ਚੰਡੀਗੜ੍ਹ: ਪੰਜਾਬ ਵਿਚ ਚੋਰੀ-ਡਕੈਤੀ ਤੋਂ ਲੈ ਕੇ ਬਲਾਤਕਾਰ ਤੱਕ ਦੇ ਸੰਗੀਨ ਅਪਰਾਧਾਂ ਵਿਚ ਨਾਬਾਲਗ ਧਸਦੇ ਜਾ ਰਹੇ ਹਨ ਤੇ ਪਿਛਲੇ ਕੁਝ ਸਾਲਾਂ ਵਿਚ ਇਨ੍ਹਾਂ ਮਾਮਲਿਆਂ ਵਿਚ ਕਾਫੀ ਵਾਧਾ ਹੋਇਆ ਹੈ। ਪੰਜਾਬ ਪੁਲਿਸ ਹੈਡਕੁਆਟਰ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2009 ਦੇ ਮੁਕਾਬਲੇ ਸਾਲ 2010 ਦੌਰਾਨ ਨਾਬਾਲਗਾਂ ਵੱਲੋਂ ਅਪਰਾਧ ਕਰਨ ਦੇ ਮਾਮਲਿਆਂ ਵਿਚ 33æ1 ਫ਼ੀਸਦੀ ਦਾ ਵਾਧਾ ਹੋਇਆ ਹੈ ਤੇ ਨਿਆਣੀ ਉਮਰੇ ਹੀ ਅਜਿਹੇ ਮੁਲਜ਼ਮ ਕਤਲ, ਇਰਾਦਾ ਕਤਲ, ਬਲਾਤਕਾਰ, ਸੰਨ੍ਹ ਲਾਉਣ, ਚੋਰੀਆਂ ਤੇ ਲੁੱਟਾਂ ਕਰਨ ਜਿਹੇ ਅਪਰਾਧ ਕਰ ਰਹੇ ਹਨ।
ਜੁਵੀਨਾਈਲ ਜਸਟਿਸ ਐਕਟ-1986 ਤਹਿਤ 16 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਤੇ 18 ਸਾਲ ਤੋਂ ਘੱਟ ਲੜਕਿਆਂ ਨੂੰ ਜੁਵੀਨਾਈਲ ਮੰਨਿਆ ਜਾਂਦਾ ਸੀ ਪਰ ਸਾਲ 2000 ਦੌਰਾਨ ਇਸ ਐਕਟ ਵਿਚ ਸੋਧ ਕਰਕੇ ਲੜਕੇ ਤੇ ਲੜਕੀਆਂ, ਦੋਵਾਂ ਨੂੰ 18 ਸਾਲ ਦੀ ਉਮਰ ਤੱਕ ਜੁਵੀਨਾਈਲ ਮੰਨਿਆ ਜਾਂਦਾ ਹੈ। 24 ਸਤੰਬਰ ਨੂੰ ਮੋਗਾ ਵਿਖੇ 19 ਸਾਲਾ ਨਿਸ਼ਾਨ ਸਿੰਘ ਵੱਲੋਂ 15 ਸਾਲ ਦੀ ਲੜਕੀ ਨੂੰ ਅਗਵਾ ਕਰਨ ਕਾਰਨ ਰਾਜ ਭਰ ਵਿਚ ਮਚੀ ਹਲਚਲ ਤੋਂ ਬਾਅਦ ਅੱਲ੍ਹੜ ਉਮਰ ਦੌਰਾਨ ਬੱਚਿਆਂ ਵਿਚ ਪੈਦਾ ਹੋ ਰਹੀਆਂ ਅਪਰਾਧਕ ਬਿਰਤੀਆਂ ਦੀ ਹਰੇਕ ਘਰ ਵਿਚ ਚਰਚਾ ਚੱਲ ਰਹੀ ਹੈ।
ਸਾਲ 2010 ਦੇ ਅੰਕੜਿਆਂ ਮੁਤਾਬਕ ਸੂਬੇ ਵਿਚ ਹੋਏ ਕੁੱਲ 54, 986 ਅਪਰਾਧਾਂ ਵਿਚੋਂ 0æ5 ਫ਼ੀਸਦੀ ਅਪਰਾਧ ਅੱਲ੍ਹੜ ਉਮਰ ਦੇ ਮੁੰਡਿਆਂ ਤੇ ਕੁੜੀਆਂ ਵੱਲੋਂ ਕੀਤੇ ਗਏ ਹਨ। ਸਾਲ 2010 ਦੌਰਾਨ 246 ਨਾਬਾਲਗਾਂ ਵਿਰੁੱਧ 177 ਕੇਸ ਦਰਜ ਕੀਤੇ ਗਏ ਹਨ। ਪੰਜਾਬ ਪੁਲਿਸ ਵੱਲੋਂ ਕੀਤੇ ਅਧਿਐਨ ਅਨੁਸਾਰ 60æ2 ਫ਼ੀਸਦੀ ਬਾਲ ਅਪਰਾਧੀ, ਉਨ੍ਹਾਂ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਜਿਨ੍ਹਾਂ ਦੀ ਸਾਲਾਨਾ ਆਮਦਨ ਸਿਰਫ 25,000 ਰੁਪਏ ਹੈ ਜਦਕਿ 32æ9 ਫ਼ੀਸਦੀ ਬਾਲ ਅਪਰਾਧੀ 25,000 ਤੋਂ 50,000 ਰੁਪਏ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨਾਲ ਸਬੰਧਤ ਹਨ।
ਇਨ੍ਹਾਂ 246 ਬਾਲ ਅਪਰਾਧੀਆਂ ਵਿਚੋਂ 233 ਮੁੰਡੇ ਤੇ 13 ਲੜਕੀਆਂ ਹਨ। ਇਨ੍ਹਾਂ ਬਾਲ ਅਪਰਾਧੀਆਂ ਵਿਚ 81 ਅਨਪੜ੍ਹ ਤੇ 83 ਪ੍ਰਾਇਮਰੀ ਤੱਕ ਪੜ੍ਹਾਈ ਕਰਨ ਵਾਲੇ ਬੱਚੇ ਸ਼ਾਮਲ ਹਨ। ਇਸ ਦੌਰਾਨ ਅੱਲੜ੍ਹ ਉਮਰ ਦੇ ਲੜਕਿਆਂ ਵਿਰੁੱਧ ਕਤਲ ਕਰਨ ਦੇ 12 ਕੇਸ ਦਰਜ ਹੋਏ ਹਨ। ਇਨ੍ਹਾਂ ਕਤਲ ਦੇ ਕੇਸਾਂ ਵਿਚ ਪੰਜ ਲੜਕੇ 13 ਤੋਂ 16 ਸਾਲ ਤੇ ਅੱਠ ਲੜਕੇ 17 ਤੋਂ 18 ਸਾਲ ਦੇ ਵਿਚਕਾਰ ਦੀ ਉਮਰ ਦੇ ਹਨ। 13 ਮੁੰਡਿਆਂ ਵਿਰੁੱਧ ਬਲਾਤਕਾਰ ਦੇ ਕੇਸ ਦਰਜ ਹੋਏ ਹਨ ਜਿਨ੍ਹਾਂ ਵਿਚੋਂ 7 ਲੜਕੇ 13 ਤੋਂ 16 ਸਾਲ ਤੇ ਛੇ ਲੜਕੇ 17 ਤੋਂ 18 ਸਾਲ ਦੇ ਹਨ।
ਅੱਲੜ੍ਹ ਉਮਰ ਦੇ ਲੜਕਿਆਂ ਵਿਰੁੱਧ ਅਗ਼ਵਾ ਤੇ ਉਧਾਲਣ ਦੇ ਤਿੰਨ ਕੇਸ ਦਰਜ ਹੋਏ ਹਨ। 17 ਤੋਂ 18 ਸਾਲ ਦੇ ਇਕ ਲੜਕੇ ਵਿਰੁੱਧ ਡਾਕਾ ਮਾਰਨ ਦੇ ਦੋਸ਼ ਤਹਿਤ ਵੀ ਕੇਸ ਦਰਜ ਹੋ ਚੁੱਕਾ ਹੈ। ਇਸ ਤੋਂ ਇਲਾਵਾ ਡਾਕਾ ਮਾਰਨ ਦੀ ਤਿਆਰੀ ਕਰਨ ਦੇ ਸੱਤ ਕੇਸਾਂ ਵਿਚ 13 ਤੋਂ 16 ਸਾਲ ਦੀ ਉਮਰ ਦੇ ਦੋ ਤੇ 17 ਤੋਂ 18 ਸਾਲ ਦੀ ਉਮਰ ਦੇ ਨੌਂ ਮੁੰਡੇ ਗ੍ਰਿਫ਼ਤਾਰ ਕੀਤੇ ਗਏ ਹਨ। ਮੁੰਡਿਆਂ ਵਿਰੁੱਧ ਲੁੱਟ ਦੇ ਤਿੰਨ ਕੇਸ ਦਰਜ ਹੋਏ ਹਨ। ਨਾਬਾਲਗਾਂ ਵਿਰੁੱਧ ਸੰਨ੍ਹਾਂ ਲਾਉਣ ਦੇ 10 ਕੇਸ ਦਰਜ ਹੋਏ ਹਨ ਜਿਨ੍ਹਾਂ ਵਿਚ ਸੱਤ ਤੋਂ 12 ਸਾਲ ਦੇ ਸੱਤ ਮੁੰਡੇ ਵੀ ਸ਼ਾਮਲ ਹਨ ਜਦਕਿ ਇਨ੍ਹਾਂ ਮਾਮਲਿਆਂ ਵਿਚ 13 ਤੋਂ 16 ਸਾਲ ਦੇ ਪੰਜ ਤੇ 17 ਤੋਂ 18 ਸਾਲ ਦੇ ਪੰਜ ਮੁੰਡੇ ਸ਼ਾਮਲ ਹਨ।
ਬੱਚਿਆਂ ਵਿਰੁੱਧ ਚੋਰੀ ਦੇ 39 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚ ਸੱਤ ਤੋਂ 12 ਸਾਲ ਦੇ 10 ਬੱਚੇ ਵੀ ਸ਼ਾਮਲ ਹਨ ਜਦਕਿ ਬਾਕੀ 38 ਮੁਲਜ਼ਮ 13 ਤੋਂ 18 ਸਾਲ ਦੇ ਹਨ। 13 ਸਾਲ ਦੀ ਇਕ ਲੜਕੀ ਵੀ ਚੋਰੀ ਦੇ ਕੇਸ ਵਿਚ ਗ੍ਰਿਫ਼ਤਾਰ ਕੀਤੀ ਗਈ ਹੈ। ਪੁਲਿਸ ਵੱਲੋਂ ਰਾਜ ਵਿਚ ਨੌਂ ਠੱਗੀਆਂ ਮਾਰਨ ਦੇ ਦੋਸ਼ ਹੇਠ 13 ਤੋਂ 18 ਸਾਲ ਦੀ ਉਮਰ ਦੇ 11 ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੁਣ ਨਵੀਂ ਪੌਦ ਲੜਾਈ-ਝਗੜਿਆਂ ਦੇ ਮਾਮਲੇ ਵਿਚ ਵੀ ਪਿੱਛੇ ਨਹੀਂ ਰਹੀ। ਪੰਜਾਬ ਪੁਲਿਸ ਵੱਲੋਂ ਇਸ ਦੌਰਾਨ ਮੁੰਡਿਆਂ ਤੇ ਕੁੜੀਆਂ ਵਿਰੁੱਧ ਹਮਲਾ ਕਰਕੇ ਜ਼ਖ਼ਮੀ ਕਰਨ ਦੇ 21 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚ ਸੱਤ ਤੋਂ 12 ਸਾਲ ਦੇ ਛਾਰ ਮੁੰਡੇ ਤੇ ਇਕ ਲੜਕੀ ਵੀ ਸ਼ਾਮਲ ਹੈ। ਅਜਿਹੇ ਹੋਰ ਮਾਮਲਿਆਂ ਵਿਚ 13 ਤੋਂ 18 ਸਾਲ ਦੇ 15 ਮੁੰਡੇ ਤੇ ਚਾਰ ਲੜਕੀਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਨਾਬਾਲਗਾਂ ਵਿਰੁੱਧ 45 ਹੋਰ ਕੇਸ ਵੀ ਦਰਜ ਹੋਏ ਹਨ। ਇਨ੍ਹਾਂ ਵਿਚ ਸੱਤ ਤੋਂ 12 ਸਾਲ ਦੇ ਸੱਤ ਮੁੰਡੇ ਤੇ ਇਕ ਕੁੜੀ ਵੀ ਸ਼ਾਮਲ ਹੈ ਜਦਕਿ 13 ਤੋਂ 18 ਸਾਲ ਦੇ 49 ਮੁੰਡੇ ਤੇ ਤਿੰਨ ਕੁੜੀਆਂ ਸ਼ਾਮਲ ਹਨ।
Leave a Reply