ਸਾਲ 2013 ਨੂੰ ਭਾਰਤੀ ਆਜ਼ਾਦੀ ਦੇ ਇਤਿਹਾਸ ਦੇ ਮਿਸਾਲੀ ਘੋਲ ‘ਗਦਰ ਲਹਿਰ’ ਦੇ ਸ਼ਤਾਬਦੀ ਵਰ੍ਹੇ ਵਜੋਂ ਮਨਾਇਆ ਗਿਆ ਹੈ। ਗਦਰੀਆਂ ਵੱਲੋਂ ਕੌਮੀ ਕਾਜ ਵਿਚ ਪਾਏ ਗਏ ਯੋਗਦਾਨ ਬਾਰੇ ਭਰਵੀਂ ਚਰਚਾ ਛਿੜੀ ਰਹੀ ਹੈ। ਕੁਝ ਵਿਦਵਾਨ ਗਦਰ ਲਹਿਰ ਨੂੰ ਮਹਿਜ਼ ਸਿੱਖਾਂ ਤੱਕ ਸੀਮਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਧਰਨਾ ਹੈ ਕਿ ਗਦਰ ਲਹਿਰ ਪਿਛੇ ਮੂਲ ਰੂਪ ਵਿਚ ਜਜ਼ਬਾ ਸਿੱਖੀ ਸੋਚ ਸੀ। ਸਿੱਖ ਚਿੰਤਕ ਸ਼ ਅਜਮੇਰ ਸਿੰਘ ਨੇ ਇਸੇ ਨੁਕਤਾ-ਨਿਗ੍ਹਾ ਤੋਂ ਪੁਸਤਕ ‘ਗਦਰੀ ਬਾਬੇ ਕੌਣ ਸਨ?’ ਲਿਖੀ ਹੈ। ਦੂਜੇ ਪਾਸੇ ਬਹੁਤ ਸਾਰੇ ਚਿੰਤਕਾਂ ਦਾ ਖਿਆਲ ਹੈ ਕਿ ਬਿਨਾ ਸ਼ੱਕ ਗਦਰੀਆਂ ਵਿਚੋਂ ਬਹੁਤੇ ਸਿੱਖ ਸਨ ਪਰ ਉਨ੍ਹਾਂ ਨੇ ਜੋ ਸੰਘਰਸ਼ ਕੀਤਾ, ਉਹ ਕਿਸੇ ਫਿਰਕੇ ਜਾਂ ਧਰਮ ਤੋਂ ਉਪਰ ਉਠ ਕੇ ਭਾਰਤ ਦੀ ਆਜ਼ਾਦੀ ਲਈ ਕੀਤਾ। ਪੰਜਾਬ ਟਾਈਮਜ਼ ਵਿਚ ਇਸ ਮੁੱਦੇ ਨੂੰ ਲੈ ਕੇ ਛਪੇ ਪਹਿਲਾਂ ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਫਿਰ ਡਾæ ਸਰਬਜੀਤ ਸਿੰਘ ਦੇ ਲੰਬੇ ਲੇਖ ਪਾਠਕ ਪੜ੍ਹ ਚੁਕੇ ਹਨ। ਇਸੇ ਲੜੀ ਵਿਚ ਸਾਨੂੰ ਸ਼ ਅਭੈ ਸਿੰਘ ਦਾ ਇਹ ਲੇਖ ਪ੍ਰਾਪਤ ਹੋਇਆ ਹੈ, ਜੋ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਇਸ ਮੁੱਦੇ ਉਤੇ ਆਉਣ ਵਾਲੇ ਹੋਰ ਵਿਚਾਰਾਂ ਨੂੰ ਵੀ ਪਰਚੇ ਵਿਚ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ
ਅਭੈ ਸਿੰਘ
ਫੋਨ: 91-98783-75903
ਪਿਛਲੇ ਕੁਝ ਸਮੇਂ ਅੰਦਰ ਗ਼ਦਰ ਲਹਿਰ ਦੀ ਬਹੁਤ ਚਰਚਾ ਹੋਈ ਹੈ। ਇਸ ਦੀ ਇਤਿਹਾਸਿਕ ਭੂਮਿਕਾ ਬਾਰੇ ਸ਼ ਅਜਮੇਰ ਸਿੰਘ ਦੀ 320 ਸਫ਼ੇ ਦੀ ਮੋਟੀ ਕਿਤਾਬ ਦਾ ਹਵਾਲਾ ਕਈ ਚਿੰਤਕਾਂ ਨੇ ਦਿੱਤਾ ਹੈ। ਇਸ ਲੇਖ ਵਿਚ ਮੈਂ ਆਪਣੀਆਂ ਗੱਲਾਂ ਸਿਰਫ਼ ਸ਼ ਅਜਮੇਰ ਸਿੰਘ ਦੀ ਕਿਤਾਬ ਦੇ ਹਵਾਲੇ ਨਾਲ ਹੀ ਕਰਨੀਆਂ ਚਾਹੁੰਦਾ ਹਾਂ। ਮੇਰਾ ਇਹ ਲੇਖ ਗ਼ਦਰ ਲਹਿਰ ਬਾਰੇ ਸਮੁੱਚਾ ਮੁੱਲੰਕਣ ਨਹੀਂ, ਸਿਰਫ਼ ਸ਼ ਅਜਮੇਰ ਸਿੰਘ ਦੀ ਕਿਤਾਬ ਵਿਚਲੀ ਸ਼ਬਦਾਵਲੀ ਹੀ ਮੇਰਾ ਤਬਸਰਾ ਰਹੇਗਾ।
ਸਿੱਖ ਰਵਾਇਤਾਂ ਦੀ ਪ੍ਰੇਰਨਾ: ਜੇ ਤਾਂ ਇਤਨੀ ਕੁ ਗੱਲ ਹੋਵੇ ਕਿ ਗ਼ਦਰੀ ਬਾਬਿਆਂ ਨੂੰ ਆਪਣੇ ਮੰਤਵ ਦੀ ਪਕਿਆਈ ਵਾਸਤੇ ਸਿੱਖ ਇਤਿਹਾਸ ਵਿਚੋਂ ਉਤਸ਼ਾਹ ਮਿਲਦਾ ਰਿਹਾ, ਉਨ੍ਹਾਂ ਦੇ ਸਿਰੜ ਤੇ ਕੁਰਬਾਨੀ ਦੇ ਜਜ਼ਬੇ ਲਈ ਸਿੱਖ ਪਿਛੋਕੜ ਸਹਾਈ ਰਿਹਾ ਤਾਂ ਕੋਈ ਖਾਸ ਗੱਲ ਨਹੀਂ ਸੀ। ਪਰ ਅਜਮੇਰ ਸਿੰਘ ਨੇ ਤਾਂ ਗ਼ਦਰ ਲਹਿਰ ਨੂੰ ਸਿੱਖ ਲਹਿਰ ਦੀ ਹੀ ਇਕ ਕੜੀ ਦੇ ਰੂਪ ਵਿਚ ਪੇਸ਼ ਕੀਤਾ ਹੈ। ਉਹ ਲਿਖਦੇ ਹਨ ਕਿ “ਗਦਰੀ ਬਾਬੇ ਸਿੱਖ ਧਰਮ ਦੀਆਂ ਜੁਝਾਰੂ ਰਵਾਇਤਾਂ ਤੋਂ ਪ੍ਰੇਰਤ ਹੋ ਕੇ ‘ਹੀ’ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿਚ ਸ਼ਾਮਿਲ ਹੋਏ।” ਇਥੇ ਸ਼ਬਦ ‘ਹੀ’ ਨੂੰ ਮੈਂ ਇਸ ਕਰਕੇ ਅੰਕਤ ਕੀਤਾ ਹੈ ਕਿ ਇਹ ਪ੍ਰਭਾਵ ਪਾਉਂਦਾ ਹੈ ਕਿ ਉਨ੍ਹਾਂ ਕੋਲ ਇਸ ਸੰਗਰਾਮ ਵਿਚ ਸ਼ਾਮਿਲ ਹੋਣ ਦੀ ਇਕੋ ਇਕ ਇਹੀ ਪ੍ਰੇਰਨਾ ਸੀ। ਸਵਾਲ ਹੈ ਕਿ ਜੇ ਇਸੇ ਪ੍ਰੇਰਨਾ ਨੇ ਕੰਮ ਕਰਨਾ ਸੀ ਤਾਂ ਉਸ ਦੇ ਸਰੋਤ ਤਾਂ ਭਾਰਤ ਵਿਚ ਹੀ ਬਹੁਤ ਸਨ, ਉਨ੍ਹਾਂ ਨੂੰ ਅਮਰੀਕਾ ਜਾਣ ਦੀ ਤੇ ਉਥੋਂ ਫਿਰ ਗ਼ਦਰ ਦੀ ਖਾਤਿਰ ਵਾਪਸ ਆਉਣ ਦੀ ਕੀ ਜ਼ਰੂਰਤ ਸੀ। ਉਨ੍ਹਾਂ ਨੇ ਇਥੋਂ ਹੀ ਗ਼ਦਰ ਕਿਉਂ ਨਾ ਸ਼ੁਰੂ ਕਰ ਦਿੱਤਾ?
ਦੂਜਾ ਸਵਾਲ ਹੈ, ਸਿੱਖਾਂ ਦੀ ਵੱਡੀ ਗਿਣਤੀ ਜੋ ਅਮਰੀਕਾ ਨਹੀਂ ਗਈ ਸੀ, ਉਨ੍ਹਾਂ ਨੂੰ ਸਿੱਖ ਧਰਮ ਦੀਆਂ ਜੁਝਾਰੂ ਰਵਾਇਤਾਂ ਨੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਾਸਤੇ ਪ੍ਰੇਰਨਾ ਕਿਉਂ ਨਾ ਦਿੱਤੀ। ਕੀ ਉਹ ਇਨ੍ਹਾਂ ਰਵਾਇਤਾਂ ਤੋਂ ਜਾਣੂ ਨਹੀਂ ਸਨ? ਇਨ੍ਹਾਂ ਨੇ ਆਪ ਤਾਂ ਸੰਗਰਾਮ ਕੀ ਸ਼ੁਰੂ ਕਰਨਾ ਸੀ, ਅਮਰੀਕਾ ਤੋਂ ਆਏ ਗਦਰੀ ਬਾਬਿਆਂ ਦਾ ਵੀ ਸਾਥ ਨਹੀਂ ਦਿੱਤਾ। ਗਦਰੀ ਬਾਬਿਆਂ ਵਿਚ ਸਿੱਖਾਂ ਦੀ ਗਿਣਤੀ 90% ਹੋ ਸਕਦੀ ਹੈ ਪਰ ਸਿੱਖਾਂ ਵਿਚੋਂ ਗਦਰੀ ਬਾਬਿਆਂ ਦਾ ਸਾਥ ਦੇਣ ਵਾਲਿਆਂ ਦੀ ਗਿਣਤੀ 9% ਵੀ ਨਹੀਂ ਸੀ।
ਸਾਨੂੰ ਸੱਚਾਈ ਸਮਝਣੀ ਪਵੇਗੀ। ਜਿਸ ਪੱਛਮ ਨੂੰ ਪਾਣੀ ਪੀ ਪੀ ਕੇ ਕੋਸਣਾ ਫੈਸ਼ਨ ਬਣਿਆ ਹੋਇਆ ਹੈ, ਆਜ਼ਾਦੀ ਦੀ ਦੇਵੀ ਪਹਿਲਾਂ ਉਥੇ ਹੀ ਪ੍ਰਗਟ ਹੋਈ ਸੀ। ਗ਼ਦਰੀ ਬਾਬਿਆਂ ਨੂੰ ਆਜ਼ਾਦੀ ਦੇ ਦਰਸ਼ਨ ਹੀ ਅਮਰੀਕਾ ਜਾ ਕੇ ਹੋਏ ਤੇ ਉਥੇ ਹੀ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਮੁਲਕ ਗੁਲਾਮ ਹੈ। ਗੁਲਾਮੀ ਤੇ ਆਜ਼ਾਦੀ ਦੇ ਅਰਥਾਂ ਦਾ ਭੇਦ ਹੀ ਉਥੇ ਸੀ। ਹਾਂ, ਜਦੋਂ ਅਮਰੀਕਾ ਦੀ ਆਜ਼ਾਦੀ ਤੋਂ ਪ੍ਰੇਰਿਤ ਹੋ ਕੇ ਆਪਣੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿਚ ਸ਼ਾਮਿਲ ਹੋਏ ਤਾਂ ਸਿੱਖ ਧਰਮ ਦੇ ਜੁਝਾਰੂ ਵਿਰਸੇ ਵਿਚੋਂ ਜ਼ਰੂਰ ਉਨ੍ਹਾਂ ਨੂੰ ਭਰਪੂਰ ਹਿੰਮਤ ਮਿਲੀ ਹੋਵੇਗੀ।
ਆਪਣੇ ਮੁੱਖ ਬੰਦ ਵਿਚ ਹੀ ਸ਼ ਅਜਮੇਰ ਸਿੰਘ ਲਿਖਦੇ ਹਨ, “ਦੂਜੀ ਏਨੀ ਹੀ ਨਿੰਦਣਯੋਗ ਬੇਇਨਸਾਫ਼ੀ ਸਿੱਖ ਕੌਮ ਦੇ ਆਗੂਆਂ ਵੱਲੋਂ ਹੋਈ ਹੈ, ਜਿਨ੍ਹਾਂ ਨੇ ਪਿਛਲੇ 50 ਸਾਲਾਂ ਤੋਂ ਗ਼ਦਰੀ ਸੂਰਮਿਆਂ ਨੂੰ ਆਪਣੀ ਯਾਦ ਵਿਚੋਂ ਲਗਾਤਾਰ ਖਾਰਜ ਹੀ ਕਰ ਦਿੱਤਾ ਹੈ।” ਉਹ ਠੀਕ ਲਿਖਦੇ ਹਨ, ਸਿਰਫ 50 ਸਾਲ ਹੀ ਨਹੀਂ, ਉਨ੍ਹਾਂ ਨੇ ਗ਼ਦਰੀ ਸੂਰਮੇ ਪਹਿਲੇ ਦਿਨ ਤੋਂ ਹੀ ਵਿਸਾਰੇ ਹੋਏ ਸਨ। ਲੇਖਕ ਦੀਆਂ ਨਜ਼ਰਾਂ ਵਿਚ ਇਹ ‘ਦੂਜੀ ਨਿੰਦਣਯੋਗ ਬੇਇਨਸਾਫ਼ੀ’ ਹੈ। ਪਹਿਲੀ ਬੇਇਨਸਾਫ਼ੀ ਖੱਬੇਪੱਖੀਆਂ ਵੱਲੋਂ ਇਨ੍ਹਾਂ ਨੂੰ ਨਾ ਵਿਸਾਰਨਾ ਤੇ ਇਨ੍ਹਾਂ ਦੀ ਯਾਦ ਨੂੰ ਲੋਕਾਂ ਵਿਚ ਤਾਜ਼ਾ ਰੱਖਣ ਦੀ ਸਮਝਦੇ ਹਨ। ਅਸੀਂ ਛੋਟੇ ਹੁੰਦਿਆਂ ਤੋਂ ਗਦਰੀ ਸੂਰਮਿਆਂ ਦੀਆਂ ਵਾਰਾਂ ਤੇ ਇਨ੍ਹਾਂ ਦੇ ਲਿਖੇ ਗੀਤ ਕਮਿਊਨਿਸਟ ਸਟੇਜਾਂ ਤੋਂ ਸੁਣਦੇ ਰਹੇ ਹਾਂ। ਕਾਂਗਰਸੀ ਜਲਸਿਆਂ ਵਿਚ ਵੀ ਇਨ੍ਹਾਂ ਦਾ ਜ਼ਿਕਰ ਹੁੰਦਾ ਰਿਹਾ ਪਰ ਸਿੱਖ ਸਮਾਰੋਹਾਂ ਵਿਚ ਕਦੇ ਇਨ੍ਹਾਂ ਦਾ ਜ਼ਿਕਰ ਨਹੀਂ ਹੋਇਆ, ਕਦੇ ਢਾਡੀਆਂ ਦੀਆਂ ਵਾਰਾਂ ਦਾ ਵਿਸ਼ਾ ਨਹੀਂ ਬਣੇ। ਕਾਰਣ ਕਿਸੇ ਦੀ ਅਣਗਹਿਲੀ ਨਹੀਂ, ਕਾਰਣ ਇਹ ਹੈ ਕਿ ਇਹ ਲਹਿਰ ਸਿੱਖ ਲਹਿਰ ਦਾ ਹਿੱਸਾ ਨਹੀਂ ਸੀ ਤੇ ਸਿੱਖਾਂ ਨੇ ਇਸ ਨੂੰ ਕਦੇ ਉਸ ਤਰ੍ਹਾਂ ਨਹੀਂ ਸਮਝਿਆ।
ਜੇ ਖੱਬੇਪੱਖੀ ‘ਅਣਮਤੀਏ’ ਵੀ ਗ਼ਦਰੀ ਸੂਰਬੀਰਾਂ ਨੂੰ ਸਿੱਖ ਲੀਡਰਾਂ ਦੀ ਤਰ੍ਹਾਂ ਹੀ ਆਪਣੀ ਯਾਦ ਵਿਚੋਂ ਵਿਸਾਰ ਦਿੰਦੇ ਤਾਂ, ਅੱਜ ਕਿਸੇ ਨੂੰ ਵੀ ਯਾਦ ਨਾ ਰਹਿੰਦੇ ਤੇ ਸ਼ ਅਜਮੇਰ ਸਿੰਘ ਨੂੰ ਵੀ ਉਨ੍ਹਾਂ ਬਾਰੇ ਇਤਨੀ ਮੋਟੀ ਕਿਤਾਬ ਲਿਖਣ ਦੀ ਕੋਈ ਲੋੜ ਨਾ ਪੈਂਦੀ। ਫਿਰ ਗ਼ਦਰੀ ਬਾਬਿਆਂ ਬਾਰੇ ‘ਕੌਣ ਸਨ’ ਨਾਲੋਂ ਅਹਿਮ ਸਵਾਲ ਹੋ ਜਾਣਾ ਸੀ ‘ਕਿਹੜੇ ਗ਼ਦਰੀ ਬਾਬੇ?’
ਅਖੌਤੀ ਸਿੱਖ ਰਾਜ ਦੇ ਖੁੱਸਣ ਦੀ ਅਖੌਤੀ ਰੰਜਸ਼: ਗ਼ਦਰੀ ਬਾਬਿਆਂ ਵੱਲੋਂ ਸੰਗਰਾਮ ਵਿਚ ਕੁੱਦਣ ਦੀ ਦੂਜੀ ਅਹਿਮ ਪ੍ਰੇਰਨਾ ਅਜਮੇਰ ਸਿੰਘ ਨੇ ਇਹ ਦੱਸੀ ਹੈ ਕਿ ਉਨ੍ਹਾਂ ਨੂੰ ਅੰਗਰੇਜ਼ਾਂ ਖਿਲਾਫ਼ ਇਸ ਗੱਲ ਦਾ ਵੱਡਾ ਗੁੱਸਾ ਸੀ ਕਿ ਉਨ੍ਹਾਂ ਨੇ ਸਿੱਖ ਰਾਜ ਨੂੰ ਧੱਕੇ ਨਾਲ ਖੋਹ ਲਿਆ ਸੀ। ਇਥੇ ਵੀ ਪਹਿਲਾ ਸਵਾਲ ਇਹ ਹੈ ਕਿ ਇਹ ਗੁੱਸਾ ਧਰਤੀ ਦੀ ਦੂਜੀ ਨੁੱਕਰੇ, ਅਮਰੀਕਾ ਜਾ ਕੇ ਹੀ ਕਿਉਂ ਭਾਂਬੜ ਬਣਿਆ। ਦੂਜਾ, ਇਸ ਗੁੱਸੇ ਨੇ 60 ਸਾਲ ਦਾ ਸਬਰ ਕਿਉਂ ਰੱਖਿਆ? ਲਾਹੌਰ ਉਪਰ ਕਬਜ਼ੇ ਦੇ 6 ਸਾਲ ਬਾਅਦ ਹੀ ਅੰਗਰੇਜ਼ ਸਾਰੇ ਹਿੰਦੁਸਤਾਨ ਵਿਚ ਭੜਕੇ ਗਦਰ ਵਿਚ ਬੁਰੀ ਤਰ੍ਹਾਂ ਉਲਝ ਗਏ ਸਨ, ਦਿੱਲੀ ਹਾਰ ਚੁਕੇ ਸਨ। ਉਦੋਂ ਗੁੱਸਾ ਵੀ ਤਾਜ਼ਾ ਸੀ ਤੇ ਬਦਲਾ ਲੈਣ ਦਾ ਵਧੀਆ ਮੌਕਾ ਸੀ। ਹਕੀਕਤ ਇਹ ਹੈ ਕਿ ਕੋਈ ਗੁੱਸਾ ਨਹੀਂ ਸੀ। ਸਤਲੁਜ ਦੇ ਪੂਰਬ ਵਿਚ ਰਹਿੰਦੇ ਸਿੱਖਾਂ ਦਾ ਜੀਵਨ ਦੂਸਰੇ ਪਾਸੇ ਰਹਿੰਦੇ ਸਿੱਖਾਂ ਨਾਲੋਂ ਕੁਝ ਸੌਖਾ ਸੀ ਤੇ ਕੁਝ ਅਮਨ ਅਮਾਨ ਵਾਲਾ ਸੀ।
ਸਭਰਾਵਾਂ ਤੇ ਮੁਦਕੀ ਦੀ ਲੜਾਈ ਬਾਰੇ ਕਾਰਲ ਮਾਰਕਸ ਦੀ ਇਕ ਦਿਲਚਸਪ ਟਿੱਪਣੀ ਅਜਮੇਰ ਸਿੰਘ ਦੀ ਕਿਤਾਬ ਵਿਚੋਂ ਪੜ੍ਹਨ ਨੂੰ ਮਿਲੀ। ਲਿਖਿਆ ਹੈ ਕਿ ਕਾਰਲ ਮਾਰਕਸ ਨੇ ਕਿਹਾ ਸੀ, “ਜਨਰਲ ਗਫ਼ ਦੀ ਮੂਰਖਤਾ ਸੀ ਕਿ ਉਸ ਨੇ ਸਿੱਖਾਂ ਨੂੰ ਦੱਖਣ ਦੇ ਹਿੰਦੂਆਂ ਵਾਂਗ ਹੀ ਸਮਝ ਲਿਆ ਜਿਨ੍ਹਾਂ ਨੂੰ ਰਾਈਫ਼ਲ ਦਾ ਕੁੰਦਾ ਵਿਖਾ ਕੇ ਹਰਾ ਦਿੱਤਾ ਸੀ।” ਮਾਰਕਸ ਨੇ ਲਿਖਿਆ ਜਾਂ ਨਹੀਂ ਦੀ ਤਸਦੀਕ ਦੇ ਚੱਕਰ ਵਿਚ ਮੈਂ ਨਹੀਂ ਪੈਂਦਾ। ਸਿਰਫ਼ ਇਤਨਾ ਕਹਿ ਸਕਦਾ ਹਾਂ ਕਿ ਦੱਖਣ ਵਿਚ ਅੰਗਰੇਜ਼ ਮਹੀਨਿਆਂ ਤੇ ਸਾਲਾਂਬੱਧੀ ਲੜਾਈਆਂ ਵਿਚ ਉਲਝੇ ਰਹੇ ਪਰ ਦੂਜੀ ਐਂਗਲੋ ਸਿੱਖ ਜੰਗ ਚਾਰ ਦਿਨ ਦੀ ਖੇਡ ਰਹੀ। ਸ਼ਾਹ ਮੁਹੰਮਦ ਸਿੱਖ ਜਰਨੈਲਾਂ ਬਾਰੇ ਲਿਖਦਾ ਹੈ ‘ਜਿਨ੍ਹਾਂ ਕਿਲੇ ਨਿਵਾਏ ਸਨ ਢੇਰ ਮੀਆਂ’ ਪਰ ਉਹ ਕਿਲੇ ਨਿਪੋਲੀਅਨ ਦੇ ਕਿਲੇ ਦੇ ਮੁਕਾਬਲੇ ਕੁਝ ਵੀ ਨਹੀਂ ਸਨ ਜਿਨ੍ਹਾਂ ਨੂੰ ਨਿਵਾ ਕੇ ਅੰਗਰੇਜ਼ ਜਰਨੈਲ ਸਿੱਧੇ ਫਿਰੋਜ਼ਪੁਰ ਪਹੁੰਚੇ ਸਨ। ਉਹ ਜੰਗ ਹਿੰਦ-ਪੰਜਾਬ ਦਾ ਨਹੀਂ ਸਾਮੰਤਸ਼ਾਹੀ ਤੇ ਪੂੰਜੀਵਾਦ ਦਾ ਸੀ, ਪਰੰਪਰਾਵਾਦ ਤੇ ਆਧੁਨਿਕਤਾ ਦਾ ਸੀ। ਫ਼ੌਜਾਂ ਨੇ ਅੰਤ ਨੂੰ ਹਾਰਨਾ ਹੀ ਸੀ, ਚਾਹੇ ‘ਸਰਕਾਰ’ ਹੁੰਦੀ ਚਾਹੇ ਨਾ ਹੁੰਦੀ। ਹਾਂ, ਜੇ ‘ਸਰਕਾਰ’ ਦੇ ਹੁੰਦਿਆਂ ਫੌਜਾਂ ਹਾਰ ਜਾਂਦੀਆਂ ਤਾਂ ਉਸ ਨਾਲ ਸਤੀ ਹੋਣ ਵਾਲੀਆਂ ਚਾਰ ਰਾਣੀਆਂ ਤੇ ਪੰਜ ਦਾਸੀਆਂ ਬਚ ਜਾਣੀਆਂ ਸਨ, ਕਿਉਂਕਿ ਅੰਗਰੇਜ਼ੀ ਰਾਜ ਵਿਚ ਸਤੀ ਦੀ ਰਸਮ ਉਪਰ ਪਾਬੰਦੀ ਲੱਗ ਚੁਕੀ ਸੀ।
ਸਤੀ ਦੀ ਰਵਾਇਤ ਬਾਰੇ ਸ਼ ਅਜਮੇਰ ਸਿੰਘ ਲਿਖਦੇ ਹਨ ਕਿ ਸਿੱਖ ਰਵਾਇਤ ਵਿਚ ਤਾਂ ਇਸ ਦੀ ਕੋਈ ਥਾਂ ਨਹੀਂ, ਇਸ ਵਾਸਤੇ ਸਿਰਫ਼ ਰਾਜਪੂਤ ਰਾਣੀਆਂ ਹੀ ਸਤੀ ਹੋਈਆਂ। ਸਵਾਲ ਇਹ ਹੈ ਕਿ ਕੀ ਉਹ ਖਾਲਸਾ ਰਾਜ ਦੇ ਸ਼ਹਿਨਸ਼ਾਹ ਨਾਲ ਵਿਆਹ ਤੋਂ ਬਾਅਦ ਵੀ ਸਿੱਖ ਨਹੀਂ ਬਣੀਆਂ ਤੇ ਦੂਜਾ, ਕੀ ਰਣਜੀਤ ਸਿੰਘ ਦੇ ਰਾਜ ਵਿਚ ਸਭ ਕੰਮ ਸਿੱਖ ਰਵਾਇਤਾਂ ਮੁਤਾਬਕ ਹੀ ਹੁੰਦੇ ਸਨ। ਫਿਰ ਜਦੋਂ ਕਈ ਜਰਨੈਲ ਤੇ ਸ਼ਹਿਜ਼ਾਦੇ ਸਤੀ ਵਾਲਾ ਚੋਲਾ ਪਹਿਨ ਕੇ ਚਿਤਾ ਵਿਚ ਛਾਲਾਂ ਮਾਰਨ ਵਾਸਤੇ ਉਛਲਦੇ ਸਨ, ਪਤਾ ਨਹੀਂ ਸੱਚੀਂਮੁੱਚੀਂ ਕਿ ਡਰਾਮਾ ਕਰਦੇ ਸਨ, ਉਨ੍ਹਾਂ ਨੂੰ ਤਾਂ ਜਬਰਦਸਤੀ ਰੋਕ ਲਿਆ ਗਿਆ ਪਰ ਇਨ੍ਹਾਂ ਨੂੰ ਕਿਸੇ ਨੇ ਕਿਉਂ ਨਾ ਰੋਕਿਆ ਜੋ ਸਿੱਖ ਰਵਾਇਤਾਂ ਦੇ ਖਿਲਾਫ਼ ਜਾ ਰਹੀਆਂ ਸਨ।
ਅਜਮੇਰ ਸਿੰਘ ਨੇ ਇਕ ਮਾਸਟਰ ਚਤਰ ਸਿੰਘ ਦਾ ਜ਼ਿਕਰ ਕੀਤਾ ਹੈ ਜਿਸ ਨੇ ਖਾਲਸਾ ਕਾਲਜ, ਅੰਮ੍ਰਿਤਸਰ ਦੇ ਅੰਗਰੇਜ਼ ਪ੍ਰਿੰਸੀਪਲ ਉਤੇ ਜਾਨੀ ਹਮਲਾ ਕੀਤਾ ਸੀ। ਚਤਰ ਸਿੰਘ ਆਪਣੇ ਬਿਆਨ ਵਿਚ ਕਹਿੰਦਾ ਹੈ ਕਿ ਸਿੱਖਾਂ ਨੂੰ ਅੰਗਰੇਜ਼ਾਂ ਖ਼ਿਲਾਫ ਰੰਜਸ਼ ਹੈ ਕਿ ਉਨ੍ਹਾਂ ਨੇ ਸਾਡਾ ਪੰਜਾਬ ਖੋਹ ਲਿਆ। ਅਜਮੇਰ ਸਿੰਘ ਲਿਖਦੇ ਹਨ, “ਵੇਖੋ ਸਿਰਫ਼ ਸਿੱਖਾਂ ਨੂੰ ਹੀ ਇਹ ਰੰਜਸ਼ ਜਾਗਿਆ, ਪੰਜਾਬ ਦੇ ਕਿਸੇ ਹੋਰ ਭਾਈਚਾਰੇ- ਹਿੰਦੂ ਜਾਂ ਮੁਸਲਮਾਨ ਨੂੰ ਕਿਉਂ ਨਹੀਂ?” ਪਰ ਸਿੱਖਾਂ ਨੂੰ ਵੀ ਕਿੱਥੇ ਜਾਗਿਆ। ਉਨ੍ਹਾਂ 1857 ਮੁਆਫ਼ ਕੀਤਾ, ਫਿਰ ਸਾਰਾਗੜੀ ਤੇ ਯੂਰਪ ਦੀਆਂ ਦੋ ਲੜਾਈਆਂ ਵਿਚ ਅੰਗਰੇਜ਼ਾਂ ਖਾਤਿਰ ਜਾਨਾਂ ਕੁਰਬਾਨ ਕੀਤੀਆਂ ਜਿਸ ਦੀ ਮਹਿਮਾ ਕਈ ਸਿੱਖ ਲੀਡਰ ਲੰਡਨ ਤੱਕ ਗਾਉਂਦੇ ਪਹੁੰਚਦੇ ਹਨ।
ਅਜਮੇਰ ਸਿੰਘ ਲਿਖਦੇ ਹਨ ਕਿ “ਰਾਜ ਖੁੱਸਣ ਦਾ ਹਉਕਾ ਉਨ੍ਹਾਂ ਲੋਕਾਂ ਦੇ ਹਿਰਦਿਆਂ ਵਿਚੋਂ ਹੀ ਨਿਕਲ ਸਕਦਾ ਹੈ ਜਿਨ੍ਹਾਂ ਨੇ ਆਪਣਾ ਰਾਜ ਸਥਾਪਤ ਕਰਨ ਵਾਸਤੇ ਆਪਣਾ ਖੂਨ ਵਹਾਇਆ ਹੋਵੇ” ਪਰ ਹਕੀਕਤ ਇਹ ਹੈ ਕਿ ਦੁਨੀਆ ਵਿਚ ਹਰ ਰਾਜ ਆਪਣਾ ਨਹੀਂ, ਹੋਰਨਾਂ ਦਾ ਖੂਨ ਵਹਾ ਕੇ ਹੀ ਸਥਾਪਤ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਹੋਰਾਂ ਦਾ ਖੂਨ ਵਹਾਉਂਦਿਆਂ ਆਪਣਾ ਵੀ ਡੋਲਣਾ ਪੈ ਸਕਦਾ ਹੈ।
ਪਾਤਸ਼ਾਹੀਆਂ ਦਾ ਰੁਲਣਾ: ਅਜਮੇਰ ਸਿੰਘ ਨੇ ਇਸ ਵਿਸੇ ਉਪਰ ਪਹਿਲਾਂ ਵੀ ਇਕ ਪੂਰੀ ਕਿਤਾਬ ਲਿਖੀ ਸੀ, ‘ਕਿਸ ਬਿਧ ਰੁਲੀ ਪਾਤਸ਼ਾਹੀ’ ਤੇ ਮੈਂ ਅਰਜ਼ ਕੀਤੀ ਸੀ ਕਿ ਪਾਤਸ਼ਾਹੀਆਂ ਦੀ ਟੈਂਸ਼ਨ ਨਾ ਲਵੋ, ਇਨ੍ਹਾਂ ਰੁਲਣਾ ਹੀ ਰੁਲਣਾ ਹੈ, ਕੋਈ ਅੱਜ ਰੁਲੇ ਕੋਈ ਕੱਲ੍ਹ। ਉਸ ਪਾਤਸ਼ਾਹੀ ਨੂੰ ਸਿੱਖਾਂ ਦੇ ਆਜ਼ਾਦ ਰਾਜ ਦਾ ਨਾਂ ਦੇਣਾ ਬਿਲਕੁਲ ਗ਼ਲਤ ਹੈ। ਸ਼ਖਸੀ ਹਕੂਮਤ ਤੇ ਆਜ਼ਾਦੀ ਵਿਪਰੀਤ ਸ਼ਬਦ ਹਨ।
ਇਹ ਪ੍ਰਤੀਸ਼ਤ ਬਾਜ਼ੀ: ਚਰਚਾ ਹੇਠਲੀ ਕਿਤਾਬ ਦੇ ਲੇਖਕ ਨੇ ਸ਼ਾਇਦ ਕਾਫ਼ੀ ਖੋਜ ਬੀਨ ਕਰਕੇ ਕੁਝ ਪ੍ਰਤੀਸ਼ਤ ਕਾਇਮ ਕੀਤੇ ਹਨ ਕਿ ਇਤਨੇ ਗਦਰੀ ਬਾਬੇ (A) ਧਰਮ ਦੇ ਸਨ ਤੇ ਇਤਨੇ (ਅ) ਧਰਮ ਦੇ ਵਗੈਰਾ ਵਗੈਰਾ। ਇਸ ਕਿਤਾਬ ਵਿਚ ਬਹੁਤ ਵਾਰ ਦੁਹਰਾਇਆ ਗਿਆ ਹੈ ਕਿ ਹੱਦ ਹੋ ਗਈ ਜਦੋਂ ਸਾਫ਼ ਗਿਣਤੀ ਹੈ ਕਿ ਗ਼ਦਰੀ ਬਾਬਿਆਂ ਵਿਚੋਂ 90% ਸਿੱਖ ਸਨ ਤਾਂ ਕਿਉਂ ਪੋਚਾ ਪਾਇਆ ਗਿਆ, ਕਿਉਂ ਉਨ੍ਹਾਂ ਨੂੰ ਪੰਜਾਬੀ ਜਾਂ ਹਿੰਦੁਸਤਾਨੀ ਹੀ ਲਿਖਿਆ ਜਾਂਦਾ ਹੈ। ਅਜੇ ਅਜਮੇਰ ਸਿੰਘ ਨੇ ਇਸ ਤੋਂ ਅਗਲੀ ਗਿਣਤੀ ਨਹੀਂ ਕੀਤੀ। ਮੈਂ ਸੁਣਿਆ ਹੈ ਕਿ ਸਿੱਖ ਗ਼ਦਰੀ ਬਾਬਿਆਂ ਵਿਚੋਂ 90% ਜੱਟ ਸਨ। ਮੇਰੀ ਗੱਲ ਤਾਂ ਸੁਣੀ ਸੁਣਾਈ ਹੈ ਬਾਕੀ ਪ੍ਰਤੀਸ਼ਤਾਂ ਦੇ ਮਾਹਿਰ ਸ਼ ਅਜਮੇਰ ਸਿੰਘ ਹਨ, ਉਹ ਸਹੀ ਅੰਕੜਾ ਦੱਸ ਸਕਣਗੇ। ਫਿਰ ਜੇ ਸਾਫ਼ ਜ਼ਾਹਿਰ ਹੈ ਕਿ ਉਨ੍ਹਾਂ ਵਿਚੋਂ 90% ਜੱਟ ਸਨ ਤਾਂ ਕਿਉਂ ਨਹੀਂ ਲਿਖਿਆ ਗਿਆ, ਜੱਟਾਂ ਪ੍ਰਤੀ ਸੌੜੀ ਸੋਚ ਕਿਉਂ? ਮੈਨੂੰ ਪਤਾ ਹੈ, ਅਜਮੇਰ ਸਿੰਘ ਕੀ ਜਵਾਬ ਦੇਣਗੇ? ਕਹਿਣਗੇ ‘ਕਿਉਂ ਵੰਡੀਆਂ ਪਾਉਂਦੇ ਹੋ’ ਇਹ ਗ਼ਦਰੀ ਸਿਰਫ਼ ਤੇ ਸਿਰਫ਼ ਸਿੱਖ ਸਨ। ਮੈਂ ਕਹਾਂਗਾ ਕਿ ਠੀਕ ਹੈ ਕੋਈ ਵੰਡੀ ਨਹੀਂ ਪਾਉਂਦੇ, ਉਹ ਸਿਰਫ਼ ਤੇ ਸਿਰਫ਼ ਹਿੰਦੁਸਤਾਨੀ ਸਨ। ਕਿਉਂਕਿ ਜੇ ਵੰਡੀਆਂ ਪਾਉਣ ਲੱਗੋ ਤਾਂ ਇਹ ਰੁਕਦੀਆਂ ਨਹੀਂ।
ਦਰਅਸਲ ਹਰ ਬੰਦੇ ਦੇ ਇਕੇ ਵਕਤ ਕਈ ਰੁਤਬੇ ਤੇ ਵਰਗੀਕਰਣ ਹੁੰਦੇ ਹਨ। ਦੋ ਮੁਲਕਾਂ ਵਿਚਕਾਰ ਕ੍ਰਿਕਟ ਦੇ ਮੈਚ ਵੇਲੇ ਹਰ ਖਿਡਾਰੀ ਨੂੰ ਉਸ ਦੇ ਮੁਲਕ ਨਾਲ ਹੀ ਸੰਬੋਧਨ ਕੀਤਾ ਜਾਵੇਗਾ, ਹਾਲਾਂਕਿ ਉਹ ਕਿਸੇ ਖਾਸ ਪ੍ਰਾਂਤ, ਸ਼ਹਿਰ, ਧਰਮ, ਜਾਤ ਜਾਂ ਗੋਤ ਦਾ ਵੀ ਹੋ ਸਕਦਾ ਹੈ। ਅੰਤਰ-ਰਾਜੀ ਮੈਚਾਂ ਵਿਚ ਖਿਡਾਰੀਆਂ ਦਾ ਜ਼ਿਕਰ ਉਨ੍ਹਾਂ ਦੇ ਰਾਜਾਂ ਨਾਲ ਹੋਵੇਗਾ। ਇਸੇ ਤਰ੍ਹਾਂ ਅੰਗਰੇਜ਼ਾਂ ਵਿਰੁਧ ਮੁਲਕ ਦੀ ਆਜ਼ਾਦੀ ਦਾ ਮਾਮਲਾ ਹਿੰਦੁਸਤਾਨ ਦੀ ਆਜ਼ਾਦੀ ਦਾ ਸੀ ਤੇ ਇਹ ਅੰਜਾਮ ਗ਼ਦਰੀ ਬਾਬਿਆਂ ਨੇ ਬਤੌਰ ਹਿੰਦੁਸਤਾਨੀ ਕੀਤਾ ਹਾਲਾਂਕਿ ਉਨ੍ਹਾਂ ਦਾ ਸਬੰਧ ਕਿਸੇ ਇਕ ਸੂਬੇ, ਸ਼ਹਿਰ, ਇਲਾਕੇ, ਧਰਮ, ਜਾਤ ਜਾਂ ਗੋਤ ਨਾਲ ਵੀ ਹੋ ਸਕਦਾ ਹੈ।
ਮੈਨੂੰ ਪਤਾ ਹੈ ਕਿ ਅਜਮੇਰ ਸਿੰਘ ਜਾਤ ਪਾਤ ਦੀ ਪਰੰਪਰਾ ਨੂੰ ਪਸੰਦ ਨਹੀਂ ਕਰਦੇ। ਇਸ ਕਿਤਾਬ ਵਿਚ ਉਨ੍ਹਾਂ ਸਵਰਨ ਜਾਤੀ ਹਿੰਦੂਆਂ ਦੀ ਗਲਬਾ ਰੁਚੀ ਦੀ ਚਰਚਾ ਕਰਦਿਆਂ ਕਿਹਾ ਹੈ ਕਿ ਜਾਤੀ ਵੰਡ ਨੂੰ ਜਾਇਜ਼ ਠਹਿਰਾਉਂਦੀ ਕਿਤਾਬ ਨਸ਼ਟ ਕੀਤੇ ਬਗੈਰ ਜਾਤ ਪਾਤ ਖ਼ਤਮ ਨਹੀਂ ਹੋ ਸਕਦੀ ਪਰ ਲੱਗਦਾ ਨਹੀਂ ਕਿ ਜਿਹੜੇ ਲੋਕ ਜਾਤ ਪਾਤ ਨੂੰ ਮੰਨਦੇ ਹਨ, ਉਹ ਇਹ ਕਿਤਾਬ ਪੜ੍ਹ ਕੇ ਹੀ ਇਸ ਤਰ੍ਹਾਂ ਕਰਦੇ ਹਨ। ਜ਼ਿਕਰ ਅਧੀਨ ਕਿਤਾਬ ਤੋਂ ਪ੍ਰਭਾਵ ਮਿਲਦਾ ਹੈ ਕਿ ਜਾਤ-ਪਾਤ ਦਾ ਬੰਧਨ ਸਿਰਫ਼ ਹਿੰਦੂਆਂ ਵਾਸਤੇ ਹੈ, ਜਿਵੇਂ ਸਿੱਖ ਇਸ ਤੋਂ ਮੁਕਤ ਹੋਣ। ਲੇਕਿਨ ਅਸੀਂ ਜਾਤੀ ਆਧਾਰਤ ਗੁਰਦੁਆਰਿਆਂ ਦੀ ਦੁਖਦ ਹੋਂਦ ਤੋਂ ਵਾਕਿਫ਼ ਹਾਂ। ਪਿੰਡ ਪਿੰਡ ਦਰਜਨਾਂ ਲਾਊਡ ਸਪੀਕਰ ਖੜਕਦੇ ਹਨ। ਮੇਰੇ ਸ਼ਹਿਰ ਵਿਚ ਤਾਂ ਦੋ ਗੁਰਦੁਆਰਿਆਂ ਦੀ ਕੰਧ ਸਾਂਝੀ ਹੈ। ਸਿੱਖਾਂ ਅੰਦਰ ਅੰਤਰ-ਜਾਤੀ ਵਿਆਹ ਤਾਂ ਬਹੁਤ ਹੀ ਘੱਟ ਹਨ ਹਾਲਾਂਕਿ ਹਿੰਦੂ-ਸਿੱਖਾਂ ਦੇ ਆਪਸ ਵਿਚ ਵਿਆਹ ਇਸ ਤੋਂ ਕੁਝ ਵੱਧ ਹਨ। ਕਿਤਨੇ ਕਥਿਤ ਸਵਰਨ ਜਾਤੀ ਸਿੱਖਾਂ ਦੇ ਗੈਰ ਸਵਰਨ ਜਾਤੀ ਸਿੱਖਾਂ ਵਿਚ ਵਿਆਹ ਹੁੰਦੇ ਹਨ? ਇਸ ਦਾ ਸਹੀ ਪ੍ਰਤੀਸ਼ਤ ਪ੍ਰਤੀਸ਼ਤਾਂ ਦੇ ਮਾਹਿਰ ਅਜਮੇਰ ਸਿੰਘ ਵਰਗੇ ਖੋਜੀ ਹੀ ਦੱਸ ਸਕਦੇ ਹਨ, ਮੈਨੂੰ ਸਿਰਫ਼ ਇਤਨਾ ਪਤਾ ਹੈ ਕਿ ਉਹ ਇਕ ਪ੍ਰਤੀਸ਼ਤ ਤੋਂ ਘੱਟ ਹਨ ਤੇ ਉਹ ਵੀ ਆਧੁਨਿਕਤਾਵਾਦੀਆਂ ਦੇ ਹਨ ਜਿਸ ਲਫ਼ਜ਼ ਨੂੰ ਇਕ ਗਾਲ੍ਹ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਹੈ।
ਗ਼ਦਰੀ ਬਾਬਿਆਂ ਦੇ ਸਿੱਖੀ ਤੋਂ ਪ੍ਰੇਰਤ ਹੋਣ ਦੇ ਸਬੂਤ ਵਜੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਜੇਲ੍ਹ ਵਿਚ ਜਬਰਦਸਤੀ ਪਗੜੀਆਂ ਉਤਰਵਾ ਕੇ ਟੋਪੀਆਂ ਪਹਿਨਾਉਣ ਦਾ ਡਟਵਾਂ ਵਿਰੋਧ ਕੀਤਾ। ਚੰਗਾ ਕੀਤਾ, ਕਰਨਾ ਚਾਹੀਦਾ ਸੀ ਤੇ ਸ਼ਾਇਦ ਜੇ ਟੋਪੀਆਂ ਵਾਲਿਆਂ ਨੂੰ ਜਬਰਦਸਤੀ ਪਗੜੀ ਬਨ੍ਹਾਉਂਦੇ ਜਾਂ ਬੋਦੀਆਂ ਵਾਲਿਆਂ ਨੂੰ ਬੋਦੀਆਂ ਕਟਵਾਉਣ ਵਾਸਤੇ ਕਹਿੰਦੇ ਤਾਂ ਇਨ੍ਹਾਂ ਉਸ ਦਾ ਵੀ ਵਿਰੋਧ ਕਰਨਾ ਸੀ। ਗ਼ਦਰੀ ਬਾਬਿਆਂ ਵੱਲੋਂ ਸਿੱਖੀ ਅਸੂਲ ਦੇ ਹਿਤ ਵਿਚ ਇਕ ਹੋਰ ਸਲਾਹੁਣਯੋਗ ਕੰਮ ਦਾ ਜ਼ਿਕਰ ਹੈ ਕਿ ਜਦੋਂ ਇਕ ਜੇਲ੍ਹ ਵਿਚ ਸਵਰਨ ਤੇ ਗੈਰ ਸਵਰਨ ਕੈਦੀਆਂ ਦੀਆਂ ਵੱਖਰੀਆਂ ਪੰਗਤਾਂ ਵੇਖੀਆਂ ਤਾਂ ਉਸ ਦਾ ਡਟਵਾਂ ਵਿਰੋਧ ਕਰਕੇ ਇਕ ਹੀ ਪੰਗਤ ਬਣਵਾਈ। ਹਾਲਾਂਕਿ ਆਧੁਨਿਕਤਾਵਾਦੀ ਤੇ ‘ਅਣਮਤੀਏ’ ਵੀ ਇਸੇ ਤਰ੍ਹਾਂ ਕਰਦੇ ਹਨ।
ਦਰਅਸਲ ਇਨਸਾਨਾਂ ਵਿਚ ਵੰਡੀਆਂ ਦਾ ਵੀ ਅੰਤ ਨਹੀਂ ਤੇ ਸਾਂਝਾਂ ਦਾ ਵੀ। ਅਜਿਹੇ ਲੋਕ ਵੀ ਹੋਣਗੇ ਜੋ ਕਿਸੇ ਦੁਰਘਟਨਾ ਦੀ ਖ਼ਬਰ ਵਿਚ ਵੀ ਇਹ ਪੜ੍ਹਨਾ ਪਸੰਦ ਨਹੀਂ ਕਰਦੇ ਕਿ ਕਿਤਨੀਆਂ ਸਵਾਰੀਆਂ ਦਾ ਨੁਕਸਾਨ ਹੋਇਆ ਬਲਕਿ ਇਹ ਚਾਹੁੰਦੇ ਹੋਣਗੇ ਕਿ ਪਤਾ ਤਾਂ ਲੱਗਾ ਕਿ ਕਿਤਨੇ ਕਿਸ ਧਰਮ ਦੇ ਸਨ ਤੇ ਕਿਤਨੇ ਕਿਸ ਧਰਮ ਦੇ। ਅਸਾਂ ਬਹੁਤ ਦੇਰ ਸਟੇਸ਼ਨਾਂ ਉਪਰ ਹਿੰਦੂ ਪਾਣੀ ਤੇ ਮੁਸਲਿਮ ਪਾਣੀ ਪੀਤਾ ਹੈ, ਹੁਣ ਸਿਰਫ਼ ਪਾਣੀ ਪੀਤਾ ਜਾਵੇ, ਸਾਫ਼ ਪਾਣੀ, ਐਚæ ਟੂæ ਓæ। ਹਿੰਦੂ ਪਾਣੀ ਤੇ ਮੁਸਲਿਮ ਪਾਣੀ ਦੇ ਜ਼ਮਾਨੇ ਵਿਚ ਵੀ ਲੋਕ ਸਨ ਜੋ ਕੋਈ ਵੀ ਪਾਣੀ ਆਰਾਮ ਨਾਲ ਪੀ ਲੈਂਦੇ ਸਨ। ਬੇਸ਼ੱਕ ਇਸ ਚੀਜ਼ ਦੀ ਪ੍ਰੇਰਨਾ ਕਈ ਗ੍ਰੰਥਾਂ ਵਿਚ ਵੀ ਹੋਵੇਗੀ ਪਰ ਉਹ ਲੋਗ ਅਜਿਹਾ ਸਿਰਫ਼ ਆਧੁਨਿਕਤਾਵਾਦ ਜਾਂ ਪੱਛਮੀ ਸਭਿਆਚਾਰ ਦੇ ਅਸਰ ਹੇਠ ਕਰਦੇ ਸਨ। ਉਸ ਜ਼ਮਾਨੇ ਵਿਚ ਹਿੰਦੂ ਪਾਣੀ ਦਾ ਮਤਲਬ ਹਿੰਦੂ-ਸਿੱਖ ਪਾਣੀ ਸੀ। ਹੁਣ ਜਦੋਂ ਤੀਜਾ ਘੜਾ ਰੱਖਣ ਵਾਲੇ ਪੈਦਾ ਹੋ ਰਹੇ ਸਨ ਤਾਂ ਆਧੁਨਿਕਤਾਵਾਦ ਨੇ ਕੂਲਰ ਤੇ ਟੂਟੀਆਂ ਲਗਵਾ ਦਿੱਤੀਆਂ ਨੇ ਜਾਂ ਬਿਸਲੇਰੀ ਦੀਆਂ ਬੋਤਲਾਂ।
ਨਾਂਵਾਂ ਦੇ ਅਗੇਤਰ ਸਰਦਾਰ, ਸ੍ਰੀ ਤੇ ਭਾਈ ਵਗੈਰਾ: ਅਜਮੇਰ ਸਿੰਘ ਨੇ ਇਹ ਮੁੱਦਾ ਵੀ ਉਠਾਇਆ ਹੈ ਕਿ ਕੁਝ ਲੋਕ ਤੰਗ ਨਜ਼ਰੀ ਕਰਕੇ ਹੀ ਸਿੱਖਾਂ ਦੇ ਨਾਂਵਾਂ ਦੇ ਅੱਗੇ ਸਰਦਾਰ ਦੀ ਬਜਾਏ ਸ੍ਰੀ ਲਿਖਦੇ ਹਨ। ਅਸਲ ਗੱਲ ਇਹ ਹੈ ਕਿ ਹੁਣ ਤਾਂ ਖੈਰ ਅਗੇਤਰ ਲਗਾਉਣ ਦਾ ਰਿਵਾਜ ਹੀ ਘੱਟਦਾ ਜਾ ਰਿਹਾ ਹੈ ਪਰ ‘ਸ੍ਰੀ’ ਨੂੰ ਆਮ ਤੌਰ ‘ਤੇ ਸਾਂਝਾ ਜਿਹਾ ਸਮਝ ਕੇ ਲਿਖਿਆ ਜਾਂਦਾ ਹੈ ਤੇ ਆਮ ਹੀ ਵੇਖਣ ਨੂੰ ਮਿਲਦਾ ਹੈ। ਧਰਮਾਂ ਦੇ ਆਧਾਰ ‘ਤੇ ਅਗੇਤਰ ਦੀ ਇਕ ਸਮੱਸਿਆ ਇਹ ਹੈ ਕਿ ਓਪਰੇ ਬੰਦੇ ਨੂੰ ਤੁਸੀਂ ਨਹੀਂ ਜਾਣ ਸਕਦੇ ਕਿ ਉਹ ਕਿਸ ਧਰਮ ਦਾ ਹੈ। ਸਾਡੇ ਭਾਸ਼ਾ ਵਿਗਿਆਨੀਆਂ ਨੂੰ ਚਾਹੀਦਾ ਹੈ ਕਿ ਸਤਿਕਾਰ ਦੇਣ ਵਾਸਤੇ ਕੋਈ ਅਗੇਤਰ ਤਲਾਸ਼ਣ ਜਿਹੜਾ ਸਭ ਧਰਮਾਂ ਤੇ ਵਿਸ਼ਵਾਸਾਂ ਵਾਲੇ ਲੋਕਾਂ ਵਾਸਤੇ ਸਾਂਝਾ ਹੋਵੇ ਅਤੇ ਉਹ ਆਦਮੀ ਤੇ ਔਰਤ ਵਾਸਤੇ ਵੀ ਵਰਤਿਆ ਜਾ ਸਕੇ। ਅੱਜ ਔਰਤ ਦੇ ਅਗੇਤਰ ਵਾਸਤੇ ਉਸ ਦੇ ਵਿਆਹੇ ਜਾਂ ਕੁਆਰੇ ਹੋਣ ਦਾ ਮੁੱਦਾ ਬਣਿਆ ਹੈ, ਇਸ ਦਾ ਵੀ ਹੱਲ ਲੱਭਿਆ ਜਾਵੇ। ਲਫ਼ਜ਼ ‘ਸਾਥੀ’ ਬਹੁਤ ਢੁਕਵਾਂ ਹੈ ਪਰ ਉਸ ਦੀ ਸਿਆਸੀ ਰੰਗਤ ਬਣ ਗਈ ਹੈ। ਔਰਤ ਵਾਸਤੇ ਮੈਂ ਹਮੇਸ਼ਾ ‘ਬੀਬੀ’ ਲਫ਼ਜ਼ ਨੂੰ ਪਹਿਲ ਦਿੰਦਾ ਹਾਂ। ਇਹ ਹਰ ਉਮਰ ਤੇ ਰਿਸ਼ਤੇ ਦੀ ਔਰਤ ਲਈ ਵਰਤਿਆ ਜਾ ਸਕਦਾ ਹੈ।
ਲਫ਼ਜ਼ ਭਾਈ ਵੀ ਠੀਕ ਹੈ ਜੇ ਮਕਬੂਲ ਹੋ ਸਕੇ। ਹਾਂ, ਮੈਂ ਸ਼ ਅਜਮੇਰ ਸਿੰਘ ਨੂੰ ਕਮਿਊਨਿਸਟਾਂ ਵਿਚ ਇਸ ਲਫ਼ਜ਼ ਬਾਰੇ ਤੁਅੱਸਬ ਦੇ ਸ਼ੰਕੇ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਚੰਡੀਗੜ੍ਹ ਵਿਚ ਪੰਜਾਬ ਦੀ ਕਮਿਊਨਿਸਟ ਪਾਰਟੀ ਦਾ ਮੁੱਖ ਦਫ਼ਤਰ ਹੈ। ਉਥੇ ਭਾਈ ਸੰਤੋਖ ਸਿੰਘ ਹਾਲ ਹੈ ਤੇ ਹਾਲ ਦੇ ਬਾਹਰ ਉਨ੍ਹਾਂ ਦੀ ਤਸਵੀਰ ਵੀ ਹੈ। ਇਸ ਤਸਵੀਰ ਦੇ ਹੇਠਾਂ ‘ਭਾਈ ਸੰਤੋਖ ਸਿੰਘ’ ਲਿਖਿਆ ਹੈ ਤੇ ਹਾਲ ਦਾ ਨਾਂ ਵੀ ‘ਭਾਈ ਸੰਤੋਖ ਸਿੰਘ ਹਾਲ’ ਹੈ, ਭਾਈ ਦੇ ਅਗੇਤਰ ਨੂੰ ਨਹੀਂ ਬਦਲਿਆ ਗਿਆ।
ਅਗੇਤਰਾਂ ਦੀ ਇਕ ਵਿਹਾਰੀ ਪ੍ਰੇਸ਼ਾਨੀ ਵੀ ਵਿਚਾਰਨ ਵਾਲੀ ਹੈ ਕਿ ਜੇ ਹਰ ਧਰਮ ਵਾਸਤੇ ਵੱਖਰਾ ਵੱਖਰਾ ਅਗੇਤਰ ਲਾਉਣਾ ਹੈ ਤਾਂ ਪੰਜ ਤੱਤ ਦੇ ਪੁਤਲਿਆਂ ਵਾਸਤੇ ਕਿਹੜਾ ਅਗੇਤਰ ਵਰਤਿਆ ਜਾ ਸਕਦਾ ਹੈ।
ਨਾਂਵਾਂ ਦੇ ਪਿਛੇਤਰ ‘ਸਿੰਘ’ ਬਾਰੇ: ਲੇਖਕ ਨੂੰ ਨਾਂਵਾਂ ਦੇ ਅਗੇਤਰ ਹੀ ਨਹੀਂ ਪਿਛੇਤਰਾਂ ਦੀ ਵੀ ਚਿੰਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੂੰ ‘ਸਿੰਘ’ ਦੇ ਸ਼ਬਦ ਨਾਲ ਐਲਰਜੀ ਹੈ, ਪਰ ਇਸ ਤਰ੍ਹਾਂ ਲੱਗਦਾ ਨਹੀਂ ਕਿਉਂਕਿ ਉਤਰੀ ਭਾਰਤ ਵਿਚ ਵੱਡੀ ਗਿਣਤੀ ਲੋਕਾਂ ਦੇ ਨਾਂ ਦੇ ਪਿੱਛੇ ਸਿੰਘ ਲੱਗਦਾ ਹੈ, ਸਿੱਖਾਂ ਤੋਂ ਇਲਾਵਾ ਵੀ। ਭਾਰਤ ਦੇ ਤਿੰਨ ਪ੍ਰਧਾਨ ਮੰਤਰੀ ‘ਸਿੰਘ’ ਹੋਏ ਹਨ। ਪੰਜਾਬ ਤੇ ਉਸ ਦੇ ਦੋਹਾਂ ਪੜੋਸੀ ਸੂਬਿਆਂ ਦੇ ਮੁੱਖ ਮੰਤਰੀ ਸਿੰਘ ਹਨ। ਗੱਲ ਸਿਰਫ਼ ਇੰਨੀ ਹੈ ਕਿ ਬਹੁਤੇ ਲੋਕਾਂ ਨੂੰ ਧਾਰਮਿਕ ਪਛਾਣ ਦੀ ਥਾਂ ਜਾਤ ਦੀ ਪਛਾਣ ਵੱਧ ਅਹਿਮ ਹੈ। ਉਨ੍ਹਾਂ ਨੇ ਆਪਣੇ ਨਾਂ ਫਲਾਣਾ ਗਿੱਲ ਤੇ ਫਲਾਣਾ ਸੰਧੂ ਜਾਂ ਫਲਾਣਾ ਸ਼ਰਮਾ ਤੇ ਫਲਾਣਾ ਚੋਪੜਾ ਕਰ ਲਏ ਹਨ। ਇਕ ਖੁਸ਼ਗਵਾਰ ਉਦਾਹਰਣ ਵੀ ਹੈ, ਪੰਜਾਬੀ ਦੇ ਇਕ ਲੇਖਕ ‘ਤਰਸੇਮ ਸ਼ਰਮਾ’ ਦੇ ਨਾਮ ਨਾਲ ਲਿਖਦੇ ਸਨ, ਪਹਿਲਾਂ ‘ਕੁਮਾਰ’ ਛੱਡਿਆ ਤੇ ਹੁਣ ‘ਸ਼ਰਮਾ’ ਵੀ ਛੱਡ ਕੇ ‘ਤਰਸੇਮ ਬਸ਼ਰ’ ਦੇ ਨਾਂ ਨਾਲ ਲਿਖਦੇ ਹਨ। ਬਸ਼ਰ ਯਾਨਿ ਇਨਸਾਨ।
ਤੁਅੱਸਬੀਆਂ ਦੀ ਇਕ ਕਥਾ ਯਾਦ ਆਈ ਹੈ। ਬਲਰਾਜ ਸਾਹਨੀ ਲਿਖਦਾ ਹੈ ਕਿ ਉਸ ਨੇ ਗੁਰੂ ਨਾਨਕ ਦੇ ਗੁਰਪੁਰਬ ਵਕਤ ਰਾਗੀ ਸਿੰਘ ਨੂੰ ਮਾਇਆ ਦਾਨ ਕੀਤੀ। ਰਾਗੀ ਸਿੰਘ ਨੇ ਦਾਨੀ ਵਾਸਤੇ ਚੜ੍ਹਦੀ ਕਲਾ ਦੀ ਅਰਦਾਸ ਕਰਦਿਆਂ ਕਿਹਾ ਕਿ ‘ਇਨ੍ਹਾਂ ਦਾ ਨਾਂ ਤਾਂ ਬਲਰਾਜ ਸਿੰਘ ਹੋਣਾ ਚਾਹੀਦਾ ਸੀ।’ ਬਾਅਦ ਵਿਚ ਬਲਰਾਜ ਸਾਹਨੀ ਨੇ ਕਿਹਾ ਕਿ ਇਸ ਤਰ੍ਹਾਂ ਤਾਂ ਨਾਨਕ ਦੇਵ ਦੀ ਥਾਂ ‘ਤੇ ਵੀ ਸਿੰਘ ਹੋਣਾ ਚਾਹੀਦਾ ਸੀ। ਅੱਜ ਮੈਨੂੰ ਲੱਗ ਰਿਹਾ ਹੈ ਕਿ ਹਾਲਾਤ ਏੇਧਰ ਵੀ ਮੁੜ ਸਕਦੇ ਹਨ। ਜੇ ਮਾਤਾ ਗੁਜਰੀ ਦਾ ਨਾਂ 300 ਸਾਲ ਬਾਅਦ ਗੁਜਰ ਕੌਰ ਰੱਖਿਆ ਜਾ ਸਕਦਾ ਹੈ ਤਾਂ ਅੱਗੇ ਕੀ ਕਿਹਾ ਜਾ ਸਕਦਾ ਹੈ? ਮੈਂ ਸੁਣਿਆ ਹੈ ਕਿ ਇਕ ਸਿੱਖ ਹਿਤੈਸ਼ੀ ਲੇਖਕ ਗੁਰੂਆਂ ਦੇ ਨਾਂਵਾਂ ਪਿੱਛੇ ਦੇਵ ਲਗਾ ਕੇ ਖ਼ੁਸ਼ ਨਹੀਂ, ਇਸ ਵਾਸਤੇ ਉਹ ਸਿਰਫ਼ ਗੁਰੂ ਨਾਨਕ ਸਾਹਿਬ ਤੇ ਅਰਜਨ ਸਾਹਿਬ ਹੀ ਲਿਖਦਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਜਦੋਂ ਉਸ ਨੂੰ ਖਿਆਲ ਆਇਆ ਕਿ ਰਾਮ, ਅਰਜਨ ਤੇ ਕ੍ਰਿਸ਼ਨ ਹਿੰਦੂ ਨਾਟਕਾਂ ਦੇ ਪਾਤਰ ਹਨ ਤਾਂ ਪਤਾ ਨਹੀਂ ਕੀ ਪੈਂਤੜਾ ਅਖਤਿਆਰ ਕਰੇ!
ਧਰਮ ਤੇ ਧਰਮ ਨਿਰਪੱਖਤਾ: ਬੇਸ਼ੱਕ ਏਜੰਡਾ ਗ਼ਦਰੀ ਬਾਬਿਆਂ ਬਾਰੇ ਸੀ ਪਰ ਅਜਮੇਰ ਸਿੰਘ ਨੇ ਕਈ ਗੁੰਝਲਦਾਰ ਫਲਸਫਾਨਾ ਨੁਕਤੇ ਉਠਾਏ ਹਨ। ਮੈਂ ਇਨ੍ਹਾਂ ਨੂੰ ਸਧਾਰਣ ਤੌਰ ‘ਤੇ ਵਿਚਾਰਾਂਗਾ। ਇਨ੍ਹਾਂ ਸ਼ਬਦਾਂ ਦੀਆਂ ਡੂੰਘੀਆਂ ਫਲਸਫਾਨਾ ਪਰਿਭਾਸ਼ਾਵਾਂ ਕਈ ਤਰ੍ਹਾਂ ਦੀਆਂ ਹਨ ਪਰ ਆਮ ਡਿਕਸ਼ਨਰੀ ਅਰਥਾਂ ਨਾਲ ਹੀ ਸੌਖਿਆਂ ਸਮਝਿਆ ਜਾ ਸਕਦਾ ਹੈ। ਅਜਮੇਰ ਸਿੰਘ ਕਹਿੰਦੇ ਹਨ ਕਿ ਧਰਮੀ ਬੰਦਿਆਂ ਨੂੰ ਧਰਮ ਨਿਰਪੱਖ ਕਹਿਣਾ ਇਤਰਾਜ਼ਯੋਗ ਹੈ, ਇਹ ਉਨ੍ਹਾਂ ਕੋਲੋਂ ਸਭ ਤੋਂ ਕੀਮਤੀ ਇਖਲਾਕੀ ਮਾਲੀਅਤ ਖੋਹ ਲੈਣ ਵਾਲੀ ਗੱਲ ਏ। ਲੇਕਿਨ ਸਧਾਰਨ ਅਰਥਾਂ ਵਿਚ ਵੇਖਿਆਂ ਇਕ ਧਰਮੀ ਬੰਦੇ ਵਾਸਤੇ ਧਰਮ ਨਿਰਪੱਖ ਹੋਣਾ ਫਖ਼ਰ ਵਾਲੀ ਗੱਲ ਹੋਵੇਗੀ। ਉਸ ਵਾਸਤੇ ਧਰਮੀ ਬੰਦਾ ਹੋਣ ਦਾ ਅਰਥ ਆਪਣੀਆਂ ਧਾਰਮਿਕ ਰਹਿਤਾਂ ਵਿਚ ਪੂਰਾ ਉਤਰਨਾ ਹੈ ਤੇ ਧਰਮ ਨਿਰਪੱਖਤਾ ਦਾ ਮਤਲਬ ਸਮਾਜਕ ਕਾਰ-ਵਿਹਾਰ ਵਿਚ ਹੋਰਨਾਂ ਦੇ ਧਰਮ ਵੇਖ ਕੇ ਨਾ ਲਿਹਾਜ਼ਦਾਰੀ ਵਰਤਣੀ ਤੇ ਨਾ ਵਿਤਕਰਾ ਕਰਨਾ ਹੈ। ਧਾਰਮਿਕ ਰਹੁ ਰੀਤਾਂ ਵਿਚ ਪਰਿਪੱਕ ਇਕ ਜੱਜ ਜੇ ਫੈਸਲਾ ਸੁਣਾਉਣ ਵੇਲੇ ਫਰੀਕਾਨ ਦੇ ਧਰਮਾਂ ਨੂੰ ਨਜ਼ਰ ਅੰਦਾਜ਼ ਕਰਕੇ ਤੱਥਾਂ ਮੁਤਾਬਕ ਫੈਸਲਾ ਸੁਣਾਉਂਦਾ ਹੈ ਤਾਂ ਉਹ ਧਰਮ ਨਿਰਪੱਖ ਹੈ।
ਸਮਾਜ ਵਿਚ ਇਨਸਾਨਾਂ ਦੇ ਧਰਮਾਂ ਤੋਂ ਬਾਹਰਲੇ ਰਿਸ਼ਤੇ ਹੁੰਦੇ ਹਨ। ਇਹ ਅਧਿਆਪਕ-ਵਿਦਿਆਰਥੀ, ਅਫ਼ਸਰ-ਕਰਮਚਾਰੀ, ਦੁਕਾਨਦਾਰ-ਗ੍ਰਾਹਕ, ਡਰਾਈਵਰ-ਸਵਾਰੀ ਦੇ ਰਿਸ਼ਤੇ ਹਨ। ਇਨ੍ਹਾਂ ਰਿਸ਼ਤਿਆਂ ਵਿਚ ਧਰਮਾਂ ਦਾ ਗੌਰ ਨਾ ਕਰਨਾ ਧਰਮ ਨਿਰਪੱਖਤਾ ਹੈ। ਇਕ ਸੱਚੇ ਧਰਮ ਨਿਰਪੱਖ ਬੰਦੇ ਨੇ ਨਾ ਸਿਰਫ਼ ਹਰ ਧਰਮ ਦੇ ਬੰਦੇ ਵਾਸਤੇ ਬਰਾਬਰ ਦਾ ਸਤਿਕਾਰ ਰੱਖਣਾ ਹੈ, ਉਸ ਨੇ ਉਸ ਬੰਦੇ ਨੂੰ ਵੀ ਬਰਾਬਰ ਦਾ ਸਤਿਕਾਰ ਦੇਣਾ ਹੈ ਜਿਸ ਦਾ ਕਿਸੇ ਧਰਮ ਵਿਚ ਵਿਸ਼ਵਾਸ ਨਹੀਂ। ਇਨਸਾਨਾਂ ਪ੍ਰਤੀ ਸੱਚਾਈ, ਈਮਾਨਦਾਰੀ, ਹਮਦਰਦੀ ਤੇ ਇਨਸਾਫ਼ ਦੀ ਨਜ਼ਰ ਰੱਖਣਾ ਹਰ ਧਰਮ ਵਿਚ ਦਰਜ ਹੈ। ਇਹੀ ਫਰਜ਼ ਹਰ ਸਭਿਅਕ ਵਿਅਕਤੀ, ਸਮੇਤ ਨਾਸਤਕਾਂ ਦੇ ਹਨ। ਇਸ ਵਾਸਤੇ ਜੋ ਸੱਚਾ ਧਰਮ ਨਿਰਪੱਖ ਨਹੀਂ, ਉਹ ਸੱਚਾ ਧਰਮੀ ਨਹੀਂ ਹੋ ਸਕਦਾ। ਧਰਮ ਨਿਰਪੱਖਤਾ ਦਾ ਵਿਪਰੀਤ ਸ਼ਬਦ ਕੇਵਲ ਫਿਰਕਾਪ੍ਰਸਤੀ ਹੈ। ਅਜਮੇਰ ਸਿੰਘ ਇਸ ਹੱਦ ਤੱਕ ਜਾ ਰਹੇ ਹਨ, “ਸਿੱਖ ਧਰਮ ਦੀ ਵਿਲੱਖਣਤਾ ਨੂੰ ਸਮਝੇ ਬਗੈਰ ਗ਼ਦਰੀ ਬਾਬਿਆਂ ਨੂੰ ਧਰਮ ਨਿਰਪੱਖ ਕਹਿਣਾ, ਅਮਲੀ ਰੂਪ ਵਿਚ ਉਨ੍ਹਾਂ ਨੂੰ ਸਿੱਖ ਧਰਮ ਦੇ ਵਿਰੋਧ ਵਿਚ ਖੜਾ ਕਰਨਾ ਹੈ ਤੇ ਇਸ ਤੋਂ ਵੱਡਾ ਅਨਾਚਾਰ ਉਨ੍ਹਾਂ ਪ੍ਰਤੀ ਹੋਰ ਨਹੀਂ ਹੋ ਸਕਦਾ।” ਲੇਕਿਨ ਮੇਰੇ ਖਿਆਲ ਵਿਚ ਉਨ੍ਹਾਂ ਨੂੰ ਧਰਮ ਨਿਰਪੱਖ ਨਾ ਕਹਿਣਾ ਅਨਾਚਾਰ ਹੋਵੇਗਾ।
ਸਿੱਖ ਧਰਮ ਜ਼ਰੂਰ ਵਿਲੱਖਣ ਹੈ। ਹਰ ਧਰਮ ਦੀ ਵਿਲੱਖਣਤਾ ਹੁੰਦੀ ਹੈ, ਨਹੀਂ ਤਾਂ ਇਤਨੇ ਧਰਮ ਕਿਉਂ ਬਣਦੇ। ਲੇਕਿਨ ਧਰਮ ਦੀ ਵਿਲੱਖਣਤਾ ਨਾਲ ਧਰਮ ਨਿਰਪੱਖਤਾ ਦੇ ਅਰਥ ਨਹੀਂ ਬਦਲ ਸਕਦੇ। ਨਾ ਇਹ ਹੋ ਸਕਦਾ ਹੈ ਕਿ ਧਰਮ ਨਿਰਪੱਖਤਾ ਦਾ ਵਿਹਾਰੀ ਰੂਪ ਸਿੱਖ ਧਰਮ ਵਾਲੇ ਵਾਸਤੇ ਕੁਝ ਹੋਰ ਤੇ ਹੋਰਨਾਂ ਵਾਸਤੇ ਕੁਝ ਹੋਰ ਹੋਵੇਗਾ। ਅਜਮੇਰ ਸਿੰਘ ਠੀਕ ਲਿਖਦੇ ਹਨ, “ਸਿੱਖ ਧਰਮ ਅੰਦਰ ਤੰਗ-ਨਜ਼ਰੀ, ਪੱਖ ਪਾਤ ਤੇ ਅਸਹਿਣਸ਼ੀਲਤਾ ਦਾ ਕੋਈ ਆਧਾਰ, ਕੋਈ ਵਜ੍ਹਾ ਤੇ ਕੋਈ ਜਗ੍ਹਾ ਨਹੀਂ।” ਖ਼ੁਸ਼ੀ ਦੀ ਗੱਲ ਹੈ। ਇਨ੍ਹਾਂ ਚੀਜ਼ਾ ਦੀ ਜਗ੍ਹਾ ਇਨਸਾਨੀਅਤ ਵਿਚ ਵੀ ਨਹੀਂ, ਧਰਮ ਨਿਰਪੱਖਤਾ ਵਿਚ ਵੀ ਨਹੀਂ ਤੇ ਆਧੁਨਿਕਤਾ ਵਿਚ ਬਿਲਕੁਲ ਨਹੀਂ।
ਧਰਮ ਤੇ ਨਾਗਰਿਕਤਾ: ਇਸ ਵਿਸ਼ੇ ਨੂੰ ਸ਼ ਅਜਮੇਰ ਸਿੰਘ ਨੇ ਕਈ ਸਿਰਲੇਖਾਂ ਵਿਚ ਲਿਆ ਹੈ। ਇਕ ਸਵਾਲ ਕੀਤਾ ਹੈ ਕਿ ਕੀ ‘ਸਿੱਖਾਂ ਨੂੰ ਪਹਿਲਾਂ ਹਿੰਦੁਸਤਾਨੀ ਤੇ ਬਾਅਦ ਵਿਚ ਸਿੱਖ ਕਹਿਣਾ ਦਰੁਸਤ ਹੈ?’ ਉਨ੍ਹਾਂ ਨੇ ਠੀਕ ਜਵਾਬ ਦਿੱਤਾ ਕਿ “ਇਹ ਦਰੁਸਤ ਨਹੀਂ।” ਮੈਂ ਸਮਝਦਾ ਹਾਂ ਕਿ ਹਰ ਇਨਸਾਨ ਪਹਿਲਾਂ ਇਨਸਾਨ ਹੀ ਹੁੰਦਾ ਹੈ, ਉਸ ਤੋਂ ਬਾਅਦ ਉਸ ਦੇ ਕਈ ਰੁਤਬੇ, ਉਸ ਦੀ ਨਾਗਰਿਕਤਾ, ਧਰਮ, ਜਾਤ, ਗੋਤ, ਕਿੱਤਾ, ਇਲਾਕਾ, ਵਿਚਾਰਧਾਰਾ ਤੇ ਭਾਸ਼ਾ-ਸਬੰਧ ਨਾਲ ਨਾਲ ਚੱਲਦੇ ਹਨ। ਹਾਂ, ਜੇ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਇਨ੍ਹਾਂ ਵਿਚੋਂ ਕਿਸੇ ਰੁਤਬੇ ਨੂੰ ਪਹਿਲੇ ਨੰਬਰ ਤੇ ਕਿਸੇ ਨੂੰ ਦੂਜੇ-ਤੀਜੇ ‘ਤੇ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਕੋਈ ਨਹੀਂ ਰੋਕ ਸਕਦਾ। ਸਾਡੇ ਇਰਦ-ਗਿਰਦ ਦੇ ਬਹੁਤੇ ਲੋਕ ਆਪਣੀ ਗੋਤ ਤੇ ਜਾਤ ਨੂੰ ਹੀ ਪਹਿਲਾ ਨੰਬਰ ਦਿੰਦੇ ਹਨ। ਗੱਡੀਆਂ ਦੇ ਪਿੱਛੇ ਗੋਤ ਜਾਂ ਜਾਤ ਹੀ ਲਿਖੀ ਹੁੰਦੀ ਹੈ। ਜੇ ਕਿਸੇ ਨੂੰ ਕੋਈ ਪੁੱਛੇ ਕਿ “ਤੁਸੀਂ ਕੌਣ ਹੁੰਦੇ ਹੋ?” ਤਾਂ ਇਸ ਦਾ ਜਵਾਬ ਆਪਣੀ ਜਾਤ ਦੱਸ ਕੇ ਦਿੰਦੇ ਹਨ।
ਅਜਮੇਰ ਸਿੰਘ ਇਹ ਵੀ ਠੀਕ ਲਿਖਦੇ ਹਨ, “ਇਕੋ ਸਾਂਝੇ ਰਾਜ ਦੇ ਨਾਗਰਿਕ ਹੋਣਾ ਇਕ ਇਤਫ਼ਾਕ ਦੀ ਗੱਲ ਹੈ ਅਤੇ ਇਹ ਵੀ ਠੀਕ ਹੀ ਕਿਹਾ ਹੈ ਕਿ ਇਹ ਆਰਜੀ ਹੁੰਦੀ ਹੈ, ਬੰਦੇ ਦੀ ਨਾਗਰਿਕਤਾ ਬਦਲਦੀ ਰਹਿ ਸਕਦੀ ਹੈ। ਲੇਕਿਨ ਵਿਹਾਰਕ ਤੌਰ ‘ਤੇ ਅੱਜ ਧਰਮ ਵੀ ਇਤਫ਼ਾਕ ਹੋ ਗਏ ਹਨ ਕਿਉਂਕਿ ਨਾਗਰਿਕਤਾ ਦੀ ਤਰ੍ਹਾਂ ਇਹ ਵੀ ਬੰਦੇ ਨੂੰ ਜਨਮ ਦੇ ਨਾਲ ਹੀ ਮਿਲ ਜਾਂਦੇ ਹਨ।” ਅਜਮੇਰ ਸਿੰਘ ਨੇ ਇਸ ਕਿਤਾਬ ਵਿਚ ਕਈ ਵਾਰ ਲਿਖਿਆ ਹੈ ਕਿ ਸਿੱਖ ਧਰਮ ਤੇ ਹੋਰ ਧਰਮਾਂ ਦੀ ਵਿਚਾਰਧਾਰਾ ਤੇ ਜੀਵਨ ਜਾਚ ਵਿਚ ਬਹੁਤ ਅੰਤਰ ਹੈ। ਯਾਨਿ ਹਰ ਧਰਮ ਦੀ ਵੱਖਰੀ ਵਿਚਾਰਧਾਰਾ ਤੇ ਨਜ਼ਰੀਆ ਹੈ। ਸਧਾਰਨ ਤੌਰ ‘ਤੇ ਹੋਣਾ ਤੇ ਇਹ ਚਾਹੀਦਾ ਹੈ ਕਿ ਬੰਦੇ ਵਾਸਤੇ ਵਿਚਾਰਧਾਰਾ ਅਪਨਾਉਣ ਦੀ ਇਕ ਉਮਰ ਹੋਵੇ ਜਦੋਂ ਉਹ ਕਈ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਪੜ੍ਹ ਵਿਚਾਰ ਸਕੇ ਤੇ ਕਿਸੇ ਇਕ ਦੀ ਚੋਣ ਕਰ ਸਕੇ ਲੇਕਿਨ ਇਹ ਹੋ ਨਹੀਂ ਰਿਹਾ, ਧਰਮ ਰੂਪੀ ਵਿਚਾਰਧਾਰਾ ਤੁਹਾਨੂੰ ਜਨਮ ਵੇਲੇ ਹੀ ਮਿਲ ਜਾਂਦੀ ਹੈ, ਇਸ ਵਾਸਤੇ ਇਹ ਵੀ ਇਤਫ਼ਾਕ ਹੈ।
ਕੋਈ ਫਲਾਨੇ ਧਰਮ ਵਿਚ ਕਿਉਂ ਹੈ, ਇਸ ਦਾ ਕਾਰਨ ਇਹ ਨਹੀਂ ਹੁੰਦਾ ਕਿ ਉਸ ਨੂੰ ਉਹ ਧਰਮ ਹੋਰ ਧਰਮਾਂ ਦੇ ਮੁਕਾਬਲੇ ਚੰਗਾ ਲੱਗਾ ਹੈ, ਪਸੰਦ ਆਇਆ ਹੈ। ਇਸ ਦਾ ਇਕੋ ਇਕ ਕਾਰਨ ਹੈ ਕਿ ਉਸ ਦੇ ਪਿਤਾ ਦਾ ਧਰਮ ਵੀ ਓਹੀ ਸੀ। ਹਾਂ, ਹੁਣ ਉਸ ਨੂੰ ਪਸੰਦ ਕਰਨਾ, ਉਸ ਦੀ ਤਾਰੀਫ਼ ਕਰਨਾ ਤੇ ਉਸ ਦਾ ਪ੍ਰਚਾਰ ਕਰਨਾ ਉਸ ਦਾ ਫ਼ਰਜ ਬਣ ਜਾਂਦਾ ਹੈ। ਹਰ ਧਰਮ ਨੂੰ ਸਭ ਧਰਮਾਂ ਨਾਲੋਂ ਵਿਲੱਖਣ ਤੇ ਉਤਮ ਦੱਸਣ ਵਾਲੀਆਂ ਕਿਤਾਬਾਂ ਦੀਆਂ ਅਲਮਾਰੀਆਂ ਹੀ ਨਹੀਂ ਲਾਇਬ੍ਰੇਰੀਆਂ ਭਰੀਆਂ ਪਈਆਂ ਹਨ।
ਲੇਖਕ ਕਹਿੰਦਾ ਹੈ, ‘ਭਾਰਤੀ ਹੋਣਾ ਇਕ ਇਤਫ਼ਾਕ ਹੈ ਤੇ ਸਿੱਖ ਹੋਣਾ ਭਾਗ।’ ਲੇਕਿਨ ਹਰ ਭਾਗ ਇਤਫ਼ਾਕ ਹੁੰਦਾ ਹੈ। ਇਹ ਹਰ ਬੰਦੇ ਦੀ ਆਪਣੀ ਮਰਜ਼ੀ ਹੈ ਕਿ ਉਸ ਨੇ ਕਿਸ ਇਤਫ਼ਾਕ ਨੂੰ ਭਾਗ ਸਮਝਣਾ ਹੈ ਤੇ ਕਿਸ ਨੂੰ ਨਹੀਂ। ਵੈਸੇ ਇਤਫ਼ਾਕ ਉਪਰ ਖੁਸ਼ੀ ਗਮੀ ਤਾਂ ਹੋ ਸਕਦੀ ਹੈ, ਮਾਣ ਨਹੀਂ। ਜਿਹੜਾ ਕਹਿੰਦਾ ਹੈ ਕਿ ਮੈਨੂੰ ਮਾਣ ਹੈ ਭਾਰਤੀ ਹੋਣ ਤੇ ਜਾਂ ਫਲਾਣੇ ਧਰਮ ਜਾਂ ਜਾਤ ਨਾਲ ਸਬੰਧਤ ਹੋਣ ‘ਤੇ ਤਾਂ ਉਸ ਨੂੰ ਇਹੀ ਕਿਹਾ ਜਾ ਸਕਦਾ ਹੈ ਕਿ ਮਾਣ ਆਪਣੀ ਖੁਦ ਦੀ ਚੋਣ, ਖੋਜ ਜਾਂ ਮਿਹਨਤ ਨਾਲ ਪ੍ਰਾਪਤ ਕੀਤੀ ਚੀਜ਼ ਉਪਰ ਹੋ ਸਕਦਾ ਹੈ, ਜਨਮ ਲੈਣ ਉਪਰ ਨਹੀਂ।
ਧਰਮ ਤੇ ਰਾਸ਼ਟਰ: ਰਾਸ਼ਟਰਵਾਦ ਨੂੰ ਲੈ ਕੇ ਸ਼ ਅਜਮੇਰ ਸਿੰਘ ਨੇ ਬਹੁਤ ਕੁਝ ਲਿਖਿਆ ਹੈ। ਇਸ ਦੀ ਤਕਨੀਕੀ ਪਰਿਭਾਸ਼ਾ ਬਹੁਤ ਗੁੰਝਲਦਾਰ ਹੈ, ਇਸ ਵਾਸਤੇ ਹੁਣ ਦੇ ਜ਼ਮਾਨੇ ਵਿਚ ਇਸ ਨੂੰ ਇਸ ਦੇ ਅਮਲੀ ਤੇ ਵਿਹਾਰੀ ਅਰਥਾਂ ਵਿਚ ਹੀ ਲਿਆ ਜਾਂਦਾ ਹੈ। ਅੱਜ ਕੌਮੀਅਤ ਤੇ ਨਾਗਰਿਕਤਾ ਇਕਮਿਕ ਹੋ ਚੁਕੇ ਹਨ। ਸਾਡੇ ਪਾਸਪੋਰਟਾਂ ਉਪਰ ਕੌਮੀਅਤ ਭਾਰਤੀ ਲਿਖੀ ਹੁੰਦੀ ਹੈ, ਅਸੀਂ ਹੋਟਲਾਂ ਵਿਚ ਜਾ ਕੇ ਕੌਮੀਅਤ ਦੇ ਖਾਨੇ ਅੱਗੇ ਭਾਰਤੀ ਲਿਖਦੇ ਹਾਂ ਜੋ ਕਿ ਅਸਲ ਵਿਚ ਸਾਡੀ ਨਾਗਰਿਕਤਾ ਹੈ। ਅੱਜ ਇਨਸਾਨ ਦੇ ਜੀਵਨ ਪ੍ਰਵਾਹ ਵਿਚ, ਉਸ ਦੇ ਰੁਜ਼ਗਾਰ, ਤਾਲੀਮ, ਸਿਹਤ, ਰਿਹਾਇਸ਼ੀ ਸਹੂਲਤਾਂ, ਆਵਾਜਾਈ, ਸੁਰੱਖਿਆ ਵਗੈਰਾ ਦਾ ਸਬੰਧ ਉਸ ਦੀ ਨਾਗਰਿਕਤਾ ‘ਤੇ ਹੀ ਨਿਰਭਰ ਹੈ, ਹੋਰ ਕਿਸੇ ਗੱਲ ‘ਤੇ ਨਹੀਂ।
ਅਜਮੇਰ ਸਿੰਘ ਨੇ ਤਾਂ ਰਾਸ਼ਟਰਵਾਦ ਨੂੰ ਬਿਲਕੁਲ ਗ਼ਲਤ, ਬੇਲੋੜੇ ਤੇ ਗੈਰ-ਵਿਹਾਰੀ ਅੰਦਾਜ਼ ਵਿਚ ਪੇਸ਼ ਕੀਤਾ ਹੈ। ਕੁਝ ਇਬਾਰਤਾਂ ਤਾਂ ਉਹ ਬਹੁਤ ਅਜੀਬ ਜਿਹੀਆਂ ਲਿਖ ਰਹੇ ਹਨ। ਕਹਿੰਦੇ ਹਨ ਕਿ ‘ਇਕ ਬੰਦਾ ਇਕੇ ਵਕਤ ਸਿੱਖ ਤੇ ਰਾਸ਼ਟਰਵਾਦੀ ਨਹੀਂ ਹੋ ਸਕਦਾ ਲੇਕਿਨ ਇਕ ਹਿੰਦੂ ਆਪਣੇ ਆਪ ਵਿਚ ਹੀ ਰਾਸ਼ਟਰਵਾਦੀ ਹੋ ਸਕਦਾ ਹੈ।’ ਲਿਖਦੇ ਹਨ, “ਵਰਣ-ਆਸ਼ਰਮ ਧਰਮ ਹਿੰਦੂ ਮਤ ਦਾ ਕੇਂਦਰੀ ਅਸੂਲ ਤੇ ਹਿੰਦੂ ਸਮਾਜ ਦੀ ਚੂਲ ਹੈ। ਜਾਤ ਪਾਤੀ ਆਪਣੇ ਮੂਲ ਖਾਸੇ ਤੋਂ ਹੀ ਮਾਨਵ ਦੋਖੀ ਹੈ। ਇਸ ਵਾਸਤੇ ਕੋਈ ਹਿੰਦੂ ਆਪਣੀ ਹਿੰਦੂ ਹਸਤੀ ਛੱਡ ਕੇ ਮਾਨਵਵਾਦੀ ਨਹੀਂ ਹੋ ਸਕਦਾ।” ਇਹ ਠੀਕ ਹੈ ਕਿ ਜਾਤ-ਪਾਤ ਮਾਨਵ ਦੋਖੀ ਹੈ ਤੇ ਇਹ ਹਿੰਦੂ ਸਮਾਜ ਦੀ ਚੂਲ ਵੀ ਹੋਵੇਗੀ ਪਰ ਅਜਿਹਾ ਕੁਝ ਨਹੀਂ ਕਿ ਜੋ ਜਾਤ ਪਾਤ ਤੋਂ ਇਨਕਾਰ ਕਰੇਗਾ ਉਹ ਹਿੰਦੂ ਨਹੀਂ ਰਹੇਗਾ। ਵਿਹਾਰ ਵਿਚ ਜਾਤ-ਪਾਤ ਸਿੱਖਾਂ ਵਿਚ ਵੀ ਪੂਰੀ ਤਰ੍ਹਾਂ ਕਾਇਮ ਹੈ, ਬਿਲਕੁਲ ਪੂਰੀ ਤਰ੍ਹਾਂ। ਅਤੇ ਜਿਤਨੇ ਕੁ ਸਿੱਖ ਜਾਤ-ਪਾਤ ਨੂੰ, ਮਨ ਤੇ ਵਿਹਾਰਾਂ ਵਿਚ, ਮੰਨਣ ਤੋਂ ਇਨਕਾਰੀ ਹਨ, ਓਨੇ ਕੁ ਹਿੰਦੂ ਵੀ ਇਨਕਾਰੀ ਹਨ। ਦੋਹਾਂ ਵਿਚ ਅਜਿਹਾ ਕਰਨ ਦਾ ਅਸਲ ਕਾਰਨ ਉਨ੍ਹਾਂ ਦਾ ਆਧੁਨਿਕਤਾਵਾਦ ਤੇ ਪੱਛਮੀ ਸਭਿਅਤਾ ਦੇ ਅਸਰ ਹੇਠ ਹੋਣਾ ਹੈ।
ਰਾਸ਼ਟਰਵਾਦ ਦੇ ਨਾਂ ਹੇਠ ਸ਼ ਅਜਮੇਰ ਸਿੰਘ ਦੇ ਕੁਝ ਬਹੁਤ ਹੀ ਭਿਆਨਕ ਕਿਸਮ ਦੇ ਅਲਫ਼ਾਜ਼ ਵੀ ਪੜ੍ਹਨ ਨੂੰ ਮਿਲੇ ਜੋ ਇਸ ਪਾਠਕ ਨੂੰ ਤਾਂ ਸੁੰਨ ਕਰ ਗਏ। ਲਿਖਦੇ ਹਨ, “ਭਾਰਤ ਵਿਚ ਕਮਿਊਨਿਸਟ ਲਹਿਰ ਦੇ ਪਤਨ ਦਾ ਸਭ ਤੋਂ ਵੱਡਾ ਕਾਰਨ ਰਾਸ਼ਟਰਵਾਦ ਬਾਰੇ ਉਨ੍ਹਾਂ ਦੀ ਗਲਤ ਸੋਚ ਦਾ ਹੋਣਾ ਹੈ।” ਹੋਵੇਗੀ ਗ਼ਲਤ ਸੋਚ ਕਿਉਂਕਿ ਮੈਂ ਕਦੇ ਵੀ ‘ਰਾਸ਼ਟਰਵਾਦ’ ਦੇ ਮੁੱਦੇ ਉਪਰ ਮਗ਼ਜ਼ ਖਪਾਈ ਨਹੀਂ ਕੀਤੀ। ਪਰ ਜਿਹੜੇ ਸ਼ਬਦ ਹਿਲਾ ਦੇਣ ਵਾਲੇ ਹਨ, ਉਹ ਇਸ ਤੋਂ ਅਗਲਾ ਜੁਮਲਾ ਹੈ, “ਇਹ ਸਿਧਾਂਤਕ ਕੁਰਾਹਾ ਹੀ ਪੰਜਾਬ ਅੰਦਰ ਸਿੱਖ ਖਾੜਕੂ ਸੰਘਰਸ਼ ਦੌਰਾਨ ਦਰਜਨਾਂ ਦੀ ਗਿਣਤੀ ਵਿਚ ਖੱਬੇ ਪੱਖੀ ਆਗੂਆਂ ਤੇ ਕਾਰਕੁੰਨਾਂ ਦੇ ਸਿੱਖ ਖਾੜਕੂਆਂ ਹੱਥੋਂ ਕਤਲ ਹੋ ਜਾਣ ਦੇ ਦੁਖਾਂਤ ਦਾ ਕਾਰਨ ਬਣਿਆ।” ਸ਼ੁਕਰ ਹੈ ਕਿ ਉਨ੍ਹਾਂ ਨੇ ਇਸ ਨੂੰ ਦੁਖਾਂਤ ਆਖਿਆ ਹੈ ਪਰ ਲਹਿਜ਼ਾ ਇਹ ਹੈ ਕਿ ਉਹ ਇਨ੍ਹਾਂ ਕਤਲਾਂ ਨੂੰ ਹੱਕ ਬਨਾਜਬ ਸਮਝਦੇ ਹਨ। ਇਸ ਜੁਮਲੇ ਨਾਲ ਅਜਮੇਰ ਸਿੰਘ ਨੇ ਮੇਰੇ ਵਰਗੇ ਨੂੰ ਵੀ ਰੱਬ ਚੇਤੇ ਕਰਾ ਦਿੱਤਾ। ਮੂੰਹੋਂ ਇਹੀ ਨਿਕਲਿਆ, ‘ਹੇ ਰੱਬਾ, ਇਹ ਕੀ ਪੜ੍ਹ ਰਿਹਾ ਹਾਂ, ਸਿਧਾਂਤਕ ਕੁਰਾਹੇ ਦੀ ਸਜ਼ਾ, ਸਜ਼ਾਏ ਮੌਤ?’
ਹਾਲਾਂਕਿ ਇਸ ਤੋਂ ਅਗਲੇ ਸਫ਼ਿਆਂ ਵਿਚ ਅਜਮੇਰ ਲਿਖਦੇ ਹਨ, “ਸਿੱਖ ਫ਼ਲਸਫ਼ਾ ਇਕਤਾਵਾਦੀ ਨਹੀਂ ਬਹੁਵਾਦੀ ਹੈ। ਇਸ ਵਿਚ ਅਸਹਿਣਸ਼ੀਲਤਾ ਦੀ ਕੋਈ ਥਾਂ ਨਹੀਂ। ਇਹ ਦੂਸਰੇਪਣ ਨੂੰ ਸਹਿਣ ਹੀ ਨਹੀਂ ਕਰਦਾ, ਇਸ ਦਾ ਤਹਿ ਦਿਲੋਂ ਸਤਿਕਾਰ ਕਰਦਾ ਹੈ।” ਪਰ ਕੀ ਇਹ ਹੈ ਦਿਲੀ ਸਤਿਕਾਰ? ਕਿਸੇ ਬੰਦੇ ਨੂੰ ਸਿਰਫ਼ ਇਸ ਕਰਕੇ ਜਾਨੋਂ ਮਾਰ ਦੇਣਾ ਕਿ ਉਸ ਦੀ ਸਿਧਾਂਤਕ ਸੋਚ ਬੇਪਸੰਦ ਹੈ? ਫਿਰ ਕਿਸੇ ਨਿਹੱਥੇ ਬੰਦੇ ਨੂੰ ਬਿਨਾ ਸਫ਼ਾਈ ਦਾ ਮੌਕਾ ਦਿੱਤੇ, ਬਿਨਾ ਪਹਿਲਾਂ ਵਾਰ ਦਾ ਮੌਕਾ ਦਿੱਤੇ, ਦੂਰੋਂ ਖੜੋ ਕੇ ਮਾਰ ਦੇਣਾ ਕਿਧਰ ਦਾ ਖਾੜਕੂਪੁਣਾ ਹੈ? ਗਹਿਰੇ ਦੁੱਖ ਦੀ ਗੱਲ ਹੈ ਕਿ ਅਜਮੇਰ ਸਿੰਘ ਵਰਗਾ ਸਿਧਾਂਤਕਾਰ ਬੰਦਾ ਅਜਿਹੇ ਅਧਰਮੀ ਕਾਤਲਾਂ ਨੂੰ ਸਿੱਖ ਹੀ ਨਹੀਂ ‘ਸਿੱਖ ਖਾੜਕੂ’ ਦਾ ਰੁਤਬਾ ਦਿੰਦਾ ਹੈ। ਇਸ ਤੋਂ ਇਲਾਵਾ ਉਹ ਕਤਲਾਂ ਦਾ ਸ਼ੌਕ ਪੂਰਾ ਕਰਨ ਨੂੰ ਸੰਘਰਸ਼ ਦਾ ਨਾਮ ਦਿੰਦੇ ਹਨ।
ਮੱਧ ਕਾਲੀਨ ਬਰਬਰਤਾ ਤੇ ਵਰਤਮਾਨ ਯੁੱਗ: “ਗਦਰੀ ਬਾਬੇ ਕੌਣ ਸਨ” ਦੇ ਲੇਖਕ ਨੇ ਇਕ ਅਜੀਬ ਜਿਹਾ ਹਉਕਾ ਭਰਿਆ ਹੈ। ਅਖੇ, ”ਅਸਲ ਸਮੱਸਿਆ ਇਹ ਹੈ ਕਿ ਆਧੁਨਿਕ ਗਿਆਨ-ਪ੍ਰਬੰਧ ਨੇ ਇਸ ਹੱਦ ਤੱਕ ਅਜਾਰੇਦਾਰੀ ਸਥਾਪਤ ਕਰ ਲਈ ਹੈ ਕਿ ਸਾਡੇ ਅੰਦਰ ਇਸ ਤੋਂ ਲਾਂਭੇ ਹਟ ਕੇ ਸੋਚਣ ਦੀ ਸ਼ਕਤੀ ਤੇ ਸਮਰੱਥਾ ਨਹੀਂ ਰਹੀ।” ਕਈ ਵਾਰ ਲੋਕ ਪੁੱਛਦੇ ਹਨ ਕਿ ‘ਪਿਛਾਂਹ ਖਿਚੂ’ ਸੋਚ ਕੀ ਹੁੰਦੀ ਹੈ, ਹੁਣ ਵੇਖ ਲੈਣ, ਇਹ ਜੁਮਲਾ ਉਸੇ ਦੀ ਵੰਨਗੀ ਹੈ। ਜਿਸ ਨੂੰ ਆਧੁਨਿਕ ਗਿਆਨ ਹੀ ਪਸੰਦ ਨਹੀਂ, ਉਸ ਦਾ ਕੀ ਕਰਾਂਗੇ? ਜਦੋਂ ਕਿ ਇਹ ਗਿਆਨ ਹੀ ਗਿਆਨ ਹੁੰਦਾ ਹੈ, ਇਸ ਦਾ ਵਿਪਰੀਤ ਅਗਿਆਨ ਹੈ। ਹਾਂ, ਜਿਹੜਾ ਪੁਰਾਣੇ ਜਮਾਨੇ ਵਿਚ ਪਨਪਿਆ ਗਿਆਨ ਹੈ ਉਸ ਦਾ ਇਕ ਹਿੱਸਾ ਉਦੋਂ ਆਧੁਨਿਕ ਹੋ ਸਕਦਾ ਹੈ, ਜਿਹੜਾ ਲੰਬੀ ਦੇਰ ਆਧੁਨਿਕਤਾ ਰੱਖੇਗਾ, ਉਸ ਦੀ ਮਕਬੂਲੀਅਤ ਰਹੇਗੀ, ਦੂਜੇ ਦੀ ਲੁਪਤ ਹੋ ਜਾਵੇਗੀ। ਲੇਖਕ ਦੀ ਇਸੇ ਤਰ੍ਹਾਂ ਦੀ ਇਕ ਹੋਰ ਚਿੰਤਾ ਹੈ। ਲਿਖਦੇ ਹਨ, “ਆਧੁਨਿਕ ਸੰਕਲਪਾਂ ਜਿਵੇਂ ਸਟੇਟ, ਜਮਹੂਰੀਅਤ, ਧਰਮ ਨਿਰਪੱਖਤਾ, ਤਰਕਸ਼ੀਲਤਾ ਆਦਿ ਆਦਿ ਨੇ ਸਾਡੀ ਸੋਚ ਉਪਰ ਪੂਰਨ ਗਲਬਾ ਪਾ ਲਿਆ।” ਜੇ ਸੱਚੀ ਗੱਲ ਹੋਵੇ ਤਾਂ ਲੇਖਕ ਦੇ ਮੂੰਹ ਵਿਚ ਘਿਓ-ਸ਼ੱਕਰ ਪਰ ਅਜੇ ਏਦਾਂ ਹੋਇਆ ਨਹੀਂ। ਇਹੀ ਸੰਕਲਪ ਖੁਸ਼ਹਾਲ, ਖੁਸ਼ਗਵਾਰ ਤੇ ਸੁਖਮਈ ਮਨੁੱਖੀ ਜੀਵਨ ਦਾ ਆਧਾਰ ਹਨ।
ਹੈਰਾਨੀ ਦੀ ਗੱਲ ਹੈ ਕਿ ਇਕ ਤਰਕ ਤੋਂ ਬਾਅਦ ਦੂਜਾ ਤਰਕ ਜੋੜ ਕੇ ਤਰਕਾਂ ਨਾਲ ਇਤਨੀ ਵੱਡੀ ਕਿਤਾਬ ਭਰ ਕੇ ਹੁਣ ਅਜਮੇਰ ਸਿੰਘ ਤਰਕਸ਼ੀਲਤਾ ਨੂੰ ਹੀ ਬੁਰਾਈ ਮੰਨਣ ਲੱਗ ਪਏ ਹਨ। ਤਰਕਾਂ ਤੋਂ ਬਿਨਾਂ ਗਿਆਨ ਮੁਰਦਾ ਹੈ। ਤਰਕਾਂ ਦੀ ਕਾਇਲ ਕਰਨ ਦੀ ਸ਼ਕਤੀ ਉਪਰ ਹੀ ਇਨਸਾਨੀ ਸਮਝ ਕਾਇਮ ਰਹਿ ਸਕਦੀ ਹੈ। ਤਰਕ ਦੀ ਕਸਵੱਟੀ ਤੋਂ ਦੌੜਦਾ ਹਰ ਵਿਸ਼ਵਾਸ ਅੰਧ ਵਿਸ਼ਵਾਸ ਹੈ, ਚਾਹੇ ਉਹ ਮੜੀ ਮਸਾਣ ਦਾ ਵਿਸ਼ਵਾਸ ਹੋਵੇ, ਜਾਂ ਕਿਸੇ ਧਰਮ ਦਾ, ਕਿਸੇ ਵਿਸ਼ੇਸ਼ ਫਿਲਾਸਫੀ ਦਾ ਤੇ ਚਾਹੇ ਇਨਕਲਾਬ ਦਾ ਵੀ ਕਿਉਂ ਨਾ ਹੋਵੇ?
ਅਜਮੇਰ ਸਿੰਘ ਇਸੇ ਵਿਸ਼ੇ ਉਪਰ ਇਕ ਸਵਾਲ ਕਰਦੇ ਹਨ, “ਕੀ ਇਹ ਕਿਹਾ ਤੇ ਮੰਨਿਆ ਜਾ ਸਕਦਾ ਹੈ ਕਿ ਪੂਰਵ ਆਧੁਨਿਕ ਕਾਲ ਦੇ ਸਾਰੇ ਰਾਜ ਅਤਿਆਚਾਰੀ ਤੇ ਨਿਰੰਕੁਸ਼ ਸਨ ਤੇ ਆਧੁਨਿਕ ਰਾਜ ਸਮੁੱਚੇ ਤੌਰ ‘ਤੇ ਜਮਹੂਰੀ ਤੇ ਇਨਸਾਫ਼ ਪਸੰਦ?” ਇਸ ਦਾ ਜਵਾਬ ਕੋਈ ਕਿਵੇਂ ਦੇਵੇ! ਉਹ ਪਹਿਲਾਂ ਹੀ ਕਹਿ ਰਹੇ ਹਨ, “ਜੇਕਰ ਕੋਈ ਅਜਿਹਾ ਸੋਚਦਾ ਹੈ ਤਾਂ ਉਹ ਹਕੀਕਤ ਪਸੰਦ ਨਹੀਂ।” ਮੇਰੀ ਪ੍ਰੇਸ਼ਾਨੀ ਇਹ ਹੈ ਕਿ ਮੈਂ ਅਜਿਹਾ ਹੀ ਸੋਚਦਾ ਹਾਂ ਪਰ ਆਪਣੇ ਆਪ ਨੂੰ ਹਕੀਕਤ ਪਸੰਦ ਵੀ ਸਮਝਦਾ ਹਾਂ। ਇਸ ਵਾਸਤੇ ਮੈਂ ਛੋਟੀ ਜਿਹੀ ਤਰਮੀਮ ਕਰਦਾ ਹਾਂ ਕਿ ਆਧੁਨਿਕ ਰਾਜ ‘ਸਮੁੱਚੇ ਤੌਰ ‘ਤੇ’ ਨਹੀ, ‘ਆਮ ਤੌਰ ‘ਤੇ’ ਜਮਹੂਰੀ ਤੇ ਇਨਸਾਫ਼ ਪਸੰਦ ਹਨ।
ਇਸੇ ਧਾਰਨਾ ਦੀ ਹੋਰ ਪ੍ਰੋੜਤਾ ਲੇਖਕ ਅਗਲੇ ਵਾਕ ਵਿਚ ਕਰਦਾ ਹੈ, “ਪੂਰਵ ਆਧੁਨਿਕ ਕਾਲ ਦੇ ਕਈ ਰਾਜ, ਮਾਨਵੀ ਆਜ਼ਾਦੀ ਤੇ ਇਨਸਾਫ਼ ਦੇ ਨੁਕਤਾ ਨਜ਼ਰ ਤੋਂ ਆਧੁਨਿਕ ਰਾਜਾਂ ਨਾਲੋਂ ਕਿਤੇ ਬਿਹਤਰ ਸਨ।” ਉਨ੍ਹਾਂ ਨੂੰ ਭਾਵੇਂ ਬੁਰਾ ਲੱਗੇ ਪਰ ਇਹ ਕੋਰਾ ਵਹਿਮ ਹੈ। ਅਜਿਹਾ ਇਕ ਵੀ ਰਾਜ ਨਹੀਂ ਸੀ। ਇਹ ਤਾਂ ਕਿਹਾ ਜਾ ਸਕਦਾ ਹੈ ਕਿ ਕੋਈ ਘੱਟ ਤੇ ਕੋਈ ਵੱਧ ਦਮਨਕਾਰੀ ਸੀ, ਲੇਕਿਨ ਦਮਨ ਤੋਂ ਬਿਨਾਂ ਕੋਈ ਸ਼ਖਸੀ ਰਾਜ ਨਹੀਂ ਚੱਲ ਸਕਿਆ, ਰਾਮ ਰਾਜ ਵੀ ਨਹੀਂ, ਜੇ ਉਹ ਕਿਧਰੇ ਸੀ ਤਾਂ। ‘ਮਾਨਵੀ ਆਜ਼ਾਦੀ’ ਤਾਂ ਪਤਾ ਹੀ ਨਹੀਂ ਕਿਸ ਬਲਾ ਦਾ ਨਾਂ ਸੀ? ਬਸ! ਇਨਸਾਫ਼ ਦੇ ਅਰਥ ਆਪੋ ਆਪਣੇ ਸਨ। ਜਹਾਂਗੀਰ ਦੇ ਮਹਿਲ ਦੀ ਜੰਜੀਰ ਝੂਠੀ ਕਹਾਣੀ ਹੈ। ਮੱਧ ਕਾਲ ਦੇ ਸਾਰੇ ਰਾਜ ਤਲਵਾਰ ਨਾਲ ਬਣੇ, ਤਲਵਾਰ ਸਹਾਰੇ ਚੱਲੇ ਤੇ ਤਲਵਾਰ ਦੇ ਹੱਥੋਂ ਹੀ ਖ਼ਤਮ ਹੋਏ।
ਜ਼ਿਕਰ ਨੀਲਾ ਤਾਰਾ ਦਾ: ਇਸ ਕਿਤਾਬ ਵਿਚ ਦੋ ਜਗ੍ਹਾ 1984 ਦੇ ਸਾਕਾ ਨੀਲਾ ਤਾਰਾ ਦਾ ਵਰਣਨ ਆਇਆ ਹੈ। ਇਸ ਬਾਰੇ ਪਹਿਲਾਂ ਲਿਖੀ ਕਿਤਾਬ ਵਿਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਹੋਰਨਾਂ ਵਾਸਤੇ ਦਰਬਾਰ ਸਾਹਿਬ ਅੰਦਰ ‘ਹਥਿਆਰਬੰਦ ਸਰਗਰਮੀਆਂ ਦਾ ਕੇਂਦਰ’ ਚਲਾਉਣਾ ਗ਼ਲਤ ਹੋ ਸਕਦਾ ਹੈ ਪਰ ਸਿੱਖਾਂ ਵਾਸਤੇ ਇਹ ਬਿਲਕੁਲ ਵਾਜਬ ਸੀ। ਹੁਣ ਵਾਲੀ ਕਿਤਾਬ ਵਿਚ ਉਹ ਲਿਖਦੇ ਹਨ ਕਿ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਬਾਅਦ ਸਿੱਖਾਂ ਅੱਗੇ ਲੜਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਸਵਾਲ ਇਹ ਹੈ ਕਿ ਜੇ ਉਸ ਹਮਲੇ ਨਾਲ ਹੀ ਲੜਾਈ ਦਾ ਦੌਰ ਸ਼ੁਰੂ ਹੋਇਆ ਸੀ ਤਾਂ ‘ਹਥਿਆਰਬੰਦ ਸਰਗਰਮੀਆਂ’ ਕਿਸ ਗੱਲ ਦੀਆਂ ਸਨ? ਹਥਲੀ ਕਿਤਾਬ ਵਿਚ ਲੇਖਕ ਨੇ ਦਾਅਵਾ ਕੀਤਾ ਹੈ, “ਸਿੱਖ ਖਾੜਕੂ ਲਹਿਰ ਦਾ ਗ਼ਦਰ ਲਹਿਰ ਨਾਲ ਮੇਲ ਬਹਿੰਦਾ ਹੈ।” ਉਹ ਗ਼ਲਤ ਹਨ। ਜੇ ਗ਼ਦਰ ਲਹਿਰ ਬਾਰੇ ਜੋ ਕੁਝ ਸ਼ ਅਜਮੇਰ ਸਿੰਘ ਲਿਖਦੇ ਹਨ ਤੇ ਕਥਿਤ ਸਿੱਖ ਖਾੜਕੂ ਲਹਿਰ ਬਾਰੇ ਜੋ ਉਨ੍ਹਾਂ ਨੇ ਲਿਖਿਆ, ਉਸ ਸਾਰੇ ਨੂੰ ਵੀ ਸੱਚ ਮੰਨੀਏ ਤਾਂ ਬਿਲਕੁਲ ਜੋੜ ਨਹੀਂ ਬਹਿੰਦਾ। ਗ਼ਦਰੀ ਬਾਬੇ ਜਾਨ ਤਲੀ ‘ਤੇ ਰੱਖ ਕੇ ਫੌਜੀ ਬੈਰਕਾਂ ਵਿਚ ਘੁੰਮਦੇ ਰਹੇ, ਉਨ੍ਹਾਂ ਨੇ ਕਿਸੇ ਗੁਰਦੁਆਰਾ ਸਾਹਿਬ ਵਿਚ ‘ਹਥਿਆਰਬੰਦ ਸਰਗਰਮੀਆਂ ਦਾ ਕੇਂਦਰ’ ਨਹੀਂ ਖੋਲ੍ਹਿਆ ਸੀ ਤੇ ਨਾ ਹੀ ਕਿਸੇ ਪਵਿੱਤਰ ਇਤਿਹਾਸਕ ਇਮਾਰਤ ਦੇ ਓਹਲੇ ਸ਼ਰਨ ਲਈ ਸੀ। ਉਨ੍ਹਾਂ ਕਿਸੇ ਤੁਰੇ ਜਾਂਦੇ ਨਿਹੱਥੇ ਬੰਦੇ ਨੂੰ ਸਿਰਫ਼ ਇਸ ਕਰਕੇ ਨਹੀਂ ਕਤਲ ਕਰ ਦਿੱਤਾ ਸੀ ਕਿ ਉਸ ਦੀ ਰਾਸ਼ਟਰਵਾਦ ਪ੍ਰਤੀ ਸੋਚ ਦਰੁਸਤ ਨਹੀਂ, ਨਾ ਹੀ ਉਨ੍ਹਾਂ ਬੱਸਾਂ ਵਿਚੋਂ ਸਵਾਰੀਆਂ ਉਤਾਰ ਕੇ ਮਾਰੀਆ ਤੇ ਨਾ ਹੀ ਨਹਿਰ ਦੇ ਕੰਢੇ ਸੁੱਤੇ ਮਜ਼ਦੂਰਾਂ ਨੂੰ ਔਰਤਾਂ ਤੇ ਬੱਚਿਆਂ ਸਮੇਤ ਗੋਲੀਆਂ ਨਾਲ ਭੁੰਨਿਆ ਸੀ।
ਫਿਰ ਗ਼ਦਰੀ ਬਾਬੇ ਕੌਣ ਸਨ? ਹੁਣ ਤੱਕ ਅਸੀਂ ਜੋ ਗੱਲਾਂ ਕਰਦੇ ਰਹੇ ਹਾਂ ਉਹ ਗ਼ਦਰੀ ਬਾਬਿਆਂ ਦੇ ਏਜੰਡੇ ਤੋਂ ਤਿਲਕਵੀਆਂ ਸਨ। ਕਿਉਂਕਿ ਇਹ ਗੱਲਾਂ ਸ਼ ਅਜਮੇਰ ਸਿੰਘ ਨੇ ਗ਼ਦਰੀ ਬਾਬਿਆਂ ਦੀ ਪਹਿਚਾਣ ਦੀ ਚਰਚਾ ਦੇ ਬਹਾਨੇ ਆਪਣੀ ਕਿਤਾਬ ਵਿਚ ਕੀਤੀਆਂ ਸਨ, ਇਸ ਕਰਕੇ ਇਨ੍ਹਾਂ ਬਾਰੇ ਮੈਂ ਆਪਣਾ ਪੱਖ ਜ਼ਰੂਰ ਰੱਖਣਾ ਚਾਹੁੰਦਾ ਸਾਂ। ਮੈਂ ਸ਼ੁਰੂ ਵਿਚ ਕਿਹਾ ਸੀ ਕਿ ਮੇਰੀ ਜ਼ਿਆਦਾ ਉਤਸੁਕਤਾ ਜ਼ਿਕਰ ਹੇਠਲੀ ਕਿਤਾਬ ਵਿਚ ਪੇਸ਼ ਸਬਦਾਵਲੀ ਬਾਰੇ ਹੈ ਜੋ ਮੈਨੂੰ ਕੁਝ ਕਹਿਣ ਵਾਸਤੇ ਕਹਿ ਰਹੀ ਹੈ। ਜਿੱਥੋਂ ਤੱਕ ਗ਼ਦਰ ਲਹਿਰ, ਉਸ ਦੇ ਪਿਛੋਕੜ ਤੇ ਸਬਕਾਂ ਦਾ ਮਾਮਲਾ ਹੈ, ਮੈਂ ਆਪਣੀ ਗੱਲ ਕਰਨੀ ਚਾਹੁੰਦਾ ਹਾਂ।
ਇਸ ਦੀ ਕਹਾਣੀ ਦਾ ਸੰਖੇਪ ਅਰੰਭ ਇਸ ਤਰ੍ਹਾਂ ਹੈ ਕਿ ਅੰਗਰੇਜ਼ ਸਾਮਰਾਜ ਦੇ ਗੁਲਾਮ ਕਈ ਮੁਲਕਾਂ ਵਿਚੋਂ ਇਕ ਮੁਲਕ ਹਿੰਦੁਸਤਾਨ ਦੇ ਕੁਝ ਨਾਗਰਿਕ ਅਮਰੀਕਾ ਪਹੁੰਚੇ। ਉਸ ਵਕਤ ਹਿੰਦੁਸਤਾਨ ਵਿਚੋਂ ਸਾਮੰਤਸ਼ਾਹੀ ਖ਼ਤਮ ਹੋ ਚੁਕੀ ਸੀ ਪਰ ਉਸ ਦੀ ਰਹਿੰਦ ਖੂੰਹਦ ਵੱਡੀ ਹੱਦ ਤੱਕ ਕਾਇਮ ਸੀ। ਪੂੰਜੀਵਾਦ ਦੀ ਸ਼ੁਰੂਆਤ ਅਜੇ ਨਹੀਂ ਸੀ ਹੋਈ, ਇਸ ਵਾਸਤੇ ਜਮਹੂਰੀ ਨਿਜ਼ਾਮ ਦੀ ਕੋਈ ਲੋਅ ਨਹੀਂ ਸੀ। ਆਬਾਦੀ ਵਿਚ ਸਾਮੰਤਸ਼ਾਹੀ ਸਭਿਆਚਾਰ ਚੱਲ ਰਿਹਾ ਸੀ ਤੇ ਉਸੇ ਦੀ ਸੋਚ ਭਾਰੂ ਸੀ। ਇਸ ਸੋਚ ਦਾ ਇਕ ਪ੍ਰਗਟਾਵਾ ਇਹ ਗਹਿਰਾ ਵਿਸ਼ਵਾਸ ਸੀ ਕਿ ਤਲਵਾਰਾਂ ਦੇ ਜ਼ੋਰ ਨਾਲ ਰਾਜੇ ਬਦਲਦੇ ਰਹਿੰਦੇ ਹਨ ਤੇ ਜਿਸ ਰਾਜੇ ਨੇ ਜ਼ੋਰ ਨਾਲ ਰਾਜ ਹਾਸਿਲ ਕੀਤਾ ਹੈ, ਰਾਜ ਕਰਨਾ ਉਸ ਦਾ ਹੱਕ ਹੈ। ਗੁਲਾਮੀ ਜਾਂ ਆਜ਼ਾਦੀ ਦਾ ਕੋਈ ਸੰਕਲਪ ਨਹੀਂ ਸੀ।
1857 ਦੇ ਗ਼ਦਰ ਦੀ ਵੀ ਲੋਕਾਂ ਵਿਚ ਇਤਨੀ ਕੁ ਹੀ ਯਾਦ ਸੀ ਕਿ ਕੁਝ ਦੇਸੀ ਰਾਜਿਆਂ ਤੇ ਅੰਗਰੇਜੀ ਫੌਜ ਦੇ ਸਿਪਾਹੀਆਂ ਦੀ ਬਗਾਵਤ ਸੀ। ਗੁੜਗਾਵਾਂ, ਹਾਂਸੀ ਤੇ ਕਾਨਪੁਰ ਵਰਗੀਆਂ ਕੁਝ ਥਾਂਵਾਂ ਛੱਡ ਕੇ ਆਬਾਦੀ ਦਾ ਉਸ ਗ਼ਦਰ ਨਾਲ ਕੋਈ ਸਬੰਧ ਨਹੀਂ ਸੀ। ਮੇਰਠ ਦੇ ਬਾਗ਼ੀ ਸਿਪਾਹੀ ਜਾਣਦੇ ਸਨ ਕਿ ਫੌਜੀ ਕਿਸੇ ਰਾਜੇ ਵਾਸਤੇ ਹੀ ਲੜ ਸਕਦੇ ਹਨ, ਇਸ ਵਾਸਤੇ ਉਨ੍ਹਾਂ ਨੇ ਝਿਜਕਦਿਆਂ ਬਹਾਦਰ ਸ਼ਾਹ ਜ਼ਫਰ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਐਲਾਨ ਕਰਵਾ ਦਿੱਤਾ। ਝਾਂਸੀ ਦੀ ਰਾਣੀ ਸਣੇ ਜੋ ਵੀ ਰਾਜੇ-ਮਹਾਰਾਜੇ ਗਦਰ ਵਿਚ ਸ਼ਾਮਿਲ ਹੋਏ ਉਨ੍ਹਾਂ ਦਾ ਨਿਸ਼ਾਨਾ ਆਪਣਾ ਤਖ਼ਤ ਸੀ, ਭਾਰਤ ਦੀ ਆਜ਼ਾਦੀ ਨਹੀਂ। ਗ਼ਦਰ ਦੇ ਸ਼ਬਦੀ ਅਰਥ ਹੱਲਾ ਗੁੱਲਾ ਤੇ ਖ਼ੂਨ ਖ਼ਰਾਬਾ ਹੈ, 1857 ਵਿਚ ਜੋ ਹੋਇਆ, ਉਹ ਇਹੀ ਸੀ, ਉਹ ਭਾਰਤ ਦੀ ਪਹਿਲੀ ਜੰਗੇ ਆਜ਼ਾਦੀ ਨਹੀਂ ਸੀ।
ਇਹ ਹਵਾਲਾ ਇਸ ਕਰਕੇ ਦਿੱਤਾ ਗਿਆ ਹੈ ਕਿ ਜਿਨ੍ਹਾਂ ਗ਼ਦਰੀ ਬਾਬਿਆਂ ਦੀ ਗੱਲ ਕਰ ਰਹੇ ਹਾਂ, ਉਨ੍ਹਾਂ ਆਪਣੀ ਲਹਿਰ ਦਾ ਨਾਂ ਉਸੇ ਗ਼ਦਰ ਤੋਂ ਲਿਆ। ਤੇ ਬਦਕਿਸਮਤੀ ਨਾਲ ਤਰੀਕਾ ਕਾਰ ਵੀ ਉਹੀ ਚੁਣਿਆ। ਇਸ ਦਾ ਵੱਡਾ ਕਾਰਨ ਇਹ ਕਿ ਉਨ੍ਹਾਂ ਦੇ ਜ਼ਿਹਨ ਵਿਚ ਹਿੰਦੁਸਤਾਨ ਦੇ ਲੋਕਾਂ ਨੂੰ ਸੰਗਠਿਤ ਕਰਕੇ ਲੋਕ ਅੰਦੋਲਨ ਦੀ ਕੋਈ ਰੂਪ ਰੇਖਾ ਨਹੀਂ ਸੀ। ਸਾਮੰਤਸ਼ਾਹੀ ਸੋਚ ਸਿਰਫ਼ ਹਥਿਆਰਾਂ ਨਾਲ ਹੀ ਰਾਜ ਦੀ ਤਬਦੀਲੀ ਦੀ ਸੰਭਾਵਨਾ ਵੇਖਦੀ ਹੈ।
ਗ਼ਦਰੀ ਬਾਬਿਆਂ ਨੇ ਵੱਡੀਆਂ ਮਿਹਨਤਾਂ ਕੀਤੀਆਂ, ਤਕਲੀਫ਼ਾਂ ਝੱਲੀਆਂ, ਜ਼ਿੰਦਗੀਆਂ ਲਗਾਈਆਂ, ਸਾਰੀਆਂ ਕਮਾਈਆਂ ਇਸੇ ਕੰਮ ‘ਤੇ ਲਗਾ ਦਿੱਤੀਆਂ। ਪਰ ਕਿਹੜੇ ਕੰਮ ‘ਤੇ? ਹਥਿਆਰ ਇਕੱਠੇ ਕਰਨ ਤੇ ਫੌਜੀ ਛਾਉਣੀਆਂ ਦੇ ਚੱਕਰ ਲਗਾਉਣ ਵਿਚ। ਉਹ ਸਿਰਫ਼ ਫ਼ੌਜੀਆਂ ਨੂੰ ਹੀ ਬਗਾਵਤ ਵਾਸਤੇ ਤਿਆਰ ਕਰਨ ਉਪਰ ਜ਼ੋਰ ਲਗਾਉਂਦੇ ਰਹੇ ਤੇ ਲੱਗਦਾ ਇਹ ਹੈ ਕਿ ਕੁਝ ਜਗ੍ਹਾ ਫੌਜੀ ਇਨ੍ਹਾਂ ਨਾਲ ਹੂੰ ਹਾਂ ਤਾਂ ਕਰਦੇ ਰਹੇ ਪਰ ਤਿਆਰ ਕੋਈ ਨਹੀਂ ਹੋਇਆ। ਤੇ ਲੋਕਾਂ ਨੂੰ ਇਨ੍ਹਾਂ ਤਿਆਰ ਹੋਣ ਵਾਸਤੇ ਕਿਹਾ ਹੀ ਨਹੀ, ਉਨ੍ਹਾਂ ਤੋਂ ਤਾਂ ਕਦੇ ਚੰਦਾ ਵੀ ਨਹੀਂ ਮੰਗਿਆ, ਤੇ ਪੈਸਿਆਂ ਵਾਸਤੇ ਡਾਕੇ ਮਾਰੇ।
ਜੇ ਤਾਂ ਜੇ ਹੀ ਹੁੰਦੀ ਹੈ, ਕਦੇ ਹੱਥ ਨਹੀਂ ਆਉਂਦੀ ਪਰ ਇਤਿਹਾਸਕ ਤਬਸਰਿਆਂ ਵਿਚ ਇਹ ਵਰਤੋਂ ਵਿਚ ਆਉਂਦੀ ਹੈ। ਇਸ ਵਾਸਤੇ ਕਹਿਣਾ ਪਵੇਗਾ ਕਿ ਜੇ ਕਿਤੇ ਇਹ ਅਣਥੱਕ ਸੂਰਬੀਰ ਫੌਜੀ ਛਾਉਣੀਆਂ ਦੇ ਚੱਕਰ ਕੱਟਣ ਦੀ ਬਜਾਏ ਲੋਕਾਂ ਨੂੰ ਸੰਗਠਤ ਕਰਨ ਵੱਲ ਜਾਂਦੇ ਤੇ ਉਨ੍ਹਾਂ ਵੇਲਿਆਂ ਵਿਚ ਜਿਤਨੇ ਕੁ ਵੀ, ਸੀਮਤ ਜਿਹੇ ਹੀ ਸਹੀਂ, ਪੁਰ ਅਮਨ ਤੇ ਜਮਹੂਰੀ ਅੰਦੋਲਨਾਂ ਦੇ ਤਰੀਕੇਕਾਰ ਸਨ, ਵਰਤਦੇ ਤਾਂ ਨਤੀਜੇ ਹੋਰ ਹੋ ਸਕਦੇ ਸਨ। ਦੁੱਖ ਦੀ ਗੱਲ ਹੈ ਕਿ ਅੰਗਰੇਜ਼ ਸਾਮਰਾਜ ਨੂੰ ਇਕ ਵਾਰ ਹਿਲਾ ਕੇ ਰੱਖ ਦੇਣ ਵਾਲੀ ‘ਨਾ-ਮਿਲਵਰਤਨ ਲਹਿਰ’ ਦੇ ਸ਼ੁਰੂ ਹੋਣ ਤੋਂ ਐਨ ਪਹਿਲਾਂ ਹੀ ਗਦਰ ਦੀ ਗੂੰਜ ਖਾਮੋਸ਼ੀ ਅਖ਼ਤਿਆਰ ਕਰ ਗਈ। ਉਸ ਤੋਂ ਵੀ ਵੱਡਾ ਦੁੱਖ ਇਹ ਹੈ ਕਿ ਦਿਲ ਵਿਚ ਮੁਲਕ ਦੀ ਆਜ਼ਾਦੀ ਦੀ ਇਤਨੀ ਜਬਰਦਸਤ ਤਾਂਘ ਰੱਖਣ ਵਾਲੇ ਅਣਥੱਕ ਸੂਰਮੇ, ਮਾਯੂਸੀ ਦੇ ਆਲਮ ਤਹਿਤ, ਆਜ਼ਾਦੀ ਦੇ ਸੰਗਰਾਮ ‘ਚ ਆਪਣਾ ਹਿੱਸਾ ਵੀ ਨਾ ਪਾ ਸਕੇ।
ਲਗਭਗ ਸੌ ਸਾਲ ਤੱਕ ਇਨ੍ਹਾਂ ਸੂਰਮਿਆਂ ਦੀ ਯਾਦ ਨੂੰ ਸਿਰਫ਼ ਖੱਬੇ ਪੱਖੀ ਲਹਿਰਾਂ ਹੀ ਜ਼ਿੰਦਾ ਰੱਖਦੀਆਂ ਰਹੀਆਂ। ਹੁਣ ਹੋਰ ਲੋਕ ਵੀ, ਇਨ੍ਹਾਂ ਪ੍ਰਤੀ ਖਾਸ ਅਪਣੱਤ ਨਾਲ, ਸ਼ਾਮਿਲ ਹੋਏ ਹਨ, ਖੁਸ਼ ਆਮਦੀਦ। ਇਨ੍ਹਾਂ ਦੀ ਯਾਦ ਨੂੰ ਸ਼ਰਦਾ ਪੂਰਵਕ ਕਾਇਮ ਰੱਖਣ ਦੀ ਜ਼ਰੂਰਤ ਹੈ, ਤਰਕ ਆਧਾਰਤ ਇਤਿਹਾਸਕ ਤਜਰਬਿਆਂ ਸਮੇਤ।
Leave a Reply