ਇਉਂ ਮਿਲਿਆ ‘ਮਾਂਦੀਨ’ ਦਾ ਮਤਲਬ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਨਾਵਲਕਾਰ ਨਾਨਕ ਸਿੰਘ ਨੇ ਇਕ ਨੌਕਰੀ ਪੇਸ਼ਾ ਪਤੀ-ਪਤਨੀ ਦੀ ਵਿਅੰਗਮਈ ਕਹਾਣੀ ਲਿਖੀ ਹੋਈ ਹੈ। ਤੋਤਲੀ ਜ਼ੁਬਾਨ ਬੋਲਦਾ ਇਸ ਜੋੜੇ ਦਾ ਲਾਡਲਾ ਇਕਲੌਤਾ ਬੇਟਾ ਅਚਾਨਕ ਅੱਧੀ ਕੁ ਰਾਤ ਨੂੰ ਉਠ ਕੇ ਰਿਹਾੜ ਕਰਨ ਲੱਗ ਜਾਂਦਾ ਹੈ। ਉਸਲਵੱਟੇ ਜਿਹਾ ਲੈਂਦਿਆਂ ‘ਊਂæææ ਊਂæææ ਊਂਅ’ ਕਰਦਿਆਂ ਉਹ ਦੇ ਮੂੰਹੋਂ ‘ਯਾਈ’ ਨਿਕਲ ਜਾਂਦਾ ਹੈ। ਇਹ ਲਫ਼ਜ਼ ਸੁਣਦਿਆਂ ਹੀ ਪਤੀ-ਪਤਨੀ ਇਸ ‘ਯਾਈ’ ਸ਼ਬਦ ਦੀ ਵਿਆਖਿਆ ਕਰਨ ਜੁੱਟ ਜਾਂਦੇ ਹਨ। ਪਤਨੀ ਕਹਿੰਦੀ ਹੈ ਕਿ ਬੇਟਾ ਮਠਿਆਈ ਮੰਗਦਾ ਹੈ ਪਰ ਪਤੀ ਕਹਿੰਦਾ, ਨਹੀਂæææ ਇਹ ਦਵਾਈ ਮੰਗ ਰਿਹਾ ਹੋਣੈ। ਪੜ੍ਹੇ ਲਿਖੇ ਪਤੀ ਪਤਨੀ ‘ਚ ਇਸੇ ਮਸਲੇ ਤੇ ਗ੍ਰਹਿ ਯੁੱਧ ਛਿੜ ਪੈਂਦਾ ਹੈ। ‘ਯਾਈ’ ਜਾਂ ‘ਆਈ’ ਦੇ ਪਛੇਤਰ ਵਾਲੇ ਸ਼ਬਦਾਂ ਦੀਆਂ ਲਿਸਟਾਂ ਬਣਨ ਲੱਗ ਜਾਂਦੀਆਂ ਨੇ। ਜ਼ਿਦੋ-ਜ਼ਿਦੀ ਦੋਵੇਂ ਇਕ ਦੂਜੇ ਵੱਲੋਂ ਸੁਝਾਏ ਗਏ ਸ਼ਬਦਾਂ ਨੂੰ ਕੱਟੀ ਜਾਂਦੇ ਨੇ। ਜੇ ਇਕ ਜਣਾ ਕਾਕੇ ਵੱਲੋਂ ਰਜਾਈ ਮੰਗਣੀ ਸਿੱਧ ਕਰਦਾ ਹੈ ਤੇ ਦੂਜਾ ਮਲਾਈ। ਬਹਿਸ-ਮੁਬਹਿਸਾ ਕਰਦਿਆਂ ਜਦ ਉਨ੍ਹਾਂ ਦੀ ਨਜ਼ਰ ਬੱਚੇ ‘ਤੇ ਪੈਂਦੀ ਹੈ ਤਾਂ ਉਹ ਸੌਂ ਵੀ ਚੁੱਕਾ ਹੁੰਦਾ ਹੈ।
ਇਸ ਕਹਾਣੀ ਦਾ ਨਾਇਕ ਕਾਕਾ ਜੀ ਤਾਂ ਸਿਰਫ਼ ਮੰਮੀ-ਭਾਪੇ ਨੂੰ ਸ਼ਬਦਾਂ ਦੀ ਸ਼ਸ਼ੋਪੰਜ ‘ਚ ਪਾ ਕੇ ਘੜੀ ਘੰਟੇ ਬਾਅਦ ਸੌਂ ਗਿਆ ਹੋਵੇਗਾ ਪਰ ਅਸੀਂ ਇਹੋ ਜਿਹੀ ਸਥਿਤੀ ਵਿਚ ਸਾਰਾ ਟੱਬਰ ਹੀ ਚਾਰ ਪੰਜ ਦਿਨ ਫਸੇ ਰਹੇ। ਫਰਕ ਸਿਰਫ਼ ਇਹ ਸੀ ਕਿ ਸਾਨੂੰ ਕਿਸੇ ਕਾਕੇ ਨੇ ਨਹੀਂ, ਸਗੋਂ ਇਕ ਕਾਗ਼ਜ਼ ਨੇ ਭੰਬਲਭੂਸੇ ਵਿਚ ਪਾਈ ਰੱਖਿਆ ਜਿਸ ਉਤੇ ਕੰਬਖ਼ਤ ਪਤਲੇ ਹੋਣ ਦਾ ਨੁਸਖਾ ਲਿਖਿਆ ਹੋਇਆ ਸੀ। ਕਾਕਾ ਤਾਂ ‘ਯਾਈ’ ਸ਼ਬਦ ਦੇ ਅਰਥਾਂ ਦਾ ਕੋਈ ਫੈਸਲਾ ਹੋਣ ਤੋਂ ਪਹਿਲਾਂ ਹੀ ਸੌਂ ਗਿਆ ਪਰ ਸਾਡੀ ਸਿਰਦਰਦੀ ਬਣੇ ਕਾਗਜ਼ ਸ੍ਰੀਮਾਨ ਨੇ ਅੰਤਿਮ ਅਤੇ ਸਹੀ ਫੈਸਲਾ ਹੋਣ ਤੱਕ ਸਾਨੂੰ ਚਹੁੰ-ਪੰਜਾਂ ਜਣਿਆਂ ਨੂੰ ਪੜ੍ਹਨੇ ਪਾਈ ਰੱਖਿਆ।
ਮੋਟਾਪਾ ਹੋਇਆ ਹੋਵੇ ਜਾਂ ਨਾ, ਪਰ ਭਾਰ ਘਟਾਉਣ ਅਥਵਾ ਪਤਲੇ ਹੋਣ ਦੀ ਗੱਲ ਕੰਨੀਂ ਪੈਂਦਿਆਂ ਅਸੀਂ ਸਾਰੇ ਕੰਨ ਚੁੱਕ ਲੈਂਦੇ ਹਾਂ; ਖਾਸ ਕਰ ਕੇ ਬੀਬੀਆਂ ਤਾਂ ਅਜਿਹੀ ਗੱਲ ਵੱਲ ਵਧੇਰੇ ਤਵੱਜੋ ਦਿੰਦੀਆਂ ਨੇ। ਇਸੇ ਤਰ੍ਹਾਂ ਮੇਰੀ ਸ੍ਰੀਮਤੀ ਦੀ ਇਕ ਜਾਣੂ ਬੀਬੀ ਨੇ ਮਹਾਨ ਪਰਉਪਕਾਰ ਕਰਦਿਆਂ ਪਤਲੇ ਹੋਣ ਦਾ ਨੁਸਖਾ ਉਸ ਨੂੰ ਲਿਆ ਫੜਾਇਆ। ਪਰਉਪਕਾਰ ਇਸ ਕਾਰਨ ਕਹਿ ਰਿਹਾਂ ਕਿਉਂਕਿ ਪਤਨੀ ਦੇ ਬਿਆਨ ਮੁਤਾਬਕ ਹੱਥ ਲਿਖਤ ਨੁਸਖਾ ਫੜਾਉਣ ਮੌਕੇ ਉਸ ਦੀ ਸਹੇਲੀ ਨੇ ਜ਼ਰਾ ਪਰਦੇ ਨਾਲ ਦੱਸਿਆ ਸੀ, “ਭੈਣੇ, ਜਿਸ ਬਾਬਾ ਜੀ ਤੋਂ ਮੇਰੇ ਦਿਉਰ-ਦਰਾਣੀ ਨੇ ਇਹ ਨੁਸਖਾ ਲਿਆਂਦਾ ਸੀ, ਉਨ੍ਹਾਂ ਨੇ ਵਚਨ ਲਿਆ ਸੀ ਕਿ ਤੁਸੀਂ ਇਹ ਹੋਰ ਅੱਗੇ ਨਾ ਕਿਸੇ ਨੂੰ ਵੀ ਦਿਓ। ਜਿਹਨੂੰ ਲੋੜ ਹੋਵੇ, ਉਹ ਸਿੱਧਾ ਮੇਰੇ ਨਾਲ ਹੀ ਸੰਪਰਕ ਕਰੇ। ਤੈਨੂੰ ਕੀ ਦੱਸਾਂ ਅੜੀਏ, ਮੈਂ ਕਿੱਦਾਂ ਜਤਨ ਕਰ ਕੇ ਇਹਦੀ ਫੋਟੋਸਟੈਟ ਕਰਵਾਈ ਐ।”
ਲਗਦੇ ਹੱਥ ਉਸ ਨੇ ਨੁਸਖੇ ਦੀ ਕਾਮਯਾਬੀ ਦੇ ਝੰਡੇ ਗੱਡਦਿਆਂ ਚਸ਼ਮ-ਦੀਦ ਗਵਾਹੀ ਵੀ ਦਿੱਤੀ- ਅਖੇ, ਮੇਰੇ ਦਿਉਰ-ਦਰਾਣੀ ਪਹਿਲਾਂ ਮੁਟਾਪੇ ਕਾਰਨ ਥੁੱਲ-ਥੁੱਲ ਕਰਦੇ ਹੁੰਦੇ ਸੀ। ਮਹੀਨੇ ‘ਚ ਹੀ ਐਨੇ ਸਮਾਰਟ ਹੋ ਗਏ ਕਿ ਜਮਾਂ ਈ ਪਛਾਣ ਨੀ ਹੁੰਦੇ, ਛਾਂਟਵੇਂ ਸਰੀਰ ਹੋ’ਗੇ ਦੋਹਾਂ ਦੇ।
ਦਾਲ ‘ਚ ਕੁਛ ਕਾਲਾ ਕਾਲਾ ਹੋਣ ਦੀ ਮੈਨੂੰ ਉਸੇ ਵੇਲੇ ਖੁੜਕ ਗਈ ਜਦੋਂ ਸ੍ਰੀਮਤੀ ਨੇ ਇਹ ਨੁਸਖਾ ਪਹਿਲੀ ਪੜ੍ਹਤ ਲਈ ਹੀ ਮੇਰੇ ਸਪੁਰਦ ਕਰ ਦਿੱਤਾ। ਦਰਅਸਲ ਉਹ ਬੜੀ ਟੁੱਟੀ-ਭੱਜੀ ਜਿਹੀ ਪੰਜਾਬੀ ‘ਚ ਲਿਖਿਆ ਹੋਇਆ ਸੀ। ਇਕ ਅੱਖਰ ਵਿੰਗ-ਧੜਿੰਗੇ, ਦੂਜਾ ਫੋਟੋਸਟੈਟ ਫਿੱਕੀ ਹੋਣ ਨਾਲ ਇਸ ਨੂੰ ਪੜ੍ਹਨਾ ਅਸਾਨ ਨਹੀਂ ਸੀ। ਮੈਂ ਸਮਝ ਗਿਆ ਕਿ ਨੁਸਖੇ ‘ਤੇ ਫੌਰੀ ਅਮਲ ਕਰਨ ਦੀ ਬਜਾਏ ਪਤਨੀ ਨੇ ਇਹ ਮੇਰੇ ਹੱਥਾਂ ‘ਚ ਕਿਉਂ ਲਿਆ ਫੜਾਇਆ ਸੀ।
“ਦੇਖਿਉ ਤਾਂ ਕੀ-ਕੀ ਕਿੱਦਾਂ-ਕਿੱਦਾਂ ਖਾਣਾ ਲਿਖਿਆ ਹੋਇਐ ਇਹਦੇ ‘ਚ?”
ਸ੍ਰੀਮਤੀ ਮੂੰਹੋਂ ਇਹ ਸਵਾਲ ਸੁਣ ਕੇ ਮੈਂ ਐਨਕਾਂ ਦੇ ਸ਼ੀਸ਼ੇ ਚੰਗੀ ਤਰ੍ਹਾਂ ਸਾਫ਼ ਕਰ ਕੇ ਨੁਸਖਾ ਪੜ੍ਹਨ ਨਿੱਠ ਕੇ ਬਹਿ ਗਿਆ। ਪੇਪਰ ਚੈਕ ਕਰਨ ਵਾਂਗ ਮੈਂ ਗਲਤੀਆਂ ਦੀ ਦਰੁਸਤੀ ਨਾਲੋ-ਨਾਲ ਕਰਦਾ ਗਿਆ। ਕਿਸੇ ਅੱਧਪੜ੍ਹ ਨੇ ਪਾਲਕ ਨੂੰ ਪਾਕਲ, ਦਲੀਆ ਨੂੰ ਦਲਿਆ, ਟਮਾਟਰ ਨੂੰ ਟਾਮਟਰ, ਸਾਗ ਨੂੰ ਛਾਗ, ਮੂਲੀ ਨੂੰ ਮੁਲਿ, ਮੋਠ ਨੂੰ ਮੁਠ ਵਗੈਰਾ-ਵਗੈਰਾ ਲਿਖਿਆ ਹੋਇਆ ਸੀ। ਕੁੱਲ ਮਿਲਾ ਕੇ ਇਕ ਮਹੀਨੇ ਦੇ ਖਾਣ ਪੀਣ ਦੀ ਸੂਚੀ ਲਿਖੀ ਹੋਈ ਸੀ ਇਸ ਨੁਸਖੇ ਵਿਚ। ਕਿਤੇ 1, 2, 3, 8, 10 ਆਦਿਕ ਹਿੰਦਸੇ ਲਿਖੇ ਹੋਏ ਸਨ ਤੇ ਕਿਤੇ-ਕਿਤੇ ਹਿੰਦਸਿਆਂ ਨੂੰ ਗੁਰਮੁਖੀ ਅੱਖਰਾਂ ‘ਚ ਲਿਖ ਕੇ ਅੱਗੇ ਖਾਣ-ਪੀਣ ਦਾ ਵੇਰਵਾ। ਜਿਵੇਂ ਦਸ ਨੰਬਰ- ਦਲੀਆ ਖਾਣਾ ਤਿੰਨ ਟਾਈਮ। ਪੰਦਰਾਂ- ਪਾਲਕ ਦਾ ਸੂਪ ਪੀਣਾ। ਸੋਲਵਾਂ- ਫਲਾਣੀਆਂ ਸਬਜ਼ੀਆਂ ਉਬਾਲ ਕੇ ਖਾਣੀਆਂ।
ਅਖੇ, ਲਿਖੇ ਮੂਸਾ ਪੜ੍ਹੇ ਖੁਦਾ। ਟੱਕਰਾਂ ਮਾਰ ਕੇ ਹੋਰ ਤਾਂ ਪੂਰਾ ਨੁਸਖਾ ਮੈਂ ਪੜ੍ਹ ਲਿਆ, ਪਰ ਉੱਨੀ ਨੰਬਰ ‘ਤੇ ਜਾ ਕੇ ਮੈਂ ਬੇਹੋਸ਼ ਹੋ ਗਿਆ। ਅਠਾਰਾਂ ਤੋਂ ਬਾਅਦ 19 ਅੱਗੇ ਦੋ ਇੰਚ ਖਾਲੀ ਥਾਂ, ਛੱਡ ਕੇ ਲਿਖਿਆ ਹੋਇਆ ਸੀ, ‘æææ ਮਾਂਦੀਨ ਫਲੂਟ ਖਾਣਾ ਸਿਰਫ਼ ਤਿੰਨੋਂ ਟੈਮ!’
ਇਹ ਮਾਂਦੀਨ ਫਲੂਟ (ਫਰੂਟ) ਕਿਹੜੀ ਬਲਾ ਹੋਈ ਭਲਾ? ਇਥੇ ਆ ਕੇ ਅੜਾਉਣੀ ਪੈ ਗਈ। ਸੋਚ ਉਡਾਰੀਆਂ ਦੇ ਘੋੜੇ ਚੁਤਰਫੀਂ ਦੁੜਾਏ ਪਰ ਕੋਈ ਗੱਲ ਪਕੜ ‘ਚ ਨਾ ਆਵੇ। ‘ਕੱਲਾ ਹੀ ਘੌਂਚਲਣ ਦੀ ਥਾਂ ਮੈਂ ‘ਮਾਂਦੀਨ ਫਲੂਟ’ ਦੀ ਖੋਜ ਵਿਚ ਸਾਰੇ ਟੱਬਰ ਨੂੰ ਵੀ ਸ਼ਾਮਲ ਕਰ ਲਿਆ, ਪਰ ਉਨ੍ਹਾਂ ਲਈ ਵੀ ਇਹ ਸ਼ਬਦ ਅਜੀਬੋ-ਗਰੀਬ ਸੀ। ਇਹ ਟੇਢਾ ਜਿਹਾ ਨਾਂ ਸੁਣ ਕੇ ਸਾਰਿਆਂ ਨੇ ਮੇਰੇ ਹੱਥੋਂ ਨੁਸਖੇ ਵਾਲਾ ਕਾਗ਼ਜ਼ ਫੜ ਕੇ ਘੋਖ-ਘੋਖ ਕੇ ਦੇਖਿਆ, ਪਰ ਸਮਝ ਕਿਸੇ ਦੀ ਵੀ ਨਾ ਪਵੇ। ਕਈ ਦਿਨ ਸਾਡੇ ਘਰੇ ‘ਮਾਂਦੀਨ ਫਲੂਟ’ ਗੂੰਜਦਾ ਰਿਹਾ, ਪਰ ਇਹ ਬੁਝਾਰਤ ਹੀ ਬਣਿਆ ਰਿਹਾ।
“ਆਪਣੇ ਚਿੱਤੋਂ ਤੁਸੀਂ ਲੇਖਕ ਬਣੀ ਫਿਰਦੇ ਐਂ, ਪੰਜਾਬੀ ਤੁਹਾਥੋਂ ਪੜ੍ਹ ਨ੍ਹੀਂ ਹੋਈ।” ਨੁਸਖੇ ਵਾਲੀ ਸਮੱਗਰੀ ਲਿਆਉਣ ਲਈ ਕਾਹਲੀ ਪੈ ਰਹੀ ਮੇਰੀ ਪਤਨੀ ਨੇ ਇਕ ਦਿਨ ਮੈਨੂੰ ਇਹ ਤਿੱਖਾ ਤਾਹਨਾ ਮਾਰ ਦਿੱਤਾ। ਫਿਰ ਕੀ ਸੀ? ‘ਜਬੈ ਬਾਣ ਲਾਗਯੋ ਤਬੈ ਰੋਸ ਜਾਗਿਉ?’ ਮੈਂ ਖੋਲ੍ਹ ਲਿਆ ਭਾਈ ਕਾਨ੍ਹ ਸਿੰਘ ਨਾਭੇ ਦਾ ਮਹਾਨਕੋਸ਼æææ ‘ਮਾਂਦੀਨ ਫਲੂਟ’ ਨੂੰ ਪਦ-ਛੇਦ ਕਰ ਕੇ ਵੱਖ-ਵੱਖ ਇੰਦਰਾਜਾਂ ਵਿਚ ਛਾਣ-ਬੀਣ ਕੀਤੀ। ਇਸ ਗ੍ਰੰਥ ਵਿਚ ਲਿਖੇ ਹੋਏ ਤਮਾਮ ਦੇਸੀ ਨੁਸਖਿਆਂ ਵਿਚ ‘ਮਾਂਦੀਨ ਫਲੂਟ’ ਤਲਾਸ਼ਿਆ ਪਰ ਮਹਾਨਕੋਸ਼ ਨੇ ਵੀ ਪੂਰੀ ਨਾ ਪਾਈ।
ਅਚਾਨਕ ਮੈਨੂੰ ਯਾਦ ਆਇਆ ਕਿ ‘ਮਾਂਦੀਨ’ ਕੋਈ ਉਰਦੂ, ਅਰਬੀ, ਫਾਰਸੀ ਭਾਸ਼ਾ ਦਾ ਸ਼ਬਦ ਨਾ ਹੋਵੇ। ਇਹ ਸੋਚਦਿਆਂ ਆਪਣੇ ਕੋਲ ਪਿਆ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਆਏ ਅਰਬੀ ਫਾਰਸੀ ਸ਼ਬਦਾਂ ਦਾ ਕੋਸ਼ ਪੜਤਾਲਣਾ ਸ਼ੁਰੂ ਕੀਤਾ। ਪੂਰੀ ਆਸ ਨਾਲ ਸ਼ੁਰੂ ਕੀਤੀ ਇਹ ਖੋਜ-ਬੀਨੀ ਵੀ ਨਿਸਫ਼ਲ ਸਿੱਧ ਹੋਈ। ‘ਮਾਂਦੀਨ’ ਦਾ ਸਿਮਰਨ ਕਰਦਿਆਂ ਸੁੱਤੇ-ਸਿੱਧ ਹੀ ਜ਼ਿਹਨ ‘ਚ ਛੁਪਿਆ ਪਿਆ ਇਕ ਹੋਰ ਨਾਂ ਚੇਤੇ ਆਇਆ, ਮਾਤਾਦੀਨ ਜੋ ਸ਼ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਇਕ ਕਹਾਣੀ ਵਿਚ ਹਾਥੀ ਦੇ ਮਹਾਵਤ ਦਾ ਨਾਮ ਹੈ। ਪਲ ਦੀ ਪਲ ਅੱਖਾਂ ‘ਚ ਆਈ ਚਮਕ ਉਸੇ ਪਲ ਉਡ-ਪੁਡ ਗਈ, ਕਿਉਂਕਿ ਜ਼ਿਹਨ ‘ਚ ਚਾਣਚੱਕ ਟਪਕੇ ਇਸ ਮਾਤਾਦੀਨ ਦੀ ਕੋਈ ਅੰਗਲੀ-ਸੰਗਲੀ ਵੀ ‘ਮਾਂਦੀਨ’ ਨਾਲ ਨਾ ਜੁੜ ਸਕੀ। ‘ਮਸਲਾ-ਏ-ਮਾਂਦੀਨ’ ਅਣ-ਸੁਲਝਿਆ ਹੀ ਰਹਿ ਗਿਆ।
ਦੋਹਾਂ ਸ਼ਬਦਕੋਸ਼ਾਂ ਨੂੰ ਵਾਚਣ ਤੋਂ ਬਾਅਦ ਮਿਲੀ ਅਸਫਲਤਾ ਕਾਰਨ ਪਤਨੀ ਵੱਲੋਂ ਲੇਖਕ ਹੋਣ ਦਾ ਮਾਰਿਆ ਗਿਆ ਤਾਹਨਾ, ਮੇਰੇ ਸੀਨੇ ਵਿਚ ਫਾਨਾ ਬਣ ਕੇ ਖੁੱਭਣ ਲੱਗ ਪਿਆ। ਇਕ ਵਾਰ ਸੋਚਿਆ, ਸ਼ਬਦ ਕੋਸ਼ ਸ਼ਾਸਤਰੀ ਬਲਜੀਤ ਬਾਸੀ ਨਾਲ ਹੀ ਗੱਲ ਕਰ ਕੇ ਵੇਖਾਂ ਪਰ ਫਿਰ ਮੇਰੇ ਅੰਦਰਲੀ ਹਊਮੈ ਰਾਹ ਵਿਚ ਆ ਗਈ ਕਿ ਕਿਤੇ ਉਹ ਇਹ ਹੀ ਨਾ ਸਮਝੇ ਕਿ ਵੱਡਾ ਕਾਲਮਨਵੀਸ ਬਣਿਆ ਫਿਰਦੈ, ਅਰਥ ਇਕ ਮਾੜਚੂ ਜਿਹੇ ਸ਼ਬਦ ਦੇ ਸਮਝ ਨਹੀਂ ਆਏ। ਕਿਸੇ ਨਾ ਕਿਸੇ ਤਰ੍ਹਾਂ ਇਹ ਘੁੰਡੀ ਖੋਲ੍ਹਣ ਦੀਆਂ ਮਨ ਹੀ ਮਨ ਵਿਚ ਕਈ ਵਿਉਂਤਾਂ-ਜੁਗਤਾਂ ਉਭਰੀਆਂ ਪਰ ਸਫ਼ਲਤਾ ਪੱਲੇ ਪੈਂਦੀ ਨਜ਼ਰ ਨਾ ਆਈ। ਮਸਲਨ, ਮੈਂ ਸੋਚਿਆ ਕਿ ਨੁਸਖਾ ਅਜ਼ਮਾ ਕੇ ਪਤਲੇ ਪਤੰਗ ਬਣੇ ਦੱਸੇ ਜਾਂਦੇ ਦਿਉਰ-ਦਰਾਣੀ ਕੋਲੋਂ ਕਿਸੇ ਆਨੇ-ਬਹਾਨੇ ਇਸ ਨਾਮੁਰਾਦ ‘ਮਾਂਦੀਨ’ ਦਾ ਮੂੰਹ-ਸਿਰ ਲੱਭ ਲਿਆ ਜਾਵੇ ਪਰ ਬਾਬੇ ਵੱਲੋਂ ਲਏ ਹੋਏ ਵਚਨ ਦੇ ਪੰਗੇ ਨੂੰ ਚੇਤੇ ਕਰਦਿਆਂ ਅਜਿਹਾ ਅਸੰਭਵ ਜਾਪਿਆ।
“ਅੱਜ ਨੌਵਾਂ ਦਿਨ ਹੋ ਗਿਐ ਫਲਾਣਿਆਂ ਦੇ ਘਰੇæææ।”
ਇਕ ਸ਼ਾਮ ਮੇਜ਼ ਦੁਆਲੇ ਚਾਹ ਪੀਣ ਬੈਠਿਆਂ ਮੇਰੀ ਪਤਨੀ ਨੇ ਜਿਉਂ ਹੀ ਕੋਈ ਗੱਲ ਸੁਣਾਉਣ ਲਈ ਉਤਲਾ ਫਿਕਰਾ ਬੋਲਿਆ, ਮੈਂ ਇਕ ਦਮ ਚੌਂਕਿਆ, “ਆਉ ਬਈ ਆਉ ਆਉ!æææ ਮਾਂ ਕਾ ਦੀਨਾ ‘ਮਾਂਦੀਨ’ ਆ ਗਿਆ ਅੜਿੱਕੇ ਅੱਜ!!” ਘਰ ਦੇ ਸਾਰੇ ਜੀਅ ਬਿਟਰ-ਬਿਟਰ ਮੇਰੇ ਮੂੰਹ ਵੱਲ ਝਾਕਣ ਲੱਗੇ ਕਿ ਇਸ ਨੂੰ ਅੱਜ ਕਿਥੋਂ ਇਲਹਾਮ ਹੋ ਗਿਐ ‘ਮਾਂਦੀਨ’ ਦੇ ਅਰਥਾਂ ਦਾ?”
ਕਈ ਦਿਨਾਂ ਤੋਂ ਜੰਗਾਲ ਖਾਧਾ ਬੰਦ ਜਿੰਦਰਾ ਬਣ ਕੇ ਦਿਮਾਗ ਵਿਚ ਫਸੇ ਹੋਏ ‘ਮਾਂਦੀਨ’ ਨੂੰ ਸਮਝੋ ਚਾਬੀ ਲੱਗ ਗਈ। ਪਤਨੀ ਵੱਲੋਂ ਸਹਿਜ ਸੁਭਾਅ ਬੋਲੇ ਗਏ ਉਕਤ ਵਾਕ ਦੇ ਪਹਿਲੇ ਤਿੰਨ ਸ਼ਬਦ ਅੱਜ ਨੌਵਾਂ ਦਿਨæææ ‘ਮਾਂਦੀਨ’ ਦੀ ਘੁੰਡੀ ਖੋਲ੍ਹਣ ਦਾ ਸਬੱਬ ਬਣ ਗਏ।
ਅਚਨਚੇਤ ਮੇਰੇ ਦਿਮਾਗ ਵਿਚ ਘੁੰਮ ਰਹੀ ਨੁਸਖੇ ਦੀ ਉਘੜ-ਦੁਘੜੀ ਸ਼ਬਦਾਵਲੀ ਨਾਲ ਨੌਵਾਂ ਦਿਨ ਠਾਹ ਕਰ ਕੇ ਟਕਰਾ ਗਿਆ। ਅੱਧਪੜ੍ਹ ਬਾਬਾ ਨਹੀਂ ਜਾਣਦਾ ਹੋਣਾ ਕਿ ਬੋਲਣ ਵਿਚ ਭਾਵੇਂ ਦਸਮਾਂ ਦਿਨ, ਸਤਾਰਮਾਂ ਦਿਨ ਜਾਂ ਉੱਨੀਮਾਂ ਦਿਨ ਕਹਿ ਲਿਆ ਜਾਂਦਾ ਹੈ ਪਰ ਲਿਖਣ ਵੇਲੇ ਦਸਵਾਂ, ਸਤਾਰਵਾਂ ਜਾਂ ਉਨੀਂਵਾਂ ਹੀ ਲਿਖਿਆ ਜਾਂਦਾ ਹੈ। ਲਗਾਂ ਮਾਤਰਾਂ ਖਾਸ ਕਰ ਕੇ ਸਿਹਾਰੀ ਬਿਹਾਰੀ ਦੀ ਵਰਤੋਂ ਤੋਂ ਅਨਜਾਣ ਬਾਬੇ ਨੇ, ਉਨੀਵਾਂ ਦਿਨ ਫਰੂਟ ਖਾਣਾ, ਸਿਰਫ਼ ਤਿੰਨੋਂ ਟਾਈਮ ਨੂੰ ਇਉਂ ਲਿਖ ਮਾਰਿਆ-
“19 ਮਾਂਦੀਨ ਫਲੂਟ ਖਾਣਾ ਸਿਰਫ਼ ਤਿੰਨੋਂ ਟੈਮ!’

Be the first to comment

Leave a Reply

Your email address will not be published.