ਚੰਡੀਗੜ੍ਹ: ਹੁਕਮਰਾਨ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਇਸ ਵਾਰ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ਰੀਦਕੋਟ ਤੋਂ ਪਰਮਜੀਤ ਕੌਰ ਗੁਲਸ਼ਨ, ਲੁਧਿਆਣਾ ਤੋਂ ਮਨਪ੍ਰੀਤ ਸਿੰਘ ਇਯਾਲੀ, ਫਤਿਹਗੜ੍ਹ ਸਾਹਿਬ (ਰਾਖਵੇਂ) ਤੋਂ ਕੁਲਵੰਤ ਸਿੰਘ, ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਆਪਣਿਆਂ ਦਾ ਹੀ ਵਿਰੋਧ ਸ਼ਾਂਤ ਕਰਨ ਦੇ ਦਾਅ-ਪੇਚ ਖੇਡਣੇ ਪੈ ਰਹੇ ਹਨ।
ਕਾਂਗਰਸ ਛੱਡ ਦੇ ਅਕਾਲੀ ਦਲ ਵਿਚ ਸ਼ਾਮਲ ਹੋਏ ਅਜੀਤ ਸਿੰਘ ਸ਼ਾਂਤ ਨੇ ਪਰਮਜੀਤ ਕੌਰ ਗੁਲਸ਼ਨ ਲਈ ਸਿਰਦਰਦੀ ਪੈਦਾ ਕੀਤੀ ਹੋਈ ਹੈ। ਸ਼ ਸ਼ਾਂਤ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਰਹਿ ਚੁੱਕੇ ਹਨ। ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇਣ ਦਾ ਭਰੋਸਾ ਦਿੱਤਾ ਸੀ। ਪਾਰਟੀ ਸੂਤਰਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਸ਼ ਸ਼ਾਂਤ ਨੂੰ ਟਿਕਟ ਦੇਣ ਦਾ ਮਨ ਬਣਾਈ ਬੈਠੇ ਸਨ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਰੀ ਘੜੀ ਸ੍ਰੀਮਤੀ ਗੁਲਸ਼ਨ ਨੂੰ ਟਿਕਟ ਦੇਣ ‘ਤੇ ਹੁਕਮ ਦੇ ਦਿੱਤੇ ਤੇ ਇਸ ਤਰ੍ਹਾਂ ਉਥੇ ਸਥਿਤੀ ਬਦਲ ਲਈ। ਹਾਕਮ ਪਾਰਟੀ ਵੱਲੋਂ ਹੁਣ ਅਜੀਤ ਸਿੰਘ ਸ਼ਾਂਤ ਨੂੰ ਚੇਅਰਮੈਨ ਬਣਾਉਣ ਦਾ ਵਾਅਦਾ ਕਰਕੇ ਸ਼ਾਂਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਸ੍ਰੀਮਤੀ ਗੁਲਸ਼ਨ ਵਿਰੁੱਧ ਕਈ ਹੋਰ ਧੜੇ ਵੀ ਸਰਗਰਮ ਹਨ।
ਲੁਧਿਆਣਾ ਲੋਕ ਸਭਾ ਹਲਕੇ ਤੋਂ ਤਾਂ ਸਥਿਤੀ ਸਪਸ਼ਟ ਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਵਿਚ ਐਸੋਸੀਏਟ ਮੈਂਬਰ ਸਿਮਰਜੀਤ ਸਿੰਘ ਬੈਂਸ ਨੇ ਆਜ਼ਾਦ ਤੌਰ ‘ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸਿਮਰਜੀਤ ਤੇ ਉਨ੍ਹਾਂ ਦੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਵੀ ਅਕਾਲੀ ਦਲ ਦੇ ਦੋ ਉਮੀਦਵਾਰਾਂ ਨੂੰ ਹਰਾਇਆ ਸੀ। ਹੁਣ ਉਹ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਲਈ ਵੀ ਸਿੱਧੀ ਚੁਣੌਤੀ ਬਣ ਗਏ ਹਨ। ਬੈਂਸ ਭਰਾ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਮੰਨੇ ਜਾਂਦੇ ਹਨ।
ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਤੋਂ ਮੈਦਾਨ ਵਿਚ ਉਤਾਰੇ ਉਮੀਦਵਾਰ ਕੁਲਵੰਤ ਸਿੰਘ ਪੈਸੇ ਦੇ ਦਮ ‘ਤੇ ਪਾਰਲੀਮੈਂਟ ਵਿਚ ਪਹੁੰਚਣ ਦਾ ਸੁਪਨਾ ਤਾਂ ਪਾਲ਼ ਰਹੇ ਹਨ ਪਰ ਹਲਕੇ ਦੇ ਟਕਸਾਲੀ ਅਕਾਲੀ, ਸ਼ ਕੁਲਵੰਤ ਸਿੰਘ ਨੂੰ ਅਕਾਲੀ ਮੰਨਣ ਲਈ ਤਿਆਰ ਨਹੀਂ। ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਇਸ ਉਮੀਦਵਾਰ ਨੂੰ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਇਸੇ ਤਰ੍ਹਾਂ ਦਾ ਹਾਲ ਹਰ ਵਾਰੀ ਹਲਕਾ ਬਦਲ ਕੇ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਵਾਲੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਹੋਇਆ ਪਿਆ ਹੈ। ਉਨ੍ਹਾਂ ਦੇ ਹਲਕੇ ਦੇ ਟਕਸਾਲੀ ਆਗੂ ਬਾਹਰੋਂ ਉਮੀਦਵਾਰ ਥੋਪੇ ਜਾਣ ਤੋਂ ਔਖੇ ਹਨ।
___________________________________________
ਭਾਜਪਾ ਲਈ ਵੀ ਮਾਹੌਲ ਠੀਕ ਨਹੀਂ
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਕਈ ਸੂਬਿਆਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਪਰ ਪੰਜਾਬ ਤੋਂ ਉਮੀਦਵਾਰਾਂ ਦੀ ਚੋਣ ਦਾ ਮਾਮਲਾ ਲਗਾਤਾਰ ਲਮਕਦਾ ਆ ਰਿਹਾ ਹੈ। ਪੰਜਾਬ ਲਈ ਨਾਮ ਨਾ ਐਲਾਨੇ ਜਾਣ ਦਾ ਵੱਡਾ ਕਾਰਨ ਅੰਮ੍ਰਿਤਸਰ ਤੋਂ ਉਮੀਦਵਾਰ ਦੀ ਚੋਣ ਹੈ। ਪਾਰਟੀ ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਜਪਾ ਹਾਈ ਕਮਾਨ ਨੂੰ ਸਪਸ਼ਟ ਕਰ ਚੁੱਕੇ ਹਨ ਕਿ ਨਵਜੋਤ ਸਿੰਘ ਸਿੱਧੂ ਲਈ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਦੀ ਕਮਾਨ ਸੰਭਾਲਣੀ ਅਕਾਲੀਆਂ ਲਈ ਮੁਸ਼ਕਲ ਕੰਮ ਹੈ ਕਿਉਂਕਿ ਸ਼ ਸਿੱਧੂ ਨੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਵਿਰੁੱਧ ਮੋਰਚਾ ਖੋਲ੍ਹ ਕੇ ਤੇ ਇਸ ਨੂੰ ਜਾਰੀ ਰੱਖ ਕੇ ਅਕਾਲੀ ਵਰਕਰਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਅਕਾਲੀ ਦਲ ਦੀ ਅਜਿਹੀ ਸੋਚ ਕਾਰਨ ਹੀ ਭਾਜਪਾ ਨੂੰ ਅੰਮ੍ਰਿਤਸਰ ਤੋਂ ਕ੍ਰਿਕਟਰ ਸਿੱਧੂ ਦਾ ਬਦਲ ਲੱਭਣ ਲਈ ਮਜਬੂਰ ਹੋਣਾ ਪਿਆ ਹੈ। ਪਾਰਟੀ ਇਸ ਹਲਕੇ ਤੋਂ ਸਿੱਖ ਜਾਂ ਗੈਰ ਸਿੱਖ ਉਮੀਦਵਾਰ ਦੀ ਚੋਣ ਦੇ ਮਾਮਲੇ ‘ਤੇ ਵੀ ਉਲਝੀ ਪਈ ਹੈ। ਉਸ ਨੂੰ ਗੁਰਦਾਸਪੁਰ ਤੇ ਹੁਸ਼ਿਆਰਪੁਰ (ਰਾਖਵੇਂ) ਹਲਕਿਆਂ ਤੋਂ ਉਮੀਦਵਾਰ ਨਹੀਂ ਐਲਾਨੇ ਕਿਉਂਕਿ ਉਹ ਤਿੰਨੋ ਨਾਮ ਇਕੋ ਸਮੇਂ ਐਲਾਨਣਾ ਚਾਹੁੰਦੀ ਹੈ। ਉਂਜ ਵੀ, ਉਹ ਫ਼ਿਲਮ ਅਭਿਨੇਤਾ ਵਿਨੋਦ ਖੰਨਾ ਨੂੰ ਗੁਰਦਾਸਪੁਰ ਤੋਂ ਅੰਮ੍ਰਿਤਸਰ ਸ਼ਿਫਟ ਕਰਨ ਦੀ ਸੰਭਾਵਨਾ ਵੀ ਖੋਜ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਚਾਰ ਉਮੀਦਵਾਰ ਨੂੰ ਮੁਢਲੇ ਤੌਰ ‘ਤੇ ਪਾਰਟੀ ਅੰਦਰਲੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Leave a Reply