੈ? ਬਿਲਕੁਲ ਨਹੀਂ।
ਸੰਸਕ੍ਰਿਤ ਵਿਚ ਇਕ ਧਾਤੂ ਹੈ ḔਤਡḔ ਜਿਸ ਦਾ ਅਰਥ ਹੁੰਦਾ ਹੈ-ਮਾਰਨਾ, ਵਜਾਉਣਾ। ਇਸ ਤੋਂ ਹੀ ਜਿੰਦੇ/ਜਿੰਦਰੇ ਦੇ ਅਰਥਾਂ ਵਾਲਾ ਤਾਲਾ ਸ਼ਬਦ ਬਣਿਆ। ਤਾਲਾ ਬੰਦ ਕਰਨ ਦੇ ਆਸ਼ੇ ਲਈ ਅਸੀਂ ਤਾਲਾ ਮਾਰਨਾ ਉਕਤੀ ਵਰਤਦੇ ਹਾਂ। ਦਰਅਸਲ ਮੁਢਲੇ ਤੌਰ ‘ਤੇ ਤਾਲਾ ਇਕ ਅਜਿਹਾ ਜੰਤਰ ਹੁੰਦਾ ਸੀ ਜਿਸ ਦਾ ਇਕ ਸਿਰਾ ਦੂਜੇ ਵਿਚ ਮਾਰਿਆ ਜਾਂਦਾ ਹੈ। (ਪ੍ਰਸੰਗਵਸ ਦੱਸ ਦਈਏ ਕਿ ਤਾਲੇ ਲਈ ਪੰਜਾਬੀ ਦਾ ਠੇਠ ਸ਼ਬਦ ਜਿੰਦਾ ਜਾਂ ਜਿੰਦਰਾ ਜੰਤਰ ਸ਼ਬਦ ਤੋਂ ਬਣਿਆ ਹੈ।) ਪੱਥਰ ਜੁੱਗ ਵਿਚ ਤਾਂ ਕਿਸੇ ਗੁਫਾ ਦਾ ਲਾਂਘਾ ਬੰਦ ਕਰਨ ਲਈ ਸਾਹਮਣੇ ਪੱਥਰ ਹੀ ਰੱਖੇ ਜਾਂਦੇ ਹੋਣਗੇ ਜੋ ਇਕ ਤਰ੍ਹਾਂ ਨਾਲ ਉਸ ਜ਼ਮਾਨੇ ਦੇ ਜੰਦਰੇ ਜਾਂ ਤਾਲੇ ਹੋਏ। ਹੌਲੀ ਹੌਲੀ ਸਭਿਅਤਾ ਦੇ ਵਿਕਾਸ ਨਾਲ ਘਰਾਂ ਨੂੰ ਦਰਵਾਜ਼ੇ ਲੱਗਣ ਲੱਗੇ, ਦਰਵਾਜ਼ੇ ਨੂੰ ਬੰਦ ਕਰਨ ਲਈ ਕੁੰਡਾ ਲਾਇਆ ਜਾਣ ਲੱਗਾ। ਦਿਲਚਸਪ ਗੱਲ ਹੈ ਕਿ ਸੰਸਕ੍ਰਿਤ ਵਿਚ ਕੁੰਡੇ ਜਾਂ ਚਿਟਕਣੀ ਲਈ ਵੀ ਤਾਲਾ ਸ਼ਬਦ ਦੀ ਵਰਤੋਂ ਹੁੰਦੀ ਹੈ। ਅਸੀਂ ਅੱਜ ਵੀ ਕੁੰਡਾ ਲਾਉਣਾ ਲਈ ਕੁੰਡਾ ਮਾਰਨਾ ਉਕਤੀ ਵਰਤਦੇ ਹਾਂ। ਹੌਲੀ ਹੌਲੀ ਸਭਿਅਤਾ ਦੇ ਹੋਰ ਵਿਕਾਸ ਤੇ ਨਿਘਾਰ ਨਾਲ ਅਸੁਰੱਖਿਆ ਦੀ ਭਾਵਨਾ ਕਾਰਨ ਆਧੁਨਿਕ ਤਾਲੇ ਹੋਂਦ ਵਿਚ ਆਏ। ਕੁੰਜੀ ਲਈ ਤਾਲੀ ਸ਼ਬਦ ਵੀ ਇਸੇ ਨਾਲ ਜੁੜਦਾ ਹੈ। ਤਾੜਨਾ ਕ੍ਰਿਆ ਦਾ ਅਰਥ ਬੰਦ ਕਰਨਾ ਹੁੰਦਾ ਹੈ, ਜਿਵੇਂ ਕੁੱਕੜੀਆਂ ਨੂੰ ਖੁੱਡੇ ਵਿਚ ਤਾੜਨਾ। ਇਸ ਦਾ ਭਾਵ ਹੈ ਕਿ ਅੰਦਰ ਬੰਦ ਕਰਕੇ ਬਾਹਰੋਂ ਕੁੰਡਾ ਮਾਰਨਾ। ਤਾੜਨਾ ਦਾ ਇਕ ਹੋਰ ਅਰਥ ਡਾਂਟਣਾ, ਧਮਕਾਉਣਾ, ਦੰਡ ਦੇਣਾ ਹੁੰਦਾ ਹੈ। ਇਸ ਵਿਚ ਮਾਰਨ ਦੇ ਭਾਵ ਸਪਸ਼ਟ ਮਾਲੂਮ ਹੁੰਦੇ ਹਨ। ਬੰਗਾਲੀ ਵਿਚ ਤਾੜਾਨ ਦਾ ਅਰਥ ਹੈ-ਹੱਕਣਾ। ਗੁਜਰਾਤੀ ਤਾੜਵੂੰ ਦਾ ਅਰਥ ਹੈ- ਮਾਰਨਾ। ਇਸੇ ਧਾਤੂ ਤੋਂ ਬਣੇ ਤੜੀ ਸ਼ਬਦ ਦਾ ਅਰਥ ਹੈ-ਧੌਂਸ, ਝਾੜ ਜਿਵੇਂ ਤੜੀ ਦੇਣਾ ਜਾਂ ਤੜੀ ਵਿਚ ਆਉਣਾ। ਹਿੰਦੀ ਵਿਚ ਅਜਿਹੇ ਸ਼ਖਸ ਲਈ ਤੜੀਪਾਰ ਸ਼ਬਦ ਚਲਦਾ ਹੈ। ਰੂੰ ਪਿੰਜਣ ਵਾਲੀ ਧੁਣਖੀ ਲਈ ਤਾੜਾ ਸ਼ਬਦ ਵਰਤਿਆ ਜਾਂਦਾ ਹੈ। ਧੁਣਖੀ ਦੀ ਤਾਰ ਨਾਲ ਰੂੰ ਨੂੰ ਇਕ ਤਰ੍ਹਾਂ ਨਾਲ ਸੱਟ ਮਾਰੀ ਜਾਂਦੀ ਹੈ।
ਸੋ, ਹੱਥਾਂ ਨਾਲ ਵਜਾਉਣ ਵਾਲੀ ਤਾੜੀ ਜਾਂ ਤਾਲੀ ਵਿਚ ਚੋਟ ਦੇ ਭਾਵ ਸਪੱਸ਼ਟ ਹਨ। ਤਾੜ ਤਾੜ ਚਪੇੜਾਂ ਮਾਰਨਾ ਵੀ ਇਥੇ ਥਾਂ ਸਿਰ ਪ੍ਰਤੀਤ ਹੁੰਦਾ ਹੈ। ਤਾਲੀ ਤੋਂ ਘੰਟੀ ਦੇ ਅਰਥਾਂ ਵਾਲਾ ਇਕ ਦਿਲਚਸਪ ਸ਼ਬਦ ਬਣਿਆ ਹੈ, ਟੱਲੀ। ਟੱਲੀਆਂ ਵੀ ਵਜਦੀਆਂ ਹੀ ਹਨ। ਨਸ਼ੇ ਵਿਚ ਟੱਲੀ ਹੋ ਜਾਈਦਾ ਹੈ, ਮਾਨੋਂ ਅੰਦਰ ਟੱਲੀਆਂ ਵੱਜਦੀਆਂ ਹਨ। ਵੱਡੀ ਟੱਲੀ ਨੂੰ ਟੱਲ ਕਹਿੰਦੇ ਹਨ, “ਬਿੱਲੀ ਚੜ੍ਹੀ ਅਸਮਾਨ ਟੱਲ ਵਜਾ ਕੇ, ਚੂਹੇ ਆਏ ਖਾਣ ਧੋਤੀਆਂ ਲਾ ਕੇ।” ਮਰਾਠੀ ਵਿਚ ਤਾੜੀ ਜਾਂ ਤਾਲੀ ਲਈ ਟਾਲੀ ਸ਼ਬਦ ਹੈ। ਗੁਜਰਾਤੀ ਵਿਚ ਘੜਿਆਲ ਨੂੰ ਟਾਲ ਕਹਿੰਦੇ ਹਨ, “ਝਾਂਜਰ ਟਾਲ ਬਜੈ ਕਰਨਾਈ।” ਹਿੰਦੀ ਟਾਲ ਦਾ ਅਰਥ ਪਸ਼ੂ ਦੇ ਗਲ ਵਿਚ ਪਾਉਣ ਵਾਲੀ ਟੱਲੀ ਹੈ। ḔਤḔ ਅਤੇ ḔਟḔ ਧੁਨੀ ਅਕਸਰ ਹੀ ਕਈ ਸ਼ਬਦਾਂ ਵਿਚ ਇਕ ਦੂਜੇ ਦੀ ਥਾਂ ਲੈ ਲੈਂਂਦੀਆਂ ਹਨ।
ਖਜੂਰ ਦੀ ਕਿਸਮ ਦਾ ਇਕ ਦਰਖਤ ਹੁੰਦਾ ਹੈ ਜਿਸ ਨੂੰ ਤਾੜ ਕਹਿੰਦੇ ਹਨ। ਇਸ ਦੇ ਰਸ ਤੋਂ ਤਾੜੀ ਨਾਂ ਦੀ ਸ਼ਰਾਬ ਬਣਦੀ ਹੈ। ਇਸ ਦੇ ਪੱਤਿਆਂ ਤੋਂ ਪੱਖੇ ਬਣਾਏ ਜਾਂਦੇ ਹਨ। ਪੁਰਾਣੇ ਜ਼ਮਾਨੇ ਵਿਚ ਤਾੜਪੱਤਰ ਲਿਖਣ ਲਈ ਕਾਗਜ਼ ਦੇ ਥਾਂ ਵਰਤੇ ਜਾਂਦੇ ਸਨ। ਭਗਤ ਰਵਿਦਾਸ ਜੀ ਨੇ ਇਹ ਸ਼ਬਦ ਵਰਤਿਆ ਹੈ,
ਤਰੁ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ
ਜੈਸੇ ਕਾਗਰਾ ਕਰਤ ਬਿਚਾਰੰ॥
ਭਗਤਿ ਭਗਾਉਤੁ ਲਿਖੀਐ ਤਿਹ ਊਪਰੈ
ਪੂਜੀਐ ਕਰਿ ਨਮਸਕਾਰੰ॥
ਅਰਥਾਤ ਤਾੜ ਦੇ ਰੁਖ ਨੂੰ ਅਪਵਿੱਤਰ ਮੰਨਿਆ ਜਾਣ ਕਰਕੇ ਇਸ ਦੇ ਕਾਗਜ਼ ਨੂੰ ਵੀ ਅਪਵਿਤਰ ਮੰਨਿਆ ਜਾਂਦਾ ਹੈ। ਪਰ ਜਦੋਂ ਪਰਮਾਤਮਾ ਲਈ ਸ਼ਰਧਾ ਦੇ ਸ਼ਬਦ ਇਸ ਉਪਰ ਲਿਖੇ ਜਾਂਦੇ ਹਨ ਤਾਂ ਅਸੀਂ ਇਸ ‘ਤੇ ਮੱਥਾ ਟੇਕਦੇ ਹਾਂ। ਇਥੇ ਇਹ ਦੱਸਣਾ ਬਣਦਾ ਹੈ ਕਿ ਤਾੜ ਦੇ ਦਰਖਤ ਦਾ ਇਹ ਨਾਂ ਇਸ ਲਈ ਪਿਆ ਕਿ ਇਸ ਦੇ ਪੱਤੇ ਹੱਥ ਦੀ ਹਥੇਲੀ ਵਰਗੇ ਹੁੰਦੇ ਹਨ। ਤਾੜ ਦੇ ਦਰੱਖਤ ਅਤੇ ਹਥੇਲੀ ਦੀ ਸਾਂਝ ਸਾਨੂੰ ਅੰਗਰੇਜ਼ੀ ਦੇ ਸ਼ਬਦ ਪਾਮ (ਪਅਲਮ) ਵਿਚ ਵੀ ਦਿਖਾਈ ਦਿੰਦੀ ਹੈ। ਇਸ ਦੇ ਅਰਥ ਹਥੇਲੀ ਅਤੇ ਇਕ ਕਿਸਮ ਦਾ ਚੌੜੇ ਪੱਤਿਆਂ ਵਾਲਾ ਰੁੱਖ ਵੀ ਹੁੰਦਾ ਹੈ।
ਇਸੇ ਨਾਲ ਇਕ ਜੁੜਦਾ ਸ਼ਬਦ ਹੈ-ਤਾਲ। ਸੰਸਕ੍ਰਿਤ ਵਿਚ ਇਸ ਦਾ ਅਰਥ ਤਾਲਾ ਵੀ ਹੁੰਦਾ ਹੈ ਪਰ ਸਭ ਤੋਂ ਵਧ ਇਹ ਸ਼ਬਦ ਸੰਗੀਤ ਦੇ ਪ੍ਰਸੰਗ ਵਿਚ ਜਾਣਿਆ ਜਾਂਦਾ ਹੈ। ਮਹਾਨ ਕੋਸ਼ ਮੁਤਾਬਿਕ, “ਸੰਗੀਤ ਅਨੁਸਾਰ ਸਮੇਂ ਅਤੇ ਲੈ ਦੀ ਵੰਡ ਲਈ ਤਾਲੀ ਦੀ ਧੁਨਿ Ḕਰੋਟੀਆਂ ਕਾਰਣਿ ਪੂਰਹਿ ਤਾਲḔ (ਵਾਰ ਆਸਾ) ਸੰਗੀਤ ਸ਼ਾਸਤਰ ਵਿਚ ਲਿਖਿਆ ਹੈ ਕਿ ਸ਼ਿਵ ਦੀ ਤਾਂਡਵ ਨ੍ਰਿਤ ਤੋਂ ḔਤਾḔ ਅਤੇ ਪਾਰਵਤੀ ਦੀ ਲਾਸ ਨ੍ਰਿਤ ਤੋਂ ਲੈ ਕੇ ਤਾਲ ਸ਼ਬਦ ਬਣਿਆ ਹੈ।” ਸ਼ਾਸਤਰਾਂ ਵਿਚ ਸ਼ਬਦਾਂ ਦੇ ਅਜਿਹੇ ਮਨਘੜਤ ਅਰਥ ਹੀ ਕੀਤੇ ਜਾਂਦੇ ਹਨ। ਤਾਲ ਦਾ ਅਰਥ ਝਾਂਜ, ਛੈਣੇ ਵੀ ਹੁੰਦਾ ਹੈ, “ਭਗਤਿ ਕਰਤ ਮੇਰੇ ਤਾਲ ਛਿਨਾਏ” -ਭਗਤ ਨਾਮਦੇਵ।
ਧਿਆਨ ਦਿਓ ਅੰਗਰੇਜ਼ੀ ਵਿਚ ਤਾਲ ਲਈ ਬੀਟ (ਬeਅਟ) ਸ਼ਬਦ ਵਰਤਿਆ ਜਾਂਦਾ ਹੈ ਜਿਸ ਦਾ ਅਰਥ ਮਾਰਨਾ ਹੀ ਹੁੰਦਾ ਹੈ। ਖੜਤਾਲ ਦੇ ਵਿਚ ਵੀ ਤਾਲ ਝਲਕਦਾ ਹੈ। ਬਹੁਤ ਸਾਰੇ ਸ਼ਬਦਾਂ ਵਿਚ ਤਾਲ ਅਗੇਤਰ ਜਾਂ ਪਿਛੇਤਰ ਵਜੋਂ ਆਉਂਦਾ ਹੈ।

Be the first to comment

Leave a Reply

Your email address will not be published.