ਸਰਨਾ ਭਰਾਵਾਂ ਸਮੇਤ ਅੱਠ ਜਣੇ ਤਨਖਾਹੀਏ ਕਰਾਰ

ਅੰਮ੍ਰਿਤਸਰ: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ, ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾæ ਆਰæ ਐਸ ਗਾਂਧੀ ਸਮੇਤ ਹੋਰ ਅਹੁਦੇਦਾਰਾਂ ਤੇ ਨਵ ਨਿਯੁਕਤ ਕੀਤੇ ਵਧੀਕ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਨੂੰ ਤਨਖਾਹੀਆ ਐਲਾਨ ਦਿੱਤਾ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਅਗਵਾਈ ਹੇਠ ਮੁੱਖ ਗ੍ਰੰਥੀ ਗਿਆਨੀ ਰਜਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗਿਆਨੀ ਬਲਦੇਵ ਸਿੰਘ, ਮੀਤ ਗ੍ਰੰਥੀ ਗਿਆਨੀ ਦਲੀਪ ਸਿੰਘ ਤੇ ਗ੍ਰੰਥੀ ਗਿਆਨੀ ਗੁਰਦਿਆਲ ਸਿੰਘ ਦੀ ਮੀਟਿੰਗ ਹੋਈ ਜਿਸ ਵਿਚ ਅੱਠ ਵਿਅਕਤੀਆਂ ਨੂੰ ਵੱਖ-ਵੱਖ ਦੋਸ਼ਾਂ ਹੇਠ ਮਹਾ ਦੋਸ਼ੀ ਕਰਾਰ ਦਿੰਦਿਆਂ ਤਨਖਾਹੀਆ ਐਲਾਨਿਆ ਗਿਆ ਹੈ।
ਇਸ ਬਾਰੇ ਗਿਆਨੀ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਆਰæਐਸ ਗਾਂਧੀ, ਜੂਨੀਅਰ ਮੀਤ ਪ੍ਰਧਾਨ ਮਹਾਰਾਜ ਸਿੰਘ ਸੋਨੂੰ ਤੇ ਜਨਰਲ ਸਕੱਤਰ ਚਰਨਜੀਤ ਸਿੰਘ ਨੂੰ ਗ਼ੈਰ ਅੰਮ੍ਰਿਤਧਾਰੀ ਹੋਣ ਦੇ ਦੋਸ਼ ਹੇਠ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਖ਼ਤ ਦੀ ਪ੍ਰਬੰਧਕੀ ਕਮੇਟੀ ਜਾਂ ਗੁਰਦੁਆਰਾ ਕਮੇਟੀ ਦੇ ਮੈਂਬਰ ਗ਼ੈਰ ਅੰਮ੍ਰਿਤਧਾਰੀ ਨਹੀਂ ਹੋ ਸਕਦੇ ਪਰ ਇਹ ਤਿੰਨੋਂ ਮੈਂਬਰ ਗ਼ੈਰ ਅੰਮ੍ਰਿਤਧਾਰੀ ਹਨ। ਇਨ੍ਹਾਂ ਨੂੰ ਅੰਮ੍ਰਿਤਧਾਰੀ ਹੋਣ ਲਈ ਆਖਿਆ ਗਿਆ ਸੀ ਪਰ ਉਨ੍ਹਾਂ ਕੋਈ ਤਵੱਜੋ ਨਹੀਂ ਦਿੱਤੀ।
ਇਸੇ ਤਰ੍ਹਾਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਉਨ੍ਹਾਂ ਦੇ ਭਰਾ ਤੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਤੇ ਦਿੱਲੀ ਕਮੇਟੀ ਦੇ ਸਾਬਕਾ ਆਗੂ ਹਰਭਜਨ ਸਿੰਘ ਵਾਲੀਆ ਖ਼ਿਲਾਫ਼ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਪੰਥ ਵਿਚੋਂ ਛੇਕੇ ਹੋਏ ਸਾਬਕਾ ਜਥੇਦਾਰ ਪ੍ਰੋæ ਦਰਸ਼ਨ ਸਿੰਘ ਨੂੰ ਆਪਣੇ ਘਰ ਸੱਦ ਕੇ ਪੰਜ ਤਖ਼ਤਾਂ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ। ਇਹ ਸਾਰੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਮੈਂਬਰ ਵੀ ਹਨ, ਜਿਥੋਂ ਸਭ ਤੋਂ ਪਹਿਲਾਂ ਰਾਗੀ ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕਿਆ ਗਿਆ ਸੀ। ਉਨ੍ਹਾਂ ਨੂੰ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਤੋਂ ਹਟਾਉਣ ਦਾ ਐਲਾਨ ਕਰਦਿਆਂ ਗਿਆਨੀ ਇਕਬਾਲ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਲਈ ਉਨ੍ਹਾਂ ਤਨਖਾਹੀਆ ਕਰਾਰ ਦਿੱਤਾ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਨਵਨਿਯੁਕਤ ਵਧੀਕ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਸਾਧੂ ਨੂੰ ਵੀ ਮਹਾ ਦੋਸ਼ੀ ਕਰਾਰ ਦਿੰਦਿਆਂ ਤਨਖਾਹੀਆ ਐਲਾਨਿਆ ਹੈ। ਗਿਆਨੀ ਪ੍ਰਤਾਪ ਸਿੰਘ ‘ਤੇ ਦੋਸ਼ ਲੱਗਾ ਹੈ ਕਿ ਉਨ੍ਹਾਂ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਵਧੀਕ ਗ੍ਰੰਥੀ ਦੀ ਨਿਯੁਕਤੀ ਹੋਣ ਮਗਰੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਨੂੰ ਝੂਠਾ ਲਿਖਤੀ ਬਿਆਨ ਦਿੱਤਾ ਹੈ ਕਿ ਉਨ੍ਹਾਂ ਦੀ ਵਧੀਕ ਗ੍ਰੰਥੀ ਵਜੋਂ ਕੋਈ ਨਿਯੁਕਤੀ ਨਹੀਂ ਹੋਈ ਹੈ। ਹਾਲਾਂਕਿ ਸੱਤ ਜਨਵਰੀ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਵਧੀਕ ਗ੍ਰੰਥੀ ਵਜੋਂ ਦਸਤਾਰ ਭੇਂਟ ਕਰਕੇ ਮਾਨਤਾ ਦਿੱਤੀ ਗਈ ਸੀ। ਭੁਪਿੰਦਰ ਸਿੰਘ ਸਾਧੂ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਵਾਪਰੀਆਂ ਘਟਨਾਵਾਂ ਲਈ ਮੁੱਖ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦਿਆਂ ਤਨਖਾਹੀਆ ਐਲਾਨਿਆ ਗਿਆ ਹੈ। ਪਟਨਾ ਸਾਹਿਬ ਵਿਚ ਵਾਪਰੀ ਘਟਨਾ ਬਾਰੇ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਕਮੇਟੀ ਇਸ ਮਾਮਲੇ ਦੀ ਜਾਂਚ ਕਰਕੇ ਆਪਣੀ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪ ਚੁੱਕੀ ਹੈ। ਇਸੇ ਤਰ੍ਹਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਵੀ ਇਸ ਮਾਮਲੇ ਦੀ ਜਾਂਚ ਕਰ ਚੁੱਕੀ ਹੈ ਪਰ ਫਿਲਹਾਲ ਉਸ ਨੇ ਆਪਣੀ ਰਿਪੋਰਟ ਨਹੀਂ ਸੌਂਪੀ ਹੈ।

Be the first to comment

Leave a Reply

Your email address will not be published.