ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਚਾਰ ਸਾਲ ਪਹਿਲਾਂ ਬਜ਼ੁਰਗ ਬਾਬੇ ਈਸ਼ਰ ਸਿੰਘ ਨਾਲ ਮੁਲਾਕਾਤ ਹੋਈ। ਉਹ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ ਅਜਿਹੇ ਨੇਕ ਇਨਸਾਨ ਹਨ ਜਿਨ੍ਹਾਂ ਦੇ ਦਰਸ਼ਨਾਂ ਨਾਲ ਬੰਦਾ ਜਿਉਣ ਦਾ ਮਕਸਦ ਸਮਝ ਲੈਂਦਾ ਹੈ। ਮਿਲਣੀਆਂ ਦੌਰਾਨ ਉਨ੍ਹਾਂ ਆਪਣੇ ਜੀਵਨ ਅਤੇ ਪਰਿਵਾਰ ਬਾਰੇ ਦੱਸਿਆ। ਪਿਛਲੇ ਸਾਲ ਉਹ ਆਪਣੀਆਂ ਦੋਹਾਂ ਪੋਤਰੀਆਂ ਦਾ ਵਿਆਹ ਪੰਜਾਬ ਵਿਚ ਕਰ ਕੇ ਆਏ ਹਨ। ਹੁਣ ਜਦੋਂ ਦੋਵੇਂ ਪੋਤ-ਜਵਾਈ ਇਥੇ ਆ ਗਏ, ਤਾਂ ਮੈਨੂੰ ਬਾਬਾ ਜੀ ਦੇ ਘਰ ਜਾਣ ਦਾ ਮੌਕਾ ਮਿਲਿਆ। ਦੋਵੇਂ ਪੋਤ-ਜਵਾਈ ਤਿਆਰ-ਬਰ-ਤਿਆਰ ਖਾਲਸਾ ਸਰੂਪ ਹਨ। ਬਾਬਾ ਜੀ ਦੱਸਦੇ ਸੀ,
ਮੈਨੂੰ ਬਚਪਨ ਤੋਂ ਹੀ ਗੁਰੂ ਘਰ ਸੇਵਾ ਕਰਨ ਅਤੇ ਬਾਣੀ ਪੜ੍ਹਨ ਦਾ ਬਹੁਤ ਸ਼ੌਕ ਸੀ। ਬਾਪ ਵੀ ਇਕੱਲਾ ਪੁੱਤ ਸੀ, ਅਗਾਂਹ ਮੈਂ ਵੀ ਇਕੱਲਾ ਹੀ ਸੀ। ਜਵਾਨੀ ਵਿਚ ਪੈਰ ਰੱਖਿਆ ਤਾਂ ਸਿਰ ਤੋਂ ਪਿਤਾ ਦਾ ਹੱਥ ਚੁੱਕਿਆ ਗਿਆ। ਮੈਂ ਅਤੇ ਮਾਂ ਪਿਛੇ ਰਹਿ ਗਏ। ਕਮਾਈ ਦਾ ਸਾਧਨ ਚਾਰ ਏਕੜ ਜ਼ਮੀਨ ਸੀ। ਮਾਂ ਨੇ ਭਰਾਵਾਂ ਵਰਗਾ ਸਾਥ ਦਿੰਦਿਆਂ ਖੇਤੀ ਵਿਚ ਹੱਥ ਵਟਾਇਆ। ਮਾਂ ਵੀ ਗੁਰਸਿੱਖ ਪਰਿਵਾਰ ਦੀ ਧੀ ਸੀ। ਮਾਂ ਨੂੰ ਤਾਂ ਬਹੁਤੀ ਬਾਣੀ ਮੂੰਹ ਜ਼ੁਬਾਨੀ ਕੰਠ ਸੀ। ਮਾਂ ਦੀ ਸਿੱਖਿਆ ਨੇ ਮੇਰੇ ਅੰਦਰ ਵੀ ਸਿੱਖ ਮਰਿਆਦਾ ਦਾ ਬੀਜ ਬੀਜ ਦਿੱਤਾ। ਜ਼ਮੀਨ ਬੇਸ਼ਕ ਥੋੜ੍ਹੀ ਸੀ ਪਰ ਬਰਕਤ ਬਥੇਰੀ ਸੀ। ਮਾਂ ਸ਼ਰਧਾ ਮੁਤਾਬਕ ਦਾਨ ਵੀ ਕਰਦੀ। ਜੇ ਕੋਈ ਮੰਗਤਾ ਦਰ ‘ਤੇ ਆ ਜਾਂਦਾ, ਤਾਜ਼ਾ ਪ੍ਰਸ਼ਾਦਾ ਬਣਾ ਕੇ ਛਕਾਉਂਦੀ। ਮਾਂ ਨੇ ਕਿਸੇ ਨੂੰ ਕਦੇ ਪੈਸਾ ਦਾਨ ਨਹੀਂ ਸੀ ਕੀਤਾ। ਨਾ ਕਦੇ ਦਰ ਆਏ ਨੂੰ ਖਾਲੀ ਮੋੜਿਆ ਸੀ। ਫਿਰ ਇਕ ਦਿਨ ਮਾਂ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਪਾਨ ਕਰਵਾ ਲਿਆਈ।
ਫਿਰ ਮਾਂ ਕਹਿੰਦੀ, ਗੁਰਸਿੱਖ ਨੂੰਹ ਲਿਆਉਣੀ ਹੈ। ਉਸ ਸਮੇਂ ਆਹ ਨਵੇਂ ਜ਼ਮਾਨੇ ਦੀ ਏਡੀ ਮਾਰ ਨਹੀਂ ਸੀ ਪਈ। ਮਾਂ ਨੂੰ ਛੇਤੀ ਹੀ ਇਕ ਗੁਰਸਿੱਖ ਪਰਿਵਾਰ ਦੀ ਪੜ੍ਹੀ-ਲਿਖੀ ਧੀ ਮਿਲ ਗਈ। ਵਿਆਹ ਤੋਂ ਪਹਿਲਾਂ ਮੈਂ ਅਤੇ ਮਾਂ ਨੇ ਘਰੇ ਸਹਿਜ ਪਾਠ ਅਰੰਭ ਕਰ ਕੇ, ਮੰਗਣੇ ਵਾਲੇ ਦਿਨ ਸੰਪਰੂਨਤਾ ਦਾ ਭੋਗ ਪਾਇਆ ਤੇ ਦੂਜੇ ਦਿਨ ਪੰਜ ਬੰਦੇ ਜਾ ਕੇ ਅਨੰਦ ਕਾਰਜ ਕਰਵਾ ਲਿਆਏ। ਉਦੋਂ ਅੱਜ ਵਾਂਗ ਰੇਡੀਓ ਟੀæਵੀæ ‘ਤੇ ਗੁਰਬਾਣੀ ਨਹੀਂ ਸੀ ਸੁਣੀ ਜਾਂਦੀ ਸਗੋਂ ਆਪਣੇ ਮੁੱਖ ਤੋਂ ਪੜ੍ਹੀ ਜਾਂਦੀ ਸੀ ਤੇ ਦੂਜਿਆਂ ਨੂੰ ਸੁਣਾਈ ਜਾਂਦੀ ਸੀ। ਜੇ ਬਾਣੀ ਪੜ੍ਹਦਿਆਂ ਮੇਰੇ ਕੋਲੋਂ ਕੰਨਾ, ਟਿੱਪੀ, ਵੱਧ ਘੱਟ ਲੱਗ ਜਾਣਾ, ਤਾਂ ਮਾਂ ਨੇ ਝੱਟ ਕਹਿ ਦੇਣਾ, ‘ਪੁੱਤਰ ਜੀ! ਦੁਬਾਰਾ ਪੜ੍ਹੋ।’ ਮਾਂ ਕੰਮ ਕਰਦੀ ਵੀ ਪੂਰਾ ਧਿਆਨ ਬਾਣੀ ਸੁਣਨ ਵਿਚ ਰੱਖਦੀ ਸੀ। ਵਾਹਿਗੁਰੂ ਦੀ ਕ੍ਰਿਪਾ ਨਾਲ ਪਹਿਲਾਂ ਪੁੱਤਰ ਤੇ ਫਿਰ ਧੀ ਦੀ ਦਾਤ ਮਿਲ ਗਈ।
ਪੁੱਤਰ ਸ਼ਮਸ਼ੇਰ ਸਿੰਘ ਇੰਜੀਨੀਅਰਿੰਗ ਦੀ ਡਿਗਰੀ ਕਰਨ ਲੱਗ ਪਿਆ। ਗਰੀਬ ਪਰਿਵਾਰ ਲਈ ਇਹ ਬਹੁਤ ਖੁਸ਼ੀ ਦੀ ਗੱਲ ਸੀ। ਧੀ ਰਾਣੀ ਦਸ ਜਮਾਤਾਂ ਪੜ੍ਹ ਕੇ ਹਟ ਗਈ। ਸਾਡੇ ਵਾਂਗ ਹੀ ਸਾਡੇ ਦੋਵੇਂ ਬੱਚੇ ਸਿੱਖੀ ਸਰੂਪ ਵਿਚ ਹੀ ਰਹਿੰਦੇ। ਸ਼ਮਸ਼ੇਰ ਸਿੰਘ ਦੀ ਪੜ੍ਹਾਈ ਖ਼ਤਮ ਹੋਈ ਤਾਂ ਕਿਸੇ ਨੇ ਰਿਸ਼ਤੇ ਦੀ ਦੱਸ ਪਾਈ ਕਿ ਕੁੜੀ ਅਮਰੀਕਾ ਤੋਂ ਆਈ ਹੈ। ਕੁੜੀ ਵਾਲੇ ਗੁਰਸਿੱਖ ਪਰਿਵਾਰ ਦੀ ਭਾਲ ਵਿਚ ਸਨ। ਬੱਸ, ਦੋ ਗੁਰਸਿੱਖ ਪਰਿਵਾਰਾਂ ਦਾ ਮੇਲ ਹੋ ਗਿਆ। ਬੜੇ ਸਾਦੇ ਢੰਗ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਨੂੰਹ ਰਾਣੀ ਬਖਸ਼ੀਸ਼ ਕੌਰ ਨੂੰ ਪੰਜ ਤਖ਼ਤਾਂ ਦੇ ਦਰਸ਼ਨ ਕਰਵਾਏ। ਫਿਰ ਉਸ ਨੇ ਇੱਥੇ ਆ ਕੇ ਸ਼ਮਸ਼ੇਰ ਸਿੰਘ ਦੇ ਪੇਪਰ ਭਰ ਦਿੱਤੇ। ਮਾਂ ਹਮੇਸ਼ਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸੁਖਮਨੀ ਸਾਹਿਬ ਦੇ ਪਾਠ ਕਰਦੀ ਰਹਿੰਦੀ। ਸੱਚ ਜਾਣਿਓਂæææਸਾਡੇ ਘਰ ਅੱਜ ਤੱਕ ਟੈਲੀਵਿਜ਼ਨ ਨਹੀਂ ਆਇਆ; ਇਥੇ ਬੇਸ਼ੱਕ ਦੋ ਟੈਲੀਵਿਜ਼ਨ ਹਨ ਪਰ ਪਿੰਡ ਮਾਂ ਨੇ ਟੈਲੀਵਿਜ਼ਨ ਨਹੀਂ ਲੱਗਣ ਦਿੱਤਾ। ਹੋਰ ਸਮਾਂ ਲੰਘਿਆ ਤਾਂ ਸ਼ਮਸ਼ੇਰ ਸਿੰਘ ਦੀ ਅਮਰੀਕਾ ਦੀ ਤਿਆਰੀ ਹੋਣ ਲੱਗ ਗਈ। ਮਾਂ ਨੇ ਤੁਰਨ ਲੱਗਿਆਂ ਕਿਹਾ, ‘ਪੁੱਤਰ! ਪਰਦੇਸਾਂ ਨੂੰ ਚੱਲਿਆਂ, ਵਾਹਿਗੁਰੂ ਨੇ ਜਿਥੇ ਚੋਗ ਖਿਲਾਰੀ ਹੈ, ਉਥੇ ਚੁਗਣੀ ਪੈਣੀ ਹੈ। ਪੁੱਤ ਤੇ ਪੋਤਰੇ ਕਮਾਈ ਕਰਨ ਨੂੰ ਹੀ ਪਰਦੇਸੀ ਤੋਰੀਦੇ ਨੇ, ਪਰ ਸਾਨੂੰ ਮਾਇਆ ਦੀ ਜ਼ਰੂਰਤ ਨਹੀਂ, ਸਾਨੂੰ ਲੋੜ ਹੈ ਦਸਮੇਸ਼ ਪਿਤਾ ਵੱਲੋਂ ਬਖ਼ਸ਼ੀ ਸਿੱਖੀ ਅਤੇ ਅੰਮ੍ਰਿਤ ਦੀ ਦਾਤ ਨੂੰ ਸਾਂਭਣ ਦੀ। ਦਾਹੜਾ ਤੇ ਦਸਤਾਰ ਤਨ ਤੋਂ ਪਰ੍ਹੇ ਨਾ ਕਰੀਂ। ਹਮੇਸ਼ਾ ਭਾਈ ਮਨੀ ਸਿੰਘ ਨੂੰ, ਭਾਈ ਤਾਰੂ ਸਿੰਘ ਨੂੰ, ਭਾਈ ਮਤੀ ਦਾਸ ਨੂੰ ਯਾਦ ਕਰੀਂ, ਜਿਨ੍ਹਾਂ ਨੇ ਸਿੱਖੀ ਨੂੰ ਪਿਆਰ ਕੀਤਾ ਤੇ ਕੁਰਬਾਨੀ ਦੇਣ ਨੂੰ ਪਹਿਲ ਸਮਝੀ।’ ਮਾਂ ਨੇ ਫਿਰ ਫਤਿਹ ਬੁਲਾ ਕੇ ਸ਼ਮੇਸ਼ਰ ਸਿੰਘ ਨੂੰ ਤੋਰ ਦਿੱਤਾ।
ਇਥੇ ਆ ਕੇ ਵੀ ਕਈ ਵਾਰ ਅਜਿਹੇ ਦਿਨ ਆਏ ਕਿ ਨੌਕਰੀ ਲਈ ਦਾਹੜਾ ਤੇ ਦਸਤਾਰ ਅੜਿੱਕਾ ਬਣਨ ਲੱਗੇ, ਪਰ ਸ਼ਮੇਸ਼ਰ ਸਿੰਘ ਨੂੰ ਦਾਦੀ ਦੇ ਕਹੇ ਬੋਲ ਯਾਦ ਸਨ। ਵਾਹਿਗੁਰੂ ਅੱਗੇ ਅਰਦਾਸ ਕੀਤੀ ਤਾਂ ਅਜਿਹੀ ਕੰਪਨੀ ਵਿਚ ਕੰਮ ਮਿਲ ਗਿਆ ਜਿਸ ਦਾ ਮਾਲਕ ਸਿੱਖ ਅਤੇ ਸਿੱਖ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਸੀ। ਗੁਰਬਾਣੀ ਦਾ ਪੱਲਾ ਸ਼ਮੇਸ਼ਰ ਸਿੰਘ ਨੇ ਇਥੇ ਆ ਕੇ ਵੀ ਨਹੀਂ ਛੱਡਿਆ। ਅਸੀਂ ਵੀ ਇਹੀ ਕਹਿੰਦੇ ਕਿ ਸਾਨੂੰ ਨਾ ਜ਼ਮੀਨ ਦੀ ਲੋੜ ਹੈ ਨਾ ਕੋਠੀ ਕਾਰਾਂ ਦੀ; ਤੂੰ ਆਪਣੀ ਨੇਕ ਕਮਾਈ ਕਰ ਦਾਨ ਪੁੰਨ ਕਰ, ਤੇ ਵੱਧ ਤੋਂ ਵੱਧ ਸਮਾਂ ਗੁਰਬਾਣੀ ਪੜ੍ਹਿਆ ਕਰ। ਦੋ ਦੋ ਸਿਫਟਾਂ ਲਾ ਕੇ ਸਾਨੂੰ ਡਾਲਰ ਇਕੱਠੇ ਕਰਨ ਦੀ ਲੋੜ ਨਹੀਂ। ਫਿਰ ਦੋ ਸਾਲ ਬਾਅਦ ਸ਼ਮਸ਼ੇਰ ਸਿੰਘ ਪਿੰਡ ਗਿਆ। ਮਾਂ ਦੇਖ ਕੇ ਬਾਗੋ ਬਾਗ ਹੋ ਗਈ ਕਿ ਉਹਦੇ ਪੋਤਰੇ ਨੇ ਦਸਮੇਸ਼ ਪਿਤਾ ਦੀ ਇਕ ਵੀ ਨਿਸ਼ਾਨੀ ਤਨੋ ਮਨੋ ਨਹੀਂ ਸੀ ਵਿਸਾਰੀ। ਸ਼ਮਸ਼ੇਰ ਸਿੰਘ ਮਹੀਨਾ ਪਿੰਡ ਰਹਿ ਕੇ ਵਾਪਸ ਆ ਗਿਆ।
ਬਖ਼ਸ਼ੀਸ਼ ਕੌਰ ਮਾਂ ਬਣਨ ਵਾਲੀ ਸੀ ਤਾਂ ਸ਼ਮਸ਼ੇਰ ਸਿੰਘ ਨੇ ਆਪਣੀ ਮਾਂ ਦੇ ਪੇਪਰ ਭਰਨ ਲਈ ਕਿਹਾ। ਮਾਂ ਅੱਗਿਉਂ ਕਹਿੰਦੀ, ਮੈਨੂੰ ਨੂੰਹ ਰਾਣੀ ਧੀ ਤੋਂ ਵੀ ਵੱਧ ਪਿਆਰੀ ਹੈ ਪਰ ਮੈਂ ਤੇਰੀ ਦਾਦੀ ਨੂੰ ਛੱਡ ਕੇ ਨਹੀਂ ਆ ਸਕਦੀ। ਤੁਸੀਂ ਬਖ਼ਸ਼ੀਸ਼ ਦੀ ਮਾਂ ਨੂੰ ਬੁਲਾ ਲਓ। ਸ਼ਮਸ਼ੇਰ ਸਿੰਘ ਦੇ ਘਰ ਧੀ ਨੇ ਜਨਮ ਲਿਆ। ਫਿਰ ਅਸੀਂ ਆਪਣੀ ਧੀ ਦਾ ਵਿਆਹ ਵੀ ਅਮਰੀਕਾ ਹੀ ਕਰ ਦਿੱਤਾ। ਉਹ ਵੀ ਗੁਰਸਿੱਖ ਪਰਿਵਾਰ ਸੀ। ਸਾਡਾ ਜਵਾਈ ਵੀ ਸ਼ਮਸ਼ੇਰ ਦੀ ਕੰਪਨੀ ਵਿਚ ਕੰਮ ਕਰਦਾ ਸੀ। ਸ਼ਮਸ਼ੇਰ ਸਿੰਘ ਨੇ ਕਈ ਵਾਰ ਸਾਨੂੰ ਇਥੇ ਸੱਦਣ ਦੀ ਕੋਸ਼ਿਸ਼ ਕੀਤੀ ਪਰ ਮੈਂ ਆਪਣੀ ਮਾਂ ਦੀਆਂ ਅੱਖਾਂ ਤੋਂ ਪਰ੍ਹੇ ਨਹੀਂ ਸੀ ਹੋਣਾ ਚਾਹੁੰਦਾ, ਨਾ ਹੀ ਮਾਂ ਨੂੰ ਅੱਖੋਂ ਪਰ੍ਹੇ ਕਰ ਸਕਦਾ ਸੀ ਪਰ ਮਾਂ ਇਕ ਦਿਨ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਪੜ੍ਹ ਕੇ ਪੰਜ ਭੂਤਕ ਸਰੀਰ ਤਿਆਗ ਗਈ। ਅਸੀਂ ਸਸਕਾਰ ਤਾਂ ਉਸੇ ਦਿਨ ਹੀ ਕਰ ਦਿੱਤਾ ਸੀ, ਪਰ ਭੋਗ ਵਾਲੇ ਦਿਨ ਸ਼ਮਸ਼ੇਰ ਸਿੰਘ ਹੋਰੀਂ ਸਾਰੇ ਪਹੁੰਚ ਗਏ। ਭੋਗ ਵਾਲੇ ਦਿਨ ਸਾਰੇ ਨਗਰ ਦੇ ਮਨ ਵਿਚ ਇਹੀ ਖਿਆਲ ਸਨ ਕਿ ਅਮਰੀਕਾ ਵਾਲੇ ਦਾਨ ਪੁੰਨ ਬਹੁਤ ਕਰਨਗੇ ਪਰ ਸ਼ਮਸ਼ੇਰ ਸਿੰਘ ਨੇ ਦਾਦੀ ਦੇ ਕਹੇ ਬੋਲਾਂ ‘ਤੇ ਪਹਿਰਾ ਦਿੱਤਾ। ਉਹ ਕਹਿੰਦੀ ਹੁੰਦੀ ਸੀ ਕਿ ਗਰੀਬ ਦਾ ਮੂੰਹ ਹੀ ਗੁਰੂ ਕੀ ਗੋਲਕ ਹੁੰਦੀ ਹੈ। ਗਰੀਬ ਪਰਿਵਾਰ ਨੂੰ ਜਿਸ ਕਿਸੇ ਚੀਜ਼ ਦੀ ਜ਼ਰੂਰਤ ਸੀ, ਉਸ ਨੂੰ ਪੂਰਾ ਕੀਤਾ। ਗਰੀਬ ਦੀ ਧੀ ਨੂੰ ਪੜ੍ਹਾਉਣ ਦਾ ਖਰਚਾ ਚੁੱਕਿਆ ਤੇ ਬਿਮਾਰ ਨੂੰ ਇਲਾਜ ਲਈ ਪੈਸੇ ਦਿੱਤੇ। ਇਹ ਸਾਰਾ ਕੁਝ ਅੱਜ ਤੱਕ ਵੀ ਚਲਦਾ ਆ ਰਿਹਾ ਹੈ। ਫਿਰ ਸ਼ਮਸ਼ੇਰ ਸਿੰਘ ਨੇ ਦੁਬਾਰਾ ਸਾਨੂੰ ਕਿਹਾ, ਪਿਤਾ ਜੀ! ਇਸ ਵਾਰ ਤੁਸੀਂ ਤੇ ਮਾਂ, ਬਖ਼ਸ਼ੀਸ ਕੌਰ ਕੋਲ ਜ਼ਰੂਰ ਆਓ। ਵਾਹਿਗੁਰੂ ਨੇ ਕ੍ਰਿਪਾ ਕੀਤੀ, ਅਸੀਂ ਆਪਣਾ ਘਰ ਕਿਸੇ ਗਰੀਬ ਪਰਿਵਾਰ ਨੂੰ ਸੰਭਾਲ ਕੇ ਇੱਥੇ ਆ ਗਏ। ਥੋੜ੍ਹੇ ਦਿਨਾਂ ਬਾਅਦ ਹੀ ਦੂਜੀ ਪੋਤੀ ਨੇ ਜਨਮ ਲਿਆ। ਘਰ ਦੇ ਕਿਸੇ ਜੀਅ ਨੇ ਮਨ ਖ਼ਰਾਬ ਨਹੀਂ ਕੀਤਾ ਕਿ ਫਿਰ ਕੁੜੀ ਹੋ ਗਈ ਹੈ, ਸਗੋਂ ਦਸਮੇਸ਼ ਪਿਤਾ ਅੱਗੇ ਇਹੀ ਅਰਦਾਸ ਕੀਤੀ ਕਿ ਬੱਚੀਆਂ ਨੂੰ ਗੁਰਸਿੱਖੀ ਜੀਵਨ ਬਖ਼ਸ਼ਣ।
ਬੱਚੀਆਂ ਵੀ ਵੱਡੀਆਂ ਹੋਣ ਲੱਗੀਆਂ। ਸਕੂਲ ਦੀ ਪੜ੍ਹਾਈ ਸ਼ੁਰੂ ਹੋ ਗਈ। ਗੁਰਸਿੱਖੀ ਦੀ ਪੜ੍ਹਾਈ ਮੈਂ ਘਰ ਸ਼ੁਰੂ ਕਰ ਦਿੱਤੀ। ਹਾਈ ਸਕੂਲ ਤੱਕ ਦੋਵੇਂ ਸਿਰ ‘ਤੇ ਦਸਤਾਰ ਸਜਾਉਣ ਲੱਗ ਗਈਆਂ। ਸਕੂਲੀ ਪੜ੍ਹਾਈ ਵਿਚ ਵੀ ਉਹ ਬਹੁਤ ਅੱਗੇ ਲੰਘਦੀਆਂ ਗਈਆਂ। ਫਿਰ ਮੈਂ ਉਨ੍ਹਾਂ ਨੂੰ ਅੰਮ੍ਰਿਤ ਛਕਣ ਲਈ ਕਿਹਾ। ਉਹ ਝੱਟ ਤਿਆਰ ਹੋ ਗਈਆਂ। ਵਿਸਾਖੀ ਦੇ ਦਿਹਾੜੇ ‘ਤੇ ਅਸੀਂ ਉਨ੍ਹਾਂ ਨੂੰ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਪਾਨ ਕਰਵਾ ਲਿਆਏ।
ਇਕ ਦਿਨ ਪਾਰਕ ਵਿਚ ਬੈਠੇ ਸੀ, ਤਾਂ ਮੈਨੂੰ ਇਕ ਬੰਦਾ ਕਹਿੰਦਾ, “ਈਸ਼ਰ ਸਿਆਂ! ਪੋਤੀਆਂ ਨੂੰ ਅੰਮ੍ਰਿਤ ਛਕਾ ਲਿਆਇਆਂ, ਪੋਤ-ਜਵਾਈ ਗੁਰੂ ਸਿੱਖ ਕਿਥੋਂ ਲੱਭੇਂਗਾ? ਸਾਰਾ ਪੰਜਾਬ ਤਾਂ ਨਸ਼ਿਆਂ ਨੇ ਖਾ ਲਿਆ ਹੈ।” ਮੈਂ ਉਸ ਨੂੰ ਜਵਾਬ ਦਿੱਤਾ, “ਵੀਰ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ, ਸਿੱਖੀ ਖੰਡੇ ਦੀ ਧਾਰ ਵਿਚੋਂ ਪੈਦਾ ਹੋਈ ਹੈ, ਇਹ ਖ਼ਤਮ ਨਹੀਂ ਹੋ ਸਕਦੀ।”
ਦੋਹਾਂ ਪੋਤੀਆਂ ਨੂੰ ਮੈਂ ਗੁਰਬਾਣੀ ਦੀ ਵਿਆਖਿਆ ਵਾਲੀਆਂ ਸੈਂਚੀਆਂ ਲਿਆ ਕੇ ਪੜ੍ਹਾਈਆਂ। ਉਨ੍ਹਾਂ ਉਤੇ ਅਮਰੀਕਾ ਦਾ ਮਾਹੌਲ ਇਕ ਦਿਨ ਵੀ ਭਾਰੂ ਨਹੀਂ ਹੋਇਆ, ਸਦਾ ਸਿੱਖੀ ਦਾ ਪ੍ਰਚਾਰ ਕੀਤਾ। ਉਨ੍ਹਾਂ ਦੀ ਪੜ੍ਹਾਈ ਖ਼ਤਮ ਹੋਈ, ਤਾਂ ਅਸੀਂ ਵਿਆਹ ਬਾਰੇ ਸੋਚਣ ਲੱਗੇ। ਇਥੇ ਵੀ ਲੜਕੇ ਦੇਖੇ ਪਰ ਗੱਲ ਨਾ ਬਣੀ। ਪੰਜਾਬ ਗਏ। ਉਥੇ ਰਿਸ਼ਤੇਦਾਰਾਂ, ਸੱਜਣਾਂ-ਮਿੱਤਰਾਂ ਨੂੰ ਕਿਹਾ। ਕਈ ਗੁਰਸਿੱਖ ਪਰਿਵਾਰਾਂ ਦੇ ਮੁੰਡਿਆਂ ਦੀ ਦੱਸ ਪਈ। ਉਨ੍ਹਾਂ ਪਰਿਵਾਰਾਂ ਨਾਲ ਮੇਲ-ਮਿਲਾਪ ਕੀਤਾ ਤਾਂ ਸਾਡੀ ਗੱਲ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਕੋਲ ਇਕ ਪਿੰਡ ਵਿਚ ਇਕ ਗਰੀਬ ਕਿਰਸਾਨ ਦੇ ਇਕਲੌਤੇ ਪੁੱਤ ਨਾਲ ਬਣ ਗਈ ਜਿਹੜਾ ਸਿੱਖੀ ਸਰੂਪ ਵਿਚ ਤਿਆਰ-ਬਰ-ਤਿਆਰ ਸੀ, ਤੇ ਯੂਨੀਵਰਸਿਟੀ ਤੱਕ ਪਹਿਲੇ ਨੰਬਰ ‘ਤੇ ਆਉਂਦਾ ਰਿਹਾ ਸੀ, ਪਰ ਪੰਜਾਬ ਦੀ ਮਾੜੀ ਸਿਆਸਤ ਕਾਰਨ ਨੌਕਰੀ ਨਹੀਂ ਸੀ ਮਿਲ ਸਕੀ। ਰਿਸ਼ਵਤ ਦੇਣ ਲਈ ਉਹਦੇ ਕੋਲ ਲੱਖਾਂ ਰੁਪਏ ਨਹੀਂ ਸਨ।
ਅਸੀਂ ਆਪਣੀ ਵੱਡੀ ਪੋਤੀ ਦਾ ਰਿਸ਼ਤਾ ਉਥੇ ਕਰ ਦਿੱਤਾ। ਫਿਰ ਛੋਟੀ ਪੋਤੀ ਲਈ ਮੁੰਡੇ ਦੀ ਦੱਸ ਮਾਛੀਵਾੜੇ ਦੇ ਲਾਗਲੇ ਪਿੰਡ ਪਈ। ਉਥੇ ਵੀ ਗੁਰੂ ਦਾ ਸਿੱਖ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ, ਤੇ ਤਿਆਰ-ਬਰ-ਤਿਆਰ ਸਿੰਘ। ਚੰਗੀ ਪੜ੍ਹਾਈ ਕੀਤੀ ਹੋਈ। ਉਸ ਦਾ ਪਿਤਾ ਆਧਿਆਪਕ ਸੀ, ਮਾਤਾ ਘਰੇਲੂ ਸੁਆਣੀ। ਵਾਹਿਗੁਰੂ ‘ਤੇ ਅਥਾਹ ਭਰੋਸਾ ਰੱਖਣ ਵਾਲੀ। ਦੋਹਾਂ ਥਾਂਵਾਂ ‘ਤੇ ਰਿਸ਼ਤੇ ਪੱਕੇ ਹੋਣ ਤੋਂ ਬਾਅਦ ਸਾਦੇ ਢੰਗ ਨਾਲ ਵਿਆਹ ਕੀਤੇ। ਦੋਵਾਂ ਵਿਆਹਾਂ ਦੀ ਪਾਰਟੀ ਵਜੋਂ ਅਸੀਂ ਆਪਣੇ ਪਿੰਡ ਦੇ ਰਾਮਦਾਸੀਆ ਗੁਰਦੁਆਰੇ ਵਿਚ ਅਖੰਡ ਪਾਠ ਕਰਵਾ ਕੇ ਤਿੰਨ ਦਿਨ ਗੁਰੂ ਦਾ ਲੰਗਰ ਲਾਇਆ। ਇਸੇ ਤਰ੍ਹਾਂ ਪੋਤ-ਜਵਾਈਆਂ ਨੇ ਆਪਣੇ ਪਿੰਡ ਕੀਤਾ। ਨਾ ਮੈਰਿਜ ਪੈਲੇਸ ਬੁਕ ਕਰਵਾਇਆ, ਨਾ ਸ਼ਰਾਬ ਦਾ ਪਰਮਿਟ ਖਰੀਦਿਆ, ਤੇ ਨਾ ਕਿਸੇ ਨੇ ਸਾਨੂੰ ਕਿਹਾ ਕਿ ਆਹ ਕਿਹੋ ਜਿਹੇ ਵਿਆਹ ਕੀਤੇ ਨੇ। ਬੱਸ, ਫਾਲਤੂ ਪੈਸੇ ਖਰਚਣ ਨਾਲੋ ਗਰੀਬਾਂ ਦਾ ਢਿੱਡ ਭਰਨ ਨੂੰ ਪਹਿਲ ਦਿੱਤੀ। ਫਿਰ ਦੋਵੇਂ ਸਿੰਘ ਇਥੇ ਆ ਗਏ, ਤੁਹਾਡੇ ਸਾਹਮਣੇ ਹੀ ਹਨ।æææਬਾਬਾ ਜੀ ਨੇ ਆਪਣੀ ਗੱਲ ਮੁਕਾਈ।
ਮੈਨੂੰ ਬਾਬਾ ਜੀ ਤੇ ਉਸ ਦੀਆਂ ਪੋਤੀਆਂ ਇਸ ਕਰ ਕੇ ਯਾਦ ਆਈਆਂ, ਕਿਉਂਕਿ ਪਿਛਲੇ ਮਹੀਨੇ ਮੇਰੇ ਨਾਲ ਜੋ ਵਾਪਰਿਆ, ਉਹ ਲਿਖਣ ਲੱਗਾ ਹਾਂ। ਸਟੋਰ ‘ਤੇ ਕੈਸ਼ੀਅਰ ਵਜੋਂ ਕੰਮ ਕਰ ਰਿਹਾ ਸੀ। ਅਠਾਰਾਂ ਉਨੀ ਸਾਲ ਦੀ ਕੁੜੀ, ਇਕ ਕਾਲੇ ਮੁੰਡੇ ਨਾਲ ਅੰਦਰ ਆਈ। ਉਸ ਨੇ ਆਉਂਦਿਆਂ ਹੀ ਸਿਗਰਟ ਮੰਗੀ। ਮੈਂ ਉਸ ਦੀ ਉਮਰ ਦਾ ਪਰੂਫ ਲੈਣ ਲਈ ਆਈæਡੀæ ਕਾਰਡ ਮੰਗ ਲਿਆ। ਜਦੋਂ ਉਸ ਦਾ ਨਾਂ ਪੜ੍ਹਿਆ, ਫਲਾਣੀ ਕੌਰ; ਗੁੱਸਾ ਅੱਖਾਂ ਵਿਚ ਆ ਗਿਆ। ਜਦੋਂ ਆਈæਡੀæ ਕਾਰਡ ਦੇਖ ਕੇ ਉਸ ਵੱਲ ਤੱਕਿਆ, ਤਾਂ ਉਹ ਆਪਣੇ ਗਲ ਵਿਚ ਪਾਏ ਖੰਡੇ ਨੂੰ ਘੁੰਮਾ ਰਹੀ ਸੀ ਜੋ ਸੋਨੇ ਦੀ ਜ਼ੰਜੀਰ ਨਾਲ ਲਟਕ ਰਿਹਾ ਸੀ। ਮੇਰੇ ਦੇਖਦਿਆਂ ਦੇਖਦਿਆਂ ਉਸ ਕਾਲੇ ਨੇ ਮੱਚੀ ਲੱਕੜ ਵਰਗੇ ਆਪਣੇ ਬੁੱਲ੍ਹ ਉਸ ਕੁੜੀ ਦੀ ਗਰਦਨ ‘ਤੇ ਰੱਖ ਦਿੱਤੇ।
ਮੇਰੀਆਂ ਮੁੱਠੀਆਂ ਮਿਚ ਗਈਆਂ। ਕੁੜੀ ਨੇ ਮੇਰੇ ਚਿਹਰੇ ‘ਤੇ ਆਏ ਗੁੱਸੇ ਨੂੰ ਭਾਂਪਦਿਆਂ ਕਿਹਾ, “ਅੰਕਲ ਜੀ! ਫਿਕਰ ਨਾ ਕਰੋ, ਇਹ ਮੇਰਾ ਮੰਗੇਤਰ ਹੈ। ਅਸੀਂ ਜਲਦੀ ਵਿਆਹ ਕਰਵਾ ਲੈਣਾ ਹੈ।” ਮੈਂ ਆਪਣੇ ਗੁੱਸੇ ਨੂੰ ਪੀਂਦਿਆਂ ਉਸ ਨੂੰ ਸਿਗਰੇਟ ਦੇ ਦਿੱਤੀ ਤੇ ਉਨ੍ਹਾਂ ਨੇ ਬਾਹਰ ਜਾ ਕੇ ਧੂੰਏਂ ਦੇ ਬੱਦਲ ਉਡਾ ਦਿੱਤੇ। ਫਿਰ ਉਹ ਕੁੜੀ ਕਾਲੇ ਨਾਲ ਆਉਂਦੀ ਰਹੀ। ਇਕ ਦਿਨ ਉਹ ਇਕੱਲੀ ਸਟੋਰ ‘ਤੇ ਆਈ ਤਾਂ ਮੈਂ ਪਿਆਰ ਨਾਲ ਪੁੱਛਿਆ ਕਿ ਤੂੰ ਕਾਲਾ ਮੰਗੇਤਰ ਕਿਉਂ ਬਣਾਇਆ ਹੈ? ਕੁੜੀ ਨੇ ਦੱਸਿਆ, “ਅੰਕਲ ਜੀ! ਮੇਰੇ ਡੈਡ ਕੋਲ ਸਟੋਰ ਹਨ। ਮੈਂ ਅਤੇ ਮੇਰਾ ਭਰਾ ਇਥੇ ਹੀ ਜੰਮੇ ਤੇ ਵੱਡੇ ਹੋਏ ਹਾਂ। ਸਾਡੇ ਕੋਲ ਵੱਡਾ ਘਰ ਹੈ, ਵਧੀਆ ਕਾਰਾਂ ਹਨ ਪਰ ਇਹ ਸਭ ਦਿਖਾਵਾ ਹੈ। ਮੰਮੀ ਸਵੇਰੇ ਅੱਠ ਵਜੇ ਜਾ ਕੇ ਸਟੋਰ ਖੋਲ੍ਹ ਲੈਂਦੀ ਹੈ, ਡੈਡ ਬਾਰਾਂ ਵਜੇ ਉਠ ਕੇ ਸਟੋਰ ‘ਤੇ ਚਲਿਆ ਜਾਂਦਾ ਹੈ। ਮੰਮੀ ਸ਼ਾਮੀਂ ਆਉਂਦੀ ਹੈ, ਰੋਟੀ ਬਣਾ ਕੇ ਫਿਰ ਮੁੜ ਜਾਂਦੀ ਹੈ। ਫਿਰ ਦੋਵੇਂ ਕਦੋਂ ਆਉਂਦੇ ਹਨ, ਸਾਨੂੰ ਪਤਾ ਨਹੀਂ ਲੱਗਦਾ। ਇਹ ਉਦੋਂ ਤੋਂ ਹੋ ਰਿਹਾ ਹੈ, ਜਦੋਂ ਤੋਂ ਅਸੀਂ ਸੁਰਤ ਸੰਭਾਲੀ ਹੈ। ਸਾਨੂੰ ਮਾਂ ਬਾਪ ਦੇ ਪਿਆਰ ਦਾ ਪਤਾ ਹੀ ਨਹੀਂ। ਪੰਜਾਬੀ ਮੁੰਡਾ ਜਾਂ ਕੁੜੀ ਵੀ ਸਾਡੇ ਲਈ ਸਮਾਂ ਨਹੀਂ ਕੱਢ ਪਾਉਂਦੇ। ਇਹ ਕਾਲਾ ਮੇਰੇ ਨਾਲ ਚੌਵੀ ਘੰਟੇ ਰਹਿੰਦਾ ਹੈ। ਬਹੁਤ ਪਿਆਰ ਕਰਦਾ ਹੈ। ਆਪਣਿਆਂ ਨਾਲੋਂ ਕਈ ਗੁਣਾ ਚੰਗਾ ਹੈ।”
“ਤੇਰੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਤੁਹਾਡੇ ਕੋਲ ਨਹੀਂ ਰਹਿੰਦੇ?” ਮੈਂ ਵਿਚੋਂ ਟੋਕਿਆ।
“ਨਾਨਾ-ਨਾਨੀ ਮਰ ਚੁੱਕੇ ਹਨ। ਦਾਦਾ-ਦਾਦੀ ਹਨ, ਉਨ੍ਹਾਂ ਨੂੰ ਮਾਂ ਇਥੇ ਰਹਿਣ ਨਹੀਂ ਦਿੰਦੀ। ਉਹ ਇੰਡੀਆ ਹੀ ਰਹਿੰਦੇ ਹਨ।” ਕੁੜੀ ਨੇ ਅੱਖਾਂ ਭਰ ਲਈਆਂ। ਮੈਂ ਸੋਚਣ ਲੱਗ ਪਿਆ ਕਿ ਕਸੂਰ ਇਨ੍ਹਾਂ ਬੱਚਿਆਂ ਦਾ ਨਹੀਂ, ਉਨ੍ਹਾਂ ਮਾਪਿਆਂ ਦਾ ਹੈ ਜੋ ਅਮੀਰੀ ਦੀ ਕਲਗੀ ਮੱਥੇ ‘ਤੇ ਲਾਉਣ ਲਈ ਆਪਣੇ ਬੱਚਿਆਂ ਨੂੰ ਗੌਲਦੇ ਨਹੀਂ। ਜਦੋਂ ਬੱਚੇ ਆਪਣੀ ਮਰਜ਼ੀ ਦਾ ਰਾਹ ਚੁਣ ਲੈਂਦੇ ਹਨ, ਫਿਰ ਪੱਲੇ ਪਛਤਾਵਾ ਰਹਿ ਜਾਂਦਾ ਹੈ। ਲੋੜ ਹੈ ਬਜ਼ੁਰਗਾਂ ਨੂੰ ਸਾਂਭਣ ਦੀ, ਤੇ ਉਨ੍ਹਾਂ ਤੋਂ ਸਿੱਖਿਆ ਲੈਣ ਦੀ। ਜੇ ਹਰ ਘਰ ਵਿਚ ਬਾਬਾ ਈਸ਼ਰ ਸਿੰਘ ਵਰਗਾ ਬਜ਼ੁਰਗ ਹੋਵੇ, ਤਾਂ ਬੱਚੇ ਆਪਣੇ ਆਪ ਸਹੀ ਰਾਹ ਪੈ ਜਾਂਦੇ ਹਨ। ਰੱਬ ਰਾਖਾ।
Leave a Reply