ਭਾਰਤ ਵਿਚ ਅਗਲੀਆਂ ਲੋਕ ਸਭਾ ਚੋਣਾਂ ਲਈ ਨਗਾਰੇ ਉਤੇ ਚੋਟ ਲੱਗ ਚੁੱਕੀ ਹੈ। ਸਾਰੀਆਂ ਸਿਆਸੀ ਧਿਰਾਂ ਨੇ ਆਪੋ-ਆਪਣੀ ਸਿਆਸੀ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਜੋੜ-ਤੋੜ ਲਈ ਲਗਾਤਾਰ ਫਿਰਕੀਆਂ ਘੁੰਮ ਰਹੀਆਂ ਹਨ। ਉਂਜ ਇਕ ਗੱਲ ਸਪਸ਼ਟ ਹੈ ਕਿ ਐਤਕੀਂ ਵਾਲੀਆਂ ਲੋਕ ਸਭਾ ਚੋਣਾਂ ਪਿਛਲੀਆਂ ਸਾਰੀਆਂ ਚੋਣਾਂ ਨਾਲੋਂ ਵੱਖਰੀਆਂ ਹੋਣਗੀਆਂ। ਇਕ ਤਾਂ ਐਤਕੀਂ ਮੁੱਖ ਸਿਆਸੀ ਪਾਰਟੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਅੱਡ-ਅੱਡ ਜ਼ੋਰ ਲੱਗੇਗਾ, ਦੂਜਾ ਇਸ ਵਾਰ ਆਮ ਆਦਮੀ ਪਾਰਟੀ (ਆਪ) ਸਿਆਸੀ ਪਿੜ ਵਿਚ ਭੜਥੂ ਪਾਉਣ ਲਈ ਤਿਆਰ-ਬਰ-ਤਿਆਰ ਹੈ। ਇਹ ਪਾਰਟੀ ਫਿਲਹਾਲ ਆਮ ਰਵਾਇਤੀ ਪਾਰਟੀਆਂ ਵਾਂਗ ਭਾਵੇਂ ਜਥੇਬੰਦ ਨਹੀਂ; ਇਸ ਦੀਆਂ ਹੋਰ ਵੀ ਕਈ ਕਮਜ਼ੋਰੀਆਂ ਗਿਣਾਈਆਂ ਜਾ ਸਕਦੀਆਂ ਹਨ, ਪਰ ਇਸ ਪਾਰਟੀ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਜੋ ਮੱਲ ਮਾਰੀ, ਤੇ ਉਸ ਤੋਂ ਬਾਅਦ ਤਕਰੀਬਨ ਡੇਢ ਮਹੀਨੇ ਦੀ ਆਪਣੀ ਸਰਕਾਰ ਦੌਰਾਨ ਜੋ ਕੁਝ ਕਰ ਦਿਖਾਇਆ, ਉਸ ਨੇ ਰਵਾਇਤੀ ਪਾਰਟੀਆਂ ਤੋਂ ਅੱਕੇ-ਥੱਕੇ ਲੋਕਾਂ ਸਾਹਮਣੇ ਇਕ ਬਦਲ ਪੇਸ਼ ਕਰ ਦਿੱਤਾ ਹੈ। ਇਹ ਬਦਲ ਭਾਵੇਂ ਕਿੰਨਾ ਵੀ ਸੀਮਤ ਕਿਉਂ ਨਾ ਹੋਵੇ, ਇਸ ਨੇ ਭਾਰਤ ਦੇ ਆਮ ਵੋਟਰ ਦੇ ਮਨ ਵਿਚ ਉਥਲ-ਪੁਥਲ ਜ਼ਰੂਰ ਮਚਾਈ ਹੈ। ‘ਆਪ’ ਦੇ ਮੁਕਾਬਲੇ ਭਾਜਪਾ ਬਹੁਤ ਜ਼ਿਆਦਾ ਜਥੇਬੰਦ ਨਜ਼ਰੀਂ ਪੈ ਰਹੀ ਹੈ। ਇਸ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰੇਂਦਰ ਮੋਦੀ ਦੀਆਂ ਚੋਣ ਰੈਲੀਆਂ ਵਿਚ ਹੁਣ ਤੱਕ ਵਾਹਵਾ ਇਕੱਠ ਹੋ ਰਿਹਾ ਹੈ। ਫਿਰ ਵੀ ਸਿਆਸੀ ਮਾਹਿਰਾਂ ਦਾ ਵਿਸ਼ਲੇਸ਼ਣ ਹੈ ਕਿ ਕਿਸੇ ਵੀ ਧਿਰ ਨੂੰ ਐਤਕੀਂ ਸਪਸ਼ਟ ਬਹੁਮਤ ਨਹੀਂ ਮਿਲਣਾ। ਜਿਹੜੀ ਵੀ ਸਰਕਾਰ ਬਣੇਗੀ, ਉਹ ਜੋੜ-ਤੋੜ ਨਾਲ ਹੀ ਬਣੇਗੀ। ਇਨ੍ਹਾਂ ਚੋਣਾਂ ਵਿਚ ਹੁਣ ਤੱਕ ਕਾਂਗਰਸ ਬੇਹੱਦ ਬੇਵੱਸ ਨਜ਼ਰ ਆ ਰਹੀ ਹੈ। ਲੋਕਾਂ ਕੋਲ ਜਾਣ ਲਈ ਇਹਦੇ ਕੋਲ ਮੁੱਦਾ ਹੀ ਕੋਈ ਨਹੀਂ ਹੈ। ਇਸ ਨੇ ਮੋਦੀ ਖਿਲਾਫ ਸਿੱਧਾ ਮੋਰਚਾ ਖੋਲ੍ਹ ਕੇ ਫਿਰਕਾਪ੍ਰਸਤੀ ਨੂੰ ਮੁੱਖ ਚੋਣ ਮੁੱਦਾ ਬਣਾਉਣ ਦਾ ਯਤਨ ਕੀਤਾ, ਪਰ ਬੁਰੀ ਤਰ੍ਹਾਂ ਅਸਫਲ ਰਹੀ। ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਟੀæਵੀæ ਚੈਨਲ ਨੂੰ ਦਿੱਤੇ ਇੰਟਰਵਿਊ ਤੋਂ ਬਾਅਦ ਇਹ ਮੁੱਦਾ ਵੀ ਇਹਦੇ ਕੋਲੋਂ ਖੁੱਸ ਗਿਆ; ਇਸ ਨੂੰ ਤਾਂ ਦਿੱਲੀ ਦੇ ਸਿੱਖ ਕਤਲੇਆਮ ਦੇ ਮੁੱਦੇ ‘ਤੇ ਆਪਣੇ-ਆਪ ਨੂੰ ਬਚਾਉਣਾ ਵੀ ਔਖਾ ਹੋ ਗਿਆ। ਮੀਡੀਆ ਵਿਚ ਦਿੱਲੀ ਵਿਚ ਸਿੱਖਾਂ ਅਤੇ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਦੀ ਜਿਸ ਢੰਗ ਨਾਲ ਚਰਚਾ ਹੋਈ, ਉਸ ਤੋਂ ਬਾਅਦ ਕਾਂਗਰਸੀ ਲੀਡਰ ਕੁਝ ਕਹਿਣ ਜੋਗੇ ਨਾ ਰਹੇ। ਉਂਜ ਵੀ ਰਾਹੁਲ ਗਾਂਧੀ ਆਪਣੀ ਚੋਣ ਮੁਹਿੰਮ ਨੂੰ ਦੇਸ਼ ਪੱਧਰ ਉਤੇ ਸਥਾਪਤ ਕਰਨ ਵਿਚ ਫਿਲਹਾਲ ਬਹੁਤ ਪਿਛਾਂਹ ਰਹਿ ਗਏ ਹਨ। ਕਾਂਗਰਸ ਦੀ ਇਸ ਕਮਜ਼ੋਰੀ ਦਾ ਲਾਭ ਸਿੱਧਾ ਭਾਜਪਾ ਨੂੰ ਹੋ ਰਿਹਾ ਹੈ। ਇਸ ਦੌਰਾਨ ਖੇਤਰੀ ਪਾਰਟੀਆਂ ਅੰਦਰ ਤਿੱਖੀ ਸਰਗਰਮੀ ਚੱਲ ਰਹੀ ਹੈ। ਕੁਝ ਖੇਤਰੀ ਪਾਰਟੀਆਂ ਨਿੱਤਰ ਕੇ ਤੀਜੇ ਮੋਰਚੇ ਦੇ ਝੰਡੇ ਹੇਠ ਆ ਗਈਆਂ ਹਨ। ਜੇ ਇਹ ਮੋਰਚਾ ਇਕਜੁੱਟ ਰਹਿੰਦਾ ਹੈ ਤਾਂ ਕੁਝ ਸੂਬਿਆਂ ਵਿਚ ਇਸ ਮੋਰਚੇ ਦੀ ਭੂਮਿਕਾ ਬੜੀ ਅਹਿਮ ਹੋਵੇਗੀ।
ਪੰਜਾਬ ਦਾ ਸਿਆਸੀ ਦ੍ਰਿਸ਼, ਦੇਸ਼ ਦੇ ਦ੍ਰਿਸ਼ ਤੋਂ ਬਹੁਤਾ ਵੱਖਰਾ ਨਹੀਂ। ਸੂਬੇ ਦੀਆਂ 13 ਸੀਟਾਂ ਲਈ ਇਸ ਵਾਰ ਗਹਿ-ਗੱਡਵੇਂ ਮੁਕਾਬਲੇ ਹੋਣਗੇ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਗਰਮੀ ਹੀ ਨਹੀਂ ਵਧਾ ਰਿਹਾ, ਸਗੋਂ ਆਪਣੀ ਇਕ ਹੋਰ ਨੀਤੀ ਰਾਹੀਂ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਖੋਰਾ ਵੀ ਲਾ ਰਿਹਾ ਹੈ। ਕਹਿੰਦੇ-ਕਹਾਉਂਦੇ ਕਾਂਗਰਸੀ ਲੀਡਰ ਪਾਰਟੀ ਛੱਡ ਕੇ ਅਕਾਲੀ ਦਲ ਦੀ ‘ਤੱਕੜੀ’ ਵਿਚ ਤੁਲ ਰਹੇ ਹਨ। ਕਾਂਗਰਸੀਆਂ ਦੀ ਇਉਂ ਅਕਾਲੀ ਦਲ ਵਿਚ ਆਮਦ ਦਾ ਵਿਰੋਧ ਵੀ ਭਾਵੇਂ ਹੋ ਰਿਹਾ ਹੈ, ਪਰ ਇਸ ਦੀ ਸੁਰ ਬਹੁਤੀ ਉਚੀ ਨਹੀਂ, ਕਿਉਂਕਿ ਅਕਾਲੀ ਸਿਆਸਤ ਉਤੇ ਜਿਸ ਤਰ੍ਹਾਂ ਬਾਦਲ ਪਰਿਵਾਰ ਛਾਇਆ ਹੋਇਆ ਹੈ, ਕੋਈ ਅਕਾਲੀ ਸਿਰ ਚੁੱਕਣ ਦੀ ਹਿੰਮਤ ਨਹੀਂ ਕਰ ਰਿਹਾ। ਸਭ ਨੇ ਇਕ ਤਰ੍ਹਾਂ ਨਾਲ ਭਾਣਾ ਹੀ ਮੰਨ ਲਿਆ ਹੈ। ਇਤਿਹਾਸ ਗਵਾਹ ਹੈ ਕਿ ਜਿਹੜੇ ਵੀ ਲੀਡਰ ਨੇ ਬਾਦਲਾਂ ਨੂੰ ਵੰਗਾਰਿਆ, ਉਹ ਸਿਆਸੀ ਪਿੜ ਵਿਚੋਂ ਜੇ ਖਾਰਜ ਨਹੀਂ ਹੋਇਆ, ਤਾਂ ਉਸ ਨੂੰ ਬੇਅਸਰ ਜ਼ਰੂਰ ਬਣਾ ਦਿੱਤਾ ਗਿਆ। ਉਂਜ ਵੀ ਬਾਦਲਾਂ ਨੂੰ ਵਿਰੋਧੀ ਧਿਰ ਵੱਲੋਂ ਕੋਈ ਵੱਡੀ ਚੁਣੌਤੀ ਨਹੀਂ ਦਿਸ ਰਹੀ। ਪੰਜਾਬ ਕਾਂਗਰਸ ਦੀ ਪਾਟੋ-ਧਾੜ ਇਸ ਨੂੰ ਪੂਰੀ ਰਾਸ ਆ ਰਹੀ ਹੈ; ਬਲਕਿ ਕਈ ਮੌਕਿਆਂ ਉਤੇ ਤਾਂ ਇਸ ਨੇ ਇਸ ਪਾਟੋ-ਧਾੜ ਨੂੰ ਹੋਰ ਵਧਾਉਣ ਲਈ ਟਿੱਲ ਵੀ ਲਾਇਆ ਹੈ। ਸਾਂਝਾ ਮੋਰਚਾ ਜਿਸ ਵਿਚ ਪੀæਪੀæਪੀæ, ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ), ਸੀæਪੀæਆਈæ ਅਤੇ ਸੀæਪੀæਐਮæ ਸ਼ਾਮਲ ਹਨ, ਵੀ ਹੁਣ ਸਾਂਝਾ ਨਹੀਂ ਰਿਹਾ। ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਵੱਲੋਂ ਪੈਰ ਪਿਛਾਂਹ ਖਿੱਚਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਪੀæਪੀæਪੀæ ਮੁਖੀ ਸ਼ ਮਨਪ੍ਰੀਤ ਸਿੰਘ ਬਾਦਲ ਆਪਣੇ ਭਾਈਵਾਲਾਂ ਅਤੇ ਆਪਣੀ ਪਾਰਟੀ ਨਾਲ ਸਲਾਹ-ਮਸ਼ਵਰੇ ਤੋਂ ਬਗੈਰ ਹੀ ਕਾਂਗਰਸ ਨਾਲ ਸਾਂਝ ਪਾ ਚੁੱਕੇ ਹਨ। ਪੀæਪੀæਪੀæ ਅਤੇ ਕਾਂਗਰਸ ਦੀ ਇਸ ਨਵੀਂ ਸਾਂਝ ਨਾਲ ਸੂਬੇ ਵਿਚ ਕੋਈ ਹੋਰ ਉਥਲ-ਪੁਥਲ ਭਾਵੇਂ ਨਾ ਹੋਵੇ, ਪਰ ਬਠਿੰਡਾ ਹਲਕੇ ਦਾ ਮੁਕਾਬਲਾ ਜ਼ਰੂਰ ਦਿਲਚਸਪ ਬਣ ਗਿਆ ਹੈ। ਇਸ ਹਲਕੇ ਵਿਚ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਅਤੇ ਪੀæਪੀæਪੀæ ਮੁਖੀ ਮਨਪ੍ਰੀਤ ਸਿੰਘ ਬਾਦਲ ਆਹਮੋ-ਸਾਹਮਣੇ ਹੋਣਗੇ। ਇਸ ਹਲਕੇ ਦਾ ਇਕ ਹੋਰ ਦਿਲਚਸਪ ਪਹਿਲੂ ਇਹ ਵੀ ਹੈ ਕਿ ਕਿਸੇ ਵੀ ਉਮੀਦਵਾਰ ਦੀ ਜਿੱਤ ਵਿਚ ਡੇਰਾ ਸਿਰਸਾ ਦੀ ਭੂਮਿਕਾ ਅਹਿਮ ਹੁੰਦੀ ਹੈ। ਇਸ ਮਾਮਲੇ ਵਿਚ ਸੂਬੇ ‘ਚ ਅਕਾਲੀ ਦਲ ਦੀ ਸਰਕਾਰ ਹੋਣ ਕਰ ਕੇ ਹਰਸਿਮਰਤ ਦਾ ਪਲੜਾ ਭਾਰੀ ਜਾਪਦਾ ਹੈ। ਇਹ ਚੋਣ ਮਨਪ੍ਰੀਤ ਲਈ ਬਹੁਤ ਅਹਿਮ ਹੈ। ਉਨ੍ਹਾਂ ਉਤੇ ਇਹ ਉਂਗਲ ਉਠ ਰਹੀ ਹੈ ਕਿ ਐਤਕੀਂ ਉਨ੍ਹਾਂ ਨੇ ਪਾਰਟੀ ਜਾਂ ਪੰਜਾਬ ਦੀ ਥਾਂ ਨਿੱਜ ਨੂੰ ਪਹਿਲ ਦਿੱਤੀ ਹੈ। ਇਸ ਮਾਮਲੇ ਵਿਚ ਸਾਂਝੇ ਮੋਰਚੇ, ਇਥੋਂ ਤੱਕ ਕਿ ਪੀæਪੀæਪੀæ ਵਿਚ ਵੀ ਉਹ ਇਕੱਲੇ ਰਹਿ ਗਏ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪੀæਪੀæਪੀæ ਦੇ ਹੱਕ ਵਿਚ ਹਵਾ ਦੇ ਬਾਵਜੂਦ ਉਹ ਸਿਆਸੀ ਪਿੜ ਵਿਚ ਪੈਂਠ ਪਾਉਣ ਵਿਚ ਨਾਕਾਮ ਰਹੇ ਸਨ। ਹੁਣ ਵਾਲੀ ਸਿਆਸੀ ਗਿਣਤੀ-ਮਿਣਤੀ ਉਨ੍ਹਾਂ ਦੇ ਹੱਕ ਵਿਚ ਕਿੰਨਾ ਕੁ ਭੁਗਤਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
Leave a Reply