ਪਾਕਿਸਤਾਨੀ ਸਿਲੇਬਸਾਂ ਵਿਚ ਸਿੱਖ ਰਾਜ ਦਾ ਜ਼ਿਕਰ ਹੀ ਨਹੀਂ!

ਅੰਮ੍ਰਿਤਸਰ: ਪਾਕਿਸਤਾਨ ਦੇ ਸਕੂਲਾਂ-ਕਾਲਜਾਂ ਦੇ ਸਿਲੇਬਸ ਵਿਚ ਸਿੱਖ ਧਰਮ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਬਾਰੇ ਕੋਈ ਜ਼ਿਕਰ ਨਹੀਂ ਹੈ। ਇਹ ਖੁਲਾਸਾ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਸੂਫੀਇਜ਼ਮ ਬਾਰੇ ਕੌਮਾਂਤਰੀ ਸਮਾਗਮ ਵਿਚ ਭਾਰਤ ਸਰਕਾਰ ਵੱਲੋਂ ਸ਼ਮੂਲੀਅਤ ਕਰਕੇ ਵਤਨ ਪਰਤੇ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਤਰਲੋਚਨ ਸਿੰਘ ਨੇ ਕੀਤਾ ਹੈ।
ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣਾ ਕੁੰਜੀਵਤ ਭਾਸ਼ਣ ਇਸ ਮਾਮਲੇ ‘ਤੇ ਹੀ ਦਿੰਦਿਆਂ ਕਿਹਾ ਹੈ ਕਿ ਸੂਫੀਇਜ਼ਮ ਇਸਲਾਮ ਦਾ ਹੈ ਪਰ ਮੁਸਲਿਮ ਸੂਫ਼ੀ ਸੰਤ ਅਸਾਂ ਸਾਂਭ ਕੇ ਰੱਖੇ ਹਨ। ਉਨ੍ਹਾਂ ਦੀਆਂ ਕਿਤਾਬਾਂ ਛਪਵਾਈਆਂ ਹਨ ਤੇ ਉਨ੍ਹਾਂ ਦੇ ਸਿਧਾਂਤ ਦਾ ਪ੍ਰਚਾਰ ਕੀਤਾ ਜਾਂਦਾ ਹੈ। ਬਾਬਾ ਫਰੀਦ ਜੀ ਦੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ। ਦੁਨੀਆ ਭਰ ਦੇ ਸਿੱਖ ਬਾਬਾ ਫਰੀਦ ਨੂੰ ਪੂਜਦੇ ਹਨ। ਬਾਬਾ ਫਰੀਦ ਦੇ ਨਾਂ ‘ਤੇ ਯੂਨੀਵਰਸਿਟੀ ਫਰੀਦਕੋਟ ਵਿਖੇ ਬਣਾਈ ਹੈ।
ਵਿਸ਼ਵ ਪ੍ਰਸਿੱਧ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਪਾਸੋਂ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਰਖਵਾਈ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵਿਚ ਉਨ੍ਹਾਂ ਦੇ ਮੁਸਲਿਮ ਵਜ਼ੀਰ ਸਨ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ ਤੇ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਹਿੰਦ-ਪਾਕਿ ਵੰਡ ਹੋਇਆਂ ਤਕਰੀਬਨ 67 ਸਾਲ ਹੋ ਗਏ ਹਨ ਪਰ ਪਾਕਿਸਤਾਨ ਨੇ ਸਿੱਖਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨੂੰ ਅਜੇ ਤੱਕ ਮਾਨਤਾ ਹੀ ਨਹੀਂ ਦਿੱਤੀ। ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਾ-ਦਲੀਲ ਭਾਸ਼ਣ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਯੂਨੀਵਰਸਿਟੀ ਲਾਹੌਰ ਪਾਕਿਸਤਾਨ ਦੇ ਉਪ ਕੁਲਪਤੀ ਡਾæ ਮੁਜਾਹਦ ਕਾਮਰਾਨ ਨੇ ਐਲਾਨ ਕੀਤਾ ਕਿ ਸਾਡੀਆਂ ਅੱਖਾਂ ਖੁੱਲ੍ਹ ਗਈਆਂ ਹਨ ਤੇ ਉਹ ਸਿੱਖ ਧਰਮ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਬਾਰੇ ਸੈਮੀਨਾਰ ਕਰਵਾਉਣਗੇ।
______________________________________
ਪੇਪਰ ‘ਚ ਗੁਰੂ ਨਾਨਕ ਦੇਵ ਬਾਰੇ ਇਤਰਾਜ਼ਯੋਗ ਸ਼ਬਦ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਮੱਧ ਪ੍ਰਦੇਸ਼ ਪ੍ਰੋਫ਼ੈਸ਼ਨਲ ਐਗਜ਼ਾਮੀਨੇਸ਼ਨ ਬੋਰਡ ਵੱਲੋਂ ਪੁਲਿਸ ਸਬ-ਇੰਸਪੈਕਟਰਾਂ ਦੀ ਭਰਤੀ ਲਈ ਕਰਵਾਏ ਜਨਰਲ ਨਾਲਿਜ ਦੇ ਪੇਪਰ ਵਿਚ ਸ੍ਰੀ ਗੁਰੁ ਨਾਨਕ ਦੇਵ ਜੀ ਬਾਰੇ ਇਤਰਾਜ਼ਯੋਗ ਸ਼ਬਦਾਂ ਦਾ ਪ੍ਰਯੋਗ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਪ੍ਰੋਫੈਸ਼ਨਲ ਐਗਜ਼ਾਮੀਨੇਸ਼ਨ ਬੋਰਡ ਦੀ ਇਸ ਘਟੀਆ ਕਾਰਵਾਈ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਮੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਰੋਸ ਪੱਤਰ ਲਿਖਿਆ ਹੈ। ਪੱਤਰ ਵਿਚ ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਕੀਤੀ ਇਸ ਘਿਨਾਉਣੀ ਹਰਕਤ ਨਾਲ ਦੇਸ਼-ਵਿਦੇਸ਼ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਕੋਝੀ ਤੇ ਘਿਨਾਉਣੀ ਹਰਕਤ ਲਈ ਜ਼ਿੰਮੇਵਾਰ ਦੋਸ਼ੀ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ।

Be the first to comment

Leave a Reply

Your email address will not be published.