ਜਨਾਬ ਅਫਜ਼ਲ ਅਹਿਸਾਨ ਰੰਧਾਵਾ ਪੱਛਮੀ ਪਾਕਿਸਤਾਨ ਦਾ ਉਹ ਕਹਾਣੀਕਾਰ ਹੈ ਜਿਸ ਨੇ ਪੰਜਾਬ ਦੇ ਪੇਂਡੂ ਜੀਵਨ ਬਾਰੇ ਬਹੁਤ ਹੀ ਨਸੀਫ ਕਹਾਣੀਆਂ ਲਿਖੀਆਂ ਹਨ। ਉਸ ਦਾ ਇਕ ਕਹਾਣੀ ਸੰਗ੍ਰਿਹ Ḕਰੰਨ, ਤਲਵਾਰ ਤੇ ਘੋੜਾḔ ਕਈ ਸਾਲ ਪਹਿਲਾਂ ਗੁਰਮੁਖੀ ਲਿਪੀ ਵਿਚ ਛਪਿਆ ਸੀ ਜਿਸ ਵਿਚਲੀਆਂ ਉਸ ਦੀਆਂ ਕਹਾਣੀਆਂ ਪੁਰਾਣੇ ਪੰਜਾਬ ਦੇ ਅਸਲੀ ਪੇਂਡੂ ਸਭਿਆਚਾਰ ਦਾ ਅਕਸ ਪੇਸ਼ ਕਰਦੀਆਂ ਹਨ। ਉਹ ਮਨੁੱਖੀ ਮਨ ਦੀਆਂ ਪਰਤਾਂ ਬਹੁਤ ਹੀ ਖੂਬਸੂਰਤੀ ਨਾਲ ਫਰੋਲਦਾ ਹੈ। ਹਥਲੀ ਕਹਾਣੀ ਵਿਚ ਵੀ ਉਸ ਨੇ ਮਨੁੱਖੀ ਮਨ ਦੀਆਂ ਡੂੰਘਾਣਾਂ ਦੀ ਥਾਹ ਪਾਉਣ ਦੀ ਕੋਸ਼ਿਸ਼ ਕੀਤੀ ਹੈ। -ਸੰਪਾਦਕ
ਅਫ਼ਜ਼ਲ ਅਹਿਸਨ ਰੰਧਾਵਾ
ਚੌਥੇ ਬੰਦੇ ਪੁੱਛਿਆ, “ਹੰਗੂਰਾ ਕੌਣ ਦੇਵੇਗਾ?”
“ਮੈਂ,” ਪੰਜਵੇਂ ਆਖਿਆ, “ਹੰਗੂਰਾ ਦੇਣ ਦੀ ਵਾਰੀ ਮੇਰੀ ਏ!”
ਚੌਥੇ ਬੰਦੇ ਖੰਘੂਰਾ ਮਾਰ ਕੇ ਜਿਵੇਂ ਸੰਘ ਸਾਫ਼ ਕੀਤਾ।
ਪਹਿਲਾ ਬੰਦਾ ਜਿਹੜਾ ਦੂਜੇ ਤੇ ਤੀਜੇ ਵਾਂਗ ਆਪਣੀ ਗੱਲ ਸੁਣਾ ਕੇ ਆਪਣੇ ਇਮਤਿਹਾਨ ਵਿਚੋਂ ਲੰਘ ਚੁੱਕਿਆ ਸੀ, ਚੌਥੇ ਦੇ ਸਵਾਲ ਤੇ ਫੇਰ ਉਹ ਖੰਘੂਰਾ ਮਾਰ ਕੇ ਸੰਘ ਸਾਫ਼ ਕਰਨ ‘ਤੇ ਨਿੰਮ੍ਹਾ ਜਿਹਾ ਹੱਸ ਪਿਆ। ਚੌਥੇ ਦਾ ਸਵਾਲ ਹੀ ਅਧੂਰਾ ਜਿਹਾ ਸੀ। ਕਿਉਂ ਜੁ ਕਹਾਣੀ ਵਿਚ ਹੰਗੂਰਾ ਦੇਣ ਦੀ ਲੋੜ ਹੀ ਕੋਈ ਨਹੀਂ ਸੀ। ਹੰਗੂਰਾ ਤੇ ਕਹਾਣੀ ਸੁਣਨ ਵਾਲੇ ਨੂੰ ਜਗਾਈ ਰੱਖਣ ਲਈ ਹੁੰਦਾ ਏ, ਤੇ ਉਹ ਸਾਰੇ ਪੂਰੀਆਂ ਅੱਖਾਂ ਖੋਲ੍ਹ ਕੇ ਜਾਗ ਰਹੇ ਸਨ। ਫੇਰ ਵੀ ਉਨ੍ਹਾਂ ਇਹ ਮਿੱਥ ਲਿਆ ਹੋਇਆ ਸੀ ਕਿ ਕਿਹਨੂੰ ਕੌਣ ਹੰਗੂਰਾ ਭਰੇਗਾ। ਜਿਵੇਂ ਪਹਿਲੇ ਦਾ ਦੂਜੇ, ਦੂਜੇ ਦਾ ਤੀਜੇ, ਤੀਜੇ ਦਾ ਚੌਥੇ ਦੇ ਹੰਗੂਰਾ ਦਿਤਿਉਂ ਬਿਨਾਂ ਈ ਕੰਮ ਚੱਲ ਗਿਆ, ਓਵੇਂ ਹੀ ਚੌਥੇ ਦਾ ਹੰਗੂਰਾ ਪੰਜਵੇਂ ਦੇਣਾ ਸੀ। ਮਿੱਥੀ ਹੋਈ ਗੱਲ ਨੂੰ ਫੇਰ ਪੁੱਛਣ ਦੀ ਕੀ ਲੋੜ? ਤੇ ਖੰਘੂਰਾ ਕਿਉਂ?
ਖੰਘੂਰੇ ਦੀਆਂ ਕਈ ਕਿਸਮਾਂ ਤੇ ਕਈ ਮਾਅਨੇ ਹੁੰਦੇ ਨੇ। ਖੰਘੂਰਾ ਆਪਣੇ ਹੋਣ ਦਾ ਐਲਾਨ ਕਰਨ ਲਈ ਮਾਰਿਆ ਜਾਂਦਾ ਏ। ਕਿਸੇ ਵੇਲੇ ਧੀਆਂ ਭੈਣਾਂ ਵਾਲੇ ਵਿਹੜੇ ਵੜਨ ਵਾਲਾ ਖੰਘੂਰਾ ਮਾਰ ਕੇ ਆਪਣੇ ਆਉਣ ਦਾ ਕੁੰਡਾ ਖੜਕਾਉਂਦਾ ਏ। ਕਿਸੇ ਵੇਲੇ ਮੁੰਡੇ-ਖੁੰਡੇ ਟੁਰੀਆਂ ਜਾਂਦੀਆਂ ਮੁਟਿਆਰਾਂ ਦਾ ਧਿਆਨ ਆਪਣੇ ਵੱਲ ਕਰਵਾਣ ਲਈ ਖੰਘੂਰੇ ਰਾਹੀਂ ਆਵਾਜ਼ ਮਾਰਦੇ ਨੇ। ਕਿਸੇ ਵੇਲੇ ਸ਼ਰੀਕ ਸ਼ਰੀਕ ਨੂੰ ਬੋਲਿਓਂ ਬਗੈਰ ਚੱਘਣ ਲਈ ਖੰਘੂਰੇ ਦੀ ਡਾਂਗ ਮਾਰ ਦੇਂਦੇ ਨੇ। ਕਿਸੇ ਵੇਲੇ ਪਿੰਡੇ ਨੂੰ ਅੱਡੀ ਨਾ ਲੱਗਣ ਦੇਣ ਵਾਲੀ ਆਪਣੀ ਘੋੜੀ ਨੂੰ, ਸਵਾਰ ਖੰਘੂਰੇ ਦੀ ਅੱਡੀ ਲਾ ਲੈਂਦੇ ਤੇ ਹਾਲੀ ਕਿਸੇ ਵੇਲੇ ਆਪਣੇ ਬਹੁਤ ਸੁਥਰੇ ਵਗਣ ਵਾਲੇ ਢੱਗਿਆਂ ਉਤੇ ਟਿਚਕਾਰੀ ਤੇ ਪਰਾਣੀ ਦੀ ਥਾਂ ਖੰਘੂਰਾ ਵਰਤ ਲੈਂਦੇ ਨੇ। ਕਦੇ-ਕਦੇ ਰਾਗੀ ਗਾਉਣ ਲੱਗਿਆਂ ਖੰਘੂਰੇ ਦੇ ਗਜ਼ ਨਾਲ ਸੰਘ ਦੀ ਗਾਉਣ ਵਾਲੀ ਨਾਲੀ ਸਾਫ਼ ਕਰ ਲੈਂਦੇ ਨੇ। ਪਰ ਚੌਥੇ ਬੰਦੇ ਦੇ ਓਸ ਖੰਘੂਰੇ ਦਾ ਹੋਰ ਹੀ ਮਤਲਬ ਸੀ-ਆਪਣੇ ਅੰਦਰ ਦੀਆਂ ਲੁਕੀਆਂ ਹੋਈਆਂ ਕਹਾਣੀਆਂ ਦੇ ਖੋਭੇ ‘ਚੋਂ ਦੀ ਆਪਣੇ ਜੁੱਤੀ ਵਾਲੇ ਪੈਰ ਸਾਫ਼ ਲੈ ਕੇ ਨਿਕਲਣ ਲਈ ਇਕ ਵੱਡਾ ਹੰਭਲਾ ਸੀ। ਜਾਂ ਉਹ ਖੰਘੂਰਾ ਉਹਦੇ ਅੰਦਰ ਦੇ ਭੇਤ ਸੰਦੂਕ ਦਾ ਜਿੰਦਰਾ ਟੁੱਟਣ ਦੀ ਆਵਾਜ਼ ਸੀ। ਜਾਂ ਫੇਰ ਸ਼ਾਇਦ ਗੱਲ ਕਰਨ ਵਾਲਾ ਖੰਘੂਰੇ ਰਾਹੀਂ ਆਪਣਾ ਹੌਸਲਾ ਇਕੱਠਾ ਕਰ ਰਿਹਾ ਸੀ। ਤਾਂ ਜੁ ਉਹ ਦਲੇਰੀ ਨਾਲ ਗੱਲ ਸ਼ੁਰੂ ਕਰ ਸਕੇ। ਇਹ ਸਹੀ ਫ਼ੈਸਲਾ ਕਿ ਉਸ ਖੰਘੂਰੇ ਦਾ ਅਸਲ ਮਤਲਬ ਕੀ ਸੀ, ਬਹੁਤ ਮੁਸ਼ਕਲ ਕੰਮ ਏ। ਪਰ ਇਹ ਗੱਲ ਤੇ ਪੱਕੀ ਸੀ ਜੇ ਗੱਲ ਕਰਨ ਵਾਲੇ ਉਤੇ ਉਹ ਵੇਲਾ ਭਾਰੀ ਸੀ ਤੇ ਉਹਨੂੰ ਏਸ ਔਖ ਵਿਚ ਫਸਿਆ ਵੇਖ ਕੇ ਈ ਪਹਿਲਾ ਬੰਦਾ ਹੱਸਿਆ ਸੀ। ਬੰਦਾ ਪਤਾ ਨਹੀਂ ਕਿਉਂ ਦੂਜਿਆਂ ਨੂੰ ਔਖ ਵਿਚ ਵੇਖ ਕੇ ਖ਼ੁਸ਼ ਹੁੰਦਾ ਏ?
ਉਹ ਪੰਜ ਸ਼ਿਕਾਰੀ ਦੋਸਤ, ਉਸ ਰਾਤ, ਉਸ ਬੇਲੇ ਵਿਚ ਬੈਠੇ ਆਪਣੀ ਆਪਣੀ ਹੱਡ ਬੀਤੀ ਦਾ ਇਕ-ਇਕ ਨਵਾਂ ਟੁਕੜਾ ਸੁਣਾ ਰਹੇ ਸਨ ਜਿਹੜਾ ਅੱਗੇ ਕਦੇ ਉਨ੍ਹਾਂ ਦੇ ਅੰਦਰੋਂ ਬਾਹਰ ਨਹੀਂ ਸੀ ਨਿਕਲਿਆ। ਹਰ ਬੰਦੇ ਦੇ ਅੰਦਰ ਦਾ ਇਕ-ਇਕ ਨਵਾਂ ਨਕੋਰ ਸੱਚ! ਤੇ ਏਸ ਈ ਵਜ੍ਹਾ ਤੋਂ ਉਨ੍ਹਾਂ ਪੰਜਾਂ ਸ਼ਿਕਾਰੀਆਂ ਤੇ ਉਨ੍ਹਾਂ ਦੀਆਂ ਕਹਾਣੀਆਂ ਦੇ ਕਿਸੇ ਵੀ ਕਿਰਦਾਰ ਦਾ ਨਾਂ ਲਿਖਣਾ ਮੁਨਾਸਬ ਤੇ ਵਾਜਬ ਨਹੀਂ। ਅਸੀਂ ਉਨ੍ਹਾਂ ਪੰਜਾਂ ਬੰਦਿਆਂ ਨੂੰ ਪਹਿਲਾ, ਦੂਜਾ, ਤੀਜਾ, ਚੌਥਾ ਤੇ ਪੰਜਵਾਂ ਨੰਬਰ ਦੇਨੇ ਆਂ ਤੇ ਉਨ੍ਹਾਂ ਦੀਆਂ ਕਹਾਣੀਆਂ ਦੇ ਕਿਰਦਾਰਾਂ ਲਈ ਅਲਫ਼-ਬੇ, ਜੀਮ ਜਿਹੇ ਫ਼ਰਜ਼ੀ ਨਾਂ ਵਰਤਾਂਗੇ।
ਉਹ ਪੋਹ ਦੀ ਐਸੀ ਰਾਤ ਸੀ, ਜਿਹਦੇ ਵਿਚ ਚੰਨ ਨਹੀਂ ਚੜ੍ਹਦਾ, ਰਾਤ ਹਨੇਰੀ ਤੇ ਰੱਜ ਕੇ ਠੰਢੀ ਸੀ। ਕੱਕਰ ਨਜ਼ਰੀਂ ਤਾਂ ਨਹੀਂ ਸੀ ਆਉਂਦਾ, ਪਰ ਉਤੇ ਪੈਂਦਾ ਜਾਪਦਾ ਸੀ। ਝਿਲ-ਮਿਲ ਝਿਲ-ਮਿਲ ਕਰਦੇ ਵੱਡੇ-ਛੋਟੇ ਤਾਰਿਆਂ ਨਾਲ ਅਸਮਾਨ ਏਨਾ ਭਰਿਆ ਤੇ ਲੱਦਿਆ ਹੋਇਆ ਸੀ ਕਿ ਉਨ੍ਹਾਂ ਦੇ ਭਾਰ ਨਾਲ ਝੁਕ ਕੇ ਬਹੁਤ ਨੀਵਾਂ ਆ ਗਿਆ ਲਗਦਾ। ਵੱਡੇ ਜੰਗਲ ਦੇ ਨਾਲ ਦੇ ਬੇਲੇ ਵਿਚ ਇਕ ਸਾਫ਼ ਪੱਧਰੀ ਥਾਂ ‘ਤੇ ਉਹ ਲੋਕ ਅੱਗ ਦਾ ਵੱਡਾ ਸਾਰਾ ਭਾਂਬੜ ਬਾਲ ਕੇ ਉਹਦੇ ਆਲੇ-ਦੁਆਲੇ ਬੈਠੇ ਹੋਏ ਸਨ। ਰਾਤ ਦੇ ਪਹਿਲੇ ਪਹਿਰ ਏਸ ਦੀ ਅੱਗ ਉਤੇ ਉਨ੍ਹਾਂ ਆਪਣਾ ਮਾਰਿਆ ਹੋਇਆ ਸ਼ਿਕਾਰ ਭੁੰਨਿਆ, ਖਾਧਾ ਤੇ ਏਸ ਹੀ ਅੱਗ ਦਵਾਲੇ ਬਹਿ ਕੇ ਬੇਲੇ ਵਿਚ ਸ਼ਿਕਾਰ ਦੀ ਉਹ ਠੰਢੀ ਸੀਤ ਰਾਤ, ਜਾਗ ਕੇ ਕੱਟਣ ਲਈ ਬਾਤਾਂ ਪਾ ਰਹੇ ਸਨ। ਇਹੋ ਜਿਹੀਆਂ ਰਾਤਾਂ, ਬਾਤਾਂ ਪਾਉਣ ਤੇ ਸੁਣਨ ਲਈ ਬਹੁਤ ਮੁਨਾਸਬ ਹੁੰਦੀਆਂ ਨੇ ਤੇ ਸ਼ਿਕਾਰੀ ਭਾਵੇਂ ਕਿਸੇ ਮੁਲਕ, ਕਿਸੇ ਉਮਰ, ਕਿਸੇ ਤਰ੍ਹਾਂ ਦੇ ਹੋਣ ਆਪਣੀਆਂ ਕਹਾਣੀਆਂ ਬਹੁਤ ਵਧਾ ਚੜ੍ਹਾ ਕੇ ਸੁਣਾਉਣ ਦੇ ਸ਼ੌਕੀਨ ਹੁੰਦੇ ਨੇ ਤੇ ਜੇ ਉਹ ਆਪਣੇ ਸ਼ਿਕਾਰ ਦੀਆਂ ਕਹਾਣੀਆਂ ਸੁਣਾਉਣ ਤੇ ਆ ਜਾਣ ਫੇਰ ਤੇ ਉਹ ਸਹੀ ਮਾਅਨਿਆਂ ਵਿਚ ਗੱਪਾਂ ਦੀ ਥਾਂ ਗਪੌੜ ਛਡਦੇ ਨੇ। ਆਪਣੀਆਂ ਇਨ੍ਹਾਂ ਸਿਫ਼ਤਾਂ ਤੋਂ ਉਹ ਵੀ ਵਾਕਫ਼ ਲਗਦੇ ਨੇ। ਤਾਂ ਹੀ ਤੇ ਉਨ੍ਹਾਂ ਹੱਡ-ਬੀਤੀ ਤੇ ਉਹਦੇ ਨਾਲ ਨਵੀਂ ਨਕੋਰ ਸੱਚ ਦੀ ਸ਼ਰਤ ਵੀ ਲਾ ਦਿੱਤੀ ਤੇ ਇਹ ਵੀ ਕਿ ਕਹਾਣੀ ਸ਼ਿਕਾਰੀ ਦੇ ਸ਼ਿਕਾਰ ਵਾਲੇ ਮਾਅਰਕਿਆਂ ਦੀ ਨਾ ਹੋਵੇ।
ਅੱਧਖੜ ਉਮਰਾਂ ਦੇ ਫਿਰਨ-ਟੁਰਨ ਵਾਲੇ ਸ਼ਿਕਾਰੀ ਤੇ ਮਜਲਸੀ ਬੰਦਿਆਂ ਕੋਲ ਕਿੰਨਾ ਕੁ ਐਸਾ ਸੱਚ ਰਹਿ ਗਿਆ ਹੁੰਦਾ ਏ, ਜਿਹੜਾ ਉਹ ਕਿਧਰੇ ਨਾ ਕਿਧਰੇ ਵਿਖਾ ਨਾ ਬੈਠੇ ਹੋਣ! ਸੁਣਾ ਨਾ ਬੈਠੇ ਹੋਣ! ਪਰ ਤਾਂ ਵੀ ਹਰ ਬੰਦੇ ਦੇ ਅੰਦਰ ਇਕ ਭੇਤ-ਸੰਦੂਕ ਜ਼ਰੂਰ ਹੁੰਦਾ ਏ ਜਿਹਦੇ ਵਿਚ ਕੁਝ ਅਜਿਹੇ ਸੱਚ ਹੁੰਦੇ ਨੇ ਜਿਹੜੇ ਕਦੇ ਬਾਹਰ ਦਾ ਮੂੰਹ ਨਹੀਂ ਵੇਖ ਸਕਦੇ, ਸਗੋਂ ਉਹ ਬੰਦਾ ਉਨ੍ਹਾਂ ਸੱਚਾਂ ਨੂੰ ਆਪਣੇ ਆਪ ਤੋਂ ਵੀ ਲੁਕਾ-ਲੁਕਾ ਕੇ ਰੱਖਦਾ ਏ…ਕਦੇ ਬਾਹਰ ਨਹੀਂ ਕੱਢਦਾ ਜਾਂ ਕੱਢ ਨਹੀਂ ਸਕਦਾ। ਉਸ ਰਾਤ ਅਜਿਹੇ ਸੱਚ ਹੀ ਕੌੜਿਆਂ ਹੁੰਦਿਆਂ ਮੂੰਹਾਂ ਵਿਚੋਂ ਨਿਕਲ ਨਿਕਲ ਕੇ ਅੱਗ ਵਿਚ ਡਿੱਗ ਰਹੇ ਸਨ। ਖ਼ੌਰੇ ਏਸ ਕਰਕੇ ਹੀ ਕਹਾਣੀ ਸੁਣਾਉਣ ਵਾਲਾ ਹਰ ਬੰਦਾ ਸੋਚ-ਸੋਚ ਕੇ, ਸਹਿਮ-ਸਹਿਮ ਕੇ, ਡਰ-ਡਰ ਕੇ ਬਹੁਤ ਥੋੜ੍ਹਿਆਂ-ਥੋੜ੍ਹਿਆਂ ਲਫ਼ਜ਼ਾਂ ਵਿਚ ਇਕ-ਇਕ ਕਹਾਣੀ ਸੁਣਾ ਰਿਹਾ ਸੀ।
ਉਂਞ ਤਾਂ ਬੰਦਾ ਆਪਣੇ-ਆਪ ਦਾ ਵੀ ਪੂਰਾ ਭੇਤੀ ਨਹੀਂ ਹੁੰਦਾ, ਇੰਞ ਉਹ ਸਾਰੇ ਵੀ ਇਕ ਦੂਜੇ ਦੇ ਬਹੁਤ ਭੇਤੀ ਤੇ ਨਹੀਂ ਸਨ। ਉਦਾਂ ਉਹ ਪੰਜੇ ਬਹੁਤ ਚੰਗੇ ਤੇ ਗੂੜ੍ਹੇ ਯਾਰ ਸਨ। ਨੰਬਰ ਇਕ, ਦੋ ਤੇ ਤਿੰਨ ਦੂਰ-ਦੁਰਾਡੇ ਦੇ ਤਿੰਨ ਹੋਰ ਹੋਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਤੇ ਨੰਬਰ ਚਾਰ ਤੇ ਪੰਜ ਇਕ ਤਹਿਸੀਲ ਦੇ ਦੋ ਨੇੜੇ-ਨੇੜੇ ਪਿੰਡਾਂ ਦੇ ਵਸਨੀਕ ਸਨ। ਇਕ ਨੰਬਰ ਦੀ ਦੂਜੀ ਘਰ ਵਾਲੀ ਦੇ ਪੇਕੇ ਪੰਜ ਨੰਬਰ ਦੇ ਪਿੰਡ ਵਿਚ ਸਨ। ਖ਼ੌਰੇ ਏਸ ਲਈ ਹੀ ਚਾਰ ਨੰਬਰ ਤੇ ਪੰਜ ਨੰਬਰ ਇਕ ਦੂਜੇ ਦਾ ਬਹੁਤ ਆਦਰ ਭਾ ਕਰਦੇ। ਹਰ ਵਰ੍ਹੇ ਸਿਆਲ ਵਿਚ ਦਸ ਪੰਦਰਾਂ ਦਿਨ ਉਹ ਸਾਰੇ ਨੰਬਰ ਪੰਜ ਦੇ ਪ੍ਰਾਹੁਣੇ ਹੁੰਦੇ ਤੇ ਇਕੱਠੇ ਸ਼ਿਕਾਰ ਖੇਡਦੇ। ਸ਼ਿਕਾਰ ਦੇ ਇਹ ਦਿਨ ਉਹ ਗੱਪਾਂ ਲਾਉਣ ਦੇ ਨਾਲ-ਨਾਲ ਆਪਣੇ-ਆਪਣੇ ਦੁੱਖ-ਸੁੱਖ ਵੀ ਇਕ ਦੂਜੇ ਨਾਲ ਫ਼ਰੋਲਦੇ।
ਪਹਿਲੋਂ ਉਹ ਛੇ ਸਨ। ਪਰ ਪੰਦਰਾਂ ਵਰ੍ਹੇ ਪਹਿਲੋਂ ਛੇ ਨੰਬਰ ਦੇ ਮਰਨ ਦੇ ਬਾਅਦ ਉਹ ਪੰਜ ਰਹਿ ਗਏ। ਮਰਨ ਵਾਲਾ ਛੇ ਨੰਬਰ, ਚਾਰ ਨੰਬਰ, ਚਾਰ ਤੇ ਪੰਜ ਨੰਬਰ ਦੇ ਪਿੰਡਾਂ ਦੇ ਵਿਚਕਾਰ ਇਕ ਪਿੰਡ ਦੇ ਰਹਿਣ ਵਾਲਾ ਸੀ ਤੇ ਚਾਰ ਨੰਬਰ ਦਾ ਲੰਗੋਟੀਆ ਯਾਰ ਸੀ। ਪੰਜੇ ਸ਼ਿਕਾਰੀ ਉਹਨੂੰ ਮੂੰਹ ਚਿਤ ਲੱਗਣ ਵਾਲਾ ਇਕ ਦਲੇਰ, ਅੱਛਾ ਸ਼ਿਕਾਰੀ ਤੇ ਚੰਗੇ ਖਾਂਦੇ ਪੀਂਦੇ ਘਰ ਦਾ ਜਵਾਨ ਤੇ ਆਪਣਾ ਬਹੁਤ ਪਿਆਰਾ ਯਾਰ ਸਮਝਦੇ ਸਨ। ਹਰ ਵਰ੍ਹੇ ਜਦੋਂ ਉਹ ਸਾਰੇ ਸਿਆਲ ਦੇ ਇਨ੍ਹਾਂ ਦਿਨਾਂ ਵਿਚ ਇਕੱਠੇ ਹੁੰਦੇ, ਮਰਨ ਵਾਲਾ ਛੇ ਨੰਬਰ ਕਿਸੇ ਨਾ ਕਿਸੇ ਤਰ੍ਹਾਂ, ਕਿਸੇ ਨਾ ਕਿਸੇ ਬਹਾਨੇ, ਕਿਸੇ ਨਾ ਕਿਸੇ ਗੱਲ ਰਾਹੀਂ, ਉਨ੍ਹਾਂ ਦੇ ਵਿਚ ਆ ਵੜਦਾ।
ਨੰਬਰ ਚਾਰ ਸ਼ਿਕਾਰੀ ਦਰਮਿਆਨੇ ਜਿਹੇ ਕੱਦ, ਛੀਂਟਕੇ ਜੁੱਸੇ, ਤੇਜ਼ ਤਿੱਖੇ ਨਕਸ਼ਾਂ ਵਾਲਾ, ਇਕ ਅੱਧਖੜ ਜਿਹੀ ਉਮਰ ਦਾ ਸੀ। ਉਹਦੇ ਸਾਂਵਲੇ ਰੰਗ ਦੇ ਚਿਹਰੇ ਤੇ ਚੀਚਕ ਦੇ ਦਾਗ, ਅੱਗ ਦੀ ਲੋਅ ਵਿਚ ਤਾਰਿਆਂ ਵਾਂਗ ਚਮਕਦੇ ਸਨ। ਉਸ ਫੇਰ ਇਕ ਖੰਘੂਰਾ ਮਾਰਿਆ ਤੇ ਆਪਣੀ ਬਾਰਾਂ ਬੋਰ ਦੀ ਦੋਨਾਲੀ ਖੋਲ੍ਹੀ। ਐਸ਼ਜੀæ ਦੇ ਦੋ ਕਾਰਤੂਸ ਬੰਦੂਕ ‘ਚੋਂ ਕੱਢ ਕੇ ਬੰਦੂਕ ਬੰਦ ਕਰਕੇ ਆਪਣੇ ਕੋਲ ਕੰਬਲ ਤੇ ਰੱਖੀ। ਕਾਰਤੂਸ ਕੋਲ ਪਏ ਹੋਏ ਝੋਲੇ ਵਿਚ ਪਾ ਕੇ ਝੋਲੇ ਦਾ ਮੂੰਹ ਬੰਦ ਕਰਕੇ ਪਰ੍ਹਾਂ ਦੋਨਾਲੀ ਦੇ ਕੋਲ ਰੱਖ ਦਿੱਤਾ। ਬਾਕੀ ਬੰਦੇ ਉਹਦੇ ਉਤੇ ਨਜ਼ਰਾਂ ਜਮਾਈ ਬੈਠੇ ਸਨ। ਜੰਗਲ ਬੇਲਿਆਂ ਵਿਚ ਸ਼ਿਕਾਰ ਖੇਡਣ ਵਾਲੇ ਦਿਨ ਨੂੰ ਆਮ ਤੌਰ ‘ਤੇ ਰਾਤ ਖ਼ਾਸ ਕਰਕੇ, ਹਰ ਵੇਲੇ ਬੰਦੂਕਾਂ ਭਰ ਕੇ ਰੱਖਦੇ ਨੇ। ਪਤਾ ਨਹੀਂ ਕਿਧਰੋਂ ਸ਼ਿਕਾਰ ਨਿਕਲ ਪਏ, ਕਿਧਰ ਨੂੰ ਟੁਰ ਪਏ, ਕਿਧਰੋਂ ਉਤੇ ਆ ਚੜ੍ਹੇ, ਤਾਂ ਵੀ ਆਬਾਦੀ ਤੋਂ ਕੋਹਾਂ ਦੂਰ, ਜੰਗਲੀ ਜਾਨਵਰਾਂ ਨਾਲ ਭਰੇ ਹੋਏ ਬੇਲੇ ਵਿਚ, ਉਤੋਂ ਅਤਿ ਹਨੇਰੀ ਰਾਤ ਨੂੰ ਉਸ ਵੇਲੇ ਪਤਾ ਨਹੀਂ ਕਿਉਂ, ਨੰਬਰ ਚਾਰ ਨੇ ਆਪਣੀ ਦੋਨਾਲੀ ‘ਚੋਂ ਕਾਰਤੂਸ ਕੱਢ ਛੱਡੇ। ਨਹੀਂ ਤੇ ਉਹ ਸਾਰੇ ਤੇ ਸ਼ਿਕਾਰ ਦੇ ਦਿਨਾਂ ਵਿਚ ਰਾਤ ਦਿਨ ਸਦਾ ਭਰੀਆਂ ਤੇ ਤਿਆਰ ਬੰਦੂਕਾਂ ਹੱਥਾਂ ਵਿਚ ਰੱਖਦੇ ਹੁੰਦੇ।
ਰਾਤ ਚੁੱਪ ਸੀ। ਉਨ੍ਹਾਂ ਦੇ ਦਵਾਲੇ ਝਾੜੀਆਂ, ਸਰੂਟੇ, ਕਰੂਟੇ, ਬੂਟੇ ਦਰੱਖ਼ਤ ਤੇ ਉਨ੍ਹਾਂ ਵਿਚ ਲੁਕੀ ਹੋਈ ਹਰ ਸ਼ੈਅ ਗਹਿਰੀ ਨੀਂਦ ਸੁੱਤੀ ਲੱਗਦੀ। ਜੰਗਲ ਬੇਲੇ ਦੀ ਰਾਤ ਵਿਚ ਇਕ ਉਹ ਘੜੀ ਵੀ ਆਉਂਦੀ ਏ ਜਦੋਂ ਜੰਗਲ ਬੇਲੇ ਵਿਚ ਉਗਣ ਵਾਲੀ ਤੇ ਉਹਦੇ ਵਿਚ ਰਹਿਣ ਵਾਲੀ ਹਰ ਚੀਜ਼ ਚੁੱਪ ਕਰ ਜਾਂਦੀ ਏ। ਇਹ ਉਹ ਘੜੀ ਸੀ। ਕਿਤੋਂ ਬੀਂਡੇ ਦੇ ਬੋਲਣ ਦੀ ਆਵਾਜ਼ ਵੀ ਨਹੀਂ ਆ ਰਹੀ ਸੀ। ਬੱਸ ਅੱਗ ਵਿਚ ਬਲਦੀਆਂ ਲੱਕੜਾਂ ਦੀ ਨਿੰਮੀ-ਨਿੰਮੀ ਸੂੰ-ਸੂੰ ਤੇ ਭਾਂਬੜ ਦੀਆਂ ਹੇਠਾਂ ਉਤਾਂਹ ਹੁੰਦੀਆਂ ਲਾਟਾਂ ਦੇ ਬੇਮਾਲੂਮ ਤੇ ਬੇ-ਆਵਾਜ਼ ਰਾਗ ਨਾਲ ਪੰਜਾਂ ਬੰਦਿਆਂ ਦੇ ਸਾਹ ਲੈਣ ਦੀ ਆਵਾਜ਼ ਆ ਰਹੀ ਸੀ। ਆਲੇ-ਦੁਆਲੇ ਚੁੱਪ-ਚਾਂ ਸੀ। ਚਾਰ ਨੰਬਰ ਨੇ ਤੀਸਰੀ ਵਾਰ ਖੰਘੂਰਾ ਮਾਰਿਆ। ਅੱਗ ਵਿਚ ਭਖਦੇ, ਲਿਸ਼ਕਦੇ ਉਹਦੇ ਚਿਹਰੇ ਤੋਂ ਲੱਗਦਾ ਜਿਵੇਂ ਉਹ ਗੱਲ ਕਰਨ ਲਈ ਹੌਸਲਾ ਤੇ ਮੁਨਾਸਬ ਲਫ਼ਜ਼ ਲੱਭਣ ਦੀ ਅਜ਼ੀਅਤ ਦਾ ਸ਼ਿਕਾਰ ਹੋਵੇ।
ਅਖ਼ੀਰ ਉਸ ਇਕ ਲੰਮਾ ਸਾਹ (ਜਿਹੜਾ ਹੌਕੇ ਨਾਲ ਰਲਦਾ ਮਿਲਦਾ ਸੀ) ਲਿਆ ਤੇ ਹੌਲੀ ਹੌਲੀ ਕਹਿਣ ਲੱਗਾ, “ਉਹ ਯਾਰੋਂ ਵੱਧ ਮੇਰਾ ਭਰਾ ਸੀ। ਸਾਡੇ ਵਿਚ ਕਦੇ ਕੋਈ ਸ਼ੈਅ ਨਹੀਂ ਸੀ ਆਈ, ਨਹੀਂ ਸੀ ਆ ਸਕਦੀ। ਰਾਤ ਦਿਨ ਅਸੀਂ ਇਕੱਠੇ ਰਹਿੰਦੇ, ਮੌਜਾਂ ਲੁੱਟਦੇ। ਸਾਡੇ ਵਿਚੋਂ ਦੀ ਤੇ ਹਵਾ ਵੀ ਨਾ ਲੰਘ ਸਕਦੀ। ਉਹਨੂੰ ਦੁਨੀਆਂ ਦੀ ਨਜ਼ਰ ਨੇ ਖਾ ਲਿਆ ਤੇ ਮੇਰੀ ਅਕਲ ‘ਤੇ ਪੱਥਰ ਪੈ ਗਏ। ਹੁਣ ਹੱਥਾਂ ‘ਤੇ ਚੱਕ ਵੱਢਣ ਨਾਲ ਕੀ ਹਾਸਲ?”
ਗੱਲ ਕਰਦਾ-ਕਰਦਾ ਉਹ ਇਕ ਦਮ ਚੁੱਪ ਹੋ ਗਿਆ। ਜਿਵੇਂ ਗੱਲ ਉਹਦੇ ਸੰਘ ਵਿਚ ਅੜ ਗਈ ਹੋਵੇ। ਚਾਰੇ ਸੁਣਨ ਵਾਲੇ ਟਿਕ-ਟਿਕੀ ਲਾਏ ਉਹਦੇ ਮੂੰਹ ਵੱਲ ਵੇਖਣ ਡਹੇ ਸਨ ਤੇ ਉਹ ਅੱਗ ਦੇ ਭਾਂਬੜ ਵਿਚ ਵੇਖੀ ਜਾ ਰਿਹਾ ਸੀ, ਜਿਵੇਂ ਕਹਾਣੀ ਅੱਗ ਵਿਚੋਂ ਲੱਭ ਰਿਹਾ ਹੋਵੇ। ਹੰਗੂਰਾ ਦੇਣ ਵਾਲਾ ਉਥੇ ਹਾਜ਼ਰ ਹੀ ਨਾ ਲੱਗਦਾ। ਕੁਝ ਚਿਰ ਚੁੱਪ ਰਹਿਣ ਮਗਰੋਂ ਕਹਾਣੀ ਸੁਣਾਉਣ ਵਾਲਾ ਫਿਰ ਬੋਲਿਆ,
“ਇਕ ਦਿਨ ਮੁਰਗਾਬੀਆਂ ਮਾਰ ਕੇ ਉਹ ਤੇ ਮੈਂ ਛੰਭ ਤੇ ਪਿਛਾਂਹ ਪਿੰਡ ਨੂੰ ਜਾ ਰਹੇ ਸਾਂ। ਆਮ ਰਾਹ ਅਸੀਂ ਲੰਮਾ ਕਰਕੇ ਛੱਡ ਦਿੱਤਾ ਤੇ ਪੈਲੀਆਂ ਵਿਚੋਂ ਦੀ ਸਿੱਧੇ ਪਿੰਡ ਨੂੰ ਪੈ ਗਏ। ਸਿਆਲ ਦੇ ਦਿਨ ਸਨ। ਚੜ੍ਹਦੇ ਸੂਰਜ ਦੀ ਨਿੰਮੀ-ਨਿੰਮੀ ਧੁੱਪ ਦੇ ਬਾਵਜੂਦ ਡੰਡੀਆਂ ਦੇ ਆਲੇ-ਦੁਆਲੇ ਦਾ, ਤੇ ਵੱਟਾਂ ਉਤੋਂ ਦਾ ਘਾਹ ਤ੍ਰੇਲ ਨਾਲ ਭਿੱਜਿਆ ਪਿਆ ਸੀ। ਮੈਂ ਅੱਗੇ ਸਾਂ ਤੇ ਉਹ ਮੇਰੇ ਪਿੱਛੇ ਪਿੱਛੇ ਦੋ ਹੱਥਾਂ ਦੀ ਵਿੱਥ ‘ਤੇ। ਮੇਰੀ ਭਰੀ ਹੋਈ ਬੰਦੂਕ ਮੇਰੇ ਮੋਢੇ ਉਤੇ ਸੀ। ਬੰਦੂਕ ਦੇ ਬੱਟ ਉਤੇ ਮੇਰਾ ਹੱਥ ਸੀ ਤੇ ਨਾਲੀ ਪਿਛਾਂਹ ਨੂੰ ਸੀ। ਜਿਹੜੀ ਵੱਟ ਤੋਂ ਅਸੀਂ ਉਸ ਵੇਲੇ ਲੰਘ ਰਹੇ ਸਾਂ, ਉਹਦੇ ਦੋਹਾਂ ਪਾਸਿਆਂ ‘ਤੇ ਕਮਾਦ ਸੀ, ਸਿਵਾਏ ਆਸਮਾਨ ਦੇ ਉਥੋਂ ਹੋਰ ਕਿਸੇ ਬੰਨੇ ਕੁਝ ਨਜ਼ਰੀਂ ਨਾ ਆਉਂਦਾ। ਵੱਟ ਦੇ ਤ੍ਰੇਲ ਨਾਲ ਭਿੱਜੇ ਘਾਹ ਤੋਂ ਜਿਉਂ ਮੇਰਾ ਪੈਰ ਤਿਲਕਿਆ ਤੇ ਮੇਰੇ ਸੰਭਲਦਿਆਂ ਸੰਭਲਦਿਆਂ ਅਫ਼ਰਾ-ਤਫ਼ਰੀ ਵਿਚ ਕਿਤੇ ਘੋੜੇ ਤੇ ਮੇਰਾ ਹੱਥ ਜਾ ਪਿਆ, ਬੰਦੂਕ ਚਲ ਗਈ। ਚਾਰ ਨੰਬਰ ਦੇ ਕਾਰਤੂਸ ਨੇ ਇਕ ਹੱਥ ਦੀ ਵਿੱਥ ਤੋਂ ਮੇਰੇ ਯਾਰ ਦਾ ਸੀਨਾ ਛਾਨਣੀ ਕਰ ਦਿੱਤਾ…ਰੱਸੀ ਨਾਲ ਬੱਝੀਆਂ ਮੁਰਗਾਬੀਆਂ ਤੇ ਬੰਦੂਕ ਉਹਦੇ ਹੱਥੋਂ ਨਿਕਲ ਕੇ ਦੂਰ ਜਾ ਡਿੱਗੀਆਂ, ਤੇ ਉਹ ਭੋਇੰ ‘ਤੇ ਜਾ ਪਿਆ। ਉਹ ਮੇਰੇ ਸਾਹਮਣੇ ਡਿੱਗਾ ਹੋਇਆ, ਛੱਰਾ ਵੱਜੇ ਹੋਏ ਤਿੱਤਰ ਵਾਂਗ, ਲੋਟ-ਪੋਟ ਹੋਣ ਲੱਗ ਪਿਆ।” “ਇਹ ਤੇ ਛੇ ਨੰਬਰ ਦੀ ਕਹਾਣੀ ਏ।” ਨੰਬਰ ਦੋ ਭੁੜਕ ਪਿਆ, “ਤੇ ਅਸਾਂ ਸਾਰਿਆਂ ਏਨੀ ਵਾਰ ਸੁਣੀ ਏ ਕਿ ਇਹਦਾ ਇਕ-ਇਕ ਹਰਫ ਅਸੀਂ ਜਾਣਦੇ ਆਂ। ਕਿਵੇਂ ਫੇਰ ਤੂੰ ਦੌੜ ਕੇ ਪਿੰਡ ਅਪੜਿਓਂ, ਕਿਵੇਂ ਛੇ ਕੋਹ ਪੈਂਡੇ ਦੇ ਸਾਰੇ ਰਾਹ ਉਹਦਾ ਲਹੂ ਵੱਗਦਾ ਰਿਹਾ, ਕਿਵੇਂ ਹਸਪਤਾਲ ਪੁਲਸ ਆ ਗਈ, ਕਿਵੇਂ ਉਹ ਪੁਲਸ ਨਾਲ ਦੋ ਗੱਲਾਂ ਕਰਕੇ ਈ ਮਰ ਗਿਆ, ਭਰੀ ਹੋਈ ਬੰਦੂਕ ਨੂੰ ਬੇ-ਇਹਤਿਆਤੀ ਨਾਲ ਫੜਨ ਦੀ ਵਜ੍ਹਾ ਤੋਂ ਕਿਵੇਂ ਹੀਰੇ ਵਰਗਾ ਯਾਰ, ਯਾਰ ਦੇ ਹੱਥੋਂ ਮਰ ਗਿਆ।”
“ਨਿੱਕੀ ਜਿਹੀ ਗ਼ਲਤੀ ਨਾਲ ਕਿੱਡਾ ਵੱਡਾ ਹਾਦਸਾ ਹੋ ਗਿਆ।” ਨੰਬਰ ਚਾਰ ਚੀਕ ਪਿਆ। ਨੰਬਰ ਚਾਰ ਦੇ ਚੀਕਣ ਤੇ ਪਤਾ ਨਹੀਂ ਉਹ ਸਾਰੇ ਹੱਸ ਪਏ, ਸਿਵਾਏ ਪੰਜ ਨੰਬਰ ਦੇ, ਜਿਹੜਾ ਬੜੇ ਧਿਆਨ ਨਾਲ ਚਾਰ ਨੰਬਰ ਵੱਲ ਵੇਖ ਰਿਹਾ ਸੀ।
ਤਿੰਨ ਨੰਬਰ ਪਹਿਲੀ ਵਾਰ ਬੋਲਿਆ, “ਪੁਲਸ ਨੇ ਵੀ ਉਹਦੀ ਮੌਤ ਹਾਦਸਾਤੀ ਲਿਖੀ ਤੇ ਦੁਨੀਆਂ ਵੀ ਇਹੋ ਜਾਣਦੀ ਏ ਤੇ ਇਹਦੇ ਵਿਚ ਗਲਤ ਕੀ ਏ? ਚਿੱਟੇ ਦਿਨ ਹੋਸ਼ ਹਵਾਸ ਵਿਚ ਸੌ ਬੰਦੇ ਤੇ ਪੁਲਸ ਦੇ ਰੂਬਰੂ ਛੇ ਨੰਬਰ ਨੇ ਆਪ ਆਖਿਆ ਸੀ ਕਿ ਮੇਰਾ ਯਾਰ ਤਿਲ੍ਹਕ ਨਾ ਪੈਂਦਾ ਤੇ ਬੰਦੂਕ ਨਾ ਚਲਦੀ। ਇਹਦੇ ਵਿਚ ਕਿਸੇ ਦਾ ਵੀ ਦੋਸ਼ ਨਹੀਂ, ਨਾ ਉਹਦਾ, ਨਾ ਬੰਦੂਕ ਦਾ।
“ਛੇ ਨੰਬਰ ਨੇ ਜਾਣ ਕੇ ਝੂਠ ਬੋਲਿਆ ਸੀ ਮਰਦਿਆਂ…ਇਹ ਹਾਦਸਾਤੀ ਮੌਤ ਨਹੀਂ ਸੀ। ਇਹ ਈ ਤੇ ਮੈਂ ਕਲਪ ਰਿਹਾ ਆਂ। ਇਹ ਕਤਲ ਸੀ, ਸਿੱਧਾ ਤੇ ਸਾਫ਼ ਕਤਲ,” ਚਾਰ ਨੰਬਰ ਨੇ ਰੋਣ ਹਾਕੀ ਚੀਕ ਮਾਰੀ।
“ਛੇ ਨੰਬਰ ਝੂਠ ਨਹੀਂ ਸੀ ਮਾਰਿਆ ਕੋਈ!” ਇਕ ਨੰਬਰ ਬੇ-ਸਬਰੀ ਤੇ ਗੁੱਸੇ ਨਾਲ ਆਖਿਆ, “ਤੂੰ ਝੂਠ ਮਾਰ ਰਿਹਾ ਏਂ ਹੁਣ! ਗੱਲ ਨੂੰ ਚਾੜ੍ਹਨ ਲਈ ਪਤਾ ਨਹੀਂ ਤੂੰ ਕੀ ਝੂਠ ਦੇ ਪੁਲੰਦੇ ਬੰਨ੍ਹ ਰਿਹਾ ਏਂ!”
“ਢੱਠੇ ਖੂਹ ਵਿਚ ਪਵੋ…ਤੁਸੀਂ ਸਾਰੇ ਆਪ ਬੇਈਮਾਨ ਤੇ ਝੂਠੇ ਓ!” ਚਾਰ ਨੰਬਰ ਇਕੋ ਵਾਰ ਜ਼ੋਰ ਜ਼ੋਰ ਦੀ ਰੋਣ ਲੱਗ ਪਿਆ।
ਉਸ ਆਪਣਾ ਮੂੰਹ ਗੋਡਿਆਂ ਵਿਚ ਦੇ ਲਿਆ। ਉਹ ਰੋਈ ਜਾਂਦਾ ਤੇ ਉਹਦਾ ਸਾਰਾ ਜਿਸਮ ਹਿੱਲੀ ਜਾਂਦਾ।
ਅੱਗ ਦੇ ਆਲੇ-ਦੁਆਲੇ ਬੈਠੇ ਸਾਰੇ ਬੰਦੇ ਹੈਰਾਨ ਪ੍ਰੇਸ਼ਾਨ ਹੋ ਕੇ ਚੁੱਪ ਹੋ ਗਏ, ਉਹ ਠਠੰਬਰ ਗਏ, ਚਾਰ ਨੰਬਰ ਦੀ ਗੱਲ ਤੋਂ ਨਹੀਂ, ਉਹਦੇ ਰੋਣ ਤੋਂ, ਉਹਦੀਆਂ ਅੱਖਾਂ ਵਿਚੋਂ ਵੱਗਦੇ ਹੋਏ ਸੱਚ ਤੋਂ…! ਚੌਂਹ ਵਿਚੋਂ ਤਿੰਨ ਬੰਦੇ ਤੇ ਉਹਦੀਆਂ ਗੱਲਾਂ ਨੂੰ ਮਖੌਲ ਹੀ ਸਮਝ ਰਹੇ ਸਨ ਪਰ ਉਹਦਾ ਰੋਣ ਕੁਝ ਹੋਰ ਈ ਦੱਸ ਰਿਹਾ ਸੀ ਜਿਹੜੇ ਬੰਦੇ ਦਾ ਉਨ੍ਹਾਂ ਪਿਛਲੇ ਵੀਹਾਂ ਵਰ੍ਹਿਆਂ ਵਿਚ ਕਿੱਧਰੇ ਅੱਥਰੂ ਵੱਗਦਾ ਨਹੀਂ ਸੀ ਵੇਖਿਆ ਉਹ ਬਾਲਾਂ ਵਾਂਗ ਬੁਕ ਬੁਕ ਰੋ ਰਿਹਾ ਸੀ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰਨ?
“ਅਸੀਂ ਸੁਣਨੇ ਆਂ ਤੂੰ ਗੱਲ ਕਰ ਪਰ ਰੱਬ ਦੇ ਵਾਸਤੇ ਪਹਿਲੋਂ ਇਹ ਸਵਾਣੀਆਂ ਵਾਂਗ ਰੋਣਾ ਬੰਦ ਕਰ।” ਇਕ ਨੰਬਰ ਨੇ ਆਖਿਆ।
ਕੋਈ ਘੜੀ ਕੁ ਪਿੱਛੋਂ ਉਹਦਾ ਜਿਸਮ ਹਿਲਣੋਂ ਹਟ ਗਿਆ ਤੇ ਉਹਦਾ ਰੋਣ ਬੰਦ ਹੋ ਗਿਆ। ਉਸ ਅੱਥਰੂਆਂ ਨਾਲ ਭਰਿਆ ਚਿਹਰਾ ਗੋਡਿਆਂ ਵਿਚੋਂ ਉਤਾਂਹ ਚੁਕ ਕੇ ਸਾਰਿਆਂ ਵੱਲ ਵਾਰੋ-ਵਾਰੀ ਆਪਣੀਆਂ ਕੋਲਿਆਂ ਵਾਂਗ ਬਲਦੀਆਂ ਅੱਖਾਂ ਨਾਲ ਵੇਖਿਆ। ਇਕ ਲੰਮਾ ਸਾਹ ਲੈ ਕੇ ਉਹ ਕਹਿਣ ਲੱਗਾ, “ਮੈਂ ਖ਼ੁਦਾ ਨੂੰ ਹਾਜ਼ਰ ਜਾਣ ਕੇ ਆਖਦਾ ਆਂ ਕਿ ਉਹ ਗਲਤੀ ਨਾਲ ਨਹੀਂ ਸੀ ਮਰਿਆ, ਮੈਂ ਮਸੀਤੇ ਚੜ੍ਹਨ ਲਈ ਤਿਆਰ ਆਂ ਕਿ ਘੋੜਾ ਡਿੱਗਣ ਲੱਗਿਆਂ ਆਪਣੇ ਆਪ ਨਹੀਂ ਸੀ ਦੱਬਿਆ ਗਿਆ, ਮੈਂ ਜਾਣ ਕੇ ਦੱਬਿਆ ਸੀ।…ਮੈਂ ਉਹਨੂੰ ਮਾਰਨਾ ਚਾਹੁੰਦਾ ਸਾਂ। ਮੈਂ ਉਹਨੂੰ ਮਾਰ ਦਿੱਤਾ, ਬੱਸ!”
ਚਾਰੇ ਬੰਦੇ ਕੰਬ ਗਏ…ਕਾਫੀ ਦੇਰ ਤਕ ਕੋਈ ਕੁਝ ਨਾ ਬੋਲਿਆ। ਖ਼ੌਰੇ ਸੱਚ ਦੀ ਦਹਿਸ਼ਤ ਨੇ ਉਨ੍ਹਾਂ ਤੋਂ ਬੋਲਣ ਦੀ ਤਾਕਤ ਖੋਹ ਲਈ ਸੀ।
“ਪਰ ਕਿਉਂ?” ਬੜੇ ਚਿਰ ਪਿੱਛੋਂ ਇਕ ਨੰਬਰ ਬੋਲਣ ਦੇ ਕਾਬਲ ਹੋ ਸਕਿਆ ਲੱਗਦਾ। ਚਾਰ ਨੰਬਰ ਨੇ ਆਪਣੀ ਚਾਦਰ ਦੀ ਡੱਬ ਨਾਲ ਆਪਣਾ ਅੱਥਰੂਆਂ ਭਰਿਆ ਮੂੰਹ ਪੂੰਝਿਆ ਤੇ ਹੌਲੀ ਜਿਹੀ ਕਹਿਣ ਲੱਗਾ, “ਉਹਦੇ ਤੇ ਮੇਰੇ ਵਿਚ ਇਕ ਰੰਨ ਆ ਗਈ ਸੀ।”
“ਕਿਹੜੀ ਰੰਨ?” ਦੋ ਤੇ ਤਿੰਨ ਨੰਬਰ ਨੇ ਇਕੱਠਿਆਂ ਈ ਪੁਛਿਆ, ਪਿਛਲੇ ਪੰਦਰਾਂ ਵਰ੍ਹਿਆਂ ਵਿਚ ਪਹਿਲੀ ਵਾਰ ਛੇ ਨੰਬਰ ਦੀ ਕਹਾਣੀ ਵਿਚ ਕੋਈ ਰੰਨ ਆ ਵੜੀ ਸੀ। ਕਦੇ ਕਦੇ ਤੇ ਪਿੰਡਾਂ ਵਿਚ ਕਿਸੇ ਮਰਦ ਤੇ ਰੰਨ ਦਾ ਮੁਆਮਲਾ ਐਸਰਾਂ ਢੱਕਿਆ ਛੁਪਿਆ ਰਹਿ ਜਾਂਦਾ ਏ, ਜਿਸ ਤਰ੍ਹਾਂ ਸੰਘਣੀ ਫ਼ਸਲ ਹੇਠ ਜ਼ਮੀਨ ਨਜ਼ਰ ਈ ਨਹੀਂ ਆਉਂਦੀ।
“ਇਹ ਨਹੀਂ ਦੱਸਣਾ! ਭਾਵੇਂ ਤੁਸੀਂ ਮੈਨੂੰ ਗੋਲੀ ਮਾਰ ਦਿਓ।” ਉਸ ਕਿਹਾ ਤੇ ਉਹ ਉਠ ਕੇ ਖਲੋ ਗਿਆ। ਬੜੇ ਹੌਸਲੇ ਤੇ ਬੜੀ ਤਸੱਲੀ ਨਾਲ ਕਹਿਣ ਲੱਗਾ, “ਮੈਂ ਆਪਣੀ ਬੰਦੂਕ ਵਿਚੋਂ ਕਾਰਤੂਸ ਕੱਢ ਛੱਡੇ ਨੇ ਤੇ ਹੁਣ ਮੈਂ ਨਿਹੱਥਾ ਤੁਹਾਡੇ ਸਾਹਮਣੇ ਖੜ੍ਹਾ ਆਂ…ਤੁਹਾਡੇ ਵਿਚੋਂ ਕੋਈ ਆਪਣੇ ਯਾਰ ਦਾ ਬਦਲਾ ਲੈਣ ਲਈ ਜੇ ਮੈਨੂੰ ਗੋਲੀ ਮਾਰਨਾ ਚਾਹੁੰਦਾ ਏ ਤਾਂ ਮੈਂ ਹਾਜ਼ਰ ਆਂ, ਮਾਰੋ ਮੈਨੂੰ ਗੋਲੀ!”
ਸਾਰਿਆਂ ਨੂੰ ਜਿਵੇਂ ਸੱਪ ਸੁੰਘ ਗਿਆ ਸੀ। ਉਹ ਚੁੱਪ-ਚਾਪ ਸਾਹ ਘੁੱਟੀ ਬੈਠੇ ਆਪਣੇ ਸਾਹਮਣੇ ਆਕੜ ਕੇ ਖਲੋਤੇ ਨੰਬਰ ਚਾਰ ਦੇ ਭੂਤ ਨੂੰ ਦੇਖਦੇ ਰਹੇ ਤੇ ਜਿਵੇਂ ਉਸ ਇਕ ਘੜੀ ਪਲ ਵਿਚ ਈ ਪੰਦਰਾਂ ਵਰ੍ਹੇ ਲੰਘ ਗਏ। ਅੰਦਰ ਖੌਲਦੇ ਸੱਚ ਤੇ ਹੱਥੋਂ ਨਿਕਲੀ ਜਾਂਦੀ ਨਮੋਸ਼ੀ, ਸ਼ਰਮਿੰਦਗੀ, ਗੁੱਸੇ ਤੇ ਆਪਣੇ ਆਪ ਨੂੰ ਨਫ਼ਰਤ ਕਰਦੀ ਹੋਈ ਜ਼ੁਬਾਨ ਵਿਚੋਂ ਵੀ ਨੰਬਰ ਚਾਰ ਨੇ ਉਸ ਰੰਨ ਦਾ ਨਾਂ ਨਾ ਦੱਸਿਆ।
(ਇਕ ਮਰਦ ਨਮੋਸ਼ੀ ਤੋਂ ਤੇ ਇਕ ਵੱਸਦਾ ਘਰ ਤਬਾਹੀ ਬਰਬਾਦੀ ਤੋਂ ਬਚ ਗਿਆ) ਖ਼ੌਰੇ ਏਸੇ ਪਾਰੋਂ ਨੰਬਰ ਪੰਜ ਨੂੰ ਹਯਾਤੀ ਵਿਚ ਪਹਿਲੀ ਵਾਰ ਉਹਦੇ ਤੇ ਪਿਆਰ ਆਇਆ ਤੇ ਉਸ ਉਹਨੂੰ ਬਾਹੋਂ ਫੜ ਕੇ ਥੱਲੇ ਬਿਠਾ ਦਿੱਤਾ ਤੇ ਉਹਨੂੰ ਆਪਣੀ ਭਾਰੀ ਤੇ ਜਚੀ ਤੁਲੀ ‘ਵਾਜ਼ ਵਿਚ ਕਹਿਣ ਲੱਗਾ, “ਜੇ ਉਸ ਆਪ ਤੈਨੂੰ ਮੁਆਫ ਕਰ ਛੱਡਿਆ ਸੀ ਤੇ ਅੱਲ੍ਹਾ ਵੀ ਤੈਨੂੰ ਮੁਆਫ ਕਰੇ। ਅਸਾਂ ਤੈਨੂੰ ਕੀ ਆਖਣਾ ਏ।” ਪੰਜ ਨੰਬਰ ਦੀ ਏਸ ਗੱਲ ‘ਤੇ ਸਾਰੇ ਜਾਗ ਪਏ ਲੱਗਦੇ ਸਨ।
“ਉਸ ਇਹਨੂੰ ਮੁਆਫ ਕੀ ਕਰਨਾ ਸੀ? ਉਸ ਵਿਚਾਰੇ ਨੂੰ ਤੇ ਮਰਨ ਤੀਕ ਪਤਾ ਵੀ ਨਹੀਂ ਚੱਲਿਆ ਹੋਣਾ ਕਿ ਉਹਦਾ ਯਾਰ ਜਾਣ ਕੇ ਉਹਦੇ ਲਹੂ ਨਾਲ ਨਹਾਤਾ ਏ।” ਇਕ ਨੰਬਰ ਦੂਰ ਕਿਧਰੇ ਹਨੇਰਿਆਂ ਵਿਚ ਵੇਖਦਾ ਹੋਇਆ ਕਹਿਣ ਲੱਗਾ।
“ਉਹਨੂੰ ਬੜਾ ਪਤਾ ਸੀ, ਉਹਨੂੰ ਬੜਾ ਪਤਾ ਸੀ!” ਚਾਰ ਨੰਬਰ ਫੇਰ ਰੋਣ ਲੱਗ ਪਿਆ ਤੇ ਬੋਲਿਆ, “ਪਹਿਲੇ ਦਿਨ ਉਹਦੇ ਅੱਗੇ ਲੱਗ ਕੇ ਮੈਂ ਟੁਰਿਆ…ਪਹਿਲੀ ਵਾਰ ਮੈਂ ਉਹਨੂੰ ਰਾਹੋਂ ਕੁਰਾਹੇ ਪਾਇਆ…ਪਹਿਲੀ ਵਾਰ ਮੈਂ ਭਰੀ ਬੰਦੂਕ ਕੁੰਢਾਂ ਵਾਂਗ ਫੜੀ। ਉਹਦੀਆਂ ਬਾਜ਼ ਵਰਗੀਆਂ ਅੱਖੀਆਂ ਸਭ ਕੁਝ ਵੇਖ ਜਾਂਚ ਰਹੀਆਂ ਸਨ। ਪਰ ਉਤੋਂ ਉਹ ਹੱਸ ਰਿਹਾ ਸੀ। ਕੀ ਤੁਹਾਡਾ ਖ਼ਿਆਲ ਏ, ਉਹ ਬਾਲ ਸੀ ਕੋਈ, ਜਿਸ ਨੇ ਮੈਨੂੰ ਜਾਣ ਕੇ ਤਿਲ੍ਹਕਦਿਆਂ ਤੇ ਨਾਲੀ ਸਿੱਧੀ ਉਹਦੇ ਦਿਲ ਵੱਲ ਕਰਕੇ ਘੋੜਾ ਦਬਦਿਆਂ ਨਾ ਵੇਖਿਆ ਹੋਏਗਾ? ਉਸ ਡਿੱਗਦਿਆਂ ਮੈਨੂੰ ਕਿਹਾ ਸੀ, “ਓਏ ਟਕੇ ਦੀ ਰੰਨ ਤੋਂ ਯਾਰ ਮਾਰ ਘੱਤਿਆ ਈ, ਉਸ ਤੈਨੂੰ ਵੀ ਚਾਰ ਦਿਨ ਹੰਢਾ ਕੇ ਕਿਸੇ ਯਾਰ ਤੋਂ ਮਰਵਾ ਦੇਣਾ ਏ। ਉਏ ਬਚੀਂ ਉਸ ਰੰਨ ਤੋਂ ਮੂਰਖਾ, ਤੇ ਫੇਰ ਮੇਰਾ ਬੰਦੂਕ ਚਲਾਉਣ ਵਾਲਾ ਹੱਥ ਚੁੰਮ ਕੇ ਉਸ ਮੈਨੂੰ ਮੁਆਫ਼ ਕਰ ਦਿੱਤਾ ਸੀ।”
ਘੜੀ ਕੁ ਉਹ ਸਾਰੇ ਚੁੱਪ-ਚਾਪ ਪੱਥਰ ਹੋਏ ਬੈਠੇ ਰਹੇ। ਰਾਤ ਬੇਲੇ ਵਿਚ ਕਬਰਿਸਤਾਨ ਵਾਂਗ ਸੋਗ ਤੇ ਚੁੱਪ ਸੀ। ਚੌਥੇ ਦੀ ਕਹਾਣੀ ਮੁੱਕ ਚੁੱਕੀ ਸੀ, ਅੱਗੋਂ ਪੰਜਵੇਂ ਦੀ ਵਾਰੀ ਸੀ।
ਅਚਾਨਕ ਰਾਤ ਦੀ ਚੁੱਪ ਸੂਰਾਂ ਦੇ ਘੁਰ ਘੁਰ ਤੇ ਟੁਰਨ ਦੀ ‘ਵਾਜ ਨਾਲ ਪਾਟ ਗਈ। ਉਨ੍ਹਾਂ ਦੇ ਕੋਲੋਂ ਦੀ ਸੂਰਾਂ ਦਾ ਇਕ ਇੱਜੜ ਘੁਰ ਘੁਰ ਕਰਦਾ ਇਕ ਦੂਜੇ ਵਿਚ ਮੂੰਹ ਦੇਈ ਲੰਘ ਕੇ ਅਗਾਂਹ ਟੁਰ ਗਿਆ। ਪੰਜਾਂ ਸ਼ਿਕਾਰੀਆਂ ਵਿਚੋਂ ਕਿਸੇ ਵੀ ਸੂਰਾਂ ਵਲ ਧਿਆਨ ਨਾ ਦਿੱਤਾ। ਇੰਞ ਲੱਗਦਾ ਸੀ ਜਿਵੇਂ ਏਸ ਬੇਲੇ ਵਿਚ ਉਹ ਸੂਰ ਮਾਰਨ ਲਈ ਰਾਤ ਨਹੀਂ ਸਨ ਰੁਕੇ…।
ਪੰਜਵੇਂ ਸ਼ਿਕਾਰੀ ਕਿਹਾ, “ਮੇਰੀ ਕਹਾਣੀ ਬਹੁਤ ਨਿੱਕੀ ਏ, ਦੋ ਫਿਕਰਿਆਂ ਦੀ ਤੇ ਪਹਿਲੀ ਕਹਾਣੀ ਦੇ ਨਾਲ ਈ ਬੱਧੀ ਜੁੜੀ ਏ। ਏਸ ਕਰਕੇ ਮੈਂ ਉਹਨੂੰ ਹੁਣੇ ਸੁਣਾ ਕੇ ਗੱਲ ਮੁਕਾਉਣਾ ਤੇ ਆਪਣੀ ਵਾਰੀ ਦੇ ਕੇ ਵਿਹਲਾ ਹੋ ਕੇ ਸੌਣਾ ਚਾਹੁੰਦਾ ਹਾਂ।”
ਪਹਿਲੋਂ ਕਿਸੇ ਨੇ ਹੰਗੂਰਾ ਨਾ ਦਿੱਤਾ। ਫੇਰ ਸਾਰੇ ਇਕੋ ਵਾਰ ਹਾਂ ਹਾਂ ਕਰਨ ਲੱਗ ਪਏ।
ਉਸ ਆਖਿਆ, “ਮੇਰੀ ਕਹਾਣੀ ਬੱਸ ਏਨੀ ਕੁ ਏ, ਭਈ ਏਦੂੰ ਪਹਿਲੇ ਕਹਾਣੀ ਵਾਲੀ ਜਿਹੜੀ ਰੰਨ ਨੇ ਯਾਰ ਹੱਥੋਂ ਯਾਰ ਮਰਵਾਇਆ ਉਹ ਆਪਣੇ ਵਿਆਹ ਤੋਂ ਪਹਿਲੋਂ ਕਈ ਵਰ੍ਹੇ ਮੇਰੇ ਹੱਥੋਂ ਚਾਰ ਨੰਬਰ ਨੂੰ ਮਰਵਾਣ ਦਾ ਬੇ-ਹਿਸਾਬ ਚਾਰਾ ਲਾਉਂਦੀ ਰਹੀ, ਪਰ ਉਹ ਕਾਮਯਾਬ ਨਾ ਹੋ ਸਕੀ। ਕਿਉਂ ਜੁ ਮੈਂ ਸਮਝਨਾ ਆਂ ਪਈ ਰੰਨ ਭਾਵੇਂ ਮੋਰਿਆਂ ਨਾਲ ਭਰੀ ਹੋਈ ਘਰ-ਘਰ ਫਿਰਨ ਵਾਲੀ ਟੀਨ ਦੀ ਛਾਨਣੀ ਹੋਵੇ ਤੇ ਭਾਵੇਂ ਇਕ ਘਰ ਵਿਚ ਪਈ ਹੋਈ ਪਾਸੇ ਦੀ ਸੋਨੇ ਦੀ ਭੜੋਲੀ…ਰੰਨ ਦੇ ਪੋਟੇ ਚੜ੍ਹ ਕੇ ਕਿਸੇ ਯਾਰ ਨੂੰ ਨਿਹੱਕ ਮਾਰ ਦੇਣਾ ਬਹੁਤ ਵੱਡਾ ਪਾਪ ਏ। ਦੁਨੀਆਂ ਦੀ ਸਭ ਤੋਂ ਸੋਹਣੀ ਰੰਨ ਵੀ ਯਾਰ ਦੀ ਜੁੱਤੀ ਦੇ ਬਰਾਬਰ ਨਹੀਂ ਹੁੰਦੀ।”
“ਅੱਗੋਂ? ਫੇਰ?” ਕਈ ਇਕੱਠੇ ਹੀ ਬੋਲ ਪਏ।
“ਮੇਰੀ ਕਹਾਣੀ ਖ਼ਤਮ ਹੋ ਗਈ,” ਪੰਜਵੇਂ ਤਸੱਲੀ ਨਾਲ ਕਿਹਾ।
“ਨਾਂ? ਨਾਂ? ਉਹਦਾ ਨਾਂ?”
ਇਕ ਦੋ ਤਿੰਨ ਇਕੱਠੇ ਬੋਲ ਪਏ, “ਹੱਡ ਬੀਤੀ ਸੁਣਾਉਣ ਵਿਚ ਸੱਚ ਬੋਲਣ ਦੀ ਸ਼ਰਤ ਏ। ਕਹਾਣੀ ਮੁਕੰਮਲ ਕਰੋ ਤੇ ਉਸ ਰੰਨ ਦਾ ਨਾਂ ਦੱਸੋਂ, ਜਿਹੜੀ ਦੋ ਕਹਾਣੀਆਂ ਵਿਚ ਜੁੜੀ ਹੋਈ ਏ।”
ਨੰਬਰ ਚਾਰ ਦਾ ਰੰਗ ਉਡ ਗਿਆ। ਉਸ ਕਹਾਣੀ ਸੁਣਾਉਣ ਵਾਲੇ ਵੱਲ ਇਉਂ ਵੇਖਿਆ ਜਿਵੇਂ ਗੋਲੀ ਲੱਗਿਆ ਹਿਰਨ, ਹਲਾਲ ਕਰਨ ਵਾਲੇ ਸ਼ਿਕਾਰੀ ਵੱਲ ਵੇਖਦਾ ਏ।
ਇਕ ਨੰਬਰ ਦਾ ਮੂੰਹ ਗੁੱਸੇ ਨਾਲ ਸੁਰਖ਼ ਹੋ ਗਿਆ। ਉਹਦੀਆਂ ਰਗਾਂ ਫੁੱਲ ਗਈਆਂ ਤੇ ਉਸ ਪੂਰੇ ਜ਼ੋਰ ਨਾਲ ਗੁੱਸੇ, ਨਫਰਤ ਤੇ ਕਰਾਹਤ ਭਰੀ ਅਵਾਜ਼ ਵਿਚ ਕਿਹਾ।
“ਕੰਜਰੀ, ਕੁੱਤੀ, ਗੰਦੀ, ਸੂਰਨੀ…ਗੋਲੀ ਦੇ ਲਾਇਕ ਰੰਨ। ਉਹਦਾ ਨਾਂ ਵੀ ਦੱਸੋ ਤੇ ਏਸ ਤੋਂ ਪਹਿਲੋਂ ਕਿ ਉਹ ਬੰਦੇ ਖਾਣੀ ਕਿਸੇ ਹੋਰ ਯਾਰ ਨੂੰ ਖਾ ਜਾਏ ਉਹਨੂੰ ਸੁੱਥਣ ਵਿਚ ਗੋਲੀ ਮਾਰ ਕੇ ਪਾਰ ਲੰਘਾ ਦਿਓ।”
“ਉਹਦਾ ਨਾਂ? ਉਹਦਾ ਨਾਂ?” ਚਾਰ ਚੁਫ਼ਰੇ ਤੋਂ ਇਸਰਾਰ ਵਧੀ ਜਾਂਦਾ। ਚਾਰ ਨੰਬਰ ਦਾ ਰੰਗ ਫੇਰ ਕਾਲਾ ਸਿਆਹ ਹੋ ਗਿਆ।
ਕਹਾਣੀ ਸੁਣਾਉਣ ਵਾਲੇ ਨੇ ਆਪਣੇ ਹੱਥ ਅੱਗ ਦੇ ਏਨੇ ਨੇੜੇ ਕਰ ਦਿੱਤੇ ਕਿ ਉਹ ਸੜਨ ਲਗ ਪਏ। ਉਸ ਹੌਲੀ ਜਿਹਾ ਕਿਹਾ, “ਕਿਸੇ ਦੀ ਧੀ ਭੈਣ ਨੂੰ ਛੱਟਣ ਦਾ ਪਾਪ ਮੇਰੇ ਸਿਰ ਉਤੇ…ਉਸ ਨੇਕ ਬਖ਼ਸ਼ ਦਾ ਨਾਂ ‘ਜੀਮ’ ਏ, ਉਹ ‘ਬੇ’ ਪਿੰਡ ਦੇ ‘ਅਲਫ’ ਦੀ ਧੀ ਸੀ। ਦਸ ਵਰ੍ਹੇ ਹੋਏ ਉਹਦਾ ਵਿਆਹ ਹੋਇਆ ਤੇ ਤੀਸਰੇ ਦਿਨ ਉਹ ਮਰ ਗਈ। ਹੁਣ ਪੁੱਛੋਗੇ ਇਹ ‘ਬੇ’ ਪਿੰਡ ਕਿੱਥੇ ਕੁ ਏ? ਮੇਰੇ ਪਿੰਡੋਂ ਪਹਾੜ ਵੱਲ ਦਸ ਕੋਹ ਦੀ ਵਿੱਥ ‘ਤੇ।”
“ਮਰ ਗਈ,” ਕਹਿ ਕੇ ਪਤਾ ਨਹੀਂ ਕਿਉਂ ਨੰਬਰ ਇਕ, ਦੋ ਤੇ ਤਿੰਨ ਜ਼ੋਰ ਜ਼ੋਰ ਦੀ ਹੱਸਣ ਲਗ ਪਏ। ਹਾਸੇ ਦੇ ਜ਼ੋਰ ਵਿਚ ਕਿਸੇ ਵੀ ਚਾਰ ਨੰਬਰ ਨੂੰ ਸੁਖ ਦਾ ਲੰਮਾ ਸਾਹ ਲੈਂਦਿਆਂ ਨਾ ਸੁਣਿਆ।
ਹੁਣ ਇਹ ਇਕ ਨੰਬਰ ਨੂੰ ਕਿਵੇਂ ਪਤਾ ਲੱਗ ਸਕਦਾ ਸੀ ਕਿ ਉਦੋਂ ਉਹਦੇ ਤਿੰਨ ਬੱਚਿਆਂ ਦੀ ਮਾਂ, ਦਸ ਵਰ੍ਹੇ ਪਹਿਲੋਂ ਉਹਦੇ ਨਾਲ ਵਿਆਹੀ ਜਾਣ ਵਾਲੀ, ਉਹਦੀ ਪਿਆਰੀ ਦੂਜੀ ਘਰ ਵਾਲੀ ‘ਕਾਫ਼’ ਹੀ ਅਸਲ ਵਿਚ ਉਹ ਨੇਕ ਬਖ਼ਤ ਏ ਜਿਹਦਾ ਨਾਂ ਆਖ਼ਰੀ ਕਹਾਣੀ ਸੁਣਾਉਣ ਵਾਲੇ ਨੇ ਜੀਮ ਦੱਸਿਆ ਸੀ।
ਤੁਹਾਨੂੰ ਇਹ ਦੱਸਣਾ ਬਾਕੀ ਰਹਿੰਦਾ ਏ ਪਈ ਪੰਜਵਾਂ ਸ਼ਿਕਾਰੀ ਏਸ ਕਹਾਣੀ ਦੇ ਲਿਖਣ ਵਾਲਾ ਖੁਦ ਸੀ।
Leave a Reply