ਕਾਨਾ ਸਿੰਘ ਦੇ ਇਸ ਵਾਰ ਛਾਪੇ ਜਾ ਰਹੇ ਲੇਖ ‘ਹੈ ਕੋਈ ਅੰਤ?’ ਵਿਚ ਜਾਤ-ਬਰਾਦਰੀ ਬਾਰੇ ਚਰਚਾ ਕੀਤੀ ਗਈ ਹੈ। ਮੁੰਬਈ ਵਰਗੇ ਵਿਸ਼ਾਲ ਸ਼ਹਿਰ ਨੂੰ ਛੱਡ ਕੇ ਜਦੋਂ ਉਹ ਪੰਜਾਬ ਪੁੱਜੀ ਤਾਂ ਆਪਣੇ ਆਲੇ-ਦੁਆਲੇ ਨੂੰ ਦੇਖ ਕੇ ਦੰਗ ਹੀ ਰਹਿ ਗਈ। ਬੰਦਿਆਂ ਦੀ ਸ਼ਨਾਖਤ ਲਈ ਕਿਹੜੇ-ਕਿਹੜੇ ਮੀਟਰ ਲੱਗ ਰਹੇ ਸਨ, ਇਹ ਸੋਚ-ਸੋਚ ਕੇ ਉਸ ਨੂੰ ਬਹੁਤ ਅਚੰਭਾ ਵੀ ਹੋ ਰਿਹਾ ਸੀ। ਇਸ ਲੇਖ ਵਿਚ ਜਾਤ-ਬਰਾਦਰੀ ਬਾਰੇ ਇਹ ਗੱਲਾਂ ਕਾਨਾ ਸਿੰਘ ਨੇ ਬੜੇ ਸਹਿਜ ਨਾਲ, ਪਰ ਰਤਾ ਕੁ ਘਰੋੜ ਕੇ ਕੀਤੀਆਂ ਹਨ। ਉਸ ਦੇ ਇਸ ਬਿਰਤਾਂਤ ਵਿਚ ਸ਼ਬਦਾਂ ਦੀ ਚਿਣਾਈ ਦਾ ਆਪਣਾ ਹੀ ਰੰਗ ਹੈ। ਇਹ ਗੱਲਾਂ ਕਰਦੀ ਉਹ ਪਾਠਕ ਨੂੰ ਆਪਣੇ ਨਾਲ ਤੋਰੀ ਰੱਖਦੀ ਹੈ। -ਸੰਪਾਦਕ
ਕਾਨਾ ਸਿੰਘ
ਫੋਨ: 91-95019-44944
ਦਿੱਲੀ ਬੋਰਡ ਤੋਂ ਮੈਟ੍ਰਿਕ ਪਾਸ ਕਰ ਲੈਣ ਮਗਰੋਂ ਮਾਂ ਤੇ ਦਾਦੀ ਮੇਰੀ ਅਗਲੇਰੀ ਪੜ੍ਹਾਈ ਲਈ ਰਾਜ਼ੀ ਨਾ ਹੋਈਆਂ। ਮੇਰੀ ਸ਼ੋਖ ਤਬੀਅਤ ਅਤੇ 9ਵੀਂ ਵਿਚ ਪੜ੍ਹਦਿਆਂ ਹੀ ਅੱਲੜ੍ਹ ਉਮਰ ਦੇ ਪਹਿਲੇ ਪਿਆਰ ਦੀ ਗੁਸਤਾਖ਼ੀ ਤੋਂ ਉਹ ਡਰ ਗਈਆਂ ਸਨ। ਗਾਂਧੀਵਾਦੀ ਪਿਤਾ ਜੀ ਤਾਂ ਮੈਨੂੰ ਜੱਜ-ਮੈਜਿਸਟਰੇਟ ਵੇਖਣਾ ਚਾਹੁੰਦੇ ਸਨ। ਮੇਰੀ ਅਗਲੇਰੀ ਪੜ੍ਹਾਈ ਲਈ ਉਨ੍ਹਾਂ ਨੂੰ ਇਕਮਾਤਰ ਰਾਹ ਦਿਸਿਆ। ਮੈਨੂੰ ਸ਼ਾਹਦਰੇ ਵਿਚ ਹੀ ਨਵੇਂ ਖੁੱਲ੍ਹੇ ਪੂਰਬੀ ਪੰਜਾਬ ਕਾਲਜ ਵਿਚ ਗਿਆਨੀ ਲਈ ਦਾਖ਼ਲ ਕਰਾਉਣ ਦਾ।
ਖੱਬੇ-ਪੱਖੀ, ਪ੍ਰਸਿੱਧ ਸਾਹਿਤ ਪੜਚੋਲੀਏ ਕਿਰਪਾਲ ਸਿੰਘ ਆਜ਼ਾਦ ਨੇ ਖੋਲ੍ਹਿਆ ਸੀ ਇਹ ਕਾਲਜ ਅਤੇ ਮੈਂ ਉਸ ਦੇ ਪਹਿਲੇ ਪੂਰ ਦੀ ਪਹਿਲੀ ਵਿਦਿਆਰਥਣ ਸਾਂ। ਉਮਰ 17 ਸਾਲ, ਸੁਪਨਸਾਜ਼ ਅਤੇ ਸ਼ੋਖ ਤਬੀਅਤ। ਮਾਰਕਸਵਾਦ ਦੇ ਰੰਗ ਵਿਚ ਰੰਗੇ ਸਾਹਿਤ ਨਾਲ ਲਬਰੇਜ਼। ਧਰਮ, ਰੰਗ, ਜਾਤ-ਪਾਤ ਜਾਂ ਦੇਸ਼-ਪਰਦੇਸ ਦੇ ਸਾਰੇ ਭੇਦ-ਭਾਵ ਮੈਨੂੰ ਬੇਕਾਰ ਲੱਗਦੇ; ਬਿਲਕੁਲ ਫਾਲਤੂ। ਆਪਾਂ ਇਨ੍ਹਾਂ ਗੱਲਾਂ ਤੋਂ ਉਪਰ ਉੱਠਣਾ ਹੈ, ਕੁਝ ਕਰਨਾ ਹੈ, ਕਰ ਕੇ ਵਿਖਾਣਾ ਹੈ ਆਦਿ ਆਦਿ। ਕਿਸ਼ੋਰ ਉਮਰ ਦੇ ਵੱਡੇ-ਵੱਡੇ ਨਾਅਰੇ ਅਤੇ ਦਾਅਵੇ।
ਗਿਆਨੀ ਕਾਲਜ ਵਿਚ ਹੀ ਮੇਰਾ ਸਹਿਪਾਠੀ ਹੁੰਦਾ ਸੀ ਸੁਖਦੇਵ ਸੈਣੀ। ਬੜਾ ਹੀ ਦੁਬਲਾ-ਪਤਲਾ, ਹਲੀਮ ਤੇ ਸ਼ਰਮੀਲਾ। ਮੇਰੇ ਸਾਹਮਣੇ ਆਉਂਦਿਆਂ ਹੀ ਕੰਬ ਜਿਹਾ ਜਾਂਦਾ। ਜੇ ਉਸ ਨਾਲ ਗੱਲ ਕਰ ਲਾਂ, ਤਾਂ ਉਸ ਦਾ ਗਲਾ ਖੁਸ਼ਕ ਹੋ ਜਾਂਦਾ। ਮੇਰੇ ਨਾਂ ਨਾਲ ਜੁੜਿਆ ਉਸ ਦਾ ਕੁੜਿਅੰਮ ਅਤੇ ਸ਼ਰਮੀਲਾਪਣ ਸਾਰੀ ਜਮਾਤ ਦੇ ਸ਼ੁਗਲ ਦਾ ਚਰਚਾ ਬਣ ਗਿਆ।
ਮੈਨੂੰ ਸੁਖਦੇਵ ਉਤੇ ਬੜਾ ਤਰਸ ਆਉਂਦਾ। ਉਸ ਦੀ ਪੰਜਾਬੀ ਬੜੀ ਕਮਜ਼ੋਰ ਸੀ ਤੇ ਸਟੇਸ਼ਨ ਮਾਸਟਰ ਦੀ ਨੌਕਰੀ ਕਾਰਨ ਬਦਲਦੀਆਂ ਡਿਊਟੀਆਂ ਵੀ। ਬੜੇ ਨਾਗੇ ਪੈ ਜਾਂਦੇ ਉਸ ਦੇ। ਅਕਸਰ ਸਾਡੇ ਘਰ ਆ ਕੇ ਮੇਰੇ ਨੋਟ ਜਾਂ ਕਿਤਾਬਾਂ ਲੈ ਜਾਂਦਾ। ਮਾਂ ਨੂੰ ਵੀ ਉਸ ਸ਼ਰਮੀਲੇ ਜਿਹੇ ਸ਼ਰੀਫ਼ ਮੁੰਡੇ ਉਤੇ ਬੜਾ ਤਰਸ ਆਉਂਦਾ। ਮਾਂ-ਮਹਿੱਟਰ ਤਾਂ ਉਹ ਜਨਮ ਤੋਂ ਹੀ ਸੀ, ਤੇ ਕੁਝ ਸਾਲਾਂ ਤੋਂ ਉਸ ਦੇ ਸਿਰ ‘ਤੇ ਪਿਉ ਦਾ ਸਾਇਆ ਵੀ ਨਹੀਂ ਸੀ ਰਿਹਾ।
ਏਧਰ ਮੈਂ ਤਾਂ ਗਿਆਨੀ ਦੇ ਇਮਤਿਹਾਨ ‘ਚੋਂ ਪੰਜਾਬ ਵਿਚੋਂ ਸੈਕਿੰਡ ਆਈ, ਪਰ ਉਹ ਫੇਲ੍ਹ ਹੋ ਗਿਆ। ਸਾਲ ਵਿਚ ਮੈਂ ਹੈਪੀ ਟੀਚਰ ਟਰੇਨਿੰਗ ਕਰ ਕੇ ਨਗਰਪਾਲਿਕਾ ਦੇ ਸਕੂਲ ਵਿਚ ਅਧਿਆਪਕਾ ਲੱਗ ਗਈ। ਉਹ ਮੇਰੀ ਮਦਦ ਅਤੇ ਆਪਣੇ ਸਿਰੜ ਸਦਕਾ ਅਗਲੇ ਸਾਲ ਪਾਸ ਹੋ ਕੇ ਅਗੇਰੀ ਪੜ੍ਹਾਈ ਵੀ ਕਰਨ ਲੱਗਾ। ਬਾਈ ਪਾਰਸ ਬੀæਏæ ਪਾਸ ਕਰ ਕੇ ਇਤਿਹਾਸ ਦੀ ਐਮæਏæ ਵੀ ਪਾਸ ਕਰ ਲਈ ਉਸ, ਮੇਰੀ ਪੰਜਾਬੀ ਦੀ ਐਮæਏæ ਤੋਂ ਪਹਿਲਾਂ। ਘਰ ਵਿਚ ਸੁਖਦੇਵ ਦਾ ਆਉਣਾ-ਜਾਣਾ ਕਾਇਮ ਰਿਹਾ। ਮੈਂ ਘਰ ਹੋਵਾਂ ਜਾਂ ਨਾ, ਮਾਂ ਉਸ ‘ਤੇ ਮਮਤਾ ਨਿਛਾਵਰ ਕਰਦੀ ਰਹੀ।
ਇਹ ਨਹੀਂ ਕਿ ਮਾਂ ਨੂੰ ਸੁਖਦੇਵ ਵਰ ਵਜੋਂ ਮੇਰੇ ਯੋਗ ਜਾਪਦਾ ਸੀ; ਬਸ ਉਸ ਦੀ ਸ਼ਰਾਫ਼ਤ, ਮੇਰੇ ਲਈ ਮੂਕ ਪਿਆਰ ਅਤੇ ਉਸ ਦਾ ਸਿੱਖੀ ਸਰੂਪ ਮਾਂ ਦੇ ਅੰਦਰਲੇ ਤੌਖਲੇ ਲਈ ਸਹਾਰਾ ਜਿਹਾ ਸੀ ਕਿ, ‘ਹਾਇ ਜੇ ਇਹ ਕੁੜੀ ਕਿਸੇ ਗੈਰ-ਮਜ਼੍ਹਬ ਦੇ ਬੰਦੇ ਨਾਲ ਜੁੜ ਗਈ ਤਾਂæææ ਚੰਗਾ ਹੈ ਜੇ ਇਸੇ ਲਈ ਹਾਂ ਕਰ ਦਏæææ।’
ਸੁਖਦੇਵ ਪ੍ਰਤੀ ਮੇਰੇ ਰੁੱਖੇਪਣ ਨੂੰ ਦੱਬੀ ਜ਼ੁਬਾਨ ਵਿਚ ਕਦੇ-ਕਦੇ ਕੋਸਦੀ ਵੀ ਸੀ ਮਾਂ।
ਵਿਆਹ ਤਾਂ ਕਰਨਾ ਹੀ ਪੈਣਾ ਹੈ, ਤੇ ਕਰਾਉਣਾ ਵੀ ਸਿੱਖ ਸਰਦਾਰ ਨਾਲ਼ææ ਸਾਹਮਣੇ ਪਾਸਿਉਂ ਕੋਈ ਡਰ-ਚੁਣੌਤੀ ਵੀ ਕੋਈ ਨਹੀਂ; ਫਿਰ ਵੱਢ ਹੀ ਦਿਆਂ ਫਸਤਾæææ। ਮੈਂ ਵੀ ਕਦੇ ਕਦੇ ਇੰਜ ਸੋਚ ਲੈਂਦੀ।
ਦੋ ਦਲੀਲੀਆਂ ਵਿਚ ਹੀ ਸਾਂ ਕਿ ਸਕੂਲ ਵਿਚ ਦਾਖ਼ਲੇ ਲਈ ਨਗਰਪਾਲਿਕਾ ਦੇ ਦਫ਼ਤਰ ਤੋਂ ਆਏ ਨੇਮਾਂ ਨੂੰ ਪੜ੍ਹਨ ਦਾ ਸਬੱਬ ਬਣ ਗਿਆ। ਜਮਾਤ ਵਿਚ ਪਛੜੀਆਂ ਜਾਤਾਂ ਦੇ ਵਿਦਿਆਰਥੀਆਂ ਦੇ ਨਾਂਵਾਂ ਦਾ ਵੇਰਵਾ ਭੇਜਣਾ ਸੀ, ਉਨ੍ਹਾਂ ਵਿਚ ਇਕ ਜਾਤ ਸੈਣੀ ਵੀ ਸੀ।
‘ਗੁਰਸਿੱਖ ਦੀ ਜਾਤ ਗੁਰਸਿੱਖੀ ਹੀ ਹੈ। ਹੋਰ ਜਾਤ-ਪਾਤ ਦਾ ਕੀ ਮਤਲਬ।’ ਆਮ ਗੱਲਬਾਤ ਵਿਚ ਪਿਤਾ ਜੀ ਦੇ ਇਹ ਲਫ਼ਜ਼ ਕਈ ਵੇਰਾਂ ਮੇਰੇ ਕੰਨੀਂ ਪੈ ਚੁੱਕੇ ਸਨ।
ਅਗਾਂਹਵਧੂ, ਮੇਰੇ ਭਾਪਾ ਜੀ ਕਹਿਣ ਨੂੰ ਤਾਂ ਇੰਜ ਹੀ ਕਹਿੰਦੇ ਸਨ, ਪਰ ਜੇ ਮੈਂ ਇਸ ਰਿਸ਼ਤੇ ਬਾਰੇ ਸੋਚ ਲੈਂਦੀ ਤਾਂ ਉਹ ਧਰਮ ਸੰਕਟ ਵਿਚ ਪੈਂਦੇ ਕਿ ਨਾਂਹ ਕਹਿ ਨਹੀਂ ਸਕਦੀ।
ਮਹਾਂਨਗਰ, ਮੁੰਬਈ ਦੇ 25 ਸਾਲਾ ਜੀਵਨ ਦੌਰਾਨ ਆਲੇ-ਦੁਆਲੇ ਭਾਂਤ-ਭਾਂਤ ਦੇ ਲੋਕ। ਇਕ ਕੋ-ਆਪਰੇਟਿਵ ਸੁਸਾਇਟੀ ਵਿਚ ਸਾਰਾ ਹਿੰਦੁਸਤਾਨ। ਉਥੇ ਪ੍ਰਦੇਸ਼ਿਕ ਅੰਤਰ ਤਾਂ ਗੌਲਿਆ ਜਾਂਦਾ, ਪਰ ਜਾਤ-ਪਾਤ ਦਾ ਕੋਈ ਜ਼ਿਕਰ ਨਾ ਹੁੰਦਾ। ਪਤਾ ਨਾ ਲੱਗਦਾ ਕਿ ਸ਼ਾਹ, ਪਟੇਲ, ਥਾਨਕੀ, ਪਾਰੇਖ ਸਾਰੇ ਗੁਜਰਾਤੀ ਤਾਂ ਹਨ, ਪਰ ਕਿਹੜਾ ਬ੍ਰਾਹਮਣ ਹੈ ਤੇ ਕਿਹੜਾ ਖੱਤਰੀ। ਜੇ ਕੋਈ ਮਰਾਠੀ, ਇਸਤਰੀ, ਸ੍ਰੀਮਤੀ ਪਟੇਲ, ਬੋਰਡੇ, ਪਾਡੀਆ, ਸੌਂਡੇ ਜਾਂ ਜੁਗਲੇਕਰ ਹੈ ਤਾਂ ਕੌਣ ਉਚੇਰੀ ਤੇ ਕੌਣ ਨੀਵੀਂ ਜਾਤ ਦੀ?
ਸਿੱਖ ਸਾਰੇ ‘ਪਾਪਾ ਜੀ’ ਕਰ ਕੇ ਸੰਬੋਧੇ ਜਾਂਦੇ ਹਨ ਸਾਰੀ ਮੁੰਬਈ ਵਿਚ। ਕਿਹੜਾ ਧੰਨ-ਪੋਠੋਹਾਰੀ ਖੱਤਰੀ ਜਾਂ ਅਰੋੜਾ ਹੈ, ਕੌਣ ਜੱਟ, ਰਾਮਗੜ੍ਹੀਆ ਜਾਂ ਰਾਮਦਾਸੀਆ, ਕੋਈ ਭੇਦ-ਭਾਵ ਜਾਂ ਵਿਤਕਰਾ ਨਾ ਵੇਖਿਆ, ਨਾ ਸੁਣਿਆ। ਹਾਂ, ਰਿਸ਼ਤੇ ਨਾਤੇ ਆਪੋ-ਆਪਣੀ ਜਾਤ ਬਿਰਾਦਰੀ, ਧਰਮ ਜਾਂ ਖੇਤਰ ਵਿਚ ਹੋਣੇ ਸੁਭਾਵਕ ਹੀ ਨੇ, ਪਰ ਜੇ ਵਿਚ-ਵਿਚਾਲੇ ਕਿਧਰੇ ਖੁੱਲ੍ਹ ਵੀ ਵਰਤ ਲਈ ਗਈ ਤਾਂ ਉਹ ਕੋਈ ਅਨਰਥ ਜਾਂ ਧਰਤ-ਪਾਟ ਵਰਗੀ ਗੱਲ ਨਹੀਂ ਸੀ ਹੁੰਦੀ।
ਪੰਜਾਬ ਵਿਚ ਆ ਕੇ ਸ਼ੁਰੂ ਸ਼ੁਰੂ ਵਿਚ ਜੋ ਵਿਤਕਰਾ ਮੈਨੂੰ ਅੱਖਰਿਆ, ਤੇ ਰੜਕਿਆ ਉਹ ਸੀ ਜੱਟ-ਭਾਪੇ ਦਾ ਭੇਦ-ਭਾਵ। ਜੇ ਮੁੰਬਈ ਵਿਚ ਹਰ ਸਰਦਾਰ ‘ਪਾਪਾ ਜੀ’ ਅਖਵਾਉਂਦਾ ਸੀ ਤਾਂ ਪੰਜਾਬ ਵਿਚ ‘ਇਕ ਭਾਪਾ ਸੌ ਸਿਆਪਾ’ ਦਾ ਅਲਾਪ।
ਜ਼ਿਆਦਾ ਉੱਠਣ-ਬੈਠਣ ਸਾਹਿਤਕ ਪਿੜ ਵਿਚ ਹੀ ਰਿਹਾ ਹੈ ਮੇਰਾ, ਤੇ ਇਸੇ ਬੁੱਧੀਜੀਵੀ ਸੰਸਾਰ ਵਿਚ ਹੀ ਅਕਸਰ ਸੁਣਨ ਨੂੰ ਮਿਲਦਾ ਕਿ ਫਲਾਣਾ ਸੰਧੂ ਆਈæਏæਐਸ਼ ਤਾਂ ਹੈ, ਪਰ ਜੱਟ ਨਹੀਂ; ਤੇ ਫਲਾਣਾ ਲੇਖਕ ਮਜ਼੍ਹਬੀ, ਛੀਂਬਾ, ਧੋਬੀ, ਦਰਜੀ ਜਾਂ ਰਾਮਦਾਸੀਆ ਹੈ। ਦਲਿਤਾਂ ਅਤੇ ਦਲਿਤ ਸਾਹਿਤ ਦਾ ਰੌਲਾ ਸੁਣ-ਸੁਣ ਮੈਂ ਦਹਿਲ ਜਿਹੀ ਜਾਂਦੀ।
ਕਿੱਥੇ ਹੈ ਗੁਰੂ ਨਾਨਕ ਦਾ ਉਹ ਪੰਜਾਬ? ਕੀ ਉਹ ਵੀ ਭਾਪਾ ਸੀ? ਗੁਰੂਆਂ ਦੇ ਨਾਂ ਤੋਂ ਕੁਰਬਾਨ ਹੋਣ ਵਾਲਾ ਪੰਜਾਬ ਕਿੱਥੇ ਹੈ? ਕਿੱਥੇ ਹੈ?
ਇਕ ਇਸਤਰੀ ਨਾਲ ਉੱਠਣ-ਬੈਠਣ ਦਾ ਸਬੱਬ ਬਣਿਆ। ਉਹ ਸੈਣੀਆਂ ਦੀ ਧੀ ਸੀ, ਤੇ ਵਿਆਹ ਉਸ ਕੀਤਾ ਮਨਮਰਜ਼ੀ ਨਾਲ ਦਲਿਤ ਜਾਤ ਦੇ ਇਕ ਉਚ ਅਧਿਕਾਰੀ ਨਾਲ। ਵਿਆਹੁਤਾ ਜੀਵਨ ਵਿਚ ਅਸਾਵਾਂਪਣ ਹੋਣਾ ਕੋਈ ਅਸੁਭਾਵਕ ਗੱਲ ਨਹੀਂ। ਜਾਤ ਬਰਾਦਰੀ ਵਿਚ ਬੱਧੇ ਰਿਸ਼ਤੇ ਵੀ ਕਿਹੜਾ ਅਸੁਖਾਵੇਂ ਜਾਂ ਅਸਾਵੇਂ ਨਹੀਂ ਹੁੰਦੇ, ਪਰ ਉਹ ਇਸਤਰੀ ਆਪਣੇ ਪਤੀ ਦੀ ਸ਼ਰਾਬਨੋਸ਼ੀ, ਗਾਲ੍ਹਾਂ ਜਾਂ ਹੋਰ ਕੋਈ ਵੀ ਅਣਭਾਉਂਦਾ ਵਿਹਾਰ ਉਸ ਦੀ ਨੀਵੀਂ ਜਾਤ ਕਰ ਕੇ ਹੀ ਸਮਝਦੀ, ਦੱਸਦੀ।
‘ਇਹ ਤਾਂ ਕੰਮੀ-ਕਮੀਣ ਉਸ ਜਾਤ ਦਾ ਹੈ ਜਿਸ ਦੀਆਂ ਤੀਵੀਆਂ ਸਾਡੇ ਖੇਤਾਂ ਵਿਚ ਮਟਰ ਚੁਗਣ ਦਾ ਕੰਮ ਕਰਦੀਆਂ ਨੇ, ਤੇ ਜਿਨ੍ਹਾਂ ਨੂੰ ਰੋਟੀ ਵੀ ਅਸੀਂ ਹੱਥਾਂ ਉਤੇ ਹੀ ਦਿੰਦੇ ਹਾਂ, ਥਾਲੀ ਵਿਚ ਨਹੀਂæææ।’ ਆਖਦੀ ਉਸ ਤੀਵੀਂ ਦੇ ਹਰ ਨੈਣ-ਨਕਸ਼ ਤੋਂ ਘਿਰਣਾ ਟਪਕਦੀ ਮੈਂ ਵੇਖਦੀ।
‘ਪਰ ਤੇਰੀ ਉੱਚੀ ਜਾਤ ਨੂੰ ਤਾਂ ਤੇਰੇ ਸਹੁਰਿਆਂ ਨੇ ਬੜੇ ਫਖ਼ਰ ਨਾਲ ਲਿਆ ਹੋਣੈ?’ ਮੈਂ ਆਪਣੇ ਤਜਰਬੇ ਦੇ ਆਧਾਰ ਉਤੇ ਪੁੱਛਦੀ।
ਮੇਰੇ ਵੱਲ ਸੈਨਤ ਕਰ ਕੇ ਮੇਰੀ ਅਰੋੜਾ ਸੱਸ ਬੜੇ ਫ਼ਖ਼ਰ ਨਾਲ ਆਪਣੇ ਗੁਆਂਢੀਆਂ-ਸਨੇਹੀਆਂ ਨੂੰ ਕਿਹਾ ਕਰਦੀ ਸੀ: ‘ਅਸਾਂ ਖੱਤਰੀਆਂ ਦੀ ਧੀ ਲਿਆਂਦੀ ਹੈ। ਮੇਰੀ ਨੂੰਹ ਖੁਖਰੈਣ ਹੈ, ਖੁਖਰੈਣ।’
‘ਨਹੀਂ, ਮੇਰੇ ਸਹੁਰਿਆਂ ਨੇ ਵੀ ਮੈਨੂੰ ਕਬੂਲ ਨਹੀਂ ਕੀਤਾ’, ਉਹ ਦੱਸਦੀ।
‘ਉੱਚੀ ਜਾਤ ਤੇ ਅਣਕਬੂਲ?’
ਮੇਰੇ ਪੁੱਛਣ ‘ਤੇ ਉਸ ਇਸਤਰੀ ਦਾ ਕਹਿਣਾ ਸੀ ਕਿ ਉਸ ਦੇ ਦਲਿਤ ਸਹੁਰੇ-ਕਬੀਲੇ ਨੂੰ ਵੀ ਉਸ ਪ੍ਰਤੀ ਵੱਟ ਸੀ ਕਿ ਉਸ ਨੇ ਉਨ੍ਹਾਂ ਦੀ ਜਾਤ-ਬਰਾਦਰੀ ਦੀ ਇਕ ਕੁੜੀ ਦਾ ਹੱਕ ਮਾਰਿਆ ਹੈ।æææ ਵੱਡੇ ਅਫ਼ਸਰ ਦੀ ਬੀਵੀ ਹੋਣ ਦਾ ਹੱਕ।
‘ਪਰ ਸੈਣੀ ਵੀ ਤਾਂ ਜੱਟ ਨਹੀਂ ਹੁੰਦੇ?’ ਮੈਂ ਆਖਿਆ ਹੀ ਸੀ ਕਿ ਉਹ ਬਿਫ਼ਰ ਕੇ ਪਈ: ‘ਸੈਣੀ ਤਾਂ ਬੜੀ ਉੱਚੀ ਜਾਤ ਹੈ, ਕਿਸੇ ਪਾਸਿਉਂ ਵੀ ਜੱਟਾਂ ਤੋਂ ਘੱਟ ਨਹੀਂ।’
—
ਗੱਲ ਏਨੀ ਜਾਤ-ਬਰਾਦਰੀ ਦੀ ਨਹੀਂ, ਜਿਤਨੀ ਸਭਿਆਚਾਰ ਦੀ ਹੈ। ਬੋਲੀ, ਰਸਮ-ਰਿਵਾਜ, ਆਮ ਵਰਤਾਰਾ ਤੇ ਜੀਵਨ ਜਾਚ ਹਰ ਖੇਤਰ ਜਾਂ ਬਰਾਦਰੀ ਦੇ ਆਪੋ-ਆਪਣੇ ਹੁੰਦੇ ਹਨ। ਉਨ੍ਹਾਂ ਮੁਤਾਬਕ ਹੀ ਰਹਿਣ, ਵੱਸਣ ਅਤੇ ਵਰਤਣ ਨਾਲ ਬੰਦੇ ਨੂੰ ਖੁੱਲ੍ਹ ਦਾ ਅਹਿਸਾਸ ਹੁੰਦਾ ਹੈ। ਓਪਰੇ ਵਾਤਾਵਰਨ ਵਿਚ ਉਹ ਕੈਦ ਅਤੇ ਹੁਸੜਿਆ-ਹੁਸੜਿਆ ਮਹਿਸੂਸ ਕਰਦਾ ਹੈ।
ਵੰਡ ਪਿੱਛੋਂ ਪੱਛਮੀ ਪੰਜਾਬ ‘ਚੋਂ ਕੂਚ ਕਰਦਿਆਂ ਅਸਾਂ ਸਾਰਿਆਂ ਦਾ ਪਹਿਲਾ ਪੜਾਅ ਤਾਂ ਪੂਰਬੀ ਪੰਜਾਬ ਹੀ ਸੀ, ਪਰ ਏਧਰ ਦੇ ਖੇਤੀ ਪ੍ਰਧਾਨ ਸਭਿਆਚਾਰ ਨੂੰ ਸਾਡਾ ਵਪਾਰੀ-ਦੁਕਾਨਦਾਰੀ ਵਿਹਾਰ ਰਾਸ ਨਾ ਆਇਆ। ਸਾਡੀ ਲਹਿੰਦੀ-ਪੋਠੋਹਾਰੀ ਬੋਲੀ ਏਧਰ ਪੇਂਡੂ ਕਰ ਕੇ ਜਾਣੀ ਗਈ।
ਪੋਠੋਹਾਰ ਵਿਚ ਪਿਉ ਨੂੰ ਭਾਪਾ ਜੀ ਆਖਦੇ ਸਨ ਤੇ ਭੇਰੇ, ਸਰਗੋਧੇ ਵੱਲ ਵੱਡੇ ਵੀਰ ਨੂੰ। ਪੂਰਬੀ ਪੰਜਾਬ ਵਿਚ ਆ ਕੇ ਇਹ ਸਾਰੇ ‘ਭਾਪੇ’ ਹੋ ਗਏ। ਛੇਤੀ ਹੀ ਬਾਹਲੇ ‘ਸ਼ਰਨਾਰਥੀ’ ਪਰਵਾਸ ਕਰ ਕੇ ਅੱਗੇ ਲੰਘ ਗਏ। ਦਿੱਲੀ, ਉੱਤਰ ਪ੍ਰਦੇਸ਼, ਬੰਗਾਲ ਜਾਂ ਬਿਹਾਰ ਜਿੱਥੇ-ਕਿੱਥੇ ਵੀ ਕਿਸੇ ਦੀ ਕੋਈ ਠਾਹਰ, ਰਿਸ਼ਤੇਦਾਰ ਜਾਂ ਜਾਣੂੰ ਸੀ, ਚਲਾ ਗਿਆ। ਪੰਜਾਬ ਵਿਚ ਆਟੇ ਵਿਚ ਲੂਣ ਬਰਾਬਰ ਹੀ ਰਹੇ-ਟਿਕੇ। ਇਥੇ ਜ਼ਿਆਦਾ ਕਰ ਕੇ ਕਾਸ਼ਤਕਾਰ ਅਤੇ ਚੱਕਾਂ-ਜ਼ਮੀਨਾਂ ਵਾਲੇ ਹੀ ਟਿਕੇ, ਬਾਹਲੇ ਜੱਟ ਹੀ।
ਜਾਤ-ਬਰਾਦਰੀ ਦੀ ਗੱਲ ਤਾਂ ਛੱਡੋ, ਇਕੋ ਬਰਾਦਰੀ ਦੇ ਹੁੰਦਿਆਂ ਸੁੰਦਿਆਂ ਵੀ ਵਪਾਰੀ ਜਾਂ ਉਦਯੋਗਪਤੀ ਲੋਕਾਂ ਦੀ ਸੋਚ ਨੌਕਰੀ-ਪੇਸ਼ਾ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ ਅਤੇ ਹਰ ਕੋਈ ਆਪਣੇ ਵਰਗੇ ਹੀ ਖ਼ਾਨਦਾਨ, ਕਿੱਤੇ ਜਾਂ ਪੇਸ਼ੇ ਅਤੇ ਮਾਹੌਲ ਅਨੁਸਾਰ ਸੁਖਾਵਾਂ ਮਹਿਸੂਸ ਕਰਦਾ ਹੈ।
ਸਾਡੇ ਇਕ ਉਦਯੋਗਪਤੀ ਰਿਸ਼ਤੇਦਾਰ ਦਾ ਅਕਸਰ ਹੀ ਇਹ ਜੁਮਲਾ ਹੁੰਦਾ ਹੈ ਕਿ ਮੈਂ ਆਪਣੀ ਧੀ ਦਾ ਰਿਸ਼ਤਾ ਕਿਸੇ ਛੋਟੇ ਦੁਕਾਨਦਾਰ ਨਾਲ ਤਾਂ ਕਰ ਸਕਦਾ ਹਾਂ, ਪਰ ਨੌਕਰੀ-ਪੇਸ਼ਾ ਅਫ਼ਸਰ ਨਾਲ ਨਹੀਂ।
‘ਇਹ ਤਨਖ਼ਾਹਦਾਰ ਤਾਂ ਹਿਸਾਬੀਏ-ਕਿਤਾਬੀਏ ਜਿਹੇ ਹੁੰਦੇ ਹਨ। ਚਾਹ ਦੇ ਪਿਆਲੇ ਵੀ ਗਿਣਦੇ-ਗਿਣਾਂਦੇ।’ ਉਸ ਦੇ ਲਫ਼ਜ਼ ਹੁੰਦੇ ਹਨ।
ਉਧਰ ਨੌਕਰੀ-ਪੇਸ਼ਾ ਪਰਿਵਾਰ ਦੀ ਬੱਚੀ ਦਾ ਵੀ ਵਪਾਰੀ ਖਾਨਦਾਨ ਵਿਚ ਦਮ ਘੁਟਦਾ ਹੈ, ‘ਨਾ ਘਰ ਆਉਣ ਦਾ ਕੋਈ ਵਕਤ ਅਤੇ ਨਾ ਹੀ ਜਾਣ ਦਾ। ਨਾ ਛੁੱਟੀ ਨਾ ਤਫ਼ਰੀਹ। ਬਸ ਪੈਸਾ ਪੈਸਾ ਪੈਸਾ। ਨਨਿਆਨਵੇਂ ਦਾ ਗੇੜ। ਇਹ ਵੀ ਕੋਈ ਜ਼ਿੰਦਗੀ ਹੈ।’ ਉਸ ਦੀ ਸ਼ਿਕਾਇਤ ਹੁੰਦੀ ਹੈ।
ਸੱਚ ਤਾਂ ਇਹ ਹੈ ਕਿ ਰਿਸ਼ਤੇ ਨਾਤਿਆਂ ਵਿਚ ਸਹਿਜ ਜਾਂ ਸੁਖਾਵਾਂਪਣ ਜਾਤ ਬਰਾਦਰੀ ਤੋਂ ਵੀ ਵੱਧ ਆਰਥਿਕ ਖੇਤਰ ਦੀ ਅਨੁਕੂਲਤਾ ਉਪਰ ਨਿਰਭਰ ਹੁੰਦਾ ਹੈ।
ਜੇ ਮੈਂ ਆਪਣੇ ਜੀਵਨ ਉਤੇ ਪਿਛਲ-ਝਾਤ ਮਾਰਾਂ ਤਾਂ ਵੇਖਦੀ ਹਾਂ ਕਿ ਭਾਵੇਂ ਪਵਾਰ ਭਾਈ ਸਾਹਿਬ ਹਰਿਆਣਵੀ ਕਾਰਖ਼ਾਨੇਦਾਰ ਸਨ ਅਤੇ ਕਲਪਨਾ ਪਾਰੇਖ ਗੁਜਰਾਤੀ ਜ਼ਾਵੇਰੀ ਪਰਿਵਾਰ ਦੀ, ਅੰਜੁਮ ਅੱਤਰਵਾਲਾ ਉਦਯੋਗਪਤੀ ਆਗਾਖਾਨੀ ਮੁਸਲਮਾਨ ਅਤੇ ਮਰਾਠੀ ਭਗੁੰਡੇ ਪਰਿਵਾਰ ਬੇਲਪੁਰ ਬੀੜੀ ਦਾ ਵਪਾਰੀ, ਮਿੱਤਲ ਸਾੜ੍ਹੀਆਂ ਦੇ ਛਾਪਾਕਾਰ ਅਤੇ ਮੁਕੇਸ਼ ਜੈਨ ਕੈਮਿਸਟ ਅਤੇ ਇਮਾਰਤਕਾਰ, ਮੇਰੇ ਆਪਣੇ ਸਾਰੇ ਰਿਸ਼ਤੇਦਾਰ ਮੋਟਰਪਾਟੀਏ, ਬਿਜ਼ਨਸ ਕਰਦੇ ਨਿੱਕੇ ਜਾਂ ਵੱਡੇ; ਮੈਂ ਵਧੇਰੇ ਕਰ ਕੇ ਵਪਾਰੀ ਅਤੇ ਦੁਕਾਨਦਾਰੀ ਮਾਹੌਲ ਵਿਚ ਹੀ ਸੁਖਾਵਾਂ ਮਹਿਸੂਸ ਕੀਤਾ ਹੈ।
ਜਾਤ, ਬੋਲੀ, ਧਰਮ, ਖਿੱਤਾ ਸਭ ਕੁਝ ਪਿੱਛੇ ਰਹਿ ਜਾਂਦਾ ਹੈ। ਜੇ ਰਹਿ ਜਾਂਦਾ ਹੈ ਨਾਲ, ਤਾਂ ਵਰਤਾਰਾ ਅਤੇ ਮਿਲਦਾ ਜੁਲਦਾ ਜੀਵਨ ਪੱਧਰ ਅਤੇ ਰਹਿਣ ਸਹਿਣ। ਮੰਡੀਕਰਨ, ਭੂਗੋਲੀਕਰਨ ਤੇ ਹੋਰ ਪਤਾ ਨਹੀਂ ਕਿਤਨੇ ਹੀ ਕਰਨ-ਕਾਰਨ ਜਾਤਾਂ, ਧਰਮਾਂ, ਖਿੱਤਿਆਂ ਅਤੇ ਸਭਿਆਚਾਰਾਂ ਨੂੰ ਮੇਲਦੇ-ਭੰਨ-ਤ੍ਰੋੜੰਦੇ ਅਤੇ ਮੁੜ ਮੇਲਦੇ-ਜੋੜਦੇ ਰਹਿੰਦੇ ਹਨ।
ਜਾਤ-ਬਰਾਦਰੀ ਦਾ ਰੋਣਾ ਉਦੋਂ ਤੱਕ ਹੀ ਹੈ ਜਦ ਤੱਕ ਕੋਈ ਆਪਣੇ ਪਿਛੋਕੜ ਤੋਂ ਜਾਣੂੰ ਹੈ। ਸਾਡੇ ਵੱਡੇ-ਵਡੇਰਿਆਂ ਦੇ ਕਿੱਸੇ ਸਾਡੇ ਤੱਕ ਹੀ ਨੇ। ਬਾਹਲੇ ਸਾਡੇ ਸਮਕਾਲੀ ਵੀ ਆਪਣੇ ਪੁਰਖਿਆਂ ਅਤੇ ਅਣਵੰਡੇ ਪੰਜਾਬ ਦੇ ਸਬੰਧੀ-ਪਿੱਤਰਾਂ ਦੇ ਪਿਛੋਕੜ ਤੋਂ ਅਣਜਾਣ ਹਨ। ਹੁਣ ਕਿਸੇ ਮਾਪੇ ਕੋਲ ਵਿਹਲ ਨਹੀਂ, ਤੇ ਨਾ ਹੀ ਕਿਸੇ ਔਲਾਦ ਕੋਲ ਏਨਾ ਧੀਰਜ ਹੈ ਕਿ ਉਹ ਆਪਣੇ ਪਿੱਤਰਾਂ ਦਾ ਇਤਿਹਾਸ ਸੁਣੇ ਤੇ ਫਰੋਲੇ।
ਵਕਤ ਹੁਣ ਤੁਰ ਨਹੀਂ ਰਿਹਾ, ਦੌੜ ਅਤੇ ਉੱਡ ਰਿਹਾ ਹੈæææ ਤੇਜ਼ ਰਫ਼ਤਾਰ ਨਾਲ।
ਆਉਂਦੀਆਂ ਸਦੀਆਂ ਵਿਚ ਇਹ ਵੀ ਸੰਭਵ ਹੈ ਕਿ ਕੋਈ ਦਲਿਤ ਛਾਤੀ ਠੋਕ ਕੇ ਆਖੇ ਅਸੀਂæææ ਹੁੰਨੇ ਹਾਂ ਤੇ ਕੋਈ ਕਸ਼ਤਰੀ-ਬ੍ਰਾਹਮਣ ਸਿਰ ਝੁਕਾ ਕੇ ਆਖੇ ਅਸੀਂæææ?
—
ਪੂਰੇ ਅਠਵੰਜਾ ਸਾਲਾਂ ਮਗਰੋਂ ਮੈਂ ਪਾਕਿਸਤਾਨ ਗਈ। ਆਪਣੇ ਸ਼ਹਿਰ ਗੁਜਰਖਾਨ ਆਪਣੇ ਪੋਠੋਹਾਰ ਵਿਚ। ਇੰਜ ਲੱਗੇ ਜਿਵੇਂ ਸਦੀਆਂ ਬਾਅਦ ਮੇਲ ਹੋਇਆ ਹੋਵੇ ਆਪਣਿਆਂ ਨਾਲ।
ਉਹੀ ਬੋਲੀ, ਉਹੀ ਲਿਬਾਸ, ਉਹੀ ਖਾਜੇ, ਉਹੀ ਅਖਾਣ। ਮੈਂ ਉਨ੍ਹਾਂ ਵਿਚ ਆਪਣੇ ਨਾਨੇ-ਦਾਦੇ ਦੇ ਨੈਣ-ਨਕਸ਼ ਪਛਾਣਦੀ ਰਹੀ। ਕੋਈ ਅਮਰ ਵੀਰ ਜੀ ਜਿਹਾ ਲੱਗਦਾ ਤੇ ਕੋਈ ਚਾਚਾ ਕਰਤਾਰ। ਉਹੀ ਵਾਸਕਟ ਅਤੇ ਸਲਵਾਰ ਵਾਲਾ ਮਾਮੇ ਵੰਤ ਦਾ ਪਹਿਰਾਵਾ।
ਸਕੂਲੀ ਬੱਚੀਆਂ ਸਾਹਵੇਂ ਜਦੋਂ ਨਾਟਕ ਖੇਡਿਆ ਤਾਂ ਸਭ ਤੋਂ ਵੱਧ ਮੇਰੇ ਹੀ ਗਲੇ ਲੱਗ ਕੇ ਆਗੋਸ਼ ਵਿਚ ਆਉਣ ਉਹ ਭੋਲੀਆਂ ਬੱਚੀਆਂ, ‘ਨਾਨੀ ਮਾਂ, ਨਾਨੀ ਮਾਂ’ ਕਰਦੀਆਂæææ ਮੇਰੇ ਆਟੋਗਰਾਫ਼ ਲੈਂਦੀਆਂ। ਮੇਰਾ ਸੂਖ਼ਮ ਸਰੀਰ ਅਤੇ ਪੋਠੋਹਾਰੀ ਚਿਹਰਾ ਮੋਹਰਾ ਉਨ੍ਹਾਂ ਨੂੰ ਪਛਾਣਿਆ-ਪਛਾਣਿਆ ਲਗਦਾ।
ਗੱਲਾਂ ਗੱਲਾਂ ਵਿਚ ਜਦੋਂ ਇਧਰਲੇ ਪੰਜਾਬ ਦਾ ਜ਼ਿਕਰ ਚੱਲਦਾ ਤਾਂ ਮੇਰੇ ਮੂੰਹੋਂ ਸਹਿਜ-ਸੁਭਾਅ ਹੀ ਆਖ ਹੋ ਜਾਂਦਾ: ‘ਉਧਰ ਕਾਲੇ ਮਾਂਹ ਦੀ ਦਾਲ ਦੀ ਹੀ ਭਰਤੀ ਹੈ ਜਦ ਕਿ ਸਾਡੇ ਪਾਸੇ ਛੋਲਿਆਂ ਦੀ।’ ਸੁੱਤੇ-ਸਿੱਧ ਹੀ ਹਾਸਾ ਪੈ ਜਾਵੇ।
ਪੂਰੀ ਅੱਧੀ ਸਦੀ ਦੀ ਉਮਰ ਭਾਰਤ ਵਿਚ ਲੰਘਾਉਣ ਮਗਰੋਂ ਵੀ ਮੇਰੇ ਮੂੰਹੋਂ ਇਧਰਲਾ ਪੰਜਾਬ, ਉਹ ਪਾਸਾ, ਕਹਿ ਹੋ ਜਾਂਦਾ ਅਤੇ ਪੱਛਮੀ ਪੰਜਾਬ ‘ਸਾਡਾ ਪਾਸਾ’।æææ ਜਾਤ-ਬਰਾਦਰੀ ਦੇ ਰੌਲੇ ਉਸ ਵੇਲੇ ਸਤਹੀ ਜਿਹੇ ਲੱਗਣ ਲੱਗ ਪੈਂਦੇ ਹਨ।
ਮਿੱਟੀ ਦੀ ਤਾਸੀਰ, ਪੰਛੀ-ਜਨੌਰ, ਵਣ-ਤ੍ਰਿਣ, ਨਦੀਆਂ-ਪਹਾੜ, ਖਾਣਾਂ-ਖੰਡ੍ਹਰ, ਕੂਲ੍ਹਾਂ-ਕੱਸੀਆਂ, ਜੰਗਲ-ਬੇਲੇ, ਡੇਰੇ-ਮੰਦਰ, ਦੇਹੁਰੀਆਂ-ਸਮਾਧਾਂ ਅਤੇ ਹੋਰ ਕੀ-ਕੀ, ਤੇ ਕਿੰਨਾ ਕੁਝ ਸੁਚੇਤ ਜਾਂ ਅਚੇਤ ਅਸੀਂ ਆਪਣੇ ਨਾਲ ਲਈ ਜੀ ਰਹੇ ਹਾਂ ਤੇ ਜੀਂਦੇ ਰਹਾਂਗੇ।
ਹੈ ਕੋਈ ਅੰਤ? ਜੇ ਹੈ ਤਾਂ ਰੱਬ ਹੀ ਜਾਣੇ।
Leave a Reply