ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਨੇ ਆਪਣੀ ‘ਪੋਲ ਖੋਲ੍ਹ’ ਮੁਹਿੰਮ ਤਹਿਤ ਬਹੁਕੌਮੀ ਐਚæਐਸ਼ਬੀæਸੀæ ਬੈਂਕ ‘ਤੇ ਕਾਲੇ ਧਨ ਨੂੰ ਸਫੈਦ ਕਰਨ ਦੇ ਦੋਸ਼ ਲਾਉਂਦਿਆਂ ਦਾਅਵਾ ਕੀਤਾ ਹੈ ਕਿ ਅੰਬਾਨੀ ਭਰਾਵਾਂ, ਜੈੱਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਤੇ ਕਾਂਗਰਸੀ ਸੰਸਦ ਮੈਂਬਰ ਅਨੂ ਟੰਡਨ ਨੇ ਇਸ ਬੈਂਕ ਦੀ ਜੈਨੇਵਾ ਸ਼ਾਖਾ ਵਿਚ ਆਪਣਾ ਕਾਲਾ ਧਨ ਛੁਪਾਇਆ ਹੋਇਆ ਹੈ। ਸ੍ਰੀ ਕੇਜਰੀਵਾਲ ਤੇ ਵਕੀਲ ਪ੍ਰਸ਼ਾਤ ਭੂਸ਼ਨ ਨੇ ਦੋਸ਼ ਲਾਏ ਕਿ ਤਕਰੀਬਨ 6000 ਕਰੋੜ ਰੁਪਏ ਕਾਲਾ ਧਨ ਉਪਰੋਕਤ ਬੈਂਕ ਦੀ ਜਨੇਵਾ ਸ਼ਾਖਾ ਦੇ 700 ਖਾਤਿਆਂ ਵਿਚ ਪਿਆ ਹੈ।
ਬੈਂਕ ਵੱਲੋਂ ਇਨ੍ਹਾਂ ਦੋਸ਼ਾਂ ‘ਤੇ ਪ੍ਰਤੀਕਿਰਿਆ ਬੜੇ ਸੁਚੇਤ ਹੋ ਕੇ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜਿਥੇ-ਜਿਥੇ ਵੀ ਇਹ ਬੈਂਕ ਕਾਰਜਸ਼ੀਲ ਹੁੰਦਾ ਹੈ, ਬੜੀ ਗੰਭੀਰਤਾ ਤੇ ਧਿਆਨ ਨਾਲ ਕਾਨੂੰਨਾਂ ਦੀ ਪਾਲਣਾ ਕਰਦਾ ਹੈ। ਅੰਬਾਨੀ ਭਰਾਵਾਂ ਨੇ ਸਿਰੇ ਤੋਂ ਹੀ ਇਹ ਦੋਸ਼ ਨਕਾਰਦਿਆਂ ਕਿਹਾ ਹੈ ਕਿ ਇਨ੍ਹਾਂ ਦੇ ਇਸ ਬੈਂਕ ‘ਚ ਕੋਈ ਖਾਤੇ ਨਹੀਂ ਹਨ। ਗੋਇਲ ਦਾ ਕਹਿਣਾ ਹੈ ਕਿ ਐਨæਆਰæਆਈæ ਹੋਣ ਸਦਕਾ ਉਹ ਵਿਦੇਸ਼ੀ ਬੈਂਕ ਵਿਚ ਖਾਤੇ ਰੱਖ ਸਕਦਾ ਹੈ ਪਰ ਉਸ ਦਾ ਐਚæਐਸ਼ਬੀæਸੀæ ਬੈਂਕ ਜੈਨੇਵਾ ‘ਚ ਕੋਈ ਖਾਤਾ ਨਹੀਂ ਹੈ।
ਡਾਬਰ ਇੰਡੀਆ ਦੇ ਪ੍ਰਮੋਟਰ ਬਰਮਨ ਭਰਾਵਾਂ ‘ਤੇ ਵੀ ਇਸੇ ਬੈਂਕ ‘ਚ ਖਾਤੇ ਹੋਣ ਦਾ ਦੋਸ਼ ਲੱਗਿਆ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਖਾਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਉਦੋਂ ਖੋਲ੍ਹੇ ਸਨ ਜਦੋਂ ਉਹ ਐਨæਆਰæਆਈæ ਸਨ ਤੇ ਕਾਨੂੰਨੀ ਤੌਰ ‘ਤੇ ਉਨ੍ਹਾਂ ਨੂੰ ਇਹ ਅਧਿਕਾਰ ਸਨ। ਡਾਬਰ ਇੰਡੀਆ ਨੇ ਕਿਹਾ ਹੈ ਕਿ ਇਹ ਮੰਦਭਾਗੀ ਗੱਲ ਹੈ ਕਿ ਜਿਸ ਵੀ ਵਿਅਕਤੀ ਦਾ ਵਿਦੇਸ਼ੀ ਬੈਂਕ ਵਿਚ ਖਾਤਾ ਹੈ, ਉਸ ਨੂੰ ਭ੍ਰਿਸ਼ਟ ਮੰਨਿਆ ਜਾ ਰਿਹਾ ਹੈ। ਇਨ੍ਹਾਂ ਦੋਸ਼ਾਂ ਨੂੰ ਆਧਾਰਹੀਣ ਤੇ ਗਿਣੇ-ਮਿਥੇ ਕਰਾਰ ਦਿੰਦਿਆਂ ਟੰਡਨ ਨੇ ਪੁੱਛਿਆ ਕਿ ਕੇਜਰੀਵਾਲ ਕਿਸ ਆਧਾਰ ‘ਤੇ ਅਜਿਹੇ ਦੋਸ਼ ਲਾ ਰਿਹਾ ਹੈ। ਉਸ ਕੋਲ ਉਸ ਨੂੰ ਸਿੱਧ ਕਰਨ ਲਈ ਕੋਈ ਸਬੂਤ ਨਹੀਂ ਹਨ।
ਕੇਜਰੀਵਾਲ ਤੇ ਭੂਸ਼ਨ ਦਾਅਵਾ ਕਰਦੇ ਹਨ ਕਿ ਬੈਂਕ ‘ਚ ਛੋਟੇ-ਛੋਟੇ ਖਾਤੇ ਖੁਲ੍ਹਵਾਉਣ ਵਾਲਿਆਂ ਦੇ ਸਰਕਾਰ ਨੇ ਛਾਪੇ ਮਾਰੇ ਪਰ ਮੁਕੇਸ਼ ਅਨਿਲ ਅੰਬਾਨੀ, ਗੋਇਲ, ਟੰਡਨ ਤੇ ਡਾਬਰਵਾਲੇ ਬਰਮਨਾਂ ਜਿਹੀਆਂ ਵੱਡੀਆਂ ਮੱਛੀਆਂ ਨੂੰ ਕੇਂਦਰ ਦੇ ਹੀ ਇਸ਼ਾਰੇ ‘ਤੇ ਛੱਡ ਦਿੱਤਾ ਗਿਆ। ਕੇਜਰੀਵਾਲ ਤੇ ਭੂਸ਼ਨ ਦਾ ਦਾਅਵਾ ਹੈ ਕਿ ਅੰਬਾਨੀ ਭਰਾਵਾਂ ਦੇ ਦੋਵਾਂ ਦੇ 100-100 ਕਰੋੜ ਰੁਪਏ, ਰਿਲਾਇੰਸ ਗਰੁੱਪ ਦੇ ਮੋਟੈਕ ਸਾਫਟਵੇਅਰ ਦੇ 2100 ਕਰੋੜ ਰੁਪਏ, ਮਰਹੂਮ ਸੰਦੀਪ ਤੇ ਅਨੂ ਟੰਡਨ ਦੇ 125 ਕਰੋੜ ਰੁਪਏ, ਗੋਇਲ ਦੇ 80 ਕਰੋੜ ਤੇ ਡਾਬਰ ਵਾਲੇ ਬਰਮਨ ਭਰਾਵਾਂ ਦੇ 25 ਕਰੋੜ ਰੁਪਏ 700 ਲੋਕਾਂ ਦੀ ਐਚæਐਸ਼ਬੀæਸੀæ ਦੇ ਖਾਤੇਦਾਰਾਂ ਦੀ ਸੂਚੀ ‘ਚ ਨਾਂ ਸ਼ਾਮਲ ਹਨ। ਉਂਜ ਇਹ 2006 ਦੇ ਵੇਰਵੇ ਹਨ।
Leave a Reply