ਪਹਿਲੇ ਚੋਣ ਗੇੜ ਵਿਚ ਕਾਂਗਰਸੀ ਪਛੜੇ

ਕਾਂਗਰਸੀ ਆਗੂ ਚੋਟ ਨਗਾਰੇ ਲੱਗਣ ਤੋਂ ਪਹਿਲਾਂ ਹੀ ਪਿਛਾਂਹ ਹਟਣ ਲੱਗੇ?
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਵਿਚ ਕਾਂਗਰਸ ਨੂੰ ਛੱਡ ਬਾਕੀ ਸਾਰੇ ਦਲ ਪੂਰੀ ਤਰ੍ਹਾਂ ਮੈਦਾਨ ਵਿਚ ਕੁੱਦ ਪਏ ਹਨ। ਸੂਬੇ ਵਿਚ ਲੋਕ ਸਭਾ ਚੋਣਾਂ ਲਈ 30 ਅਪਰੈਲ ਨੂੰ ਵੋਟਾਂ ਪੈ ਰਹੀਆਂ ਹਨ। ਕਾਂਗਰਸ ਨੇ ਅਜੇ ਬਹੁਤੇ ਉਮੀਦਵਾਰਾਂ ਦਾ ਐਲਾਨ ਵੀ ਨਹੀਂ ਕੀਤਾ ਹੈ। ਪਤਾ ਲੱਗਾ ਹੈ ਕਿ ਪਾਰਟੀ, ਉਮੀਦਵਾਰਾਂ ਦਾ ਐਲਾਨ ਬੜਾ ਸੋਚ ਸਮਝ ਕੇ ਕਰ ਰਹੀ ਹੈ। ਇਹ ਵੀ ਸ਼ਾਇਦ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ ਕਿ ਕਈ ਹਲਕਿਆਂ ਵਿਚ ਉਮੀਦਵਾਰ ਬਣਨ ਲਈ ਕਾਂਗਰਸੀ ਆਗੂ ਹਿਚਕਚਾਹਟ ਵਿਖਾ ਰਹੇ ਹਨ। ਲੁਧਿਆਣਾ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਮੈਦਾਨ ਛੱਡ ਚੁੱਕੇ ਹਨ। ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਐਤਕੀਂ ਗੁਰਦਾਸਪੁਰ ਤੋਂ ਚੋਣ ਲੜਨ ਦੇ ਮੂਡ ਵਿਚ ਨਹੀਂ ਸਨ ਪਰ ਲੀਡਰਸ਼ਿਪ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਨਾਲ ਹੀ ਕਿਹਾ ਹੈ ਕਿ ਉਹ ਚੋਣ ਮੁਹਿੰਮ ਦੀ ਡਟ ਕੇ ਅਗਵਾਈ ਕਰਨ। ਇਸ ਵਾਰ ਵੀ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਹੀ ਹੈ ਪਰ ਆਮ ਆਦਮੀ ਪਾਰਟੀ (ਆਪ) ਗਿਣਤੀ-ਮਿਣਤੀ ਵਿਗਾੜ ਸਕਦੀ ਹੈ।
ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੀ ਭਾਈਵਾਲ ਭਾਜਪਾ ਨੇ ਸੂਬੇ ਦੇ ਸਾਰੇ 13 ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਚੋਣ ਪ੍ਰਚਾਰ ਵੀ ਪੂਰੀ ਤਰ੍ਹਾਂ ਮਘਾ ਲਿਆ ਹੈ। ਅਕਾਲੀ-ਭਾਜਪਾ ਗੱਠਜੋੜ ਬੇਸ਼ੱਕ ਕਾਫੀ ਹੌਸਲੇ ਵਿਚ ਹੈ ਪਰ ਇਤਿਹਾਸਕ ਸੱਚਾਈ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਹੋਈਆਂ 15 ਲੋਕ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਆਮ ਕਰ ਕੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਵਜੋਂ ਵਿਚਰਨ ਵਾਲੀ ਸਿਆਸੀ ਧਿਰ ਨੂੰ ਹੀ ਜ਼ਿਆਦਾ ਸੀਟਾਂ ਮਿਲਦੀਆਂ ਰਹੀਆਂ ਹਨ ਅਤੇ ਸੱਤਾਧਾਰੀ ਪ੍ਰਤੀ ਲੋਕਾਂ ਅੰਦਰ ਰੋਸ ਕਾਰਨ ਉਸ ਨੂੰ ਘੱਟ ਸੀਟਾਂ ਮਿਲਣ ਦੀ ਰਵਾਇਤ ਹੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਇਸ ਵਾਰ ਇਤਿਹਾਸ ਨੂੰ ਬਦਲਣ ਦੀ ਤਾਕ ਵਿਚ ਹੈ।
ਉਂਜ, ਇਸ ਵਾਰ ਪੂਰੇ ਦੇਸ਼ ਵਿਚ ਇਕ ਹੋਰ ਸਿਆਸੀ ਹਵਾ ਵਗ ਰਹੀ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਫਤਿਹ ਹਾਸਲ ਕਰ ਕੇ ਨਵੀਂ ਚਰਚਾ ਛੇੜ ਦਿੱਤੀ ਸੀ ਤੇ ਇਸ ਨੇ ਰਵਾਇਤੀ ਪਾਰਟੀਆਂ ਨੂੰ ਦੋਚਿੱਤੀ ਵਿਚ ਪਾਇਆ ਹੋਇਆ ਹੈ। ਆਮ ਬੰਦੇ ਨਾਲ ਜੁੜੇ ਮੁੱਦੇ ਉਠਾ ਕੇ ਆਮ ਆਦਮੀ ਪਾਰਟੀ ਨੇ ਵੀ ਸਿਆਸਤ ਵਿਚ ਖਾਸ ਥਾਂ ਬਣਾ ਲਈ ਹੈ। ਪਾਰਟੀ ਨੇ ਪੰਜਾਬ ਵਿਚ ਵੀ ਉਮੀਦਵਾਰ ਮੈਦਾਨ ਵਿਚ ਐਲਾਨੇ ਹਨ ਜਿਨ੍ਹਾਂ ਨੇ ਰਵਾਇਤੀ ਪਾਰਟੀਆਂ ਦਾ ਫਿਕਰ ਵਧਾ ਦਿੱਤਾ ਹੈ। ਇਸ ਲਈ ਆਮ ਆਦਮੀ ਪਾਰਟੀ ਸਿਆਸੀ ਸਮੀਕਰਨ ਬਦਲ ਸਕਦੀ ਹੈ।
ਪਿਛਾਂਹ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ 1997 ਦੌਰਾਨ ਬਣੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ 1999 ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਅੱਠ ਸੀਟਾਂ ਲੈਣ ਵਿਚ ਸਫ਼ਲ ਰਹੀ ਜਦੋਂਕਿ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ 2004 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਭਾਜਪਾ-ਗੱਠਜੋੜ 13 ਵਿਚੋਂ 11 ਸੀਟਾਂ ‘ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਿਚ ਸਫਲ ਰਿਹਾ। ਇਸੇ ਤਰ੍ਹਾਂ 2007 ਦੌਰਾਨ ਮੁੜ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਵਿਚ 2009 ਦੌਰਾਨ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਮੁੜ ਅੱਠ ਸੀਟਾਂ ਪ੍ਰਾਪਤ ਕਰਨ ਵਿਚ ਸਫਲ ਰਹੀ।
ਦੂਜੇ ਬੰਨੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿਸ ਢੰਗ ਨਾਲ ਪੰਜਾਬ ਦੇ ਵੋਟਰਾਂ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਲਗਾਤਾਰ ਦੂਜੀ ਵਾਰ ਸੱਤਾ ਵਿਚ ਲਿਆ ਕੇ ਇਤਿਹਾਸ ਸਿਰਜਿਆ ਹੈ, ਉਹ ਪੁਰਾਣੀਆਂ ਗਿਣਤੀਆਂ-ਮਿਣਤੀਆਂ ਨੂੰ ਲਾਂਭੇ ਕਰ ਸਕਦਾ ਹੈ। ਸਿਆਸੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ਅੰਦਰ ਜਦੋਂ ਵੀ ਕਾਂਗਰਸ ਦੀਆਂ ਸੀਟਾਂ ਘਟੀਆਂ ਹਨ ਤਾਂ ਇਸ ਦਾ ਸਿੱਧਾ ਲਾਭ ਅਕਾਲੀ ਦਲ ਨੂੰ ਪਹੁੰਚਿਆ ਹੈ। ਚੇਤੇ ਰਹੇ ਕਿ 1997 ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਵੱਲੋਂ ਕੀਤੇ ਗਏ ਗੱਠਜੋੜ ਸਦਕਾ ਅਕਾਲੀ-ਭਾਜਪਾ ਗੱਠਜੋੜ ਨੇ ਕਾਂਗਰਸ ਨੂੰ ਪੰਜਾਬ ਅੰਦਰ ਫਸਵੀਂ ਟੱਕਰ ਦਿੱਤੀ ਹੈ ਜਿਸ ਕਾਰਨ ਤਕਰੀਬਨ ਸਾਰੇ ਹਲਕਿਆਂ ਅੰਦਰ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਭਾਜਪਾ ਗੱਠਜੋੜ ਦਰਮਿਆਨ ਹੀ ਹੁੰਦਾ ਰਿਹਾ ਹੈ ਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਗਠਨ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਕਾਂਗਰਸ ਨਾਲ ਭਾਈਵਾਲੀ ਨੂੰ ਲੈ ਕੇ ਇਸ ਵਾਰ ਦੇ ਮੁਕਾਬਲੇ ਹੋਰ ਵੀ ਦਿਲਚਸਪ ਹੋਣ ਦੀ ਸੰਭਾਵਨਾ ਹੈ।
—————
ਬਸਪਾ ਦੀ ਚੂਲ
ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਵਿਚ ਇਸ ਵਾਰ ਵੀ ਇਕੱਲਿਆਂ ਚੋਣ ਮੈਦਾਨ ਵਿਚ ਨਿੱਤਰੀ ਹੈ ਜਿਸ ਨਾਲ ਸਿਆਸੀ ਸਮੀਕਰਨ ਹੋਰ ਪੇਚੀਦਾ ਬਣ ਸਕਦੇ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ ਬਸਪਾ ਦਾ ਕਿਸੇ ਨਾ ਕਿਸੇ ਪੱਧਰ ਉਤੇ ਕਾਂਗਰਸ ਨਾਲ ਤਾਲਮੇਲ ਹੋਣ ਕਰ ਕੇ ਕਾਂਗਰਸ ਦੀਆ ਜਿੱਤਾਂ ਲਈ ਰਾਹ ਪੱਧਰਾ ਹੋ ਜਾਂਦਾ ਸੀ, ਪਰ ਜਦੋਂ ਤੋਂ ਬਸਪਾ ਨੇ ਇਕੱਲਿਆਂ ਚੋਣ ਲੜਨ ਦਾ ਪੈਂਤੜਾ ਮੱਲਿਆ ਹੈ, ਇਸ ਦਾ ਸਭ ਤੋਂ ਵੱਧ ਨੁਕਸਾਨ ਕਾਂਗਰਸ ਨੂੰ ਹੁੰਦਾ ਆਇਆ ਹੈ। ਕੁਝ ਮਾਹਿਰਾਂ ਦਾ ਤਾਂ ਇਹ ਵੀ ਕਹਿਣਾ ਹੇ ਕਿ ਬਸਪਾ ਲੀਡਰਸ਼ਿਪ ਅਕਾਲੀਆਂ ਨਾਲ ਲੁਕਵੀਂ ਤਾਲਮੇਲ ਕਰ ਕੇ ਹੀ ਸਾਰੇ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕਰਦੀ ਹੈ। ਇਸ ਤਾਲਮੇਲ ਵਿਚ ਰੋਕੜ ਦੀ ਚਰਚਾ ਵੀ ਅਕਸਰ ਹੁੰਦੀ ਰਹਿੰਦੀ ਹੈ।

Be the first to comment

Leave a Reply

Your email address will not be published.