ਬੀਕਾਨੇਰ: ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਰਾਜਸਥਾਨ ਵਿਚ ਭੁੱਕੀ ਦੇ ਠੇਕੇਦਾਰਾਂ ਨੂੰ ਚਾਅ ਚੜ੍ਹ ਗਿਆ ਹੈ। ਖਾਸਕਰ ਪੰਜਾਬ ਤੇ ਹਰਿਆਣਾ ਦੀ ਹੱਦ ਨਾਲ ਲੱਗਦੇ ਭੁੱਕੀ ਦੇ ਠੇਕੇਦਾਰਾਂ ਨੂੰ ਇਸ ਵਾਰੀ ਵੱਡੀਆਂ ਉਮੀਦਾਂ ਹਨ। ਚੋਣਾਂ ਦੇ ਐਲਾਨ ਤੋਂ ਬਾਅਦ ਰਾਜਸਥਾਨ ਵਿਚ ਭੁੱਕੀ ਦੇ ਭਾਅ ਦੁੱਗਣੇ ਤੋਂ ਵੀ ਵੱਧ ਹੋ ਗਏ ਹਨ। ਪੰਜਾਬ ਤੇ ਹਰਿਆਣਾ ਵਿਚ ਜ਼ਿਆਦਾ ਪੋਸਤ ਰਾਜਸਥਾਨ ਵਿਚੋਂ ਹੀ ਸਪਲਾਈ ਹੁੰਦਾ ਹੈ।
ਪੰਜਾਬ ਦੀ ਹੱਦ ਨੇੜਲੇ ਭੁੱਕੀ ਦੇ ਠੇਕਿਆਂ ‘ਤੇ ਇਕ ਹਫ਼ਤੇ ਵਿਚ ਪ੍ਰਤੀ ਕਿਲੋ ਪੋਸਤ ਦੀ ਕੀਮਤ ਵਿਚ 400 ਤੋਂ 700 ਰੁਪਏ ਦਾ ਵਾਧਾ ਹੋ ਗਿਆ ਹੈ ਜਦੋਂ ਕਿ ਪੰਜਾਬ ਤੋਂ ਦੂਰ ਪੈਂਦੇ ਠੇਕਿਆਂ ‘ਤੇ ਕੀਮਤ ਵਿਚ ਤਿੰਨ ਸੌ ਤੋਂ ਪੰਜ ਸੌ ਰੁਪਏ ਦਾ ਵਾਧਾ ਹੋਇਆ ਹੈ। ਜ਼ਿਲ੍ਹਾ ਬੀਕਾਨੇਰ ਦੇ ਪਿੰਡ ਅਰਜਨਸਰ ਦੇ ਠੇਕੇ ਬਾਹਰ ਭੁੱਕੀ ਦਾ ਭਾਅ 27 ਫਰਵਰੀ ਤੋਂ 1000 ਰੁਪਏ ਪ੍ਰਤੀ ਕਿਲੋ ਹੋਣ ਦਾ ਬੋਰਡ ਲੱਗਾ ਹੈ। ਪੰਜਾਬ ਦੇ ਮਾਲਵਾ ਖ਼ਿੱਤੇ ਵਿਚ ਪੋਸਤ ਦੀ ਖਪਤ ਜ਼ਿਆਦਾ ਹੈ।
ਪੰਜਾਬ ਵਿਚ ਪਰਚੂਨ ਵਿਚ ਭੁੱਕੀ ਦੀ ਕੀਮਤ ਹੁਣ 1700 ਰੁਪਏ ਤੋਂ ਉਪਰ ਚਲੀ ਗਈ ਹੈ। ਰਾਜਸਥਾਨ ਸਰਕਾਰ ਵੱਲੋਂ ਪੋਸਤ ਦੀ ਸਰਕਾਰੀ ਕੀਮਤ 500 ਰੁਪਏ ਪ੍ਰਤੀ ਕਿਲੋ ਤੈਅ ਕੀਤੀ ਹੋਈ ਹੈ ਜਦੋਂ ਕਿ ਠੇਕੇਦਾਰ ਭੁੱਕੀ ਪਹਿਲਾਂ ਹੀ 700 ਰੁਪਏ ਪ੍ਰਤੀ ਕਿਲੋ ਵੇਚ ਰਹੇ ਸਨ। ਇਸ ਬਾਰੇ ਠੇਕੇਦਾਰਾਂ ਦਾ ਕਹਿਣਾ ਹੈ ਕਿ ਹੁਣ ਚੋਣਾਂ ਦਾ ਮੌਸਮ ਹੈ, ਜਿਸ ਕਾਰਨ ਪੰਜਾਬ ਤੇ ਹਰਿਆਣਾ ਵਿਚ ਭੁੱਕੀ ਦੀ ਮੰਗ ਵਧ ਗਈ ਹੈ।
ਅਰਜਨਸਰ ਦੇ ਭੁੱਕੀ ਦੇ ਠੇਕੇ ਤੋਂ ਜ਼ਿਆਦਾ ਸਪਲਾਈ ਟਰੱਕਾਂ ਵਾਲੇ ਲੈਂਦੇ ਹਨ। ਇਥੇ ਭੁੱਕੀ ਦੀ ਕੀਮਤ 700 ਤੋਂ 1000 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਅਬੋਹਰ ਨੇੜਲੇ ਰਾਜਸਥਾਨੀ ਮਾਲਾ ਰਾਮਪੁਰਾ ਠੇਕੇ ‘ਤੇ ਭੁੱਕੀ 1200 ਰੁਪਏ ਮਿਲਣ ਲੱਗੀ ਹੈ ਜਦੋਂ ਕਿ ਹਲਕਾ ਲੰਬੀ ਨਾਲ ਲੱਗਦੇ ਹਰੀਪੁਰਾ ਦੇ ਭੁੱਕੀ ਦੇ ਠੇਕੇ ‘ਤੇ ਕੀਮਤ 1400 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਈ ਹੈ। ਸੰਗਰੀਆ ਠੇਕੇ ‘ਤੇ ਭੁੱਕੀ 1300 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਠੇਕੇਦਾਰਾਂ ਨੇ ਦੱਸਿਆ ਕਿ ਪਹਿਲੀ ਅਪਰੈਲ ਤੋਂ ਨਵੀਆਂ ਫਰਮਾਂ ਕੋਲ ਕਾਰੋਬਾਰ ਆ ਜਾਣਾ ਹੈ ਤੇ ਉਪਰੋਂ ਚੋਣਾਂ ਹਨ ਜਿਸ ਕਰਕੇ ਪੋਸਤ ਦੇ ਭਾਅ ਇਕ ਦਮ ਵਧੇ ਹਨ। ਵੱਡੇ ਤਸਕਰਾਂ ਵੱਲੋਂ ਚੋਣਾਂ ਵਿਚ ਖਾਸ ਕਰਕੇ ਮਾਲਵਾ ਖ਼ਿੱਤੇ ਦੇ ਪਿੰਡਾਂ ਵਿਚ ਭੁੱਕੀ ਦੀਆਂ ਖੇਪਾਂ ਭੇਜੀਆਂ ਜਾਂਦੀਆਂ ਹਨ ਤਾਂ ਜੋ ਵੋਟਰ ਨੂੰ ਨਸ਼ੇ ਵੰਡੇ ਜਾ ਸਕਣ। ਆਗੂਆਂ ਵੱਲੋਂ ਕੁਰਸੀ ਖਾਤਰ ਹਰ ਤਰ੍ਹਾਂ ਦੇ ਹੱਥ-ਕੰਡੇ ਵਰਤੇ ਜਾਂਦੇ ਹਨ।
ਇਨ੍ਹਾਂ ਦਿਨਾਂ ਵਿਚ ਪੰਜਾਬ ਤੋਂ ਵੱਡੀ ਗਿਣਤੀ ਵਿਚ ਕੰਬਾਇਨਾਂ ਤੇ ਰੀਪਰ ਗੁਜਰਾਤ ਤੇ ਮੱਧ ਪ੍ਰਦੇਸ਼ ਵਿਚ ਫਸਲ ਦੀ ਕਟਾਈ ਵਾਸਤੇ ਜਾ ਰਹੇ ਹਨ। ਜਿਧਰ ਦੀ ਇਹ ਲੰਘਦੇ ਹਨ, ਉਨ੍ਹਾਂ ਸੜਕਾਂ ‘ਤੇ ਪੈਂਦੇ ਠੇਕਿਆਂ ‘ਤੇ ਭੁੱਕੀ ਦੀ ਸੇਲ ਵੱਧ ਗਈ ਹੈ। ਰਾਜਸਥਾਨ ਵਿਚ ਦੋ ਵਰ੍ਹਿਆਂ ਵਿਚ 160 ਕਰੋੜ ਰੁਪਏ ਦੀ ਭੁੱਕੀ ਦੀ ਗ਼ੈਰਕਾਨੂੰਨੀ ਵਿਕਰੀ ਹੋਈ ਹੈ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੀ ਰਗੜਾ ਲੱਗਾ ਹੈ।
ਰਾਜਸਥਾਨ ਦੀ ਅਸੈਂਬਲੀ ਵਿਚ 27 ਅਗਸਤ, 2013 ਨੂੰ ਪੇਸ਼ ਹੋਈ ਆਡਿਟ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ। ਨਿਯਮਾਂ ਮੁਤਾਬਕ ਠੇਕਿਆਂ ਤੋਂ ਭੁੱਕੀ ਦੀ ਸਪਲਾਈ ਸਿਰਫ਼ ਰਾਜਸਥਾਨ ਦੇ ਕਾਰਡ ਹੋਲਡਰਾਂ ਨੂੰ ਹੋ ਸਕਦੀ ਹੈ, ਜਿਨ੍ਹਾਂ ਦੀ ਗਿਣਤੀ ਤਕਰੀਬਨ 22 ਹਜ਼ਾਰ ਹੈ ਪਰ ਜ਼ਿਆਦਾ ਪੋਸਤ ਦੋ ਨੰਬਰ ਵਿਚ ਵੇਚ ਦਿੱਤਾ ਜਾਂਦਾ ਹੈ। ਲਾਇਸੈਂਸੀ ਕਾਸ਼ਤਕਾਰਾਂ ਤੋਂ ਠੇਕੇਦਾਰ ਭੁੱਕੀ 129 ਰੁਪਏ (ਸਰਕਾਰੀ ਭਾਅ) ਵਿਚ ਖਰੀਦ ਸਕਦੇ ਹਨ ਅਤੇ ਪੰਜ ਸੌ ਰੁਪਏ ਪ੍ਰਤੀ ਕਿਲੋ ਵੇਚ ਸਕਦੇ ਹਨ।
ਉਧਰ ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਤੇ ਰਾਜਸਥਾਨ ਦੀਆਂ ਹੱਦਾਂ ‘ਤੇ ਵਿਸ਼ੇਸ਼ ਨਾਕੇਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਸੂਬਿਆਂ ਤੋਂ ਨਸ਼ਿਆਂ ਦੀ ਸਪਲਾਈ ਰੋਕੀ ਜਾ ਸਕੇ। ਰਾਜਸਥਾਨ ਵਿਚੋਂ ਨਸ਼ਿਆਂ ਦੀ ਤਸਕਰੀ ਰੋਕਣ ਵਾਸਤੇ ਪਿੰਡ ਕੰਦੂਖੇੜਾ ਵਿਚ ਪੱਕਾ ਪੁਲਿਸ ਨਾਕਾ ਲਾਇਆ ਗਿਆ ਹੈ।
____________________________________________
ਨਸ਼ਿਆਂ ਦੀ ਪੂਰਤੀ ਖਾਤਰ ਪਰਦੇਸੀ ਹੋ ਗਏ ਪੰਜਾਬ ਦੇ ਅਮਲੀ
ਚੰਡੀਗੜ੍ਹ: ਪੰਜਾਬ ਵਿਚ ਭੁੱਕੀ ਦੀ ਤੋਟ ਕਾਰਨ ਸੂਬੇ ਦੇ ਸੈਂਕੜੇ ਨਸ਼ਈਆਂ ਨੇ ਰਾਜਸਥਾਨ ਵਿਚ ਪੱਕੇ ਡੇਰੇ ਲਾਏ ਹੋਏ ਹਨ। ਰਾਜਸਥਾਨ ਦਾ ਹਨੂੰਮਾਨਗੜ੍ਹ ਜ਼ਿਲ੍ਹਾ ਅਮਲੀਆਂ ਦਾ ਕੈਂਪ ਬਣਿਆ ਹੋਇਆ ਹੈ। ਜ਼ਿਲ੍ਹਾ ਗੰਗਾਨਗਰ ਤੇ ਹਨੂੰਮਾਨਗੜ੍ਹ ਦੇ ਦਰਜਨਾਂ ਪਿੰਡਾਂ ਵਿਚ ਪੰਜਾਬੀ ਲੋਕ ਸਿਰਫ਼ ਭੁੱਕੀ ਪੋਸਤ ਕਰਕੇ ਰਹਿ ਰਹੇ ਹਨ। ਇਹ ਪੰਜਾਬੀ ਲੋਕ ਰਾਜਸਥਾਨੀ ਪਿੰਡਾਂ ਵਿਚ ਦਿਹਾੜੀਆਂ ਕਰਦੇ ਹਨ।
ਪੰਜਾਬ-ਰਾਜਸਥਾਨ ਸਰਹੱਦ ‘ਤੇ ਪੈਂਦੇ ਹਰੀਪੁਰਾ ਪਿੰਡ ਵਿਚ ਦਰਜਨਾਂ ਪੰਜਾਬੀ ਠਹਿਰੇ ਹੋਏ ਹਨ। ਇਸ ਪਿੰਡ ਦੀ ਗਊਸ਼ਾਲਾ ਵਿਚ ਇਹ ਅਮਲੀ ਦਿਹਾੜੀ ਕਰਦੇ ਹਨ। ਇਥੇ ਡੇਰੇ ਲਾਈ ਬੈਠੇ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ 150 ਰੁਪਏ ਦਿਹਾੜੀ ਦੇ ਮਿਲਦੇ ਹਨ ਜਿਨ੍ਹਾਂ ਨਾਲ ਉਹ ਠੇਕੇ ਤੋਂ ਭੁੱਕੀ ਖਰੀਦ ਲੈਂਦੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਇਥੇ ਭੁੱਕੀ ਖੁੱਲ੍ਹੀ ਮਿਲਦੀ ਹੈ ਤੇ ਕੋਈ ਰੋਕ ਟੋਕ ਨਹੀਂ ਜਿਸ ਕਰਕੇ ਉਨ੍ਹਾਂ ਇਥੇ ਰਹਿਣਾ ਸ਼ੁਰੂ ਕਰ ਦਿੱਤਾ ਹੈ। ਉਹ ਪਿੱਛੇ ਆਪਣੇ ਪਰਿਵਾਰ ਨੂੰ ਕੁਝ ਪੈਸੇ ਵੀ ਭੇਜ ਦਿੰਦੇ ਹਨ। ਇਸ ਪਿੰਡ ਵਿਚ ਭੁੱਕੀ ਦਾ ਸਰਕਾਰੀ ਠੇਕਾ ਹੈ ਜਿਥੋਂ ਇਹ ਲੋਕ ਨਸ਼ਾ ਲੈਂਦੇ ਹਨ।
ਇਥੋਂ ਦੇ ਜੱਦੀ ਵਸਨੀਕਾਂ ਮੁਤਾਬਕ ਪੰਜਾਬ ਦੇ ਚਾਰ ਅਮਲੀ ਇਸ ਪਿੰਡ ਵਿਚ ਆਪਣੀ ਜਾਨ ਵੀ ਗੁਆ ਬੈਠੇ ਹਨ। ਪਿੰਡ ਦੇ ਲੋਕਾਂ ਨੇ ਹੀ ਉਨ੍ਹਾਂ ਦਾ ਸਸਕਾਰ ਕੀਤਾ ਹੈ। ਹਾਲੇ 20 ਦਿਨ ਪਹਿਲਾਂ ਹੀ ਪੰਜਾਬ ਦੇ ਇਕ ਅਮਲੀ ਦਾ ਸਸਕਾਰ ਪਿੰਡ ਵਾਲਿਆਂ ਨੇ ਕੀਤਾ ਹੈ। ਇਸ ਪਿੰਡ ਦੇ ਗੁਰੂ ਘਰ ਵਿਚ ਵੀ ਕਈ ਅਮਲੀ ਪੱਕੇ ਠਹਿਰੇ ਹੋਏ ਹਨ। ਇਹ ਅਮਲੀ ਪਿੰਡ ਵਿਚੋਂ ਡਾਲੀ ਮੰਗ ਕੇ ਲਿਆਉਂਦੇ ਹਨ। ਨਾਲ ਹੀ ਪੈਂਦੇ ਪਿੰਡ ਢਾਬਾਂ ਵਿਚ ਵੀ ਕਈ ਅਮਲੀ ਰਹਿ ਰਹੇ ਹਨ। ਪਿੰਡ ਢਾਬਾਂ ਵਿਚ ਵੀ ਭੁੱਕੀ ਦਾ ਠੇਕਾ ਹੈ।
ਸੰਗਰੀਆਂ ਮੰਡੀ ਵਿਚ ਤਾਂ ਦਰਜਨਾਂ ਪੰਜਾਬੀ ਪੱਕੇ ਰਹਿ ਰਹੇ ਹਨ। ਇਸ ਮੰਡੀ ਦੇ ਭੁੱਕੀ ਦੇ ਠੇਕੇ ‘ਤੇ ਮਿਲੇ ਦੋ ਅਮਲੀਆਂ ਨੇ ਆਪਣਾ ਪਤਾ ਟਿਕਾਣਾ ਤਾਂ ਨਹੀਂ ਦੱਸਿਆ ਪਰ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਚੰਗੀ ਪੈਲੀ ਸੀ ਜੋ ਨਸ਼ਿਆਂ ਵਿਚ ਹੀ ਚਲੀ ਗਈ ਹੈ। ਉਹ ਸੰਗਰੀਆਂ ਵਿਚ ਛੋਟਾ-ਮੋਟਾ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਰਾਜਸਥਾਨ ਦੇ ਸਾਦੁਲ ਸ਼ਹਿਰ ਤੇ ਪਿੰਡ ਮਾਲਾ ਰਾਮਪੁਰਾ ਵਿਚ ਵੀ ਕਾਫ਼ੀ ਪੰਜਾਬੀ ਲੋਕ ਪੱਕੇ ਤੌਰ ‘ਤੇ ਵੀ ਰਹਿ ਰਹੇ ਹਨ।
ਪੰਜਾਬ ਰਾਜਸਥਾਨ ਹੱਦ ‘ਤੇ ਪੈਂਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਕੰਦੂਖੇੜਾ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਤਾਂ ਅਮਲੀਆਂ ਦਾ ਲਾਂਘਾ ਬਣੇ ਹੋਏ ਹਨ ਜਿਸ ਕਰਕੇ ਫਸਲਾਂ ਦਾ ਨੁਕਸਾਨ ਵੀ ਹੁੰਦਾ ਹੈ। ਭੁੱਕੀ ਖਾਤਰ ਬਹੁਤੇ ਰਾਜਸਥਾਨੀ ਪਿੰਡਾਂ ਵਿਚ ਪੰਜਾਬ ਦੇ ਇਹ ਲੋਕ ਵੱਸ ਗਏ ਹਨ ਜਿਨ੍ਹਾਂ ਕਰਕੇ ਭੁੱਕੀ ਦੇ ਠੇਕੇਦਾਰਾਂ ਨੂੰ ਚੰਗੀ ਕਮਾਈ ਵੀ ਹੋ ਰਹੀ ਹੈ ਕਿਉਂਕਿ ਇਹ ਪੰਜਾਬੀ ਲੋਕ ਉਨ੍ਹਾਂ ਦੇ ਪੱਕੇ ਗਾਹਕ ਹਨ। ਪੀਲੀਆਂ ਬੰਗਾਂ ਵਿਚ ਭੁੱਕੀ ਦੇ ਠੇਕੇ ਦੇ ਆਸ-ਪਾਸ ਪੈਂਦੇ ਕਈ ਢਾਬਿਆਂ ‘ਤੇ ਪੰਜਾਬ ਦੇ ਅਮਲੀ ਵੀ ਮਜ਼ਦੂਰੀ ਕਰ ਰਹੇ ਹਨ।
___________________________________________
ਭਾਰਤ ਚੰਦਰੇ ਗੁਆਂਢੀਆਂ ਤੋਂ ਦੁਖੀ
ਵਿਆਨਾ: ਗੁਆਂਢੀ ਮੁਲਕਾਂ ਵਿਚ ਅਫ਼ੀਮ ਤੇ ਡੋਡਿਆਂ ਦੀ ਪੈਦਾਵਾਰ ਹੱਦੋਂ ਵਧਣ ਕਾਰਨ ਭਾਰਤ ਕਾਫੀ ਫਿਕਰਮੰਦ ਹੈ। ਵਿੱਤ ਤੇ ਮਾਲੀਆ ਸਕੱਤਰ ਸੁਮਿਤ ਬੋਸ ਨੇ ਸੰਯੁਕਤ ਰਾਸ਼ਟਰ ਦਫ਼ਤਰ ਵਿਚ ਨਾਰਕੋਟਿਕ ਡਰੱਗਸ ਕਮਿਸ਼ਨ ਦੇ 57ਵੇਂ ਇਜਲਾਸ ਦੌਰਾਨ ਬੋਲਦਿਆਂ ਇਹ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਭੂਗੋਲਿਕ ਪੱਖੋਂ ਭਾਰਤ ਅਫ਼ੀਮ ਤੇ ਹੈਰੋਇਨ ਦੀ ਗੈਰਕਾਨੂੰਨੀ ਪੈਦਾਵਾਰ ਕਰਨ ਵਾਲੇ ਦੋ ਮੁਲਕਾਂ ਵਿਚਕਾਰ ਫਸ ਗਿਆ ਹੈ ਤੇ ਨਸ਼ੇ ਦੀ ਤਸਕਰੀ ਲਈ ਭਾਰਤ ਨੂੰ ਜ਼ਰੀਆ ਬਣਾਉਣ ਦਾ ਮੁਲਕ ‘ਤੇ ਅਸਰ ਪੈ ਰਿਹਾ ਹੈ।
ਸ੍ਰੀ ਬੋਸ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਭ ਤੋਂ ਵੱਡੀ ਚੁਣੌਤੀ ਦੇਸ਼ ਵਿਚ ਨਸ਼ੇੜੀਆਂ ਦੀ ਅਸਲ ਗਿਣਤੀ ਦਾ ਪਤਾ ਲਾਉਣਾ ਹੈ। ਨਸ਼ੇੜੀਆਂ ਦੇ ਇਲਾਜ ਲਈ ਢੁਕਵਾਂ ਪ੍ਰਬੰਧ ਕਰਨਾ ਦੂਜੀ ਸਭ ਤੋਂ ਵੱਡੀ ਚੁਣੌਤੀ ਹੈ। ਸੰਯੁਕਤ ਰਾਸ਼ਟਰ ਡਰੱਗ ਕੰਟਰੋਲ ਸਿਸਟਮ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਨਸ਼ੇ ਨਾਲ ਨਜਿੱਠਣ ਲਈ ਭਾਰਤ ਨੇ ਐਨæਡੀæਪੀæਐਸ ਨੂੰ ਲੈ ਕੇ ਕੌਮੀ ਨੀਤੀ ਬਣਾਈ ਹੈ। ਸੰਸਦ ਨੇ ਐਨæਡੀæਪੀæਐਸ ਐਕਟ, 1985 ਵਿਚ ਸੋਧਾਂ ਨੂੰ ਪ੍ਰਵਾਨਗੀ ਦੇ ਕੇ ਕਈ ਅੜਿੱਕਿਆਂ ਨੂੰ ਦੂਰ ਕੀਤਾ ਹੈ। ਸ੍ਰੀ ਬੋਸ ਨੇ ਨਸ਼ੀਲੇ ਪਦਾਰਥਾਂ ਲਈ ਆਨਲਾਈਨ ਨਿਗਰਾਨੀ ਢਾਂਚਾ ਵਿਕਸਤ ਕਰਨ ਜਿਹੇ ਉੱਦਮਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਨਸ਼ੇ ਦੀ ਤਸਕਰੀ ਲਈ ਹਵਾਲਾ ਕਾਰੋਬਾਰ ‘ਤੇ ਰੋਕ ਲਾਉਣ ਵਾਲੇ ਕਾਨੂੰਨ ‘ਤੇ ਵੀ ਉਨ੍ਹਾਂ ਚਾਨਣਾ ਪਾਇਆ।
Leave a Reply