ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਕਾਂਗਰਸ ਦੀ ਹਾਲਤ ਹੋਰ ਨਾਜ਼ੁਕ ਬਣ ਗਈ ਹੈ। ਇਕ ਪਾਸੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅੰਦਰੂਨੀ ਖਿੱਚੋਤਾਣ ਘਟਾਉਣ ਵਿਚ ਕਾਮਯਾਬ ਨਹੀਂ ਹੋ ਸਕੇ; ਦੂਜੇ ਬਾਦਲਾਂ ਦੀ ਚੁਸਤ ਸਿਆਸਤ ਨੇ ਕਾਂਗਰਸ ਦੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਹੈ। ਪੰਜਾਬ ਕਾਂਗਰਸ ਦੀ ਹਾਲਤ ਹੁਣ ਇਹ ਬਣ ਗਈ ਹੈ ਕਿ ਕਈ ਵਿਧਾਇਕ ਅਤੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਵਿਚ ਤੁਲਣ ਲਈ ਕਾਹਲੇ ਹਨ। ਪਿਛਲੇ ਦਿਨੀਂ ਤਲਵੰਡੀ ਸਾਬੋ ਤੋਂ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਜੋਗਿੰਦਰਪਾਲ ਜੈਨ, ਅਜੀਤ ਸਿੰਘ ਸ਼ਾਂਤ ਤੇ ਕਈ ਹੋਰ ਆਗੂ ਅਕਾਲੀ ਦਲ ਦਾ ਪੱਲਾ ਫੜ ਚੁੱਕੇ ਹਨ।
ਹੁਣ ਚਰਚਾ ਹੈ ਕਿ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਤਿੰਨ ਕਾਂਗਰਸ ਵਿਧਾਇਕ ਅਕਾਲੀ ਦਲ ਵਿਚ ਸ਼ਾਮਲ ਹੋਣ ਲਈ ਮੌਕੇ ਦੀ ਭਾਲ ਵਿਚ ਹਨ। ਇਨ੍ਹਾਂ ਵਿਚੋਂ ਦੋ ਵਿਧਾਇਕਾਂ ਵੱਲੋਂ ਕਿਸੇ ਵੀ ਸਮੇਂ ਐਲਾਨ ਕੀਤਾ ਜਾ ਸਕਦਾ ਹੈ ਜਦਕਿ ਤੀਜਾ ਵਿਧਾਇਕ ਅਜੇ ਆਪਣੇ ਖਿਲਾਫ਼ ਅਕਾਲੀ ਦਲ ਵੱਲੋਂ ਕੀਤੀ ਪਟੀਸ਼ਨ ਵਾਪਸ ਲੈਣ ਦੀ ਸ਼ਰਤ ਰੱਖ ਰਿਹਾ ਹੈ।
ਸੂਤਰਾਂ ਮੁਤਾਬਿਕ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਖਾਸ-ਉਲ-ਖਾਸ ਰਹੇ ਤੇ ਹੁਣ ਧੂਰੀ ਤੋਂ ਵਿਧਾਇਕ ਅਰਵਿੰਦ ਖੰਨਾ ਤੇ ਸ਼ੇਰਪੁਰ ਦੀ ਵਿਧਾਇਕ ਹਰਚੰਦ ਕੌਰ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕਰ ਲਿਆ ਹੈ, ਤੇ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲਗਾਤਾਰ ਸੰਪਰਕ ਵਿਚ ਹਨ। ਸੂਤਰਾਂ ਮੁਤਾਬਕ ਦੋਵੇਂ ਕਾਂਗਰਸੀ ਵਿਧਾਇਕ ਅਤੇ ਅਕਾਲੀ ਲੀਡਰਸ਼ਿਪ ਦੋਵਾਂ ਵਿਧਾਨ ਸਭਾ ਹਲਕਿਆਂ ਦੀ ਉਪ ਚੋਣ ਲੋਕ ਸਭਾ ਦੇ ਨਾਲ ਨਹੀਂ ਕਰਵਾਉਣਾ ਚਾਹੁੰਦੇ। ਇਸੇ ਕਰ ਕੇ ਉਹ ਹਾਲ ਦੀ ਘੜੀ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਰਸਮੀ ਐਲਾਨ ਨਹੀਂ ਕਰ ਰਹੇ।
ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਵਿਧਾਇਕਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਨ ਲਈ ਪਾਰਟੀ ਦੇ ਸੀਨੀਅਰ ਆਗੂ ਤੇ ਸੰਗਰੂਰ ਤੋਂ ਲੋਕ ਸਭਾ ਲਈ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਭਰੋਸੇ ਵਿਚ ਲੈ ਲਿਆ ਗਿਆ ਹੈ। ਅਰਵਿੰਦ ਖੰਨਾ ਤੇ ਸ੍ਰੀਮਤੀ ਹਰਚੰਦ ਕੌਰ ਵੱਲੋਂ ਮਾਰਚ ਦੇ ਅਖੀਰਲੇ ਹਫ਼ਤੇ ਕਿਸੇ ਸਮੇਂ ਵੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਜਾ ਸਕਦਾ ਹੈ। ਦੋਵੇਂ ਕਾਂਗਰਸ ਵਿਧਾਇਕ ਅਸਤੀਫ਼ਾ ਦੇਣ ਬਾਅਦ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਭਦੌੜ ਹਲਕੇ ਤੋਂ ਕਾਂਗਰਸ ਵਿਧਾਇਕ ਤੇ ਉੱਘੇ ਗਾਇਕ ਮੁਹੰਮਦ ਸਦੀਕ ਵੀ ਅਕਾਲੀ ਦਲ ਵਿਚ ਸ਼ਾਮਲ ਹੋਣ ਲਈ ਤਿਆਰ ਬੈਠੇ ਦੱਸੇ ਜਾਂਦੇ ਹਨ ਪਰ ਉੁਨ੍ਹਾਂ ਦੀ ਸ਼ਰਤ ਹੈ ਕਿ ਪਿਛਲੀ ਚੋਣ ਸਮੇਂ ਅਕਾਲੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਵੱਲੋਂ ਉੁਨ੍ਹਾਂ ਵਿਰੁਧ ਅਦਾਲਤ ਵਿਚ ਦਾਇਰ ਕੀਤੀ ਪਟੀਸ਼ਨ ਵਾਪਸ ਲਈ ਜਾਵੇ। ਅਕਾਲੀ ਲੀਡਰਸ਼ਿਪ ਦਰਬਾਰਾ ਸਿੰਘ ਗੁਰੂ ‘ਤੇ ਪਟੀਸ਼ਨ ਵਾਪਸ ਲੈਣ ਲਈ ਦਬਾਅ ਪਾਉਣ ਵਾਸਤੇ ਤਿਆਰ ਨਹੀਂ ਜਾਪਦੀ ਜਿਸ ਕਾਰਨ ਉਨ੍ਹਾਂ ਬਾਰੇ ਜਕੋਤੱਕੀ ਵਾਲੀ ਹਾਲਤ ਬਣੀ ਹੋਈ ਹੈ।
ਚੇਤੇ ਰਹੇ ਕਿ ਮਾਲਵਾ ਖੇਤਰ ਵਿਚ ਸ਼ ਜੀਤਮਹਿੰਦਰ ਸਿੰਘ ਸਿੱਧੂ ਤੇ ਅਰਵਿੰਦ ਖੰਨਾ ਕੈਪਟਨ ਅਮਰਿੰਦਰ ਸਿੰਘ ਦੀ ਖੱਬੀ-ਸੱਜੀ ਬਾਂਹ ਮੰਨੇ ਜਾਂਦੇ ਰਹੇ ਹਨ। ਸ਼ ਸਿੱਧੂ ਪਹਿਲਾਂ ਹੀ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਹਨ ਤੇ ਅਰਵਿੰਦ ਖੰਨਾ ਦੇ ਕਾਂਗਰਸ ਛੱਡਣ ਨਾਲ ਕੈਪਟਨ ਨੂੰ ਮਾਲਵਾ ਖੇਤਰ ਵਿਚ ਵੱਡਾ ਝਟਕਾ ਲੱਗ ਸਕਦਾ ਹੈ। ਅਸਲ ਵਿਚ ਤਲਵੰਡੀ ਸਾਬੋ ਤੋਂ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਨੇ ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਦਲਬਦਲੀ ਕਰ ਕੇ ਕਾਂਗਰਸ ਨੂੰ ਮਾਲਵਾ ਖੇਤਰ ਵਿਚ ਹਿਲਾ ਕੇ ਰੱਖ ਦਿੱਤਾ ਹੈ। ਜੀਤ ਮਹਿੰਦਰ ਸਿੰਘ ਸਿੱਧੂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਹਲਕੇ ਤੋਂ 2012 ਦੀਆਂ ਚੋਣਾਂ ਦੌਰਾਨ ਲਗਾਤਾਰ ਤੀਜੀ ਵਾਰੀ ਕਾਂਗਰਸ ਦੀ ਟਿਕਟ ਤੋਂ ਜਿੱਤੇ ਸਨ। ਸ਼ ਬੀਰਮੀ ਵੀ ਲੁਧਿਆਣਾ ਦਿਹਾਤੀ ਹਲਕੇ ਤੋਂ ਦੋ ਵਾਰ ਕਾਂਗਰਸ ਦੀ ਨੁਮਾਇੰਦਗੀ ਕਰ ਚੁੱਕੇ ਹਨ ਤੇ ਕਾਂਗਰਸ ਸਰਕਾਰਾਂ ਵਿਚ ਮੰਤਰੀ ਰਹੇ ਹਨ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸੱਤਾ ਤੋਂ ਲੰਮੇ ਸਮੇਂ ਤੱਕ ਬਾਹਰ ਰਹਿਣ ਕਰਕੇ ਸੱਤਾਧਾਰੀ ਧਿਰ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਭਰਮਾਉਣ ਵਿਚ ਕਾਮਯਾਬ ਹੋ ਜਾਂਦੀ ਹੈ। ਪੰਜਾਬ ਵਿਚ ਕਾਂਗਰਸ ਦੇ ਟੁੱਟਣ ਪਿੱਛੇ ਇਕ ਹੋਰ ਕਾਰਨ ਧੜੇਬੰਦੀ ਹੈ। ਪਾਰਟੀ ਹਾਈ ਕਮਾਂਡ ਧੜੇਬੰਦੀ ਨੂੰ ਖਤਮ ਕਰ ਲਈ ਕੋਈ ਉਪਰਾਲੇ ਨਹੀਂ ਕਰ ਰਹੀ।
______________
ਕੈਪਟਨ ਦਾ ਵਾਰ?
ਸਿਆਸੀ ਹਲਕਿਆਂ ਵਿਚ ਇਹ ਚਰਚਾ ਵੀ ਹੈ ਕਿ ਕਾਂਗਰਸੀ ਆਗੂਆਂ ਇਹ ਦਲਬਦਲੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਹੋ ਰਹੀ ਹੈ। ਦਲਬਦਲੀ ਕਰਨ ਵਾਲੇ ਕਾਂਗਰਸੀ ਆਗੂਆਂ ਵਿਚੋਂ ਬਹੁਤੇ ਕੈਪਟਨ ਦੇ ਨੇੜਲੇ ਹਨ। ਕਿਹਾ ਜਾ ਰਿਹਾ ਹੈ ਕਿ ਉਹ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸੀਨੀਅਰ ਆਗੂਆਂ ਨੂੰ ਪਿਛਾਹ ਧੱਕਣ ਦੀ ਨੀਤੀ ਤੋਂ ਬਹੁਤ ਔਖੇ ਹਨ। ਹੁਣ ਉਨ੍ਹਾਂ ਤਹੱਈਆ ਕੀਤਾ ਹੋਇਆ ਹੈ ਕਿ ਰਾਹੁਲ ਗਾਂਧੀ ਨੂੰ ਇਕ ਵਾਰ ਤਾਂ ਆਪਣਾ ਜਲਵਾ ਦਿਖਾ ਹੀ ਦਿੱਤਾ ਜਾਵੇ।
Leave a Reply