ਲੇਖਕ/ਪੱਤਰਕਾਰ ਖੁਸ਼ਵੰਤ ਸਿੰਘ (2 ਫਰਵਰੀ 1915-20 ਮਾਰਚ 2014) ਕਈ ਕਾਰਨਾਂ ਕਰ ਕੇ ਸਦਾ ਚਰਚਾ ਵਿਚ ਰਿਹਾ ਹੈ। ਇਕ ਕਾਰਨ ਤਾਂ ਇਹ ਸੀ ਕਿ ਉਸ ਨੇ ਆਪਣੀਆਂ ਰਚਨਾਵਾਂ ਵਿਚ ਔਰਤਾਂ ਬਾਰੇ ਬਹੁਤ ਖੁੱਲ੍ਹ ਕੇ ਲਿਖਿਆ। ਇਹ ਵੀ ਸੱਚ ਹੈ ਕਿ ਸੰਸਾਰ ਭਰ ਵਿਚ ਜਿੰਨੇ ਉਸ ਦੇ ਪ੍ਰਸ਼ੰਸਕ ਹਨ, ਸ਼ਾਇਦ ਉਸ ਤੋਂ ਕਿਤੇ ਵੱਧ ਨਿੰਦਕ ਵੀ ਹਨ, ਪਰ ਇਹ ਮੰਨਣਾ ਪੈਂਦਾ ਹੈ ਕਿ ਉਸ ਦੀਆਂ ਰਚਨਾਵਾਂ ਪੜ੍ਹੀਆਂ ਬਹੁਤ ਗਈਆਂ ਹਨ। ਬਤੌਰ ਪੱਤਰਕਾਰ ਉਸ ਨੇ ‘ਇਲੱਸਟਰੇਟਡ ਵੀਕਲੀ ਆਫ ਇੰਡੀਆ’, ‘ਟਾਈਮਜ਼ ਆਫ ਇੰਡੀਆ’ ਅਤੇ ‘ਦਿ ਹਿੰਦੁਸਤਾਨ ਟਾਈਮਜ਼’ ਵਰਗੀਆਂ ਨਾਮੀ ਰੋਜ਼ਾਨਾ ਅੰਗਰੇਜ਼ੀ ਅਖਬਾਰਾਂ ਦੇ ਸੰਪਾਦਕ ਵਜੋਂ ਜ਼ਿੰਮੇਵਾਰੀਆਂ ਨਿਭਾਈਆਂ। ਉਹਦਾ ਨਾਵਲ ‘ਟਰੇਨ ਟੂ ਪਾਕਿਸਤਾਨ’ ਅੱਜ ਵੀ ਵੰਡ ਬਾਰੇ ਲਿਖਿਆ ਵਧੀਆ ਨਾਵਲ ਮੰਨਿਆ ਜਾਂਦਾ ਹੈ। ‘ਮਰਨ ਉਪਰੰਤ ਸ਼ਰਧਾਂਜਲੀਆਂ’ ਨਾਂ ਦੀ ਇਹ ਕਹਾਣੀ ਰਤਾ ਕੁ ਵੱਖਰੇ ਢੰਗ ਦੀ ਹੈ। ਇਸ ਕਹਾਣੀ ਵਿਚ ਉਸ ਨੇ ਸਮਾਜ ਵਿਚ ਵਿਚਰਦੇ ਬੰਦੇ ਅਤੇ ਦੋਸਤੀ ਬਾਰੇ ਬੜੀਆਂ ਕੰਮ ਦੀਆਂ ਅਤੇ ਸੱਚੀਆਂ ਗੱਲਾਂ ਕੀਤੀਆਂ ਹਨ। ਇਨ੍ਹਾਂ ਗੱਲਾਂ ਵਿਚੋਂ ਤੁਹਾਨੂੰ ਆਪਣਾ ਆਲਾ-ਦੁਆਲਾ ਦਿਸਣ ਲੱਗ ਪੈਂਦਾ ਹੈ। ਇਉਂ ਇਹ ਕਹਾਣੀ ਹਰ ਬੰਦੇ ਦੀ ਕਹਾਣੀ ਹੋ ਨਿਬੜਦੀ ਹੈ। -ਸੰਪਾਦਕ
ਖੁਸ਼ਵੰਤ ਸਿੰਘ
ਬੁਖਾਰ ਕਰ ਕੇ ਬਿਸਤਰੇ ਵਿਚ ਹਾਂ। ਹਾਲਤ ਕੋਈ ਗੰਭੀਰ ਨਹੀਂ। ਦਰਅਸਲ ਭੋਰਾ ਭਰ ਵੀ ਚਿੰਤਾਜਨਕ ਨਹੀਂ, ਤਾਹੀਉਂ ਤਾਂ ਮੈਨੂੰ ਆਪਣੀ ਦੇਖ-ਭਾਲ ਲਈ ਇਕੱਲਾ ਛੱਡਿਆ ਹੋਇਆ ਹੈ। ਕਦੀ ਸੋਚਦਾ ਹਾਂ, ਜੇ ਕਿਤੇ ਬੁਖਾਰ ਵਧ ਜਾਵੇ ਤਾਂ ਕੀ ਬਣੇਗਾ? ਸ਼ਾਇਦ ਫਿਰ ਮੈਂ ਮਰ ਹੀ ਜਾਵਾਂ। ਮੇਰੇ ਮਿੱਤਰਾਂ ਦਾ ਕੀ ਬਣੂੰ? ਉਹ ਹੈਣ ਵੀ ਬਥੇਰੇ ਤੇ ਮੈਂ ਉਨ੍ਹਾਂ ਦਾ ਮਨਪਸੰਦ ਦੋਸਤ ਵੀ ਤਾਂ ਹਾਂ। ਫਿਰ ਖਿਆਲ ਆਉਂਦਾ ਹੈ ਕਿ ਅਖ਼ਬਾਰਾਂ ਵਾਲੇ ਮੇਰੀ ਬਾਬਤ ਕੀ ਲਿਖਣਗੇ? ਮੈਨੂੰ ਨਜ਼ਰੋਂ ਉਹਲੇ ਤਾਂ ਕਰ ਨਹੀਂ ਸਕਦੇ। ਖ਼ਿਆਲ ਤਾਂ ਇਹ ਵੀ ਹੈ ਕਿ ‘ਟ੍ਰਿਬਿਊਨ’ ਤਾਂ ਆਪਣੇ ਪਹਿਲੇ ਹੀ ਸਫ਼ੇ ‘ਤੇ ਮੇਰੀ ਛੋਟੀ ਜਿਹੀ ਫੋਟੋ ਸਮੇਤ ਖ਼ਬਰ ਛਾਪੇਗਾ। ਸਿਰਲੇਖ ਕੁਝ ਇਸ ਤਰ੍ਹਾਂ ਦਾ ਹੋਵੇਗਾ,
“ਸਰਦਾਰ ਖ਼ੁਸ਼ਵੰਤ ਸਿੰਘ ਸੁਰਗਵਾਸ” ਤੇ ਫਿਰ ਛੋਟੇ ਮਹੀਨ ਛਾਪੇ ਵਿਚ ਕੁਝ ਇਹੋ ਜਿਹੀ ਖ਼ਬਰ ਹੋਵੇਗੀ, “ਸਾਨੂੰ ਬੜੇ ਸੋਗ ਨਾਲ ਇਹ ਖ਼ਬਰ ਦੇਣੀ ਪੈ ਰਹੀ ਹੈ ਕਿ ਸਰਦਾਰ ਖੁਸ਼ਵੰਤ ਸਿੰਘ ਅਚਾਨਕ ਹੀ ਕੱਲ੍ਹ ਸ਼ਾਮ ਨੂੰ ਛੇ ਵਜੇ ਚਲਾਣਾ ਕਰ ਗਏ। ਉਹ ਆਪਣੇ ਪਿੱਛੇ ਆਪਣੀ ਵਿਧਵਾ, ਦੋ ਛੋਟੇ ਬੱਚਿਆਂ, ਕਈ ਦੋਸਤ ਤੇ ਪ੍ਰੇਮੀਆਂ ਨੂੰ ਦੁੱਖ ਵਿਚ ਛੱਡ ਗਏ ਹਨ। ਸਰਦਾਰ ਸਾਹਿਬ ਆਪਣੇ ਘਰ ਦਿੱਲੀ ਨੂੰ ਛੱਡ ਕੇ ਕੋਈ ਪੰਜ ਸਾਲ ਪਹਿਲਾਂ ਹੀ ਲਾਹੌਰ ਜਾ ਵੱਸੇ ਸਨ। ਇਨ੍ਹਾਂ ਵਰ੍ਹਿਆਂ ਵਿਚ ਉਨ੍ਹਾਂ ਨੇ ਵਕਾਲਤ ਤੇ ਰਾਜਨੀਤੀ ਵਿਚ ਬਹੁਤ ਮਹਾਨਤਾ ਪਾਈ। ਉਨ੍ਹਾਂ ਦੇ ਸਾਥੋਂ ਵਿਛੜਨ ਦਾ ਸੋਗ ਤਕਰੀਬਨ ਸਾਰੇ ਹੀ ਸੂਬੇ ਵਿਚ ਮਨਾਇਆ ਜਾਏਗਾ।”
“ਸਰਦਾਰ ਸਾਹਿਬ ਦੇ ਨਿਵਾਸ ਸਥਾਨ ‘ਤੇ ਆਉਣ ਵਾਲਿਆਂ ਵਿਚ ਪ੍ਰਧਾਨ ਮੰਤਰੀ ਦਾ ਪੀæਏæ, ਚੀਫ਼ ਜਸਟਿਸ ਦਾ ਪੀæਏæ ਤੇ ਹੋਰ ਮੰਤਰੀ ਤੇ ਹਾਈਕੋਰਟ ਦੇ ਜੱਜ ਸ਼ਾਮਲ ਸਨ।”
ਚੀਫ਼ ਜਸਟਿਸ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ, “ਮੈਂ ਮਹਿਸੂਸ ਕਰਦਾਂ ਕਿ ਇਸ ਬੰਦੇ ਦੇ ਸਦੀਵੀ ਵਿਛੋੜੇ ਨਾਲ ਪੰਜਾਬ ਨੂੰ ਬਹੁਤ ਘਾਟਾ ਪਿਆ ਹੈ। ਮੌਤ ਦੇ ਜ਼ਾਲਮ ਹੱਥਾਂ ਨੇ ਉਘਾ, ਮਹਾਨ ਤੇ ਸਫ਼ਲ ਬੰਦਾ ਸਾਥੋਂ ਖੋਹ ਲਿਆ ਹੈ।”
ਇਸ ਸਫੇ ਦੇ ਥੱਲੇ ਸੂਚਨਾ ਦਿੱਤੀ ਜਾਵੇਗੀ।
“ਸਰਦਾਰ ਖ਼ੁਸ਼ਵੰਤ ਸਿੰਘ ਦਾ ਸਸਕਾਰ ਅੱਜ ਸੁਬ੍ਹਾ ਦਸ ਵਜੇ ਕੀਤਾ ਜਾਵੇਗਾ।”
ਇਹ ਸਾਰਾ ਕੁਝ ਸੋਚ ਕੇ ਮੈਨੂੰ ਆਪਣੇ ਅਤੇ ਆਪਣੇ ਮਿੱਤਰਾਂ ‘ਤੇ ਰਹਿਮ ਆ ਰਿਹਾ ਹੈ। ਬੜੀ ਮੁਸ਼ਕਿਲ ਨਾਲ ਮੈਂ ਆਪਣੇ ਹੰਝੂ ਜੋ ਮੇਰੀ ਹੀ ਮੌਤ ਦਾ ਸੋਗ ਪਰਗਟ ਕਰਨ ਲਈ ਮੇਰੀਆਂ ਅੱਖਾਂ ਵਿਚ ਆ ਰਹੇ ਹਨ, ਰੋਕਣ ਦੀ ਕੋਸ਼ਿਸ਼ ਕਰਦਾ ਹਾਂ। ਕੁਝ ਮਸਤੀ ਜਿਹੀ ਵੀ ਮਹਿਸੂਸ ਕਰ ਰਿਹਾ ਹਾਂ, ਚਾਹੁੰਦਾ ਵੀ ਹਾਂ ਕਿ ਲੋਕ ਮੇਰਾ ਸੋਗ ਮਨਾਉਣ। ਸੋ, ਹਾਸੇ-ਹਾਸੇ ਵਿਚ ਹੀ ਮੈਂ ਮਰਨ ਦਾ ਫੈਸਲਾ ਕਰ ਲਿਆ। ਸ਼ਾਮੀਂ ਪ੍ਰੈਸ ਨੂੰ ਕਾਫ਼ੀ ਸਮਾਂ ਦੇ ਕੇ ਮੈਂ ਮਰ ਹੀ ਗਿਆ। ਆਪਣੀ ਲਾਸ਼ ਵਿਚੋਂ ਨਿਕਲ ਕੇ ਘਰ ਦੇ ਬਾਹਰ ਸੰਗਮਰਮਰ ਦੀ ਪੌੜੀ ‘ਤੇ ਬਹਿ ਕੇ ਮੌਤ ਮਗਰੋਂ ਸ਼ਾਨ ਦਾ ਅਨੰਦ ਮਾਣਨਾ ਸ਼ੁਰੂ ਕਰ ਦਿੰਦਾ ਹਾਂ।
ਸਵੇਰ ਹੁੰਦਿਆਂ ਹੀ ਮੈਂ ਆਪਣੀ ਘਰਵਾਲੀ ਤੋਂ ਪਹਿਲਾਂ ਹੀ ਅਖ਼ਬਾਰ ਚੁੱਕ ਲੈਂਦਾ ਹਾਂ। ਮੈਂ ਥੱਲੇ ਹੋਣ ਕਰ ਕੇ ਉਸ ਵਿਚਾਰੀ ਨੂੰ ਪੇਪਰ ਦੇਖਣ ਦਾ ਕੋਈ ਮੌਕਾ ਹੀ ਨਹੀਂ ਦਿੰਦਾ। ਤੇ ਨਾਲੇ ਉਹ ਵਿਚਾਰੀ ਤਾਂ ਮੇਰੀ ਲਾਸ਼ ਦੇ ਦੁਆਲੇ ਰੋਣ-ਧੋਣ ਵਿਚ ਲੱਗੀ ਹੋਈ ਹੈ। ਵੈਸੇ ਟ੍ਰਿਬਿਊਨ ਨੇ ਤਾਂ ਮੇਰੀ ਕਾਫ਼ੀ ਪੱਤ ਲਾਹੀ ਹੈ। ਉਸ ਨੇ ਤਾਂ ਸਿਰਫ਼ ਮੌਤ ਬਾਰੇ ਖ਼ਬਰਾਂ ਜੋ ਸਫ਼ਾ ਤਿੰਨ ਕਾਲਮ ਨੰਬਰ ਇਕ ਦੇ ਥੱਲੇ ਜਿਹੇ ਹੁੰਦੀਆਂ ਹਨ, ਵਿਚ ਮੇਰੇ ਬਾਬਤ ਨਿੱਕੀ ਜਿਹੀ ਖ਼ਬਰ ਘਸੋੜੀ ਹੋਈ ਹੈ। ਮੈਨੂੰ ਬਹੁਤ ਗੁੱਸਾ ਚੜ੍ਹਦਾ ਹੈ। ਸੋਚਦਾ ਹਾਂ ਕਿ ਇਹ ਜ਼ਰੂਰ ‘ਸ਼ਫੀ’ ਅਖ਼ਬਾਰ ਦੇ ਨੁਮਾਇੰਦੇ ਦੀ ਹੀ ਕਰਤੂਤ ਹੋਣੀ ਹੈ, ਕਿਉਂਕਿ ਉਹ ਤਾਂ ਮੈਨੂੰ ਕਦੀ ਵੀ ਚੰਗਾ ਨਹੀਂ ਸੀ ਸਮਝਦਾ। ਫਿਰ ਵੀ ਇੱਥੋਂ ਤੱਕ ਤਾਂ ਮੈਨੂੰ ਖਿਆਲ ਨਹੀਂ ਸੀ ਕਿ ਮੇਰੇ ਮਰਨ ‘ਤੇ ਵੀ ਉਹ ਮੈਨੂੰ ਮਾੜੀ-ਮੋਟੀ ਵੀ ਮਹੱਤਤਾ ਨਹੀਂ ਦੇਵੇਗਾ। ਖ਼ੈਰ, ਉਹਦੇ ਅਖ਼ਬਾਰ ਦੀ ਇਹ ਖ਼ਬਰ ਪੜ੍ਹ ਕੇ ਜੋ ਸਦਮਾ ਸਾਰੇ ਸੂਬੇ ਵਿਚ ਫੈਲੇਗਾ, ਉਸ ਨੂੰ ਤਾਂ ਉਹ ਰੋਕ ਨਹੀਂ ਸਕਦਾ। ਮੇਰੇ ਮਿੱਤਰ ਆਪੇ ਹੀ ਉਹਦੇ ਨਾਲ ਸਿੱਝ ਲੈਣਗੇ।
ਹਾਈਕੋਰਟ ਦੇ ਲਾਗੇ ਤਾਂ ਅਖ਼ਬਾਰ ਕਾਫ਼ੀ ਜਲਦੀ ਪਹੁੰਚ ਜਾਂਦਾ ਹੈ। ਮੇਰੇ ਵਕੀਲ ਦੋਸਤ ਕਾਦਰ ਦੇ ਘਰ ਤਾਂ ਮੂੰਹ ਹਨ੍ਹੇਰੇ ਹੀ ਆ ਜਾਂਦਾ ਹੈ। ਇਸ ਦਾ ਅਰਥ ਇਹ ਨਹੀਂ ਕਿ ਕਾਦਰ ਤੇ ਉਹਦਾ ਪਰਿਵਾਰ ਜਲਦੀ ਉਠਣ ਵਾਲਿਆਂ ‘ਚੋਂ ਹਨ, ਬਲਕਿ ਉਥੇ ਤਾਂ ਨੌਂ ਵਜੇ ਤੋਂ ਪਹਿਲਾਂ ਕੋਈ ਹਿਲਦਾ ਵੀ ਨਹੀਂ। ਕਾਦਰ ਅਸੂਲੀ ਬੰਦਾ ਹੋਣ ਕਰ ਕੇ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਅਖ਼ਬਾਰ ਜਲਦੀ ਆਉਣਾ ਚਾਹੀਦਾ ਹੈ, ਭਾਵੇਂ ਪੜ੍ਹਿਆ ਜਾਵੇ ਭਾਵੇਂ ਨਾ।
ਰੋਜ਼ ਵਾਂਗ ਕਾਦਰ ਤੇ ਉਹਦੀ ਪਤਨੀ ਨੌਂ ਵਜੇ ਤੱਕ ਬਿਸਤਰੇ ਵਿਚ ਸਨ। ਕਾਦਰ ਰਾਤ ਕਾਫ਼ੀ ਦੇਰ ਤੱਕ ਕੰਮ ਕਰਦਾ ਰਿਹਾ ਸੀ ਤੇ ਪਤਨੀ ਵੈਸੇ ਹੀ ਸੌਣ ਦੀ ਸ਼ੁਕੀਨ ਸੀ। ਨੌਕਰ ਨਿੰਬੂ ਵਾਲਾ ਗਰਮ ਪਾਣੀ ਤੇ ਅਖ਼ਬਾਰ ਟਰੇਅ ਵਿਚ ਰੱਖ ਕੇ ਲੈ ਆਇਆ। ਕਾਦਰ ਨੇ ਸਿਗਰਟ ਦੇ ਸੂਟਿਆਂ ਨਾਲ ਨਿੰਬੂ ਪਾਣੀ ਪੀ ਲਿਆ, ਇਸ ਤਰ੍ਹਾਂ ਕਰਨ ਨਾਲ ਉਸ ਨੂੰ ਟੱਟੀ ਖੁੱਲ੍ਹ ਕੇ ਆ ਜਾਂਦੀ ਸੀ। ਬਿਸਤਰੇ ਵਿਚ ਬੈਠੇ ਨੇ ਅਜੇ ਤੱਕ ਤਾਂ ਅਖ਼ਬਾਰ ਦੀਆਂ ਸੁਰਖੀਆਂ ‘ਤੇ ਹੀ ਨਜ਼ਰ ਮਾਰੀ ਸੀ, ਅਸਲੀ ਅਖ਼ਬਾਰ ਤਾਂ ਉਹ ਉਦੋਂ ਪੜ੍ਹਦਾ ਹੈ ਜਦ ਨਿੰਬੂ ਪਾਣੀ ਤੇ ਸਿਗਰਟ ਆਪਣਾ ਅਸਰ ਦਿਖਾਉਂਦੇ ਹਨ। ਮੇਰੀ ਖੋਟੀ ਕਿਸਮਤ ਦੀ ਜਾਣਕਾਰੀ ਤਾਂ ਅਜੇ ਟੱਟੀ ਵਿਚ ਬੈਠ ਕੇ ਮਿਲਣੀ ਸੀ।
ਥੋੜ੍ਹੀ ਹੀ ਦੇਰ ਬਾਅਦ ਕਾਦਰ ਇਥੋਂ ਹੱਥ ਵਿਚ ਅਖ਼ਬਾਰ ਫੜੀ ਤੇ ਥੱਲੇ ਦੇ ਬੁੱਲ੍ਹ ਵਿਚ ਸਿਗਰਟ ਅੜਾਈ ਗੁਸਲਖਾਨੇ ਵੜਿਆ। ਆਰਾਮ ਨਾਲ ਸੀਟ ‘ਤੇ ਬੈਠ ਕੇ ਅਖ਼ਬਾਰ ਜ਼ਰਾ ਵੇਰਵੇ ਨਾਲ ਪੜ੍ਹਨਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਉਹਨੇ ਭਾਰਤ ਸਰਕਾਰ ਵੱਲੋਂ ਬਾਹਰੋਂ ਆਉਣ ਵਾਲੀਆਂ ਵਸਤਾਂ ਦੀ ਇਜਾਜ਼ਤ ‘ਤੇ ਰੋਕ ਬਾਰੇ ਪੜ੍ਹਿਆ। ਜਦੋਂ ਹੀ ਉਸ ਦੀ ਨਿਗ੍ਹਾ ਸਫ਼ਾ ਤਿੰਨ ਦੇ ਕਾਲਮ ਨੰਬਰ ਇਕ ‘ਤੇ ਪਈ ਤਾਂ ਪਲ ਕੁ ਲਈ ਉਹਦੀ ਸਿਗਰਟ ਛੁੱਟ ਗਈ, ਪਰ ਛੁੱਟੀ ਬਿਲਕੁਲ ਥੋੜ੍ਹੇ ਸਮੇਂ ਲਈ ਹੀ। ਸੋਚਦਾ ਸੀ ਕਿ ਸੀਟ ਤੋਂ ਉਠੇ ਤੇ ਆਪਣੀ ਵਹੁਟੀ ਨੂੰ ਆਵਾਜ਼ ਦੇਵੇ, ਤੇ ਫਿਰ ਆਪੇ ਹੀ ਸੋਚਣ ਲੱਗ ਪਿਆ ਕਿ ਇਸ ਤਰ੍ਹਾਂ ਉੱਚੀ-ਉੱਚੀ ਆਵਾਜ਼ਾਂ ਦੇਣੀਆਂ ਫ਼ਜ਼ੂਲ ਦਾ ਦਿਖਾਵਾ ਹੋਵੇਗਾ। ਕਾਦਰ ਤਾਂ ਬੜੇ ਉਚੇ ਵਿਚਾਰਾਂ ਦਾ ਬੰਦਾ ਸੀ। ਜਦੋਂ ਦਾ ਉਹਦਾ ਵਿਆਹ ਜਜ਼ਬਾਤੀ ਤੇ ਕ੍ਰੋਧੀ ਜ਼ਨਾਨੀ ਨਾਲ ਹੋਇਆ ਸੀ, ਉਦੋਂ ਦਾ ਉਹ ਇਸ ਤਰ੍ਹਾਂ ਦੇ ਖਿਆਲਾਂ ਦਾ ਬਣ ਗਿਆ ਸੀ। ਸੋਚਦਾ ਸੀ ਕਿ ਵਿਚਾਰਾ ਖੁਸ਼ਵੰਤ ਸਿੰਘ ਮਰ ਤਾਂ ਗਿਆ ਹੈ, ਹੁਣ ਹੋ ਕੀ ਸਕਦਾ ਹੈ? ਉਸ ਨੂੰ ਪਤਾ ਸੀ ਕਿ ਜਦ ਹੀ ਉਸ ਦੀ ਵਹੁਟੀ ਨੂੰ ਪਤਾ ਲੱਗਾ ਤਾਂ ਉਸ ਨੇ ਰੋਣਾ ਸ਼ੁਰੂ ਕਰ ਦੇਣਾ ਹੈ। ਉਹ ਇਸ ਜ਼ਿੰਦਗੀ ਦੀ ਸੱਚਾਈ ਨੂੰ ਵਹੁਟੀ ਕੋਲ ਇਸ ਤਰ੍ਹਾਂ ਹੀ ਦੱਸਣਾ ਚਾਹੁੰਦਾ ਸੀ ਜਿਵੇਂ ਕਿਸੇ ਕੇਸ ਦਾ ਹਾਰਨਾ ਸਹਿ-ਸੁਭਾਅ ਹੀ ਦੱਸ ਰਿਹਾ ਹੋਵੇ।
ਕਾਦਰ ਆਪਣੀ ਪਤਨੀ ਤੋਂ ਭਲੀ-ਭਾਂਤ ਜਾਣੂੰ ਸੀ। ਉਹਨੇ ਤਾਂ ਉਹਨੂੰ ਸਾਧਾਰਨ ਤੌਰ ‘ਤੇ ਹੀ ਦੱਸਿਆ, ਫਿਰ ਵੀ ਉਹਨੇ ਰੋਣਾ ਸ਼ੁਰੂ ਕਰ ਦਿੱਤਾ। ਸੁਣ ਕੇ ਉਨ੍ਹਾਂ ਦੀ ਦਸ ਸਾਲ ਦੀ ਲੜਕੀ ਵੀ ਭੱਜੀ-ਭੱਜੀ ਆ ਗਈ। ਉਹਨੇ ਪਲ ਕੁ ਆਪਣੀ ਮਾਂ ਨੂੰ ਕੁਰਲਾਉਂਦਿਆਂ ਤੱਕਿਆ ਤੇ ਫਿਰ ਉਹਨੇ ਵੀ ਮਾਂ ਨਾਲ ਰੋਣਾ ਸ਼ੁਰੂ ਕਰ ਦਿੱਤਾ। ਹੁਣ ਕਾਦਰ ਕੁਝ ਸਖ਼ਤ ਹੋਣਾ ਚਾਹੁੰਦਾ ਸੀ।
“ਇੰਨਾ ਰੌਲਾ ਕਾਹਦੇ ਲਈ ਪਾਇਆ ਏ?” ਕਾਦਰ ਨੇ ਸਖ਼ਤੀ ਨਾਲ ਕਿਹਾ, “ਤੂੰ ਕੀ ਸਮਝਦੀ ਏਂ ਕਿ ਤੂੰ ਉਹਨੂੰ ਵਾਪਸ ਲੈ ਆਵੇਂਗੀ?”
ਉਸ ਦੀ ਵਹੁਟੀ ਨੂੰ ਪਤਾ ਸੀ ਕਿ ਪਤੀ ਨਾਲ ਬਹਿਸ ਕਰਨ ਦਾ ਕੋਈ ਲਾਭ ਨਹੀਂ ਕਿਉਂਕਿ ਉਹ ਤਾਂ ਹਮੇਸ਼ਾ ਬਹਿਸ ਜਿੱਤ ਲੈਂਦਾ ਸੀ। ਕਾਦਰ ਦੀ ਪਤਨੀ ਕਹਿਣ ਲੱਗੀ, “ਮੈਂ ਕਿਹਾ ਜੀ, ਮੇਰਾ ਖਿਆਲ ਏ ਕਿ ਸਾਨੂੰ ਹੁਣੇ ਉਨ੍ਹਾਂ ਦੇ ਘਰ ਜਾਣਾ ਚਾਹੀਦਾ ਏ, ਉਨ੍ਹਾਂ ਦੀ ਪਤਨੀ ਇਸ ਵੇਲੇ ਕਿੰਨੀ ਦੁਖੀ ਹੋਵੇਗੀ।”
ਕਾਦਰ ਨੇ ਆਪਣੇ ਮੋਢੇ ਛੰਡੇ। “ਭਲੀਏ ਲੋਕੇ! ਮੈਂ ਇਹ ਨਹੀਂ ਕਰ ਸਕਦਾ। ਮੈਂ ਭਾਵੇਂ ਉਹਦੀ ਪਤਨੀ, ਯਾਨਿ ਵਿਧਵਾ ਨਾਲ ਅਫ਼ਸੋਸ ਕਰਨਾ ਚਾਹੁੰਦਾ ਹਾਂ, ਪਰ ਮੇਰੇ ਸਾਇਲਾਂ ਵੱਲ ਮੇਰਾ ਫ਼ਰਜ਼ ਪਹਿਲਾਂ ਬਣਦਾ ਏ, ਸੁਣਦੀ ਏਂ? ਅੱਧੇ ਘੰਟੇ ਵਿਚ ਮੇਰਾ ਕਚਹਿਰੀ ਪਹੁੰਚਣਾ ਜ਼ਰੂਰੀ ਏ।” ਕਾਦਰ ਸਾਰਾ ਦਿਨ ਹੀ ਕਚਹਿਰੀ ਰਿਹਾ ਤੇ ਉਹ ਦੀ ਪਤਨੀ ਘਰ।
ਸ਼ਹਿਰ ਦੇ ਵੱਡੇ ਪਾਰਕ ਤੋਂ ਥੋੜ੍ਹੀ ਹੀ ਦੂਰ ਇਕ ਹੋਰ ਮਿੱਤਰ ਖੋਸਲਾ ਰਹਿੰਦਾ ਹੈ। ਉਹ, ਉਹਦੀ ਪਤਨੀ, ਤਿੰਨ ਮੁੰਡੇ ਤੇ ਇਕ ਕੁੜੀ ਪੌਸ਼ ਇਲਾਕੇ ਵਿਚ ਰਹਿੰਦੇ ਹਨ। ਉਹ ਜੱਜ ਹੋਣ ਕਰ ਕੇ ਵੱਡੇ-ਵੱਡੇ ਅਫ਼ਸਰਾਂ ਵਿਚੋਂ ਮੰਨਿਆ ਜਾਂਦਾ ਹੈ।
ਖੋਸਲਾ ਸਵਖਤੇ ਉਠਣ ਵਾਲਿਆਂ ‘ਚੋਂ ਹੈ। ਉਹ ਤਾਂ ਇਸ ਲਈ ਵੀ ਸਵੇਰੇ-ਸਵੇਰੇ ਉਠਦਾ ਹੈ ਕਿ ਇਸ ਸਮੇਂ ਨੂੰ ਉਹ ਆਪਣਾ ਸਮਾਂ ਸਮਝਦਾ ਹੈ। ਸਾਰਾ ਦਿਨ ਤਾਂ ਕਚਹਿਰੀ ਵਿਚ ਲੰਘ ਜਾਂਦਾ ਹੈ। ਸ਼ਾਮ ਨੂੰ ਬੱਚਿਆਂ ਨਾਲ ਟੈਨਿਸ ਖੇਡਦਾ ਹੈ, ਤਾਂ ਕੁਝ ਸਮਾਂ ਆਪਣੀ ਪਤਨੀ ਨਾਲ ਰੌਲਾ-ਰੱਪਾ ਪਾਉਣ ਵਿਚ ਲੰਘਾਉਂਦਾ ਹੈ। ਘਰ ਵਿਚ ਲੋਕਾਂ ਦੀ ਆਵਾਜਾਈ ਵੀ ਬਹੁਤ ਹੈ। ਉਹ ਇਸ ਲਈ ਕਿ ਉਹ ਹਰਮਨ-ਪਿਆਰਾ ਵੀ ਬਹੁਤ ਹੈ ਤੇ ਆਪਣੀ ਸ਼ੁਹਰਤ ਨੂੰ ਮਾਣਦਾ ਵੀ ਜ਼ਿਆਦਾ ਹੈ। ਖੋਸਲਾ ਜ਼ਰਾ ਉਚੀ ਸ਼ਾਨ ਦਾ ਵੀ ਚਾਹਵਾਨ ਹੈ। ਛੋਟੇ ਹੁੰਦਿਆਂ ਤੋਂ ਹੀ ਆਪਣੇ ਆਪ ਨੂੰ ਚੁਸਤ ਸਮਝਦਾ ਹੈ। ਜਵਾਨੀ ਵਿਚ ਹੀ ਉਹਦੇ ਵਾਲ ਝੜਨ ਕਰਕੇ ਉਹਦਾ ਮੱਥਾ ਬਹੁਤ ਚੌੜਾ ਤੇ ਗੰਜਾ ਹੋਇਆ ਹੋਇਆ ਹੈ। ਇਸ ਸਾਰੀ ਬਣਤਰ ਨੂੰ ਉਹਨੇ ਕੁਦਰਤ ਦੀ ਖੇਡ ਸਮਝਿਆ ਹੋਇਆ ਸੀ। ਉਹ ਆਪਣੀ ਯੋਗਤਾ ਨੂੰ ਇਸੇ ਦਾ ਨਤੀਜਾ ਸਮਝਦਾ ਹੈ। ਜਦ ਵੀ ਉਹ ਸ਼ੀਸ਼ਾ ਦੇਖਦਾ ਤਾਂ ਉਹਦਾ ਖਿਆਲ ਹੋਰ ਵੀ ਪੱਕਾ ਹੋ ਜਾਂਦਾ ਕਿ ਸ਼ਾਇਦ ਇਸੇ ਦੀ ਬਦੌਲਤ ਉਹ ਇੰਨਾ ਵੱਡਾ ਬੰਦਾ ਬਣਿਆ ਹੋਇਆ ਹੈ। ਆਪਣੀ ਪੜ੍ਹਾਈ ਦੌਰਾਨ ਉਹਨੇ ਕਈ ਵਜ਼ੀਫੇ ਪ੍ਰਾਪਤ ਕੀਤੇ ਸਨ ਤੇ ਫਿਰ ਉਹ ਸਿਵਲ ਸਰਵਿਸ ਇਮਤਿਹਾਨ ਵਿਚ ਪਹਿਲੇ ਨੰਬਰ ‘ਤੇ ਆਇਆ ਸੀ। ਉਹਨੇ ਮੁਲਕ ਦੇ ਇੰਨੇ ਮੁਸ਼ਕਿਲ ਮੁਕਾਬਲੇ ਦੇ ਇਮਤਿਹਾਨ ਵਿਚ ਸ਼ੁਹਰਤ ਪਾ ਕੇ ਆਪਣਾ ਵਿਸ਼ਵਾਸ ਸਿੱਧ ਕਰ ਦਿੱਤਾ ਸੀ। ਕੁਝ ਵਰ੍ਹਿਆਂ ਤੱਕ ਤਾਂ ਉਸ ਨੇ ਇਹੋ ਜਿਹਾ ਸਬਰ ਤੇ ਸੰਤੋਖ ਵਾਲਾ ਜੀਵਨ ਬਿਤਾਇਆ ਤੇ ਆਪਣੇ ਆਪ ਨੂੰ ਇਹ ਯਕੀਨ ਦਿਵਾਇਆ ਕਿ ਕਾਮਯਾਬੀ ਸਿਰਫ਼ ਇਸੇ ਦਾ ਹੀ ਨਾਮ ਹੈ।
ਹੋਰ ਕੁਝ ਵਰ੍ਹਿਆਂ ਬਾਅਦ ਇਹ ਸੰਤੁਸ਼ਟੀ ਖ਼ਤਮ ਹੋਣੀ ਸ਼ੁਰੂ ਹੋ ਗਈ। ਜਦ ਉਹ ਆਪਣੇ ਸਿਰ ਦੇ ਥੋੜ੍ਹੇ ਜਿਹੇ ਪਿਛਲੇ ਵਾਲਾਂ ਨੂੰ ਠੀਕ ਕਰਦਾ ਤਾਂ ਸਹਿਜੇ ਹੀ ਉਹਦਾ ਹੱਥ ਆਪਣੇ ਗੰਜ ਵੱਲ ਚਲਾ ਜਾਂਦਾ ਜਿਸ ਨਾਲ ਉਹਨੂੰ ਆਪਣੀਆਂ ਨਾ-ਪ੍ਰਾਪਤ ਖ਼ੁਸ਼ੀਆਂ ਯਾਦ ਆ ਜਾਂਦੀਆਂ। ਇਹੋ ਜਿਹੇ ਸੈਂਕੜੇ ਅਫ਼ਸਰ ਉਹਦੇ ਵਰਗੀ ਕਾਮਯਾਬੀ ਮਾਣਦੇ ਉਹਨੂੰ ਦਿਖਾਈ ਦੇਣ ਲੱਗ ਪੈਂਦੇ। ਹੁਣ ਇਹ ਅਫ਼ਸਰੀ ਉਹਦੇ ਲਈ ਕਾਫ਼ੀ ਨਹੀਂ ਸੀ। ਉਹਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਉਹ ਕੋਈ ਹੋਰ ਕੰਮ ਕਰੇਗਾ। ਉਹ ਕੁਝ ਲਿਖਣ ਦੇ ਕਾਬਿਲ ਹੈ, ਜੋ ਉਹਦੇ ਵੱਡੇ ਸਾਰੇ ਸਿਰ ਤੋਂ ਹੀ ਪਤਾ ਲੱਗਦਾ ਸੀ। ਸੋ, ਖੋਸਲੇ ਨੇ ਲਿਖਣਾ ਸ਼ੁਰੂ ਕਰ ਦਿੱਤਾ। ਚੰਗਾ ਲਿਖਣ ਲਈ ਉਹਨੇ ਪੜ੍ਹਨਾ ਵੀ ਸ਼ੁਰੂ ਕਰ ਦਿੱਤਾ। ਉਹਨੇ ਬਹੁਤ ਵੱਡੀ ਲਾਇਬਰੇਰੀ ਬਣਾ ਲਈ ਅਤੇ ਕੰਮ ‘ਤੇ ਜਾਣ ਤੋਂ ਪਹਿਲਾਂ ਕਈ ਘੰਟੇ ਉਹ ਉਥੇ ਗੁਜ਼ਾਰਨ ਲੱਗ ਪਿਆ।
ਅੱਜ ਸਵੇਰੇ ਖੋਸਲੇ ਦਾ ਮੂਡ ਕੁਝ ਲਿਖਣ ਦਾ ਸੀ। ਉਹਨੇ ਆਪੇ ਹੀ ਚਾਹ ਦਾ ਕੱਪ ਬਣਾਇਆ ਤੇ ਬਿਜਲੀ ਦੀ ਰੌਸ਼ਨੀ ਥੱਲੇ ਆਰਾਮ ਕੁਰਸੀ ‘ਤੇ ਬੈਠ ਗਿਆ। ਉਹਨੇ ਪੈਨਸਿਲ ਮੂੰਹ ਵਿਚ ਅੜਾਈ ਤੇ ਥੋੜ੍ਹਾ ਅੰਤਰ-ਧਿਆਨ ਹੋ ਗਿਆ। ਇਸ ਵੇਲੇ ਤੱਕ ਉਹ ਲਿਖਣ ਲਈ ਕੁਝ ਵੀ ਨਾ ਸੋਚ ਸਕਿਆ। ਸੋ, ਸਭ ਤੋਂ ਪਹਿਲਾਂ ਉਹਨੇ ਰੋਜ਼ਾਨਾ ਡਾਇਰੀ ਹੀ ਲਿਖਣੀ ਚਾਹੀ। ਕੱਲ੍ਹ ਦਾ ਦਿਨ ਉਹਨੇ ਬੜਾ ਮਹੱਤਵਪੂਰਨ ਕੇਸ ਸੁਣਨ ਵਿਚ ਗੁਜ਼ਾਰਿਆ ਸੀ। ਹੋ ਸਕਦਾ ਸੀ ਕਿ ਕਈ ਦਿਨ ਇਸੇ ਤਰ੍ਹਾਂ ਹੀ ਬੀਤਣ। ਕਚਹਿਰੀ ਦਾ ਕਮਰਾ ਖਚਾ-ਖਚ ਭਰਿਆ ਹੋਇਆ ਸੀ ਤੇ ਸਭ ਲੋਕ ਉਹਦੇ ਵੱਲ ਹੀ ਤੱਕ ਰਹੇ ਸਨ। ਇਨ੍ਹਾਂ ਹੀ ਖਿਆਲਾਂ ਵਿਚ ਉਹਨੂੰ ਜਾਪਿਆ ਕਿ ਇਸੇ ਹੀ ਮਜ਼ਮੂਨ ‘ਤੇ ਲਿਖਿਆ ਜਾ ਸਕਦਾ ਹੈ। ਸੋ, ਉਹਨੇ ਲਿਖਣਾ ਸ਼ੁਰੂ ਕੀਤਾ।
ਇੰਨੇ ਨੂੰ ਨੌਕਰ ਨੇ ਦਰਵਾਜ਼ਾ ਖੜਕਾ ਕੇ ਉਹਦੀ ਬਿਰਤੀ ਉਖਾੜ ਦਿੱਤੀ। ਨੌਕਰ ਅਖ਼ਬਾਰ ਦੇਣ ਆਇਆ ਸੀ, ਝੱਟ ਹੀ ਉਹਨੇ ਦੁਨੀਆਂ ਦੀ ਇਸ ਝੂਠੀ ਹੋਂਦ ਦੀ ਸੱਚਾਈ ਦੀਆਂ ਖ਼ਬਰਾਂ ਪੜ੍ਹਨ ਲਈ ਅਖ਼ਬਾਰ ਦੇ ਵਰਕੇ ਉਲਟਾਏ। ਖੋਸਲਾ ਕੌਮੀ, ਕੌਮਾਂਤਰੀ ਖ਼ਬਰਾਂ ਦਾ ਇੰਨਾ ਸ਼ੁਕੀਨ ਨਹੀਂ ਸੀ ਜਿੰਨਾ ਵਿਆਹ-ਸ਼ਾਦੀਆਂ ਜਾਂ ਮਰਨ-ਜੰਮਣ ਦੇ ਹਵਾਲਿਆਂ ਦਾ। ਸੋ, ਉਹਨੇ ਸਭ ਤੋਂ ਪਹਿਲਾਂ ਸਫ਼ਾ 3, ਕਾਲਮ ਨੰਬਰ 1 ਪੜ੍ਹਨਾ ਚਾਹਿਆ। ਇਹ ਕਾਲਮ ਤੱਕਦੇ ਸਾਰ ਹੀ ਉਹ ਚੁਕੰਨਾ ਹੋ ਗਿਆ। ਉਹਨੇ ਆਪਣੀ ਪੈਨਸਿਲ ਨਾਲ ਨੋਟ ਬੁੱਕ ਠਕੋਰੀ ਤੇ ਖੰਘਦਿਆਂ-ਖੰਘਦਿਆਂ ਆਪਣੀ ਪਤਨੀ ਨੂੰ ਖ਼ਬਰ ਦਿੱਤੀ। ਉਹਨੇ ਉਬਾਸੀ ਲੈਂਦਿਆਂ ਆਪਣੀਆਂ ਮਦਹੋਸ਼ ਅੱਖਾਂ ਖੋਲ੍ਹ ਕੇ ਕਹਿਣਾ ਸ਼ੁਰੂ ਕੀਤਾ, “ਮੈਂ ਕਿਹਾ ਜੀ, ਤੁਸੀਂ ਤਾਂ ਫਿਰ ਅੱਜ ਹਾਈਕਰਟ ਬੰਦ ਕਰੋਗੇ ਨਾ?”
“ਹਾਈਕੋਰਟ ਇਹੋ ਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਬੰਦ ਨਹੀਂ ਹੋ ਸਕਦੀ। ਮੈਂ ਤਾਂ ਜਾਣਾ ਈ ਏ, ਹਾਂ! ਜੇ ਵਕਤ ਲੱਗਾ ਤਾਂ ਰਸਤੇ ‘ਚੋਂ ਗੇੜਾ ਮਾਰਦਾ ਜਾਊਂਗਾ, ਜਾਂ ਫਿਰ ਐਤਵਾਰ ਚਲੇ ਚੱਲਾਂਗੇ।”
ਖੋਸਲਾ ਤੇ ਉਹਦੀ ਪਤਨੀ ਵੀ ਨਾ ਆਏ ਤੇ ਉਨ੍ਹਾਂ ਦੋਸਤਾਂ ਵਿਚੋਂ ਵੀ ਕੋਈ ਨਾ ਪਹੁੰਚਿਆ ਜਿਨ੍ਹਾਂ ਵੱਲੋਂ ਆਪਣੇ ਮਰਨ ‘ਤੇ ਮੈਂ ਆਪ ਹੀ ਅਫ਼ਸੋਸ ਵਿਚ ਸਾਂ।
ਦਸ ਵਜੇ ਥੋੜ੍ਹੇ ਜਿਹੇ ਲੋਕ ਮੇਰੇ ਫਲੈਟ ਦੇ ਥੱਲੇ ਖਾਲੀ ਜਗ੍ਹਾ ‘ਤੇ ਇਕੱਠੇ ਹੋ ਗਏ। ਇਹ ਜ਼ਿਆਦਾਤਰ ਉਹ ਲੋਕ ਸਨ ਜਿਨ੍ਹਾਂ ਦੀ ਸਗੋਂ ਉਮੀਦ ਨਹੀਂ ਸੀ। ਕੁਝ ਤਾਂ ਵਕੀਲ ਆਪਣੀ ਕਚਹਿਰੀ ਵਾਲੀ ਪੁਸ਼ਾਕ ਵਿਚ ਹੀ, ਤੇ ਕੁਝ ਗਿਣਤੀ ਦੇ ਲੋਕ ਤਮਾਸ਼ਾ ਦੇਖਣ ਵਾਲੇ ਖੜ੍ਹੇ ਸਨ। ਦੋ ਹੋਰ ਦੋਸਤ ਆ ਗਏ, ਪਰ ਜ਼ਰਾ ਪਰ੍ਹਾਂ ਹੀ ਖੜ੍ਹੇ ਰਹੇ। ਇਕ ਤਾਂ ਪਤਲਾ ਤੇ ਲੰਮਾ ਸੀ ਜੋ ਦੇਖਣ ਵਿਚ ਆਰਟਿਸਟ ਲੱਗਦਾ ਸੀ। ਇਕ ਹੱਥ ਨਾਲ ਉਹ ਆਪਣੀ ਸਿਗਰਟ ਵਾਰ-ਵਾਰ ਸੰਵਾਰ ਰਿਹਾ ਸੀ ਤੇ ਦੂਜੇ ਹੱਥ ਨਾਲ ਘੜੀ-ਮੁੜੀ ਆਪਣੇ ਲੰਮੇ ਵਾਲ ਮੱਥੇ ਤੋਂ ਪਰ੍ਹਾਂ ਹਟਾ ਰਿਹਾ ਸੀ। ਉਹ ਲਿਖਾਰੀ ਸੀ ਜੋ ਇਹੋ ਜਿਹੀ ਮੰਜ਼ਲ ਨਾਲ ਜਾਣ ਵਿਚ ਯਕੀਨ ਨਹੀਂ ਸੀ ਰੱਖਦਾ, ਪਰ ਕਈ ਵਾਰੀ ਕਿਸੇ ਫ਼ਰਜ਼ ਕਰ ਕੇ ਹੀ ਕੁਝ ਦੇਰ ਰੁਕਣਾ ਪੈਂਦਾ ਹੈ। ਉਹਨੂੰ ਤਾਂ ਇਹ ਸਭ ਕੁਝ ਬੁਰਾ ਹੀ ਜਾਪ ਰਿਹਾ ਸੀ ਤੇ ਉਹ ਲਗਾਤਾਰ ਸਿਗਰਟ ਪੀਵੀ ਜਾ ਰਿਹਾ ਸੀ। ਅਰਥੀ ਉਹਨੂੰ ਛੂਤ ਵਾਲੀ ਚੀਜ਼ ਲੱਗਣ ਕਰ ਕੇ ਉਹ ਸਿਗਰਟ ਦਾ ਧੂੰਆਂ ਦੀਵਾਰ ਬਣਾ-ਬਣਾ ਕੇ ਆਪਣੇ ਆਪ ਨੂੰ ਬਾਕੀ ਦੁਨੀਆਂ ਤੋਂ ਅਲਹਿਦਾ ਕਰ ਰਿਹਾ ਸੀ।
ਦੂਜਾ ਮਿੱਤਰ ਜੋ ਬਣਤਰ ਵਿਚ ਛੋਟਾ, ਹਲਕਾ-ਫੁਲਕਾ, ਘੁੰਗਰਾਲੇ ਵਾਲਾਂ ਵਾਲਾ ਤੇ ਖੋਜੀ ਨਜ਼ਰ ਵਾਲਾ ਦਿਖਾਈ ਦਿੰਦਾ ਸੀ, ਕਮਿਊਨਿਸਟ ਸੀ। ਉਹਦੇ ਗੁਸੈਲੇ ਚਿਹਰੇ ਦੀ ਨੁਹਾਰ ਨੇ ਅਗਨੀ ਦੇਵਤਾ ਨੂੰ ਵੀ ਪਿੱਛੇ ਛੱਡਿਆ ਹੋਇਆ ਸੀ। ਉਹਦੀ ਤਾਂ ਹਰ ਗੱਲ ਦੀ ਜਾਂਚ ਮਾਰਕਸਵਾਦੀ ਸੀ ਜਿਸ ਵਿਚ ਜਜ਼ਬਾਤ ਦੀ ਕੋਈ ਥਾਂ ਨਾ ਹੋਵੇ। ਮੌਤਾਂ ਉਹਦੇ ਵਾਸਤੇ ਮਹੱਤਤਾ ਨਹੀਂ ਸਨ ਰੱਖਦੀਆਂ। ਉਹ ਤਾਂ ਕਾਰਨ ਨੂੰ ਮੁੱਖ ਸਮਝਦਾ ਸੀ। ਝੱਟ ਹੀ ਉਹਨੇ ਹੌਲੀ ਜਿਹੀ ਲਿਖਾਰੀ ਦੀ ਸਲਾਹ ਲਈ, “ਯਾਰ! ਤੂੰ ਕਿਥੋਂ ਤੱਕ ਜਾ ਰਿਹਾ ਏਂ।”
“ਬਈ ਮੇਰਾ ਤਾਂ ਕਾਫੀ ਹਾਊਸ ਤੱਕ ਹੀ ਜਾਣ ਦਾ ਵਿਚਾਰ ਏ। ਤੂੰ ਅਖੀਰ ਤੱਕ ਜਾਵੇਂਗਾ?” ਦੂਜੇ ਨੇ ਉਤਰ ਦਿੱਤਾ, “ਯਾਰ ਕੀ ਫਰਕ ਪੈਂਦਾ ਏ।” ਕਮਿਊਨਿਸਟ ਨੇ ਜ਼ੋਰ ਦਿੰਦੇ ਹੋਏ ਕਿਹਾ, “ਅਸਲ ਵਿਚ ਦਸ ਵਜੇ ਮੈਂ ਕਿਸੇ ਮੀਟਿੰਗ ਵਿਚ ਪਹੁੰਚਣਾ ਏ, ਸੋਚਿਆ ਸੀ ਸਾਢੇ ਨੌਂ ਤੱਕ ਇੱਥੋਂ ਫ਼ਾਰਗ ਹੋ ਜਾਵਾਂਗਾ, ਪਰ ਯਾਰ ਤੂੰ ਜਾਣਦਾ ਈ ਏਂ, ਸਾਡੇ ਲੋਕਾਂ ਨੂੰ ਵਕਤ ਦੀ ਤਾਂ ਕਦਰ ਹੀ ਨਹੀਂ। ਅੱਛਾ ਹੁਣ ਮੈਂ ਆਪਣੀ ਪਾਰਟੀ ਦੇ ਦਫ਼ਤਰ ਚਲਦਾ ਹਾਂ ਤੇ ਸਾਢੇ ਯਾਰਾਂ ਵਜੇ ਮੈਂ ਤੈਨੂੰ ਕਾਫ਼ੀ ਹਾਊਸ ਹੀ ਮਿਲਾਂਗਾ। ਹਾਂ ਸੱਚ! ਜੇ ਤੈਨੂੰ ਮੌਕਾ ਲੱਗੇ ਤਾਂ ਜ਼ਰਾ ਲਾਸ਼ ਵਾਲੀ ਗੱਡੀ ਦੇ ਡਰਾਈਵਰ ਨੂੰ ਪੁੱਛ ਵੇਖੀਂ ਕਿ ਉਹ ਟਾਂਗੇ ਵਾਲੀ ਯੂਨੀਅਨ ਦਾ ਮੈਂਬਰ ਬਣਿਆ ਹੋਇਆ ਹੈ ਕਿ ਨਹੀਂ?” ਤੇ ਇਸ ਤਰ੍ਹਾਂ ਕਹਿ ਕੇ ਉਹ ਚਲਾ ਗਿਆ।
ਥੋੜ੍ਹੀ ਦੇਰ ਬਾਅਦ ਲਾਸ਼ ਲਿਜਾਣ ਵਾਲੀ ਗੱਡੀ ਜਿਸ ਨੂੰ ਸੁੱਕਾ ਜਿਹਾ ਭੂਰੇ ਰੰਗ ਦਾ ਘੋੜਾ ਖਿੱਚ ਰਿਹਾ ਸੀ, ਮੇਰੇ ਬੂਹੇ ਅੱਗੇ ਆ ਕੇ ਖੜ੍ਹੀ ਹੋ ਗਈ। ਘੋੜਾ ਤੇ ਉਹਦਾ ਕੋਚਵਾਨ ਮੌਕੇ ਦੀ ਗੰਭੀਰਤਾ ਤੋਂ ਬਿਲਕੁਲ ਅਵੇਸਲੇ ਸਨ। ਕੋਚਵਾਨ ਬੜੇ ਆਰਾਮ ਨਾਲ ਮੂੰਹ ਵਿਚ ਪਾਨ ਚਬਾਉਂਦਾ ਲੋਕਾਂ ਵੱਲ ਤੱਕ ਰਿਹਾ ਸੀ। ਉਹ ਤਾਂ ਸਗੋਂ ਸੋਚ ਰਿਹਾ ਸੀ ਕਿ ਇਸ ਮੌਕੇ ‘ਤੇ ਕੁਝ ਦੱਖਣਾ ਮਿਲੇਗੀ ਕਿ ਨਹੀਂ। ਘੋੜੇ ਨੇ ਮੂਤਣਾ ਸ਼ੁਰੂ ਕਰ ਦਿੱਤਾ ਤੇ ਲੋਕ ਪੱਕੇ ਫ਼ਰਸ਼ ‘ਤੇ ਡਿਗਦੇ ਪਿਸ਼ਾਬ ਦੀਆਂ ਛਿੱਟਾਂ ਤੋਂ ਡਰਦੇ ਇਧਰ-ਉਧਰ ਖਿਸਕਣ ਲੱਗੇ।
ਲੋਕਾਂ ਨੂੰ ਹੁਣ ਬਹੁਤੀ ਉਡੀਕ ਨਾ ਕਰਨੀ ਪਈ। ਮੇਰੀ ਲਾਸ਼ ਚਿੱਟੀ ਚਾਦਰ ਵਿਚ ਬੰਨ੍ਹ ਕੇ ਥੱਲੇ ਲਿਆਂਦੀ ਗਈ, ਤੇ ਗੱਡੀ ਵਿਚ ਰੱਖ ਦਿੱਤੀ। ਥੋੜ੍ਹੇ ਜਿਹੇ ਫੁੱਲ ਮੇਰੇ ਉਤੇ ਸੁੱਟ ਕੇ ਰਵਾਇਤ ਜਿਹੀ ਕੀਤੀ ਗਈ। ਤੇ ਇਸ ਤਰ੍ਹਾਂ ਮੇਰਾ ਜਨਾਜ਼ਾ ਨਿਕਲਣ ਦੀ ਪੂਰੀ ਤਿਆਰੀ ਹੋ ਗਈ।
ਅਜੇ ਅਸੀਂ ਤੁਰੇ ਹੀ ਸਾਂ, ਇਕ ਹੋਰ ਦੋਸਤ ਆਪਣੇ ਸਾਈਕਲ ‘ਤੇ ਪਹੁੰਚ ਗਿਆ। ਉਹ ਕੁਝ ਕਾਲਾ ਤੇ ਮੋਟਾ ਜਿਹਾ ਸੀ। ਉਹਦੇ ਸਾਈਕਲ ਦੇ ਕੈਰੀਅਰ ਉਤੇ ਬਹੁਤ ਸਾਰੀਆਂ ਕਿਤਾਬਾਂ ਹੋਣ ਕਰ ਕੇ ਕੁਝ ਵਿਦਵਾਨ ਤੇ ਗੰਭੀਰ ਜਿਹਾ ਪ੍ਰੋਫੈਸਰ ਜਾਪਦਾ ਸੀ। ਗੱਡੀ ਵਿਚ ਪਈ ਮੇਰੀ ਲਾਸ਼ ਦੇਖਦੇ ਸਾਰ ਉਹ ਆਪਣੇ ਸਾਈਕਲ ਤੋਂ ਉਤਰ ਗਿਆ। ਉਹਨੂੰ ਮਰਿਆਂ ਵਾਸਤੇ ਖਾਸ ਹੀ ਆਦਰ ਤੇ ਸਤਿਕਾਰ ਸੀ, ਤੇ ਜਿਸ ਨੂੰ ਉਹ ਜ਼ਾਹਿਰ ਕਰਨ ਤੋਂ ਰਹਿ ਵੀ ਨਹੀਂ ਸੀ ਸਕਦਾ। ਪ੍ਰੋਫੈਸਰ ਨੇ ਆਪਣਾ ਸਾਈਕਲ ਹਾਲ ਵਿਚ ਰੱਖ ਕੇ ਚੇਨ ਲਗਾ ਦਿੱਤੀ ਤੇ ਭੀੜ ਵਿਚ ਸ਼ਾਮਲ ਹੋ ਗਿਆ। ਜਦ ਮੇਰੀ ਪਤਨੀ ਅੰਤਮ ਵਿਦਾਈ ਲਈ ਥੱਲੇ ਉਤਰੀ ਤਾਂ ਉਹ ਆਪ ਵੀ ਡੋਲ ਗਿਆ। ਆਪਣੀ ਜੇਬ ਵਿਚੋਂ ਕਿਤਾਬ ਕੱਢ ਕੇ ਬੜੀ ਸੋਚ ਵਿਚਾਰ ਨਾਲ ਪਤਰੇ ਉਲਟਾਉਂਦੇ ਹੋਏ ਨੇ ਅੱਖਾਂ ਭਰ ਕੇ ਮੇਰੀ ਪਤਨੀ ਨੂੰ ਦੇ ਦਿੱਤੀ।
“ਮੈਂ ਤੁਹਾਡੇ ਲਈ ‘ਗੀਤਾ’ ਲੈ ਕੇ ਆਇਆ ਹਾਂ। ਇਹ ਕਿਤਾਬ ਤੁਹਾਨੂੰ ਸ਼ਾਂਤੀ ਦੇਵੇਗੀ।”
ਆਪਣੇ ਜਜ਼ਬਾਤ ਦਬਾਉਣ ਲਈ ਉਹ ਪਿੱਛੇ ਹੋ ਕੇ ਅੱਖਾਂ ਪੂੰਝਣ ਲੱਗ ਪਿਆ।
“ਇਹੀ ਸਿਰਫ਼ ਇਨਸਾਨ ਦੀ ਹੋਂਦ ਦਾ ਹਸ਼ਰ ਹੈ, ਇਹੀ ਤਾਂ ਜ਼ਿੰਦਗੀ ਦੀ ਸੱਚਾਈ ਹੈ।”
ਇਹ ਉਹਨੇ ਹਉਕੇ ਲੈਂਦਿਆਂ ਆਪਣੇ ਆਪ ਨੂੰ ਕਿਹਾ।
ਉਹ ਬੜੇ ਉਚੇ ਵਿਚਾਰਾਂ ਵਿਚ ਵਿਸ਼ਵਾਸ ਰੱਖਦਾ ਸੀ। ਸੋਚਦਾ ਸੀ ਕਿ ਉਚਤਾ ਤੇ ਸਾਦਗੀ ਨਾਲ ਹੀ ਗੰਭੀਰਤਾ ਹੁੰਦੀ ਹੈ ਤੇ ਮੌਲਿਕ ਵਿਚਾਰਾਂ ਵਾਲੀ ਤਾਜ਼ਗੀ ਤੇ ਤਾਕਤ।
ਪ੍ਰੋਫੈਸਰ ਫਿਰ ਆਪਣੇ-ਆਪ ਕਹਿ ਉਠਿਆ, “ਜੀਵਨ ਬੁਲਬੁਲੇ ਦੀ ਨਿਆਈਂ ਹੈ ਜੋ ਸਿਰਫ਼ ਛਿਣ ਭਰ ਲਈ ਹੁੰਦਾ ਹੈ, ਪਰ ਮਰ ਕੇ ਕੋਈ ਖ਼ਤਮ ਨਹੀਂ ਹੁੰਦਾ। ਮਾਦਾ ਨਾਸ਼ਵੰਤ ਨਹੀਂ, ਇਹ ਸਿਰਫ਼ ਰੂਪ ਹੀ ਬਦਲਦਾ ਹੈ। ‘ਗੀਤਾ’ ਵਿਚ ਕਿੰਨੀ ਸੋਹਣੀ ਤਰ੍ਹਾਂ ਕਿਹਾ ਹੈ, “ਜਿਸ ਤਰ੍ਹਾਂ ਇਨਸਾਨ ਪੁਰਾਣੇ ਕੱਪੜੇ ਲਾਹ ਕੇ ਨਵੇਂ ਪਾਉਂਦਾ ਹੈ, ਉਸੇ ਤਰ੍ਹਾਂ ਰੂਹ ਵੀ ਆਪਣਾ ਚੋਲਾ ਬਦਲਦੀ ਹੈ”, ਆਦਿ।
ਪ੍ਰੋਫੈਸਰ ਆਪਣੇ ਵਿਚਾਰਾਂ ਵਿਚ ਲੀਨ ਸੀ। ਉਹ ਸੋਚ ਰਿਹਾ ਸੀ ਕਿ ਉਹਦੇ ਦੋਸਤ ਨੇ ਕਿਹੜੇ ਨਵੇਂ ਰੂਪ ਦਾ ਚੋਲਾ ਪਾ ਲਿਆ ਹੋਵੇਗਾ।
ਉਹਦੀਆਂ ਟੰਗਾਂ ਵਿਚ ਕੁਝ ਕੁ ਹੋਈ ਹਰਕਤ ਨੇ ਉਹਦੇ ਖਿਆਲਾਂ ਦੀ ਲੜੀ ਤੋੜ ਦਿੱਤੀ। ਛੋਟਾ ਜਿਹਾ ਕੁੱਤਾ ਉਹਦੀ ਪੈਂਟ ਚੱਟ ਰਿਹਾ ਸੀ ਤੇ ਉਪਰ ਮੂੰਹ ਕਰ ਕੇ ਪ੍ਰੋਫੈਸਰ ਵੱਲ ਦੇਖ ਰਿਹਾ ਸੀ। ਪ੍ਰੋਫੈਸਰ ਮਿਹਰਬਾਨ ਆਦਮੀ ਸੀ। ਉਹਨੇ ਨੀਵਾਂ ਹੋ ਕੇ ਕੁੱਤੇ ਨਾਲ ਪਿਆਰ ਕੀਤਾ ਤੇ ਆਪਣਾ ਹੱਥ ਕੁੱਤੇ ਦੇ ਚੱਟਣ ਲਈ ਅੱਗੇ ਕਰ ਦਿੱਤਾ।
ਪ੍ਰੋਫੈਸਰ ਦਾ ਧਿਆਨ ਇਧਰ-ਉਧਰ ਘੁੰਮ ਰਿਹਾ ਸੀ। ਉਹਨੇ ਕੁਝ ਬੇਚੈਨੀ ਮਹਿਸੂਸ ਕੀਤੀ। ਉਹਨੇ ਲਾਸ਼ ਵੱਲ ਤੱਕ ਕੇ ਤੇ ਫਿਰ ਉਸ ਫਰ ਵਾਲੇ ਕੁੱਤੇ ਵੱਲ ਦੇਖਿਆ। ਉਹਨੂੰ ਵੀ ਉਹ ਰੱਬ ਦੀ ਕਰਾਮਾਤ ਦਾ ਅੰਗ ਹੀ ਸਮਝਦਾ ਸੀ।
“ਜਿਸ ਤਰ੍ਹਾਂ ਇਨਸਾਨ ਪੁਰਾਣੇ ਕੱਪੜੇ ਲਾਹ ਕੇ ਨਵੇਂ ਪਾਉਂਦਾ ਹੈ, ਉਸੇ ਤਰ੍ਹਾਂ ਰੂਹ ਵੀ ਆਪਣਾ ਚੋਲਾ ਬਦਲਦੀ ਹੈ।”
ਨਹੀਂ! ਨਹੀਂ। ਉਹਨੇ ਫਿਰ ਆਪਣੇ ਆਪ ਨੂੰ ਕਿਹਾ। ਉਹਨੂੰ ਇਹੋ ਜਿਹੇ ਬੁਰੇ ਖਿਆਲ ਆਪਣੇ ਮਨ ਵਿਚ ਨਹੀਂ ਲਿਆਉਣੇ ਚਾਹੀਦੇ, ਪਰ ਉਹ ਤਾਂ ਆਪਣੇ ਖਿਆਲਾਂ ਨੂੰ ਰੋਕ ਨਹੀਂ ਸੀ ਸਕਦਾ। ਇਹ ਸਭ ਕੁਝ ਮੁਮਕਿਨ ਤਾਂ ਹੈ। ‘ਗੀਤਾ’ ਵਿਚ ਵੀ ਤਾਂ ਇਹੀ ਲਿਖਿਆ ਹੈ। ਉਹ ਦੁਬਾਰਾ ਨੀਵਾਂ ਹੋ ਕੇ ਕੁੱਤੇ ਨੂੰ ਪਲੋਸਣ ਲੱਗ ਪਿਆ।
ਹੁਣ ਤੱਕ ਮੇਰਾ ਜਨਾਜ਼ਾ ਚਲ ਚੁੱਕਾ ਸੀ। ਮੈਂ ਸਭ ਤੋਂ ਅੱਗੇ-ਅੱਗੇ ਲਾਸ਼ ਵਾਲੀ ਗੱਡੀ ਦੇ ਸ਼ੀਸ਼ਿਆਂ ਵਿਚ ਘਿਰਿਆ ਹੋਇਆ ਸਾਂ। ਅੱਧੀ ਕੁ ਦਰਜਨ ਬੰਦੇ ਮੇਰੇ ਪਿੱਛੇ-ਪਿੱਛੇ ਆ ਰਹੇ ਸਨ। ਜਨਾਜ਼ਾ ਦਰਿਆ ਵੱਲ ਹੋ ਗਿਆ।
ਜਦੋਂ ਹੀ ਮੇਰਾ ਜਨਾਜ਼ਾ ਮੇਨ ਗਲੀ ‘ਚੋਂ ਲੰਘਿਆ, ਮੈਨੂੰ ਆਪਣਾ ਆਪ ਇਕੱਲਾ ਜਾਪਣ ਲੱਗ ਪਿਆ। ਕੁਝ ਵਕੀਲ ਤਾਂ ਹਾਈਕੋਰਟ ਤੱਕ ਹੀ ਆਏ ਸਨ। ਮੇਰਾ ਲਿਖਾਰੀ ਦੋਸਤ ਸਿਗਰਟ ਪੀਂਦਾ-ਪੀਂਦਾ ਮੈਨੂੰ ਕਾਫ਼ੀ ਹਾਊਸ ਤੱਕ ਤਾਂ ਛੱਡ ਹੀ ਗਿਆ ਸੀ। ਕਾਲਜ ਕੋਲ ਆ ਕੇ ਮੇਰੇ ਪ੍ਰੋਫੈਸਰ ਦੋਸਤ ਨੇ ਵੀ ਢਿੱਲਾ ਜਿਹਾ ਮੂੰਹ ਛੱਡ ਕੇ ਮੈਨੂੰ ਆਖਰੀ ਵਿਦਾਇਗੀ ਦੇ ਦਿੱਤੀ ਸੀ ਤੇ ਝਟ ਹੀ ਆਪਣੀ ਜਮਾਤ ਵੱਲ ਰਵਾਨਾ ਹੋ ਗਿਆ ਸੀ। ਬਾਕੀ ਦੇ ਛੇ-ਸੱਤ ਜ਼ਿਲ੍ਹਾ ਕਚਹਿਰੀਆਂ ਵਿਚ ਲੋਪ ਹੋ ਗਏ ਸਨ।
ਮੈਂ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਨ ਲੱਗਾ। ਮੈਥੋਂ ਘਟੀਆ ਲੋਕਾਂ ਨਾਲ ਵੀ ਕਾਫ਼ੀ ਭੀੜ ਹੁੰਦੀ ਹੈ। ਇੱਥੋਂ ਤੱਕ ਕਿ ਭਿਖਾਰੀ ਦੀ ਲਾਸ਼ ਵੀ ਮਿਉਂਸਿਪਲ ਕਮੇਟੀ ਦੀ ਰੇੜ੍ਹੀ ਵਿਚ ਦੋ ਜਮਾਂਦਾਰ ਲੈ ਕੇ ਗਏ ਸਨ, ਪਰ ਮੇਰੇ ਨਾਲ ਤਾਂ ਸਿਰਫ਼ ਇਕੋ ਹੀ ਬੰਦਾ ਸੀ, ਉਹ ਵੀ ਜੋ ਮੇਰੀ ਰੂਹ ਦੇ ਪਾਪਾਂ ਤੋਂ ਅਚੇਤ ਸੀ; ਉਹ ਰੂਪ ਜਿਸ ਦਾ ਬਚਿਆ-ਖੁਚਿਆ ਭਾਗ ਉਹ ਆਖ਼ਰੀ ਯਾਤਰਾ ਲਈ ਲਿਜਾ ਰਿਹਾ ਹੈ। ਜਿਥੋਂ ਤੱਕ ਘੋੜੇ ਦਾ ਤੁਅੱਲਕ ਸੀ, ਉਹ ਵੀ ਰੁੱਖਾ-ਰੁੱਖਾ ਪੇਸ਼ ਆ ਰਿਹਾ ਸੀ।
ਸ਼ਮਸ਼ਾਨ ਭੂਮੀ ਤੱਕ ਦੇ ਸਾਰੇ ਰਸਤੇ ‘ਤੇ ਕਈ ਤਰ੍ਹਾਂ ਦੀ ਦੁਰਗੰਧ ਆ ਰਹੀ ਹੈ। ਜਦ ਵੱਡੀ ਸੜਕ ਤੋਂ ਸ਼ਮਸ਼ਾਨ ਭੂਮੀ ਵੱਲ ਛੋਟੀ ਸੜਕ ਮੁੜਦੀ ਹੈ, ਉਥੋਂ ਦੀ ਗੰਦਾ ਨਾਲਾ ਜਾਣ ਕਰ ਕੇ ਬਦਬੂ ਦੀ ਹੱਦ ਦਾ ਅੰਤ ਨਹੀਂ ਰਹਿੰਦਾ। ਇਸ ਗੰਦੇ ਨਾਲੇ ਵਿਚ ਗੰਦ ਨਾਲ ਕਾਲੇ ਹੋਏ ਪਾਣੀ ਦੇ ਬੁਲਬਲੇ ਉਠਦੇ ਰਹਿੰਦੇ ਹਨ।
ਕਿਸਮਤ ਨਾਲ ਮੈਨੂੰ ਆਪਣੇ ਮਰਨ ਮਗਰੋਂ ਸ਼ੋਭਾ ਤੇ ਮਹੱਤਤਾ ਦੇ ਗਲਤ ਅੰਦਾਜ਼ੇ ਘੋਖਣ ਦਾ ਸਮਾਂ ਮਿਲ ਗਿਆ। ਕੋਚਵਾਨ ਨੇ ਗੱਡੀ ਜਿਥੇ ਸ਼ਮਸ਼ਾਨ ਭੂਮੀ ਦੀ ਸੜਕ ਮੁੱਕਦੀ ਸੀ, ਇਕ ਪਿੱਪਲ ਥੱਲੇ ਖੜ੍ਹੀ ਕਰ ਦਿੱਤੀ। ਇਸ ਪਿੱਪਲ ਥੱਲੇ ਇਹੋ ਜਿਹੇ ਟਾਂਗਿਆਂ ਦਾ ਅੱਡਾ ਹੈ ਤੇ ਘੋੜਿਆਂ ਲਈ ਪਾਣੀ ਪੀਣ ਦਾ ਚੁਬੱਚਾ ਵੀ ਬਣਿਆ ਹੋਇਆ ਹੈ। ਘੋੜੇ ਨੇ ਮੂਤਿਆ, ਕੋਚਵਾਨ ਨੇ ਪਲਾਕੀ ਮਾਰੀ ਤੇ ਗੱਡੀ ਅੱਗੇ ਬਹਿ ਕੇ ਨਾਲ ਦੇ ਟਾਂਗੇ ਵਾਲਿਆਂ ਤੋਂ ਬੀੜੀ ਜਲਾਉਣ ਲਈ ਤੀਲੀ ਮੰਗਣ ਲੱਗ ਪਿਆ।
ਸਾਰੇ ਟਾਂਗੇ ਵਾਲੇ ਗੱਡੀ ਦੁਆਲੇ ਹੋ ਕੇ ਅੰਦਰ ਝਾਤੀਆਂ ਮਾਰਨ ਲੱਗੇ, “ਜ਼ਰੂਰ ਕੋਈ ਅਮੀਰ ਬੰਦਾ ਹੋਵੇਗਾ।” ਇਕ ਨੇ ਕਿਹਾ।
“ਪਰ ਇਹਦੇ ਨਾਲ ਤਾਂ ਕੋਈ ਵੀ ਨਹੀਂ,” ਦੂਜੇ ਨੇ ਪੁੱਛਿਆ।
“ਮੇਰਾ ਖ਼ਿਆਲ ਏ ਕਿ ਇਹ ਅੰਗਰੇਜ਼ਾਂ ਦਾ ਰਿਵਾਜ਼ ਹੋਵੇਗਾ ਕਿ ਅਰਥੀ ਨਾਲ ਕੋਈ ਵੀ ਨਾ ਜਾਵੇ।”
ਹੁਣ ਤੱਕ ਮੈਂ ਬਿਲਕੁਲ ਅੱਕ ਗਿਆ ਸਾਂ। ਮੇਰੇ ਲਈ ਹੁਣ ਕੇਵਲ ਤਿੰਨ ਰਸਤੇ ਖੁੱਲ੍ਹੇ ਸਨ। ਪਹਿਲਾ ਤਾਂ ਇਹ ਕਿ ਸ਼ਮਸ਼ਾਨ ਭੂਮੀ ਵਿਚ ਪਹੁੰਚ ਕੇ ਦੂਜਿਆਂ ਵਾਂਗ ਆਪਣੇ ਆਪ ਨੂੰ ਅਗਨੀ ਦੇ ਹਵਾਲੇ ਕਰ ਦੇਵਾਂ ਤੇ ਰਾਖ ਹੋ ਜਾਵਾਂ। ਇਕ ਹੋਰ ਕੱਚੀ ਸੜਕ ਸੀ ਜੋ ਸਿੱਧੀ ਸ਼ਹਿਰ ਜਾਂਦੀ ਸੀ, ਜਿੱਥੇ ਕੋਠੇ ਵਾਲੀਆਂ ਤੇ ਹੋਰ ਬੁਰੇ-ਬੁਰੇ ਲੋਕ ਰਹਿੰਦੇ ਸਨ, ਤੇ ਜੋ ਕੇਵਲ ਸ਼ਰਾਬ ਪੀਂਦੇ, ਜੂਆ ਖੇਡਦੇ ਤੇ ਰੰਡੀਬਾਜ਼ੀ ਤੋਂ ਸਿਵਾ ਹੋਰ ਕੁਝ ਨਹੀਂ ਕਰਦੇ। ਉਨ੍ਹਾਂ ਦੀ ਦੁਨੀਆਂ ਤਾਂ ਨਿਰੀ ਹਲਚਲ ਸੀ ਤੇ ਉਹ ਆਪਣੇ ਜੀਵਨ ਨੂੰ ਹਰ ਪ੍ਰਕਾਰ ਦੀ ਖ਼ੁਸ਼ੀ ਨਾਲ ਮਾਣਦੇ ਸਨ। ਤੀਜਾ ਰਸਤਾ ਸੀ ਘਰ ਵਾਪਸੀ, ਪਰ ਫੈਸਲਾ ਕਰਨਾ ਮੁਸ਼ਕਿਲ ਹੀ ਸੀ। ਸੋ, ਇਹੋ ਜਿਹੇ ਹਾਲਾਤ ਵਿਚ ਆਮ ਤੌਰ ‘ਤੇ ਸਿੱਕੇ ਨਾਲ ਟਾਸ ਕਰਨਾ ਮਦਦ ਕਰ ਜਾਂਦਾ ਹੈ। ਇਸ ਲਈ ਮੈਂ ਟਾਸ ਕਰਨ ਦਾ ਫੈਸਲਾ ਕਰ ਲਿਆ। ਜੇ ਸਿਰ ਵਾਲਾ ਪਾਸਾ ਆ ਗਿਆ ਤਾਂ ਜਿਹੜੀ ਦੁਨੀਆਂ ਛੱਡ ਕੇ ਆਇਆ ਹਾਂ, ਉਥੇ ਹੀ ਵਾਪਸ ਚਲਾ ਜਾਵਾਂਗਾ। ਜੇ ਦੂਜਾ ਪਾਸਾ ਆ ਗਿਆ ਤਾਂ ਸ਼ਹਿਰ ਵਿਚ ਉਨ੍ਹਾਂ ਬੁਰਾਈਆਂ ਨੂੰ ਮਾਨਣ ਵਾਲਿਆਂ ਵਿਚ ਰਲ ਜਾਵਾਂਗਾ; ਪਰ ਜੇ ਦੋਨੋਂ ਪਾਸੇ ਹੀ ਨਾ ਆਏ ਤੇ ਸਿੱਕਾ ਫਰਜ਼ ਕਰੋ ਸਿੱਧਾ ਹੀ ਖੜ੍ਹਾ ਹੋ ਜਾਵੇ, ਤਾਂ ਮੈਂ ਤੁੱਛ ਤੇ ਨਾਚੀਜ਼ ਬੰਦੇ ਵਾਂਗ ਹਿੰਮਤ ਤੇ ਸਾਹਸ ਤਿਆਗ ਕੇ ਜੋਗ ਅਵਸਥਾ ਧਾਰਨ ਕਰ ਲਵਾਂਗਾ ਤੇ ਜੀਵਨ ਦੀ ਲਾਲਸਾ ਤੋਂ ਬੇਮੁਖ ਹੋ ਜਾਵਾਂਗਾ।
Leave a Reply