ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ

ਡਾæ ਗੁਰਨਾਮ ਕੌਰ, ਕੈਨੇਡਾ
ਅੱਸੂ ਤੋਂ ਅਗਲਾ ਮਹੀਨਾ ਕੱਤਕ ਹੈ ਜੋ ਬਦਲਦੀ ਰੁੱਤ ਦਾ ਵੀ ਸੂਚਕ ਹੈ। ਇਸ ਮਹੀਨੇ ਸਉਣੀ ਦੀ ਫਸਲ ਦੀ ਵਾਢੀ ਅਤੇ ਹਾੜੀ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ। ਮੌਸਮ ਵੀ ਗਰਮੀ ਤੋਂ ਸਰਦੀ ਵਿਚ ਬਦਲਨਾ ਸ਼ੁਰੂ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਆਮ ਜੀਵਨ ਵਿਚੋਂ ਖਾਸ ਕਰਕੇ ਖੇਤੀ-ਬਾੜੀ ਵਿਚੋਂ ਦ੍ਰਿਸ਼ਟਾਂਤ ਲੈ ਕੇ ਆਪਣੇ ਜੀਵਨ-ਫ਼ਲਸਫ਼ੇ ਦਾ ਪ੍ਰਕਾਸ਼ਨ ਕੀਤਾ ਹੈ। ਜਿਵੇਂ ਕੱਤਕ ਦੇ ਮਹੀਨੇ ਕਿਸਾਨ ਨੂੰ ਆਪਣੀ ਕੀਤੀ ਹੋਈ ਕਿਰਤ ਦਾ ਫਲ ਮਿਲ ਜਾਂਦਾ ਹੈ, ਇਸੇ ਤਰ੍ਹਾਂ ਹਰ ਜੀਵ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਮਿਲ ਜਾਂਦਾ ਹੈ। ਆਪਣੇ ਕੀਤੇ ਹੋਏ ਚੰਗੇ ਕਰਮਾਂ ਕਰਕੇ ਜੋ ਮਨੁੱਖ ਅਕਾਲ ਪੁਰਖ ਨੂੰ ਪਿਆਰਾ ਲੱਗ ਜਾਂਦਾ ਹੈ, ਪਰਮਾਤਮਾ ਦੇ ਪ੍ਰੇਮ ਨੂੰ ਪਾਉਣ ਵਿਚ ਸਫਲ ਹੋ ਜਾਂਦਾ ਹੈ, ਪ੍ਰਾਪਤ ਹੋਏ ਸਹਿਜ ਕਰਕੇ ਉਸ ਅੰਦਰ ਜੋ ਆਤਮਕ ਅਡੋਲਤਾ ਆ ਜਾਂਦੀ ਹੈ, ਉਸ ਨਾਲ ਉਸ ਅੰਦਰ ਸੋਝੀ ਦਾ ਦੀਵਾ ਜਗ ਪੈਂਦਾ ਹੈ, ਗਿਆਨ ਦਾ ਚਾਨਣ ਹੋ ਜਾਂਦਾ ਹੈ। ਇਹ ਗਿਆਨ ਦਾ ਦੀਵਾ ਉਸ ਦੇ ਅੰਦਰ ਪਰਮਾਤਮਾ ਨਾਲ ਪੈਦਾ ਹੋਈ ਇੱਕਸੁਰਤਾ ਨੇ ਜਗਾਇਆ ਹੁੰਦਾ ਹੈ। ਜਿਸ ਮਨੁੱਖ ਦਾ ਅਕਾਲ ਪੁਰਖ ਨਾਲ ਮੇਲ ਹੋ ਜਾਂਦਾ ਹੈ ਉਸ ਅੰਦਰ ਆਤਮਕ ਅਨੰਦ ਪੈਦਾ ਹੁੰਦਾ ਹੈ, ਆਤਮਕ ਜੀਵਨ ਦੀ ਸੋਝੀ ਦੇਣ ਵਾਲੇ ਚਾਨਣ ਦੇ ਅਨੰਦ ਦਾ ਤੇਲ ਬਲ ਰਿਹਾ ਹੁੰਦਾ ਹੈ। ਅਜਿਹਾ ਜੀਵ ਪਰਮਾਤਮਾ ਦੇ ਮਿਲਾਪ ਦੇ ਉਤਸ਼ਾਹ ਵਿਚ ਆਤਮਕ ਅਨੰਦ ਮਾਣਦਾ ਹੈ। ਜਿਸ ਮਨੁੱਖ ਨੂੰ ਵਿਕਾਰਾਂ ਅਰਥਾਤ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਨੇ ਮਾਰ ਦਿੱਤਾ ਹੈ, ਉਸ ਮਨੁੱਖ ਦੀ ਆਤਮਕ ਮੌਤ ਹੋ ਜਾਂਦੀ ਹੈ ਅਤੇ ਉਹ ਜੀਵਨ-ਸਫ਼ਰ ਵਿਚ ਸਫ਼ਲ ਨਹੀਂ ਹੁੰਦਾ। ਪਰ ਜਿਸ ਜੀਵ ਦੇ ਮਨ ਨੂੰ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਨੇ ਵਿਕਾਰਾਂ ਵੱਲੋਂ ਮਾਰ ਦਿੱਤਾ ਹੈ ਉਹ ਮਨੁੱਖ ਵਿਕਾਰਾਂ ਤੋਂ ਬਚਿਆ ਰਹੇਗਾ।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਨ੍ਹਾਂ ਮਨੁੱਖਾਂ ਨੂੰ ਅਕਾਲ ਪੁਰਖ ਆਪਣੇ ਨਾਮ ਦੀ ਦਾਤ ਬਖ਼ਸ਼ਿਸ਼ ਕਰ ਦਿੰਦਾ ਹੈ, ਆਪਣੀ ਭਗਤੀ ਵਿਚ ਲਾਉਂਦਾ ਹੈ, ਉਹ ਸਹਿਜ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਅਤੇ ਆਪਣੇ ਆਪੇ ਦਾ ਅਨੁਭਵ ਕਰਕੇ ਉਸ ਵਿਚ ਟਿਕੇ ਰਹਿੰਦੇ ਹਨ। ਉਨ੍ਹਾਂ ਅੰਦਰੋਂ ਹੋਰ ਹਰ ਤਰ੍ਹਾਂ ਦੀ ਭਟਕਣ ਖ਼ਤਮ ਹੋ ਜਾਂਦੀ ਹੈ ਅਤੇ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਬਣੀ ਰਹਿੰਦੀ ਹੈ। ਅਜਿਹੇ ਜੀਵ ਪਰਵਰਦਗਾਰ ਅੱਗੇ ਅਰਦਾਸ ਕਰਦੇ ਹਨ ਕਿ ਉਹ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਦੇ ਅੰਦਰੋਂ ਦਵੈਤ ਖ਼ਤਮ ਕਰ ਦੇਵੇ ਜੋ ਵਿਛੋੜੇ ਦਾ ਕਾਰਨ ਬਣਦੀ ਹੈ ਕਿਉਂਕਿ ਆਪਣੇ ਪ੍ਰਭੂ ਨਾਲੋਂ ਥੋੜੇ ਸਮੇਂ ਦਾ ਵਿਛੋੜਾ ਵੀ ਲੰਬਾ ਜਾਪਦਾ ਹੈ,
ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ॥
ਦੀਪਕੁ ਸਹਜਿ ਬਲੈ ਤਤਿ ਜਲਾਇਆ॥
ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ॥
ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ॥
ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ॥
ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ॥੧੨॥ (ਪੰਨਾ ੧੧੦੯)
ਅਗਲਾ ਮਹੀਨਾ ਮੱਘਰ ਦਾ ਹੈ ਜਦੋਂ ਸਰਦੀ ਦੀ ਰੁੱਤ ਆ ਜਾਂਦੀ ਹੈ, ਹਾੜੀ ਦੀ ਫਸਲ ਅਰਥਾਤ ਕਣਕ ਆਦਿ ਦੀ ਬਿਜਾਈ ਹੋ ਚੁੱਕੀ ਹੁੰਦੀ ਹੈ। ਮੱਘਰ ਦਾ ਜ਼ਿਕਰ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦਾ ਸਿਮਰਨ ਕਰਨ, ਉਸ ਦੇ ਗੁਣ ਗਾਉਣ ਵੱਲ ਸੰਕੇਤ ਕੀਤਾ ਹੈ। ਅਸਲੀ ਜੀਵਨ-ਰਸਤਾ ਉਹੀ ਹੈ ਜਦੋਂ ਮਨੁੱਖ ਅਕਾਲ ਪੁਰਖ ਦਾ ਸਿਮਰਨ ਕਰਦਿਆਂ ਜ਼ਿੰਦਗੀ ਦੇ ਸਾਰੇ ਕਾਰਜ ਕਰਦਾ ਹੈ। ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਮੱਘਰ ਦਾ ਮਹੀਨਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ ਜਿਹੜੇ ਅਕਾਲ ਪੁਰਖ ਦੇ ਨਾਮ ਸਿਮਰਨ ਵਿਚ ਲੱਗੇ ਹੋਏ ਹਨ ਜਿਸ ਸਦਕਾ ਉਹ ਅਕਾਲ ਪੁਰਖ ਨੂੰ ਆਪਣੇ ਅੰਦਰ ਵੱਸਦਾ ਅਨੁਭਵ ਕਰ ਲੈਂਦੇ ਹਨ। ਇਹ ਅਨੁਭਵ ਗੁਣਵਾਨ, ਸਿਆਣੇ ਮਨੁੱਖਾਂ ਨੂੰ ਉਸ ਅਕਾਲ ਪੁਰਖ ਦੇ ਗੁਣ ਗਾਉਣ ਨਾਲ ਹੁੰਦਾ ਹੈ। ਇਹ ਸਾਰਾ ਸੰਸਾਰ ਚਲਾਇਮਾਨ ਹੈ, ਪਰ ਇੱਕ ਸਿਰਜਣਹਾਰ ਹੀ ਐਸੀ ਸ਼ਕਤੀ ਹੈ ਜੋ ਸਦੀਵੀ ਰਹਿਣ ਵਾਲੀ ਹੈ। ਉਹ ਅਕਾਲ ਪੁਰਖ ਚਤੁਰ, ਸਿਆਣਾ ਅਤੇ ਹਮੇਸ਼ਾ ਕਾਇਮ ਰਹਿਣ ਵਾਲੀ ਹਸਤੀ ਹੈ ਜੋ ਗੁਣਵਾਨ ਜੀਵਾਂ ਨੂੰ, ਜੋ ਉਸ ਦੇ ਗੁਣਾਂ ਨੂੰ ਯਾਦ ਕਰਦੇ ਰਹਿੰਦੇ ਹਨ, ਪਿਆਰਾ ਲੱਗਦਾ ਹੈ। ਅਜਿਹੇ ਜੀਵਾਂ ਦੀ ਸਿਰਜਣਹਾਰ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ ਅਤੇ ਉਨ੍ਹਾਂ ਦੀ ਸੁਰਤਿ ਅਕਾਲ ਪੁਰਖ ਵਿਚ ਟਿਕੀ ਰਹਿੰਦੀ ਹੈ ਜਿਸ ਸਦਕਾ ਅਕਾਲ ਪੁਰਖ ਦੇ ਗੁਣ ਉਨ੍ਹਾਂ ਦੇ ਅੰਦਰ ਵੀ ਆ ਵੱਸਦੇ ਹਨ। ਅਕਾਲ ਪੁਰਖ ਦੀ ਰਜ਼ਾ ਵਿਚ ਇਹ ਵਰਤਾਰਾ ਉਨ੍ਹਾਂ ਮਨੁੱਖਾਂ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ। ਅਜਿਹੇ ਮਨੁੱਖਾਂ ਦੇ ਹੋਰ ਸਾਰੇ ਦੁੱਖ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ, ਉਸ ਦੇ ਨਾਮ ਸਿਮਰਨ ਨਾਲ ਦੂਰ ਹੋ ਜਾਂਦੇ ਹਨ। ਗੁਰੂ ਨਾਨਕ ਕਹਿੰਦੇ ਹਨ ਕਿ ਅਜਿਹਾ ਜੀਵ ਆਪਣੀ ਪ੍ਰੇਮਾ-ਭਗਤੀ ਕਰਕੇ ਕਰਤਾ ਪੁਰਖ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ ਆਪਣੇ ਦਿਲ ਦਾ ਪਿਆਰ ਅਕਾਲ ਪੁਰਖ ਅੱਗੇ ਭੇਟ ਕਰ ਦਿੰਦਾ ਹੈ,
ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ॥
ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ॥
ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ॥
ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤ ਭਾਇਆ॥
ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ॥
ਨਾਨਕ ਸਾਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ॥੧੩॥ (ਪੰਨਾ ੧੧੦੯)
ਮੱਘਰ ਪਿੱਛੋਂ ਜਦੋਂ ਪੋਹ ਦਾ ਮਹੀਨਾ ਆਉਂਦਾ ਹੈ ਤਾਂ ਸਰਦੀ ਆਪਣੇ ਪੂਰੇ ਜੋਬਨ ਵਿਚ ਹੁੰਦੀ ਹੈ। ਇਸੇ ਦਾ ਵਰਣਨ ਗੁਰੂ ਸਾਹਿਬ ਕਰਦੇ ਹਨ ਕਿ ਪੋਹ ਦਾ ਮਹੀਨਾ ਆਉਣ ਨਾਲ ਸਰਦੀ ਵਧ ਜਾਂਦੀ ਹੈ ਅਤੇ ਕੱਕਰ (ਕੋਰਾ) ਪੈਣ ਲੱਗ ਪੈਂਦਾ ਹੈ ਜੋ ਹਰ ਤਰ੍ਹਾਂ ਦੀ ਬਨਸਪਤੀ ਦਾ ਰਸ ਸੋਖ ਲੈਂਦਾ ਹੈ। ਮਨੁੱਖ ਦੇ ਅੰਦਰੋਂ ਵੀ ਜਦੋਂ ਪਰਮਾਤਮਾ ਦੀ ਯਾਦ ਭੁੱਲ ਜਾਂਦੀ ਹੈ ਤਾਂ ਉਸ ਦੇ ਜੀਵਨ ਵਿਚੋਂ ਪ੍ਰੇਮ-ਰਸ ਸੁੱਕ ਜਾਂਦਾ ਹੈ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਹ ਮਨ, ਤਨ ਅਤੇ ਮੁੱਖ ਵਿਚ ਆ ਕੇ ਨਿਵਾਸ ਕਰੇ ਤਾਂ ਕਿ ਉਸ ਦਾ ਪ੍ਰੇਮ-ਰਸ ਜੀਵਨ ਨੂੰ ਹਰਿਆ ਭਰਿਆ ਬਣਾਈ ਰੱਖੇ।
ਬਾਣੀ ਅਨੁਸਾਰ ਜਿਸ ਮਨੁੱਖ ਦੇ ਮਨ ਅਤੇ ਤਨ ਵਿਚ ਉਹ ਅਕਾਲ ਪੁਰਖ ਆ ਕੇ ਨਿਵਾਸ ਕਰ ਲੈਂਦਾ ਹੈ ਜੋ ਸਾਰੇ ਸੰਸਾਰ ਦਾ ਆਸਰਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਦੇ ਮਿਲਾਪ ਦਾ ਅਨੰਦ ਮਾਣਦਾ ਹੈ। ਉਸ ਨੂੰ ਸਾਰੇ ਸੰਸਾਰ ਵਿਚ, ਜੀਵਾਂ ਦੀਆਂ ਚਾਰੇ ਖਾਣੀਆਂ ਵਿਚ, ਹਰ ਜੀਵ ਅੰਦਰ ਉਸ ਅਕਾਲ ਪੁਰਖ ਦੀ ਜੋਤਿ ਦਾ ਅਨੁਭਵ ਹੁੰਦਾ ਹੈ, ਕਣ ਕਣ ਵਿਚ ਉਸ ਦੀ ਜੋਤਿ ਸਮਾਈ ਹੋਈ ਨਜ਼ਰ ਆਉਂਦੀ ਹੈ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੋਏ ਦਰਸ਼ਨਾਂ ਦੀ ਤਾਂਘ ਪ੍ਰਗਟ ਕਰਦੇ ਹਨ, ਚੰਗੀ ਬੁੱਧ-ਮਤਿ, ਅਕਲ ਲਈ ਬੇਨਤੀ ਕਰਦੇ ਹਨ ਤਾਂ ਕਿ ਉਹ ਉਸ ਦੀ ਵਿਆਪਕਤਾ ਨੂੰ ਅਨੁਭਵ ਕਰਕੇ ਉਚੀ ਆਤਮਕ ਅਵਸਥਾ ਪ੍ਰਾਪਤ ਕਰ ਸਕਣ। ਉਹ ਫ਼ਰਮਾਉਂਦੇ ਹਨ ਕਿ ਜਿਸ ਮਨੁੱਖ ਦਾ ਪ੍ਰੇਮ ਸਿਰਜਣਹਾਰ ਨਾਲ ਬਣ ਜਾਂਦਾ ਹੈ, ਉਹ ਰੱਬ ਦਾ ਪ੍ਰੇਮੀ ਉਸ ਦੇ ਪ੍ਰੇਮ ਦੀ ਲਗਨ ਵਿਚ ਲੱਗਿਆ ਹੋਇਆ ਉਸ ਦੇ ਗੁਣਾਂ ਨੂੰ ਅਨੰਦ ਨਾਲ ਯਾਦ ਕਰਦਾ ਹੈ, ਆਤਮਕ ਅਨੰਦ ਪ੍ਰਾਪਤ ਕਰਦਾ ਹੈ,
ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ॥
ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ॥
ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ॥
ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ॥
ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ॥
ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ॥੧੪॥ (ਪੰਨਾ ੧੧੦੯)
ਪੁਰਾਤਨ ਹਿੰਦੂ ਪਰੰਪਰਾ ਵਿਚ ਮਾਘ ਦੇ ਮਹੀਨੇ ਦਾਨ-ਪੁੰਨ, ਤੀਰਥ-ਇਸ਼ਨਾਨ ਕਰਨਾ ਪਵਿੱਤਰ ਸਮਝਿਆ ਜਾਂਦਾ ਹੈ। ਮੱਕਰ-ਸਕ੍ਰਾਂਤੀ ਤੇ ਪ੍ਰਯਾਗ ਆਦਿ ਤੀਰਥਾਂ ‘ਤੇ ਜਾਣਾ ਅਤੇ ਇਸ਼ਨਾਨ ਕਰਨਾ ਸ਼ੁਭ ਕਰਮ ਮੰਨਿਆ ਜਾਂਦਾ ਹੈ। ਇਸੇ ਤੀਰਥ-ਇਸ਼ਨਾਨ ਦੇ ਦ੍ਰਿਸ਼ਟਾਂਤ ਰਾਹੀਂ ਗੁਰੂ ਨਾਨਕ ਆਪਣੇ ਅੰਤਰ-ਆਤਮੇ ਵਿਚ ਅਧਿਆਤਮਕ ਇਸ਼ਨਾਨ ਕਰਨ ਦੀ, ਆਪਣੇ ਅੰਦਰ ਦੇ ਤੀਰਥ ਨੂੰ, ਜਿੱਥੇ ਅਕਾਲ ਪੁਰਖ ਦਾ ਨਿਵਾਸ ਹੈ, ਪਛਾਨਣ ਦੀ ਗੱਲ ਕਰਦੇ ਹਨ। ਉਨ੍ਹਾਂ ਅਨੁਸਾਰ ਜੋ ਮਨੁੱਖ ਆਪਣੇ ਹਿਰਦੇ ਅੰਦਰਲੇ ਤੀਰਥ ਨੂੰ ਪਛਾਣ ਲੈਂਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ। ਜੋ ਇਨਸਾਨ ਰੱਬੀ ਗੁਣਾਂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ ਅਤੇ ਅਕਾਲ ਪੁਰਖ ਦੇ ਚਰਨਾਂ ਵਿਚ ਆਪਣੀ ਸੁਰਤ ਟਿਕਾ ਲੈਂਦਾ ਹੈ, ਉਹ ਸਹਿਜ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਜਿੱਥੇ ਉਸ ਨੂੰ ਆਪਣਾ ਪਿਆਰਾ ਪ੍ਰੀਤਮ ਵਾਹਿਗੁਰੂ ਮਿਲ ਜਾਂਦਾ ਹੈ।
ਗੁਰੂ ਨਾਨਕ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਜੇ ਉਨ੍ਹਾਂ ਦੀ ਭਗਤੀ ਉਸ ਨੂੰ ਕਬੂਲ ਹੋ ਜਾਵੇ, ਉਸ ਦੀ ਸਿਫ਼ਤਿ-ਸਾਲਾਹ ਉਸ ਨੂੰ ਭਾਅ ਜਾਵੇ ਤਾਂ ਸਮਝਣਾ ਚਾਹੀਦਾ ਹੈ ਕਿ ਇਹ ਸਭ ਤੋਂ ਵੱਡਾ ਤੀਰਥ ਇਸ਼ਨਾਨ ਹੈ। ਉਸ ਅਕਾਲ ਪੁਰਖ ਦੇ ਚਰਨਾਂ ਵਿਚ ਲਿਵ ਲੱਗਣੀ, ਉਸ ਦੇ ਚਰਨਾਂ ਵਿਚ ਲੀਨ ਹੋ ਜਾਣਾ ਹੀ ਸਭ ਤੋਂ ਵੱਡਾ ਤ੍ਰਿਬੈਣੀ ਅਰਥਾਤ ਗੰਗਾ, ਜਮਨਾ ਅਤੇ ਸਰਸਵਤੀ ਦੇ ਮਿਲਾਪ ਵਾਲੀ ਥਾਂ ਦਾ ਤੀਰਥ-ਇਸ਼ਨਾਨ ਹੈ, ਸੱਤ ਸਮੁੰਦਰਾਂ ਦੇ ਸਮਾਏ ਹੋਣ ਦੀ ਥਾਂ ਹੈ। ਜਿਸ ਮਨੁੱਖ ਨੇ ਉਸ ਸਰਬ-ਵਿਆਪਕ ਅਕਾਲ ਪੁਰਖ, ਜੋ ਹਰ ਥਾਂ ਅਤੇ ਹਰ ਜੁਗ ਵਿਚ ਵਿਆਪਕ ਹੈ, ਦਾ ਅਨੁਭਵ ਕਰ ਲਿਆ ਹੈ, ਉਸ ਨੂੰ ਅੰਤਰ-ਆਤਮਾ ਵਿਚ ਵਸਾ ਲਿਆ ਹੈ, ਉਸ ਨੇ ਹਰ ਤਰ੍ਹਾਂ ਦੇ ਚੰਗੇ ਕਰਮ ਜਿਵੇਂ ਤੀਰਥ-ਇਸ਼ਨਾਨ, ਪੁੰਨ-ਦਾਨ ਅਤੇ ਪੂਜਾ ਪਾਠ ਕਰ ਲਿਆ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਸਿਮਰਨ ਰਾਹੀਂ ਉਸ ਦੇ ਨਾਮ ਦਾ ਰਸ ਪੀ ਲਿਆ ਹੈ, ਉਸ ਨੇ ਸਮਝ ਲਵੋ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ। ਕਹਿਣ ਤੋਂ ਭਾਵ ਹੈ ਕਿ ਲੋੜ ਤੀਰਥਾਂ ‘ਤੇ ਜਾ ਕੇ ਇਸ਼ਨਾਨ ਕਰਨ ਦੀ ਨਹੀਂ ਬਲਕਿ ਆਪਣੇ ਅੰਦਰ ਪਰਮਾਤਮ-ਗੁਣਾਂ ਨੂੰ ਵਸਾ ਕੇ ਉਸ ਨੂੰ ਆਤਮ-ਸਾਤ ਕਰਨ ਦੀ ਹੈ,
ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ॥
ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ॥
ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ॥
ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ॥
ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ॥
ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ॥੧੫॥
ਦੇਸੀ ਵਰ੍ਹੇ ਦਾ ਆਖ਼ਰੀ ਮਹੀਨਾ ਫੱਗਣ ਦਾ ਮਹੀਨਾ ਹੈ। ਇਹ ਕੜਾਕੇ ਦੀ ਸਰਦੀ ਤੋਂ ਬਾਅਦ ਮਿੱਠੇ, ਸੁਹਾਵਣੇ ਮੌਸਮ ਬਸੰਤ ਰੁੱਤ ਦਾ ਮਹੀਨਾ ਹੈ। ਇਸ ਮਹੀਨੇ ਫੁੱਲਾਂ ਦੀ ਬਹਾਰ ਆਈ ਹੁੰਦੀ ਹੈ। ਇਸੇ ਅਨੰਦ, ਖੁਸ਼ੀ, ਬਹਾਰ ਦੇ ਪ੍ਰਤੀਕਾਂ ਰਾਹੀਂ ਗੁਰੂ ਨਾਨਕ ਇਹ ਸਮਝਾਉਂਦੇ ਹਨ ਕਿ ਜਿਸ ਜੀਵ ਨੂੰ, ਅਕਾਲ ਪੁਰਖ ਨਾਲ ਪ੍ਰੇਮ ਹੈ, ਜਿਸ ਨੂੰ ਆਪਣੇ ਮਨ ਅੰਦਰ ਪਰਮਾਤਮਾ ਦਾ ਪ੍ਰੇਮ ਪਿਆਰਾ ਲੱਗਿਆ ਹੈ, ਚੰਗਾ ਅਤੇ ਮਿੱਠਾ ਲੱਗਿਆ ਹੈ ਉਸ ਦੇ ਮਨ ਅੰਦਰ ਹੀ ਅਸਲ ਅਨੰਦ ਪੈਦਾ ਹੋਇਆ ਹੈ, ਉਸ ਦੇ ਪ੍ਰੇਮ ਵਿਚੋਂ ਪੈਦਾ ਹੋਇਆ ਅਨੰਦ ਸਦੀਵੀ ਹੈ। ਜਿਸ ਨੇ ਆਪਣੇ ਅੰਦਰੋਂ ਆਪਾ-ਭਾਵ ਅਰਥਾਤ ਹਉਮੈ ਨੂੰ ਗੁਆ ਦਿੱਤਾ ਹੈ, ਉਹ ਮਨੁੱਖ ਸਦੀਵੀ ਅਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ, ਉਸ ਦੇ ਅੰਦਰ ਸਦਾ ਖੇੜਾ ਬਣਿਆ ਰਹਿੰਦਾ ਹੈ। ਇਸ ਹਉਂ ਨੂੰ ਦੂਰ ਕਰਨਾ ਸੌਖਾ ਕੰਮ ਨਹੀਂ ਹੈ। ਆਪਾ-ਭਾਵ ਮਨੁੱਖ ਅੰਦਰੋਂ ਉਦੋਂ ਦੂਰ ਹੁੰਦਾ ਹੈ ਜਦੋਂ ਅਕਾਲ ਪੁਰਖ ਦੀ ਮਿਹਰ ਮਨੁੱਖ ਉਤੇ ਹੁੰਦੀ ਹੈ ਤਾਂ ਉਹ ਆਪਣੇ ਅੰਦਰੋਂ ਮਾਇਆ-ਮੋਹ ਨੂੰ ਦੂਰ ਕਰਦਾ ਹੈ ਅਤੇ ਅਕਾਲ ਪੁਰਖ ਆਪਣੀ ਮਿਹਰ ਕਰਕੇ ਉਸ ਅੰਦਰ ਨਿਵਾਸ ਕਰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਹੋਰ ਬਥੇਰੇ ਹਾਰ-ਸ਼ਿੰਗਾਰ ਕਰਕੇ ਦੇਖ ਲਏ ਅਰਥਾਤ ਕਰਮ-ਕਾਂਡ ਕਰ ਲਏ ਪਰ ਇਨ੍ਹਾਂ ਨਾਲ ਉਸ ਦੇ ਚਰਨਾਂ ਵਿਚ ਟਿਕਾਣਾ ਨਹੀਂ ਮਿਲਿਆ। ਜਿਸ ਉਤੇ ਅਕਾਲ ਪੁਰਖ ਦੀ ਮਿਹਰ ਹੋ ਜਾਵੇ ਅਤੇ ਜੀਵ ਉਸ ਦੇ ਦਰ ‘ਤੇ ਮਨਜ਼ੂਰ ਹੋ ਜਾਵੇ ਤਾਂ ਉਸ ਵਿਚ ਹੀ ਸਾਰੇ ਹਾਰ-ਸ਼ਿੰਗਾਰ ਆ ਜਾਂਦੇ ਹਨ, ਉਸ ਨੂੰ ਆਪਣੇ ਅੰਦਰ ਹੀ ਪਰਮਾਤਮਾ ਮਿਲ ਜਾਂਦਾ ਹੈ,
ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ॥
ਅਨਦਿਨੁ ਰਹਸੁ ਭਇਆ ਆਪੁ ਗਵਾਇਆ॥
ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ॥
ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ॥
ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ॥
ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ॥੧੬॥
ਆਖ਼ਰੀ ਤੁਕਾਂ ਵਿਚ ਗੁਰੂ ਨਾਨਕ ਦੇਵ ਦੱਸਦੇ ਹਨ ਕਿ ਉਸ ਮਨੁੱਖ ਲਈ ਜਿਸ ਨੇ ਆਪਣੇ ਅੰਦਰ ਪਰਮਾਤਮਾ ਨੂੰ ਅਨੁਭਵ ਕਰ ਲਿਆ ਅਤੇ ਸਹਿਜ ਅਵਸਥਾ ਵਿਚ ਆ ਗਿਆ ਹੈ, ਉਸ ਲਈ ਹਰ ਸਾਲ, ਮਹੀਨਾ, ਦਿਨ, ਘੜੀ, ਮਹੂਰਤ, ਸਾਰੇ ਪਲ ਸ਼ੁਭ ਅਤੇ ਸੁਲੱਖਣੇ ਹਨ। ਜਦੋਂ ਅਕਾਲ ਪੁਰਖ ਮਿਲ ਜਾਵੇ ਤਾਂ ਉਸ ਦੇ ਓਟ-ਆਸਰੇ ਸਾਰੇ ਕਾਰਜ ਰਾਸ ਆ ਜਾਂਦੇ ਹਨ। ਅਕਾਲ ਪੁਰਖ ਨੇ ਆਪ ਹੀ ਜੀਵ ਦੀ ਆਤਮਾ ਨੂੰ ਸੰਵਾਰਨਾ ਹੈ ਅਤੇ ਆਪ ਹੀ ਆਪਣਾ ਪ੍ਰੇਮ ਬਖ਼ਸ਼ਿਸ਼ ਕਰਨਾ ਹੈ। ਉਸ ਦੀ ਕਿਰਪਾ ਨਾਲ ਹੀ ਆਤਮਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੇ ਰਾਹੀਂ ਜਿਸ ਮਨੁੱਖ ਦੇ ਮੱਥੇ ਦੇ ਭਾਗ ਜਦੋਂ ਜਾਗ ਪੈਂਦੇ ਹਨ, ਅਕਾਲ ਪੁਰਖ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਉਸ ਦੀ ਹਿਰਦੇ-ਰੂਪੀ ਸੇਜ ਸੁੰਦਰ ਹੋ ਜਾਂਦੀ ਹੈ। ਅਜਿਹੇ ਵਡਭਾਗੇ ਮਨੁੱਖ ਨੂੰ ਅਕਾਲ ਪੁਰਖ ਦਿਨ-ਰਾਤ ਮਿਲਿਆ ਰਹਿੰਦਾ ਹੈ ਅਤੇ ਉਸ ਦਾ ਪਰਮਾਤਮਾ-ਰੂਪੀ ਸੁਹਾਗ ਸਦਾ ਬਣਿਆ ਰਹਿੰਦਾ ਹੈ,
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ॥
ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ॥
ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ॥
ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ॥
ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ॥
ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ॥੧੭॥੧॥ (ਪੰਨਾ ੧੧੦੯-੧੦)

Be the first to comment

Leave a Reply

Your email address will not be published.