ਪ੍ਰਭਸ਼ਰਨਬੀਰ ਸਿੰਘ
ਪੰਜਾਬ ਟਾਈਮਜ਼ ਦੇ ਅੰਕ 10 ਵਿਚ ਛਪੇ ਮੇਰੇ ਲੇਖ Ḕਗੁਰਦਿਆਲ ਬੱਲ ਦੇ ਸਿਆਸੀ ਚਿੰਤਨ ਦੀਆਂ ਗੁੱਝੀਆਂ ਰਮਜ਼ਾਂḔ ਦੇ ਪ੍ਰਤੀਕਰਮ ਵਜੋਂ ਪ੍ਰਿੰæ ਅਮਰਜੀਤ ਪਰਾਗ ਅਤੇ ਪ੍ਰੋæ ਹਰਪਾਲ ਸਿੰਘ ਪੰਨੂੰ ਦੀਆਂ ਟਿੱਪਣੀਆਂ ਛਪੀਆਂ ਹਨ। ਦੋਹਾਂ ਨੇ ਬੱਲ ਦੀ ਪੁਸ਼ਤਪਨਾਹੀ ਕਰਦਿਆਂ ਮੇਰੇ ਵੱਲੋਂ ਕੀਤੀ ਬੱਲ ਦੀ ਆਲੋਚਨਾ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦੇਣ ਦਾ ਜਤਨ ਕੀਤਾ ਹੈ। ਪ੍ਰੋæ ਪੰਨੂੰ ਨੇ ਤਾਂ ਮੇਰੀ ਲਿਖਤ ਸੈਂਸਰ ਨਾ ਕੀਤੇ ਜਾਣ ਦਾ ਵੀ ਦੋਸ਼ ਲਾਇਆ ਹੈ।
ਪ੍ਰਿੰæ ਪਰਾਗ ਦਾ ਇਤਰਾਜ਼ ਹੈ, “ਪ੍ਰਭਸ਼ਰਨਬੀਰ ਨੇ ਬਲ ਦੇ ਲੇਖ ਦੇ ਕੇਂਦਰੀ ਵਿਸ਼ੇ ਨਾਲ ਜੁੜੇ ਪਹਿਲੂਆਂ ਬਾਰੇ ਉਕਾ ਕੋਈ ਗੱਲ ਨਹੀਂ ਕੀਤੀ। ਵਿਚਾਰ-ਚਰਚਾ ਦਾ ਇਹ ਢੰਗ ਇੰਜ ਹੀ ਹੈ ਜਿਵੇਂ ਕਿਸੇ ਵਕਤਾ ਨੇ ਨਿਹੰਗ ਸਿੰਘਾਂ ਦੀ ਇਤਿਹਾਸਕ ਬਹਾਦਰੀ ਦਾ ਜ਼ਿਕਰ ਕੀਤਾ ਹੋਵੇ ਤੇ ਉਸ ਉਪਰ ਟਿੱਪਣੀਕਾਰ ਨਿਹੰਗਾਂ ਵੱਲੋਂ 21ਵੀਂ ਸਦੀ Ḕਚ ਆਪਣੇ ਵਾਹਨਾਂ ਅੱਗੇ ਝੋਟੇ ਜੋੜਨ ਤੇ ਵੱਡੀਆਂ ਦਸਤਾਰਾਂ ਬੰਨ੍ਹਣ ਦੇ ਮਿਹਣੇ ਮਾਰਨ ਲੱਗ ਪਵੇ।” ਉਨ੍ਹਾਂ ਨੇ ਜਾਣ ਬੁੱਝ ਕੇ ਇਹ ਗੱਲ ਨਜ਼ਰ ਅੰਦਾਜ਼ ਕੀਤੀ ਜਾਪਦੀ ਹੈ ਕਿ ਮੈਂ ਆਪਣੇ ਲੇਖ ਦੇ ਪਹਿਲੇ ਪੈਰੇ ਵਿਚ ਹੀ ਕਿਹਾ ਸੀ, “ਇਸ ਲੇਖ ਦਾ ਮਕਸਦ ਉਨ੍ਹਾਂ (ਬੱਲ) ਦੀਆਂ ਇਰਾਨ ਬਾਰੇ ਟਿੱਪਣੀਆਂ ਦੀ ਪੜਚੋਲ ਕਰਨ ਤੱਕ ਸੀਮਤ ਹੈ।” ਪਰਾਗ ਸਾਹਿਬ ਮੇਰੇ Ḕਤੇ Ḕਬਲ ਦੇ ਲੇਖ ਦੇ ਕੇਂਦਰੀ ਵਿਸ਼ੇ ਨਾਲ ਜੁੜੇ ਪਹਿਲੂਆਂ ਬਾਰੇ ਉਕਾ ਕੋਈ ਗੱਲḔ ਨਾ ਕਰਨ ਦਾ ਇਤਰਾਜ਼ ਲਾ ਕੇ ਅਤੇ ਨਾਲ ਹੀ ਨਿਹੰਗ ਸਿੰਘਾਂ ਦੀ ਕੁਥਾਵੀਂ ਮਿਸਾਲ ਦੇ ਕੇ ਪਾਠਕਾਂ ਦੇ ਅੱਖੀਂ ਘੱਟਾ ਪਾਉਣ ਦਾ ਜਤਨ ਕਰ ਰਹੇ ਹਨ ਜਦੋਂ ਕਿ ਮੈਂ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਸਾਂ ਕਿ ਮੇਰਾ ਮਕਸਦ ਬੱਲ Ḕਦੀਆਂ ਇਰਾਨ ਬਾਰੇ ਟਿੱਪਣੀਆਂ ਦੀ ਪੜਚੋਲ ਕਰਨ ਤੱਕ ਸੀਮਤ ਹੈ।Ḕ ਅਜਿਹਾ ਕਰਨਾ ਪਰਾਗ ਸਾਹਿਬ ਵਰਗੇ ਪ੍ਰੌਢ ਇਨਸਾਨ ਨੂੰ ਕਿੰਨਾ ਕੁ ਸ਼ੋਭਦਾ ਹੈ, ਇਹ ਪਾਠਕਾਂ Ḕਤੇ ਛਡਦੇ ਹਾਂ।
ਅਜ਼ਰ ਨਫੀਸੀ ਦੀ ਅਮਰੀਕੀ ਸਾਮਰਾਜਵਾਦੀਆਂ ਨਾਲ ਸਾਂਝ-ਭਿਆਲੀ ਬਾਰੇ ਮੇਰੇ ਇਤਰਾਜ਼ ਦਾ ਜੁਆਬ ਉਨ੍ਹਾਂ ਇਹ ਕਹਿ ਕੇ ਦੇਣ ਦੀ ਕੋਸ਼ਿਸ਼ ਕੀਤੀ ਹੈ, “ਲੇਖਕਾਂ-ਚਿੰਤਕਾਂ-ਮਹਾਂਪੁਰਖਾਂ ਦੇ ਜੀਵਨ ਸੰਦਰਭਾਂ ਵਿਚ ਵੱਡੇ ਕੂਹਣੀ ਮੋੜ ਆਉਂਦੇ ਰਹਿੰਦੇ ਹਨ।” ਉਹ ਸ਼ਾਇਦ ਇਹ ਭੁਲ ਰਹੇ ਹਨ ਕਿ ਅਜ਼ਰ ਨਫੀਸੀ ਦੀ ਜ਼ਿੰਦਗੀ ਵਿਚ ਅਜਿਹਾ ਕੋਈ ਮੋੜ ਨਹੀਂ ਆਇਆ। ਜੇ ਉਹ ਅਜਿਹੇ ਕਿਸੇ ਮੋੜ ਬਾਰੇ ਜਾਣਦੇ ਹਨ ਤਾਂ ਉਨ੍ਹਾਂ ਆਪਣੇ ਲੇਖ ਵਿਚ ਇਹ ਪਾਠਕਾਂ ਨਾਲ ਸਾਂਝਾ ਕਿਉਂ ਨਹੀਂ ਕੀਤਾ? ਅਜ਼ਰ ਨਫੀਸੀ ਇੱਕੋ ਵੇਲੇ ਅਮਰੀਕੀ ਸਾਮਰਾਜਵਾਦੀਆਂ ਨਾਲ ਵੀ ਖੜ੍ਹਦੀ ਹੈ ਅਤੇ ਆਪਣੇ ਮਨੁੱਖਤਾਵਾਦੀ ਹੋਣ ਦਾ ਦਾਅਵਾ ਵੀ ਕਰਦੀ ਹੈ। ਇਸ ਨੂੰ ਮੋੜ ਨਹੀਂ ਕਿਹਾ ਜਾ ਸਕਦਾ, ਦੰਭੀ ਸਵੈ-ਵਿਰੋਧ ਕਿਹਾ ਜਾ ਸਕਦੈ।
ਹੈਰਾਨੀ ਦੀ ਗੱਲ ਹੈ ਕਿ ਪਰਾਗ ਸਾਹਿਬ ਹਿੰਸਾ ਦੇ ਖਿਲਾਫ ਉਪਦੇਸ਼ ਤਾਂ ਪੂਰੇ ਜੋਸ਼ ਨਾਲ ਦਿੰਦੇ ਹਨ ਪਰ ਬੱਲ ਸਾਹਿਬ ਦੇ ਚਹੇਤੇ ਲੇਖਕ ਮੁਹੰਮਦ ਮੋਹਾਦੇਸਿਨ ਦੀ ਜੁੰਡਲੀ ਵੱਲੋਂ ਅਮਰੀਕੀ ਸਾਮਰਾਜਵਾਦੀਆਂ ਦੇ ਢਹੇ ਚੜ੍ਹ ਕੇ ਕੀਤੀ ਗਈ ਹਿੰਸਾ ਨੂੰ ਅੱਖੋਂ-ਪਰੋਖੇ ਕਰ ਦਿੰਦੇ ਹਨ। ਅਜੀਬ ਦਿਆਨਤਦਾਰੀ ਹੈ।
ਪ੍ਰੋæ ਪੰਨੂੰ ਦਾ ਇਤਰਾਜ਼ ਹੈ, “ਪ੍ਰਭਸ਼ਰਨਬੀਰ ਨੂੰ ਨਫੀਸੀ ਵਿਰੁਧ ਗੁੱਸਾ ਹੈ ਕਿ ਉਹ ਅਮਰੀਕਾ ਪੱਖੀ ਹੈ। ਹਾਂ, ਉਹ ਅਮਰੀਕਾ ਪੱਖੀ ਹੈ। ਜਿਹੜੇ ਬਾਗੀ ਮੌਲਵੀਆਂ ਦੇ ਰਾਜ ਦੀ ਥਾਂ ਗਣਤੰਤਰ ਚਾਹੁੰਦੇ ਹਨ ਤੇ ਯੁੱਧ ਲੜ ਰਹੇ ਹਨ, ਉਹ ਅਮਰੀਕਾ ਤੋਂ ਮਦਦ ਕਿਉਂ ਨਾ ਲੈਣ? ਜਦੋਂ ਸੁਭਾਸ਼ ਚੰਦਰ ਬੋਸ ਨੂੰ ਅਹਿਸਾਸ ਹੋਇਆ ਕਿ ਮਹਾਤਮਾ ਗਾਂਧੀ ਵਾਲੇ ਤਰੀਕਿਆਂ ਨਾਲ ਅੰਗਰੇਜ਼ ਆਜ਼ਾਦੀ ਨਹੀਂ ਦੇਣਗੇ, ਉਸ ਨੇ ਜਪਾਨ ਦੀ ਮਦਦ ਕੀਤੀ ਅਤੇ ਬਦਲੇ ਵਿਚ ਮਦਦ ਲਈ। ਕੀ ਨਾਜ਼ੀ ਗੱਠਜੋੜ ਨਾਲ ਸੁਲਾਹ ਕਰਕੇ ਮਦਦ ਲੈਣੀ ਗੱਦਾਰੀ ਸੀ? ਭਾਰਤੀ ਸਟੇਟ ਤੋਂ ਤੰਗ ਆ ਕੇ ਅਨੇਕਾਂ ਸਿੱਖਾਂ ਨੇ ਪੱਛਮੀ ਦੇਸ਼ਾਂ Ḕਚ ਸਿਆਸੀ ਪਨਾਹ ਲਈ ਹੈ, ਉਹ ਕਸੂਰਵਾਰ ਕਿਵੇਂ ਹੋਏ?”
ਮੇਰਾ ਨਫੀਸੀ ਦੀ ਸਿਫਤ ਬਾਰੇ ਇਤਰਾਜ਼ ਇਹ ਸੀ ਕਿ ਇੱਕ ਪਾਸੇ ਤਾਂ ਬੱਲ ਸਾਹਿਬ ਮਾਰਕਸਵਾਦੀ ਹੋਣ ਦਾ ਦਾਅਵਾ ਕਰਦੇ ਹਨ ਤੇ ਦੂਸਰੇ ਪਾਸੇ ਅਮਰੀਕੀ ਸਾਮਰਾਜਵਾਦੀਆਂ ਦੇ ਜੋਟੀਦਾਰਾਂ ਦੇ ਸੋਹਲੇ ਗਾਉਂਦੇ ਹਨ। ਪੰਨੂੰ ਨੇ ਤਾਂ ਹਿੱਕ ਠੋਕ ਕੇ ਕਹਿ ਦਿੱਤਾ ਹੈ ਕਿ Ḕਹਾਂ, ਉਹ ਅਮਰੀਕਾ ਪੱਖੀ ਹੈ। ਜਿਹੜੇ ਬਾਗੀ ਮੌਲਵੀਆਂ ਦੇ ਰਾਜ ਦੀ ਥਾਂ ਗਣਤੰਤਰ ਚਾਹੁੰਦੇ ਹਨ ਤੇ ਯੁੱਧ ਲੜ ਰਹੇ ਹਨ, ਉਹ ਅਮਰੀਕਾ ਤੋਂ ਮਦਦ ਕਿਉਂ ਨਾ ਲੈਣ?Ḕ ਪਰ ਮੇਰੀ ਉਤਸੁਕਤਾ ਇਸ ਗੱਲ ਵਿਚ ਹੈ ਕਿ ਕੀ ਬੱਲ ਸਾਹਿਬ ਵੀ ਇਹ ਗੱਲ ਏਨੀ ਹੀ ਜੁਰੱੱਅਤ ਨਾਲ ਕਹਿ ਸਕਣਗੇ? ਨਫੀਸੀ ਨੇ ਅਮਰੀਕੀ ਜੰਗਬਾਜ਼ਾਂ ਨਾਲ ਸਾਂਝ ਪਾਈ। ਇਹ ਉਸ ਦੀ ਆਪਣੀ ਚੋਣ ਹੈ। ਜਿਵੇਂ ਜੇ ਕੋਈ ਭਾਰਤ ਵਿਚ ਆਰæਐਸ਼ਐਸ਼ ਅਤੇ ਮੋਦੀ ਲਾਣੇ ਨਾਲ ਸਾਂਝ ਪਾਵੇਗਾ ਤਾਂ ਉਸ ਦੀ ਦਿਆਨਤਦਾਰੀ ਤੇ ਸ਼ੱਕ ਉਠਣਾ ਸੁਭਾਵਿਕ ਹੈ। ਨਫੀਸੀ ਅਮਰੀਕੀ ਜੰਗਬਾਜ਼ਾਂ ਤੋਂ ਦੂਰੀ ਬਣਾ ਕੇ ਵੀ ਖੜ੍ਹ ਸਕਦੀ ਸੀ ਪਰ ਅਜਿਹਾ ਨਾ ਕਰ ਸਕਣ ਪਿੱਛੇ ਉਸ ਦੀ ਕੀ ਮਜਬੂਰੀ ਹੈ? ਇਹ ਤਾਂ ਉਹ ਹੀ ਜਾਣੇ। ਮੈਨੂੰ ਸਮਝ ਨਹੀਂ ਲੱਗ ਰਹੀ ਕਿ ਬੱਲ ਸਾਹਿਬ ਇਰਾਨੀ ਮੁਲਾਣਿਆਂ ਦਾ ਵਿਰੋਧ ਕਰਨ ਵਾਲੇ ਉਨ੍ਹਾਂ ਲੇਖਕਾਂ ਦੀ ਹੀ ਸਿਫਤ ਕਿਉਂ ਕਰਦੇ ਹਨ ਜੋ ਅਮਰੀਕੀ ਸਾਮਰਾਜਵਾਦ ਦੇ ਸਮਰਥਕ ਹਨ। ਜੇ ਉਨ੍ਹਾਂ ਨੂੰ ਇਰਾਨੀ ਮੁਲਾਣਿਆਂ Ḕਤੇ ਗੁੱਸਾ ਹੈ ਤਾਂ ਉਹ ਉਨ੍ਹਾਂ ਲੇਖਕਾਂ ਦੀਆਂ ਕਿਤਾਬਾਂ ਦੀ ਪ੍ਰਸ਼ੰਸਾ ਵੀ ਤਾਂ ਕਰ ਸਕਦੇ ਹਨ ਜਿਹੜੇ ਇਰਾਨੀ ਮੁਲਾਣਿਆਂ ਦੇ ਕੱਟੜਵਾਦ ਅਤੇ ਅਮਰੀਕੀ ਸਾਮਰਾਜਵਾਦੀਆਂ ਦੀ ਨਿਰਦਈ ਸਿਆਸਤ-ਦੋਹਾਂ ਦੇ ਵਿਰੋਧੀ ਹਨ। ਬੱਲ ਸਾਹਿਬ ਦੀ ਕੀ ਮਜਬੂਰੀ ਸੀ ਕਿ ਉਨ੍ਹਾਂ ਨੇ ਅਮਰੀਕੀ ਸਾਮਰਾਜਵਾਦੀਆਂ ਦੀ ਹੱਥ-ਠੋਕੀ ਬਣਨ ਵਾਲੀ ਅਜ਼ਰ ਨਫੀਸੀ ਨੂੰ ਹੀ ਚੁਣਿਆ?
ਰਹੀ ਗੱਲ ਸੁਭਾਸ਼ ਚੰਦਰ ਬੋਸ ਦੀ, ਉਸ ਨੂੰ ਗੱਦਾਰ ਤਾਂ ਨਹੀਂ ਕਿਹਾ ਜਾ ਸਕਦਾ ਪਰ ਉਸ ਦੀ ਜਪਾਨੀਆਂ ਨਾਲ ਸਾਂਝ ਇੱਕ ਇਤਿਹਾਸਕ ਗਲਤੀ ਜ਼ਰੂਰ ਸੀ ਜਿਸ ਨੇ ਅਜ਼ਾਦੀ ਦੀ ਲਹਿਰ ਦਾ ਵੀ ਨੁਕਸਾਨ ਹੀ ਕੀਤਾ। ਅਜ਼ਾਦ ਹਿੰਦ ਫੌਜ ਦੇ ਇੱਕ ਹੋਰ ਜਰਨੈਲ ਮੋਹਨ ਸਿੰਘ ਨੇ ਇਹ ਗੱਲ 1942 ਵਿਚ ਹੀ ਜਾਣ ਲਈ ਸੀ ਕਿ ਜਪਾਨੀ ਉਨ੍ਹਾਂ ਨੂੰ ਸਿਰਫ ਮੋਹਰਿਆਂ ਦੇ ਤੌਰ Ḕਤੇ ਵਰਤ ਰਹੇ ਹਨ ਅਤੇ ਅਜ਼ਾਦੀ ਦੀ ਪ੍ਰਾਪਤੀ ਲਈ ਸੰਜੀਦਗੀ ਨਾਲ ਹਮਾਇਤ ਨਹੀਂ ਕਰ ਰਹੇ। ਇਸੇ ਕਰਕੇ ਉਸ ਨੂੰ ਜਪਾਨੀਆਂ ਨੇ ਗ੍ਰਿਫਤਾਰ ਕਰ ਲਿਆ ਸੀ। 1944 ਵਿਚ ਜਦੋਂ ਬੋਸ ਅੰਡੇਮਾਨ ਨਿਕੋਬਾਰ ਆਇਆ ਤਾਂ ਉਥੋਂ ਦੇ ਲੋਕਾਂ ਨੇ ਉਸ ਨੂੰ ਮਿਲ ਕੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਪਾਨੀ ਉਨ੍ਹਾਂ ਉਤੇ ਬਹੁਤ ਜ਼ੁਲਮ ਕਰ ਰਹੇ ਹਨ ਪਰ ਕਾਮਯਾਬ ਨਾ ਹੋ ਸਕੇ। ਬੋਸ ਦੇ ਦੌਰੇ ਦੌਰਾਨ ਜਪਾਨੀ ਡਾæ ਦੀਵਾਨ ਸਿੰਘ ਨੂੰ ਉਥੋਂ ਦੀ ਜੇਲ੍ਹ ਵਿਚ ਤਸੀਹੇ ਦੇ ਕੇ ਕਤਲ ਕਰ ਰਹੇ ਸਨ ਪਰ ਬੋਸ ਨੂੰ ਇਸ ਬਾਰੇ ਕੁਝ ਪਤਾ ਨਾ ਲੱਗ ਸਕਿਆ। ਤਾਕਤ ਦੇ ਭੁੱਖੇ ਦਰਿੰਦਿਆਂ ਨਾਲ ਸਾਂਝ ਪਾਉਣੀ ਕਦੇ ਵੀ ਲਾਹੇਵੰਦ ਨਹੀਂ ਹੁੰਦੀ। ਨਾਲੇ ਇੱਕ ਲੇਖਕ ਨੂੰ ਫੌਜੀ ਜਰਨੈਲ ਨਾਲ ਮਿਲਾਉਣਾ ਵੀ ਨਾ-ਇਨਸਾਫੀ ਹੈ। ਲੇਖਕ ਦਾ ਧਰਮ ਤਾਂ ਔਖੇ ਤੋਂ ਔਖੇ ਹਾਲਾਤ ਵਿਚ ਵੀ ਆਪਣੀ ਨੈਤਿਕ ਬੁਲੰਦੀ ਨੂੰ ਕਾਇਮ ਰੱਖਣਾ ਹੀ ਹੁੰਦਾ ਹੈ।
ਪ੍ਰੋæ ਪੰਨੂੰ ਨੇ ਪੱਛਮੀ ਦੇਸ਼ਾਂ ਵਿਚ ਸਿਆਸੀ ਸ਼ਰਣ ਲੈਣ ਵਾਲੇ ਸਿੱਖਾਂ ਦੀ ਮਿਸਾਲ ਵੀ ਨਫੀਸੀ ਦੇ ਪੈਂਤੜੇ ਨੂੰ ਜਾਇਜ਼ ਠਹਿਰਾਉਣ ਲਈ ਵਰਤੀ ਹੈ। ਪੱਛਮੀ ਦੇਸ਼ਾਂ ਵਿਚ ਸਿਆਸੀ ਸ਼ਰਣ ਇਸ ਲਈ ਮਿਲਦੀ ਹੈ ਕਿ ਇਨ੍ਹਾਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਦੇ ਸਮਝੌਤਿਆਂ ਉਤੇ ਸਹੀ ਪਾਈ ਹੈ ਜਿਸ ਕਾਰਣ ਇਹ ਸ਼ਰਨਾਰਥੀਆਂ ਦੀ ਮਦਦ ਕਰਨ ਦੇ ਪਾਬੰਦ ਹਨ। ਸਿਆਸੀ ਸ਼ਰਣ ਅਦਾਲਤਾਂ ਰਾਹੀਂ ਮਿਲਦੀ ਹੈ ਨਾ ਕਿ ਖਾਸ ਸਿਆਸੀ ਪਾਰਟੀਆਂ ਰਾਹੀਂ। ਨਫੀਸੀ ਬਾਰੇ ਮੇਰਾ ਇਤਰਾਜ਼ ਇਹ ਨਹੀਂ ਕਿ ਉਹ ਅਮਰੀਕਾ ਵਿਚ ਰਹਿੰਦੀ ਹੈ ਸਗੋਂ ਇਹ ਸੀ ਕਿ ਉਹ ਅਮਰੀਕਾ ਵਿਚਲੀਆਂ ਜਮਹੂਰੀ ਧਿਰਾਂ ਨੂੰ ਨਜ਼ਰ-ਅੰਦਾਜ਼ ਕਰਕੇ ਜੰਗਬਾਜ਼ਾਂ ਨਾਲ ਸਾਂਝ ਪਾਉਂਦੀ ਹੈ। ਜਿਵੇਂ ਭਾਰਤ ਵਿਚ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਮਨੁੱਖਤਾ ਦਾ ਦੁਸ਼ਮਣ ਨਹੀਂ ਕਿਹਾ ਜਾ ਸਕਦਾ ਪਰ ਜੇ ਕੋਈ ਇੱਥੇ ਰਹਿ ਕੇ ਇੰਦਰਾ ਗਾਂਧੀ ਜਾਂ ਮੋਦੀ ਵਰਗੇ ਕਿਸੇ ਲੀਡਰ ਦਾ ਸਮਰਥਕ ਬਣਦਾ ਹੈ ਤਾਂ ਉਹ ਜ਼ਰੂਰ ਹੀ ਮਨੁੱਖਤਾ ਦਾ ਦੁਸ਼ਮਣ ਗਿਣਿਆ ਜਾਵੇਗਾ। ਨਫੀਸੀ ਨੇ ਵੀ ਉਨ੍ਹਾਂ ਲੋਕਾਂ ਨਾਲ ਸਾਂਝ ਪਾਈ ਜੋ ਇਰਾਕ ਅਤੇ ਅਫਗਾਨਿਸਤਾਨ ਵਿਚ ਲੱਖਾਂ ਬੇਦੋਸ਼ਿਆਂ ਦੇ ਕਤਲਾਂ ਦੇ ਦੋਸ਼ੀ ਹਨ। ਬੱਲ ਸਾਹਿਬ ਵਰਗੇ ਮਾਰਕਸਵਾਦ ਦੀ ਡੌਂਡੀ ਪਿੱਟਣ ਵਾਲੇ ḔਵਿਦਵਾਨਾਂḔ ਨੂੰ ਇਸ ਤਰ੍ਹਾਂ ਦੇ ਪ੍ਰਸ਼ਨਾਂ ਦੇ ਸਨਮੁੱਖ ਕਰਨਾ ਜੇ ਗੁਨਾਹ ਹੈ, ਤਾਂ ਮੈਂ ਖੁਸ਼ੀ-ਖੁਸ਼ੀ ਇਹ ਗੁਨਾਹ ਕਬੂਲ ਕਰਦਾ ਹਾਂ।
Leave a Reply