ਚੰਡੀਗੜ੍ਹ: ਹਰਿਆਣਾ ਦੇ ਦਸ ਲੋਕ ਸਭਾ ਹਲਕਿਆਂ ਦੀਆਂ ਚੋਣਾਂ ਪਿਛਲੀਆਂ ਲੋਕ ਸਭਾ ਚੋਣਾਂ ਨਾਲੋਂ ਕੁਝ ਮਾਮਲਿਆਂ ਵਿਚ ਵੱਖਰੀਆਂ ਹੋਣਗੀਆਂ। ਆਮ ਆਦਮੀ ਪਾਰਟੀ ਦੇ ਚੋਣ ਮੈਦਾਨ ਵਿਚ ਹੋਣ ਨਾਲ ਲੋਕਾਂ ਦੀ ਚੋਣਾਂ ਪ੍ਰਤੀ ਦਿਲਚਸਪੀ ਵਧੀ ਹੈ। ਮੰਨਿਆ ਜਾ ਰਿਹਾ ਹੈ ਕਿ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੂੰ ਸੁਰਖੀਆਂ ਬਟੋਰਨ ਦਾ ਢੰਗ ਹੈ। ਹਰਿਆਣਾ ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਲਗਦਾ ਸੂਬਾ ਹੈ। ਇਸ ਦੇ ਕੁਝ ਇਲਾਕਿਆਂ ਵਿਚ ‘ਆਪ’ ਪ੍ਰਤੀ ਖਿੱਚ ਹੈ।
ਅੰਨਾ ਹਜ਼ਾਰੇ ਦੇ ਦਿੱਲੀ ਵਿਚ ਲੋਕ ਪਾਲ ਬਿੱਲ ਨੂੰ ਲੈ ਕੇ ਅੰਦੋਲਨ ਮੌਕੇ ਹਰਿਆਣਵੀਆਂ ਦੀ ਗਿਣਤੀ ਕਾਫੀ ਸੀ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹਰਿਆਣਾ ਦੇ ਨੌਜਵਾਨਾਂ ਨੇ ਗਰਮਜੋਸ਼ੀ ਨਾਲ ‘ਆਪ’ ਦੇ ਹੱਕ ਵਿਚ ਹਿੱਸਾ ਲਿਆ ਸੀ। ਲੋਕ ਸਭਾ ਚੋਣਾਂ ਮੌਕੇ ਹਰਿਆਣਾ ਦੀ ਮੁੱਖ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤੇ ਦਲ ਦੇ ਸਕੱਤਰ ਜਨਰਲ ਅਜੇ ਚੌਟਾਲਾ ਅਧਿਆਪਕ ਭਰਤੀ ਘੁਟਾਲੇ ਵਿਚ ਤਿਹਾੜ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ। ਇਸ ਕਰਕੇ ਇਨੈਲੋ ਲੋਕ ਸਭਾ ਚੋਣਾਂ ਇਨ੍ਹਾਂ ਦੋਵੇਂ ਆਗੂਆਂ ਦੀ ਗ਼ੈਰ ਹਾਜ਼ਰੀ ਵਿਚ ਲੜਣ ਜਾ ਰਿਹਾ ਹੈ।
ਆਗੂਆਂ ਨੂੰ ਆਸ ਹੈ ਕਿ ਸ਼ਾਇਦ ਵੋਟਾਂ ਪੈਣ ਤੋਂ ਪਹਿਲਾਂ ਅਦਾਲਤ ਦਾ ਹਾਂ ਪੱਖੀ ਫ਼ੈਸਲਾ ਆ ਜਾਵੇ। ਆਗੂ ਮੰਨਦੇ ਹਨ ਕਿ ਪਿਛਲੀਆਂ ਚੋਣਾਂ ਦਾ ਸਮਾਂ ਪਾਰਟੀ ਲਈ ਮਾੜਾ ਸੀ। ਉਸ ਸਮੇਂ ਕੁਝ ਆਗੂ ਇਨੈਲੋ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਸਨ। ਇਸੇ ਕਰਕੇ ਉਨ੍ਹਾਂ ਨੂੰ ਲੋਕ ਸਭਾ ਦੀ ਕੋਈ ਸੀਟ ਹਾਸਲ ਨਹੀਂ ਹੋਈ। ਆਗੂਆਂ ਨੂੰ ਆਸ ਹੈ ਕਿ ਇਸ ਵਾਰ ਮਾਹੌਲ ਕਾਂਗਰਸ ਦੇ ਖ਼ਿਲਾਫ਼ ਹੈ ਤੇ ਪਾਰਟੀ ਨੂੰ ਚੋਣਾਂ ਵਿਚ ਸਫ਼ਲਤਾ ਮਿਲੇਗੀ।
ਕਾਂਗਰਸ ਨੇ ਦਸ ਵਿਚੋਂ ਨੌ ਸੀਟਾਂ ਜਿੱਤੀਆਂ ਸਨ। ਹਰਿਆਣਾ ਜਨਹਿੱਤ ਕਾਂਗਰਸ ਇਕ ਸੀਟ ਜਿੱਤਣ ਵਿੱਚ ਸਫਲ ਰਹੀ। ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਨੇ ਇਕਲੇ ਤੌਰ ‘ਤੇ ਚੋਣ ਲੜੀ ਸੀ ਤੇ ਇਸ ਨੂੰ ਵੀ ਕੋਈ ਸੀਟ ਨਹੀਂ ਸੀ ਮਿਲੀ। ਭਾਰਤੀ ਜਨਤਾ ਪਾਰਟੀ ਨੇ ਪਿਛਲੀਆਂ ਚੋਣਾਂ ਵਿਚ ਹਾਰ ਤੋਂ ਸਬਕ ਸਿੱਖਦਿਆਂ ਇਸ ਵਾਰ ਹਰਿਆਣਾ ਜਨਹਿੱਤ ਕਾਂਗਰਸ ਨਾਲ ਗਠਜੋੜ ਕਰ ਲਿਆ ਹੈ। ਇਸ ਲਈ ਇਸ ਗਠਜੋੜ ਨੂੰ ਸਫ਼ਲਤਾ ਦੀ ਆਸ ਹੈ।
ਚੋਣਾਂ ਦੇ ਸਮੇਂ ਕਾਂਗਰਸ ਵਿਚ ਟੁੱਟ-ਭੱਜ ਹੋ ਰਹੀ ਹੈ ਤੇ ਕੁਝ ਆਗੂ ਕਾਂਗਰਸ ਤੇ ਹਰਿਆਣਾ ਜਨਹਿੱਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਇਨੈਲੋ ਵਿਚ ਸ਼ਾਮਲ ਹੋਏ ਹਨ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਕਸੂਤੀ ਸਥਿਤੀ ਵਿਚ ਫਸ ਗਏ ਹਨ। ਉਹ ਹਰਿਆਣਾ ਜਨਹਿੱਤ ਕਾਂਗਰਸ ਵਿਚ ਸ਼ਾਮਲ ਹੋ ਕੇ ਕਰਨਾਲ ਲੋਕ ਸਭਾ ਹਲਕੇ ਤੋਂ ਚੋਣ ਲੜਨਾ ਚਾਹੁੰਦੇ ਸਨ। ਉਨ੍ਹਾਂ ਦੀ ਇਸ ਯੋਜਨਾ ਨੂੰ ਭਾਰਤੀ ਜਨਤਾ ਪਾਰਟੀ ਦੀ ਆਗੂ ਸੁਸ਼ਮਾ ਸਵਰਾਜ ਨੇ ਸਿਰੇ ਨਹੀਂ ਚੜ੍ਹਣ ਦਿੱਤਾ। ਹੁਣ ਵੇਖਣਾ ਹੋਏਗਾ ਕਿ ਸੋਸ਼ਲ ਮੀਡੀਆ ਤੇ ‘ਆਪ’ ਦਾ ਦਖ਼ਲ ਤੇ ਨੌਜਵਾਨਾਂ ਦੀ ਰਾਜਨੀਤੀ ਪ੍ਰਤੀ ਵਧ ਰਹੀ ਸਰਗਰਮੀ ਹਰਿਆਣਾ ਦੇ ਜਾਟਾਂ, ਖਾਪਾਂ ਦੀ ਰਾਜਨੀਤੀ ਦੇ ਗੜ੍ਹ ਤੋੜਨ ਵਿਚ ਕਿੰਨਾ ਕੁ ਸਫ਼ਲ ਹੋਵੇਗਾ।
____________________________________________________
ਸਵਿਤਾ ਭੱਟੀ ਵੱਲੋਂ ਚੋਣ ਲੜਨ ਤੋਂ ਇਨਕਾਰ
ਚੰਡੀਗੜ੍ਹ: ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਵਿਤਾ ਭੱਟੀ ਵੱਲੋਂ ਨਾਟਕੀ ਢੰਗ ਨਾਲ ਆਪਣਾ ਨਾਮ ਵਾਪਸ ਲੈਣ ਕਾਰਨ ਪਾਰਟੀ ਵਿਚ ਕੌਮੀ ਪੱਧਰ ‘ਤੇ ਹਲਚਲ ਹੋਈ। ਮਰਹੂਮ ਕਾਮੇਡੀ ਕਲਾਕਾਰ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਨੇ ਅਚਨਚੇਤ ਆਪਣਾ ਨਾਮ ਵਾਪਸ ਲੈ ਕੇ ਵੱਡਾ ਖਲਾਅ ਪੈਦਾ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਸਵਿਤਾ ਭੱਟੀ ਨੇ ਬਕਾਇਦਾ ਸੈਕਟਰ 17 ਵਿਚ ਚੋਣ ਪ੍ਰਚਾਰ ਵੀ ਕੀਤਾ ਸੀ। ਉਹ ਸੈਕਟਰ 17 ਦੇ ਦੁਕਾਨਦਾਰਾਂ ਕੋਲ ਵੋਟਾਂ ਮੰਗਣ ਵੀ ਗਏ ਪਰ ਇਸ ਤੋਂ ਬਾਅਦ ਅਚਨਚੇਤ ਉਨ੍ਹਾਂ ਨੇ ਆਪ ਦੇ ਮੁੱਖ ਦਫ਼ਤਰ ਵਿਚ ਈਮੇਲ ਭੇਜ ਕੇ ਆਪਣਾ ਨਾਮ ਵਾਪਸ ਲੈ ਲਿਆ। ਉਨ੍ਹਾਂ ਨੇ ਪੱਤਰ ਵਿਚ ਕੇਵਲ ਏਨਾ ਹੀ ਲਿਖਿਆ ਕਿ ਆਪ ਵਿਚਲੀ ਗੁੱਟਬੰਦੀ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਸੂਤਰਾਂ ਅਨੁਸਾਰ ਪਾਰਟੀ ਦੀ ਮੀਟਿੰਗ ਦੌਰਾਨ ਕੁਝ ਆਗੂਆਂ ਨੇ ਸਵਿਤਾ ਭੱਟੀ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦੇ ਢੰਗ-ਤਰੀਕੇ ‘ਤੇ ਨੁਕਤਾਚੀਨੀ ਕੀਤੀ ਸੀ। ਇਸ ਤੋਂ ਇਲਾਵਾ ਸਵਿਤਾ ਭੱਟੀ ਵੱਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਖਾਸ ਕਰਕੇ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਵਿਰੁੱਧ ਚੋਣ ਪ੍ਰਚਾਰ ਦੌਰਾਨ ਨਾ ਬੋਲਣ ਤੋਂ ਪਾਰਟੀ ਦੇ ਵਲੰਟੀਅਰ ਖਫ਼ਾ ਸਨ। ਜਦੋਂ ਪਾਰਟੀ ਨੇ ਸਵਿਤਾ ਭੱਟੀ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਸੀ ਤਾਂ ਉਸ ਵੇਲੇ ਵੀ ਆਪ ਦੇ ਮੁਢਲੇ ਵਲੰਟੀਅਰਾਂ ਨੇ ਵਿਰੋਧ ਪ੍ਰਗਟ ਕੀਤਾ ਸੀ। ਸਵਿਤਾ ਭੱਟੀ ਨੂੰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਉਮੀਦਵਾਰ ਬਣਾਉਣ ਕਾਰਨ ਵਲੰਟੀਅਰ ਖਫ਼ਾ ਸਨ।
Leave a Reply