ਇਕਬਾਲ ਰਾਮੂਵਾਲੀਆ (ਕੈਨੇਡਾ)
ਫੋਨ: 905-792-7357
ਸੰਨ 2014 ਦੀਆਂ ਪਹਿਲੀਆਂ ਅੰਗੜਾਈਆਂ ਦੌਰਾਨ, ਦਿੱਲੀ ਵਿਚ ਬਣੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਜਿੱਥੇ ਸਮੁੱਚੇ ਭਾਰਤ ਦੇ ਲੋਕ, ਆਮ ਆਦਮੀ ਪਾਰਟੀ (ਆਪ) ਵੱਲ ਆਕਰਸ਼ਤ ਕੀਤੇ ਹਨ, ਉੱਥੇ ḔਆਪḔ ਦੀ ਟੀਮ ਦੇ ਚੁੰਬਕ ਨੇ ਬਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀਆਂ ਅੱਖਾਂ ਵੀ ਕੇਜਰੀਵਾਲ ਵੱਲੀਂ ਘੁੰਮਾਅ ਦਿੱਤੀਆਂ ਹਨ। ਭਰਵੀਂ ਪੰਜਾਬੀ ਵਸੋਂ ਵਾਲੇ ਕੈਨੇਡਾ, ਅਮਰੀਕਾ, ਤੇ ਖ਼ਾਸ ਤੌਰ Ḕਤੇ ਟੋਰਾਂਟੋ ਵਰਗੇ ਸ਼ਹਿਰ ਵਿਚ ਚੌਵੀ ਘੰਟੇ ਇਕੋ ਸਮੇਂ ਪੰਜਾਬੀ ਦੇ ਛੇ-ਛੇ ਪ੍ਰੋਗਰਾਮ ਇੱਕ-ਦੂਜੇ ਦੇ ਬਰਾਬਰ ਚਲਦੇ ਹਨ ਜਿਨ੍ਹਾਂ ਵਿਚ ਸੰਗੀਤ ਦੀ ਥਾਂ ਪੰਜਾਬ ਤੋਂ ਨਾਮਵਰ ਪੱਤਰਕਾਰ ਹਰ ਰੋਜ਼ ਲੋਕਾਂ ਨੂੰ ਪੰਜਾਬ ਵਿਚਲੀਆਂ ਰਾਜਨੀਤਕ ਘਟਨਾਵਾਂ ਨਾਲ ਜੋੜਦੇ ਹਨ। ਸ੍ਰੋਤੇ ਆਪਣੇ ਫ਼ੋਨਾਂ ਰਾਹੀਂ, ਇਨ੍ਹਾਂ ਪੱਤਰਕਾਰਾਂ ਨਾਲ, ਪੰਜਾਬ ਦੇ ਰਾਜਨੀਤਕ ਹਾਲਾਤ ਬਾਰੇ ਜਿਹੜਾ ਪ੍ਰਤੀਕਰਮ ਸਾਂਝਾ ਕਰਦੇ ਹਨ, ਉਸ ਦੀ ਸੁਰ ਸਪਸ਼ਟ ਸੰਕੇਤ ਦਿੰਦੀ ਹੈ ਕਿ ਪਰਵਾਸੀ ਪੰਜਾਬੀ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੀ ਬੀਤੇ 65-67 ਸਾਲ ਦੀ ਕਾਰਗੁਜ਼ਾਰੀ ਤੋਂ, ਪੂਰੀ ਤਰ੍ਹਾਂ ਨਾਰਾਜ਼/ਨਿਰਾਸ਼ ਅਤੇ ਖ਼ਫ਼ਾ ਹੋ ਕੇ ਸੋਚਣ ਲੱਗ ਪਏ ਸਨ ਕਿ ਇਸ ਦੇਸ਼ ਦਾ ਸੁਧਾਰ ਕਦੇ ਹੋ ਹੀ ਨਹੀਂ ਸਕਣਾ।
ਉਨ੍ਹਾਂ ਦਾ ਖ਼ਦਸ਼ਾ ਜਾਇਜ਼ ਵੀ ਸੀ, ਕਿਉਂਕਿ ਜਿਸ ਭਾਰਤ ਵਿਚ ਲੋਕਰਾਜ ਦਾ ਸੰਪੂਰਨ ਵਪਾਰੀਕਰਨ, ਅਪਰਾਧੀਕਰਨ, ਅਤੇ ਪਰਿਵਾਰੀਕਰਨ ਕਰ ਦਿੱਤਾ ਗਿਆ ਹੈ, ਉਸ ਦੇਸ਼ ਦੀ ਸਿਆਸਤ ਵਿਚ ਕਿਸੇ ਈਮਾਨਦਾਰ, ਬੇਗ਼ਰਜ਼ ਤੇ ਅਸੂਲਪ੍ਰਸਤ ਬੰਦੇ ਦੇ ਪੈਰ ਲੱਗਣ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ ਸੀ। ਹਰ ਸ਼ੋਅਬੇ ਵਿਚ ਕੈਂਸਰ ਵਾਂਗ ਫੈਲੇ ਭ੍ਰਿਸ਼ਟਾਚਾਰ, ਬੇਇਨਸਾਫ਼ੀ, ਧੱਕੇਖੋਰੀ, ਰਿਸ਼ਵਤਖੋਰੀ ਅਤੇ ਬੇਰੁਜ਼ਗਾਰੀ ਤੋਂ ਤੰਗ ਆਈ ਭਾਰਤ-ਪੰਜਾਬ ਦੀ ਜਨਤਾ ਬੇਵਸੀ ਦੇ ਆਲਮ ਵਿਚ ਨਿੱਸਲ ਹੋਈ ਪਈ ਸੀ। ਲਾਚਾਰ ਹੋਇਆ ਆਮ ਆਦਮੀ ਕਿਸਮਤਵਾਦ ਦੀ ਦਲਦਲ ਵਿਚ ਖੁੱਭ ਕੇ ਆਪਣੇ ਸੁਪਨੇ ਹੀ ਮਾਰੀ ਬੈਠਾ ਸੀ।
ਤੇ ਕਵੀ ਪਾਸ਼ ਦੇ ਸ਼ਬਦਾਂ ਵਿਚ, Ḕਸਭ ਤੋਂ ਖ਼ਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ!Ḕ, ਹੁਣ ਬਦੇਸ਼ੀ ਪੰਜਾਬੀਆਂ ਦੇ ਸੁਪਨਿਆਂ ਵਿਚ ਮੋਮਬੱਤੀਆਂ ਜਗਣ ਲੱਗ ਪਈਆਂ ਹਨ। ਬੀਤੇ ਦੋ ਮਹੀਨਿਆਂ ਦੌਰਾਨ, ਬਦੇਸ਼ੀ ਪੰਜਾਬੀਆਂ ਅੰਦਰ ਪੰਜਾਬ ਦੀਆਂ ਕਾਂਗਰਸ, ਅਕਾਲੀ, ਬੀæਜੇæਪੀæ ਪਾਰਟੀਆਂ ਖ਼ਿਲਾਫ਼ ਗੁੱਸੇ ਤੇ ਰੋਹ ਦੀ ਜਿਹੜੀ ਸੁਰ ਅਚਾਨਕ ਹੀ ਬੁਲੰਦ ਹੋਈ ਹੈ, ਉਹ ਪਰਵਾਸੀ ਪੰਜਾਬੀਆਂ ਦੀ ਮਾਨਸਿਕਤਾ ਅੰਦਰ ਝਾਕੇ ਬਗ਼ੈਰ ਸਮਝੀ ਨਹੀਂ ਜਾ ਸਕਦੀ। ਬਦੇਸ਼ੀ ਪੰਜਾਬੀ ਜਿਨ੍ਹਾਂ ਮੁਲਕਾਂ ਵਿਚ ਵਸਦੇ ਹਨ, ਉੱਥੋਂ ਦੇ ਸਾਫ਼-ਸੁਥਰੇ ਰਾਜ-ਪ੍ਰਬੰਧ ਵਿਚ ਨਾ ਤਾਂ ਪੁਲਿਸ ਦੀਆਂ ਜ਼ਿਆਦਤੀਆਂ ਹਨ, ਤੇ ਨਾ ਹੀ ਸਰਕਾਰੀ ਦਫ਼ਤਰਾਂ ਵਿਚ ਨਿੱਕੇ-ਵੱਡੇ ਕੰਮ ਕਰਾਉਣ ਲਈ ਜ਼ਲਾਲਤ। ਨਾ ਇਨ੍ਹਾਂ ਮੁਲਕਾਂ ਵਿਚ ਪੰਜਾਬ-ਭਾਰਤ ਵਰਗੀਆਂ ਵਗਾਰਾਂ ਹਨ, ਨਾ ਆਮ ਜਨਤਾ ਦੇ ਪੱਧਰ ਉੱਤੇ ਕੋਈ ਭ੍ਰਿਸ਼ਟਾਚਾਰ, ਨਾ ਰਿਸ਼ਵਤਖੋਰੀ ਤੇ ਨਾ ਸਿਫ਼ਾਰਸ਼ਵਾਦ। ਇਥੋਂ ਦੀਆਂ ਪਾਰਟੀਆਂ ਅਤੇ ਲੀਡਰ ਵੋਟਾਂ ਭਰੋਟਣ ਲਈ ਨਾ ਨਸ਼ੇ ਵਰਤਾਉਂਦੇ ਹਨ, ਨਾ ਪੈਸਾ ਵੰਡਦੇ ਹਨ, ਤੇ ਨਾ ਹੀ ਪੰਜਾਬ ਵਾਂਗ ਝੂਠੇ ਕੇਸਾਂ ਵਿਚ ਫਸਾ ਕੇ ਵਿਰੋਧੀਆਂ ਨੂੰ ਪ੍ਰੇਸ਼ਾਨ ਕਰਦੇ ਹਨ। ਬੇਈਮਾਨ ਸਿਆਸਤਦਾਨਾਂ ਨੇ ਸਾਡੇ ਲੋਕਾਂ ਨੂੰ ਤਾਂ ਮੰਦਰਾਂ, ਮਸਜਿਦਾਂ, ਤੇ ਗੁਰਦਵਾਰਿਆਂ ਦੇ ਮਾਮਲਿਆਂ ਵਿਚ ਹੀ ਉਲਝਾਈ ਰੱਖਿਆ ਹੈ। ਯੂæਪੀæ ਵਿਚ ਲੋਕਾਂ ਨੂੰ ਭਰਮਾਉਣ ਲਈ 2600 ਕਰੋੜ ਰੁਪਏ ਦੇ ਸੰਗਮਰਮਰੀ ਹਾਥੀ ਲੁਆ ਦਿੱਤੇ, ਤੇ ਉਧਰ ਗੁਜਰਾਤ ਵਿਚ ਸਰਦਾਰ ਪਟੇਲ ਦੇ ਬੁੱਤ ਉੱਤੇ 2000 ਕਰੋੜ ਰੁਪਏ ਜ਼ਾਇਆ ਕਰ ਸੁੱਟੇ। ਇਹ ਢਕੌਂਸਲਾ ਬਦੇਸ਼ਾਂ ਵਿਚ ਕਦੀ ਵੀ ਚਲਾਇਆ ਨਹੀਂ ਜਾਂਦਾ।
ਪੰਜਾਬ ਦੇ ਸਰਕਾਰੀ ਅਫ਼ਸਰ ਤਾਂ ਰਾਜਸੀ ਪਾਰਟੀਆਂ ਦੇ ਬੰਧੂ ਬਣ ਕੇ ਰਹਿ ਗਏ ਹਨ, ਪਰ ਬਦੇਸ਼ਾਂ ਵਿਚ ਕਿਸੇ ਵੀ ਚੀਫ ਮਨਿਸਟਰ ਅਤੇ ਪ੍ਰਧਾਨ ਮੰਤਰੀ ਤਕ ਦੀ ਇਹ ਹਿੰਮਤ ਨਹੀਂ ਕਿ ਆਪਣੇ ਰਾਜਸੀ ਦਾਬੇ ਨਾਲ ਅਫ਼ਸਰਾਂ ਤੋਂ ਨਾਜਾਇਜ਼ ਕੰਮ ਕਰਵਾਉਂਦਾ ਫਿਰੇ। ਇੱਥੋਂ ਦੀ ਪੁਲਿਸ ਤਾਂ ਟਰੈਫ਼ਿਕ ਦੀ ਉਲੰਘਣਾ ਕਰਨ ਵਾਲੇ ਕਿਸੇ ਵਜ਼ੀਰ ਨੂੰ ਵੀ ਨਹੀਂ ਬਖ਼ਸ਼ਦੀ। ਨਾ ਹੀ ਪੰਜਾਬ ਵਾਂਗ ਫ਼ੋਕੀ ਟੌਹਰ ਲਈ ਮੰਤਰੀਆਂ ਦੀਆਂ ਕਾਰਾਂ ਨਾਲ ਪੰਜਾਹ-ਪੰਜਾਹ ਪੁਲਸੀਏ ਘੂੰ-ਘੂੰ ਕਰ ਕੇ ਲੰਘਦੇ ਹਨ। ਪੰਜਾਬ ਵਾਂਗ ਜਣਾ-ਖਣਾ ਹੀ ਆਪਣੀ ਕਾਰ ਉੱਪਰ ਲਾਲ ਬੱਤੀ ਨਹੀਂ ਟੁੰਗੀ ਫਿਰਦਾ। ਬਾਹਰਲੇ ਮੁਲਕਾਂ ਵਿਚ ਸਰਕਾਰ ਦਾ ਕੰਮ ਹੈ ਕਾਨੂੰਨ ਪਾਸ ਕਰਨੇ ਤੇ ਪੁਲਿਸ ਅਤੇ ਬਾਕੀ ਪ੍ਰਸ਼ਾਸਨ ਦਾ ਕੰਮ ਹੈ ਇਨ੍ਹਾਂ ਕਾਨੂੰਨਾਂ ਨੂੰ ਆਜ਼ਾਦਾਨਾ ਤੌਰ Ḕਤੇ ਲਾਗੂ ਕਰਨਾ ਤੇ ਪਬਲਿਕ ਦੀ ਮਦਦ ਕਰਨੀ। ਕਿਸੇ ਚੀਫ਼ ਮਨਿਸਟਰ ਤਕ ਦੀ ਵੀ ਇਹ ਹਿੰਮਤ ਨਹੀਂ ਕਿ ਜੁਰਮ ਵਿਚ ਫਸੇ ਬੰਦੇ ਨੂੰ ਛੁਡਾਉਣ ਲਈ ਜਾਂ ਕਿਸੇ ਦੀ ਬਦਲੀ ਕਰਾਉਣ ਲਈ, ਤੇ ਜਾਂ ਕਿਸੇ ਨੂੰ ਨੌਕਰੀ Ḕਤੇ ਰਖਾਉਣ ਦੀ ਸਿਫ਼ਾਰਸ਼ ਕਰ ਦੇਵੇ। ਇਥੇ ਪੰਜਾਬ ਵਾਂਗੂੰ ਵੱਡੇ-ਵੱਡੇ ਪੁਲਿਸ ਅਫ਼ਸਰ ਤੇ ਪ੍ਰਸ਼ਾਸਨੀ ਅਫ਼ਸਰ ਨਿੱਕੇ-ਨਿੱਕੇ ਰਾਜਸੀ ਲੀਡਰਾਂ ਤੇ Ḕਹਲਕਾ ਇੰਚਾਰਜਾਂḔ ਮੂਹਰੇ ਮੇਮਣੇ ਨਹੀਂ ਬਣਦੇ।
ਜੇ ਆਮ ਜ਼ਿੰਦਗੀ ਉੱਪਰ ਨਜ਼ਰ ਮਾਰੀਏ ਤਾਂ ਲੋਕਾਂ ਨੂੰ ਬੱਚਿਆਂ ਦੀ ਪੜ੍ਹਾਈ ਦੀ ਕੋਈ ਚਿੰਤਾ ਨਹੀਂ। ਬਾਰਾਂ ਗਰੇਡ ਤਕ ਫਾਈਵ-ਸਟਾਰ ਹੋਟਲਾਂ ਵਾਂਗ ਲਿਸ਼ਕਦੇ ਸਕੂਲਾਂ, ਕਿਤਾਬਾਂ ਨਾਲ ਲੱਦੀਆਂ ਲਾਇਬਰੇਰੀਆਂ ਅਤੇ ਕੰਪਿਊਟਰ ਲੈਬਾਂ ਵਿਚ ਹਰ ਬੱਚੇ ਨੂੰ ਮੁਫ਼ਤ ਵਿੱਦਿਆ ਦੇਣੀ ਤੇ ਸ਼ਾਨਦਾਰ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਇਲਾਜ ਦੇ ਨਾਲ-ਨਾਲ ਡਾਕਟਰਾਂ ਕੋਲ ਇਲਾਜ ਲਈ ਜਾਣ ਦਾ ਕੋਈ ਪੈਸਾ ਨਹੀ ਵਸੂਲਿਆ ਜਾਂਦਾ! ਬੇਰੁਜ਼ਗਾਰਾਂ ਲਈ ਅਤੇ ਸੀਨੀਅਰ ਸ਼ਹਿਰੀਆਂ ਲਈ ਦਵਾਈ ਵੀ ਮੁਫ਼ਤ। ਬੇਰੁਜ਼ਗਾਰਾਂ ਲਈ ਚੰਗਾ ਨਿਰਬਾਹ ਕਰਨਯੋਗ ਭੱਤਾ, ਹਰ ਸ਼ਹਿਰੀ ਲਈ ਸਸਤੀ ਪਬਲਿਕ ਟਰਾਂਸਪੋਰਟੇਸ਼ਨ, ਤੇ ਬੱਸਾਂ-ਟਰੇਨਾਂ ਮੁਕਲਾਵੇ ਆਈ ਨੂੰਹ ਵਾਂਗ ਸਜੀਆਂ ਹੋਈਆਂ। ਗੋਲੀਆਂ ਨਾਲ ਛਲਣੀ ਕੀਤੀਆਂ ਲਾਸ਼ਾਂ ਵਰਗੀਆਂ ਪੰਜਾਬ ਦੀਆਂ ਸੜਕਾਂ ਕਿਧਰੇ ਵੀ ਨਜ਼ਰ ਨਹੀ ਆਉਂਦੀਆਂ! ਨਾ ਕਿਤੇ ਕੋਈ ਮੱਖੀ ਭਿਣਕਦੀ ਹੈ, ਤੇ ਨਾ ਹੀ ਕੰਨਾਂ ਦੇ ਉਦਾਲੇ ਮੱਛਰ ਟੀਂ-ਟੀਂ ਕਰਦਾ ਹੈ। ਭੂ-ਮਾਫ਼ੀਆ ਨਾਮ ਦੀ ਕੋਈ ਚੀਜ਼ ਹੀ ਨਹੀਂ ਇਥੇ। ਵਿਰਲੇ-ਵਿਰਲੇ ਘਪਲੇ ਜ਼ਰੂਰ ਹੁੰਦੇ ਹਨ, ਪਰ ਘਪਲਾਬਾਜ਼, ਭਾਰਤ ਦੇ ਘਪਲੀਆਂ ਵਾਂਗ ਪੈਸੇ ਤੇ ਰਾਜਸੀ ਪਹੁੰਚ ਨਾਲ ਸੁੱਕਾ ਨਹੀਂ ਨਿੱਕਲ ਸਕਦਾ।
ਇਸ ਸਾਰੇ ਸੀਨ ਵਿਚ ਵਸਦੇ ਪਰਵਾਸੀ ਪੰਜਾਬੀ ਖਿਝਦੇ ਹਨ ਕਿ ਕੈਨੇਡਾ ਅਮਰੀਕਾ ਵਰਗਾ ਸਾਫ਼-ਸੁਥਰਾ ਰਾਜ ਪ੍ਰਬੰਧ ਪੰਜਾਬ ਵਿਚ ਕਿਉਂ ਨਹੀਂ ਹੋ ਸਕਦਾ? ਪਰਵਾਸੀ ਪੰਜਾਬੀ ਜਦੋਂ ਚਾਵਾਂ ਨਾਲ ਪੰਜਾਬ ਗੇੜਾ ਮਾਰਨ ਜਾਂਦੇ ਹਨ, ਤਾਂ ਜਿਹੜੀ ਜ਼ਲਾਲਤ ਉਨ੍ਹਾਂ ਨੂੰ ਪੁਲਿਸ, ਕਚਹਿਰੀਆਂ, ਪਟਵਾਰੀਆਂ ਤੇ ਤਹਿਸੀਲਦਾਰਾਂ ਦੇ ਹੱਥੋਂ, ਅਤੇ ਐਸ਼ਡੀæਐਮਜ਼ ਤੇ ਹੋਰ ਉੱਚ ਅਧਿਕਾਰੀਆਂ ਹੱਥੋਂ ਝੱਲਣੀ ਪੈਂਦੀ ਹੈ, ਉਹ ਪੰਜਾਬ ਦੀ ਮਿੱਟੀ ਦੀ ਮਹਿਕ ਸੁੰਘਣ ਆਏ ਪੰਜਾਬੀਆਂ ਨੂੰ ਧੁਰ ਤਕ ਭੰਨ ਸੁੱਟਦੀ ਹੈ। ਜਿੱਥੇ ਇੱਕ ਪਾਸੇ ਗੰਦਗੀ ਤੇ ਮੱਖੀ-ਮੱਛਰ ਅਤੇ ਖੱਡੇਦਾਰ ਸੜਕਾਂ, ਵਤਨ ਆਏ ਪੰਜਾਬੀਆਂ ਦੀ ਰੂਹ ਨੂੰ ਤਰੇੜਾਂ ਕਰ ਸੁਟਦੀਆਂ ਹਨ, ਉਥੇ ਪੁਲਿਸ, ਮਾਲ ਮਹਿਕਮੇ ਅਤੇ ਰਾਜਸੀ ਲੀਡਰਾਂ ਦੀ ਮਿਲੀ-ਭੁਗਤ ਰਾਹੀਂ, ਪਰਵਾਸੀਆਂ ਦੇ ਪੰਜਾਬ ਵਸਦੇ ਸਕੇ ਸੰਬੰਧੀ ਹੀ ਜਾਅਲੀ ਮੁਖਤਾਰਨਾਮੇ ਬਣਾ ਕੇ, ਤੇ ਜਾਅਲੀ ਰਜਿਸਟਰੀਆਂ ਕਰਾ ਕੇ ਜਾਇਦਾਦਾਂ ਹੜੱਪ ਲੈਂਦੇ ਹਨ। ਆਪਣੀਆਂ ਜਾਇਦਾਦਾਂ ਵਾਪਸ ਲੈਣ ਲਈ ਚਾਰਾਜੋਈ ਕਰਨ ਵਾਲਾ ਪਰਵਾਸੀ, ਭ੍ਰਿਸ਼ਟ ਸਿਸਟਮ Ḕਚ ਪੋਟਾ-ਪੋਟਾ ਮਰਦਾ ਹੈ। ਇਨਸਾਫ਼ ਦਾ ਕੋਈ ਛਿੱਜਿਆ ਹੋਇਆ ਪਰਛਾਵਾਂ ਵੀ ਉਸ ਦੀ ਚੇਤਨਾ Ḕਚ ਨਹੀਂ ਜੁੜਦਾ। ਰਾਜਸੀ ਸ਼ਹਿ Ḕਤੇ ਹੀ ਉਸ ਦੇ ਖ਼ਿਲਾਫ਼ ਝੂਠੇ ਪੁਲਿਸ ਕੇਸ ਬਣਾ ਦਿੱਤੇ ਜਾਂਦੇ ਹਨ, ਅਫ਼ਸਰਸ਼ਾਹੀ ਤੇ ਪੁਲਿਸ ਨਾਲ ਮਿਲ ਕੇ ਸੁਪਾਰੀਆਂ ਦੇ ਕੇ ਕਤਲ ਕਰਵਾ ਦਿੱਤਾ ਜਾਂਦਾ ਹੈ। ਪਰਵਾਸੀ ਲੋਕ ਜਿਹੜਾ ਪੰਜਾਬ ਚਾਲੀ ਪੰਜਾਹ ਸਾਲ ਪਹਿਲਾਂ ਛੱਡ ਕੇ ਗਏ ਸਨ, ਭ੍ਰਿਸ਼ਟ ਰਾਜਸੀ ਲੀਡਰਾਂ ਵੱਲੋਂ ਵਲੂੰਧਰੇ ਉਸ ਦੇ ਹੁਲੀਏ ਨੂੰ ਦੇਖ ਕੇ ਉਹ ਪੀੜ-ਪੀੜ ਹੋ ਜਾਂਦੇ ਹਨ। ਪਰਵਾਸੀ ਪੰਜਾਬੀ ਇਸ ਆਪਾ-ਧਾਪੀ ਦੇ ਆਦੀ ਨਹੀਂ ਹਨ। ਇਸ ਲਈ ਪਰਵਾਸੀ ਬਿਮਾਰ, ਅੱਧਮੋਏ ਪੰਜਾਬ ਦੀ ਤਸਵੀਰ ਪੰਜਾਬੀਆਂ ਨੂੰ ਉਦਾਸ, ਦੁਖੀ ਅਤੇ ਖ਼ਫ਼ਾ ਕਰਦੀ ਹੈ। ਉਹ ਪੰਜਾਬ ਦੀ ਬੇਰੁਜ਼ਗਾਰੀ, ਗਰੀਬੀ, ਨਸ਼ਾਖੋਰੀ ਅਤੇ ਹੋਰ ਅਲਾਮਤਾਂ ਦੇਖ ਕੇ ਝੂਰਦੇ ਹਨ। ਉਹ ਚਾਹੁੰਦੇ ਹਨ, ਉਨ੍ਹਾਂ ਦੇ ਬੱਚਿਆਂ ਅੰਦਰ ਪੰਜਾਬ ਜਾਣ ਦੀ ਤੀਬਰ ਤਲਬ ਉੱਠੇ, ਪਰ ਜਿਹੜਾ ਬੱਚਾ ਇੱਕ ਵਾਰੀ ਪੰਜਾਬ ਗਿਆ, ਉਹ ਮੁੜ ਕੇ ਪੰਜਾਬ ਦਾ ਨਾਮ ਲੈਣ ਤੋਂ ਵੀ ਤ੍ਰਭਕਦਾ ਹੈ। ਪਰਵਾਸੀ ਪੰਜਾਬੀਆਂ ਅੰਦਰ ਆਪਣੇ ਪੰਜਾਬ ਨੂੰ ਕੈਨੇਡਾ ਅਮਰੀਕਾ ਜਰਮਨੀ ਆਸਟਰੇਲੀਆ ਵਰਗਾ ਦੇਖਣ ਦੀ ਚਾਹਤ ਹੈ; ਲੇਕਿਨ ਸੰਚਾਰ ਸਾਧਨਾਂ ਦੀ ਬਹੁਤਾਤ ਨੇ ਪੰਜਾਬ ਤੇ ਭਾਰਤ ਵਿਚ ਘਟਦੀ ਹਰ ਘਟਨਾ ਤੋਂ ਦੁਨੀਆਂ ਭਰ Ḕਚ ਵਸਦੇ ਪੰਜਾਬੀਆਂ ਨੂੰ ਇਹ ਜਾਣਕਾਰੀ ਦੇ ਦਿੱਤੀ ਹੈ ਕਿ ਪੰਜਾਬ-ਭਾਰਤ ਵਿਚ ਉਤਨੀ ਦੇਰ ਪੱਛਮੀ ਮੁਲਕਾਂ ਵਰਗਾ ਸਾਫ਼ ਸੁਥਰਾ ਰਾਜ ਨਹੀਂ ਆ ਸਕਦਾ, ਜਦੋਂ ਤਕ ਉਥੋਂ ਦੇ ਸਰਕਾਰੀ ਨਿਜ਼ਾਮ ਦੀ ਵਾਗਡੋਰ ਕਿਸੇ ਅਸਲੋਂ ਹੀ ਈਮਾਨਦਾਰ ਬੰਦੇ ਅਤੇ ਸਾਫ਼ ਸੁਥਰੀ ਪਾਰਟੀ ਦੇ ਹੱਥ ਵਿਚ ਨਹੀਂ ਆ ਜਾਂਦੀ।
ਪਰਵਾਸੀ ਪੰਜਾਬੀਆਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਕਾਂਗਰਸ, ਬੀæਜੇæਪੀæ ਤੇ ਅਕਾਲੀਆਂ ਨੇ ਪੰਜਾਬੀਆਂ ਨੂੰ ਧਰਮਾਂ, ਬੋਲੀਆਂ ਤੇ ਜਾਤ-ਪਾਤ ਦੇ ਨਾਮ ਉੱਤੇ ਪਾੜ ਕੇ, ਅਸਲ ਆਰਥਿਕ ਮੁੱਦਿਆਂ ਤੋਂ ਭਟਕਾਉਣ ਤੋਂ ਇਲਾਵਾ ਕੀਤਾ ਹੀ ਕੁਝ ਨਹੀਂ। ਪਰਵਾਸੀ ਪੰਜਾਬੀ ਜਾਣ ਗਿਆ ਹੈ ਕਿ ਸਿਆਸਤਦਾਨਾਂ ਨੇ ਆਪਣੇ ਖੀਸੇ ਭਰ ਕੇ, ਪੰਜਾਬ ਦਾ ਸਤਿਆਨਾਸ ਕਰ ਸੁੱਟਿਆ ਹੈ। ਪਰਵਾਸੀ ਪੰਜਾਬੀ ਇਹ ਗੱਲ ਬੜੀ ਸ਼ਿੱਦਤ ਨਾਲ਼ ਮਹਿਸੂਸ ਕਰਨ ਲੱਗ ਪਏ ਹਨ ਕਿ ਦੇਸ਼ ਵਿਚੋਂ ਜਿੰਨੀ ਦੇਰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਤੇ ਸਿਫ਼ਾਰਸ਼ਵਾਦ ਦੀਆਂ ਜੜ੍ਹਾਂ ਨਹੀਂ ਉਖਾੜੀਆਂ ਜਾਂਦੀਆਂ, ਦੇਸ਼ ਕਦੇ ਵੀ ਪੱਛਮੀ ਦੇਸ਼ਾਂ ਵਾਂਗ ਖੁਸ਼ਹਾਲ ਨਹੀਂ ਹੋ ਸਕਦਾ। ਦਿੱਲੀ ਵਿਚ ਦੋਹਾਂ ਵੱਡੀਆਂ ਪਾਰਟੀਆਂ ਵੱਲੋਂ ਤੇ ਮੀਡੀਆ ਵੱਲੋਂ ਕੇਜਰੀਵਾਲ ਨੂੰ ਨਿੱਸਲ ਕਰਨ ਲਈ ਜਿਸ ਬੇਸ਼ਰਮੀ ਦਾ ਖੁੱਲ੍ਹਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਸ ਨੂੰ ਦੇਖਦਿਆਂ ਬਦੇਸ਼ਾਂ ਵਿਚ ਵਸਦੇ ਪੰਜਾਬੀ ਇਸ ਵਿਚਾਰ ਦੇ ਹੋ ਗਏ ਹਨ ਕਿ ਰਵਾਇਤੀ ਪਾਰਟੀਆਂ ਨੇ ਸੱਤਾ ਵਿਚ ਰਹਿਣ ਲਈ ਜੋੜ-ਤੋੜ ਹੀ ਕੀਤੇ ਹਨ; ਭਾਰਤ ਦੀ ਦਿਨੋ-ਦਿਨ ਵਿਗੜ ਰਹੀ ਆਰਥਿਕਤਾ, ਗੁੰਡਾਗਰਦੀ, ਬੇਰੁਜ਼ਗਾਰੀ, ਬੇਇਨਸਾਫ਼ੀ ਅਤੇ ਹੋਰ ਬੁਰਾਈਆਂ ਦਾ ਰੱਤੀ ਭਰ ਫ਼ਿਕਰ ਵੀ ਕਿਸੇ ਰਵਾਇਤੀ ਪਾਰਟੀ ਨੂੰ ਨਹੀਂ ਹੈ। ਖੱਬੇ ਪੱਖੀ ਪਾਰਟੀਆਂ ਦੀ ਮੌਕਾਪ੍ਰਸਤੀ ਵੀ ਸਿਰਫ਼ ਰਾਜਸੱਤਾ ਵਿਚ ਭਾਈਵਾਲੀ ਪ੍ਰਾਪਤ ਕਰਨ ਲਈ, ਭ੍ਰਿਸ਼ਟ ਪਾਰਟੀਆਂ ਨਾਲ ਸਾਂਝ ਪਾਉਣ ਤੀਕ ਸੀਮਤ ਹੋ ਕੇ ਰਹਿ ਗਈ ਹੈ।
ਹੁਣ ਜਦੋਂ ਕੇਜਰੀਵਾਲ ਨੇ ਆਮ ਆਦਮੀ ਦੇ ਦੁੱਖਾਂ-ਦਰਦਾਂ ਨੂੰ ਹਰਨ ਲਈ, ਈਮਾਨਦਾਰੀ, ਦ੍ਰਿੜਤਾ, ਬੇਗ਼ਰਜ਼ੀ ਅਤੇ ਬੇਖੌਫ਼ਤਾ ਦਾ ਮੁਜ਼ਾਹਰਾ ਕਰਦਿਆਂ, ਸਿਰਫ਼ ਕੁਰਸੀ ਨਾਲ ਚਿੰਬੜੇ ਰਹਿਣ ਦੀ ਥਾਂ, ਭ੍ਰਿਸ਼ਟਾਚਾਰ ਮੂਹਰੇ ਗੋਡੇ ਟੇਕਣ ਤੋਂ ਇਨਕਾਰ ਕਰ ਦਿੱਤਾ, ਤਾਂ ਪਰਵਾਸੀ ਪੰਜਾਬੀਆਂ ਦੇ ਮਨਾਂ ਅੰਦਰ ਤੂਫ਼ਾਨੀ ਜੋਸ਼ ਉੱਮੜ ਪਿਆ। ਪਰਵਾਸੀ ਪੰਜਾਬੀ ਹੁਣ ਖੁੱਲ੍ਹ ਕੇ ਇਹ ਕਹਿ ਰਹੇ ਹਨ ਕਿ ਭਾਰਤ ਦੇ ਲੋਕਾਂ ਨੇ ਅਗਰ ਕੇਜਰੀਵਾਲ ਵਰਗੇ ਠੋਸ, ਈਮਾਨਦਾਰ, ਬੇਗ਼ਰਜ਼, ਦੂਰਸਰਸ਼ੀ ਤੇ ਬੇਖੌਫ਼ ਨੇਤਾ ਨੂੰ ਗੁਆ ਲਿਆ, ਤਾਂ ਇਸ ਦਾ ਖ਼ਮਿਆਜ਼ਾ ਭਾਰਤ ਦੀਆਂ ਕਈ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਇਹੀ ਕਾਰਨ ਹੈ ਕਿ ਪਰਵਾਸੀ ਪੰਜਾਬੀ, ਫ਼ੋਨਾਂ ਰਾਹੀਂ, ਪੰਜਾਬ ਵਿਚਲੇ ਆਪਣੇ ਸਕੇ-ਸੰਬੰਧੀਆਂ, ਸਨੇਹੀਆਂ ਅਤੇ ਮਿੱਤਰਾਂ ਨੂੰ ḔਆਪḔ ਨਾਲ ਜੁੜਨ ਦੀ ਪ੍ਰੇਰਨਾ ਦੇ ਰਹੇ ਹਨ।
Leave a Reply