ਚੌਟਾਲੇ ਨੂੰ ਐਨ ਡੀ ਏ ਵਿਚ ਲਿਆਉਣ ਲਈ ਬਾਦਲ ਅਸਫਲ

ਚੰਡੀਗੜ੍ਹ: ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਗੱਠਜੋੜ ਕਰਾਉਣ ਬਾਰੇ ਕੋਸ਼ਿਸ਼ਾਂ ਨੂੰ ਝਟਕਾ ਲੱਗਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨਾਲ ਨਵੀਂ ਦਿੱਲੀ ਵਿਚ ਮੀਟਿੰਗ ਕਰ ਕੇ ਹਰਿਆਣਾ ਵਿਚ ਇਨੈਲੋ ਨਾਲ ਚੋਣ ਸਮਝੌਤਾ ਕਰਾਉਣ ਲਈ ਜ਼ੋਰ ਪਾਇਆ ਸੀ। ਇਹ ਯਤਨ ਸਿਰੇ ਨਹੀਂ ਚੜ੍ਹੇ ਸਕੇ ਕਿਉਂਕਿ ਪਾਰਟੀ ਪਹਿਲਾਂ ਹੀ ਹਜਕਾਂ ਨਾਲ ਗਠਜੋੜ ਬਣਾ ਚੁੱਕੀ ਸੀ। ਸ੍ਰੀ ਰਾਜਨਾਥ ਸਿੰਘ ਨੇ ਬਾਦਲਾਂ ਨੂੰ ਕੋਈ ਭਰੋਸਾ ਨਹੀਂ ਦਿੱਤਾ ਸੀ।
ਇਨੈਲੋ ਨੇ ਟਿਕਟਾਂ ਦੀ ਵੰਡ ਵਿਚ ਸਭ ਤੋਂ ਵੱਧ ਤਿੰਨ ਟਿਕਟਾਂ ਪੰਜਾਬੀ ਭਾਈਚਾਰੇ ਨੂੰ ਦਿੱਤੀਆਂ ਹਨ। ਇਨ੍ਹਾਂ ਵਿਚੋਂ ਦੋ ਸਿੱਖ ਉਮੀਦਵਾਰ ਹਨ। ਇਨੈਲੋ ਨੇ ਸਾਰੇ ਚੋਣ ਸਮੀਕਰਨਾਂ ਨੂੰ ਧਿਆਨ ਵਿਚ ਰੱਖਦਿਆਂ ਕਰਨਾਲ ਤੋਂ ਸਾਬਕਾ ਖੇਤੀਬਾੜੀ ਮੰਤਰੀ ਜਸਵਿੰਦਰ ਸਿੰਘ ਸੰਧੂ, ਸਾਬਕ ਸੰਸਦ ਮੈਂਬਰ ਆਰ ਕੇ ਆਨੰਦ ਨੂੰ ਫਰੀਦਾਬਾਦ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਲਾਂਵਾਲੀ ਹਲਕੇ ਤੋਂ ਵਿਧਾਇਕ ਚਰਨਜੀਤ ਸਿੰਘ ਨੂੰ ਸਿਰਸਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਇਨੈਲੋ ਦੇ ਯੂਥ ਵਿੰਗ ਦੇ ਆਗੂ ਤੇ ਪਾਰਟੀ ਦੇ ਸਕੱਤਰ ਜਨਰਲ ਅਜੇ ਚੌਟਾਲਾ ਦੇ ਲੜਕੇ ਦੁਸ਼ਯੰਤ ਚੌਟਾਲਾ ਨੂੰ ਹਿਸਾਰ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਗੁੜਗਾਓਂ ਲੋਕ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਜ਼ਾਕਿਰ ਹੁਸੈਨ, ਕੁਰੂਕਸ਼ੇਤਰ ਤੋਂ ਸਾਬਕਾ ਮੰਤਰੀ ਬਲਬੀਰ ਸੈਣੀ, ਕੌਮੀ ਸਕੱਤਰ ਪਦਮ ਦਹੀਆ ਨੂੰ ਸੋਨੀਪਤ, ਅੰਬਾਲਾ ਰਾਖਵੀਂ ਸੀਟ ਤੋਂ ਪਾਰਟੀ ਬੁਲਾਰੇ ਅਸ਼ੋਕ ਸ਼ੇਰਵਾਲ ਦੀ ਪਤਨੀ ਕੁਸੁਮ ਬਾਲਾ ਸ਼ੇਰਵਾਲ, ਰੋਹਤਕ ਸੀਟ ਤੋਂ ਸ਼ਮਸ਼ੇਰ ਸਿੰਘ ਖਰਕੜਾ ਤੇ ਭਿਵਾਨੀ-ਮਹਿੰਦਰਗੜ੍ਹ ਤੋਂ ਇਨੈਲੋ ਵਿਧਾਇਕ ਰਾਓ ਬਹਾਦਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਰਾਜਨੀਤਕ ਮਾਹਿਰਾਂ ਦਾ ਕਹਿਣਾ ਹੈ ਕਿ ਇਨੈਲੋ ਨੇ ਪੰਜਾਬੀ ਭਾਈਚਾਰੇ ਨੂੰ ਤਿੰਨ ਟਿਕਟਾਂ ਦੇ ਕੇ ਸੂਬੇ ਦੇ ਤਕਰੀਬਨ 30 ਫ਼ੀਸਦੀ ਤੋਂ ਵੱਧ ਭਾਈਚਾਰੇ ਨੂੰ ਆਪਣੇ ਨਾਲ ਜੋੜਣ ਦਾ ਯਤਨ ਕੀਤਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਇਨੈਲੋ ਦੇ ਸਭ ਤੋਂ ਵੱਧ ਵਿਧਾਇਕ ਪੰਜਾਬ ਨਾਲ ਲਗਦੀ ਹੱਦ ਵਾਲੇ ਇਲਾਕੇ ਵਿਚੋਂ ਜਿੱਤੇ ਸਨ। ਲੋਕ ਸਭਾ ਚੋਣਾਂ ਤੋਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆ ਹਨ ਤੇ ਇਨ੍ਹਾਂ ਚੋਣਾਂ ਨੂੰ ਧਿਆਨ ਵਿਚ ਰੱਖਦਿਆ ਇਨੈਲੋ ਨੇ ਇਹ ਪੱਤਾ ਖੇਡਿਆ ਹੈ।
ਸਿਰਸਾ ਜ਼ਿਲ੍ਹੇ ਵਿਚ ਪੈਂਦੇ ਕਾਲਾਂਵਾਲੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਚਰਨਜੀਤ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਫ਼ੈਸਲਾ ਕਰਕੇ ਇਨੈਲੋ ਨੇ ਅਕਾਲੀ ਦਲ ਦੀ ਪੂਰੀ ਹਮਾਇਤ ਹਾਸਲ ਕਰ ਲਈ ਹੈ। ਵੈਸੇ ਵੀ ਕਾਲਾਂਵਾਲੀ ਤੋਂ ਅਕਾਲੀ ਵਿਧਾਇਕ ਅਕਾਲੀ ਘੱਟ ਤੇ ਇਨੈਲੋ ਵਿਧਾਇਕ ਵੱਧ ਲਗਦੇ ਹਨ ਤੇ ਉਹ ਹਰਿਆਣਾ ਵਿਧਾਨ ਸਭਾ ਵਿਚ ਆਉਣ ਸਮੇਂ ਪੂਰੀ ਤਰ੍ਹਾਂ ਇਨੈਲੋ ਦੇ ਰੰਗ ਵਿਚ ਨਜ਼ਰ ਆਉਂਦੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਨੈਲੋ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਚੋਣ ਸਮਝੌਤਾ ਨਹੀਂ ਸੀ ਹੋ ਸਕਿਆ ਤੇ ਅਕਾਲੀ ਦਲ ਦੇ ਆਗੂਆਂ ਨੇ ਇਨੈਲੋ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਸੀ। ਹੁਣ ਫਿਰ ਅਕਾਲੀ ਦਲ ਵੱਲੋਂ ਉਨ੍ਹਾਂ ਦੇ ਉਮੀਦਵਾਰਾਂ ਦਾ ਪ੍ਰਚਾਰ ਕੀਤਾ ਜਾਏਗਾ।

Be the first to comment

Leave a Reply

Your email address will not be published.