ਇਹ ਤਾਂ ਟੱਟੀ ਹੈ!

ਬਲਜੀਤ ਬੱਲੀ
ਇੱਕ ਘਸੇ-ਪਿਟੇ ਲਤੀਫ਼ੇ ਨਾਲ ਗੱਲ ਸ਼ੁਰੂ ਕਰਨ ਦੀ ਗੁਸਤਾਖੀ ਕਰ ਰਿਹਾ ਹਾਂ। ਇੱਕ ਆਦਮੀ ਸੜਕ ‘ਤੇ ਤੁਰਿਆ ਜਾਂਦਾ ਸੀ ਤਾਂ ਉਸ ਨੂੰ ਇੱਕ ਥਾਂ ਟੱਟੀ ਜਿਹੀ ਦਿਖਾਈ ਦਿੱਤੀ। ਉਹ ਸੰਭਲ ਕੇ ਪਾਰ ਲੰਘ ਗਿਆ ਪਰ ਸੋਚੀਂ ਪੈ ਗਿਆ ਕੀ ਇਹ ਸੱਚਮੁੱਚ ਟੱਟੀ ਹੀ ਹੋਵੇਗੀ? ਚਲੋ ਮੁੜ ਕੇ ਦੇਖਦੇ ਹਾਂ। ਫਿਰ ਉਸ ਨੂੰ ਲੱਗਾ, ਨਹੀਂ ਇਹ ਟੱਟੀ ਨਹੀਂ ਹੈ ਤੇ ਆਪਣੇ ਰਾਹ ਪੈ ਗਿਆ। ਥੋੜੀ ਦੇਰ ਬਾਅਦ ਉਸ ਦੇ ਮਨ ਵਿਚ ਫਿਰ ਆਇਆ ਕਿ ਸ਼ਾਇਦ ਉਹ ਟੱਟੀ ਹੀ ਸੀ, ਮੈਂ ਚੱਜ ਨਾਲ ਨਹੀਂ ਦੇਖਿਆ। ਇਸ ਵਾਰ ਮੁੜ ਕੇ ਉਹ ਨੇੜਿਓਂ ਤੱਕਦਾ ਹੈ ਤੇ ਫਿਰ ਫੈਸਲਾ ਕਰਦਾ ਹੈ ਕਿ ਨਹੀਂ ਮੈਨੂੰ ਭੁਲੇਖਾ ਹੀ ਲੱਗਾ ਹੈ, ਇਹ ਟੱਟੀ ਨਹੀਂ ਹੈ। ਇਸ ਤਰ੍ਹਾਂ ਦੋ-ਤਿੰਨ ਵਾਰ ਹੋਰ ਕਰਨ ਤੋਂ ਬਾਅਦ ਫਿਰ ਇਕ ਵਾਰੀ ਦੇਖਣ ਚਲੇ ਜਾਂਦਾ ਹੈ। ਆਖਿਰ ਉਸ ਨੇ ਸੋਚਿਆ ਕਿ ਕਿਉਂ ਨਾ ਫੈਸਲਾਕੁਨ ਨਤੀਜੇ ‘ਤੇ ਪੁੱਜਣ ਲਈ ਇਸ ਨੂੰ ਚਖ ਕੇ ਦੇਖਿਆ ਜਾਵੇ। ਸੋ, ਉਸ ਨੇ ਅਜਿਹਾ ਹੀ ਕੀਤਾ। ਟੱਟੀ ਚਖਣ ਤੋਂ ਬਾਅਦ ਇਕ ਦਮ ਥੂਅ ਕਰਦਾ ਉਹ ਆਪੇ ਵਿਚ ਬੋਲਿਆ, “ਉਹ! ਇਹ ਤਾਂ ਟੱਟੀ ਹੈ, ਚੰਗਾ ਹੋਇਆ ਕਿਤੇ ਪੈਰਾਂ ਨੂੰ ਨਹੀਂ ਲੱਗ ਗਈ।”
ਮੰਨੂ ਸਿਮ੍ਰਤੀ ਵਿਚ ਜਿਨ੍ਹਾਂ ਗੱਲਾਂ ਦੀ ਮਨਾਹੀ ਕੀਤੀ ਗਈ ਹੈ, ਉਨ੍ਹਾਂ ਵਿਚੋਂ ਇਕ ਰਾਹ ਵਿਚ ਟੱਟੀ ਫਿਰਨਾ ਵੀ ਹੈ, ਸ਼ਾਇਦ ਇਸ ਦੀ ਕੋਈ ਸਜ਼ਾ ਵੀ ਦੱਸੀ ਗਈ ਹੈ। ਪਰ ਸਾਡੇ ਸ਼ੇਰ ਦੇ ਬੱਗੇ ਅਜੇ ਵੀ ਇਹ ਕਾਰਾ ਰਾਹਾਂ ਦੇ ਕਿਨਾਰਿਆਂ ‘ਤੇ ਕਰਨ ਤੋਂ ਬਾਜ਼ ਨਹੀਂ ਆਉਂਦੇ। ਹੁਣ ਤਾਂ ਗੱਲ ਬਹੁਤ ਅੱਗੇ ਵਧ ਚੁੱਕੀ ਹੈ, ਰੇਲਾਂ ਦੀਆਂ ਪਟੜੀਆਂ ਵੀ ਇਸ ਦੀਆਂ ਸ਼ਿਕਾਰ ਹੋ ਚੁੱਕੀਆਂ ਹਨ। ਪਤਾ ਨਹੀਂ ਜੰਗਲ ਪਾਣੀ ਦੀ ਥਾਂ ਰੇਲਪਾਣੀ ਸ਼ਬਦ ਕਿਉਂ ਨਹੀਂ ਬਣਿਆ।
ਕਈ ਵਾਰੀ ਇਹ ਗੱਲ ਦੁਹਰਾਈ ਜਾ ਚੁੱਕੀ ਹੈ ਕਿ ਕਿਸੇ ਵੀ ਸ਼ਬਦ ਦੇ ਨਿਰਮਾਣ ਪਿਛੇ ਕੋਈ ਇਕ ਭਾਵ ਹੀ ਕੰਮ ਕਰ ਰਿਹਾ ਹੁੰਦਾ ਹੈ। ਦੂਜੀ ਗੱਲ ਇਹ ਹੈ ਕਿ ਕਈ ਕਾਰਨਾਂ ਕਰਕੇ ਅਸਭਿਅ, ਅਸ਼ਲੀਲ ਤੇ ਸ਼ਰਮਨਾਕ ਸਮਝੀਆਂ ਜਾਂਦੀਆਂ ਹਰਕਤਾਂ ਜਾਂ ਵਿਚਾਰਾਂ ਨੂੰ ਦਰਸਾਉਣ ਲਈ ਘੁਮਾ ਫਿਰਾ ਕੇ ਗੱਲ ਕੀਤੀ ਜਾਂਦੀ ਹੈ। ਕਈ ਵਾਰੀ ਤਾਂ ਦੂਜੀ ਭਾਸ਼ਾ ਦੀ ਹੀ ਵਰਤੋਂ ਕਰ ਲਈ ਜਾਂਦੀ ਹੈ। ਮੇਰੇ ਸੁਣਨ ਵਿਚ ਆਇਆ ਹੈ ਕਿ ਕਈ ਲੋਕ ਆਪਣੇ ਜਵਾਈ ਦਾ ਤੁਆਰਫ਼ ਕਰਾਉਣ ਲੱਗਿਆਂ ਕਹਿੰਦੇ ਹਨ, “ਇਹ ਮੇਰਾ ਦਾਮਾਦ ਹੈ।” ਤੇ ਸਾਲੇ ਦਾ ਪਰਿਚੈ “ਬਰਦਰ ਇਨ ਲਾਅ” ਕਹਿ ਕੇ ਕੀਤਾ ਜਾਂਦਾ ਹੈ। ਟੱਟੀ ਜਾਣ ਨੂੰ ਆਮ ਤੌਰ ‘ਤੇ ਟਾਇਲਟ, ਲੈਟਰੀਨ ਜਾਂ ਬਾਥ ਰੂਮ ਜਾਣਾ ਕਹਿ ਲਿਆ ਜਾਂਦਾ ਹੈ। ਲੈਟਰੀਨ ਆਈ ਜਾਂ ਬਾਥਰੂਮ ਆਇਆ ਵੀ ਆਮ ਕਹਿੰਦੇ ਸੁਣਿਆ ਹੈ। ਇਥੋਂ ਤੱਕ ਕਿ ਟੱਟੀਆਂ ਲੱਗਣ ਨੂੰ ਵੀ ਟਾਇਲਟਾਂ ਲੱਗੀਆਂ ਆਮ ਕਹਿੰਦੇ ਹਨ। ਇਸ ਕੰਮ ਲਈ ਹੋਰ ਸ਼ਬਦ ਹਨ-ਜੰਗਲ ਪਾਣੀ ਜਾਣਾ, ਝਾੜੇ ਜਾਣਾ, ਬਾਹਰ ਜਾਣਾ, ਹੱਗਣਾ। ਟੱਟੀ ਆਉਣ ਨੂੰ ਪੇਂਡੂ ਔਰਤਾਂ ਆਮ ਹੀ ਬਾਹਰ ਆਇਆ ਕਹਿੰਦੀਆਂ ਹਨ। ਬੱਚਿਆਂ ਲਈ ਅੰਗਰੇਜ਼ੀ ਸ਼ਬਦ ਪੌਟੀ ਚੱਲ ਪਿਆ ਹੈ। ਕਈ ਵਾਰੀ ਤਾਂ ਸਿਆਣੇ ਵੀ ਪੌਟੀ ਆਈ ਜਾਂ ਪੌਟੀਆਂ ਲੱਗ ਗਈਆਂ ਕਹਿ ਦਿੰਦੇ ਹਨ। ਕੁਝ ਹੋਰ ਪ੍ਰਗਟਾਅ ਜੋ ਆਮ ਤੌਰ ‘ਤੇ ਬੋਲਚਾਲ ਵਿਚ ਘਟ ਪਰ ਲਿਖਤ ਵਿਚ ਵਧੇਰੇ ਵਰਤੇ ਜਾਂਦੇ ਹਨ, ਉਹ ਹਨ-ਪਾਖਾਨਾ, ਸੰਡਾਸ, ਵਿਸ਼ਟਾ, ਮਲ ਤਿਆਗ। ਕੁਝ ਖਿਝਮਈ ਸੰਦਰਭਾਂ ਵਿਚ ਗੂੰਹ ਤੋਂ ਵੀ ਕੰਮ ਲਿਆ ਜਾਂਦਾ ਹੈ। ਫਿਰ ਵੀ ਇਹ ਨੋਟ ਕੀਤਾ ਗਿਆ ਹੈ ਕਿ ਟੱਟੀ ਸ਼ਬਦ ਕਈ ਪੜ੍ਹੇ ਲਿਖੇ ਜਾਂ ਅਖੌਤੀ ਸ਼ਿਸ਼ਟ ਲੋਕ ਵੀ ਖੁਲ੍ਹ ਕੇ ਵਰਤ ਲੈਂਦੇ ਹਨ। ਅੱਜ ਅਸੀਂ ਟੱਟੀ ਸ਼ਬਦ ਦੀ ਟੱਟੀ ਕਢਣੀ ਹੈ। ਸਾਡੇ ਦਿਮਾਗ ਵਿਚ ਟੱਟੀ ਤੋਂ ਮੁਰਾਦ ਉਹ ਅੰਤਮ ਉਤਪਾਦ ਹੈ ਜੋ ਮੂੰਹ ਤੋਂ ਸ਼ੁਰੂ ਹੋ ਕੇ ਪੇਟ ਦੀਆਂ ਕਈ ਘੁੰਮਣਘੇਰੀਆਂ ਖਾਂਦਾ ਤੇ ਪੌਸ਼ਟਿਕ ਤੇ ਪਾਚਕ ਤੱਤਾਂ ਤੋਂ ਵਿਰਵਾ ਹੁੰਦਾ ਆਖਿਰ ਗੁਦਾ ਰਾਹੀਂ ਇਕ ਫੋਕਟ ਦੇ ਰੂਪ ਵਿਚ ਬਾਹਰ ਮੂੰਹ ਕਢਦਾ ਹੈ। ਇਸ ਨੂੰ ਵਿਸ਼ਟਾ ਵੀ ਕਿਹਾ ਜਾਂਦਾ ਹੈ। ਪਰ ਵਾਸਤਵ ਵਿਚ ਇਸ ਦੇ ਮੁਢਲੇ ਅਰਥ ਅਜਿਹੇ ਨਹੀਂ ਹਨ।
ਮਹਾਨ ਕੋਸ਼ ਨੇ ਬਜਾ ਫਰਮਾਇਆ ਹੈ, 1æ “ਖ਼ਸ, ਬਾਂਸ, ਸਰਕੁੜੇ ਆਦਿ ਦੀ ਕੰਧ ਅਥਵਾ ਪੜਦਾ, ਟਟਿਆ 2æ ਪਾਖਾਨੇ ਬੈਠਣ ਲਈ ਕੀਤੀ ਹੋਈ ਓਟ।” ਸਪਸ਼ਟ ਹੈ ਕਿ ਟੱਟੀ ਮੁਢਲੇ ਰੂਪ ਵਿਚ ਘਾਹ ਫੂਸ ਜਾਂ ਬਾਂਸ ਆਦਿ ਦਾ ਬਣਿਆ ਓਟਾ ਹੈ ਜਿਸ ਦੇ ਪਰਦੇ ਵਿਚ ਮਲ ਤਿਆਗ ਕੀਤਾ ਜਾਂਦਾ ਸੀ। ਇਕ ਮੁਹਾਵਰੇ ਵਿਚ ਟੱਟੀ ਦੇ ਇਹ ਮੁਢਲੇ ਅਰਥ ਸਹੀ ਹੁੰਦੇ ਹਨ, ਟੱਟੀ ਦੀ ਆੜ ਵਿਚ ਸ਼ਿਕਾਰ ਕਰਨਾ ਮਤਲਬ ਓਹਲਾ ਕਰਕੇ ਵਾਰ ਕਰਨਾ।
ਗੁਰੂ ਗ੍ਰੰਥ ਸਾਹਿਬ ਵਿਚ ਟਾਟੀ ਦੇ ਰੂਪ ਵਿਚ ਇਹ ਸ਼ਬਦ ਦੋ ਵਾਰੀ ਇਨ੍ਹਾਂ ਹੀ ਅਰਥਾਂ ਵਿਚ ਆਇਆ ਹੈ। ਭਗਤ ਕਬੀਰ ਫਰਮਾਉਂਦੇ ਹਨ, “ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ॥” ਭਗਤ ਰਵਿਦਾਸ ਨੇ ਵੀ ਇਹ ਸ਼ਬਦ ਵਰਤਿਆ ਹੈ, “ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ॥” ਇਸ ਤਰ੍ਹਾਂ ਟੱਟੀ ਜਾਂ ਟਾਟੀ ਸ਼ਬਦ ਘਾਹ ਫੂਸ ਦਾ ਹਲਕਾ ਜਿਹਾ ਛੱਪਰ ਸਾਬਿਤ ਹੁੰਦਾ ਹੈ। ਸੋ, ਸ਼ੁਰੂ ਵਿਚ ਟੱਟੀ ਜਾਣਾ ਦਾ ਮਤਲਬ ਮਲ ਤਿਆਗ ਲਈ ਇਸ ਪਰਦੇ ਅੰਦਰ ਜਾਣਾ ਸੀ। ਕਈ ਲੋਕਾਂ ਨੇ ਖਸਖਸ ਦੀ ਟੱਟੀ ਜ਼ਰੂਰ ਦੇਖੀ/ਸੁਣੀ ਹੋਵੇਗੀ। ਇਹ ਇਕ ਫੱਟੀਆਂ ਦਾ ਚੌਖਟਾ ਹੁੰਦਾ ਹੈ ਜਿਸ ਵਿਚ ਖਸ ਨਾਂ ਦਾ ਖੁਸ਼ਬੂਦਾਰ ਘਾਹ ਤੁੰਨਿਆ ਹੁੰਦਾ ਹੈ। ਇਸ ਨੂੰ ਅੱਜ ਕੱਲ੍ਹ ਦੇ ਕੂਲਰਾਂ ਵਾਂਗ ਬਾਰੀਆਂ ‘ਤੇ ਲਾਇਆ ਜਾਂਦਾ ਸੀ ਤੇ ਘੜੀ ਮੁੜੀ ਇਸ ‘ਤੇ ਪਾਣੀ ਛਿੜਕਿਆ ਜਾਂਦਾ ਸੀ ਤਾਂ ਜੋ ਭਰ ਗਰਮੀ ਦੌਰਾਨ ਅੰਦਰ ਠੰਡੀ ਹਵਾ ਆਵੇ। ਇਸ ਤਰ੍ਹਾਂ ਟੱਟੀ ਇਕ ਸ਼ਿਸ਼ਟ ਸ਼ਬਦ ਸੀ ਜਿਵੇਂ ਬਾਹਰ ਜਾਣਾ ਇਕ ਸ਼ਿਸ਼ਟ ਉਕਤੀ ਹੈ। ਦਿਲਚਸਪ ਗੱਲ ਹੈ ਕਿ ਮਹਾਨ ਕੋਸ਼ ਵਿਚ ਟੱਟੀ ਦੇ ਤੀਸਰੇ ਅਰਥ ਇਸ ਤਰ੍ਹਾਂ ਦਿੱਤੇ ਹੋਏ ਹਨ, “3æ ਮੁਹਾਵਰੇ ਵਿਚ ਪਾਖਾਨੇ (ਵਿਸ਼ਠਾ) ਨੂੰ ਵੀ ਟੱਟੀ ਆਖ ਦਿੰਦੇ ਹਨ।”
ਕਾਹਨ ਸਿੰਘ ਦੇ ਵੇਲੇ ਅਜਿਹਾ ਪ੍ਰਯੋਗ ਇੱਕ ਮੁਹਾਵਰਾ ਹੀ ਸੀ। ਅੱਜ ਜਦ ਉਸ ਪ੍ਰਕਾਰ ਦੀਆਂ ਟੱਟੀਆਂ ਨਹੀਂ ਰਹੀਆਂ ਤਾਂ ਟੱਟੀ ਸ਼ਬਦ ਦਾ ਮੁਖ ਅਰਥ ਹੀ ਵਿਸ਼ਟਾ ਬਣ ਕੇ ਨਿੱਖਰ ਆਇਆ ਹੈ। ਸੋਚੋ ਜ਼ਰਾ, ਅੱਜ ਟੱਟੀ ਟੈਸਟ ਕਰਾਉਣ ਦਾ ਮਤਲਬ ਬੀਮਾਰੀ ਆਦਿ ਲਭਣ ਲਈ ਵਿਸ਼ਟਾ ਦਾ ਮਾਹਰਾਂ ਤੋਂ ਵਿਸ਼ਲੇਸ਼ਣ ਕਰਾਉਣਾ ਹੈ ਪਰ ਜਦੋਂ ਓਟ ਦੇ ਰੂਪ ਵਿਚ ਟੱਟੀਆਂ ਬਣਨੀਆਂ ਸ਼ੁਰੂ ਹੋਈਆਂ ਹੋਣਗੀਆਂ ਉਦੋਂ ਇਸ ਦਾ ਮਤਲਬ ਇਹ ਜਾਂਚ ਕਰਾਉਣਾ ਹੋਵੇਗਾ ਕਿ ਇਕ ਪਰਦੇ ਵਜੋਂ ਟੱਟੀ ਠੀਕ ਤਰ੍ਹਾਂ ਲੁਕਵੀਂ ਬਣੀ ਹੈ ਜਾਂ ਨਹੀਂ! ਸੋ ਸਭ ਤੋਂ ਪਹਿਲਾਂ ਟੱਟੀ ਜਾਣਾ ਉਕਤੀ ਬਣੀ, ਫਿਰ ਟੱਟੀ ਫਿਰਨਾ ਤੇ ਫਿਰ ਟੱਟੀ ਆਉਣਾ। ਫਿਰ ਤਾਂ ਟੱਟੀ ਨਾਲ ਜੁੜੀਆਂ ਮਾਨਸਿਕ-ਸਰੀਰਕ ਲੱਛਣਾਂ ਤੋਂ ਅਨੇਕਾਂ ਮੁਹਾਵਰੇ ਬਣ ਗਏ ਜਿਵੇਂ ਕਿਸੇ ਨੂੰ ਬੁਰੀ ਤਰ੍ਹਾਂ ਥੱਲੇ ਲਾਉਣ ਲਈ ਟੱਟੀ ਕੱਢਣਾ; ਬਹੁਤ ਸੰਤੋਖ ਵਾਲੀ ਸਥਿਤੀ ਲਈ ਟੱਟੀ ਖੁਲ੍ਹ ਕੇ ਆਉਣਾ, ਡਰ ਦੇ ਮਾਰੇ ਟੱਟੀ ਖੁਸ਼ਕ ਹੋਣਾ, ਜਾਂ ਟੱਟੀ ਨਿਕਲਣਾ। Ḕਟੱਟੀ ਥੋੜੀ ਤੇ ਪਿੜ ਪਿੜ ਜਾਦਾḔ ਦਾ ਮਤਲਬ Ḕਜੋ ਗਰਜਦੇ ਹਨ ਉਹ ਵਰਸਦੇ ਨਹੀਂḔ ਵਾਲਾ ਹੀ ਹੈ। ਦੇਸੀ ਹਕੀਮ ਟੱਟੀ ਦੇ ਲੱਛਣਾਂ ਤੋਂ ਬੀਮਾਰੀ ਦੇ ਕਾਰਨ ਲਭ ਕੇ ਔਸ਼ਧੀ ਵੀ ਦਿੰਦੇ ਸਨ। ਕਹਾਵਤ ਹੈ, “ਜੇ ਟੱਟੀ ਚਿਰਰਰ ਕਰਕੇ ਆਵੇ ਤਾਂ ਬੰਦੇ ਨੂੰ ਗਰਮੀ ਲੱਗੀ ਹੋਈ ਹੈ ਜੇ ਪਿਰਰਰ ਕਰਕੇ ਆਵੇ ਤਾਂ ਵਾਇ ਵਾਦੀ ਦੀ ਸ਼ਿਕਾਇਤ ਹੈ।”
ਟੱਟੀ ਕਰਨ ਵੇਲੇ ਬੰਦਾ ਆਪਣੇ ਆਪ ਵਿਚ ਹੁੰਦਾ ਹੈ ਤੇ ਆਪਣੇ ਤਨ, ਮਨ ‘ਤੇ ਚੜ੍ਹੇ ਅਥਾਹ ਬੋਝ ਤੋਂ ਹਲਕਾ ਹੋ ਰਿਹਾ ਮਹਿਸੂਸ ਕਰਦਾ ਹੁੰਦਾ ਹੈ। ਟੱਟੀਖਾਨੇ ਵਿਚ ਲੋਕ ਅਕਸਰ ਹੀ ਅਖਬਾਰਾਂ, ਰਿਸਾਲੇ ਜਾਂ ਕਿਤਾਬਾਂ ਪੜ੍ਹਨ ਲਗਦੇ ਹਨ। ਕਈਆਂ ਨੇ ਤਾਂ ਟੱਟੀਖਾਨੇ ਵਿਚ ਕਿਤਾਬਾਂ ਦੀ ਟਾਂਡ ਹੀ ਬਣਾਈ ਹੋਈ ਹੈ। ਮਹਾਤਮਾ ਗਾਂਧੀ ਦਾ ਇੰਕਸ਼ਾਫ਼ ਹੈ ਕਿ ਉਸ ਨੂੰ ਗੀਤਾ ਦੀ ਸਮਝ ਸਭ ਤੋਂ ਵੱਧ ਟੱਟੀ ਕਰਦਿਆਂ ਆਈ। ਮੇਰੇ ਬਚਪਨ ਵਿਚ ਇਕ ਗਾਣਾ ਪ੍ਰਚਲਤ ਸੀ, “ਓਹ ਵੇਲਾ ਯਾਦ ਕਰ।” ਮੈਂ ਜਦ ਵੀ ਇਹ ਗਾਣਾ ਗਾਉਣ ਲਗਦਾ, ਗੁਆਂਢ ਦਾ ਇਕ ਬੰਦਾ ਜਵਾਬੀ ਵਾਰ ਕਰਦਾ ਕਹਿੰਦਾ, “ਜਦ ਟੱਟੀ ਬੈਠੇ ਨੇ ਬੇਰ ਖਾਧੇ ਸੀ।” ਇਹ ਉਸ ਕਹਾਣੇ ਵੱਲ ਇਸ਼ਾਰਾ ਹੈ ਜਿਸ ਅਨੁਸਾਰ ਜਦ ਕਿਸੇ ਨੂੰ ਖੇਤ ਵਿਚ ਟੱਟੀ ਬੈਠੇ ਨੂੰ ਬੇਰ ਲਭ ਪਿਆ ਤਾਂ ਉਹ ਉਥੇ ਹੀ ਖਾਣ ਲੱਗ ਪਿਆ, ਮਤਲਬ ਦੂਹਰਾ ਸਵਾਦ ਲੈਣ ਲੱਗ ਪਿਆ।
ਟੱਟੀ ਸ਼ਬਦ ḔਸਥḔ ਧਾਤੂ ਤੋਂ ਬਣਿਆ ਪ੍ਰਤੀਤ ਹੁੰਦਾ ਹੈ ਜਿਸ ਦਾ ਮਤਲਬ ਖੜਾ ਕਰਨਾ, ਸਥਿਤ ਕਰਨਾ ਆਦਿ ਹੁੰਦਾ ਹੈ। ਇਸ ਤੋਂ ਢਾਂਚਾ ਜੋ ਖੜਾ ਕੀਤਾ ਜਾਂਦਾ ਹੈ, ਦੇ ਭਾਵ ਉਤਪੰਨ ਹੁੰਦੇ ਹਨ। ਪਰਦਾ, ਓਟਾ, ਛੱਪਰ ਆਦਿ ਇਕ ਤਰ੍ਹਾਂ ਦੇ ਖੜੇ ਕੀਤੇ ਢਾਂਚੇ ਹੀ ਹਨ। ਟਾਟ ਸ਼ਬਦ ਵੀ ਇਥੇ ਥਾਂ ਸਿਰ ਹੈ। ਇਸੇ ਸਥ ਤੋਂ ਠਾਠ/ਠਾਟ ਸ਼ਬਦ ਬਣਿਆ ਜਿਸ ਦਾ ਮਤਲਬ ਖਾਸ ਤੌਰ ‘ਤੇ ਘਾਹ-ਫੂਸ ਨਾਲ ਵਲਿਆ ਢਾਂਚਾ ਹੁੰਦਾ ਹੈ। ਇਸ ਦਾ ਅਰਥ ਵੀ ਢਾਂਚਾ ਹੁੰਦਾ ਹੈ। ਇਸ ਵਿਚ ਸੱਤ ਸੁਰਾਂ ਦੇ ਆਪੋ ਆਪਣੇ ਥਾਂ ‘ਤੇ ਠਹਿਰਨ ਦਾ ਭਾਵ ਵੀ ਹੈ। ਠਾਠ ਦਾ ਆਮ ਜਾਣਿਆ ਜਾਂਦਾ ਅਰਥ ਸਜ ਧਜ, ਟੌਅਰ, ਸ਼ਿੰਗਾਰ, ਰੁਹਬ-ਦਾਬ ਹੈ। ਇਸੇ ਤੋਂ ਠੱਠੀ ਸ਼ਬਦ ਬਣਿਆ ਜੋ ਗਰੀਬਾਂ, ਖਾਸ ਤੌਰ ‘ਤੇ ਬਾਲਮੀਕਾਂ ਦੀ ਬਸਤੀ ਨੂੰ ਕਿਹਾ ਜਾਂਦਾ ਹੈ। ਪੰਜਾਬ ਵਿਚ ਠੱਠੀਆਂ ਨਾਂ ਦਾ ਇਕ ਪਿੰਡ ਵੀ ਹੈ। ਪ੍ਰਸਿਧ ਗਦਰੀ ਬਾਬਾ ਜਵਾਲਾ ਸਿੰਘ ਇਥੋਂ ਦਾ ਹੀ ਸੀ।
ਸਥ ਧਾਤੂ ਤੋਂ ਬਣੇ ਸ਼ਬਦਾਂ ਦੀ ਗਿਣਤੀ ਕਰਨ ਲੱਗਾਂ ਤਾਂ ਮੇਰੀ ਆਪਣੀ ਟੱਟੀ ਨਿਕਲ ਜਾਣੀ ਹੈ। ਬਹੁਤ ਸਾਰੇ ਸ਼ਬਦ ਫਿਰ ਕਿਸੇ ਵੇਲੇ ਲਈ ਰੱਖ ਲੈਂਦੇ ਹਾਂ। ਪਰ ਜਾਂਦਾ ਜਾਂਦਾ ਇਕ ਹੋਰ ਸੰਕੇਤ ਦੇ ਦੇਵਾਂ ਕਿ ਟੱਟੀ ਦੇ ਅਰਥਾਂ ਵਾਲੇ ਅੰਗਰੇਜ਼ੀ ਸ਼ਬਦ ਸਟੂਲ (ਸਟੋਲ) ਦਾ ਵੀ ਇਸ ਨਾਲ ਵਿੰਗਾ ਟੇਢਾ ਸਾਕਾਦਾਰੀ ਦਾ ਸਬੰਧ ਹੈ। ਗੱਲ ਇਸ ਤਰ੍ਹਾਂ ਹੈ ਕਿ ਟੱਟੀ ਤੇ ਹੋਰ ਗਿਣਾਏ ਸ਼ਬਦ ਹਿੰਦ-ਯੂਰਪੀ ਅਸਲੇ ਵਾਲੇ ਹਨ। ਇਸ ਦਾ ਭਾਰੋਪੀ ਮੂਲ ਸਟਾ (ਸਟਅ) ਹੈ ਜਿਸ ਦਾ ਅਰਥ ਸੰਸਕ੍ਰਿਤ ਧਾਤੂ ਸਥ ਦੀ ਹੀ ਤਰ੍ਹਾਂ ਖੜਾ ਹੋਣਾ, ਸਥਿਤ ਹੋਣਾ ਹੁੰਦਾ ਹੈ। ਇਸ ਤੋਂ ਹੀ ਅੰਗਰੇਜ਼ੀ ਦੇ ਸਟਅਨਦ ਤੇ ਸਟੇਸ਼ਨ ਸ਼ਬਦ ਬਣੇ। ਸਥਾਨ, ਥਾਂ, ਥਾਣਾ, ਫਾਰਸੀ ਅਸਲੇ ਵਾਲਾ ਸਤਾਨ, ਇਸੇ ਮੂਲ ਨਾਲ ਜਾ ਜੁੜਦੇ ਹਨ। ਹੁਣ ਆਈਏ ਸਟੂਲ ‘ਤੇ। ਪੁਰਾਣੀ ਅੰਗਰੇਜ਼ੀ ਵਿਚ ਇਸ ਦਾ ਅਰਥ Ḕਇਕ ਜਣੇ ਦੇ ਬੈਠਣ ਵਾਲੀ ਸੀਟḔ ਸੀ। ਪੁਰਾਣੀਆਂ ਜਰਮੈਨਿਕ ਭਾਸ਼ਾਵਾਂ ਵਿਚ ਇਸ ਦਾ ਅਰਥ ਰਾਜ ਸਿੰਘਾਸਣ ਜਾਂ ਤਖਤ ਵੀ ਸੀ। ਹੌਲੀ ਹੌਲੀ ਸੀਟ ਲਈ ਚੇਅਰ ਸ਼ਬਦ ਵਰਤਿਆ ਜਾਣ ਲੱਗਾ ਤੇ ਸਟੂਲ ਦੀ ਵੁੱਕਤ ਘਟ ਗਈ। ਇਸ ਦੀ ਢੋਅ ਤੇ ਬਾਹਵਾਂ ਲਹਿ ਗਈਆਂ ਤੇ ਇਹ ਅੱਜ ਵਰਗਾ ਨਿਮਾਣਾ ਜਿਹਾ ਆਸਣ ਬਣ ਗਿਆ। ਫਿਰ ਸਟੂਲ ਦਾ ਅਰਥ ḔਨਿੱਜੀḔ ਹੋ ਗਿਆ ਤੇ ਨਿਘਰਦਾ ਨਿਘਰਦਾ Ḕਇਕ ਵਾਰੀ ਵਿਚ ਫਿਰੀ ਟੱਟੀḔ ਜਾਂ ਝਾੜ ਹੋ ਗਿਆ।

Be the first to comment

Leave a Reply

Your email address will not be published.