ਕੇਜਰੀਵਾਲ ਵੱਲੋਂ ਮੀਡੀਆ ‘ਤੇ ਵਿਕੇ ਹੋਣ ਦੇ ਇਲਜ਼ਾਮ

ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਨੇ ਮੀਡੀਆ ‘ਤੇ ਵਿਕੇ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਇਸ ਮਾਮਲੇ ਦੀ ਜਾਂਚ ਕਰਕੇ ਮੀਡੀਆ ਵਾਲਿਆਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਾਏਗਾ। ਇਸ ਟਿੱਪਣੀ ਦਾ ਗੰਭੀਰ ਨੋਟਿਸ ਲੈਂਦਿਆਂ ‘ਬਰੌਡਕਾਸਟ ਐਡੀਟਰਜ਼’ ਐਸੋਸੀਏਸ਼ਨ (ਬੀæਈæਏ) ਨੇ ਇਸ ਨੂੰ ਗ਼ੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਅਜਿਹੇ ਦੋਸ਼ ਮੀਡੀਆ ਦੀ ਸਾਖ ਨੂੰ ਹੌਲਿਆਂ ਪਾਉਣ ਲਈ ਲਾਏ ਜਾ ਰਹੇ ਹਨ ਜਦੋਂਕਿ ਮੀਡੀਆ ਬੜੀ ਜ਼ਿੰਮੇਵਾਰੀ, ਨਿਰਪੱਖਤਾ ਤੇ ਸਾਫ-ਸੁਥਰੇ ਢੰਗ ਨਾਲ ਕੰਮ ਕਰ ਰਿਹਾ ਹੈ।
ਇਸ ਦੇ ਨਾਲ ਹੀ ਕਾਂਗਰਸ, ਭਾਜਪਾ ਤੇ ਖੱਬੀਆਂ ਪਾਰਟੀਆਂ ਨੇ ਕੇਜਰੀਵਾਲ ਦੀ ਟਿੱਪਣੀ ਦੀ ਆਲੋਚਨਾ ਕੀਤੀ ਹੈ। ਮਗਰੋਂ ਆਪ ਆਗੂ ਇਹ ਕਹਿਣ ਲੱਗ ਪਏ ਕਿ ਅਜਿਹਾ ਮੀਡੀਆ ਦੇ ਇਕ ਹਿੱਸੇ ਬਾਰੇ ਕਿਹਾ ਗਿਆ ਹੈ। ਆਪਣੇ ਸੁਰੱਖਿਆ ਪ੍ਰਬੰਧਾਂ ‘ਤੇ ਧਿਆਨ ਕੇਂਦਰਤ ਕਰਨ ਉਤੇ ਮੀਡੀਆ ਦੀ ਆਲੋਚਨਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਸ ਸਮੇਂ ਪੂਰਾ ਮੀਡੀਆ ਵਿਕਿਆ ਹੋਇਆ ਹੈ। ਇਹ ਬੜੀ ਵੱਡੀ ਸਾਜ਼ਿਸ਼ ਤੇ ਸਿਆਸੀ ਵਿਵਾਦ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਇਸ ਮੁੱਦੇ ਬਾਰੇ ਜਾਂਚ ਕਰਾਈ ਜਾਏਗੀ ਤੇ ਮੀਡੀਆ ਵਾਲਿਆਂ ਦੇ ਨਾਲ ਸਾਰਿਆਂ ਨੂੰ ਜੇਲ੍ਹ ਵਿਚ ਸੁੱਟਿਆ ਜਾਏਗਾ।
ਨਵਾਂ ਵਿਵਾਦ ਛੇੜਦਿਆਂ ਕੇਜਰੀਵਾਲ ਨੇ ਦੋਸ਼ ਲਾਏ ਹਨ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦੇ ਪ੍ਰਚਾਰ ਲਈ ਭਾਰੀ ਰਕਮਾਂ ਅਦਾ ਕੀਤੀਆਂ ਗਈਆਂ ਹਨ। ਆਪ ਦੇ ਆਗੂ ਕਹਿ ਰਹੇ ਹਨ ਕਿ ਮੀਡੀਆ ਦਾ ਇਕ ਹਿੱਸਾ ਸਿਰਫ ਭਾਜਪਾ ਦੇ ਏਜੰਡੇ ਨੂੰ ਅੱਗੇ ਲਿਜਾ ਰਿਹਾ ਹੈ। ਇਸ ਮੁੱਦੇ ‘ਤੇ ਕਾਂਗਰਸ, ਭਾਜਪਾ ਤੇ ਸੀæਪੀæਆਈ ਵੱਲੋਂ ਜਦੋਂ ਹਮਲੇ ਕੀਤੇ ਗਏ ਤਾਂ ਕੇਜਰੀਵਾਲ ਨੇ ਇਨਕਾਰ ਕਰਦਿਆਂ ਕਿਹਾ ਕਿ ਉਸ ਨੇ ਤਾਂ ਮੀਡੀਆ ਵਿਰੁੱਧ ਅਜਿਹੇ ਦੋਸ਼ ਲਾਏ ਹੀ ਨਹੀਂ।
ਇਕ ਟੀæਵੀæ ਚੈਨਲ ਵੱਲੋਂ ਦਿਖਾਈ ਗਈ ਵੀਡੀਓ ਵਿਚ ਕੇਜਰੀਵਾਲ ਨੇ ਦੋਸ਼ ਲਾਏ ਹਨ ਕਿ ਪਿਛਲੇ ਇਕ ਸਾਲ ਤੋਂ ਦੱਸਿਆ ਜਾ ਰਿਹਾ ਹੈ ਕਿ ਮੋਦੀ ਇਥੇ ਹੈ, ਮੋਦੀ ਉਥੇ ਹੈ, ਇਕ ਸਾਲ ਤੋਂ ਮੋਦੀ ਵੀ ਇਹੋ ਕਹਿ ਰਿਹਾ ਹੈ। ਇਥੋਂ ਤੱਕ ਕਿ ਕਈ ਟੀæਵੀ ਚੈਨਲ ਵੀ ਇਹ ਕਹਿ ਰਹੇ ਹਨ ਕਿ ਰਾਮ ਰਾਜ ਆ ਗਿਆ ਹੈ ਤੇ ਭ੍ਰਿਸ਼ਟਾਚਾਰ ਖ਼ਤਮ ਹੋ ਗਿਆ ਹੈ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਟੀæਵੀ ਚੈਨਲਾਂ ਨੂੰ ਪੈਸੇ ਦਿੱਤੇ ਗਏ ਹਨ। ਮੋਦੀ ਦਾ ਪ੍ਰਚਾਰ ਕਰਨ ਲਈ ਵੱਡੀਆਂ ਰਕਮਾਂ ਅਦਾ ਕੀਤੀਆਂ ਗਈਆਂ ਹਨ।
ਕੇਜਰੀਵਾਲ ਨੇ ਕਿਹਾ ਕਿ ਪਿਛਲੇ 10 ਸਾਲ ਵਿਚ ਗੁਜਰਾਤ ਵਿਚ ਤਕਰੀਬਨ 800 ਕਿਸਾਨ ਖ਼ੁਦਕੁਸ਼ੀ ਕਰ ਗਏ। ਕਿਸਾਨਾਂ ਨੇ ਸਿਰਫ ਇਕ ਰੁਪਏ ਵਿਚ ਆਪਣੀ ਜ਼ਮੀਨ ਇਕ ਕੰਪਨੀ ਨੂੰ ਦੇ ਦਿੱਤੀ ਪਰ ਇਹ ਗੱਲਾਂ ਕਿਸੇ ਚੈਨਲ ਨੇ ਨਹੀਂ ਦਿਖਾਈਆਂ। ਕੇਜਰੀਵਾਲ ਦੀ ਆਲੋਚਨਾ ਕਰਦਿਆਂ ਭਾਜਪਾ ਦੇ ਤਰਜਮਾਨ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਉਹ ਕੇਜਰੀਵਾਲ ਦੀਆਂ ਟਿੱਪਣੀਆਂ ਤੋਂ ਸਦਮੇ ਵਿਚ ਹਨ। ਉਨ੍ਹਾਂ ਕਿਹਾ ਕਿ ਇਹ ਨਾਜ਼ੀਵਾਦੀ ਰੁਝਾਨ ਹੈ। ਇਹ ਲੋਕ ਮਾਓਵਾਦੀਆਂ ਦੀ ਸ਼ਹਿਰੀ ਜਥੇਬੰਦੀ ਹਨ।
ਭਾਜਪਾ ਦੇ ਇਕ ਹੋਰ ਆਗੂ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਕਿ ਮੀਡੀਆ ਨੇ ਉਸ ਨੂੰ ਰਾਤੋ-ਰਾਤ ਨਾਇਕ ਬਣਾਇਆ ਤੇ ਹੁਣ ਉਹ ਮੀਡੀਆ ਨੂੰ ਜੇਲ੍ਹ ਭੇਜ ਰਿਹਾ ਹੈ। ਕਾਂਗਰਸ ਆਗੂ ਕਪਿਲ ਸਿੱਬਲ ਤੇ ਸੀæਪੀæਆਈ ਦੇ ਡੀæ ਰਾਜਾ ਨੇ ਵੀ ਇਸ ਟਿੱਪਣੀ ਦੀ ਆਲੋਚਨਾ ਕੀਤੀ ਹੈ। ਇਸੇ ਦੌਰਾਨ ਬੀæਈæਏ ਨੇ ਕੇਜਰੀਵਾਲ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਆਪਣੀ ਸ਼ਿਕਾਇਤ ਤੇ ਸਬੂਤ ਲੈ ਕੇ ਮੀਡੀਆ ਦੇ ਰੈਗੂਲੇਟਰੀ ਸੰਗਠਨਾਂ ਕੋਲ ਜਾਣਾ ਚਾਹੀਦਾ ਹੈ।

Be the first to comment

Leave a Reply

Your email address will not be published.