1857 ਦਾ ਗਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ
ਫੋਟੋ: 91-97799-34747
1857 ਦੇ ਗ਼ਦਰ ਵੇਲੇ ਅੰਗਰੇਜ਼ੀ ਫ਼ੌਜ ਵਿਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ ਮੀਰ ਛਾਉਣੀ ਵਿਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਨ੍ਹਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਨ੍ਹਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ, ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿਚ ਦੋਵੇਂ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ ਪਰ ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ।
ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇਂ ਰਾਜ ਬਣ ਰਹੇ ਸਨ। ਪੰਜਾਬ ਵਿਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱਦੀ ਸੂਬੇ (ਹੁਣ ਪਾਕਿਸਤਾਨ) ਦੇ ਬਕੋਟ ਇਲਾਕੇ ਵਿਚ ਹਰੀ ਸਿੰਘ ਨਲੂਏ ਦੀ ਫ਼ੌਜ ਨੇ ਕਬਾਇਲੀਆਂ ਨੂੰ ਬੇਦਰਦੀ ਨਾਲ ਕੁਚਲਿਆ ਸੀ। ਸੈਂਕੜਿਆਂ ਦੇ ਸਿਰ ਕਲਮ ਕੀਤੇ ਗਏ। ਕਬਾਇਲੀ ਔਰਤਾਂ ਨੂੰ ਕੇਂਦਰੀ ਜੰਮੂ ਦੇ ਬਜ਼ਾਰ ਵਿਚ ਵੇਚਿਆ ਜਾਂਦਾ ਸੀ (ਤਾਰੀਖਿ-ਕਸ਼ਮੀਰ, ਲੇਖਕ ਸਈਦ ਮਹਿਮੂਦ ਆਜ਼ਾਦ)। ਹਰੀ ਸਿੰਘ ਨਲੂਆ ਚਾਰ ਸਾਲ ਪਿਸ਼ਾਵਰ ਵਾਦੀ ਦਾ ਰਾਜਪਾਲ ਰਿਹਾ। ਇਹ ਸਮਾਂ ਲੁੱਟਮਾਰ, ਉਜਾੜੇ ਅਤੇ ਧੱਕੇ ਦੇ ਕਬਜ਼ਿਆਂ ਦਾ ਸਮਾਂ ਸੀ। ਨਲੂਏ ਦੀ ਮੌਤ ਤੋਂ ਬਾਅਦ ਵੀ ਉਹਦਾ ਭੈਅ ਕਬਾਇਲੀਆਂ ਦੇ ਮਨਾਂ ਵਿਚ ਦਹਾਕਿਆਂ ਤੱਕ ਬਰਕਰਾਰ ਰਿਹਾ। ਇਸੇ ਕਰ ਕੇ ਕਬਾਇਲੀ ਬੀਬੀਆਂ ਆਪਣੇ ਬੱਚਿਆਂ ਨੂੰ ‘ਰਾਗੇ ਹਰੀ ਸਿੰਘ’ ਦੇ ਨਾਂ ਨਾਲ ਡਰਾਉਂਦੀਆਂ ਰਹੀਆਂ ਹਨ। ਸਿੱਖ ਜਰਨੈਲਾਂ ਦਾ ਮੁਸਲਿਮ ਕਬਾਇਲੀਆਂ ਬਾਬਤ ਰਵੱਈਆ ਬੇਹੱਦ ਜ਼ਾਲਮਾਨਾ ਸੀ। ਕੁਝ ਵੇਰਵਿਆਂ ਮੁਤਾਬਕ ਕਬਾਇਲੀ ਲੋਕਾਂ ਦੇ ਸਿਰਾਂ ਦਾ ਮੁੱਲ ਪਾਏ ਗਏ ਸਨ। ਕਈ ਕਬਾਇਲੀਆਂ ਨੇ ਡਰਦੇ ਮਾਰੇ ਆਪਣੇ ਨਾਂ ਬਦਲ ਲਏ। ਅੱਜ ਵੀ ਪਕਿਸਤਾਨ ਦੇ ਇਸ ਖਿੱਤੇ ਵਿਚ ਜਾਬਰ ਸਰਕਾਰ ਦੇ ਪ੍ਰਸੰਗ ਵਿਚ ਸਿੱਖਾਸ਼ਾਹੀ ਸ਼ਬਦ ਵਰਤਿਆ ਜਾਂਦਾ ਹੈ।
ਸ਼ਾਹ ਇਸਮਾਈਲ ਅਤੇ ਸਈਅਦ ਅਹਿਮਦ ਕਬਾਇਲੀਆਂ ਦੇ ਸ਼ਹੀਦ ਮੰਨੇ ਜਾਂਦੇ ਹਨ ਜੋ ਬਾਲਾਕੋਟ ਦੀ ਜੰਗ ਵਿਚ ਸਿੱਖਾਂ ਹੱਥੋਂ ਮਾਰੇ ਗਏ ਸਨ। ਸਈਅਦ ਅਹਿਮਦ, ਪਠਾਣ ਜਾਂ ਪੰਜਾਬੀ ਨਹੀਂ ਸੀ। ਉਹ ਲਖਨਊ ਕੋਲ ਰਾਏ ਬਰੇਲੀ ਦਾ ਸੀ। ਅਹਿਮਦ ਨੇ ਸਿੱਖਾਂ ਅਤੇ ਅੰਗਰੇਜ਼ਾਂ, ਦੋਵਾਂ ਦਾ ਵਿਰੋਧ ਕੀਤਾ। ਉਹਨੇ 1820 ਦੇ ਅੱਧ ਵਿਚ ਸਿੱਖਾਂ ਵਿਰੁੱਧ ਮਰਜੀਵੜੇ ਭਰਤੀ ਕਰਨ ਲਈ ਉੱਤਰੀ ਭਾਰਤ ਦੇ ਪਿੰਡਾਂ ਸ਼ਹਿਰਾਂ ਵਿਚ ਪਰਚਾ ਵੰਡਿਆ ਜਿਹਦੇ ਵਿਚ ਲਿਖਿਆ ਸੀ: ‘ਸਿੱਖਾਂ ਦਾ ਮੁਸਲਮਾਨਾਂ ਉੱਤੇ ਜ਼ੁਲਮ ਹੱਦਾਂ ਟੱਪ ਚੁੱਕਿਆ ਹੈ æææ ਹਜ਼ਾਰਾਂ ਬੇਕਸੂਰ ਮਾਰੇ ਜਾ ਚੁੱਕੇ ਹਨ।’ ਭਾਰਤੀ ਸ਼ਹਿਰਾਂ ਵਿਚੋਂ ਭਰਤੀ ਅਤੇ ਮਾਲੀ ਮਦਦ ਮਿਲੀ। 1826 ਦੇ ਅੰਤ ਤੱਕ ਜਹਾਦੀ ਪਿਸ਼ਾਵਰ ਦੇ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ। ਮੁਕਾਮੀ ਕਬਾਇਲੀਆਂ ਨੇ ਅਹਿਮਦ ਦਾ ਸਾਥ ਦਿੱਤਾ ਅਤੇ ਸਿੱਖਾਂ ਦੇ ਥਾਪੇ ਰਾਜਪਾਲ ਨੂੰ ਪਿਸ਼ਾਵਰ ਖਾਲੀ ਕਰਨਾ ਪਿਆ। ਸ਼ੇਰ ਸਿੰਘ, ਨਲੂਏ ਅਤੇ ਵੇਨਤੂਰਾ ਦੀ ਅਗਵਾਈ ਵਿਚ ਸਿੱਖ ਫ਼ੌਜਾਂ ਅਹਿਮਦ ਨੂੰ ਹਰਾਉਣ ਲਈ ਆਣ ਪਹੁੰਚੀਆਂ। ਰਣਜੀਤ ਸਿੰਘ ਨੇ ਕਬਾਇਲੀਆਂ ਨੂੰ ਹਰਾਉਣ ਲਈ ਪੈਸੇ ਅਤੇ ਆਪਸੀ ਫੁੱਟ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ। ਕਬਾਇਲੀ ਦਸਤਿਆਂ ਨੇ ਸਿੱਖ ਫ਼ੌਜ ਉੱਤੇ ਗੁਰੀਲਾ ਹਮਲੇ ਕੀਤੇ ਅਤੇ ਕਈ ਝੜਪਾਂ ਵਿਚ ਜਿੱਤ ਵੀ ਹਾਸਲ ਕੀਤੀ। ਪਠਾਣ ਕਬਾਇਲੀਆਂ ਦੇ ਹਿੰਦੋਸਤਾਨੀ ਜਹਾਦੀਆਂ ਨਾਲ ਮਤਭੇਦ ਉਭਰਨ ਕਰ ਕੇ ਅਹਿਮਦ ਦੀ ਮੁਹਿੰਮ ਨੂੰ ਵੱਡੀ ਸੱਟ ਲੱਗੀ। ਮਈ 1831 ਵਿਚ ਸ਼ੇਰ ਸਿੰਘ ਦੇ ਫ਼ੌਜੀ ਦਲ ਨੇ ਬਾਲਾਕੋਟ ਦੀ ਲੜਾਈ ਵਿਚ ਅਲੱਗ-ਥਲੱਗ ਹੋਏ ਅਹਿਮਦ ਨੂੰ ਮਾਰ ਦਿੱਤਾ। (ਰਾਜਮੋਹਨ ਗਾਂਧੀ ਦੀ ਕਿਤਾਬ ‘ਪੰਜਾਬ: ਏ ਹਿਸਟਰੀ ਫਰੌਮ ਔਰੰਗਜ਼ੇਬ ਟੂ ਮਾਊਂਟਬੈਟਨ’)।
ਸਿੱਖਾਂ ਨਾਲ ਕੁੜੱਤਣ ਕਾਰਨ ਕਬਾਇਲੀਆਂ ਦੇ ਇੱਕ ਹਿੱਸੇ ਨੇ ਪਹਿਲੀ ਸਿੱਖ-ਅੰਗਰੇਜ਼ ਜੰਗ ਵਿਚ ਸਿੱਖਾਂ ਦੀ ਹਾਰ ਦਾ ਸਵਾਗਤ ਕੀਤਾ ਸੀ। ਛੇਤੀ ਹੀ ਕਬਾਇਲੀਆਂ ਨੂੰ ਮਹਿਸੂਸ ਹੋ ਗਿਆ ਕਿ ਉਹ ਇੱਕ ਗ਼ਲਬੇ ਹੇਠੋਂ ਨਿੱਕਲ ਕੇ ਦੂਜੇ ਗ਼ਲਬੇ ਹੇਠ ਆ ਗਏ ਹਨ। ਸੋ, ਸਿੱਖਾਂ ਵਿਰੁਧ ਅੰਗਰੇਜ਼ਾਂ ਦਾ ਸਾਥ ਦੇਣ ਵਾਲੇ ਕਬਾਇਲੀਆਂ ਨੇ 1857 ਦੇ ਗ਼ਦਰ ਵੇਲੇ ਅੰਗਰੇਜ਼ਾਂ ਵਿਰੁੱਧ ਬਗਾਵਤ ਕਰ ਦਿੱਤੀ।
ਸਿੱਖਾਂ ਦੇ ਰਾਜ ਪਸਾਰੇ ਸਮੇਂ ਹੀ ਅੰਗਰੇਜ਼ ਬਸਤਾਨ ਭਾਰਤ ਉੱਤੇ ਕਾਬਜ਼ ਹੋ ਰਹੇ ਸਨ। ਮੁਕਾਮੀ ਲੋਕ ਅਤੇ ਰਿਆਸਤਾਂ ਅੰਗਰੇਜ਼ ਬਸਤਾਨਾਂ ਦੀ ਲੁੱਟ ਵਿਰੁਧ ਬਣਦੀ ਜਦੋ-ਜਹਿਦ ਵਿਚ ਲੱਗੇ ਹੋਏ ਸਨ। ਨਵਾਬ ਸਿਰਾਜੂਦੌਲਾ ਅਤੇ ਟੀਪੂ ਸੁਲਤਾਨ ਵਰਗੇ ਸ਼ਾਸਕ ਅੰਗਰੇਜ਼ਾਂ ਨੂੰ ਟੱਕਰ ਦਿੰਦੇ ਹੋਏ ਰਾਜ ਗੁਆ ਬੈਠੇ ਸਨ। ਅੰਗਰੇਜ਼ਾਂ ਵਿਰੁਧ ਸਾਂਝੇ ਮੋਰਚੇ ਦਾ ਸਬੱਬ ਨਹੀਂ ਬਣ ਸਕਿਆ ਸੀ ਕਿਉਂਕਿ ਆਪਸੀ ਪਾਟੋ-ਧਾੜ, ਬੇਇਤਬਾਰੀ ਅਤੇ ਵੱਖਰੇ ਵੱਖਰੇ ਲੜਨ ਦੀ ਹਾਲਤ ਹਾਰ ਦਾ ਕਾਰਨ ਬਣੀ ਹੋਈ ਸੀ। ਸਾਂਝੇ ਦੁਸ਼ਮਣ ਦੀ ਨਿਸ਼ਾਨਦੇਹੀ ਕਰਨ ਦੀ ਥਾਂ ਆਪਸੀ ਦੁਸ਼ਮਣੀ ਦਾ ਰੁਝਾਨ ਜ਼ੋਰਾਂ ਉੱਤੇ ਸੀ। ਅੰਗਰੇਜ਼ ਬਸਤਾਨਾਂ ਵਿਰੁਧ ਜਦੋ-ਜਹਿਦ ਦੀ ਲੰਮੀ ਲੜੀ ਵਿਚ 1857 ਦਾ ਗ਼ਦਰ ਅਹਿਮ ਘਟਨਾ ਸੀ ਜਿਹਨੇ ਘੱਟੋ-ਘੱਟ ਸਾਂਝੇ ਦੁਸ਼ਮਣ ਦੀ ਨਿਸ਼ਾਨਦੇਹੀ ਕਰਨ ਵਿਚ ਮਦਦ ਕੀਤੀ। ਇਸ ਗ਼ਦਰ ਨੇ ਕੌਮਾਂਤਰੀ ਪੱਧਰ ਉੱਤੇ ਹੋਂਦ ਦਰਜ ਕਰਵਾਈ। ਸੰਨ 1849 ਵਿਚ ਪੰਜਾਬ ਉੱਤੇ ਅੰਗਰੇਜ਼ਾਂ ਦਾ ਮੁਕੰਮਲ ਕਬਜ਼ਾ ਹੋ ਚੁੱਕਿਆ ਸੀ। ਦੂਜੀ ਸਿੱਖ-ਅੰਗਰੇਜ਼ ਜੰਗ ਹਾਰਨ ਤੋਂ ਬਾਅਦ ਭਾਈ ਮਹਾਰਾਜ ਸਿੰਘ ਅੰਗਰੇਜ਼ਾਂ ਦਾ ਫਸਤਾ ਵੱਢਣ ਲਈ ਹਥਿਆਰਬੰਦ ਜਦੋ-ਜਹਿਦ ਕਰ ਰਹੇ ਸਨ। ਕਈ ਇਤਿਹਾਸਕਾਰ ਭਾਈ ਸਾਹਿਬ ਦੇ ਹੰਭਲਿਆਂ ਨੂੰ ਬਸਤਾਨਾਂ ਵਿਰੁਧ ਪਹਿਲੀ ਕੋਸ਼ਿਸ਼ ਦੇ ਤੌਰ ਉੱਤੇ ਦੇਖਦੇ ਹਨ। ਭਾਈ ਮਹਾਰਾਜ ਸਿੰਘ, ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਡੇਰੇ ਨਾਲ ਸੰਬੰਧਤ ਸਨ। ਬੀਰ ਸਿੰਘ ਨੌਰੰਗਾਬਾਦੀ ਨੂੰ ਲਾਹੌਰ ਦਰਬਾਰ ਦੀਆਂ ਸਿੱਖ ਫ਼ੌਜਾਂ ਨੇ ਕਤਲ ਕਰ ਦਿੱਤਾ ਸੀ। ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚ ਇਸ ਵਾਕਿਆ ਦਾ ਜ਼ਿਕਰ ਮਿਲਦਾ ਹੈ।
ਸਿੰਘ ਸਾਰਿਆਂ ਨੇ ਬੈਠ ਗੁਰਮਤਾ ਕੀਤਾ
ਚਲੋ ਜਾਏ ਫ਼ਰੰਗੀ ਨੂੰ ਮਾਰੀਏ ਜੀ
ਇੱਕ ਵਾਰ ਜੇ ਸਾਹਮਣੇ ਹੋਇ ਸਾਡੇ
ਇੱਕ ਘੜੀ ਵਿਚ ਪਾਰ ਉਤਾਰੀਏ ਜੀ
ਭਾਈ ਬੀਰ ਸਿੰਘ ਜਿਹੇ ਅਸਾਂ ਨਹੀਂ ਛੱਡੇ
ਅਸੀਂ ਕਦੀ ਨਾ ਉਸ ਤੋਂ ਹਾਰੀਏ ਜੀ
ਸ਼ਾਹ ਮੁਹੰਮਦਾ ਮਾਰ ਕੇ ਲੁਧਿਆਣਾ
ਫ਼ੌਜਾਂ ਦਿੱਲੀ ਦੇ ਵਿਚ ਉਤਾਰੀਏ ਜੀ
#
ਪੈਂਚ ਲਿਖਦੇ ਸਾਰੀਆਂ ਪੜਤਲਾਂ ਦੇ
ਸਾਡੀ ਅੱਜ ਹੈ ਵੱਡੀ ਚਲੰਤ ਮੀਆਂ
ਬੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ
ਨਹੀਂ ਛੱਡਿਆ ਸਾਧ ਤੇ ਸੰਤ ਮੀਆਂ
ਅਸਾਂ ਮਾਰੇ ਚੌਫੇਰੇ ਦੇ ਕਿਲ੍ਹੇ ਭਾਰੇ
ਅਸਾਂ ਮਾਰਿਆ ਕੁਲੂ ਭਟੰਤ ਮੀਆਂ
ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ
ਜਿਹੜੀ ਕਰੇਗਾ ਖ਼ਾਲਸਾ ਪੰਥ ਮੀਆਂ
ਬੀਰ ਸਿੰਘ ਦੀ ਸ਼ਹੀਦੀ ਤੋਂ ਬਾਅਦ ਭਾਈ ਮਹਾਰਾਜ ਸਿੰਘ ਡੇਰੇ ਦੇ ਮੁਖੀ ਬਣੇ। ਬੀਰ ਸਿੰਘ ਦਾ ਡੇਰਾ ਧਾਰਮਿਕ ਡੇਰੇ ਤੋਂ ਅਗਾਂਹ ਫ਼ੌਜੀ ਅੱਡੇ ਵਰਗਾ ਸੀ ਜਿਹਦੇ ਵਿਚ 3000 ਘੋੜ-ਸਵਾਰ ਅਤੇ 1200 ਬੰਦੂਕਧਾਰੀ ਸ਼ਾਮਲ ਸਨ। ਇਹ ਡੇਰਾ ਸਿਆਸੀ ਪਨਾਹਗੀਰਾਂ ਦੀ ਠਾਹਰ ਸੀ ਅਤੇ ਡੋਗਰਿਆਂ ਦੇ ਗ਼ਲਬੇ ਦੇ ਵਿਰੋਧ ਦਾ ਕੇਂਦਰ ਸੀ। ਦੂਜੀ ਸਿੱਖ-ਅੰਗਰੇਜ਼ ਜੰਗ ਵਿਚ ਭਾਈ ਸਾਹਿਬ ਨੇ ਸਭ ਤੋਂ ਪਹਿਲਾਂ ਮੁਲਤਾਨ ਦੇ ਦੀਵਾਨ ਮੂਲ ਰਾਜ ਅਤੇ ਫਿਰ ਰਾਜਾ ਸ਼ੇਰ ਸਿੰਘ ਦਾ ਅੰਗਰੇਜ਼ਾਂ ਵਿਰੁਧ ਸਾਥ ਦਿੱਤਾ ਸੀ। ਉਨ੍ਹਾਂ ਨੇ ਰਾਮਨਗਰ, ਚਿੱਲੀਆਂਵਾਲੀ ਅਤੇ ਗੁਜਰਾਤ ਦੀਆਂ ਲੜਾਈਆਂ ਵਿਚ ਸਿੱਖ ਫ਼ੌਜਾਂ ਦਾ ਸਾਥ ਦਿੱਤਾ। ਜੰਗ ਵਿਚ ਵੱਡੇ ਪੰਜਾਬੀ ਜਰਨੈਲ ਫੜੇ ਜਾਂ ਮਾਰੇ ਗਏ ਪਰ ਭਾਈ ਸਾਹਿਬ ਅੰਗਰੇਜ਼ਾਂ ਦੇ ਹੱਥ ਨਹੀਂ ਆਏ। ਭਾਈ ਸਾਹਿਬ ਕਿਹਾ ਕਰਦੇ ਸਨ, “ਛੇਤੀ ਹੀ ਕੌਮੀ ਜੰਗ ਲੱਗਣ ਵਾਲੀ ਹੈ ਅਤੇ ਸੱਚੇ ਸਿੱਖਾਂ ਨੂੰ ਉਸ ਦਿਨ ਲਈ ਤਿਆਰ ਰਹਿਣਾ ਪਵੇਗਾ।” ਆਦਮਪੁਰ ਦੀ ਝਿੜੀ ਵਿਚੋਂ ਭਾਈ ਸਾਹਿਬ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੰਘਰਸ਼ ਮੱਠਾ ਪੈ ਗਿਆ। ਸੰਨ 1856 ਵਿਚ ਸਿੰਗਾਪੁਰ ਦੀ ਜੇਲ੍ਹ ਵਿਚ ਭਾਈ ਸਾਹਿਬ ਸਦੀਵੀ ਵਿਛੋੜਾ ਦੇ ਗਏ। ਭਾਈ ਸਾਹਬ ਦੇ ਵਿਛੋੜੇ ਤੋਂ ਸਾਲ ਬਾਅਦ ਸੰਨ 1857 ਦਾ ਗ਼ਦਰ ਫੁੱਟ ਪਿਆ। ਉੱਤਰ ਪ੍ਰਦੇਸ਼ ਦਾ ਖਿੱਤਾ ਅਤੇ ਗੰਗਾ ਦੇ ਮੈਦਾਨ ਗ਼ਦਰ ਦਾ ਕੇਂਦਰ ਬਣੇ ਜਿਨ੍ਹਾਂ ਨੂੰ ਅਸੀਂ ਪੂਰਬੀਆਂ ਦੀ ਧਰਤੀ ਕਹਿੰਦੇ ਹਾਂ। ਪੰਜਾਬ ਵਿਚ ਤਾਇਨਾਤ ਅੰਗਰੇਜ਼ੀ ਫ਼ੌਜ ਦੇ ਪੂਰਬੀ ਫ਼ੌਜੀਆਂ ਨੇ ਅੰਗਰੇਜ਼ ਬਸਤਾਨਾਂ ਵਿਰੁਧ ਬਗਾਵਤ ਕੀਤੀ। ਇਸ ਤੋਂ ਬਿਨਾਂ ਉੱਤਰੀ-ਪੱਛਮੀ ਸਰਹੱਦੀ ਸੂਬੇ ਵਿਚ ਕਬਾਇਲੀਆਂ ਨੇ ਬਗਾਵਤ ਦਾ ਝੰਡਾ ਬੁਲੰਦ ਕੀਤਾ ਜਿਹਨੂੰ ਮੁਰੇ ਬਗਾਵਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਸਤਵੰਜਾ ਦੇ ਗ਼ਦਰ ਵਿਚ ਅੰਗਰੇਜ਼ਾਂ ਵਿਰੁਧ ਬਗਾਵਤ ਕਰਨ ਵਾਲੇ ‘ਪੂਰਬੀਏ’ ਅਤੇ ਕਬਾਇਲੀ ਕਿਹਦੀ ਧਿਰ ਬਣਦੇ ਸਨ? ਅੰਗਰੇਜ਼ ਬਸਤਾਨਾਂ ਵਿਰੁਧ ਭਾਈ ਸਾਹਿਬ ਦੀ ਨਾਬਰੀ ਅਤੇ ‘ਪੂਰਬੀਆਂ’ ਅਤੇ ਕਬਾਇਲੀਆਂ ਦੀ ਬਗਾਵਤ ਵਿਚ ਕੋਈ ਸਾਂਝ ਬਣਦੀ ਹੈ? ਕੀ ਬਾਗੀ ‘ਪੂਰਬੀਏ’ ਅਤੇ ਕਬਾਇਲੀ ਭਾਈ ਮਹਾਰਾਜ ਸਿੰਘ ਦੇ ਸੰਘਰਸ਼ ਦੀ ਲਗਾਤਾਰਤਾ ਵਿਚ ਖੜ੍ਹੇ ਦਿਖਾਈ ਨਹੀਂ ਦਿੰਦੇ?
ਗ਼ੈਰ-ਪੰਜਾਬੀ ਬਾਗੀਆਂ ਉੱਤੇ ਦੋਸ਼ ਲਾਇਆ ਜਾਂਦਾ ਹੈ ਕਿ ਇਨ੍ਹਾਂ ਨੇ ਲਾਹੌਰ ਦਰਬਾਰ ਵਿਰੁਧ ਲੜਾਈ ਵਿਚ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਲਾਹੌਰ ਦਰਬਾਰ ਵਿਰੁਧ ਅੰਗਰੇਜ਼ਾਂ ਦਾ ਸਾਥ ਦੇਣ ਵਾਲੀਆਂ ਸਿੱਖ ਰਿਆਸਤਾਂ ਵੀ ਸਨ ਅਤੇ ਲਾਹੌਰ ਦਰਬਾਰ ਦੀ ਫ਼ੌਜ ਵਿਚ ਉੱਤਰ-ਕੇਂਦਰੀ ਭਾਰਤ ਦੇ ਪੂਰਬੀ ਲੋਕ ਵੀ ਸ਼ਾਮਲ ਸਨ। ਕੀ ਇਸ ਤਰਕ ਨਾਲ ਕਿਸੇ ਤੋਂ ਬਹਾਲੀ ਦਾ ਹੱਕ ਖੋਹਿਆ ਜਾ ਸਕਦਾ ਹੈ ਕਿ ਉਹ ਪਹਿਲਾਂ ਦੁਸ਼ਮਣਾਂ ਦਾ ਸਾਥ ਦੇ ਰਿਹਾ ਸੀ ਜਾਂ ‘ਜੁਝਾਰੂ’ ਧਿਰਾਂ ਦਾ ਪਾਲਾ ਛੱਡ ਗਿਆ ਸੀ? ‘ਜਦੋ ਜਾਗੋ ਉਦੋਂ ਸਵੇਰਾ’ ਪੰਜਾਬੀ ਦੀ ਮਸ਼ਹੂਰ ਕਹੌਤ ਹੈ। ਇਤਿਹਾਸ ਵਿਚ ਬੇਅੰਤ ਮਿਸਾਲਾਂ ਹਨ ਜਿੱਥੇ ਲੋਕਾਂ ਨੇ ਨਵੀਂ ਚੇਤਨਾ ਅਤੇ ਸੂਝ ਨਾਲ ਲੈਸ ਹੋ ਕੇ ਮਨੁੱਖੀ ਸਮਰੱਥਾ ਅਤੇ ਸ਼ਹਾਦਤ ਦੀਆਂ ਅਪਾਰ ਉਚਾਈਆਂ ਛੂਹੀਆਂ ਹਨ। ਅਨੰਦਪੁਰ ਸਾਹਿਬ ਦੇ ਘੇਰੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਜਾਣ ਵਾਲਿਆਂ ਨੇ ਖਿਦਰਾਣੇ ਦੀ ਢਾਬ ਉੱਤੇ ਬੇਦਾਵੇ ਪੜਵਾ ਕੇ ਚਾਲੀ ਮੁਕਤੇ ਹੋਣ ਦਾ ਮਾਣ ਹਾਸਲ ਕੀਤਾ ਸੀ। ਮੁਕਤਿਆਂ ਦੀ ਲਗਾਤਾਰਤਾ ਦਾ ਇਤਿਹਾਸ ਤਫ਼ਸੀਲ ਦੀ ਮੰਗ ਕਰਦਾ ਹੈ। ਗ਼ਦਰ ਲਹਿਰ ਦੇ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਗ਼ਦਰੀਆਂ ਦਾ ਮੁੱਖ ਪ੍ਰਚਾਰ ਹਿੰਦੀ ਫ਼ੌਜੀਆਂ ਵਿਚ ਸੀ ਜੋ ਅੰਗਰੇਜ਼ਾਂ ਵਲੋਂ ਲੜ ਰਹੇ ਸਨ। ਬਾਅਦ ਵਿਚ ਉਹ ਗ਼ਦਰੀਆਂ ਦੇ ਝੰਡੇ ਹੇਠ ਅੰਗਰੇਜ਼ਾਂ ਵਿਰੁਧ ਲੜੇ ਸਨ। ਬੱਬਰ ਕਿਸ਼ਨ ਸਿੰਘ ਗੜਗੱਜ ਅੰਗਰੇਜ਼ੀ ਫ਼ੌਜ ਦੀ ਨੌਕਰੀ ਕਰਦੇ ਸਨ। ਉਹ ਨੌਕਰੀ ਛੱਡ ਕੇ ਬੱਬਰ ਅਕਾਲੀ ਲਹਿਰ ਦੇ ਮੋਢੀ ਬਣੇ। ਕਈ ਡਾਕੂ ਬੱਬਰਾਂ ਦੇ ਅਸਰ ਹੇਠ ਕੌਮੀ ਮੁਕਤੀ ਲਹਿਰ ਦਾ ਹਿੱਸਾ ਬਣ ਗਏ। ਅੱਜ ਅਸੀਂ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਾਂ।
1857 ਦੇ ਗ਼ਦਰ ਨੂੰ ਇਸ ਦਲੀਲ ਨਾਲ ਰੱਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਬਗਾਵਤ ਰਾਜੇ-ਰਜਵਾੜਿਆਂ ਦੀ ਸੀ, ਪਰ ਲਾਹੌਰ ਦਰਬਾਰ ਦੀ ਅੰਗਰੇਜ਼ਾਂ ਵਿਰੁਧ ਦੂਜੀ ਜੰਗ ‘ਆਜ਼ਾਦੀ ਦੀ ਪਹਿਲੀ ਲੜਾਈ’ ਸੀ। ਜੇ ਸਤਵੰਜਾ ਦੇ ਗ਼ਦਰ ਨੂੰ ਰੱਦ ਕਰਨ ਦਾ ਇਹ ਉਘੜਵਾਂ ਤਰਕ ਹੈ ਤਾਂ ਇਹ ਤਰਕ ਲਾਹੌਰ ਦਰਬਾਰ ਦੇ ਇਤਿਹਾਸ ਉੱਤੇ ਵੀ ਲਾਗੂ ਹੋਣਾ ਚਾਹੀਦਾ ਹੈ। ਜੇ ਅਸੀਂ ਆਪਣੀ ਲੜਾਈ ਨੂੰ ‘ਆਜ਼ਾਦੀ ਦੀ ਜੰਗ’ ਮੰਨਦੇ ਹਾਂ, ਤਾਂ ਦੂਜੇ ਖਿੱਤੇ ਦੇ ਲੋਕਾਂ ਦੀ ਜਦੋ-ਜਹਿਦ ਨੂੰ ਵੀ ਆਜ਼ਾਦੀ ਦੀ ਲੜਾਈ ਵਜੋਂ ਮਾਨਤਾ ਦੇਣ ਦਾ ਜੇਰਾ ਦਿਖਾਉਣਾ ਪਵੇਗਾ। ਅਵਾਮ ਦੇ ਅੰਗਰੇਜ਼ ਬਸਤਾਨਾਂ ਵਿਰੁਧ ਗੁੱਸੇ ਅਤੇ ਜਦੋ-ਜਹਿਦ ਨੂੰ ‘ਰਾਜਿਆਂ ਦੀ ਬਗਾਵਤ’ ਦੇ ਖਾਤੇ ਪਾ ਕੇ ਮੂਲੋਂ ਖਾਰਜ ਨਹੀਂ ਕੀਤਾ ਜਾ ਸਕਦਾ। ਇਤਿਹਾਸ ਬਾਬਤ ਅਜਿਹੀ ਪਹੁੰਚ ਮੌਕਾਪ੍ਰਸਤੀ ਅਤੇ ਆਪੇ ਦੇ ਜਸ਼ਨ ਕਹਾਉਂਦੀ ਹੈ। ਸਟੈਨਲੇ ਵੋਲਪਰਟ ਕਿਤਾਬ ‘ਏ ਨਿਊ ਹਿਸਟਰੀ ਔਫ ਇੰਡੀਆ’ ਵਿਚ ਅੰਗਰੇਜ਼ਾਂ ਵਲੋਂ ਸਤਵੰਜਾ ਦੇ ਗ਼ਦਰ ਸਮੇਂ ਅਵਾਮ ਉੱਤੇ ਢਾਹੇ ਗਏ ਕਹਿਰ ਬਾਬਤ ਤਫ਼ਸੀਲ ਦਿੰਦਾ ਹੈ, “ਜਿਉਂ ਹੀ ਅੰਗਰੇਜ਼ਾਂ ਦੇ ਕਤਲਾਂ ਦੀ ਪਹਿਲੀ ਖ਼ਬਰ ਲਾਹੌਰ, ਪਿਸ਼ਾਵਰ, ਸ਼ਿਮਲਾ ਅਤੇ ਕਲਕੱਤੇ ਪਹੁੰਚੀ ਤਾਂ ਵਹਿਸ਼ੀ ਨਸਲੀ ਹਿੰਸਾ ਫੁੱਟ ਪਈ। ਵਾਨਟਨ ਨੇ ਬੇਕਸੂਰ ਪੇਂਡੂਆਂ ਅਤੇ ਨਿਹੱਥੇ ਭਾਰਤੀਆਂ ਉੱਤੇ ਹਮਲੇ ਕੀਤੇ। ਇੱਥੋਂ ਤੱਕ ਕਿ ਆਪਣੇ ਘਰੇਲੂ ਨੌਕਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਗ਼ਦਰ ਦੇ ਦਿਨਾਂ ਵਿਚ ਭਾਰਤੀਆਂ ਉੱਤੇ ਨਸਲੀ ਹਿੰਸਾ ਨਿਤ ਦਿਨ ਦਾ ਦਸਤੂਰ ਬਣ ਗਿਆ ਸੀ।” ਇਨ੍ਹਾਂ ਹੀ ਸਮਿਆਂ ਵਿਚ ਗ਼ਦਰ ਨੂੰ ਦਬਾਉਣ ਲਈ ਪੰਜਾਬੀ ਫ਼ੌਜੀਆਂ ਨੇ ਅੰਗਰੇਜ਼ਾਂ ਦੀ ਭਰਪੂਰ ਮਦਦ ਕੀਤੀ ਸੀ। ਇਨ੍ਹਾਂ ਪੰਜਾਬੀ ਫ਼ੌਜੀਆਂ ਦੀ ਅੰਗਰੇਜ਼ਾਂ ਵਲੋਂ ਸਤੰਬਰ 1857 ਵਿਚ ਦਿੱਲੀ ਫ਼ਤਿਹ ਕਰਨ ਵਿਚ ਅਹਿਮ ਭੂਮਿਕਾ ਸੀ। ਜਾਹਨ ਲਾਰੈਂਸ ਦੀ ਅਗਵਾਈ ਵਿਚ ਪੰਜਾਬੀ ਫ਼ੌਜੀਆਂ ਨੇ ਬਾਗੀ ਗ਼ਦਰੀਆਂ ਦੇ ਖੂਬ ਆਹੂ ਲਾਹੇ ਸਨ। 1858 ਦੇ ਅੰਤ ਤੱਕ ਲਾਰੈਂਸ ਨੇ ਪੰਜਾਬੀ ਫ਼ੌਜੀਆਂ ਦੀ ਨਫ਼ਰੀ ਤੀਹ ਹਜ਼ਾਰ ਤੋਂ ਵਧਾ ਕੇ ਪਝੰਤਰ ਹਜ਼ਾਰ ਕਰ ਦਿੱਤੀ ਸੀ। ਅਹਿਮ ਨੁਕਤਾ ਇਹ ਹੈ ਕਿ ਅੰਗਰੇਜ਼ ਬਸਤਾਨਾਂ ਵਿਰੁਧ ਭਾਰਤ ਦੇ ਵੱਖਰੇ ਵੱਖਰੇ ਖਿੱਤਿਆਂ ਵਿਚ ਜੰਗ ਲੜੀ ਜਾ ਰਹੀ ਸੀ। ਅੰਗਰੇਜ਼ ਦੀ ਮੁੱਖ ਟੇਕ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਉੱਤੇ ਸੀ। ਪੂਰਬੀ ਸਿਪਾਹੀਆਂ ਨੂੰ ਪੰਜਾਬੀਆਂ ਵਿਰੁਧ ਝੋਕਿਆ ਜਾਂਦਾ ਸੀ ਅਤੇ ਪੰਜਾਬੀਆਂ ਨੂੰ ਪੂਰਬੀਆਂ ਵਿਰੁਧ। ਇਹੀ ਕੰਮ ਉਨ੍ਹਾਂ ਨੇ 1857 ਦੇ ਗ਼ਦਰ ਵਿਚ ਕੀਤਾ। ਅਸਲੀ ਦੁਸ਼ਮਣ ਦੀ ਨਿਸ਼ਾਨਦੇਹੀ ਕਰਨ ਦੀ ਥਾਂ ਇੱਕ-ਦੂਜੇ ਨੂੰ ਦੁਸ਼ਮਣ ਠਹਿਰਾਉਣ ਦਾ ਰੁਝਾਨ ਅੱਜ ਤੱਕ ਚਲਿਆ ਆਉਂਦਾ ਹੈ। ਇਤਿਹਾਸ ਪੇਚੀਦਾ ਮਸਲਾ ਹੈ, ਇਹ ਮਹਿਜ਼ ਤਰੀਕਾਂ, ਘਟਨਾਵਾਂ ਜਾਂ ਅੰਕੜਿਆਂ ਦਾ ਢੇਰ ਨਹੀਂ ਹੁੰਦਾ। ਜੇ ਕਿਸੇ ਨੂੰ ਇਤਿਹਾਸ ਦੀ ਖ਼ੋਜ ਕਰਨ ਜਾਂ ਉਹਦੇ ਉੱਤੇ ਟਿੱਪਣੀ ਕਰਨ ਦਾ ਮੌਕਾ ਮਿਲਿਆ ਹੈ, ਤਾਂ ਜ਼ਰੂਰੀ ਨਹੀਂ ਕਿ ਇਤਿਹਾਸ ਵਿਚੋਂ ਆਪੋ-ਆਪਣੇ ਮਨਭਾਉਂਦੇ ਹਿੱਸੇ ਨੂੰ ‘ਮਹਾਨ ਇਤਿਹਾਸ’ ਕਰਾਰ ਦੇ ਕੇ ਬਾਕੀ ਦੇ ਨੂੰ ਕੂੜ-ਕਬਾੜ ਸਾਬਤ ਕਰ ਦਿੱਤਾ ਜਾਵੇ। ਤੰਗ ਨਜ਼ਰੀਏ ਦੀ ਥਾਂ ਇਤਿਹਾਸਕ ਹਵਾਲਿਆਂ ਨੂੰ ਵਡੇਰੇ ਪ੍ਰਸੰਗਾਂ ਅਤੇ ਸਮੁੱਚਤਾ ਵਿਚ ਵੇਖਣ ਦਾ ਹੌਸਲਾ ਕਰਨਾ ਚਾਹੀਦਾ ਹੈ। ਘਟਨਾਵਾਂ ਨੂੰ ਸਿਰਫ਼ ਅਲਹਿਦਗੀ ਵਿਚ ਦੇਖਣਾ ਤੰਗ ਨਜ਼ਰੀਏ ਵੱਲ ਲੈ ਕੇ ਜਾਂਦਾ ਹੈ। ਜਦੋਂ ਅਸੀਂ ਸੰਨ 2014 ਵਿਚ 1857 ਦੇ ਸਮੇਂ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਵਧੇਰੇ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ। 1857 ਦੇ ਸਮਿਆਂ ਤੋਂ ਲੈ ਕੇ ਅੱਜ ਤੱਕ ਦੇ ਇਤਿਹਾਸ ਦਾ ਲੇਖਾ-ਜੋਖਾ ਸਾਨੂੰ ਕੀਮਤੀ ਸਬਕ ਪੜਾਉਂਦਾ ਹੈ। ਲੋਕਾਈ ਨੇ ਇਤਿਹਾਸ ਦੀ ਰੌਸ਼ਨੀ ਵਿਚ ਭਵਿੱਖ ਦੇ ਨਕਸ਼ ਘੜਨੇ ਹੁੰਦੇ ਹਨ। ਆਲਮੀ ਵਿਰਾਸਤ ਦੇ ਰੂਪ ਵਿਚ ਇਤਿਹਾਸਕ ਘਟਨਾਵਾਂ ਨੂੰ ਮਨੁੱਖਤਾ ਦੀ ਸਾਂਝੀ ਨਸਲ ਦੇ ਹਵਾਲੇ ਨਾਲ ਵੀ ਸਮਝਿਆ ਜਾ ਸਕਦਾ ਹੈ। ਮਨੁੱਖਤਾ ਦੀ ਖੁਸ਼ਹਾਲੀ ਦਾ ਰਾਹ ਸਾਂਝੀਵਾਲਤਾ ਦੇ ਵਿਚਾਰ ਨੇ ਪੱਧਰਾ ਕਰਨਾ ਹੈ। ਇਤਿਹਾਸ ਵਿਚ ਦੂਜੇ ਖਿੱਤਿਆਂ ਅਤੇ ਕੌਮਾਂ ਬਾਬਤ ਦੁਸ਼ਮਣੀ ਅਤੇ ਸਾਂਝ ਦੀਆਂ ਬਰਾਬਰ ਮਿਸਾਲਾਂ ਲੱਭੀਆਂ ਜਾ ਸਕਦੀਆਂ ਹਨ। ਅਹਿਮ ਸਵਾਲ ਇਹ ਰਹੇਗਾ ਕਿ ‘ਸਰਬੱਤ ਦੇ ਭਲੇ’ ਦੀ ਸੋਚ ਮੁਤਾਬਕ ਅਸੀਂ ਕਿਹੜੀਆਂ ਮਿਸਾਲਾਂ ਦੀ ਰੌਸ਼ਨੀ ਵਿਚ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਦੇਖਣਾ ਹੈ।

Be the first to comment

Leave a Reply

Your email address will not be published.