ਨਵੀਂ ਦਿੱਲੀ: 16ਵੀਂ ਲੋਕ ਸਭਾ ਲਈ ਹੋਣ ਜਾ ਰਹੀਆਂ ਆਮ ਚੋਣਾਂ ‘ਤੇ ਇਸ ਵਾਰ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਵਿਚ ਤਕਰੀਬਨ 37500 ਕਰੋੜ ਰੁਪਏ ਖਰਚ ਕੀਤੇ ਜਾਣ ਦਾ ਅੰਦਾਜ਼ਾ ਹੈ ਜੋ ਕਿ ਦੁਨੀਆ ਦੀ ਸਭ ਤੋਂ ਖਰਚੀਲੀ ਮੰਨੀ ਜਾਣ ਵਾਲੀ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਤੋਂ ਕੁਝ ਹੀ ਘੱਟ ਹੋਵੇਗੀ। ਸੈਂਟਰ ਫਾਰ ਮੀਡੀਆ ਸਟੱਡੀਜ਼ ਨੇ ਆਪਣੀ ਇਕ ਰਿਪੋਰਟ ਵਿਚ ਅੰਦਾਜ਼ਾ ਲਾਇਆ ਹੈ ਕਿ ਇਹ ਰਕਮ ਸਾਲ 2009 ਦੀਆਂ ਆਮ ਚੋਣਾਂ ਵਿਚ ਉਮੀਦਵਾਰਾਂ ਵੱਲੋਂ ਪ੍ਰਚਾਰ ਵਿਚ ਕੀਤੇ ਗਏ ਖਰਚ ਤੋਂ ਤਕਰੀਬਨ ਤਿੰਨ ਗੁਣਾ ਵੱਧ ਹੈ।
ਅਮਰੀਕਾ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਸਾਲ 2012 ਵਿਚ ਹੋਈ ਰਾਸ਼ਟਰਪਤੀ ਚੋਣ ਵਿਚ ਉਮੀਦਵਾਰਾਂ, ਰਾਜਨੀਤਕ ਦਲਾਂ ਤੇ ਸਮਰਥਕ ਸਮੂਹਾਂ ਨੇ ਕੁੱਲ 42700 ਕਰੋੜ ਰੁਪਏ ਚੋਣ ਪ੍ਰਚਾਰ ‘ਤੇ ਖਰਚ ਕੀਤੇ। ਸੈਂਟਰ ਫਾਰ ਮੀਡੀਆ ਸਟੱਡੀਜ਼ ਨੇ ਪਿਛਲੇ ਪੰਜ ਸਾਲਾਂ ਵਿਚ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਹੋਏ ਖਰਚ ਤੇ ਸਥਾਨਕ ਪੱਧਰ ‘ਤੇ ਲਾਗਤ ਵਿਚ ਹੋਏ ਵਾਧੇ ਦੇ ਆਧਾਰ ‘ਤੇ ਇਹ ਅੰਦਾਜ਼ਾ ਲਗਾਇਆ ਹੈ। ਉਨ੍ਹਾਂ ਨੇ ਰਾਜ ਨੇਤਾਵਾਂ ਵੱਲੋਂ ਵੋਟਰਾਂ ਨੂੰ ਦਿੱਤੀ ਜਾਣ ਵਾਲੀ ਗੁੰਮਨਾਮ ਰਕਮ ‘ਤੇ ਵੋਟਰਾਂ ਦੀ ਰਾਏ ਵੀ ਲਈ ਹੈ।
ਆਮ ਚੋਣ ਵਿਚ ਹੋਣ ਵਾਲੇ ਖਰਚ ਤੋਂ ਹਾਲਾਂਕਿ ਅਰਥਵਿਵਸਥਾ ਨੂੰ ਗਤੀ ਮਿਲਣ ਦੀ ਉਮੀਦ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੋਣ ਖਰਚ 2014 ਦੀ ਦੂਸਰੀ ਤਿਮਾਹੀ ਵਿਚ ਮੀਡੀਆ ਸਮੂਹਾਂ ਤੇ ਇਸ਼ਤਿਹਾਰੀ ਖੇਤਰ ਵਿਚ ਕੰਮ ਕਰ ਰਹੀਆਂ ਕੰਪਨੀਆਂ ਦੇ ਨਾਲ ਹੀ ਦੂਸਰੇ ਖੇਤਰ ਦੀਆਂ ਕੰਪਨੀਆਂ ਦੇ ਕਾਰੋਬਾਰ ਵਿਚ ਵੀ ਵਾਧਾ ਹੋਇਆ ਸੀ। ਮੈਡੀਸਨ ਮੀਡੀਆ ਮੁਤਾਬਕ ਚੋਣ ਦੇ ਦੌਰਾਨ ਭਾਰਤੀ ਵਿਗਿਆਪਨ ਉਦਯੋਗ ਦੇ ਕਾਰੋਬਾਰ ਵਿਚ 4900 ਕਰੋੜ ਰੁਪਏ ਦਾ ਵਾਧਾ ਹੋਣ ਦਾ ਅੰਦਾਜ਼ਾ ਹੈ। ਦੇਸ਼ ਵਿਚ ਚੋਣਾਂ ਦੌਰਾਨ ਜ਼ਿਆਦਾਤਰ ਕਾਲਾ ਧੰਨ ਵਰਤਿਆ ਜਾਂਦਾ ਹੈ। ਨਿਯਮਾਂ ਮੁਤਾਬਕ ਇਕ ਸੰਸਦੀ ਖੇਤਰ ਵਿਚ ਉਮੀਦਵਾਰ 70 ਲੱਖ ਰੁਪਏ ਖਰਚ ਕਰ ਸਕਦੇ ਹਨ ਪਰ ਵਾਸਤਵਿਕ ਖਰਚ ਇਸ ਤੋਂ ਤਕਰੀਬਨ 10 ਗੁਣਾਂ ਵੱਧ ਹੁੰਦਾ ਹੈ।
__________________________________________________
ਚੋਣ ਅਧਿਕਾਰੀ ਅਕਾਲੀ-ਭਾਜਪਾ ਦੇ ਦਬਾਅ ਹੇਠ: ਕੈਪਟਨ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਰਾਜ ਦੇ ਮੁੱਖ ਚੋਣ ਅਧਿਕਾਰੀ ਅਕਾਲੀ-ਭਾਜਪਾ ਸਰਕਾਰ ਦੇ ਦਬਾਅ ਹੇਠ ਪੱਖਪਾਤੀ ਢੰਗ ਨਾਲ ਕੰਮ ਕਰ ਰਹੇ ਹਨ ਤੇ ਇਸ ਅਹਿਮ ਅਹੁਦੇ ਦੀ ਮਾਣ ਮਰਿਆਦਾ ਰੱਖਣ ਵਿਚ ਅਸਫਲ ਸਾਬਤ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮੁੱਖ ਚੋਣ ਅਧਿਕਾਰੀ ਵੀæਕੇæ ਸਿੰਘ ਅਗਰ ਨਿਰਪੱਖ ਢੰਗ ਨਾਲ ਕੰਮ ਕਰਨ ਦਾ ਹੌਸਲਾ ਨਹੀਂ ਰੱਖਦੇ ਤਾਂ ਉਨ੍ਹਾਂ ਨੂੰ ਇਹ ਅਹੁਦਾ ਛੱਡ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਚੋਣ ਅਧਿਕਾਰੀ ਦਾ ਪੁਲਿਸ ਮੁਖੀ ਕੋਲ ਜਾਣਾ ਆਪਣੇ ਆਪ ਵਿਚ ਇਕ ਇਤਰਾਜ਼ਯੋਗ ਕਾਰਵਾਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਅਜਿਹੀਆਂ ਖ਼ਬਰਾਂ ਦਾ ਖੰਡਨ ਕੀਤਾ ਕਿ ਕਾਂਗਰਸ ਦਾ ਕੋਈ ਵਿਧਾਇਕ ਜਾਂ ਆਗੂ ਅਕਾਲੀ ਦਲ ਵਿਚ ਸ਼ਾਮਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੇ ਸਮੇਂ ਦੌਰਾਨ ਕੇਵਲ ਇਕ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਜੈਨ ਅਕਾਲੀ ਦਲ ਵਿਚ ਗਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਠਿੰਡਾ ਸਮੇਤ ਜਿੱਥੇ ਕਿਤੇ ਵੀ ਕਾਂਗਰਸ ਹਾਈ ਕਮਾਨ ਵੱਲੋਂ ਉਨ੍ਹਾਂ ਦੀ ਚੋਣ ਪ੍ਰਚਾਰ ਲਈ ਡਿਊਟੀ ਲੱਗੇਗੀ, ਉਹ ਉਥੇ ਚੋਣ ਪ੍ਰਚਾਰ ਲਈ ਜਾਣਗੇ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਭਰਾ ਮਾਲਵਿੰਦਰ ਸਿੰਘ ਨੇ ਦੁਬਾਰਾ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ਼ ਮਾਲਵਿੰਦਰ ਸਿੰਘ ਨੇ ਕਿਹਾ ਕਿ ਪੈਦਾ ਹੋਣ ਵਾਲੇ ਇਕਤਲਾਫ ਕਦੀ ਖ਼ਤਮ ਵੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦਿਲੀ ਤੌਰ ‘ਤੇ ਮੈਂ ਕਦੀ ਵੀ ਅਕਾਲੀਆਂ ਨਾਲ ਨਹੀਂ ਸੀ ਤੇ ਨਾ ਹੀ ਇਸ ਕਾਰਨ ਉਨ੍ਹਾਂ ਮੈਨੂੰ ਕਦੀ ਸਰਗਰਮ ਕਰਨ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਕੋਈ 37 ਸਾਲ ਉਹ ਕਾਂਗਰਸ ਨਾਲ ਰਹੇ ਤੇ ਅੱਜ ਵੀ ਪਾਰਟੀ ਉਨ੍ਹਾਂ ਨੂੰ ਜੋ ਕੰਮ ਦੇਵੇਗੀ, ਉਹ ਉਸ ਨੂੰ ਪੂਰਾ ਕਰਨਗੇ ਤੇ ਜੇ ਪਾਰਟੀ ਚਾਹੇਗੀ ਤਾਂ ਉਹ ਆਪਣੀ ਭਾਬੀ ਮਹਾਰਾਣੀ ਪ੍ਰਨੀਤ ਕੌਰ ਲਈ ਵੀ ਕੰਮ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਗਰਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਕਹਿੰਦੇ ਰਹੇ ਕਿ ਜੇਕਰ ਮੁੱਖ ਮੰਤਰੀ ਸ਼ ਪ੍ਰਕਾਸ਼ ਸਿੰਘ ਬਾਦਲ ਦਾ ਭਰਾ ਉਨ੍ਹਾਂ ਤੋਂ ਵੱਖ ਹੋਇਆ ਹੈ ਤਾਂ ਕੈਪਟਨ ਦਾ ਭਰਾ ਵੀ ਅਸੀਂ ਉਨ੍ਹਾਂ ਤੋਂ ਤੋੜ ਲਿਆ ਹੈ। ਉਨ੍ਹਾਂ ਕਿਹਾ ਕਿ ਮੇਰਾ ਭਰਾ ਤਾਂ ਮੇਰੇ ਨਾਲ ਵਾਪਸ ਆ ਗਿਆ ਹੈ। ਸ਼ ਬਾਦਲ ਨੂੰ ਵੀ ਕਹੋ ਕਿ ਉਹ ਵੀ ਆਪਣੇ ਭਰਾ ਨਾਲ ਖੜ੍ਹੇ ਹੋਣ।
Leave a Reply