ਨਿਊ ਯਾਰਕ : ਦੁਨੀਆ ਭਰ ਵਿਚ ਹਰ ਸਾਲ 10 ਨਵੰਬਰ ਮਲਾਲਾ ਦਿਵਸ ਵਜੋਂ ਮਨਾਇਆ ਜਾਵੇਗਾ। ਇਹ ਐਲਾਨ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਕੀਤਾ ਹੈ। ਪਾਕਿਸਤਾਨ ‘ਚ ਲੜਕੀਆਂ ਦੀ ਸਿੱਖਿਆ ਦੇ ਅਧਿਕਾਰ ਦੀ ਲੜਾਈ ਲੜਨ ਵਾਲੀ 15 ਸਾਲਾ ਮਲਾਲਾ ਯੂਸਫਜ਼ਈ ‘ਤੇ ਤਾਲਿਬਾਨ ਨੇ ਪਿਛਲੇ ਮਹੀਨੇ ਹਮਲਾ ਕੀਤਾ ਸੀ। ਮੀਡੀਆ ਰਿਪੋਰਟ ਮੁਤਾਬਕ ਮੂਨ ਨੇ ਕਿਹਾ ਹੈ ਕਿ ਮਲਾਲਾ ਦੁਨੀਆ ਭਰ ਵਿਚ ਲੜਕੀਆਂ ਦੀ ਸਿੱਖਿਆ ਲਈ ਪ੍ਰੇਰਨਾ ਹੈ।
ਜ਼ਿਕਰਯੋਗ ਹੈ ਕਿ ਲੜਕੀਆਂ ਦੀ ਸਿੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਭਿਆਨ ਚਲਾਉਣ ਕਾਰਨ ਨੈਸ਼ਨਲ ਪੀਸ ਐਵਾਰਡ ਜੇਤੂ ਮਲਾਲਾ ਯੂਸੁਫਜ਼ਈ ‘ਤੇ ਨੌਂ ਅਕਤੂਬਰ ਨੂੰ ਤਾਲਿਬਾਨ ਅਤਿਵਾਦੀਆਂ ਨੇ ਖੈਬਰ ਪਖਤੂਨਵਾ ਪ੍ਰਾਂਤ ਦੇ ਸਵਾਤ ਘਾਟੀ ਵਿਚ ਹਮਲਾ ਕੀਤਾ ਸੀ ਜਿਸ ਵਿਚ ਉਹ ਗੰਭੀਰ ਜ਼ਖਮੀ ਹੋ ਗਈ ਸੀ। ਇਸ ਮੌਕੇ ਹਜ਼ਾਰਾਂ ਬਰਤਾਨਵੀ ਨਾਗਰਿਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਔਰਤਾਂ ਦੀ ਸਿੱਖਿਆ ਦੀ ਅਲੰਬਰਦਾਰ ਪਾਕਿਸਤਾਨੀ ਬੱਚੀ ਮਲਾਲਾ ਯੂਸਫਜ਼ਈ ਨੂੰ ਸ਼ਾਂਤੀ ਲਈ ਨੋਬਲ ਪੁਰਸਕਾਰ ਵਾਸਤੇ ਨਾਮਜ਼ਦ ਕੀਤਾ ਜਾਵੇ।
ਮਲਾਲਾ ਦੇ ਹੱਕ ਵਿਚ ਦਾਇਰ ਦਰਖਾਸਤ ਉਪਰ ਕੌਮਾਂਤਰੀ ਮੁਹਿੰਮ ਦੇ ਹਿੱਸੇ ਵਜੋਂ 30000 ਤੋਂ ਵੱਧ ਲੋਕਾਂ ਨੇ ਦਸਤਖਤ ਕੀਤੇ ਹਨ। ਅਜਿਹੀ ਮੁਹਿੰਮ ਕੈਨੇਡਾ, ਫਰਾਂਸ ਤੇ ਸਪੇਨ ਵਿਚ ਵੀ ਚੱਲ ਰਹੀ ਹੈ। ਇਸੇ ਦੌਰਾਨ ਮਲਾਲਾ ਨੇ ਵਿਸ਼ਵ ਭਰ ਵਿਚੋਂ ਮਿਲੇ ਸਮਰਥਨ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ। ਹਮਲਾ ਹੋਣ ਤੋਂ ਇਕ ਮਹੀਨੇ ਬਾਅਦ ਮਲਾਲਾ ਦੀ ਤਰਫੋਂ ਉਸ ਦੇ ਪਿਤਾ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਲਾਲਾ ਆਪਣੇ ਸਾਰੇ ਉਨ੍ਹਾਂ ਸ਼ੁਭ ਚਿੰਤਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹੈ ਜਿਨ੍ਹਾਂ ਨੇ ਉਸ ਦੀ ਜਿਊਂਦੇ ਰਹਿਣ ਤੇ ਹੌਂਸਲਾ ਬੁਲੰਦ ਰੱਖਣ ਵਿਚ ਮਦਦ ਕੀਤੀ ਹੈ।
Leave a Reply