ਖੁਸ਼ਵੰਤ ਸਿੰਘ ਦਾ ਇਹ ਰੇਖਾ ਚਿੱਤਰ ਅਜੀਤ ਕੌਰ ਨੇ ਕੋਈ ਤਿੰਨ ਦਹਾਕੇ ਪਹਿਲਾਂ ਲਿਖਿਆ ਸੀ। ਉਸ ਵੇਲੇ ਖੁਸ਼ਵੰਤ ਸਿੰਘ ਪੂਰੇ ਰੰਗਾਂ ਵਿਚ ਸੀ। ਜਿਸ ਖੁਸ਼ਵੰਤ ਸਿੰਘ ਨੂੰ ਬਹੁਤੇ ਲੋਕ ‘ਬਦਮਾਸ਼’ ਆਖਣਾ ਪਸੰਦ ਕਰਦੇ ਸਨ, ਅਜੀਤ ਕੌਰ ਨੇ ਉਸ ਬਾਰੇ ਲਿਖੇ ਰੇਖਾ ਚਿੱਤਰ ਦਾ ਨਾਂ ‘ਭੋਲਾ ਬਾਦਸ਼ਾਹ’ ਰੱਖਿਆ। ‘ਭੋਲਾ ਬਾਦਸ਼ਾਹ’ ਦਾ ਸੰਖੇਪ ਰੂਪ ਅਸੀਂ ਆਪਣੇ ਪਾਠਕਾਂ ਲਈ ਛਾਪ ਰਹੇ ਹਾਂ ਜਿਸ ਵਿਚੋਂ ਇਕ ਵੱਖਰੇ ਖੁਸ਼ਵੰਤ ਸਿੰਘ ਦੇ ਦਰਸ਼ਨ ਹੁੰਦੇ ਹਨ। ਖੁਸ਼ਵੰਤ ਸਿੰਘ ਨਾਲ ਸਾਰੀ ਉਮਰ ਕੋਈ ਨਾ ਕੋਈ ਵਿਵਾਦ ਜੁੜਿਆ ਰਿਹਾ, ਪਰ ਬਤੌਰ ਲੇਖਕ ਅਤੇ ਪੱਤਰਕਾਰ ਸਾਰੇ ਉਸ ਦਾ ਸਿੱਕਾ ਮੰਨਦੇ ਹਨ। ਇਸ ਮਾਮਲੇ ਵਿਚ ਉਹ ਨਿਰਵਿਵਾਦ, ਬਹੁਤ ਉਚੀ ਥਾਂ ਉਤੇ ਖਲੋਤਾ ਨਜ਼ਰੀਂ ਪੈਂਦਾ ਹੈ। ਉਹਦਾ ਹਫਤਾਵਾਰੀ ਕਾਲਮ ਸ਼ਾਇਦ ਸੰਸਾਰ ਭਰ ਵਿਚ ਸਭ ਤੋਂ ਵੱਧ ਸਮਾਂ ਚੱਲਣ ਵਾਲਾ ਕਾਲਮ ਹੋਵੇਗਾ। ਇਸ ਵਿਚ ਵਾਧਾ ਇਹ ਕਿ ਇਸ ਕਾਲਮ ਦੀ ਤਰਜ਼ ਉਤੇ ਬਹੁਤ ਸਾਰੇ ਲੇਖਕਾਂ/ਪੱਤਰਕਾਰਾਂ ਨੇ ਕਾਲਮ ਸ਼ੁਰੂ ਕੀਤੇ ਪਰ ਖੁਸ਼ਵੰਤ ਸਿੰਘ, ਖੁਸ਼ਵੰਤ ਸਿੰਘ ਹੀ ਸੀ। ਕੋਈ ਉਸ ਦੀ ਰੀਸ ਨਹੀਂ ਕਰ ਸਕਿਆ। -ਸੰਪਾਦਕ
-ਅਜੀਤ ਕੌਰ
ਪਹਿਲੀ ਵਾਰ ਖੁਸ਼ਵੰਤ ਸਿੰਘ ਨੂੰ ਮੈਂ ਕਿਸੇ ਪਾਰਟੀ ਵਿਚ ਮਿਲੀ ਸਾਂ। ਸ਼ਾਇਦ ਕੋਈ ਵੀਹ ਵਰ੍ਹੇ ਪਹਿਲੋਂ।
“ਘਰ ਆ ਨਾ ਕਦੇ।” ਉਹਨੇ ਬੜੀ ਨਿੱਘੀ ਤੇ ਪੁਰਖਲੂਸ ਬੇਤਕੱਲੁਫੀ ਨਾਲ ਕਿਹਾ।
ਉਸ ਤੋਂ ਕੁਝ ਚਿਰ ਪਹਿਲਾਂ ਉਸ ਨੇ ਪੰਜਾਬੀ ਕਹਾਣੀਆਂ ਦੀ ਇਕ ਐਨਥਾਲੋਜੀ ਐਡਿਟ ਕੀਤੀ ਸੀ, ਤੇ ਮੇਰੀ ਕਹਾਣੀ ਉਸ ਵਿਚ ਸ਼ਾਮਲ ਨਹੀਂ ਸੀ। ਸੋ, ਪਹਿਲੋਂ ਤਾਂ ਦਿਲ ਕੀਤਾ ਕਿ ਆਖਾਂ ਕਿ ਜੇ ਤੈਨੂੰ ਮੇਰੀ ਕਹਾਣੀ ਪਸੰਦ ਨਹੀਂ, ਤਾਂ ਮੈਂ ਕਾਹਦੇ ਲਈ ਆਵਾਂ ਤੇਰੇ ਘਰ? ਫੇਰ ਸੋਚਿਆ, ਸ਼ਾਇਦ ਆਪਣੇ ਗੁਨਾਹ ਦੀ ਤਲਾਫੀ ਲਈ ਹੀ ਬੁਲਾ ਰਿਹਾ ਏ।
ਨਾਲੇ ਭੁਲੇਖਿਆਂ ਵਿਚ ਜਿਉਣਾ ਬੜੀ ਮਜ਼ੇਦਾਰ ਚੀਜ਼ ਏ ਦੋਸਤੋ। ਸੋ, ਖਟਾਕ ਇਹ ਭੁਲੇਖਾ ਪੈ ਗਿਆ ਕਿ ਸ਼ਾਇਦ ਉਦੋਂ ਜਦੋਂ ਉਹ ਐਨਥਾਲੋਜੀ ਐਡਿਟ ਕਰ ਰਿਹਾ ਸੀ, ਹਾਲੀ ਨਾ ਹੀ ਪੜ੍ਹੀਆਂ ਹੋਣ ਮੇਰੀਆਂ ਕਹਾਣੀਆਂ। ਹੁਣੇ ਹੀ ਕਿਤੇ ਪੜ੍ਹੀਆਂ ਹੋਣ। ਇਸੇ ਕਰ ਕੇ ਘਰ ਬੁਲਾ ਰਿਹਾ ਏ।
ਬਹਰਹਾਲ ਇਸ ਵਿਚ ਕੋਈ ਸ਼ੱਕ ਨਹੀਂ, ਤੇ ਨਾ ਹੀ ਇਕਬਾਲ ਕਰਨ ਵਿਚ ਮੈਨੂੰ ਕੋਈ ਹਿਚਕਿਚਾਹਟ ਏ ਕਿ ਉਹਦੀ ਗੱਲ ਨਾਲ ਮੈਨੂੰ ਲੱਗਾ, ਮੈਂ ਗਿੱਠ ਉਚੀ ਹੋ ਗਈ ਸਾਂ।
ਆਖ਼ਰ ਖੁਦ ਖੁਸ਼ਵੰਤ ਸਿੰਘ ਮੈਨੂੰ ਆਪਣੇ ਘਰ ਆਉਣ ਲਈ ਕਹਿ ਰਿਹਾ ਸੀ। ਇਹ ਕੋਈ ਛੋਟੀ ਜਿਹੀ ਗੱਲ ਏ?
ਦੋ ਚਹੁੰ ਦਿਨਾਂ ਮਗਰੋਂ ਫੋਨ ਕੀਤਾ, ਤੇ ਉਹਦੇ ਘਰ ਚਲੀ ਗਈ।
ਇੰਨੇ ਵਰ੍ਹੇ ਹੋ ਗਏ ਨੇ ਇਸ ਗੱਲ ਨੂੰ। ਉਹਦੇ ਘਰ ਦੀ ਬਹੁਤੀ ਯਾਦ ਬਾਕੀ ਨਹੀਂ ਬਚੀ। (ਤੇ ਉਸ ਤੋਂ ਮਗਰੋਂ ਉਹਨੇ ਕਦੇ ਬੁਲਾਇਆ ਹੀ ਨਹੀਂ। ਸ਼ਾਇਦ ਉਹਦੀ ਬੀਵੀ ਨੂੰ ਮੈਂ ਪਸੰਦ ਨਾ ਆਈ ਹੋਵਾਂ।) ਸਿਰਫ਼ ਉਹ ਕੋਨਾ ਯਾਦ ਏ ਜਿਸ ਵਿਚ ਖੁਸ਼ਵੰਤ ਬੈਠਾ ਸੀ। ਕਮਰੇ ਦੀ ਸੱਜੀ ਨੁੱਕਰੇ। ਚੇਤੇ ਦੀ ਸਾਰੀ ਸਪਾਟ ਲਾਈਟ ਸਿਰਫ਼ ਇਕ ਚਿਹਰੇ ‘ਤੇ ਜਾ ਕੇ ਪੈਂਦੀ ਏ, ਤੇ ਤੇਜ਼ ਰੌਸ਼ਨੀ ਵਿਚ ਉਹ ਕਲੋਜ਼-ਅੱਪ ਅੱਜ ਵੀ ਜਿਵੇਂ ਮੇਰੇ ਕੋਲ ਬੈਠਾ ਏ, ਉਸੇ ਤਰ੍ਹਾਂ ਦਾ ਉਸੇ ਤਰ੍ਹਾਂ। (ਇਹਦੇ ਵਿਚ ਭਾਵੁਕਤਾ ਵਾਲੀ ਕੋਈ ਗੱਲ ਨਹੀਂ), ਤੇ ਤੇਜ਼ ਰੌਸ਼ਨੀ ਵਿਚ ਲਏ ਕਲੋਜ਼-ਅੱਪ ਦੀ ਬੈਕਗ੍ਰਾਊਂਡ ਹਮੇਸ਼ਾ ਸਿਆਹ ਕਾਲੀ ਹੋ ਜਾਂਦੀ ਏ।
ਉਦੋਂ ਖੁਸ਼ਵੰਤ ਹੁਣ ਨਾਲੋਂ ਰਤਾ ਭਾਰਾ ਸੀ। ਮੋਟਾ ਨਹੀਂ, ਸਿਰਫ਼ ਗਦਰਾਇਆ ਹੋਇਆ ਤੇ ਚਿਹਰਾ ਗੋਲ ਸੀ ਉਹਦਾ। ਪੱਗ ਹੁਣ ਵਾਂਗੂੰ ਹੀ ਢਿੱਲੀ, ਠਿੱਬੀ ਜਿਹੀ। ਲਾਪਰਵਾਹੀ ਨਾਲ ਪਾਏ ਹੋਏ ਕੱਪੜੇ। ਮਸਤ ਦਰਿਆ ਵਰਗੀਆਂ ਗੱਲਾਂ।
ਜਦੋਂ ਮੈਂ ਕਮਰੇ ਵਿਚ ਦਾਖ਼ਲ ਹੋਈ, ਉਹ ਸਾਹਮਣੇ ਮੇਜ਼ ‘ਤੇ ਬਾਰੀਕ ਟਾਈਪ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਸੈਂਚੀ ਖੋਲ੍ਹ ਕੇ ਬੈਠਾ ਸੀ ਤੇ ਪੈਨਸਿਲ ਨਾਲ ਨਿਸ਼ਾਨ ਲਗਾ ਰਿਹਾ ਸੀ। ਨਾਲ ਵਾਲੇ ਮੇਜ਼ ‘ਤੇ ਗਲਾਸ ਪਿਆ ਸੀ ਜਿਸ ਵਿਚ ਸਿਆਹ, ਗਾਰਨੈਟਸ ਦੇ ਰੰਗ ਦੀ ਸ਼ਰਾਬ ਸੀ।
ਜੇ ਮੈਨੂੰ ਠੀਕ ਯਾਦ ਏ, ਉਦੋਂ ਖੁਸਵੰਤ ਰੰਮ ਪੀਂਦਾ ਹੁੰਦਾ ਸੀ। ਕਹਿਣ ਲੱਗਾ, Ḕਰੰਮ ਪੀਏਂਗੀ?Ḕ ਮੈਂ ਕਿਹਾ, Ḕਨਹੀਂ, ਅਜੇ ਪੀਣੀ ਨਹੀਂ ਸਿੱਖੀ।’ Ḕਹੋਰ ਕੀ ਪੀਏਂਗੀ? ਜਿੰਨ ਐਂਡ ਲਾਈਮ?Ḕ ਮੈਂ ਇਸ ਤਰ੍ਹਾਂ ਝੇਪ ਰਹੀ ਸਾਂ ਜਿਵੇਂ ਗੁਨਾਹ ਦਾ ਇਕਬਾਲ ਕਰ ਰਹੀ ਹੋਵਾਂ, Ḕਨਹੀਂ ਖੁਸ਼ਵੰਤ, ਮੈਨੂੰ ਕੁਝ ਵੀ ਪੀਣਾ ਨਹੀਂ ਆਉਂਦਾ। ਕੋਕਾ ਕੋਲਾ ਤੋਂ ਸਿਵਾ।Ḕ Ḕਪੀਣਾ ਨਹੀਂ ਆਉਂਦਾ ਤਾਂ ਲਿਖਦੀ ਕਿਸ ਤਰ੍ਹਾਂ ਏਂ?Ḕ ਜਿਵੇਂ ਕਹਿ ਰਿਹਾ ਹੋਵੇ, ਤੁਰਨਾ ਹੀ ਨਹੀਂ ਆਉਂਦਾ ਤਾਂ ਭੱਜ ਕਿਸ ਤਰ੍ਹਾਂ ਲਵੇਂਗੀ?
ਮੈਨੂੰ ਲਗਦਾ ਏ ਕਿ ਜਾਂ ਤੇ ਉਹਦੀ ਬੀਵੀ ਨੇ ਕਿਹਾ ਹੋਵੇਗਾ, Ḕਖਬਰਦਾਰ, ਇਸ ਔਰਤ ਨੂੰ ਮੁੜ ਕੇ ਮੇਰੇ ਘਰ ਦੀਆਂ ਦਹਿਲੀਜ਼ਾਂ ਟੱਪਣ ਦਿੱਤਾ ਤੇ।Ḕ ਕਿਉਂਕਿ ਔਰਤ ਭਾਵੇਂ ਕਿੰਨੀ ਵੀ ਫਰਾਖ-ਦਿਲ ਕਿਉਂ ਨਾ ਹੋਵੇ, ਦੂਜੀ ਔਰਤ ਜਦੋਂ ਖਤਰਾ ਬਣ ਕੇ ਨਜ਼ਰ ਆਵੇ, ਚਾਹੇ ਬਿਲਕੁਲ ਬੋਸੀਦਾ ਜਿਹਾ, ਘੜੀ ਦੋ ਘੜੀ ਦਾ ਖਤਰਾ ਹੀ ਕਿਉਂ ਨਾ ਹੋਵੇ, ਤਾਂ ਬਰਦਾਸ਼ਤ ਨਹੀਂ ਕਰ ਸਕਦੀ। ਜਾਂ ਤਾਂ ਇਹ ਖਤਰਾ ਉਹਨੂੰ ਮੇਰੀਆਂ ਅੱਖਾਂ ‘ਚੋਂ ਨਜ਼ਰ ਆ ਗਿਆ ਸੀ, ਕਿਉਂਕਿ ਇਕਬਾਲ ਕਰਦੀ ਹਾਂ ਕਿ ਖੁਸ਼ਵੰਤ ਮੈਨੂੰ ਬੇਹੱਦ ਖੁਸ਼ਨੁਮਾ ਬੰਦਾ ਨਜ਼ਰ ਆਇਆ ਸੀ। ਇਹੋ ਜਿਹੇ ਬੰਦੇ ਬਹੁਤ ਘੱਟ ਨਜ਼ਰ ਆਉਂਦੇ ਨੇ। ਆਮ ਤੌਰ Ḕਤੇ ਖੁਸ਼ਵੰਤ ਦੇ ਰੁਤਬੇ ‘ਤੇ ਪਹੁੰਚੇ ਬੰਦੇ ਮੁਖੌਟੇ ਪਾਈ ਰੱਖਦੇ ਨੇ, ਇਕ ਅਜੀਬ ਬਦਹਵਾਸ ਬੌਖਲਾਹਟ ਦਾ, ਜਾਂ ਮਸਰੂਫੀਅਤ ਦਾ, ਜਾਂ ਹੇਠਲੀ ਦੁਨੀਆਂ ਨੂੰ ਐਵਰੈਸਟ ਦੀ ਚੋਟੀ ‘ਤੇ ਖੜ੍ਹੇ ਹੋ ਕੇ ਤੱਕਣ ਦਾ, ਜਾਂ ਅਜੀਬ ਟੈਂਸ ਭਾਰੀ-ਭਰਕਮਪਣ ਦਾ, ਪਰ ਖੁਸ਼ਵੰਤ ਜਿਵੇਂ ਜੰਗਲ ਦੀ ਹਵਾ ਹੋਵੇ, ਆਜ਼ਾਦ। ਅਲਮਸਤ। ਜੰਗਲਾਂ ਦੀ ਆਵਾਰਾ ਖੁਸ਼ਬੂ ਨਾਲ ਲੱਦੀ। ਤਿਤਲੀਆਂ ਵਾਂਗੂੰ ਉਡਦੀ।
ਜਾਂ ਹੋ ਸਕਦਾ ਏ ਕਿ ਖੁਸ਼ਵੰਤ ਨੂੰ ਹੀ ਮੈਂ ਬੇਅਕਲ ਤੇ ਬੌਰੀ ਲੱਗੀ ਹੋਵਾਂ।
ਬਹਰਹਾਲ ਉਹਨੇ ਮੁੜ ਕੇ ਕਦੇ ਮੈਨੂੰ ਘਰ ਨਹੀਂ ਸੱਦਿਆ। ਤੇ ਮੇਰਾ ਤਾਂ ਉਹਨੂੰ ਕਿਧਰੇ ਸੱਦਣ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ। ਮੈਂ ਉਦੋਂ ਜ਼ਰਾ ਜ਼ਿਆਦਾ ਹੀ ਖਾਨਾਬਦੋਸ਼ ਸਾਂ। ਯਾਨਿ ਘਰ ਅਸਲੋਂ ਨਦਾਰਦ ਸੀ। ਫੁੱਟਪਾਥਾਂ ‘ਤੇ ਰਹਿਣ ਵਾਲੀ ਫਟੇਹਾਲ ਹਾਲਤ ਸੀ।
ਉਂਜ ਹਾਲਤ ਇੰਨੀ ਖਸਤਾ ਤੇ ਇੰਨੀ ਨਾਜ਼ਕ ਸੀ, ਤੇ ਇਕੱਲੇਪਣ ਦੀ ਸੁੰਨ ਇੰਨੀ ਖੌਫਨਾਕ ਸੀ ਕਿ ਜੇ ਖੁਸ਼ਵੰਤ ਜ਼ਰਾ ਕੁ ਵੀ ਹਿੰਮਤ ਕਰਦਾ ਤਾਂ ਇਕ-ਅਦਦ ਇਸ਼ਕ ਹੋ ਸਕਦਾ ਸੀ!
ਪਰ ਦੱਸਿਆ ਏ ਨਾ ਤੁਹਾਨੂੰ, ਖੁਸ਼ਵੰਤ ਬਹੁਤ ਹੀ ਦੱਬੂ ਕਿਸਮ ਦਾ ਬੰਦਾ ਏ। ਅੱਜ ਤਕ ਉਹਨੇ ਜਿੰਨੇ ਵੀ ਇਸ਼ਕ ਕੀਤੇ ਹੋਣ, ਮੈਂ ਦਾਅਵੇ ਨਾਲ ਕਹਿ ਸਕਦੀ ਹਾਂ, ਹਮੇਸ਼ਾ ਔਰਤਾਂ ਨੇ ਹੀ ਉਹਨੂੰ ਵਰਗਲਾਇਆ ਹੋਵੇਗਾ। ਤੇ ਉਹ ਅਗਵਾ ਕੀਤੀ ਔਰਤ ਵਾਂਗੂੰ ਚੁੱਪ-ਚਾਪ ਇਸ਼ਕ ਸਹਿ ਲੈਂਦਾ ਹੋਵੇਗਾ।
—
ਉਦੋਂ ਉਹ Ḕਨਿਊ ਦੇਹਲੀ’ ਦਾ ਐਡੀਟਰ ਸੀ। ਮੇਰੀ ਧੀ ਅਰਪਨਾ ਨੇ ਦੁਨੀਆਂ ਦੀਆਂ ਚਿਤਰਕਾਰ ਔਰਤਾਂ ਬਾਰੇ ਇਕ ਰਿਸਰਚ ਪੀਸ ਲਿਖਿਆ ਸੀ। Ḕਨਿਊ ਦੇਹਲੀḔ ਨੂੰ, ਯਾਨਿ ਖੁਸ਼ਵੰਤ ਨੂੰ ਉਹਨੇ ਲਿਖ ਕੇ ਪੁੱਛਿਆ ਕਿ ਉਨ੍ਹਾਂ ਨੂੰ ਚਾਹੀਦਾ ਏ?
ਜੁਆਬ ਆ ਗਿਆ, ਸ਼ਾਇਦ ਤੀਜੇ ਦਿਨ ਹੀ, ਕਿ ਛੇਤੀ ਭੇਜ ਦੇ।
ਅਰਪਨਾ ਨੇ ਮੈਨੂੰ ਮਨ੍ਹਾਂ ਕੀਤਾ ਹੋਇਆ ਸੀ ਕਿ ਮੈਂ ਖੁਸ਼ਵੰਤ ਨੂੰ ਬਿਲਕੁਲ ਨਾ ਦੱਸਾਂ ਕਿ ਇਹ ਅਰਪਨਾ ਮੇਰੀ ਹੀ ਧੀ ਏ। ਸੋ, ਮੈਂ ਚੁੱਪ ਰਹੀ।
ਆਰਟੀਕਲ ਛਪ ਗਿਆ ਤੇ ਅਰਪਨਾ ਤਸਵੀਰਾਂ ਵਾਪਸ ਲੈਣ ਖੁਸ਼ਵੰਤ ਦੇ ਦਫ਼ਤਰ ਗਈ।
ਖੁਸ਼ਵੰਤ ਨੇ ਕੁਝ ਚਿਰ ਉਹਦੇ ਨਾਲ ਗੱਪਾਂ ਮਾਰਨ ਤੋਂ ਮਗਰੋਂ ਉਹਨੂੰ ਕਿਹਾ, “ਤੇਰੀ ਸ਼ਕਲ ਤੇਰੀ ਮਾਂ ਨਾਲ ਬੜੀ ਮਿਲਦੀ ਏ।”
ਇਹ ਐ ਖੁਸ਼ਵੰਤ ਸਿੰਘ। ਮੁਖਤਸਰ ਜਿਹੀ ਦੋਸਤੀ ਸੀ ਉਦੋਂ ਸਾਡੀ। ਸਿਰਫ਼ ਉਹੀ ਇਹ ਲਫ਼ਜ਼ ਮੇਰੀ ਓਪਰਿਆਂ ਬਣ ਕੇ ਮਿਲੀ ਧੀ ਨੂੰ ਕਹਿ ਸਕਦਾ ਸੀ।
—
ਸਿਆਲ ਆਖਰੀ ਸਾਹਾਂ ‘ਤੇ ਸੀ। ਦੁਪਹਿਰ ਤੋਂ ਮਗਰੋਂ ਧੁੱਪ ਬਨੇਰਿਆਂ ਤੋਂ ਲਹਿਣ ਲੱਗ ਪਈ ਸੀ। ਹਵਾ ਵਿਚ ਨਿੱਘ ਰੁਮਕ ਰਿਹਾ ਸੀ ਤੇ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਜਿਵੇਂ ਇਕ ਖ਼ਬਰ ਗਰਮ ਸੀ ਕਿ ਇਹ ਹੁਨਾਲ ਦੀ ਸ਼ੁਰੂਆਤ ਏ।
ਗਰਮੀਆਂ ਦੀ ਸਾੜਵੀਆਂ ਲੂਆਂ ਦੀ ਪੇਸ਼ਨੀਗੋਈ ਵਾਲੇ ਉਸ ਲੌਢੇ ਵੇਲੇ ਮੈਂ ਖ਼ਬਰਾਂ ਨਾਲ ਭਰੇ ਦਫ਼ਤਰ ਦੇ ਹਲਕੇ ਸਾਂਵਲੇ ਗਲਿਆਰਿਆਂ ਵਿਚੋਂ ਲੰਘ ਕੇ ਖੁਸ਼ਵੰਤ ਦੇ ਕਮਰੇ ਵੱਲ ਜਾ ਰਹੀ ਸਾਂ। Ḕਹਿੰਦੁਸਤਾਨ ਟਾਈਮਜ਼’ ਦਾ ਐਡੀਟਰ ਸੀ ਉਹ ਉਦੋਂ। ਮੈਨੂੰ ਲੱਗਾ ਜਿਵੇਂ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਵਿਚੋਂ ਗੁਜ਼ਰਦੀ ਹੋਈ ਮੈਂ ਵੱਡੀ ਮਹਾਰਾਣੀ ਮੱਖੀ ਦੇ ਘੁਰਨੇ ਵੱਲ ਜਾ ਰਹੀ ਹੋਵਾਂ।
ਕਮਰੇ ਵਿਚ ਵੜਦਿਆਂ ਹੀ ਉਹ ਆਪਣੀ ਕੁਰਸੀ ਤੋਂ ਉਠ ਖੜੋਂਦਾ ਏ। ਅੱਧਾ ਦਰਵਾਜ਼ੇ ਵੱਲ ਤੱਕਦਾ ਹੋਇਆ ਤੇ ਅੱਧਾ ਮੇਰੇ ਵੱਲ ਤੁਰਦਾ ਏ, ਤੇ ਇਕ ਬਾਂਹ ਵਾਲੀ, ਅੱਧੋਰਾਣੀ ਜੱਫੀ ਵਿਚ ਮੈਨੂੰ ਲਪੇਟ ਲੈਂਦਾ ਏ।
ਖੁਸ਼ਵੰਤ ਦੀ ਜੱਫੀ ਉਹਦੀ ਪੂਰੀ ਸ਼ਖ਼ਸੀਅਤ ਦੀ ਤਰਜਮਾਨੀ ਏ। ਪੂਰੀ ਸ਼ਖ਼ਸੀਅਤ ਦਾ ਜ਼ਾਇਕਾ ਜਿਸ ਵਿਚ ਕਈ ਚੀਜ਼ਾਂ ਸ਼ਾਮਲ ਨੇ- ਉਹਦੀ ਡੀਂਗ ਕਿ ਉਹ ਬੇਹੱਦ ਆਸ਼ਕ ਮਿਜਾਜ਼ ਏ, ਉਹਦੀ ਬੇਇੰਤਹਾ ਕਾਬਲੀਅਤ ਜਿਸ ਨੇ ਉਹਦੀ ਤਬੀਅਤ ਨੂੰ ਫੁੱਲਾਂ ਵਰਗੀ ਹੌਲੀ ਕਰ ਦਿੱਤਾ ਏ, ਉਹਦੀ ਸ਼ੋਹਰਤ ਨੂੰ ਪਰਬਤਾਂ ਵਰਗੀ ਉਚਾਈ ਤੇ ਠੋਸਪਣ ਦਿੱਤਾ ਏ, ਉਹਦਾ ਆਦਿਮ ਦੱਬੂਪੁਣਾ ਤੇ ਬੁਜ਼ਦਿਲੀ ਜਿਹੜੀ ਉਹਦੇ ਪੇਂਡੂ ਪਿਛੋਕੜ ਤੋਂ ਤੁਰ ਕੇ ਉਹਦੀ ਦਾਦੀ ਦੇ ਪਿਆਰ ਦੀ ਮਹਿਫ਼ੂਜ਼ ਵਲਗਣ ਵਿਚ ਬਿਤਾਏ ਉਹਦੇ ਬਚਪਨ ਨਾਲ ਵਾਬਸਤਾ ਏ, ਤੇ ਉਹਦਾ ਖਲੂਸ ਤੇ ਉਹਦਾ ਨਿੱਘ, ਤੇ ਉਹਦੀ ਹਿਚਕ ਤੇ ਉਹਦਾ ਬੇਬਾਕਪਣ। ਇਕ ਅਜੀਬ ਤਪਾਕ ਤੇ ਗਰਮਜੋਸ਼ੀ ਤੇ ਅਜੀਬ ਹਿਚਕਿਚਾਹਟ। ਉਹਦੀ ਬਾਂਹ ਦੀ ਕੱਸ ਜਿਵੇਂ ਡਰ ਨਾਲ ਕੰਬਦੀ ਹੋਈ ਸੁੰਗੜਦੀ ਵੀ ਜਾਂਦੀ ਏ, ਢਿੱਲੀ ਵੀ ਹੁੰਦੀ ਜਾਂਦੀ ਏ।
ਆਪਣੀ ਕਲਮ ਦੇ ਮਾਮਲੇ ਵਿਚ ਉਹ ਜਿੰਨਾ ਸ਼ੇਰ ਏ, ਜੱਫੀ ਦੇ ਮਾਮਲੇ ਵਿਚ ਓਨਾ ਹੀ ਗਿੱਦੜ।
ਕਹਿਣ ਲੱਗਾ, “ਚੱਲ ਅੱਜ ਕਿਧਰੇ ਭੱਜ ਚੱਲੀਏ। ਏਥੇ ਅੱਜ ਬੜੇ ਲੋਗ ਆ ਰਹੇ ਨੇ। ਬਸ, ਹਮਲਾ ਕਰ ਰਹੇ ਨੇ।”
ਤੇ ਉਹਨੇ ਕਾਹਲੀ ਕਾਹਲੀ ਆਪਣੇ ਕਾਗਜ਼ ਸਮੇਟੇ, ਤੇ ਅਸੀਂ ਦਫ਼ਤਰੋਂ ਬਾਹਰ ਨਿਕਲ ਆਏ।
ਉਹ ਇਸ Ḕਭੱਜ ਆਉਣ’ ਉਤੇ ਓਨਾ ਹੀ ਖੁਸ਼ ਸੀ ਜਿੰਨਾ ਮਾਸਟਰ ਦੀ ਕੁੱਟ ਤੋਂ ਡਰ ਕੇ ਭੱਜਿਆ, ਤੇ ਖੇਤਾਂ ਵਿਚ ਗੁੱਲੀ ਡੰਡਾ ਖੇਡਦਾ ਮੁੰਡਾ।
ਮੈਂ ਕਿਹਾ, “ਹਮਲਾ ਕਰਨ ਵਾਲੇ ਲੋਗਾਂ ਦੇ ਕਾਬੂ ਕਿਸ ਤਰ੍ਹਾਂ ਆ ਜਾਂਦੇ ਓ ਤੁਸੀਂ? ਬਾਹਰ ਪੀæਏæ ਹੋਰ ਕਿਹੜਾ ਚਰਖਾ ਕੱਤਦਾ ਰਹਿੰਦਾ ਏ? ਦਰਸ਼ਨ ਅਭਿਲਸ਼ੀਆਂ ਨੂੰ ਦੁੜਾ ਨਹੀਂ ਸਕਦਾ?”
ਕਹਿਣ ਲੱਗਾ, “ਉਹ ਤੇ ਦੁੜਾ ਹੀ ਦੇਂਦਾ ਏ ਪਰ ਕਈ ਵਾਰੀ ਇਹੋ ਜਿਹੇ ਲੋਗ ਆ ਜਾਂਦੇ ਨੇ ਜਿਨ੍ਹਾਂ ਨੂੰ ਦੁੜਾਇਆ ਨਹੀਂ ਜਾ ਸਕਦਾ। ਜਿਵੇਂ ਅੱਜ ਸਵੇਰੇ ਰੰਧਾਵਾ ਸਾਹਿਬ ਆ ਗਏ। ਪੀæਏæ ਨਾਲ ਝਗੜ ਪਏ। ਮੈਂ ‘ਵਾਜ ਸੁਣ ਕੇ ਬਾਹਰ ਆਇਆ। ਤੱਕਿਆ ਤਾਂ ਰੰਧਾਵਾ ਸਾਹਿਬ। ਮੁਆਫ਼ੀ ਮੰਗੀ ਪੀæਏæ ਵੱਲੋਂ। ਅੰਦਰ ਲੈ ਗਿਆ। ਉਹ ਆਪਣਾ ਸਾਰਾ ਗੁੱਸਾ ਤੇ ਕੰਟੈਂਮਪਟ ਕੱਢਣ ਵਾਸਤੇ ਕਹਿਣ ਲੱਗੇ, “ਪਹਿਲੋਂ ਦੱਸ, ਤੇਰਾ ਟਾਇਲੈਟ ਕਿਥੇ ਵੇ?”
“ਖੁਸ਼ਵੰਤ, ਤੁਹਾਡੇ ਬੱਚੇ ਵੀ ਤੁਹਾਡੇ ਵਾਂਗੂੰ ਹੀ ਹੱਸਦੇ ਹੋਣਗੇ?”
“ਬੱਚਿਆਂ ਦਾ ਤਾਂ ਚੇਤਾ ਨਹੀਂ, ਪਰ ਮੇਰੀ ਦੋਹਤਰੀæææ “, ਤੇ ਦੋਹਤਰੀ ਦੀ ਗੱਲ ਕਰਦਿਆਂ ਖੁਸ਼ਵੰਤ ਦੇ ਚਿਹਰੇ ‘ਤੇ ਮੈਨੂੰ ਨਵੀਂ ਵਿਆਹੀ ਕੁੜੀ ਦੀ ਸ਼ਰਮੀਲੀ ਤੇ ਪਹੁ-ਫੁਟਾਲੇ ਜਿਹੀ ਮੁਸਕਰਾਹਟ ਨਜ਼ਰ ਆਉਂਦੀ ਏ।
“ਉਹਨੇ ਤੀਹ ਤੇ ਬਿੱਲੀਆਂ ਪਾਲੀਆਂ ਹੋਈਆਂ ਨੇ। ਮੇਰੀ ਬੀਵੀ ਦੇ ਸਾਰੇ ਕਾਨੂੰਨ ਤੋੜ ਦਿੱਤੇ ਨੇ ਉਹਨੇ। ਹਰ ਬਿੱਲੀ ਦੇ ਵੱਖੋ-ਵੱਖ ਨਾਂ ਰੱਖੇ ਹੋਏ ਨੇ। ਕਾਲੂ, ਮੇਨਕਾ ਗਾਂਧੀ, ਛੋਟੂ ਸਕਸੈਨਾ।” ਖੁਸ਼ਵੰਤ ਹੱਸਦਾ ਏ, ਪਹਾੜੀ ਕੂਲਾਂ ਵਰਗੀ ਹਾਸੀ, ਸ਼ਫ਼ਾਫ, ਬਲੌਰੀ ਗੁਟਕਦੀ ਹਾਸੀ। “ਇਹ ਛੋਟੂ ਸਕਸੈਨਾ ਨਾਂ ਪਤਾ ਨਹੀਂ ਉਹਨੂੰ ਕਿਸ ਤਰ੍ਹਾਂ ਸੁਝਿਆ ਏ!”
“ਦੋਹਤਰੀ ਵੀ ਆਖ਼ਰ ਖੁਸ਼ਵੰਤ ਸਿੰਘ ਸਰਦਾਰ ਦੀ ਏ!”
—
ਖੁਸ਼ਵੰਤ ਤੇ ਮੈਂ ਕਨਾਟ ਪਲੇਸ ਦੇ ਵਰਾਂਡਿਆਂ ਵਿਚ ਚਹਿਲ-ਕਦਮੀ ਕਰ ਰਹੇ ਹਾਂ।
(ਇਹੀ ਅੰਦਾਜ਼ ਏ ਖੁਸ਼ਵੰਤ ਦਾ। ਭਾਵੇਂ ਉਹਨੂੰ ਆਪਣੀ ਖਾਲੀ ਸ਼ਾਮ ਨਾਲ ਪਿਆਰ ਆਵੇ ਤੇ ਭਾਵੇਂ ਕਿਸੇ ਦੋਸਤ ਨਾਲ, ਉਹ ਉਹਦੇ ਨਾਲ ਰੌਣਕਾਂ ਵਾਲੀਆਂ ਥਾਂਵਾਂ ‘ਤੇ ਚਹਿਲ-ਕਦਮੀ ਕਰਦਾ ਏ। ਖਾਲੀ ਸਵੇਰਾਂ ਨਾਲ ਇਸ਼ਕ ਕਰਨ ਦਾ ਅੰਦਾਜ਼ ਉਹਦਾ ਹੋਰ ਏ- ਲੰਮੀ ਸੈਰ, ਦਰਖ਼ਤਾਂ ਤੇ ਹਵਾਵਾਂ ਤੇ ਚਿੜੀਆਂ ਤੇ ਕੋਇਲਾਂ ਨਾਲ ਦੁਖ-ਸੁਖ ਦੀਆਂ ਗੱਲਾਂ।)
ਅਗਲੇ ਦਿਨ ਉਹਦੀ ਬੀਵੀ ਦਾ ਜਨਮ ਦਿਨ ਸੀ, ਤੇ ਉਹਨੇ ਉਹਦੇ ਲਈ ਤੋਹਫ਼ਾ ਖਰੀਦਣਾ ਸੀ। ਸੋ, ਅਸੀਂ ਕਿਤਾਬਾਂ ਵਾਲੀ ਦੁਕਾਨ ‘ਤੇ ਗਏ। ਬੀਵੀ ਲਈ ਤਾਂ ਉਹਨੇ ਸਿੱਖ ਪੇਂਟਿੰਗਜ਼ ਵਾਲੀ ਕਿਤਾਬ ਖਰੀਦੀ, ਤੇ ਆਪਣੇ ਲਈ ਈਰਾਟਿਕ ਪੇਟਿੰਗਜ਼ ਦੀ ਨਵੀਂ ਛਪੀ ਕਿਤਾਬ ਜਿਸ ਵਿਚ ਉਹਨੇ ਦੱਸਿਆ ਕਿ ਕਾਂਗੜਾ ਸਕੂਲ ਤੇ ਬਸੌਹਲੀ ਸਕੂਲ ਤੇ ਸਿੱਖ ਸਕੂਲ ਦੀਆਂ ਈਰਾਟਿਕ ਪੇਂਟਿੰਗਜ਼ ਸਨ। ਕਹਿਣ ਲੱਗਾ, ਕਿਸੇ ਦਿਨ ਫੁਰਸਤ ਨਾਲ ਤੈਨੂੰ ਸਮਝਾਵਾਂਗਾ ਇਨ੍ਹਾਂ ਦੀ ਸਾਰੀ ਗੱਲ।
ਕਿਤਾਬਾਂ ਖਰੀਦਣ ਮਗਰੋਂ ਅਸੀਂ ਕਨਾਟ ਪਲੇਸ ਦੇ ਵਰਾਂਡਿਆਂ ਵਿਚ ਘੁੰਮਣ ਲੱਗੇ।
“ਕਨਾਟ ਪਲੇਸ ਘੁੰਮਦਿਆਂ ਤੁਹਾਨੂੰ ਉਹ ਸਾਰੇ ਗੁਜ਼ਰੇ ਜ਼ਮਾਨੇ ਯਾਦ ਆਉਂਦੇ ਹੋਣਗੇ ਜਦੋਂ ਇਹ ਦਿੱਲੀ ਦੀ ਆਕਸਫੋਰਡ ਸਟ੍ਰੀਟ ਤਾਮੀਰ ਹੋ ਰਹੀ ਸੀ?”
“ਬਚਪਨ ਵਿਚ ਜਦੋਂ ਮੈਂ ਇਥੇ ਆਇਆ ਸਾਂ ਤਾਂ ਕਨਾਟ ਪਲੇਸ ਹੁੰਦੀ ਹੀ ਨਹੀਂ ਸੀ। ਪਹਿਲੀ ਦੁਕਾਨ ਪਾਰਸੀਆਂ ਦੀ ਇਥੇ ਖੁੱਲ੍ਹੀ ਸੀ। ਨਾਂ ਸੀ Ḕਪੈਸਟਨ ਜੀ’। ਜਿਸ ਥਾਂ ‘ਤੇ ਹੁਣ ḔਵੈਂਗਰḔ ਏ। ਲਟੀਏਨਜ਼ ਨੇ ਪਲੈਨ ਕੀਤੀ ਸੀ ਇਹ ਕਨਾਟ ਪਲੇਸ ਵੀ। ਜ਼ਮੀਨ ਇਥੇ ਉਦੋਂ ਦੋ ਰੁਪਏ ਗਜ਼ ਹੁੰਦੀ ਸੀ। ਹੁਣ ਤਾਂ ਖ਼ੈਰ, ਕੋਈ ਦੋ ਹਜ਼ਾਰ ਰੁਪਏ ਗਜ਼ ਹੋਵੇਗੀ!” ਉਹ ਬੱਚਿਆਂ ਵਰਗੀ ਮਾਸੂਮੀਅਤ ਨਾਲ ਸੁਣਾ ਰਿਹਾ ਏ ਦਾਸਤਾਨ।
ਮੈਂ ਹੱਸਦੀ ਹਾਂ। ਉਹਦੀ ਇਸ ਮਾਸੂਮੀਅਤ ‘ਤੇ। “ਦੋ ਹਜ਼ਾਰ ਰੁਪਏ ਗਜ਼? ਤੁਸੀਂ ਕਿਥੇ ਰਹਿੰਦੇ ਓ ਖੁਸ਼ਵੰਤ? ਇਥੇ ਤਾਂ ਵੀਹ ਹਜ਼ਾਰ ਰੁਪਏ ਗਜ਼ ਵੀ ਮਿਲਣੀ ਮੁਸ਼ਕਲ ਏ।”
“ਹੈਂ? ਨਹੀਂ!” ਉਹ ਵਾਕਈ ਠਿਠਕ ਜਾਂਦਾ ਏ।
ਉਹਦੇ ਇਸੇ ਭੋਲੇਪਣ ‘ਤੇ ਮੈਨੂੰ ਲਾਡ ਆਉਂਦਾ ਏ। ਕਨਾਟ ਪਲੇਸ ਵਿਚ ਵੀ ਕਾਫ਼ੀ ਜਾਇਦਾਦ ਦਾ ਉਹ ਮਾਲਕ ਏ। ਤੇ ਉਹਨੂੰ ਪਤਾ ਈ ਨਹੀਂ ਕਿ ਉਹਦੀ ਸ਼ਹਿਨਸ਼ਾਹੀਅਤ ਦੀ ਐਸ ਵੇਲੇ ਕਿੰਨੀ ਕੁ ਕੀਮਤ ਏ। ਅਲਬੱਤਾ ਨਿੱਕੀਆਂ ਗੱਲਾਂ ਦੀ, ਆਪਣੇ ਪਰਸ ਵਿਚ ਪਏ ਚਾਲੀ ਪੰਜਾਹ ਰੁਪਿਆਂ ਦੀ ਉਹਨੂੰ ਬਹੁਤੀ ਫਿਕਰ ਹੁੰਦੀ ਏ। ਮਸਲਨ, ਇਕ ਵਾਰੀ ਅਸੀਂ ਗੇਲਾਰਡ ਵਿਚ ਚਾਹ ਪੀਣ ਗਏ। ਇਕ ਸੈਂਡਵਿਚ ਖਾਧੀ ਤੇ ਚਾਹ ਦਾ ਇਕ ਪਿਆਲਾ ਪੀਤਾ। ਬਿੱਲ ਆਇਆ ਅਠਾਰਾਂ ਰੁਪਏ। ਦਸ ਦਸ ਦੇ ਦੋ ਨੋਟ ਬੈਰੇ ਦੀ ਪਲੇਟ ਵਿਚ ਧਰਨ ਲੱਗਿਆਂ ਉਹਨੂੰ ਵਾਕਈ ਤਕਲੀਫ ਹੋ ਰਹੀ ਸੀ। ਕਹਿਣ ਲੱਗਾ, “ਦਸੋ, ਇਕ ਇਕ ਪਿਆਲਾ ਚਾਹ ਦਾ ਪੀਤਾ ਏ, ਤੇ ਇਕ ਇਕ ਬੁਰਕੀ ਦੀ ਸੈਂਡਵਿਚ ਤੇ ਅਠਾਰਾਂ ਰੁਪਏæææ! ਹੈ ਨਾ ਲੁੱਟ?”
ਇਕ ਵਾਰੀ ਉਹਨੇ ਰਾਮਾਕ੍ਰਿਸ਼ਨ ਤੋਂ ਕਿਤਾਬ ਖਰੀਦੀ। ਤਿੰਨ ਸੌ ਦੇ ਕਰੀਬ ਸੀ। ਬਿੱਲ ‘ਤੇ ਉਹਨੇ ਸਾਈਨ ਕੀਤੇ। ਬਿੱਲ ਵਿਚੋਂ ਉਹਦਾ ਖਾਸ ਡਿਸਕਾਊਂਟ ਵੀ ਕੱਟਿਆ ਹੋਇਆ ਸੀ। ਤਾਂ ਵੀ ਉਹਨੂੰ ਕਾਫ਼ੀ ਤਕਲੀਫ ਹੋਈ। “ਦੱਸੋ ਹੁਣ ਅੱਧੇ ਮਹੀਨੇ ਦੀ ਮੇਰੀ ਤਨਖਾਹ ਤਾਂ ਗਈ।” ਉਹ ਐਕਟਿੰਗ ਨਹੀਂ ਸੀ ਕਰ ਰਿਹਾ, ਵਾਕਈ ਪ੍ਰੇਸ਼ਾਨ ਸੀ। ਫੇਰ ਉਹਨੇ ਕਿਤਾਬ ਨੂੰ ਉਲਟ ਪਲਟ ਕੇ ਵੇਖਿਆ, “ਹੈਂ, ਇਹ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਦੀ ਏ? ਲਓ, ਮੈਂ ਤੇ ਆਪਣਾ ਨੁਕਸਾਨ ਕਰਵਾ ਲਿਆ। ਉਥੇ ਮੇਰੇ ਜੁਆਈ ਨੇ ਤਾਂ ਮੈਨੂੰ ਚਾਲੀ ਪੰਜਾਹ ਰੁਪਏ ਹੋਰ ਡਿਸਕਾਊਂਟ ਲੈ ਦੇਣਾ ਸੀ।”
—
ਜਦੋਂ ਖੁਸ਼ਵੰਤ ਆਪਣੇ ਬਚਪਨ ਦੀ ਗੱਲ ਕਰਦਾ ਏ, ਮੈਨੂੰ ਅੱਜ ਵੀ ਉਹ ਭੋਲਾ ਭਾਲਾ ਬਾਲ ਲਗਦਾ ਏ। ਹਡਾਲੀ ਦੇ ਰੇਤੀਲੇ ਟਿੱਬਿਆਂ ਵਿਚ ਖੇਡਦਾ। ਊਠਾਂ ਦੀਆਂ ਟੱਲੀਆਂ ਦੀ ਆਵਾਜ਼ ਨੂੰ ਸੁਣਦਾ। ਤੇ ਦਾਦੀ ਦੇ ਭੋਛਣ ਦੀ ਚੂਕ ਫੜ ਕੇ ਮੱਖਣ ਤੇ ਬਹੀ ਰੋਟੀ ਖਾਂਦਾ।
“ਮੇਰੇ ਭਰਾ ਦਲਜੀਤ ਨੂੰ ਅਜੇ ਤਕ ਬਹੀ ਰੋਟੀ ਤੇ ਬਹੀ ਦਾਲ ਬੇਹੱਦ ਪਸੰਦ ਏ। ਜਿਗਰ ਭਾਵੇਂ ਉਹਦਾ ਕੰਮ ਨਹੀਂ ਕਰਦਾ। ਉਮਰ ਨਾਲ ਆਦਤਾਂ ਬਦਲ ਲੈਣੀਆਂ ਚਾਹੀਦੀਆਂ ਨੇ।”
ਉਮਰ ਨਾਲ ਖਾਣ-ਪੀਣ ਦੀਆਂ ਆਦਤਾਂ ਭਾਵੇਂ ਉਹਨੇ ਬਦਲ ਲਈਆਂ ਹੋਣ, ਪਰ ਉਹਦੀ ਆਤਮਾ ਵਿਚ, (ਨਾ ਸੱਚ, ਆਤਮਾ ਨੂੰ ਤੇ ਉਹ ਮੰਨਦਾ ਹੀ ਨਹੀਂ) ਉਹਦੀ ਸ਼ਖ਼ਸੀਅਤ ਵਿਚ ਰੇਤੀਲੇ ਟਿੱਬਿਆਂ ਦਾ ਵਿਸਥਾਰ ਅਜੇ ਵੀ ਕਾਇਮ ਏ ਤੇ ਚਾਨਣੀਆਂ ਰਾਤਾਂ ਵਿਚ ਚਮਕਦੀ ਰੇਤ ਦਾ ਦਿਲਕਸ਼ ਹੁਸਨ।
—
ਉਸ ਦਿਨ ਸ਼ਾਮ ਨੂੰ ਉਹ ਤੇ ਮੈਂ, ਤੇ ਮੇਰੀ ਧੀ ਅਰਪਨਾ ਗੱਲਾਂ ਕਰ ਰਹੇ ਸਾਂ। ਉਹਦੀ ਸਕਾਚ ਨਾਲ ਦਾਰ ਜੀ, ਯਾਨਿ ਮੇਰੇ ਪਿਤਾ ਜੀ ਨੂੰ ਕੋਫ਼ਤ ਨਾ ਹੋਵੇ, ਇਸ ਕਰ ਕੇ ਉਨ੍ਹਾਂ ਨੂੰ ਮੈਂ ਉਸ ਨਿੱਕੀ ਜਿਹੀ ਮਹਿਫ਼ਲੀ ਵਿਚ ਨਹੀਂ ਸੀ ਬੁਲਾਇਆ। ਉਹ ਆਪਣੇ ਕਮਰੇ ਵਿਚ ਹੀ ਸਨ।
ਖੁਸ਼ਵੰਤ ਘੁੰਮ ਫਿਰ ਕੇ ਅਰਪਨਾ ਦੀਆਂ ਨਵੀਆਂ ਪੇਂਟਿੰਗਜ਼ ਵੇਖਣ ਲੱਗਾ। ਤਾਹੀਏਂ ਪਿਛਲੇ ਵਿਹੜੇ ਵਿਚ ਪਲਾਤੇ ਜਿਹੇ ਹਨੇਰੇ ਵਿਚ ਬੈਠੇ ਦਾਰ ਜੀ ‘ਤੇ ਉਹਦੀ ਨਜ਼ਰ ਪਈ। ਤੇ ਉਹ ਰੁਮਕ ਰੁਮਕ ਤੁਰਦਾ ਦਾਰ ਜੀ ਕੋਲ ਚਲਾ ਗਿਆ।
Ḕਸਤ ਸਿਰੀ ਅਕਾਲ ਜੀ।’ ਦਾਰ ਜੀ ਨੇ ਸਤ ਸਿਰੀ ਅਕਾਲ ਦਾ ਜੁਆਬ ਦਿੱਤਾ।
“ਤਸੀਂ ਇਥੇ Ḕਕੱਲੇ ਕਿਉਂ ਬੈਠੇ ਓ?”
“ਜ਼ਰਾ ਅੰਦਰ ਗਰਮੀ ਸੀ। ਐਥੇ ਹਵਾ ਏ।”
“ਤੁਹਾਡੀ ਬੋਲੀ ਤੋਂ ਲਗਦਾ ਏ ਤੁਸੀਂ ਸਰਗੋਧੇ ਵਾਲੇ ਪਾਸੇ ਦੇ ਓ”, ਖੁਸ਼ਵੰਤ ਮੁਸਕਰਾਇਆ, ਜਿਵੇਂ ਲੁਕਣ-ਮੀਟੀ ਖੇਡਦਿਆਂ ਲੁਕੇ ਹੋਏ ਬਾਲ ਨੂੰ ਕੋਈ ਲੱਭ ਲਵੇ।
“ਕਮਾਲ ਓ ਤੁਸੀਂ ਤੇ। ਵੈਰੀ ਇਨਟੈਲੀਜੈਂਟ। ਆਹੋ ਜੀ, ਮੈਂ ਭੇਰੇ ਦਾ ਵਾਂ। ਸਰਗੋਧੇ ਵਿਚ ਹੀ ਸੀ ਨਾ।”
“ਮੈਨੂੰ ਪਤਾ ਏ ਜੀ। ਮੈਂ ਵੀ ਤੇ ਓਧਰ ਦਾ ਈ ਆਂ ਨਾ। ਸ਼ਾਹਪੁਰ ਦਾ।”
“ਖਾਸ ਸ਼ਾਹਪੁਰ?”
“ਨਹੀਂ, ਪਿੰਡ ਹੁੰਦਾ ਸੀ ਹਡਾਲੀ। ਸ਼ਾਹਪੁਰ ਜ਼ਿਲ੍ਹੇ ਵਿਚ।”
“ਮੈਨੂੰ ਪਤਾ ਏ ਜੀ ਹਡਾਲੀ ਦਾ। ਸਾਡੇ ਨੇੜੇ ਈ ਸੀ ਕਿ।”
ਤੇ ਘੜੀ ਕੁ ਵਿਚ ਦੋਵੇਂ ਪੁਰਾਣੇ ਵਿਛੜੇ ਦੋਸਤਾਂ ਵਾਂਗੂੰ ਗੱਲਾਂ ਕਰ ਰਹੇ ਸਨ।
“ਆਓ, ਅੰਦਰ ਆ ਜਾਓ।”
“ਨਹੀਂ, ਮੈਂ ਜ਼ਰਾ ਇਥੇ ਹਵਾ ਵਿਚ ਬੈਠਾਂਗਾ। ਸਾਰਾ ਦਿਨ, ਸਾਰੀ ਰਾਤ ਪੱਖਿਆਂ ਦੀ ਤੇ ਕੂਲਰਾਂ ਦੀ ਹਵਾ ਫੱਕ ਕੇ ਪ੍ਰੇਸ਼ਾਨ ਹੋ ਜਾਈਦਾ ਏ। ਐਸ ਵੇਲੇ, ਤਰਕਾਲਾਂ ਵੇਲੇ ਰਤਾ ਕੁæææ।”
ਤੇ ਖੁਸ਼ਵੰਤ ਉਸੇ ਤਰ੍ਹਾਂ ਰੁਮਕਦਾ-ਰੁਮਕਦਾ, ਤਰਕਾਲਾਂ ਦੀ ਸੁਰਮਈ ਸੁੱਤ-ਉਨੀਂਦੀ ਹਵਾ ਵਾਂਗੂੰ ਤੁਰਦਾ, ਦੂਜੇ ਕਮਰੇ ਵਿਚ ਜਾ ਕੇ ਅਰਪਨਾ ਦੀਆਂ ਪੇਂਟਿੰਗਜ਼ ਵੇਖਣ ਲੱਗਾ।
ਦਾਰ ਜੀ ਨੇ ਮੈਨੂੰ ਪੁੱਛਿਆ, “ਇਹ ਕੌਣ ਸੀ?”
ਮੈਨੂੰ ਆਪਣੀ ਬੇਵਕੂਫੀ ਦਾ ਅਹਿਸਾਸ ਹੋਇਆ, ਇੰਟ੍ਰੋਡਿਊਸ ਹੀ ਨਹੀਂ ਸੀ ਕਰਵਾਇਆ ਮੈਂ। ਮੈਂ ਕਿਹਾ, “ਇਹ ਖੁਸ਼ਵੰਤ ਸਿੰਘ ਸੀ।”
“ਹੈਂ? ਖੁਸ਼ਵੰਤ ਸਿੰਘ? Ḕਉਹ’ ਖੁਸ਼ਵੰਤ ਸਿੰਘ?”
“ਹਾਂ, ਉਹੀ।” ਤੇ ਦਾਰ ਜੀ ਨੂੰ ਹੈਰਾਨ ਬੈਠਿਆਂ ਛੱਡ ਕੇ ਮੈਂ ਅੰਦਰ ਖੁਸ਼ਵੰਤ ਕੋਲ ਆ ਗਈ।
—
ਮੈਂ ਸੋਚ ਰਹੀ ਸਾਂ, ਖੁਸ਼ਵੰਤ ਨੂੰ ਮਿਲ ਕੇ ਹਰ ਕੋਈ ਇਸੇ ਤਰ੍ਹਾਂ ਹੈਰਾਨ ਹੁੰਦਾ ਹੋਵੇਗਾ। ਉਹਦੇ ਬਾਰੇ ਸੁਣ ਕੇ, ਜਾਂ ਪੜ੍ਹ ਕੇ, ਜਾਂ ਉਹਦੀਆਂ ਲਿਖੀਆਂ ਕਿਤਾਬਾਂ ਪੜ੍ਹ ਕੇ ਜੋ ਉਹਦਾ ਇਮੇਜ਼ ਬਣਦਾ ਏ, ਬਹੁਤ ਹੀ ਭਾਰੀ-ਭਰਕਮ ਜਿਹਾ, Ḕਇਨਫਲੇਟਿਡ ਗ੍ਰੇਟਨੈਸ’ ਦਾ। ਉਹਨੂੰ ਮਿਲ ਕੇ ਲਗਦਾ ਏ, “ਅਰੇ, ਇਹ ਵੇ ਖੁਸ਼ਵੰਤ ਸਿੰਘ? Ḕਉਹ’ ਖੁਸ਼ਵੰਤ ਸਿੰਘ ਏ? ਜਿਸ ਦਾ ਪਿਓ ਅੱਧੀ ਦਿੱਲੀ ਦਾ ਮਾਲਕ ਸੀ, ਤੇ ਹੁਣ ਉਹਦਾ ਚੌਥਾ ਹਿੱਸਾ ਮਾਲਕ ਖੁਸ਼ਵੰਤ ਆਪ ਏ। ਜਿਸ ਨੇ ਢੇਰਾਂ ਦੇ ਢੇਰ ਕਿਤਾਬਾਂ ਲਿਖੀਆਂ ਨੇ। ਜਿਹੜਾ ਮੁਲਕ ਦੀ ਹਕੂਮਤ ਨੂੰ ਚਲਾਉਣ ਵਾਲੀ ਪਾਰਲੀਮੈਂਟ ਦਾ ਅਹਿਮ ਹਿੱਸਾ ਏ, ਤੇ ਜਿਸ ਦਾ ਮੁਲਕ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ, ਤੇ ਸੰਜੇ ਨਾਲ ਤੇ ਮੇਨਕਾ ਨਾਲ ਬਿਲਕੁਲ ਘਰੇਲੂ ਕਿਸਮ ਦਾ ਰਿਸ਼ਤਾ ਏ। ਜਿਹੜਾ ਹਿੰਦੁਸਤਾਨ ਦੇ ਵੱਡੇ ਅਖ਼ਬਾਰ Ḕਹਿੰਦੁਸਤਾਨ ਟਾਈਮਜ਼Ḕ ਦਾ ਐਡੀਟਰ ਏ।
ਉਹਨੂੰ ਮਿਲ ਕੇ ਗਰਮੀਆਂ ਦੀ ਰੁੱਤੇ ਠੰਢੇ ਪਾਣੀ ਵਿਚ ਨਹਾਉਣ ਜਿਹਾ ਸੁਖ ਮਿਲਦਾ ਏ।
—
“ਖੁਸ਼ਵੰਤ, ਮੈਨੂੰ ਲੱਗਦਾ ਏ ਸਾਰੀ ਜ਼ਿੰਦਗੀ ਵਿਚ ਤੁਸੀਂ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਹੋਣੀ ਜਿਸ ਨਾਲ ਮਗਰੋਂ ਕੋਫ਼ਤ ਹੋਵੇ ਜਾਂ ਸ਼ਰਮਿੰਦਗੀ ਹੋਵੇ।”
ਉਹ ਸੋਚਣ ਲੱਗ ਪਿਆ। ਆਪਣੇ ਗੁਜ਼ਾਰੇ ਜ਼ਮਾਨਿਆਂ ਵਿਚੋਂ ਝਾਤ ਮਾਰ ਕੇ ਜਿਵੇਂ ਕੁਝ ਤਾਲਾਸ਼ ਕਰਦਾ ਰਿਹਾ। ਕਹਿਣ ਲੱਗਾ, “ਸ਼ਰਮਿੰਦਗੀ? ਸ਼ਾਇਦ ਨਹੀਂ। ਇਹੋ ਜਿਹੀ ਸ਼ਾਇਦ ਕਦੇ ਕੋਈ ਗੱਲ ਨਹੀਂ ਕੀਤੀ ਮੈਂ, ਜਿਸ ਨਾਲ ਮੈਨੂੰ ਕਿਸੇ ਹੋਰ ਅੱਗੇ ਸ਼ਰਮਸਾਰ ਹੋਣਾ ਪਵੇ, ਪਰ ਆਪਣੇ ਆਪ ਅੱਗੇ æææ ਹਾਂ, ਸ਼ਾਇਦæææ ਇਕ ਅੱਧੀ ਵਾਰੀæææ।”
“ਸ਼ੇਖੀ ਵਾਲੀਆਂ ਗੱਲਾਂ ਤਾਂ ਸਾਰੇ ਈ ਦੱਸ ਦੇਂਦੇ ਨੇ, ਪਰ ਇਹ ਸ਼ਰਮਸਾਰੀ ਵਾਲੀ ਗੱਲ ਦੱਸਣ ਲਈ ਖੁਸ਼ਵੰਤ ਸਿੰਘ ਦਾ ਜਿਗਰਾ ਚਾਹੀਦਾ ਏ”, ਮੈਂ ਉਹਨੂੰ ਜਿਵੇਂ ਸ਼ਹਿ ਦਿੱਤੀ।
ਉਹ ਸੰਜੀਦਾ ਹੋ ਗਿਆ। “ਨਿਊ ਯਾਰਕ ਵਿਚ ਇਕ ਮੇਰੀ ਦੋਸਤ ਏ। ਬੜੇ ਸਾਲਾਂ ਤੋਂ। ਜਦੋਂ ਵੀ ਮੈਂ ਜਾਨਾਂ, ਉਹਨੂੰ ਜ਼ਰੂਰ ਮਿਲਨਾਂ।”
“ਮਿਸਟ੍ਰੈਸ ਏ?” ਮੈਂ ਮੁਸਕਰਾਈ।
“ਨਹੀਂ, ਦੋਸਤ ਏ”, ਉਹ ਤਾਂ ਸਚਮੁੱਚ ਬਹੁਤ ਸੰਜੀਦਾ ਹੋ ਗਿਆ ਸੀ। “ਜਦੋਂ ਮੈਂ ਉਹਨੂੰ ਪਹਿਲੋ-ਪਹਿਲ ਮਿਲਣਾ ਸ਼ੁਰੂ ਕੀਤਾ, ਉਹਦੀ ਇਕ ਨਿੱਕੀ ਜਿਹੀ ਧੀ ਸੀ। ਬਿਲਕੁਲ ਗੁੱਡੀ ਜਿਹੀ। ਕੁੱਛੜ ਚੁਕ ਕੇ ਉਹਨੂੰ ਮੈਂ ਖਿਡਾਉਂਦਾ ਹੁੰਦਾ ਸਾਂ। æææ ਹੌਲੀ-ਹੌਲੀ ਉਹ ਵੱਡੀ ਹੁੰਦੀ ਗਈ, ਪਰ ਮੈਂ ਧਿਆਨ ਨਹੀਂ ਦਿੱਤਾ। ਹਰ ਸਾਲ ਛਮਾਹੀ ਜਦੋਂ ਮੈਂ ਜਾਂਦਾ, ਉਹ ਮੈਨੂੰ ਉਸੇ ਤਰ੍ਹਾਂ ਬੱਚੀ ਜਿਹੀ ਲਗਦੀ। ਪਿਛਲੇ ਵਰ੍ਹੇ ਮੈਂ ਗਿਆ। ਆਪਣੀ ਦੋਸਤ ਨਾਲ, ਉਹਦੇ ਘਰ ਹੀ ਬੈਠਾ ਸਾਂ ਕਿ ਫੋਨ ਆਇਆ। ਉਹਦੀ ਬੱਚੀ ਦਾ ਐਕਸੀਡੈਂਟ ਹੋ ਗਿਆ ਸੀ, ਤੇ ਉਹ ਹਸਪਤਾਲ ਪੁਚਾਈ ਜਾ ਰਹੀ ਸੀ। ਮਾਂ ਨੂੰ ਹਸਪਤਾਲ ਪਹੁੰਚਣ ਲਈ ਆਖਿਆ ਸੀ ਉਨ੍ਹਾਂ ਨੇ æææਉਹ ਬੇਹੱਦ ਘਬਰਾ ਗਈ। ਮੈਂ ਉਹਦਾ ਹੱਥ ਫੜਿਆ, ਹੱਥ ਦੀ ਤਲੀ ਵਿਚ ਠੰਢੀ ਤ੍ਰੇਲੀ ਸੀ ਤੇ ਉਹ ਕੰਬ ਰਹੀ ਸੀ। ਮੈਂ ਆਖਿਆ, ਫ਼ਿਕਰ ਨਾ ਕਰ। ਮੈਂ ਤੇਰੇ ਨਾਲ ਚਲਨਾ ਵਾਂ। æææਵਾਹੋ-ਦਾਹੀ ਅਸੀਂ ਹਸਪਤਾਲ ਪਹੁੰਚੇ। ਪਤਾ ਲੱਗਾ, ਉਹਦੇ ਜ਼ਖ਼ਮਾਂ ਨੂੰ ਧੋ-ਪੂੰਝ ਕੇ ਮੱਲ੍ਹਮ ਪੱਟੀ ਕੀਤੀ ਜਾ ਰਹੀ ਸੀ। ਅਸੀਂ ਫਸਟ-ਏਡ ਵਾਲੇ ਕਮਰੇ ਵਿਚ ਪਹੁੰਚੇ। ਉਥੇ ਮੇਜ਼ ‘ਤੇ ਉਹ ਲੇਟੀ ਹੋਈ ਸੀ। ਸਾਰੇ ਕੱਪੜੇ ਉਹਦੇ ਉਨ੍ਹਾਂ ਲਾਹੇ ਹੋਏ ਸਨ। ਸੱਟ ਬਹੁਤੀ ਨਹੀਂ ਸੀ ਲੱਗੀ। ਬਹੁਤੀ ਘਬਰਾ ਹੀ ਗਈ ਸੀ ਉਹ। ਸੱਟ ਘੱਟ ਸੀ, ਸੱਟ ਦਾ ਸ਼ਾਕ ਜ਼ਿਆਦਾ। æææਸਾਹ ਵਿਚ ਸਾਹ ਆਇਆ। ਫ਼ਿਕਰ ਘਟ ਗਿਆ। ਤੇ ਫੇਰ ਮੈਂ ਉਹਨੂੰ ਵੇਖਣ ਲੱਗ ਪਿਆ। ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਕੁੜੀ ਤਾਂ ਜੁਆਨ ਹੋ ਗਈ ਸੀ। ਮੈਦੇ ਵਿਚ ਕੇਸਰ ਘੋਲ ਕੇ ਗੁੰਨ੍ਹੀ ਹੋਈ ਅਛੂਤੀ ਦੇਹ! ਸਫ਼ੈਦ, ਗੁਲਾਬੀ, ਤ੍ਰੇਲ ਨਾਲ ਭਿੱਜੀ, ਨਾਜ਼ਕ, ਫਲਾਲੈਸ। ਉਹਦਾ ਪਿੰਡਾ ਜਿਵੇਂ ਖੁਦਾ ਦਾ ਕ੍ਰਿਸ਼ਮਾ ਸੀ। ਸਾਖ਼ਸ਼ਾਤ ਹੁਸਨ! ਤਲਿਸਮ! æææ ਤੇ ਮੇਰੇ ਬਦਨ ਵਿਚ ਇਕ ਪਾਗ਼ਲ ਚਾਹਤ ਵਲਿਅੱਸ ਖਾਂਦੀ ਰੀਂਗਣ ਲੱਗੀ।
“ਓ ਖੁਦਾਇਆ, ਇਹ ਮੈਨੂੰ ਕੀ ਹੋ ਰਿਹਾ ਸੀ? ਕਿਹੋ ਜਿਹੇ ਖ਼ਿਆਲ ਆ ਰਹੇ ਸਨ!”
“ਮਗਰੋਂ ਮੈਨੂੰ ਲੱਗਾ, ਇਹ ਬਹੁਤ ਗ਼ਲੀਜ਼ ਹਰਕਤ ਸੀ। ਮੈਂ ਇਹਦਾ ਬੋਝ ਇਕੱਲਾ ਨਹੀਂ ਸਾਂ ਚੁੱਕ ਸਕਦਾ। ਸੋ, ਮੈਂ ਆਪਣੀ ਦੋਸਤ ਨੂੰ ਦੱਸ ਦਿੱਤਾ। ਗੁਨਾਹ ਦਾ ਇਕਬਾਲ ਕਰ ਕੇ ਮੈਂ ਜ਼ਰਾ ਹਲਕਾ ਹੋ ਗਿਆ। ਪਰæææ ”
—
ਮੈਂ ਇਕ ਦਿਨ ਖੁਸ਼ਵੰਤ ਕੋਲ ਬੈਠੀ ਸਾਂ। ਉਹਦੇ ਸੈਕਰੇਟਰੀ ਨੇ ਆ ਕੇ ਕਿਹਾ, “ਜਰਨਲਿਜ਼ਮ ਦੇ ਸਟੂਡੈਂਟ ਆਏ ਨੇ, ਚਾਲ੍ਹੀ ਕੁ। ਬੜੋਦਿਉਂ। ਚਾਰ ਪੰਜ ਮਿੰਟ ਮਿਲਣਾ ਚਾਹੁੰਦੇ ਨੇ।”
ਇਹੋ ਜਿਹੇ ਵੇਲੇ ਖੁਸ਼ਵੰਤ ਬੜੀ ਦੁਚਿੱਤੀ ਵਿਚ ਪੈਂਦਾ ਏ। ਖ਼ੈਰ, ਬੁਲਾ ਲਿਆ ਉਨ੍ਹਾਂ ਨੂੰ।
ਅੱਧੀਆਂ ਕੁ ਕੁੜੀਆਂ ਸਨ, ਅੱਧੇ ਮੁੰਡੇ। ਪੰਜ ਛੇ ਮਿੰਟ ਤਾਂ ਕੁਰਸੀਆਂ ਦਾ ਇੰਤਜ਼ਾਮ ਕਰਨ ਵਿਚ ਹੀ ਲੱਗ ਗਏ। ਤੇ ਫੇਰ ਕੋਈ ਪੌਣਾ ਘੰਟਾ ਉਹ ਸਭ ਨਾਲ ਗੱਲਾਂ ਕਰਦਾ ਰਿਹਾ।
ਇਕ ਕੁੜੀ ਨੇ ਪੁੱਛਿਆ, “ਜਰਨਲਿਜ਼ਮ ਵਿਚ ਕਿਸ ਤਰ੍ਹਾਂ ਆ ਗਏ ਤੁਸੀਂ?”
ਖੁਸ਼ਵੰਤ ਹੱਸਿਆ, “ਤੁਹਾਡੇ ਵਾਂਗੂੰ ਟ੍ਰੇਨਿੰਗ ਨਹੀਂ ਲਈ ਮੈਂ ਜਰਨਲਿਜ਼ਮ ਦੀ। ਪਹਿਲੋਂ ਵਕਾਲਤ ਕੀਤੀ, ਕਾਮਯਾਬ ਨਹੀਂ ਹੋਇਆ। ਫੇਰ ਡਿਪਲੋਮੈਟ ਬਣਿਆ। ਫਟੀਚਰ! ਫੇਰ ਪ੍ਰੋਫੈਸਰੀ ਕੀਤੀ, ਉਹ ਵੀ ਛੱਡ ਕੇ ਭੱਜ ਆਇਆ। ਤੇ ਫੇਰ ਜਰਨਲਿਸਟ ਬਣ ਗਿਆ। ਇਹਦੇ ਵਿਚ ਜੰਮ ਗਿਆ।”
ਅਖ਼ਬਾਰ ਦੀ ਪਾਲਿਸੀ ਬਾਰੇ ਗੱਲਾਂ ਹੁੰਦੀਆਂ ਰਹੀਆਂ। ਪਾਲਿਟਿਕਸ ਬਾਰੇ, ਪਾਰਲੀਮੈਂਟ ਬਾਰੇ। ਸੰਜੇ ਤੇ ਮੇਨਕਾ ਬਾਰੇ, ਇੰਦਰਾ ਗਾਂਧੀ ਬਾਰੇ।
“ਈਵਨਿੰਗ ਨਿਊਜ਼ ਕੋਈ ਵੀ ਕਾਮਯਾਬ ਕਿਉਂ ਨਹੀਂ ਹੁੰਦਾ ਇਥੇ?” ਇਕ ਮੁੰਡੇ ਨੇ ਪੁੱਛਿਆ।
“ਕਿਉਂਕਿ ਟੈਲੀਪ੍ਰਿੰਟਰ ਤਾਂ ਦੁਪਹਿਰੇ ਚੱਲਣੇ ਸ਼ੁਰੂ ਹੁੰਦੇ ਨੇ, ਖ਼ਬਰਾਂ ਸ਼ਾਮ ਵੇਲੇ ਬਣਦੀਆਂ ਨੇ। ਈਵਨਿੰਗ ਨਿਊਜ਼ ਉਸ ਵੇਲੇ ਛਪ ਕੇ ਵਿਕ ਵੀ ਰਿਹਾ ਹੁੰਦਾ ਏ। ਸਿਰਫ਼ ਦਿੱਲੀ ਵਿਚ ਹੀ ਨਹੀਂ, ਬੰਬਈ ਵਿਚ ਵੀ ਇਹੀ ਹਾਲ ਏ। ਜਰਨਲਿਸਟ ਸਵੇਰੇ ਤੜਕੇ ਕੰਮ ਕਰਨਾ ਨਹੀਂ ਨਾ ਸ਼ੁਰੂ ਕਰਦੇ, ਮੇਰੇ ਵਾਂਗੂੰ। ਸ਼ਾਮ ਦਾ ਅਖ਼ਬਾਰ ਕੀ ਬਣਨਾ ਹੋਇਆ। ਅਖ਼ਬਾਰ ਤਾਂ ਬੱਸ ਰਾਤ ਵੇਲੇ ਬਣਦਾ ਏ, ਤੇ ਸਵੇਰੇ ਵੰਡੀਂਦਾ ਏ। ਉਹੀ ਅਸਲੀ ਅਖ਼ਬਾਰ ਏ।”
“ਇਸੇ ਕਰ ਕੇ ਮਿਸਿਜ਼ ਗਾਂਧੀ ਆਪਣੇ ਸਾਰੇ ਫੈਸਲੇ ਅੱਧੀ ਰਾਤੀਂ ਕਰਦੇ ਨੇ?”
ਸਾਰੇ ਹੱਸੇ। ਖ਼ੁਸ਼ਵੰਤ ਵੀ। ਕਹਿਣ ਲੱਗਾ, “ਮੈਨੂੰ ਵੀ ਇਹੋ ਈ ਸ਼ੱਕ ਏ। ਤੇ ਕਈ ਵਾਰੀ ਮੈਂ ਖੁਦ ਸੋਚਨਾਂ ਕਿ ਆਪਣੇ ਮਰਨ ਦਾ ਵਕਤ ਵੀ ਜ਼ਰਾ ਸੋਚ ਸਮਝ ਕੇ ਅੱਧੀ ਰਾਤ ਦੇ ਨੇੜੇ ਈ ਤੈਅ ਕਰਾਂਗਾ, ਤਾਂ ਕਿ ਜ਼ਰਾ ਟੌਹਰ ਨਾਲ ਖ਼ਬਰ ਛਪ ਸਕੇ।”
ਖੁਸ਼ਵੰਤ ਦੇ ਕਹਿ-ਕਹੇ ਨਾਲ ਸਾਰੇ ਹੱਸ ਪੈਂਦੇ ਨੇ।æææਮੈਂ ਉਦਾਸ ਹੋ ਜਾਂਦੀ ਹਾਂ।
Leave a Reply