ਆਮ ਜਨਤਾ ਅਤੇ ਕੇਜਰੀਵਾਲ ਬਨਾਮ ਰਾਹੁਲ-ਮੋਦੀ ਭੇੜ

ਜਤਿੰਦਰ ਪਨੂੰ
ਲੋਕ ਸਭਾ ਚੋਣਾਂ ਵਿਚ ਜਦੋਂ ਅਸਲ ਲੜਾਈ ਦੇਸ਼ ਦੀ ਇੱਕ ਸੌ ਪੰਝੀ ਕਰੋੜ ਜਨਤਾ ਦੇ ਭਵਿੱਖ ਦੀ ਹੈ, ਭਾਰਤ ਵਿਚ ਬਹਿਸ ਦਾ ਕੇਂਦਰ ਦੇਸ਼ ਦੀ ਬਹੁ-ਗਿਣਤੀ ਜਨਤਾ ਦੇ ਹਿੱਤ ਨਹੀਂ ਬਣ ਰਹੇ, ਉਨ੍ਹਾਂ ਹਿੱਤਾਂ ਦਾ ਕਦੇ-ਕਦੇ ਚਲਾਵਾਂ ਜਿਹਾ ਜ਼ਿਕਰ ਆਉਂਦਾ ਹੈ। ਇਸ ਦੀ ਥਾਂ ਵੱਡਾ ਭੇੜ ਕਦੀ ਨਰਿੰਦਰ ਮੋਦੀ ਬਨਾਮ ਰਾਹੁਲ ਗਾਂਧੀ ਦਾ ਬਣਦਾ ਜਾਪਦਾ ਹੈ ਤੇ ਕਦੇ ਆਮ ਆਦਮੀ ਪਾਰਟੀ ਦੇ ਨਾਂ ਉਤੇ ਬਿਨਾਂ ਸੋਚੇ ਬੋਲਣ ਵਾਲੇ ਕੁਝ ਮੁਹਿੰਮਬਾਜ਼ਾਂ ਦਾ ਇੱਕ ਜਾਂ ਦੂਸਰੀ ਧਿਰ ਨਾਲ ਕੁਝ ਟਿੱਪਣੀਆਂ ਨੂੰ ਲੈ ਕੇ ਪੇਚਾ ਵੱਡੀ ਬਹਿਸ ਦਾ ਰੂਪ ਧਾਰ ਲੈਂਦਾ ਹੈ। ਇਹ ਅਸਲੀ ਮੁੱਦੇ ਨਹੀਂ, ਇਸ ਦੇਸ਼ ਦੀ ਵੱਡੀ ਸਰਮਾਏਦਾਰੀ ਦੇ ਇੱਕ ਜਾਂ ਦੂਸਰੇ ਧੜੇ ਦੀ ਆਪਸੀ ਟੱਕਰ ਦੇ ਮੁੱਦੇ ਹਨ, ਜਿਹੜੇ ਅੰਤ ਨੂੰ ਹੁਣ ਵਾਲੀ ਸਥਿਤੀ ਨੂੰ ਮਾੜੇ-ਮੋਟੇ ਓਹੜ-ਪੋਹੜ ਨਾਲ ਜਿਉਂ ਦੀ ਤਿਉਂ ਰੱਖਣ ਲਈ ਕੁਝ ਧਿਰਾਂ ਵੱਲੋਂ ਜਾਣ-ਬੁੱਝ ਕੇ ਖੜੇ ਕੀਤੇ ਜਾਂਦੇ ਹਨ। ਭੇੜ ਦੀਆਂ ਜ਼ਾਹਰਾ ਧਿਰਾਂ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਜਾਂ ਆਮ ਆਦਮੀ ਪਾਰਟੀ ਸਿਰਫ ਸਿਆਸੀ ਭੇੜ ਭਿੜਨ ਲਈ ਹਨ, ਅਸਲੀ ਲੜਾਈ ਤਾਂ ਲੁੱਟੀ ਜਾ ਰਹੀ ਜਨਤਾ ਤੇ ਲੁੱਟ-ਖਾਣੀ ਜਮਾਤ ਦੇ ਵਿਚਾਲੇ ਉਹੋ ਰਹਿਣੀ ਹੈ, ਜਿਹੜੀ ਚਿਰਾਂ ਤੋਂ ਚੱਲੀ ਆਈ ਹੈ। ਅਸੀਂ ਕਿਉਂਕਿ ਮੀਡੀਏ ਦਾ ਮਾਮੂਲੀ ਜਿਹਾ ਅੰਗ ਹਾਂ, ਚਿਰਾਂ ਤੋਂ ਜਾਣਦੇ ਹਾਂ ਕਿ ਅਰਵਿੰਦ ਕੇਜਰੀਵਾਲ ਤੇ ਮੀਡੀਏ ਦੀ ਜੰਗ ਵਿਚ ਵੀ ਜੋ ਕੁਝ ਦਿੱਸ ਰਿਹਾ ਹੈ, ਉਹ ਸਾਰਾ ਸੱਚ ਨਹੀਂ, ਮੀਡੀਆ ਵੀ ਆਪਣੀਆਂ ਤਹਿਆਂ ਵਿਚ ਕਈ ਕੁਝ ਲੁਕਾਈ ਫਿਰਦਾ ਹੈ।
ਕੀ ਹੈ ਮੀਡੀਏ ਨਾਲ ਅਰਵਿੰਦ ਕੇਜਰੀਵਾਲ ਦਾ ਵਿਵਾਦ? ਇਹੋ ਕਿ ਉਸ ਨੇ ਇੱਕ ਥਾਂ ਆਪਣੀ ਪਾਰਟੀ ਲਈ ਫੰਡ ਉਗਰਾਹੀ ਵਾਸਤੇ ਇੱਕ ਖਾਣੇ ਦਾ ਪ੍ਰਬੰਧ ਕਰ ਲਿਆ, ਜਿਸ ਨੂੰ ਪੱਛਮ ਦੇ ਪਿੱਛੇ ਚੱਲ ਰਹੇ ਭਾਰਤ ਵਿਚ ਵੀ ਹੁਣ ‘ਫੰਡ ਰੇਜ਼ਿੰਗ ਡਿਨਰ’ ਕਿਹਾ ਜਾਣ ਲੱਗ ਪਿਆ ਹੈ। ਉਸ ਨੂੰ ਇਹ ਖਿਆਲ ਨਹੀਂ ਸੀ ਰਿਹਾ ਕਿ ਇਹੋ ਜਿਹੇ ਮੌਕੇ ਉਸ ਦੇ ਸਮੱਰਥਕ ਹੀ ਨਹੀਂ ਆਏ ਹੁੰਦੇ, ਦੂਸਰੇ ਲੋਕ ਵੀ ਮਿਥੀ ਗਈ ਟਿਕਟ ਦੇ ਪੈਸੇ ਖਰਚ ਕੇ ਵਿਚ ਆ ਬਹਿੰਦੇ ਹਨ ਤੇ ਅੰਦਰ ਆਪਣੇ ਬੈਠੇ ਸਮਝ ਕੇ ਕੀਤੀਆਂ ਗੱਲਾਂ ਅੱਗੇ ਨਿਕਲ ਸਕਦੀਆਂ ਹਨ। ਕੇਜਰੀਵਾਲ ਨੇ ਉਥੇ ਇਹ ਕਹਿ ਦਿੱਤਾ ਕਿ ਮੀਡੀਆ ਵਿਕਿਆ ਹੋਇਆ ਹੈ, ਤੇ ਇਸ ਗੱਲ ਤੋਂ ਵਿਵਾਦ ਖੜਾ ਹੋ ਗਿਆ। ਉਸ ਨੂੰ ਇਸ ਤਰ੍ਹਾਂ ਦਾ ਹਮਲਾ ਕਰਨ ਤੋਂ ਚੋਣਾਂ ਦੇ ਦਿਨਾਂ ਵਿਚ ਖਾਸ ਤੌਰ ਉਤੇ ਬਚਣ ਦੀ ਲੋੜ ਸੀ, ਜਿਸ ਤੋਂ ਉਹ ਬਚ ਨਹੀਂ ਸਕਿਆ, ਪਰ ਮੀਡੀਏ ਵੱਲੋਂ ਇੱਕ ਜਾਂ ਦੂਸਰੇ ਵੱਡੇ ਘਰਾਣੇ ਦੇ ਹੱਥਾਂ ਵਿਚ ਖੇਡਣ ਬਾਰੇ ਸੱਚਾਈ ਇਸ ਵਿਵਾਦ ਦੇ ਨਾਲ ਲੁਕ ਨਹੀਂ ਸਕਦੀ। ਬਹੁਤ ਸਾਰੇ ਮਾਮਲੇ ਹਨ, ਜਿਨ੍ਹਾਂ ਵਿਚ ਮੀਡੀਆ ਚਲਾਵੀਂ ਜਿਹੀ ਚਰਚਾ ਕਰ ਕੇ ਫਿਰ ਉਨ੍ਹਾਂ ਦਾ ਪਿੱਛਾ ਹੀ ਛੱਡ ਦੇਂਦਾ ਹੈ ਤੇ ਇਸ ਲਈ ਛੱਡ ਦੇਂਦਾ ਹੈ ਕਿ ਚਰਚਾ ਦੀ ਮਾਰ ਹੇਠ ਆਉਣ ਵਾਲੇ ਉਸ ਨੂੰ ਚੁੱਪ ਰਹਿਣ ਦਾ ਭਾੜਾ ਪਾ ਦੇਂਦੇ ਹਨ।
ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਦੋਵੇਂ ਜਣੇ ਕਾਰਪੋਰੇਟ ਘਰਾਣਿਆਂ ਦੇ ਕਾਰਿੰਦੇ ਵਾਂਗ ਕੰਮ ਕਰਦੇ ਹਨ, ਇਹ ਗੱਲ ਝੂਠੀ ਨਹੀਂ, ਪਰ ਮੀਡੀਆ ਇਸ ਚਰਚਾ ਦੇ ਅਸਲ ਮੁੱਦਿਆਂ ਨੂੰ ਅਰਵਿੰਦ ਕੇਜਰੀਵਾਲ ਦੇ ਬਿਆਨ ਦੀ ਖਬਰ ਦੇ ਤੌਰ ਉਤੇ ਪੇਸ਼ ਕਰਨ ਤੋਂ ਅੱਗੇ ਨਹੀਂ ਵਧਦਾ। ਉਨ੍ਹਾਂ ਦੋਵਾਂ ਲੀਡਰਾਂ ਨੇ ਕਿਹੜੇ ਕਾਰਪੋਰੇਟ ਘਰਾਣੇ ਦਾ ਜਹਾਜ਼ ਕਿੰਨੇ ਗੇੜੇ ਲਾਉਣ ਲਈ ਵਰਤਿਆ, ਇਸ ਦਾ ਭੇਦ ਖੁੱਲ੍ਹਣ ਦੇ ਪਿੱਛੋਂ ਵੀ ਚਰਚਾ ਨਹੀਂ ਹੁੰਦੀ। ਇੱਕ ਮੀਡੀਆ ਘਰਾਣੇ ਵੱਲੋਂ ਆਪਣੇ ਪ੍ਰੋਗਰਾਮ ਵਿਚ ਵਕਤ ਸਿਰ ਪੁੱਜਣ ਲਈ ਕੇਜਰੀਵਾਲ ਨੂੰ ਦਿੱਤਾ ਜਹਾਜ਼ ਵਰਤਣ ਦੀ ਚਰਚਾ ਕਈ ਦਿਨ ਹੁੰਦੀ ਰਹੀ। ਕੇਜਰੀਵਾਲ ਨੂੰ ਉਹ ਜਹਾਜ਼ ਉਸ ਮੀਡੀਆ ਘਰਾਣੇ ਨੇ ਕਿਸ ਕਾਰਪੋਰੇਟ ਘਰਾਣੇ ਤੋਂ ਲੈ ਕੇ ਦਿੱਤਾ, ਇਸ ਬਾਰੇ ਕਿਸੇ ਨੇ ਗੱਲ ਹੀ ਨਹੀਂ ਕੀਤੀ।
ਆਪਣੇ ਕੋਝੇਪਣ ਨੂੰ ਮੀਡੀਆ ਕਿਵੇਂ ਲੁਕਾਉਂਦਾ ਹੈ, ਇਸ ਦੀ ਇੱਕ ਮਿਸਾਲ ਇਹ ਹੈ ਕਿ ਭਾਰਤ ਦੇ ਕੁਝ ਨਾਮਣੇ ਵਾਲੇ ਪੱਤਰਕਾਰ ਟੂ-ਜੀ ਟੈਲੀਕਾਮ ਸਪੈਕਟਰਮ ਦੀ ਲਪੇਟ ਵਿਚ ਆਏ ਸਨ ਤਾਂ ਉਨ੍ਹਾਂ ਦਾ ਜ਼ਿਕਰ ਮੀਡੀਆ ਵੀ ਛੱਡ ਗਿਆ, ਉਨ੍ਹਾਂ ਪੱਤਰਕਾਰਾਂ ਦੇ ਵਿਰੋਧੀ ਪੱਤਰਕਾਰ ਵੀ ਚੁੱਪ ਕਰ ਗਏ। ਮੀਡੀਆ ਵਾਲਿਆਂ ਨੇ ਉਨ੍ਹਾਂ ਨਾਲ ਲਿਹਾਜ ਨਹੀਂ ਸੀ ਕੀਤਾ, ਇਸ ਲਈ ਚੁੱਪ ਵੱਟੀ ਗਈ ਸੀ ਕਿ ਉਹ ਪੱਤਰਕਾਰ ਵਲਾਵੇਂ ਵਿਚ ਆਉਂਦੇ ਤਾਂ ਜਿਹੜੇ ਮੀਡੀਆ ਘਰਾਣਿਆਂ ਦੀ ਉਨ੍ਹਾਂ ਨੇ ਪੱਤਰਕਾਰੀ ਫਰਜ਼ ਤੋਂ ਅਗਾਂਹ ਦੀ ਸੇਵਾ ਕੀਤੀ ਸੀ, ਉਨ੍ਹਾਂ ਘਰਾਣਿਆਂ ਦੀ ਬਦਨਾਮੀ ਹੁੰਦੀ ਸੀ ਤੇ ਉਨ੍ਹਾਂ ਘਰਾਣਿਆਂ ਦਾ ਦਿੱਤਾ ਹੋਰ ਵੀ ਖਾਂਦੇ ਸਨ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਦਾ ਕਾਰਿੰਦਾ ਬਣਿਆ ਗੁਲਾਮ ਨਬੀ ਫਾਈ ਅਮਰੀਕਾ ਦੀ ਖੁਫੀਆ ਏਜੰਸੀ ਨੇ ਫੜ ਲਿਆ ਸੀ, ਹੁਣ ਉਹ ਜੇਲ੍ਹ ਵਿਚ ਹੈ। ਉਹ ਅਮਰੀਕਾ ਵਿਚ ਵਾਰ-ਵਾਰ ਸੈਮੀਨਾਰ ਰੱਖ ਕੇ ਭਾਰਤੀ ਮੀਡੀਏ ਦੇ ਥੰਮ੍ਹ ਗਿਣੇ ਜਾਂਦੇ ਕੁਝ ਲੋਕਾਂ ਨੂੰ ਫਸਟ ਕਲਾਸ ਦੀਆਂ ਟਿਕਟਾਂ ਭੇਜਦਾ ਤੇ ਪੰਜ-ਤਾਰਾ ਹੋਟਲਾਂ ਵਿਚ ਰੱਖਿਆ ਕਰਦਾ ਸੀ, ਪਰ ਇਹ ਭੇਦ ਖੁੱਲ੍ਹ ਜਾਣ ਦੇ ਬਾਵਜੂਦ ਭਾਰਤੀ ਮੀਡੀਏ ਦੀ ਦੇਸ਼ਭਗਤੀ ਨੇ ਉਦੋਂ ਉਛਾਲਾ ਹੀ ਨਹੀਂ ਸੀ ਮਾਰਿਆ।
ਮੀਡੀਏ ਨੂੰ ਸਿਰਫ ਮੀਡੀਆ ਨਾ ਸਮਝੀਏ, ਇਸ ਦੇ ਇੱਕ ਹਿੱਸੇ ਨੂੰ ਲੁੱਟੇ ਜਾਂਦੇ ਲੋਕਾਂ ਦੇ ਵਿਰੁਧ ਲੁੱਟ-ਖਾਣੀ ਧਿਰ ਦਾ ਹਥਿਆਰ ਮੰਨ ਕੇ ਚੱਲਣਾ ਚਾਹੀਦਾ ਹੈ ਤੇ ਕੇਜਰੀਵਾਲ ਨੂੰ ਵੀ ਸਿਰਫ ਇੱਕ ਸਿਆਸੀ ਸੁਧਾਰਕ ਸਮਝ ਕੇ ਨਾ ਚੱਲੀਏ, ਇਸ ਨੂੰ ਇਤਿਹਾਸ ਦਾ ਇੱਕ ਅਧਿਆਏ ਸਮਝਣ ਦਾ ਯਤਨ ਕਰੀਏ। ਇਤਿਹਾਸ ਸਿਰਫ ਰਾਜਿਆਂ ਦਾ ਨਹੀਂ, ਸਮਾਜ ਵਿਚ ਫੈਲੀ ਵਰਗ-ਵੰਡ ਦਾ ਵੀ ਹੁੰਦਾ ਹੈ ਤੇ ਉਸ ਦੇ ਅਧਿਆਏ ਕੁਝ ਹੋਰ ਵੀ ਪੇਸ਼ ਕਰਦੇ ਹਨ।
ਕੇਜਰੀਵਾਲ ਕਹਿੰਦਾ ਕੀ ਹੈ? ਉਸ ਨੂੰ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੋਵਾਂ ਦੇ ਲੀਡਰ ਨਕਸਲੀਆਂ ਦਾ ਸਾਥੀ ਆਖਣ ਵਿਚ ਖੁਸ਼ੀ ਮਹਿਸੂਸ ਕਰਦੇ ਹਨ ਤਾਂ ਕਰੀ ਜਾਣ, ਉਹ ਨਕਸਲੀ ਨਹੀਂ ਹੈ। ਕਈ ਵਾਰ ਉਸ ਨੂੰ ਬਹਿਸਾਂ ਦੌਰਾਨ ਕਮਿਊਨਿਸਟ ਆਖਿਆ ਗਿਆ, ਇਹੋ ਜਿਹੀ ਗੱਲ ਉਸ ਨੇ ਕਦੀ ਨਹੀਂ ਆਖੀ, ਜਿਹੜੀ ਉਸ ਦੇ ਕਮਿਊਨਿਸਟ ਸੋਚ ਨਾਲ ਜੁੜੇ ਹੋਣ ਦਾ ਸੰਪਰਕ ਸੂਤਰ ਮੰਨੀ ਜਾ ਸਕਦੀ ਹੋਵੇ। ਉਹ ਸਿਰਫ ਇਹ ਕਹਿੰਦਾ ਹੈ ਕਿ ਜਿਹੜਾ ਸੰਵਿਧਾਨ ਇਸ ਦੇਸ਼ ਨੇ ਇੱਕ ਵਾਰੀ ਅਪਨਾ ਲਿਆ, ਭਾਰਤ ਦੀ ਰਾਜਨੀਤੀ ਘੱਟੋ-ਘੱਟ ਉਸ ਨੂੰ ਹੀ ਇਮਾਨਦਾਰੀ ਨਾਲ ਲਾਗੂ ਤਾਂ ਕਰੇ। ਰਾਜਨੀਤੀ ਵਿਚ ਸਵੱਛਤਾ ਤੇ ਭ੍ਰਿਸ਼ਟਾਚਾਰ ਦਾ ਜਿਹੜਾ ਗੰਦ ਹੂੰਝਣ ਲਈ ਅੰਨਾ ਹਜ਼ਾਰੇ ਤੇ ਉਸ ਦੇ ਕੇਜਰੀਵਾਲ ਵਰਗੇ ਸਾਥੀਆਂ ਨੇ ਲਹਿਰ ਸ਼ੁਰੂ ਕੀਤੀ ਸੀ, ਉਸ ਦੇ ਪੱਖ ਤੋਂ ਕੇਜਰੀਵਾਲ ਦਾ ਪੈਂਤੜਾ ਠੀਕ ਹੋ ਸਕਦਾ ਹੈ, ਪਰ ਉਹ ਲੋਕਾਂ ਨੂੰ ਉਸ ਲੁੱਟ ਤੋਂ ਨਹੀਂ ਬਚਾ ਸਕਦਾ, ਜਿਹੜੀ ਇਸ ਸਿਸਟਮ ਦੇ ਕਾਰਨ ਹੁੰਦੀ ਹੈ। ਅਚੇਤ ਤੌਰ ਉਤੇ ਹੋਵੇ ਜਾਂ ਕੁਝ ਧਿਰਾਂ ਸੁਚੇਤ ਤੌਰ ਉਤੇ ਉਸ ਨੂੰ ਇਸ ਪਾਸੇ ਤੋਰਦੀਆਂ ਹੋਣ, ਉਹ ਵਰਗਾਂ ਦੇ ਇਤਿਹਾਸ ਦਾ ਇੱਕ ਉਹੋ ਜਿਹਾ ਕਾਂਡ ਬਣਦਾ ਜਾ ਰਿਹਾ ਹੈ, ਜਿਹੋ ਜਿਹੇ ਕਈ ਕਾਂਡ ਇਸ ਦੇਸ਼ ਨੇ ਅੱਗੇ ਵੀ ਪੜ੍ਹੇ ਹੋਏ ਹਨ।
ਜਦੋਂ ਭਾਰਤ ਆਜ਼ਾਦ ਹੋਇਆ ਸੀ, ਉਦੋਂ ਇੱਕ ਮੌਕਾ ਇਹੋ ਜਿਹਾ ਆਇਆ ਸੀ ਕਿ ਭਾਰਤ ਵਿਚ ਕਈ ਰਾਜਾਂ ਵਿਚ ਜਗੀਰਦਾਰਾਂ ਤੋਂ ਜ਼ਮੀਨਾਂ ਖੋਹਣ ਲਈ ਗਰੀਬ ਕਿਰਤੀਆਂ, ਕਿਸਾਨਾਂ ਤੇ ਮੁਜ਼ਾਰਿਆਂ ਨੇ ਸੰਘਰਸ਼ ਅਰੰਭ ਦਿੱਤਾ ਸੀ। ਪੰਜਾਬ ਦੇ ਮਾਲਵੇ ਵਿਚ ਅੱਜ ਵੀ ਕਈ ਬਜ਼ੁਰਗ ਇਹ ਦੱਸਣ ਵਾਲੇ ਮਿਲ ਜਾਣਗੇ ਕਿ ਜ਼ਮੀਨਾਂ ਦੇ ਮਾਲਕ ਅਸੀਂ ਨਹੀਂ ਸੀ ਹੁੰਦੇ, ਉਪਰੋਂ ਰਾਜਾ ਮਾਲਕ ਹੁੰਦਾ ਸੀ, ਹੇਠਾਂ ਜਗੀਰਦਾਰ ਅਤੇ ਅਸੀਂ ਸਿਰਫ ਬੋਹਲ ਵੇਖ ਕੇ ਮੁੜ ਆਉਂਦੇ ਸਾਂ। ਫਿਰ ਇੱਕ ਲਹਿਰ ਚੱਲੀ ਸੀ, ਜਿਸ ਦੇ ਅੰਤ ਬਾਰੇ ਉਹ ਬਾਬੇ ਆਖਦੇ ਹਨ ਕਿ ਚਾਨਣੀ ਰਾਤ ਨੂੰ ਇੱਕ ਬਿੱਲੀਆਂ ਅੱਖਾਂ ਵਾਲਾ ਕਾਮਰੇਡ ਰੇਤ ਦੇ ਟਿੱਲੇ ਉਤੇ ਬੈਠ ਕੇ ਸਾਨੂੰ ਖੇਤ ਦੀ ਮਾਲਕੀ ਦੀਆਂ ਪਰਚੀਆਂ ਦੇ ਗਿਆ ਸੀ। ਬਿੱਲੀਆਂ ਅੱਖਾਂ ਵਾਲਾ ਕਾਮਰੇਡ ਤੇਜਾ ਸਿੰਘ ਸੁਤੰਤਰ ਇੱਕ ਵਿਅਕਤੀ ਨਹੀਂ, ਉਸ ਵਰਤਾਰੇ ਦਾ ਅੰਗ ਸੀ, ਜਿਹੜਾ ਉਸ ਵੇਲੇ ਪੰਜਾਬ ਵਾਂਗ ਉਸ ਤੇਲੰਗਾਨਾ ਵਿਚ ਇਸ ਤੋਂ ਵੱਧ ਚੱਲ ਰਿਹਾ ਸੀ, ਜਿੱਥੇ ਹੁਣ ਇੱਕ ਨਵਾਂ ਰਾਜ ਬਣਾਇਆ ਗਿਆ ਹੈ।
ਤੇਲੰਗਾਨਾ ਦੇ ਉਸ ਜ਼ਮੀਨੀ ਸੰਘਰਸ਼ ਨੂੰ ਖੁੰਢਾ ਕਰਨ ਲਈ ਇੱਕ ਸੰਤ ਵਿਨੋਬਾ ਭਾਵੇ ਸਰਗਰਮ ਹੋ ਗਿਆ ਸੀ, ਜਿਸ ਨੇ ਨਾਹਰਾ ਦਿੱਤਾ ਸੀ ਕਿ ਜ਼ਮੀਨਾਂ ਜਗੀਰਦਾਰਾਂ ਤੋਂ ਖੋਹਣ ਲਈ ਸੰਘਰਸ਼ ਦੀ ਲੋੜ ਨਹੀਂ, ਉਹ ਆਪਣੇ ਆਪ ਜ਼ਮੀਰ ਦੀ ਆਵਾਜ਼ ਸੁਣ ਕੇ ਜ਼ਮੀਨਾਂ ਦਾ ਕੁਝ ਹਿੱਸਾ ਦਾਨ ਕਰ ਦੇਣਗੇ। ਵਿਨੋਬਾ ਦੇ ਭੂਮੀ-ਦਾਨ ਅੰਦੋਲਨ ਵਿਚ ਲੱਖਾਂ ਏਕੜ ਜ਼ਮੀਨਾਂ ਉਨ੍ਹਾਂ ਜਗੀਰਦਾਰਾਂ ਨੇ ਦਾਨ ਕਰ ਦਿੱਤੀਆਂ, ਪਰ ਉਸ ਪਿੱਛੋਂ ਹੋਇਆ ਇਹ ਕਿ ਕੁਝ ਦੇਰ ਪਈਆਂ ਰਹੀਆਂ ਤੇ ਉਨ੍ਹਾਂ ਨੂੰ ਅੱਗੇ ਵੰਡਣ ਦੀਆਂ ਵਿਚਾਰਾਂ ਨਾਲ ਡੰਗ ਸਾਰ ਦਿੱਤਾ ਗਿਆ। ਬੀਤੇ ਮਹੀਨੇ ਭਾਰਤ ਦੀ ਸਰਕਾਰ ਨੇ ਆਪ ਇਹ ਗੱਲ ਮੰਨ ਲਈ ਹੈ ਕਿ ਉਨ੍ਹਾਂ ਜ਼ਮੀਨਾਂ ਦਾ ਵੱਡਾ ਹਿੱਸਾ ਉਨ੍ਹਾਂ ਹੀ ਮਾਲਕਾਂ ਨੇ ਫਿਰ ਸਾਂਭ ਲਿਆ ਸੀ। ਵਿਨੋਬਾ ਦੇ ਅੰਦੋਲਨ ਦਾ ਫਿਰ ਸਿੱਟਾ ਕੀ ਨਿਕਲਿਆ? ਸਿੱਟਾ ਨਾ ਨਿਕਲਿਆ ਸੀ ਤੇ ਨਾ ਨਿਕਲਣਾ ਸੀ, ਉਹ ਉਸ ਵੇਲੇ ਚੱਲ ਰਹੇ ਸਿੱਧੇ ਸੰਘਰਸ਼ ਨੂੰ ਰੋਕ ਕੇ ਭਾਰਤੀ ਸਮਾਜ ਨੂੰ ਸਦੀਆਂ ਤੋਂ ਪਹਿਲਾਂ ਚੱਲਦੇ ਵਾਂਗ ਚੱਲਦਾ ਰੱਖਣ ਲਈ ਗਿਣ-ਮਿਥ ਕੇ ਪੁਰਾਣੀ ਲੀਹ ਉਤੇ ਪਾਉਣ ਦਾ ਇੱਕ ਸੁਧਾਰਕ ਪਰਦੇ ਵਾਲਾ ਯਤਨ ਸੀ।
ਜਿਹੜੀ ਰਾਜਸੀ ਆਜ਼ਾਦੀ ਭਾਰਤ ਦੇ ਲੋਕ ਅੱਜ ਮਾਣਦੇ ਹਨ, ਇਸ ਦੇ ਲਈ ਕੁਰਬਾਨੀਆਂ ਕਰਨ ਵਾਲੇ ਲੋਕ ਆਮ ਘਰਾਂ ਵਿਚ ਜੰਮੇ ਸਨ। ਫਾਂਸੀਆਂ ਉਤੇ ਉਹ ਝੂਲ ਗਏ ਤੇ ਅੰਡੇਮਾਨ ਦੀਆਂ ਸਖਤੀਆਂ ਵੀ ਉਨ੍ਹਾਂ ਝੱਲੀਆਂ ਸਨ। ਜਦੋਂ ਦੂਸਰੀ ਸੰਸਾਰ ਜੰਗ ਦੀ ਭੰਨੀ ਹੋਈ ਬ੍ਰਿਟਿਸ਼ ਹਕੂਮਤ ਰਾਜ ਕਾਇਮ ਰੱਖਣ ਵਿਚ ਔਕੜ ਮਹਿਸੂਸ ਕਰਨ ਲੱਗੀ, ਉਹ ਜਾਣ ਲੱਗੀ ਬੜਾ ਸੋਚ-ਸਮਝ ਕੇ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀ ਕਮਾਨ ਉਸ ਲੀਡਰਸ਼ਿਪ ਦੇ ਹੱਥ ਫੜਾ ਗਈ ਸੀ, ਜਿਹੜੀ ਆਮ ਲੋਕਾਂ ਵਿਚੋਂ ਨਹੀਂ ਸਨ। ਏਧਰ ਮਹਾਤਮਾ ਗਾਂਧੀ ਦਾ ਬਾਪ ਤਿੰਨ ਸਦੀਆਂ ਤੋਂ ਚੱਲੀ ਆਈ ਪੋਰਬੰਦਰ ਰਿਆਸਤ ਦਾ ਦੀਵਾਨ ਹੁੰਦਾ ਸੀ, ਪਹਿਲਾਂ ਦਾਦਾ ਵੀ ਦੀਵਾਨ ਸੀ। ਓਧਰ ਮੁਹੰਮਦ ਅਲੀ ਜਿਨਾਹ ਦੇ ਬਾਪ ਦੀਆਂ ਕਰਾਚੀ ਵਿਚ ਮਿੱਲਾਂ ਸਨ। ਪੰਡਿਤ ਜਵਾਹਰ ਲਾਲ ਨਹਿਰੂ ਦਾ ਖਾਨਦਾਨ ਕਿੰਨਾ ਅਮੀਰ ਸੀ ਤੇ ਵਕੀਲੀ ਪੇਸ਼ੇ ਵਜੋਂ ਉਸ ਵੇਲੇ ਦੇ ਭਾਰਤੀ ਅਮੀਰਾਂ ਨਾਲ ਉਸ ਪਰਿਵਾਰ ਦੇ ਕਿੰਨੇ ਸੰਬਿੰਧ ਸਨ, ਇਹ ਕਿਸੇ ਤੋਂ ਗੁੱਝਾ ਹੋਇਆ ਨਹੀਂ। ਜਵਾਹਰ ਲਾਲ ਦਾ ਬਾਪ ਮੋਤੀ ਲਾਲ ਦਿੱਲੀ ਦੇ ਕੋਤਵਾਲ ਦੇ ਘਰ ਜੰਮਿਆ ਸੀ, ਪਰ ਪਿਤਾ ਦੀ ਮੌਤ ਉਸ ਦੇ ਜਨਮ ਤੋਂ ਪਹਿਲਾਂ ਹੋ ਗਈ ਸੀ। ਮੋਤੀ ਲਾਲ ਨਹਿਰੂ ਦਾ ਬਚਪਨ ਜੈਪੁਰ ਰਿਆਸਤ ਦੀ ਛਤਰ-ਛਾਇਆ ਵਿਚ ਗੁਜ਼ਰਿਆ ਸੀ, ਕਿਉਂਕਿ ਉਸ ਦਾ ਵੱਡਾ ਭਰਾ ਨੰਦ ਲਾਲ ਉਸ ਰਿਆਸਤ ਵਿਚ ਦੀਵਾਨ ਸੀ। ਮੁਹੰਮਦ ਅਲੀ ਜਿਨਾਹ ਦੇ ਨਾਲ ਪ੍ਰਧਾਨ ਮੰਤਰੀ ਬਣਾਇਆ ਗਿਆ ਲਿਆਕਤ ਅਲੀ ਖਾਨ ਅੱਜ ਵਾਲੇ ਹਰਿਆਣੇ ਦੇ ਕਰਨਾਲ ਦੀ ਰਿਆਸਤ ਦੇ ਨਵਾਬ ਘਰਾਣੇ ਵਿਚ ਜੰਮਿਆ ਸੀ। ਗਾਂਧੀ ਜੀ ਨੂੰ ਨਥੂ ਰਾਮ ਗੌਡਸੇ ਨੇ ਦਿੱਲੀ ਦੇ ਜਿਹੜੇ ਬਿਰਲਾ ਹਾਊਸ ਵਿਚ ਗੋਲੀ ਮਾਰ ਕੇ ਕਤਲ ਕੀਤਾ ਸੀ, ਉਹ ਭਵਨ ਬਾਅਦ ਵਿਚ ਭਾਵੇਂ ਯਾਦਗਾਰ ਬਣਾਉਣ ਲਈ ਸਰਕਾਰ ਨੇ ਕਬਜ਼ੇ ਵਿਚ ਲੈ ਲਿਆ, ਉਦੋਂ ਤੱਕ ਉਹ ਦੇਸ਼ ਦੇ ਸਿਖਰਲੇ ਪੂੰਜੀਪਤੀ ਬਿਰਲੇ ਦਾ ਰਾਜਧਾਨੀ ਵਿਚ ਰਹਿ ਕੇ ਸਰਕਾਰ ਨਾਲ ਤਾਲਮੇਲ ਦਾ ਅੱਡਾ ਹੁੰਦਾ ਸੀ।
ਵੱਡੇ ਘਰਾਂ ਵਿਚ ਜੰਮੇ ਤੇ ਪੂੰਜੀਪਤੀਆਂ ਦੇ ਭਵਨਾਂ ਵਿਚ ਰਹਿੰਦੇ ਲੋਕ ਹੀ ਸੱਤਾ ਸੌਂਪਣ ਲਈ ਬ੍ਰਿਟਿਸ਼ ਹਕੂਮਤ ਨੂੰ ਠੀਕ ਕਿਉਂ ਲੱਗੇ ਸਨ? ਜੇ ਇਸ ਦਾ ਉਤਰ ਲੱਭਿਆ ਜਾਵੇ ਤਾਂ ਅੱਜ ਦੀ ਰਾਜਨੀਤੀ ਵਿਚ ਆਏ ਦਿਨ ਉਠ ਰਹੇ ਵਿਵਾਦਾਂ ਦੀ ਜੜ੍ਹ ਸਮਝ ਆ ਸਕਦੀ ਹੈ। ਲੜਾਈ ਕੇਜਰੀਵਾਲ ਬਨਾਮ ਮੀਡੀਆ ਜਾਂ ਕੇਜਰੀਵਾਲ ਬਨਾਮ ਰਾਹੁਲ-ਮੋਦੀ ਦੀ ਨਾ ਹੋ ਕੇ ਇੱਕ ਵਾਰ ਫਿਰ ਕੋਈ ਨਵਾਂ ਵਿਨੋਬਾ ਭਾਵੇ ਪੈਦਾ ਕਰਨ ਤੱਕ ਦੀ ਹੋ ਸਕਦੀ ਹੈ, ਜਿਹੜਾ ਦੇਸ਼ ਦੇ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਹਟਾ ਕੇ ਸਿਰਫ ਇਥੋਂ ਤੱਕ ਸੀਮਤ ਕਰ ਦੇਵੇ ਕਿ ਸਾਰੇ ਦੁੱਖਾਂ ਦਾ ਕਾਰਨ ਭ੍ਰਿਸ਼ਟਾਚਾਰ ਤੇ ਸਿਰਫ ਭ੍ਰਿਸ਼ਟਾਚਾਰ ਹੈ। ਆਮ ਲੋਕਾਂ, ਦਸਾਂ ਨਹੁੰਆਂ ਦੀ ਕਿਰਤ ਕਰਦੇ ਤੇ ਮੁੜ੍ਹਕੇ ਦਾ ਮੁੱਲ ਮੰਗਣ ਲਈ ਸੜਕਾਂ ਉਤੇ ਆਏ ਦਿਨ ਡਾਂਗਾਂ ਖਾਂਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਇਹ ਇੱਕ ਕਾਰਨ ਹੋ ਸਕਦਾ ਹੈ, ਇਸ ਨੂੰ ਇੱਕੋ ਇੱਕ ਕਾਰਨ ਮੰਨ ਲੈਣਾ ਵੀ ਸਮੱਸਿਆ ਅਤੇ ਇਸ ਦੇ ਹੱਲ ਦਾ ਅਸਲੋਂ ਸਧਾਰਨੀਕਰਨ ਹੋ ਜਾਵੇਗਾ।

Be the first to comment

Leave a Reply

Your email address will not be published.