ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਤੋਂ ਪਹਿਲਾਂ ਦਲ ਬਦਲਣ ਅਤੇ ਗੱਠਜੋੜ ਕਰਨ ਦੀ ਕਵਾਇਦ ਸਿਖਰਾਂ ‘ਤੇ ਹੈ। ਇਸੇ ਸਿਲਸਿਲੇ ਵਿਚ ਪੰਜਾਬ ‘ਚ ਕਾਂਗਰਸ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀæਪੀæਪੀæ) ਨੇ ਗੱਠਜੋੜ ਕੀਤਾ ਹੈ। ਉਂਜ ਸਾਂਝੇ ਮੋਰਚੇ ਜਿਸ ਵਿਚ ਪੀæਪੀæਪੀæ ਸ਼ਾਮਲ ਹੈ, ਦੀਆਂ ਬਾਕੀ ਧਿਰਾਂ ਸੀæਪੀæਆਈæ, ਸੀæਪੀæਐਮæ ਅਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨੇ ਇਸ ਗਠਜੋੜ ਨੂੰ ਹੁੰਗਾਰਾ ਭਰਨ ਤੋਂ ਨਾਂਹ ਕਰ ਦਿੱਤੀ ਹੈ।
ਯਾਦ ਰਹੇ ਕਿ ਪੀæਪੀæਪੀæ, ਸੀæਪੀæਆਈæ, ਸੀæਪੀæਐਮæ ਅਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨੂੰ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ 6 ਫੀਸਦੀ ਤੋਂ ਵੱਧ ਵੋਟ ਮਿਲੀ ਸੀ ਜਿਸ ਨੇ ਚੋਣ ਨਤੀਜਿਆਂ ਵਿਚ ਫੈਸਲਾਕੁਨ ਭੂਮਿਕਾ ਨਿਭਾਈ। ਇਹ ਵੱਖਰੀ ਗੱਲ ਹੈ ਕਿ ਉਸ ਵੇਲੇ ਪੀæਪੀæਪੀæ ਪੂਰੇ ਜੋਬਨ ‘ਤੇ ਸੀ ਅਤੇ ਸੱਤਾ-ਵਿਰੋਧੀ ਹਵਾ ਵੀ ਸ਼ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਭੁਗਤੀ। ਇਸ ਵੇਲੇ ਮਨਪ੍ਰੀਤ ਬਾਦਲ ਨੂੰ ਛੱਡ ਕੇ ਕੋਈ ਹੋਰ ਵੱਡਾ ਆਗੂ ਜਾਂ ਹੋਰ ਸ਼ਖ਼ਸੀਅਤ ਪੀæਪੀæਪੀæ ਵਿਚ ਨਹੀਂ ਹੈ। ਇਕ-ਇਕ ਕਰ ਕੇ ਸਾਰੇ ਆਗੂ ਪਾਰਟੀ ਛੱਡ ਗਏ ਹਨ।
ਦੂਜੇ ਪਾਸੇ ਕਾਂਗਰਸ ਵੀ ਖਾਨਾਜੰਗੀ ਕਾਰਨ ਬੇਵੱਸ ਨਜ਼ਰ ‘ਆ ਰਹੀ ਹੈ। ਕਾਂਗਰਸ ਦੇ ਕਈ ਵਿਧਾਇਕ ਅਤੇ ਸੀਨੀਅਰ ਆਗੂ ਸੱਤਾ ਧਿਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਕਾਂਗਰਸ ਦੇ ਪੀæਪੀæਪੀæ ਨਾਲ ਗੱਠਜੋੜ ਤੋਂ ਕਾਂਗਰਸ ਦੇ ਕਈ ਧੜਿਆਂ ਨਾਲ ਜੁੜੇ ਆਗੂ ਵੀ ਔਖੇ ਹਨ। ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਤਾਂ ਇਸ ਵਿਰੁਧ ਖੁੱਲ੍ਹ ਕੇ ਭੜਾਸ ਕੱਢੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ।
ਪੰਜਾਬ ਕਾਂਗਰਸ ਅਤੇ ਪੀæਪੀæਪੀæ ਵਿਚਾਲੇ ਹੋਏ ਗੱਠਜੋੜ ਤਹਿਤ ਮਨਪ੍ਰੀਤ ਬਾਦਲ ਬਠਿੰਡਾ ਵਿਚ ਆਪਣੀ ਭਰਜਾਈ ਅਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵਿਰੁਧ ਚੋਣ ਲੜਨਗੇ। ਇਸ ਗੱਠਜੋੜ ਵੱਲੋਂ ਸਾਂਝੀ ਪ੍ਰਚਾਰ ਕਮੇਟੀ ਬਣਾ ਕੇ 13 ਸੀਟਾਂ ‘ਤੇ ਸਾਂਝੀ ਚੋਣ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ। ਇਸ ਗੱਠਜੋੜ ਬਾਰੇ ਸੀæਪੀæਆਈæ ਅਜੇ ਦੋਚਿੱਤੀ ਵਿਚ ਹੈ। ਕਾਂਗਰਸ ਨੇ ਸੀæਪੀæਆਈæ ਨੂੰ ਫਰੀਦਕੋਟ ਸੀਟ ਦੀ ਪੇਸ਼ਕਸ਼ ਕਰ ਕੇ ਬਾਕੀ 11 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਲ) ਵੀ ਇਸ ਗਠਜੋੜ ਵਿਚ ਸ਼ਾਮਲ ਹੋ ਸਕਦਾ ਹੈ ਪਰ ਸੀæਪੀæਐਮæ ਨੇ ਕਾਂਗਰਸ ਨਾਲ ਪੰਜਾਬ ਵਿਚ ਹੱਥ ਮਿਲਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ।
ਸ਼ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਤੋਂ ਭਾਵੇਂ ਸਾਂਝੇ ਉਮੀਦਵਾਰ ਵਜੋਂ ਚੋਣ ਲੜਨਗੇ ਪਰ ਉਨ੍ਹਾਂ ਦਾ ਚੋਣ ਨਿਸ਼ਾਨ ਪਤੰਗ ਹੀ ਹੋਵੇਗਾ। ਉਂਜ, ਮਨਪ੍ਰੀਤ ਬਾਦਲ ਇਹ ਵੀ ਸਵੀਕਾਰ ਕਰਦੇ ਹਨ ਕਿ ਉਸ ਦੀ ਆਮ ਆਦਮੀ ਪਾਰਟੀ (ਆਪ) ਨਾਲ ਵੀ ਗੱਲ ਚੱਲੀ ਸੀ ਪਰ ‘ਆਪ’ ਦੇ ਆਗੂਆਂ ਵੱਲੋਂ ਗੱਠਜੋੜ ਦੀ ਥਾਂ ਪੀæਪੀæਪੀæ ਦਾ ਰਲੇਵਾਂ ਕਰਨ ਦੀ ਅੜੀ ਕਾਰਨ ਉਨ੍ਹਾਂ ਦਾ ਸਮਝੌਤਾ ਸਿਰੇ ਨਹੀਂ ਚੜ੍ਹਿਆ। ਉਧਰ, ਮਨਪ੍ਰੀਤ ਬਾਦਲ ਦੇ ਖਾਸ ਰਹੇ ਹਾਸਰਸ ਕਲਾਕਾਰ ਭਗਵੰਤ ਮਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਕੇ ਸੰਗਰੂਰ ਸੀਟ ਤੋਂ ਚੋਣ ਲੜਨ ਲਈ ਡਟ ਗਏ ਹਨ। ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਨਹੀਂ ਛੱਡਿਆ, ਸਗੋਂ ਮਨਪ੍ਰੀਤ ਬਾਦਲ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ। ਸ੍ਰੀ ਮਾਨ ਦਾ ਕਹਿਣਾ ਹੈ ਕਿ ਪੀæਪੀæਪੀæ ਦਾ ਗਠਨ ਨਿਜ਼ਾਮ ਬਦਲਣ ਲਈ ਕੀਤਾ ਗਿਆ ਸੀ। ਉਦੋਂ ਪ੍ਰਣ ਕੀਤਾ ਗਿਆ ਸੀ ਕਿ ਪੀæਪੀæਪੀæ ਦੀ ਵਿਚਾਰਧਾਰਾ ਨਾਲ ਮੇਲ ਨਾ ਖਾਣ ਵਾਲੀ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਹੁਣ ਬਠਿੰਡਾ ਲੋਕ ਸਭਾ ਸੀਟ ਲੜ ਕੇ ਮਨਪ੍ਰੀਤ ਬਾਦਲ ਕਿਹੜਾ ਸਿਸਟਮ ਬਦਲਣ ਜਾ ਰਹੇ ਹਨ, ਉਨ੍ਹਾਂ ਨੂੰ ਸਮਝ ਨਹੀਂ ਆ ਰਹੀ।
Leave a Reply