ਨਵਜੋਤ ਸਿੱਧੂ ਨੂੰ ਮਹਿੰਗੀ ਪਈ ਬਾਦਲਾਂ ਦੀ ਨਾਰਾਜ਼ਗੀ

ਅੰਮ੍ਰਿਤਸਰ: ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਨਾਰਾਜ਼ਗੀ ਮਹਿੰਗੀ ਪਈ ਹੈ ਤੇ ਇਸੇ ਕਾਰਨ ਭਾਜਪਾ ਵੱਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸ਼ ਸਿੱਧੂ ਦੀ ਥਾਂ ‘ਤੇ ਸੀਨੀਅਰ ਭਾਜਪਾ ਆਗੂ ਅਰੁਣ ਜੇਤਲੀ ਨੂੰ ਅਕਾਲੀ-ਭਾਜਪਾ ਗਠਜੋੜ ਦਾ ਉਮੀਦਵਾਰ ਬਣਾਇਆ ਗਿਆ ਹੈ। ਸ਼ ਸਿੱਧੂ ਨੂੰ ਇਸ ਵਾਰ ਸੀਟ ਨਾ ਮਿਲਣ ਦੀਆਂ ਕਿਆਸਅਰਾਈਆਂ ਤਾਂ ਪਹਿਲਾਂ ਹੀ ਚੱਲ ਰਹੀਆਂ ਸਨ ਪਰ ਇਸ ਬਾਰੇ ਭਾਜਪਾ ਹਾਈ ਕਮਾਂਡ ਵੱਲੋਂ 7 ਮਾਰਚ ਨੂੰ ਹੋਈ ਮੀਟਿੰਗ ਵਿਚ ਸਪਸ਼ਟ ਸੰਕੇਤ ਦੇ ਦਿੱਤੇ ਗਏ ਸਨ ਕਿ ਅੰਮ੍ਰਿਤਸਰ ਲੋਕ ਸਭਾ ਸੀਟ ‘ਤੇ ਇਸ ਵਾਰ ਉਮੀਦਵਾਰ ਬਦਲਿਆ ਜਾਵੇਗਾ।
ਭਾਜਪਾ ਹਾਈ ਕਮਾਂਡ ਵੱਲੋਂ ਸ਼ ਸਿੱਧੂ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਤੇ ਪੱਛਮੀ ਦਿੱਲੀ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਗਈ ਸੀ। 12 ਮਾਰਚ ਨੂੰ ਮੁੜ ਸ਼ ਸਿੱਧੂ ਨੂੰ ਸੱਦਿਆ ਗਿਆ ਸੀ ਤੇ ਉਸ ਨੂੰ ਮੁੜ ਕਿਸੇ ਹੋਰ ਸ਼ਹਿਰ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਸ਼ ਸਿੱਧੂ ਨੇ ਇਸ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਸੀ। ਸ਼ ਸਿੱਧੂ ਕੋਲੋਂ ਮੁੜ ਉਨ੍ਹਾਂ ਦੀ ਰਾਏ ਮੰਗੀ ਗਈ ਤੇ ਉਨ੍ਹਾਂ ਸਿਰਫ ਤੇ ਸਿਰਫ ਅੰਮ੍ਰਿਤਸਰ ਤੋਂ ਹੀ ਚੋਣ ਲੜਨ ਦੀ ਇੱਛਾ ਪ੍ਰਗਟਾਈ। ਭਾਜਪਾ ਹਾਈ ਕਮਾਂਡ ਵੱਲੋਂ ਉਨ੍ਹਾਂ ਨੂੰ ਸ੍ਰੀ ਅਰੁਣ ਜੇਤਲੀ ਨੂੰ ਉਮੀਦਵਾਰ ਬਣਾਉਣ ਬਾਰੇ ਵੀ ਦੱਸ ਦਿੱਤਾ ਗਿਆ ਸੀ।
ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਭਾਜਪਾ ਹਾਈ ਕਮਾਂਡ ਨੂੰ ਇਸ ਵਾਰ ਸ੍ਰੀ ਜੇਤਲੀ ਨੂੰ ਉਮੀਦਵਾਰ ਬਣਾਏ ਜਾਣ ਲਈ ਆਖਿਆ ਜਾ ਚੁੱਕਾ ਸੀ ਤੇ ਉਨ੍ਹਾਂ ਭਰੋਸਾ ਵੀ ਦਿੱਤਾ ਸੀ ਕਿ ਜੇਕਰ ਸ੍ਰੀ ਜੇਤਲੀ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨੂੰ ਘਰ ਬੈਠਿਆਂ ਹੀ ਚੋਣ ਜਿਤਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਏਗਾ। ਭਾਜਪਾ ਵੱਲੋਂ ਸ਼ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਲਈ ਵੀ ਗੁਰੂ ਨਗਰੀ ਦੇ ਲੋਕ ਸਭਾ ਹਲਕੇ ਤੋਂ ਸ੍ਰੀ ਜੇਤਲੀ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਸਥਾਨਕ ਭਾਜਪਾ ਆਗੂ ਵੀ ਇਕੱਠੇ ਹੋ ਕੇ ਇਹ ਮੰਗ ਕਰ ਚੁੱਕੇ ਸਨ ਕਿ ਇਸ ਹਲਕੇ ਤੋਂ ਸ੍ਰੀ ਜੇਤਲੀ ਨੂੰ ਹੀ ਉਮੀਦਵਾਰ ਬਣਾਇਆ ਜਾਵੇ। ਤਿੰਨ ਵਾਰ ਇਸ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਹੇ ਸ਼ ਸਿੱਧੂ ਨੂੰ ਇਸ ਵਾਰ ਟਿਕਟ ਨਾ ਮਿਲਣ ਦਾ ਇਕ ਕਾਰਨ ਉਸ ਦੇ ਸਥਾਨਕ ਭਾਜਪਾ ਆਗੂਆਂ ਨਾਲ ਸਬੰਧ ਠੀਕ ਨਾ ਹੋਣਾ ਵੀ ਹੈ। ਪੰਜਾਬ ਭਾਜਪਾ ਤੇ ਸਥਾਨਕ ਇਕਾਈ ਦੇ ਵਧੇਰੇ ਆਗੂ ਸ਼ ਸਿੱਧੂ ਦੇ ਵਿਰੁੱਧ ਸਨ ਤੇ ਇਸ ਬਾਰੇ ਰਿਪੋਰਟ ਵੀ ਹਾਈ ਕਮਾਂਡ ਕੋਲ ਭੇਜੀ ਗਈ ਸੀ ਜਿਸ ਵਿਚ ਸ਼ ਸਿੱਧੂ ਨੂੰ ਮੁੜ ਉਮੀਦਵਾਰ ਬਣਾਏ ਜਾਣ ‘ਤੇ ਵੱਡੇ ਫਰਕ ਨਾਲ ਹਾਰਨ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ।
ਅੰਮ੍ਰਿਤਸਰ ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਏæਪੀæਐਸ਼ ਚੱਠਾ ਨੇ ਆਖਿਆ ਕਿ ਸ਼ ਸਿੱਧੂ ਨੂੰ ਲੋਕ ਸਭਾ ਸੀਟ ਨਾ ਮਿਲਣ ਕਾਰਨ ਅੰਮ੍ਰਿਤਸਰ ਵਾਸੀਆਂ ਨੂੰ ਵੱਡਾ ਨੁਕਸਾਨ ਹੋਇਆ ਹੈ। ਸ਼ ਸਿੱਧੂ ਅਜਿਹੇ ਆਗੂ ਸਨ ਜੋ ਸ਼ਹਿਰ ਦੇ ਵਿਕਾਸ ਲਈ ਆਪਣੀ ਜੇਬ ਵਿਚੋਂ ਪੈਸੇ ਖਰਚ ਕਰਨ ਲਈ ਤਿਆਰ ਹੁੰਦੇ ਸਨ। ਸ਼੍ਰੋਮਣੀ ਅਕਾਲੀ ਦਲ ਨਾਲ ਸ਼ ਸਿੱਧੂ ਦੀ ਇਹ ਨਾਰਾਜ਼ਗੀ ਤਾਂ ਪਹਿਲਾਂ ਵੀ ਸੀ ਪਰ ਪਿਛਲੇ ਵਰ੍ਹੇ ਸਤੰਬਰ ਮਹੀਨੇ ਵਿਚ ਸ਼ ਸਿੱਧੂ ਨੇ ਐਲਾਨ ਕਰ ਦਿੱਤਾ ਕਿ ਉਸ ਦੇ ਵਧੇਰੇ ਪ੍ਰਾਜੈਕਟ ਅਕਾਲੀ ਸਰਕਾਰ ਮੁਕੰਮਲ ਨਹੀਂ ਕਰ ਰਹੀ ਤੇ ਜੇਕਰ ਇਹ ਸਾਰੀਆਂ ਯੋਜਨਾਵਾਂ ਨਿਰਧਾਰਤ ਸਮੇਂ ਵਿਚ ਮੁਕੰਮਲ ਨਾ ਹੋਈਆਂ ਤਾਂ ਉਹ ਮਰਨ ਵਰਤ ‘ਤੇ ਬੈਠ ਜਾਣਗੇ।
ਸ਼ ਸਿੱਧੂ ਦੇ ਇਸ ਐਲਾਨ ਮਗਰੋਂ ਅਕਾਲੀ-ਭਾਜਪਾ ਸਰਕਾਰ ਕਸੂਤੀ ਸਥਿਤੀ ਵਿਚ ਫਸ ਗਈ ਸੀ ਤੇ ਮੁੱਖ ਮੰਤਰੀ ਨੂੰ ਸਾਰੀਆਂ ਯੋਜਨਾਵਾਂ ਬਾਰੇ ਐਲਾਨ ਕਰਨਾ ਪਿਆ ਸੀ ਕਿ ਇਨ੍ਹਾਂ ਯੋਜਨਾਵਾਂ ਨੂੰ ਤੈਅ ਸਮੇਂ ਵਿਚ ਮੁਕੰਮਲ ਕੀਤਾ ਜਾਏਗਾ। ਇਸ ਘਟਨਾ ਤੋਂ ਬਾਅਦ ਅਕਾਲੀ ਸਰਕਾਰ ਵੱਲੋਂ ਸ਼ ਸਿੱਧੂ ਨੂੰ ਮੁਕੰਮਲ ਤੌਰ ‘ਤੇ ਅਣਦੇਖਿਆ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਦੋਵਾਂ ਵਿਚਾਲੇ ਦੂਰੀਆਂ ਵਧ ਗਈਆਂ ਸਨ ਜੋ ਹੁਣ ਸ਼ ਸਿੱਧੂ ਦੀ ਉਮੀਦਵਾਰੀ ਲਈ ਭਾਰੀ ਪਈਆਂ ਹਨ। ਸ਼ ਸਿੱਧੂ ਵੱਲੋਂ ਸ੍ਰੀ ਜੇਤਲੀ ਨੂੰ ਟਿਕਟ ਦਿੱਤੇ ਜਾਣ ਦਾ ਭਾਵੇਂ ਸਵਾਗਤ ਕੀਤਾ ਗਿਆ ਪਰ ਵੱਖ-ਵੱਖ ਹਲਕਿਆਂ ਬਾਰੇ ਵੱਖਰੇ ਪ੍ਰਤੀਕਰਨ ਹਨ। ਸਾਬਕਾ ਅਕਾਲੀ ਮੰਤਰੀ ਮਨਜੀਤ ਸਿੰਘ ਕਲਕੱਤਾ ਨੇ ਆਖਿਆ ਕਿ ਇਹ ਹਲਕਾ ਵਧੇਰੇ ਸਿੱਖ ਵਸੋਂ ਵਾਲਾ ਹੈ ਤੇ ਇਥੋਂ ਕੋਈ ਸਿੱਖ ਵਿਅਕਤੀ ਹੀ ਉਮੀਦਵਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਉਮੀਦਵਾਰ ਖੜ੍ਹਾ ਕਰਨਾ ਚਾਹੀਦਾ ਸੀ।

Be the first to comment

Leave a Reply

Your email address will not be published.